ਪਹਿਲੀ ਕਿਸ਼ਤ
ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ

ਮੈਂ ਬਰਨਾਲੇ ਦੇ ਚਿੰਟੂ ਪਾਰਕ ਵਿਚ ਸੈਰ ਕਰਨ ਗਿਆ ਹੋਇਆ ਸਾਂ। ਫ਼ੋਨ ਦੀ ਘੰਟੀ ਵੱਜੀ, ‘‘ਅੰਕਲ ਮੈਂ ਰਾਜਪੁਰੇ ਤੋਂ ਬੋਲ ਰਹੀ ਹਾਂ। ਮੈਂ ਇੱਕ ਲੜਕੇ ਨੂੰ ਪਿਆਰ ਕਰਦੀ ਹਾਂ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ। ਮੇਰੇ ਤੇ ਉਸਦੇ ਪਰਿਵਾਰ ਵਾਲੇ ਬੜੀ ਮੁਸ਼ਕਲ ਨਾਲ ਤਿਆਰ ਹੋਏ ਹਨ। ਪਰ ਹੁਣ ਇੱਕ ਹੋਰ ਹੀ ਰੰਗ ਵਿਚ ਭੰਗ ਪੈ ਗਿਆ ਹੈ। ਜਨਮ ਕੁੰਡਲੀਆਂ ਮਿਲਾਉਣ ਲਈ ਮੈਂ ਇੱਕ ਪ੍ਰਸਿੱਧ ਜੋਤਸ਼ੀ ਕੋਲ ਗਈ ਤਾਂ ਉਸ ਨੇ ਕਹਿ ਦਿੱਤਾ ਹੈ ਕਿ ਮੈਂ ਮੰਗਲੀਕ ਹਾਂ। ਹੁਣ ਦੱਸੋ ਮੈਂ ਕੀ ਕਰਾਂ?’’ ਖ਼ੈਰ ਜਿਵੇਂ ਹੁੰਦਾ ਹੈ ਕਾਫ਼ੀ ਲੰਬੀ ਗੱਲਬਾਤ ਤੋਂ ਬਾਅਦ ਮੈਂ ਕਿਵੇਂ ਨਾ ਕਿਵੇਂ ਉਸਦੇ ਦਿਮਾਗ਼ ਦੀ ਸਫ਼ਾਈ ਕੀਤੀ ਤੇ ਉਸਨੂੰ ਮੰਗਲੀਕ ਹੋਣ ਦੇ ਵਹਿਮ ਵਿਚੋਂ ਬਾਹਰ ਕੱਢਿਆ। ਜੋਤਿਸ਼ ਬਾਰੇ ਇਹ ਮੈਨੂੰ ਕੋਈ ਪਹਿਲੀ ਕਾਲ  ਨਹੀਂ ਸੀ। ਤਰਕਸ਼ੀਲ ਲਹਿਰ ਦੇ ਇਤਿਹਾਸ ਦੇ ਪਿਛਲੇ 25 ਵਰ੍ਹਿਆਂ ਵਿਚ ਹਜ਼ਾਰਾਂ ਵਿਅਕਤੀ ਚਿੱਠੀਆਂ, ਫ਼ੋਨਾਂ ਰਾਹੀਂ ਅਤੇ ਨਿਜੀ ਤੌਰ ਤੇ ਮਿਲਕੇ ਵੀ ਇਸ ਵਿਸ਼ੇ ਤੇ ਗੱਲਬਾਤ ਕਰ ਚੁੱਕੇ ਹਨ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ।

ਮੈਂ ਭਵਿੱਖਬਾਣੀਆਂ ਵਿਚ ਯਕੀਨ ਕਰਦਾ ਹਾਂ

ਜੇ ਤੁਸੀਂ ਮੈਨੂੰ ਪੁੱਛੋ ਕਿ ਕੀ ਮੈਂ ਭਵਿੱਖਬਾਣੀਆਂ ਵਿਚ ਯਕੀਨ ਨਹੀਂ ਕਰਦਾ ਤਾਂ ਮੇਰਾ ਜੁਆਬ ਹਾਂ ਵਿਚ ਹੋਵੇਗਾ। ਮੈਂ ਉਨ੍ਹਾਂ ਭਵਿੱਖ ਬਾਣੀਆਂ ਵਿਚ ਯਕੀਨ ਕਰਦਾ ਹਾਂ ਜਿਨ੍ਹਾਂ ਦਾ ਆਧਾਰ ਵਿਗਿਆਨਕ ਹੁੰਦਾ ਹੈ। ਮੈਂ ਅਧਿਆਪਕ ਰਿਹਾ ਹਾਂ ਮੈਂ ਦੱਸ ਸਕਦਾ ਸਾਂ ਕਿ ਮੇਰਾ ਕਿਹੜਾ ਵਿਦਿਆਰਥੀ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਵੇਗਾ ਅਤੇ ਕਿੰਨੇ ਵਿਦਿਆਰਥੀ ਪਾਸ ਹੋਣਗੇ। ਮੈਂ ਉਨ੍ਹਾਂ ਦੇ ਟੈਸਟ ਲਏ ਸਨ ਅਤੇ ਉਨ੍ਹਾਂ ਦੇ ਪੇਪਰ ਮਾਰਕ ਕੀਤੇ ਸਨ ਜਿਨ੍ਹਾਂ ਦੇ ਆਧਾਰ ਤੇ ਮੈਂ ਉਨ੍ਹਾਂ ਦੀ ਪ੍ਰੀਖਿਆ ਵਿਚੋਂ ਕਾਰਗੁਜਾਰੀ ਦੀ ਭਵਿੱਖ ਬਾਣੀ ਕਰ ਸਕਦਾ ਸਾਂ। ਇੱਕ ਮੌਸਮ ਵਿਗਿਆਨੀ ਬੱਦਲਾਂ ਦੀ ਦਿਸ਼ਾ, ਸੰਘਣਤਾ, ਦਬਾਓ ਅਤੇ ਤਾਪਮਾਨ ਦਾ ਮਾਪ ਕਰਕੇ ਦੱਸ ਸਕਦਾ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਕਿਸੇ ਇਲਾਕੇ ਵਿਚ ਬਰਸਾਤ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ।

