ਪਹਿਲੀ ਕਿਸ਼ਤ
ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ

ਮੇਰੇ ਦੇਸ਼ ਦੀ ਨੱਬੇ ਪ੍ਰਤੀਸ਼ਤ ਜਨਤਾ ਜੋਤਸ਼ੀਆਂ ਵਿਚ ਵਿਸ਼ਵਾਸ ਰੱਖਦੀ ਹੈ। ਅੱਜ ਤੋਂ 50-60 ਸਾਲ ਪਹਿਲਾ ਲੋਕਾਂ ਕੋਲ ਪੈਸੇ ਹੀ ਨਹੀਂ ਸਨ ਹੁੰਦੇ ਇਸ ਲਈ ਉਸ ਸਮੇਂ ਜੋਤਸ਼ੀਆਂ ਦਾ ਧੰਦਾ ਵੀ ਬਹੁਤਾ ਲਾਹੇਬੰਦ ਨਹੀਂ ਸੀ। ਅੱਜ ਕੱਲ੍ਹ ਤਾਂ ਮੱਧ ਸ੍ਰੇਣੀ ਕੋਲ ਪੈਸੇ ਦੀ ਬਹੁਤਾਤ ਹੈ ਉਹ ਆਪਣਾ ਭਵਿੱਖ ਜਾਨਣ ਲਈ ਅਤੇ ਆਪਣੇ ਆਲੇ ਦੁਆਲੇ ਵਿਚ ਸ਼ੋਹਰਤ ਬਣਾਉਣ ਲਈ ਅਕਸਰ ਹੀ ਜੋਤਸ਼ੀਆਂ ਕੋਲ ਪੁੱਜ ਜਾਂਦੇ ਹਨ। ਅੱਜ ਸਾਡਾ ਸਾਰਾ ਸਮਾਜ ਹੀ ਮੁਸ਼ਕਿਲਾਂ ਵਿਚ ਘਿਰਿਆ ਹੋਇਆ ਹੈ ਕਿਸੇ ਦੇ ਪੜ੍ਹੇ ਲਿਖੇ ਪੁੱਤ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਅਤੇ ਕੋਈ ਆਪਣੇ ਧੀਆਂ ਪੁੱਤਾਂ ਲਈ ਚੰਗੇ ਰਿਸ਼ਤੇ ਲੱਭ ਰਿਹਾ ਹੈ ਅਤੇ ਕਿਸੇ ਦੇ ਘਰ ਵਿਚ ਨਸ਼ਾ ਜਾਂ ਬਿਮਾਰੀ ਨੇ ਘਰ ਕੀਤਾ ਹੋਇਆ ਹੈ। ਇਸ ਤਰ੍ਹਾਂ ਇੱਥੇ ਬਹੁਤੇ ਲੋਕੀ ਇਨ੍ਹਾਂ ਸਮੱਸਿਆਵਾਂ ਦੀਆਂ ਘੁੰਮਣ ਘੇਰੀਆਂ ਵਿਚ ਫਸੇ ਹੋਏ ਹਨ ਤੇ ਸੋਚਦੇ ਹਨ ਕਿ ਸ਼ਾਇਦ ਜੋਤਸ਼ੀ ਹੀ ਉਨ੍ਹਾਂ ਨੂੰ ਇਨ੍ਹਾਂ ਮੁਸ਼ਕਿਲਾਂ ਵਿਚੋਂ ਕੱਢ ਸਕਦੇ ਹਨ। ਜੋਤਸ਼ੀ ਵੀ ਬਹੁਤ ਹੀ ਚਲਾਕ ਕਿਸਮ ਦੇ ਵਿਅਕਤੀ ਹੁੰਦੇ ਹਨ ਉਹ ਗਾਹਕਾਂ ਨੂੰ ਮਾਨਸਿਕ ਤੌਰ ‘ਤੇ ਹੱਲਾ ਸ਼ੇਰੀ ਵੀ ਦੇ ਦਿੰਦੇ ਹਨ ਤੇ ਨਾਲ ਹੀ ਉਨ੍ਹਾਂ ਦੀ ਪ੍ਰਸੰਸਾ ਕਰਨੀ ਵੀ ਨਹੀਂ ਭੁੱਲਦੇ। ਕਈ ਵਾਰੀ ਉਹ ਗਾਹਕ ਦੇ ਮਨ ਵਿਚ ਡਰ ਵੀ ਬਿਠਾ ਦਿੰਦੇ ਹਨ ਤੇ ਡਰਿਆ ਹੋਇਆ ਗਾਹਕ ਵੱਧ ਲੁਟਾ ਹੁੰਦਾ ਹੈ। ਇਸ ਤਰ੍ਹਾਂ ਜੋਤਸ਼ ਦਾ ਧੰਦਾ ਦਿਨ ਰਾਤ ਫੁੱਲ ਤੇ ਫਲ ਰਿਹਾ ਹੈ।