ਇੱਕ ਇੰਜਨੀਅਰ ਇਹ ਦੱਸ ਸਕਦਾ ਹੈ ਕਿ ਉਸਦੀ ਕਾਰ ਇੱਕ ਲੀਟਰ ਪੈਟਰੋਲ ਵਿਚ ਅੰਦਾਜਣ ਕਿੰਨੀ ਦੂਰੀ ਤੈਅ ਕਰੇਗੀ ਅਤੇ ਉਸਦਾ ਇੰਜਣ ਬਗ਼ੈਰ ਖੁੱਲ੍ਹੇ ਤੋਂ ਕਿੰਨੇ ਲੱਖ ਕਿਲੋਮੀਟਰ ਦਾ ਸਫ਼ਰ ਕਰ ਸਕੇਗਾ।

ਇੱਕ ਅੰਕੜਾ ਵਿਗਿਆਨੀ ਇਹ ਦੱਸ ਸਕੇਗਾ ਕਿ ਭਾਰਤ ਦੇ ਇੱਕ ਅਰਬ ਚਾਲੀ ਕਰੋੜ ਲੋਕਾਂ ਲਈ ਆਉਣ ਵਾਲੇ ਸਾਲ ਵਿੱਚ ਕਿੰਨੇ ਅੰਨ ਦੀ ਜ਼ਰੂਰਤ ਪਵੇਗੀ ਅਤੇ ਦੇਸ਼ ਦੇ ਅੰਨ ਭੰਡਾਰਾਂ ਦੀ ਸਥਿਤੀ ਵੇਖ ਕੇ ਉਹ ਵੀ ਦੱਸ ਸਕਦਾ ਹੈ ਕਿ ਕਿੰਨੇ ਭਾਰਤਵਾਸੀ ਕਿੰਨੀਆਂ ਰਾਤਾਂ ਭੁੱਖੇ ਢਿੱਡਾਂ ਨਾਲ ਸੌਣ ਦਾ ਯਤਨ ਕਰਨਗੇ?

ਇਸ ਲਈ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਵਿੱਖ ਬਾਣੀਆਂ ਕਰਨਾ ਸੰਭਵ ਹੈ ਪਰ ਭਵਿੱਖ ਬਾਣੀਆਂ ਕਰਨ ਦਾ ਆਧਾਰ ਵਿਗਿਆਨਕ ਹੋਣਾ ਬਹੁਤ ਜ਼ਰੂਰੀ ਹੈ। ਜੇ ਕਿਸੇ ਗੱਲ ਦਾ ਆਧਾਰ ਵਿਗਿਆਨਕ ਨਹੀਂ ਤਾਂ ਉਸ ਆਧਾਰ ਤੇ ਕੀਤੀਆਂ ਭਵਿੱਖ ਬਾਣੀਆਂ ਵੀ ਸਹੀ ਨਹੀਂ ਹੋ ਸਕਦੀਆਂ।

ਜੋਤਿਸ਼ ਗ਼ੈਰ ਵਿਗਿਆਨਕ ਕਿਵੇਂ?

ਜੋਤਿਸ਼ ਵਿਦਿਆ ਦਾ ਆਧਾਰ ਬਿਲਕੁਲ ਹੀ ਗ਼ੈਰ ਵਿਗਿਆਨਕ ਹੈ। ਇਸ ਲਈ ਜੋਤਿਸ਼ ਦੀਆਂ ਭਵਿੱਖ ਬਾਣੀਆਂ ਬਿਲਕੁਲ ਹੀ ਗ਼ਲਤ ਹੁੰਦੀਆਂ ਹਨ। ਹੁਣ ਤੁਸੀਂ ਜਾਨਣਾ ਚਾਹੋਗੇ ਕਿ ਜੋਤਿਸ਼ ਦਾ ਆਧਾਰ ਗ਼ੈਰ ਵਿਗਿਆਨਕ ਕਿਵੇਂ ਹੈ?

ਜੋਤਿਸ਼ ਦੇ ਗਰੰਥਾਂ ਦੀ ਰਚਨਾ ਲਗਭਗ ਤਿੰਨ ਹਜ਼ਾਰ ਸਾਲ ਪਹਿਲਾਂ ਹੋਈ ਹੈ। ਇਨ੍ਹਾਂ ਗਰੰਥਾਂ ਦੇ ਰਚਨਹਾਰੇ ਬੁੱਧੀਮਾਨ ਵਿਅਕਤੀ ਸਨ ਅਤੇ ਸਾਨੂੰ ਭਾਰਤ ਵਾਸੀਆਂ ਨੂੰ ਉਨ੍ਹਾਂ ਤੇ ਮਾਣ ਹੈ ਪਰ ਉਸ ਸਮੇਂ ਵਿਗਿਆਨਕ ਜਾਣਕਾਰੀ ਤੇ ਉਪਕਰਣ ਹੀ ਉਪਲਬਧ ਨਹੀਂ ਸਨ। ਇਸ ਲਈ ਉਨ੍ਹਾਂ ਨੇ ਜੋ ਵੀ ਅੰਦਾਜ਼ੇ ਲਗਾਏ ਉਹ ਠੀਕ ਹੋ ਹੀ ਨਹੀਂ ਸਕਦੇ ਸਨ। ਕਿਉਂਕਿ ਦੂਰਬੀਨ ਦੀ ਖੋਜ ਨੂੰ ਤਾਂ ਅਜੇ ਪੰਜ ਸੌ ਵਰ੍ਹੇ ਵੀ ਨਹੀਂ ਹੋਏ।

ਜੋਤਿਸ਼ ਦੇ ਗ੍ਰਹਿ ਤੇ ਵਿਗਿਆਨ ਦੇ ਗ੍ਰਹਿ

ਜੋਤਿਸ਼ੀਆਂ ਅਨੁਸਾਰ ਤਾਂ ਸੂਰਜ, ਬੁੱਧ, ਸ਼ੁੱਕਰ, ਮੰਗਲ, ਬ੍ਰਹਿਸਪਤੀ, ਸ਼ਨੀ ਅਤੇ ਚੰਨ ਸੱਤ ਗ੍ਰਹਿ ਹਨ ਇਹ ਸਾਰੇ ਧਰਤੀ ਦੁਆਲੇ ਚੱਕਰ ਲਾ ਰਹੇ ਹਨ। ਪਰ ਅਸਲੀਅਤ ਇਹ ਨਹੀਂ ਸਗੋਂ ਇਹ ਹੈ ਕਿ ਚੰਦ ਤੋਂ ਬਗ਼ੈਰ ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ ਚੱਕਰ ਲਾ ਰਹੇ ਹਨ। ਦੂਸਰੀ ਗੱਲ ਜੋਤਸ਼ੀਆਂ ਅਨੁਸਾਰ ਸੂਰਜ ਇੱਕ ਗ੍ਰਹਿ ਹੈ ਪਰ ਅੱਜ ਪੰਜਵੀਂ ਜਮਾਤ ਦਾ ਵਿਦਿਆਰਥੀ ਜਾਣਦਾ ਹੈ ਕਿ ਸੂਰਜ ਇੱਕ ਗ੍ਰਹਿ ਨਹੀਂ ਸਗੋਂ ਇੱਕ ਤਾਰਾ ਹੈ। ਇਸੇ ਤਰ੍ਹਾਂ ਜੋਤਿਸ਼ੀ ਚੰਦਰਮਾ ਨੂੰ ਵੀ ਇੱਕ ਗ੍ਰਹਿ ਮੰਨ ਕੇ ਤੁਰਦੇ ਹਨ ਪਰ ਵਿਗਿਆਨ ਅਨੁਸਾਰ ਤਾਂ ਚੰਦਰਮਾ ਇੱਕ ਉਪਗ੍ਰਹਿ ਹੈ ਜੋ ਧਰਤੀ ਦੁਆਲੇ ਚੱਕਰ ਲਾਉਂਦਾ ਹੈ।

ਰਾਹੂ ਕੇਤੂ

ਅਗਲੀ ਗੱਲ ਜੋ ਜੋਤਸ਼ੀਆਂ ਦੀ ਗ਼ਲਤ ਹੈ ਉਹ ਰਾਹੂ ਤੇ ਕੇਤੂ ਦੀ ਹੈ ਜਿਸਨੂੰ ਉਹ ਕਹਿੰਦੇ ਹਨ ਕਿ ਇਹ ਗ੍ਰਹਿ ਮਨੁੱਖ ਦੀ ਕਿਸਮਤ ਤੇ ਮਾੜਾ ਅਸਰ ਪਾਉਂਦੇ ਹਨ। ਪਰ ਮੈਂ ਤੀਹ ਸਾਲ ਸਾਇੰਸ ਪੜ੍ਹਾਉਂਦਾ ਰਿਹਾ ਹਾਂ ਪਰ ਰਾਹੂ ਤੇ ਕੇਤੂ ਕਿਤੇ ਵੀ ਵਿਗਿਆਨ ਦੇ 9 ਗ੍ਰਹਿਆਂ ਦੀ ਸੂਚੀ ਵਿਚ ਸ਼ਾਮਿਲ ਹੀ ਨਹੀਂ ਹਨ। ਜਦੋਂ ਜੋਤਿਸ਼ੀਆਂ ਨਾਲ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਰਾਹੂ ਤੇ ਕੇਤੂ ਸਾਡੇ ਕਾਲਪਨਿਕ ਗ੍ਰਹਿ ਹਨ। ਇਸ ਲਈ ਇਨ੍ਹਾਂ ਦੀ ਹੋਂਦ ਤਾਂ ਹੈ ਹੀ ਨਹੀਂ। ਫਿਰ ਇਹ ਮਾੜਾ ਪ੍ਰਭਾਵ ਕਿਵੇਂ ਪਾਉਣਗੇ?

ਗ੍ਰਹਿ ਜੋ ਨਵੇਂ ਲੱਭੇ ਗਏ

ਇਸੇ ਤਰ੍ਹਾਂ ਜਦੋਂ 1781 ਵਿੱਚ ਯੁਰੇਨਸ ਦੀ ਖੋਜ ਹੋਈ ਤਾਂ ਜੋਤਿਸ਼ੀਆਂ ਦੀ ਪੁਜੀਸ਼ਨ ਬੜੀ ਹਾਸੋਹੀਣੀ ਹੋ ਗਈ। ਕੁੱਝ ਚਲਾਕ ਜੋਤਿਸ਼ੀਆਂ ਨੇ ਇਸ ਨੂੰ ਆਪਣੀਆਂ ਕਿਤਾਬਾਂ ਵਿਚ ਸ਼ਾਮਿਲ ਕਰ ਲਿਆ। ਫਿਰ 1846 ਵਿਚ ਵਿਗਿਆਨੀਆਂ ਨੂੰ ਨੈਪਚੂਨ ਦੇ ਦਰਸ਼ਨ ਹੋ ਗਏ ਜੋਤਿਸ਼ੀਆਂ ਨੂੰ ਫਿਰ ਆਪਣੀਆਂ ਕਿਤਾਬਾਂ ਬਦਲਣੀਆਂ ਪੈ ਗਈਆਂ। 1930 ਵਿਚ ਵਿਗਿਆਨਕਾਂ ਨੂੰ ਪਲੂਟੋ ਮਿਲ ਗਿਆ। ਕਿਵੇਂ ਨਾ ਕਿਵੇਂ ਕਰਕੇ ਜੋਤਿਸ਼ੀਆਂ ਨੇ ਇਸ ਨੂੰ ਵੀ ਆਪਣੀਆਂ ਕਿਤਾਬਾਂ ਵਿਚ ਦਰਸਾਉਣਾ ਸ਼ੁਰੂ ਕਰ ਦਿੱਤਾ। 2005 ਵਿਚ ਵਿਗਿਆਨਕਾਂ ਨੇ ਪਲੂਟੋ ਦੇ ਗੁਣਾਂ ਦਾ ਅਧਿਐਨ ਕੀਤਾ ਤਾਂ ਉਹ ਬਾਕੀ ਗ੍ਰਹਿਆਂ ਨਾਲੋਂ ਕੁੱਝ ਵੱਖਰੇ ਸਨ। ਇਸ ਲਈ ਹੁਣ ਉਹਨਾਂ ਨੇ ਪਲੂਟੋ ਤੋਂ ਨੌਵੇਂ ਗ੍ਰਹਿ ਹੋਣ ਦਾ ਦਰਜਾ ਖੋਹ ਲਿਆ ਹੈ ਸਗੋਂ ਉਸ ਨੂੰ ਉਸਦੇ ਨਜ਼ਦੀਕੀ ਕੁੱਝ ਹੋਰ ਸਮਾਨ ਗੁਣਾਂ ਵਾਲੇ ਆਕਾਸ਼ੀ ਪਿੰਡਾਂ ਦੀ ਇੱਕ ਲੜੀ ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਵਿਗਿਆਨਕ ਜਾਣਕਾਰੀਆਂ ਵਿਚ ਤਬਦੀਲੀਆਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਜੋਤਿਸ਼ੀਆਂ ਨੇ ਤਾਂ ਆਪਣੇ ਗਿਆਨ ਦਾ ਆਧਾਰ ਪ੍ਰਾਚੀਨ ਗਰੰਥਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਬਦਲਣਾ ਉਨ੍ਹਾਂ ਲਈ ਬੜਾ ਮੁਸ਼ਕਲ ਹੁੰਦਾ ਹੈ। ਇਸ ਤਰ੍ਹਾਂ ਵਿਗਿਆਨ ਦੀ ਹਰ ਖੋਜ ਜੋਤਿਸ਼ੀਆਂ ਨੂੰ ਉਸਲਵੱਟੇ ਲੈਣ ਲਈ ਮਜ਼ਬੂਰ ਕਰ ਦਿੰਦੀ ਹੈ।

ਅਸਲੀ ਸਥਿਤੀ ਤੇ ਵਿਖਾਈ ਦੇਣ ਵਾਲੀ ਸਥਿਤੀ

ਜੋਤਸ਼ੀਆਂ ਅਨੁਸਾਰ ਜੇ ਬੱਚੇ ਦੇ ਜਨਮ ਸਮੇਂ ਵਿਚ ਇੱਕ ਸੈਕਿੰਡ ਦਾ ਫ਼ਰਕ ਵੀ ਪੈ ਜਾਵੇ ਤਾਂ ਉਨ੍ਹਾਂ ਦਾ ਸਾਰਾ ਟੇਵਾ ਗ਼ਲਤ ਹੋ ਜਾਂਦਾ ਹੈ ਪਰ ਜੋਤਸ਼ੀਆਂ ਨੂੰ ਇਹ ਨਹੀਂ ਪਤਾ ਕਿ ਉਹ ਜਨਮ ਸਮੇਂ ਦੀ ਲਗਨ ਵਿਚ ਜਿਹੜੇ ਗ੍ਰਹਿਆਂ ਦੀ ਪੁਜੀਸ਼ਨ ਵੇਖਦੇ ਹਨ ਉਹ ਨਕਲੀ ਹੁੰਦੀ ਹੈ ਅਸਲੀ ਨਹੀਂ। ਉਦਾਹਰਣ ਦੇ ਤੌਰ ਤੇ ਸੂਰਜ ਦੀ ਦੂਰੀ ਸਾਥੋਂ ਪੰਦਰਾਂ ਕਰੋੜ ਕਿਲੋਮੀਟਰ ਹੈ। ਪ੍ਰਕਾਸ਼ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਚਲਦਾ ਹੋਇਆ ਧਰਤੀ ਤੇ ਪਹੁੰਚਣ ਲਈ 500 ਸੈਕਿੰਡ ਭਾਵ 8 ਮਿੰਟ 20 ਸੈਕਿੰਡ ਲਾ ਦਿੰਦਾ ਹੈ। ਹੁਣ ਸੂਰਜ ਦੀ ਅਸਲੀ ਪੁਜੀਸ਼ਨ ਤਾਂ 8 ਮਿੰਟ 20 ਸੈਕਿੰਡ ਪਹਿਲਾਂ ਵਾਲੀ ਹੋਈ ਨਾ ਕਿ ਜੋ ਵਿਖਾਈ ਦਿੰਦੀ ਹੈ। ਇਸ ਤਰ੍ਹਾਂ ਜੁਪੀਟਰ ਤੇ ਨੈਪਚੂਨ ਤੋਂ ਪ੍ਰਕਾਸ਼ ਪਹੁੰਚਣ ਨੂੰ ਘੰਟੇ ਲੱਗ ਜਾਂਦੇ ਨੇ।

ਗ੍ਰਹਿ ਦਾ ਮਨੁੱਖ ਤੇ ਪ੍ਰਭਾਵ

ਹੁਣ ਅਗਲਾ ਸੁਆਲ ਪੈਦਾ ਹੁੰਦਾ ਹੈ ਕਿ ਕੀ ਇਹ ਗ੍ਰਹਿ ਮਨੁੱਖੀ ਕਿਸਮਤ ਤੇ ਕੋਈ ਪ੍ਰਭਾਵ ਨਹੀਂ ਪਾਉਂਦੇ? ਮੈਂ ਇਹ ਸਵੀਕਾਰ ਕਰਦਾ ਹਾਂ ਕਿ ਗ੍ਰਹਿਆਂ ਦਾ ਮਨੁੱਖੀ ਕਿਸਮਤ ਤੇ ਪ੍ਰਭਾਵ ਵੀ ਜ਼ਰੂਰ ਪੈਂਦਾ ਹੈ। ਜੇ ਚੰਦਰਮਾ ਧਰਤੀ ਦੇ ਸਮੁੰਦਰਾਂ ਵਿਚ ਆਪਣੀ ਗੁਰੂਤਾ ਸ਼ਕਤੀ ਨਾਲ ਜਵਾਰਭਾਟੇ ਲਿਆ ਸਕਦਾ ਹੈ ਤਾਂ ਮਨੁੱਖੀ ਮਨ ਵਿਚ ਵੀ ਤਰਲ ਭਰਿਆ ਹੋਇਆ ਹੈ। ਉਸਦੇ ਉੱਪਰ ਚੰਦਰਮਾ ਦੀ ਖਿੱਚ ਸ਼ਕਤੀ ਦਾ ਕੋਈ ਪ੍ਰਭਾਵ ਨਹੀਂ ਹੋਊ ਇਹ ਕਿਵੇਂ ਹੋ ਸਕਦਾ ਹੈ? ਪਰ ਮੇਰਾ ਸੁਆਲ ਇਹ ਹੈ ਕਿ ਕੁੱਤੇ ਨੂੰ 21 ਦਿਨ ਰੋਟੀ ਪਾਉਣ ਨਾਲ ਇਹ ਗੁਰੂਤਾ ਆਕਰਸ਼ਣ ਦਾ ਪ੍ਰਭਾਵ ਕਿਵੇਂ ਘਟ ਜਾਵੇਗਾ। ਮੈਂ ਤਾਂ ਆਪਣੀ ਪੜ੍ਹਾਈ ਦੇ ਦੌਰਾਨ ਇਹ ਪੜ੍ਹਿਆ ਸੀ ਕਿ ਇਸ ਪ੍ਰਭਾਵ ਨੂੰ ਘਟਾਉਣ ਲਈ ਜਾਂ ਤਾਂ ਚੰਦਰਮਾ ਦਾ ਭਾਰ ਘਟਾਉਣਾ ਪਊ ਜਾਂ ਉਸਦੀ ਦੂਰੀ ਨੂੰ ਵਧਾਉਣਾ ਪਊ। ਕਿਉਂਕਿ ਖਿੱਚ ਸ਼ਕਤੀ ਇਨ੍ਹਾਂ ਦੋ ਚੀਜ਼ਾਂ ਤੇ ਹੀ ਨਿਰਭਰ ਹੁੰਦੀ ਹੈ। ਇੱਕ ਭਾਰ ਤੇ ਦੂਸਰੀ ਉਨ੍ਹਾਂ ਦੇ ਕੇਂਦਰਾਂ ਵਿਚਕਾਰਲੀ ਦੂਰੀ। ਹੁਣ ਇਸ ਕੁੱਤੇ ਨੂੰ ਰੋਟੀ ਪਾਉਣ ਵਾਲੀ ਗੱਲ ਨੂੰ ਮੈਂ ਕਿਵੇਂ ਆਪਣੇ ਦਿਮਾਗ਼ ਵਿਚ ਪਾਵਾਂ। ਇਹ ਤਾਂ ਨਿਊਟਨ ਦੇ ਗੁਰੂਤਾ ਖਿੱਚ ਦੇ ਨਿਯਮ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੋਈ। ਵਿਗਿਆਨਕ ਗੱਲਾਂ ਦੀ ਜਾਣਕਾਰੀ ਹੋਣ ਕਰਕੇ ਮੇਰੇ ਤਾਂ ਇਹ ਗੱਲ ਹਜ਼ਮ ਹੋ ਹੀ ਨਹੀਂ ਸਕਦੀ।

ਫਿਰ ਦੂਸਰੀ ਗੱਲ ਵੀ ਲੈ ਲਈਏ। ਇਨ੍ਹਾਂ ਗ੍ਰਹਿਆਂ ਦਾ ਪ੍ਰਭਾਵ ਮੇਰੇ ਤੇ ਕਿਵੇਂ ਵੱਧ ਹੈ ਕਿਸੇ ਹੋਰ ਤੇ ਇਹ ਕਿਵੇਂ ਘੱਟ ਹੈ? ਕਦੇ ਵੀ ਕੋਈ ਜੋਤਿਸ਼ੀ ਇਸ ਗੱਲ ਦਾ ਤਸੱਲੀਬਖਸ਼ ਜੁਆਬ ਨਹੀਂ ਦੇ ਸਕਦਾ। ਜੇ ਅਗਾਂਹ ਵੀ ਗੱਲ ਤੋਰੀਏ ਤਾਂ ਜੇ ਮੇਰੀ ਜੇਬ ਵਿਚੋਂ ਕੁੱਝ ਪੈਸੇ ਨਿਕਲ ਕੇ ਜਦੋਂ ਜੋਤਿਸ਼ੀ ਦੀ ਜੇਬ ਵਿਚ ਚਲੇ ਜਾਣਗੇ ਤਾਂ ਇਹ ਪ੍ਰਭਾਵ ਕਿਵੇਂ ਖ਼ਤਮ ਹੋ ਜਾਵੇਗਾ। ਇਸ ਤੋਂ ਅਗਲੀ ਗੱਲ ਰਾਹੂ ਤੇ ਕੇਤੂ ਤੇ ਕੇਤੂ ਤਾਂ ਕੋਈ ਗ੍ਰਹਿ ਹੀ ਨਹੀਂ ਫਿਰ ਉਹ ਕਿਵੇਂ ਪ੍ਰਭਾਵ ਪਾਉਣਗੇ। ਨਿਊਟਨ ਦੇ ਗੁਰੂਤਾ ਖਿੱਚ ਅਨੁਸਾਰ ਤਾਂ ਜੇ ਕਿਸੇ ਚੀਜ਼ ਦਾ ਭਾਰ ਜ਼ੀਰੋ ਹੋਵੇਗਾ ਤਾਂ ਉਸਦਾ ਆਕਰਸ਼ਣ ਬਲ ਵੀ ਜ਼ੀਰੋ ਹੀ ਹੋਵੇਗਾ।

ਜਨਮ ਕੁੰਡਲੀਆਂ

ਜਨਮ ਕੁੰਡਲੀਆਂ ਤਿਆਰ ਕਰਨ ਲਈ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਬੱਚੇ ਦਾ ਜਨਮ ਸਮਾਂ, ਸਥਾਨ ਅਤੇ ਰਾਸ਼ੀ ਚੱਕਰ। ਰਾਸ਼ੀ ਚੱਕਰ ਤਾਂ ਕਿਸੇ ਵੀ ਜੋਤਿਸ਼ ਦੀ ਕਿਤਾਬ ਵਿਚ ਹੁੰਦਾ ਹੈ ਤੇ ਉਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜਨਮ ਸਮਾਂ ਅੱਜ ਕੱਲ੍ਹ ਡਾਕਟਰਾਂ ਤੇ ਨਿਰਭਰ ਹੈ ਉਹ ਛੇਵੇਂ ਮਹੀਨੇ ਤੋਂ ਬਾਅਦ ਬੱਚੇ ਦਾ ਜਨਮ ਸੀਜੇਰੀਅਨ ਉਪਰੇਸ਼ਨ ਰਾਹੀਂ ਕਰ ਸਕਦੇ ਹਨ। ਜਨਮ ਸਥਾਨ ਗਰਭਵਤੀ ਇਸਤਰੀ ਦੀ ਦੇਖਭਾਲ ਕਰਨ ਵਾਲੇ ਮਾਪਿਆਂ ਜਾਂ ਪਤੀ ਉੱਪਰ ਨਿਰਭਰ ਕਰਦਾ ਹੈ ਉਹ ਜਦੋਂ ਵੀ ਤੇ ਜਿੱਥੇ ਵੀ ਚਾਹੇ ਬੱਚੇ ਦਾ ਜਨਮ ਕਰਵਾ ਸਕਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਇਹ ਤਿੰਨੇ ਚੀਜ਼ਾਂ ਮਨੁੱਖ ਤੇ ਨਿਰਭਰ ਹਨ ਇਨ੍ਹਾਂ ਵਿਚ ਕੋਈ ਵੀ ਚੀਜ਼ ਅਜਿਹੀ ਨਹੀਂ ਜਿਹੜੀ ਕੁਦਰਤ ਤੇ ਨਿਰਭਰ ਹੈ। ਇਸ ਲਈ ਜੇ ਜੋਤਸ਼ੀਆਂ ਨੂੰ ਪਤਾ ਹੈ ਕਿ ਫਲਾਨੇ ਸਮੇਂ ਅਤੇ ਸਥਾਨ ਤੇ ਪੈਦਾ ਹੋਇਆ ਬੱਚਾ ਭਾਰਤ ਦਾ ਪ੍ਰਧਾਨ ਮੰਤਰੀ ਬਣੇਗਾ ਤਾਂ ਜਲੰਧਰ ਦਾ ਇੰਦਰ ਕੁਮਾਰ ਗੁਜਰਾਲ ਕਦੇ ਵੀ ਭਾਰਤ ਦਾ ਪ੍ਰਧਾਨ ਮੰਤਰੀ ਨਾ ਬਣਦਾ ਕਿਉਂਕਿ ਉਸਨੂੰ ਤਾਂ ਜੋਤਿਸ਼ ਵਿਚ ਹੀ ਭੋਰਾ ਭਰ ਯਕੀਨ ਨਹੀਂ ਸੀ ਅਤੇ ਨਾ ਹੀ ਜੋਤਿਸ਼ ਨੂੰ ਨਾ ਮੰਨਣ ਵਾਲਾ ਅੰਮ੍ਰਿਤਸਰ ਦਾ ਵਸਨੀਕ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਜਾ ਬੈਠਦਾ। ਹੁਣ ਜੇ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ ਸੀ ਇਹ ਇਸ ਲਈ ਥੋੜੇ ਪ੍ਰਧਾਨ ਮੰਤਰੀ ਬਣੀ ਸੀ ਕਿ ਉਸਦੀ ਕਿਸਮਤ ਵਿਚ ਪ੍ਰਧਾਨ ਮੰਤਰੀ ਬਣਨਾ ਲਿਖਿਆ ਸੀ। ਸਗੋਂ ਉਹ ਤਾਂ ਪ੍ਰਧਾਨ ਮੰਤਰੀ ਇਸ ਲਈ ਬਣੀ ਸੀ ਕਿ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਧੀ ਸੀ ਤੇ ਜੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਸੀ ਕੀ ਉਹ ਇਸ ਕਰਕੇ ਥੋੜੇ ਪ੍ਰਧਾਨ ਮੰਤਰੀ ਬਣਿਆ ਸੀ ਕਿ ਉਸਦੀ ਕਿਸਮਤ ਵਿਚ ਪ੍ਰਧਾਨ ਮੰਤਰੀ ਬਣਨਾ ਲਿਖਿਆ ਸੀ ਸਗੋਂ ਉਹ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਦਾ ਦੋਹਤਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਦਾ ਸਪੁੱਤਰ ਸੀ। ਹੁਣ ਜੇ ਕਲ੍ਹ ਨੂੰ ਸੋਨੀਆ ਗਾਂਧੀ ਜਾਂ ਰਾਹੁਲ ਵਿਚੋਂ ਕੋਈ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਹ ਸਿਰਫ ਇਸ ਕਰਕੇ ਬਣੇਗਾ ਕਿ ਉਹ ਭਾਰਤ ਦੇ ਇੱਕ ਸਥਾਪਤ ਪਰਿਵਾਰ ਦੇ ਮੈਂਬਰ ਹਨ।

ਫਰਾਂਸੀਸੀ ਵਿਗਿਆਨਕ ਦਾ ਤਜਰਬਾ

ਇਥੋਂ ਮੈਂ ਤੁਹਾਨੂੰ ਫਰਾਂਸ ਦੇ ਇਕ ਵਿਗਿਆਨਕ ਗਾਕੂਲਿਨ ਦੁਆਰਾ ਕੀਤੇ ਤਜਰਬੇ ਬਾਰੇ ਵੀ ਦੱਸਣਾ ਚਾਹੁੰਦਾ ਹਾਂ। ਉਸਨੇ ਅਖ਼ਬਾਰ ਵਿਚ ਇੱਕ ਇਸ਼ਤਿਹਾਰ ਦਿੱਤਾ, ‘‘ਤੁਸੀਂ ਮੈਨੂੰ ਆਪਣਾ ਨਾਂ, ਪਤਾ, ਜਨਮ ਸਮਾਂ ਅਤੇ ਸਥਾਨ ਲਿਖ ਕੇ ਭੇਜੋ, ਮੈਂ ਤੁਹਾਨੂੰ ਤੁਹਾਡੀ ਜਨਮ ਪੱਤਰੀ ਬਣਾ ਕੇ ਭੇਜਾਗਾਂ।’’ ਲੱਗਭੱਗ 1500 ਦੇ ਕਰੀਬ ਵਿਅਕਤੀਆਂ ਨੇ ਉਸਨੂੰ ਆਪਣੇ ਵੇਰਵੇ ਭੇਜੇ। ਉਸਨੇ ਸਭ ਨੂੰ ਪੱਤਰੀਆਂ ਬਣਾ ਕੇ ਭੇਜ ਦਿੱਤੀਆਂ ਅਤੇ ਉਨ੍ਹਾਂ ਦੇ ਹੇਠਾਂ ਇੱਕ ਲਾਈਨ ਲਿਖ ਦਿੱਤੀ ਕਿ ‘‘ਕਿ ਮੇਰੇ ਦੁਆਰਾ ਭੇਜੀ ਗਈ ਜਨਮ ਪੱਤਰੀ ਤੁਹਾਡੀ ਸਖਸ਼ੀਅਤ ਤੇ ਕਿੰਨੀ ਕੁ ਢੁਕਦੀ ਹੈ? ਕ੍ਰਿਪਾ ਕਰਕੇ ਵਾਪਸੀ ਪੱਤਰ ਰਾਹੀ ਮੈਨੂੰ ਇਹ ਦੱਸਣ ਦੀ ਖੇਚਲ ਕਰਨਾ।’’ ਲੱਗਭੱਗ 94% ਵਿਅਕਤੀਆਂ ਨੇ ਉਸਦੇ ਪੱਤਰ ਦਾ ਜੁਆਬ ਭੇਜ ਕੇ ਲਿਖਿਆ ਕਿ ‘‘ਉਸ ਦੁਆਰਾ ਭੇਜੀ ਗਈ ਜਨਮ ਪੱਤਰੀ ਦੀਆਂ ਬਹੁਤ ਸਾਰੀਆਂ ਗੱਲਾਂ ਬਿਲਕੁਲ ਸਾਡੀ ਸਖਸ਼ੀਅਤ ਅਨੁਸਾਰ ਹਨ।’’

ਫਿਰ ਉਸ ਨੇ ਉਨ੍ਹਾਂ ਸਾਰਿਆਂ ਨੂੰ ਲਿਖਿਆ ਕਿ ‘‘ਮੈਂ ਤੁਹਾਨੂੰ ਜੋ ਜਨਮ ਪੱਤਰੀਆਂ ਭੇਜੀਆਂ ਸਨ, ਉਹ ਇੱਕੋ ਹੀ ਸਨ ਤੇ ਇਹ ਉਸ ਅਪਰਾਧੀ ਦੀਆਂ ਸਨ ਜਿਸਨੇ 27 ਵਿਅਕਤੀਆਂ ਨੂੰ ਚੂਨੇ ਦੇ ਟੱਬ ਵਿਚ ਡੁਬੋ ਕੇ ਮਾਰਿਆ ਸੀ ਅਤੇ ਉਸਨੂੰ 1946 ਵਿਚ ਫਾਂਸੀ ਤੇ ਲਟਕਾਇਆ ਗਿਆ ਸੀ।’’

ਸੋ ਜੋਤਿਸ਼ੀ ਜਨਮ ਪੱਤਰੀਆਂ ਵਿਚ ਕਦੇ ਵੀ ਕਿਸੇ ਵਿਸ਼ੇਸ਼ ਵਾਪਰਨ ਵਾਲੀ ਘਟਨਾ ਦਾ ਜ਼ਿਕਰ ਨਹੀਂ ਕਰਨਗੇ। ਉਹ ਤਾਂ ਆਮ ਜਿਹੀਆਂ ਗੱਲਾਂ ਲਿਖਣਗੇ ਕਿ ‘‘ਤੇਰੇ ਕੋਲ ਪੈਸਾ ਬਹੁਤ ਆਵੇਗਾ ਪਰ ਟਿਕੇਗਾ ਨਹੀਂ। ਤੂੰ ਵਿਦੇਸ਼ ਦੀ ਯਾਤਰਾ ਕਰੇਗਾ।’’ ਹੁਣ ਹਰ ਰੋਜ਼ 200 ਰੁਪਏ ਕਮਾਉਣ ਵਾਲਾ ਵਿਅਕਤੀ ਵੀ ਸੋਚੇਗਾ ਕਿ ਮੇਰੇ ਕੋਲ ਪੈਸਾ ਆਉਂਦਾ ਤਾਂ ਬਹੁਤ ਹੈ ਅਤੇ ਜਾਂਦਾ ਬਹੁਤ ਹੈ, ਹਰ ਨੇਪਾਲ ਦੀ ਯਾਤਰਾ ਕਰਨ ਵਾਲਾ ਸੋਚੇਗਾ ਕਿ ਜੋਤਿਸ਼ੀ ਦੀ ਗੱਲ ਸਹੀ ਸਿੱਧ ਹੋਈ ਹੈ।’’ ਇਸ ਤਰ੍ਹਾਂ ਇਹ ਵਿਅਕਤੀ ਤਾਂ ਕੋਠੇ ਤੇ ਖੜੇ ਹੋ ਜਾਣਗੇ ਅਤੇ ਦੋਵੇਂ ਹੱਥ ਖੜੇ ਕਰ ਲੈਣਗੇ ਕਿ ਜੋਤਿਸ਼ੀ ਦੀਆਂ ਸਾਡੀ ਜਨਮ ਪੱਤਰੀ ਵਿਚ ਲਿਖੀਆਂ ਗੱਲਾਂ ਸਹੀ ਸਿੱਧ ਹੋਈਆਂ ਹਨ। ਪਰ ਜਿਨ੍ਹਾਂ ਨੂੰ ਦੱਸੀਆਂ ਹੋਈਆਂ ਗੱਲਾਂ ਗਲਤ ਨਿਕਲ ਜਾਂਦੀਆਂ ਹਨ ਉਨ੍ਹਾਂ ਨੇ ਕਿਹੜਾ ਕਿਸੇ ਨੂੰ ਦੱਸਣੀਆਂ ਹਨ।

ਪ੍ਰਸਿੱਧ ਨਾਟਕਾਕਾਰ ਸੈਕਸਪੀਅਰ ਆਪਣੇ ਕਿਸੇ ਨਾਟਕ ਵਿਚ ਆਪਣੇ ਇੱਕ ਪਾਤਰ ਬਰੂਟਸ ਤੋਂ ਕਹਾਉਂਦਾ ਹੈ ਕਿ ‘‘ਜੋਤਸ਼ੀ ਕਿਸਮਤ ਵਾਲੇ ਹੁੰਦੇ ਹਨ ਉਨ੍ਹਾਂ ਦੀਆਂ ਕਹੀਆਂ 100 ਗੱਲਾਂ ਵਿਚੋਂ ਜੇ 99 ਝੂਠ ਵੀ ਨਿਕਲ ਜਾਣ ਤਾਂ ਉਨ੍ਹਾਂ ਦੀ ਕੋਈ ਬੇਇੱਜਤੀ ਨਹੀਂ ਹੁੰਦੀ ਪਰ ਇੱਕ ਸੱਚੀ ਗੱਲ ਨਾਲ ਹੀ ਉਨ੍ਹਾਂ ਦੀ ਗੁੱਡੀ ਅਸਮਾਨੀ ਚੜ ਜਾਂਦੀ ਹੈ।’’

ਝੰਡੀਆਂ ਵਾਲਾ ਜੋਤਸ਼ੀ

ਇਥੇ ਮੈਂ ਆਪਣੇ ਬਚਪਨ ਵਿਚ ਵਾਪਰੀ ਇੱਕ ਘਟਨਾ ਦੀ ਜ਼ਿਕਰ ਵੀ ਜ਼ਰੂਰ ਕਰਨਾ ਚਾਹਾਗਾਂ ਧੂਰੀ ਦੇ ਨਜ਼ਦੀਕ ਇੱਕ ਪਿੰਡ ਰਾਜੋ ਮਾਜਰਾ ਹੈ। ਮੇਰੇ ਚਾਚਾ ਜੀ ਇਸ ਪਿੰਡ ਵਿਚ ਪਟਵਾਰੀ ਲੱਗੇ ਹੋਏ ਸਨ। ਇੱਕ ਜੋਤਸ਼ੀ ਸੰਤ ਨੇ ਉੱਥੇ ਦੇ ਰੇਲਵੇ ਸਟੇਸ਼ਨ ਦੇ ਨੇੜੇ ਡੇਰੇ ਲਾਏ ਹੋਏ ਹਨ। ਬਹੁਤ ਸਾਰੀਆਂ ਗਰਭਵਤੀ ਇਸਤਰੀਆਂ ਉਸ ਕੋਲ ਜਾਂਦੀਆਂ ਤਾਂ ਉਹ ਹਰੇਕ ਨੂੰ ਕਹਿ ਦਿੰਦਾ, ‘‘ਬੀਬੀ ਤੇਰੇ ਲੜਕਾ ਹੋਵੇਗਾ ਇੱਥੇ ਝੰਡੀ ਗੱਡ ਜਾਵੀਂ ਬੱਸ ਫਿਰ ਕੀ ਸੀ ਸਾਲ ਭਰ ਵਿਚ ਹੀ ਝੰਡੀਆਂ ਹੀ ਝੰਡੀਆਂ ਨਜ਼ਰ ਆਉਣ ਲੱਗ ਪਈਆਂ। ਜਿਨ੍ਹਾਂ ਦੇ ਲੜਕੇ ਹੋ ਜਾਂਦੇ ਉਹ ਜਥਾ ਲੈ ਕੇ ਝੰਡੀ ਲਾਉਣ ਲਈ ਤੁਰ ਪੈਂਦੀਆਂ। ਲੜਕੀ ਪੈਦਾ ਹੋਣ ਵਾਲਾ ਕੋਈ ਪਰਿਵਾਰ ਝੰਡੀ ਪੁੱਟਣ ਲਈ ਨਹੀਂ ਗਿਆ।

ਇਸ ਤਰ੍ਹਾਂ ਜੋਤਸ਼ੀ ਕੋਲ ਜੇ ਦੋ ਇਸਤਰੀਆਂ ਜਾਂਦੀਆਂ ਹਨ ਤਾਂ ਉਹ ਗਰਭਵਤੀ ਇਸਤਰੀ ਨੂੰ ਕਹਿ ਦਿੰਦਾ ਹੈ ਕਿ ਤੇਰੇ ਲੜਕਾ ਪੈਦਾ ਹੋਵੇਗਾ ਪਰ ਨਾਲ ਦੀ ਨੂੰ ਕਹਿ ਦਿੰਦਾ ਹੈ ਕਿ ਇਸਦੇ ਲੜਕੀ ਪੈਦਾ ਹੋਵੇਗੀ। ਹੁਣ ਸੰਭਾਵਨਾਵਾਂ ਦੋ ਹੀ ਹਨ ਇਨ੍ਹਾਂ ਵਿਚੋਂ ਇੱਕ ਨੇ ਤਾਂ ਠੀਕ ਹੋਣਾ ਹੀ ਹੈ, ਜੇ ਗਰਭਵਤੀ ਨੂੰ ਦੱਸੀ ਗੱਲ ਠੀਕ ਹੋ ਜਾਂਦੀ ਹੈ ਤਾਂ ਉਹ ਕੁਝ ਸਾਥਣਾਂ ਨਾਲ ਜੋਤਿਸ਼ੀ ਜੀ ਲਈ ਦਕਸ਼ਣਾ ਲੈ ਕੇ ਪੁੱਜ ਜਾਂਦੀ ਹੈ ਨਹੀਂ ਦੂਸਰੀ ਨੇ ਤੇ ਇਹ ਪ੍ਰਚਾਰ ਕਰਨਾ ਹੀ ਹੈ ਕਿ ਜੋਤਸ਼ੀ ਜੀ ਨੇ ਮੈਨੂੰ ਤਾਂ ਪਹਿਲਾ ਹੀ ਠੀਕ ਦੱਸ ਦਿੱਤਾ ਸੀ।
 

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com