ਟੈਲੀਵਿਯਨ ਚੈਨਲਾਂ ਨੂੰ ਚਲਾਉਣ ਲਈ ਵੱਡੇ ਸਟਾਫ਼ ਅਤੇ ਸਟੂਡੀਓ ਆਦਿ ਦੀ ਲੋੜ ਹੁੰਦੀ ਹੈ। ਇਸ ਲਈ ਇਸ ਸਮੁੱਚੇ ਧੰਦੇ ਨੂੰ ਲਾਹੇਬੰਦ ਬਣਾਉਣ ਲਈ ਵੱਡੀ ਆਮਦਨ ਦੀ ਵੀ ਜ਼ਰੂਰਤ ਹੈ। ਕੁਝ ਸਥਾਪਤ ਚੈਨਲਾਂ ਨੂੰ ਤਾਂ ਇਸ਼ਤਿਹਾਰਾਂ ਤੋਂ ਲੋੜੀਂਦੀ ਆਮਦਨ ਹੋ ਜਾਂਦੀ ਹੈ ਪਰ ਬਾਕੀਆਂ ਲਈ ਤਾਂ ਸਾਧ ਸੰਤ ਅਤੇ ਜੋਤਸ਼ੀ ਹੀ ਸਹਾਰਾ ਬਣਦੇ ਨੇ। ਜੇ ਲੋਕ ਇਸ ਗੱਲ ਨਾਲ ਬਰਬਾਦ ਹੁੰਦੇ ਹਨ ਤਾਂ ਹੋਈ ਜਾਣ ਚੈਨਲਾਂ ਨੇ ਤਾਂ ਆਪਣਾ ਘਾਟਾ ਪੂਰਨਾ ਹੀ ਹੈ। ਇਸ ਤਰ੍ਹਾਂ ਜੋਤਸ਼ ਦਾ ਧੰਦਾ ਵਧ ਫੁੱਲ ਰਿਹਾ ਹੈ।

ਹੱਥ ਦੀਆਂ ਲਕੀਰਾਂ ਦਾ ਕਿਸਮਤ ਨਾਲ ਸਬੰਧ

ਕਹਿੰਦੇ ਨੇ ਬੰਦੇ ਦੀ ਕਿਸਮਤ ਅਤੇ ਹੱਥ ਦੀਆਂ ਲਕੀਰਾਂ ਦਾ ਰਿਸ਼ਤਾ ਬਹੁਤ ਨੇੜੇ ਦਾ ਹੁੰਦਾ ਹੈ। ਸੋ ਆਉ ਅੱਜ ਇਸ ਗੱਲ ਨੂੰ ਵੀ ਨਿਰਖ ਪਰਖ ਲਈਏ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮਨੁੱਖ ਦੀ ਕਿਸਮਤ, ਸਿਹਤ, ਉਮਰ, ਵਿਆਹ, ਧੰਨ, ਦੌਲਤ, ਪੁੱਤਰ ਅਤੇ ਧੀਆਂ ਸਭ ਕੁਝ ਹੱਥ ਦੀਆਂ ਲਕੀਰਾਂ ਦਰਸ਼ਾ ਦਿੰਦੀਆਂ ਹਨ।

ਪਹਿਲਾ ਆਪਾ ਕਿਸਮਤ ਨੂੰ ਹੀ ਲੈ ਲਈਏ। ਅੰਮ੍ਰਿਤਸਰ ਦੇ ਪਾਗਲ ਖਾਨੇ ਵਿਚ ਜਾ ਕੇ ਇਸਦੀ ਪਰਖ ਆਰਾਮ ਨਾਲ ਕੀਤੀ ਜਾ ਸਕਦੀ ਹੈ। ਉਥੋਂ ਸਾਨੂੰ ਸੈਂਕੜੇ ਅਜਿਹੇ ਵਿਅਕਤੀਆਂ ਦੇ ਹੱਥ ਦੀਆਂ ਲਕੀਰਾਂ ਦੇ ਫੋਟੋਗ੍ਰਾਫ ਆਰਾਮ ਨਾਲ ਮਿਲ ਸਕਦੇ ਹਨ ਜਿਨ੍ਹਾਂ ਨੂੰ ਡਾਕਟਰਾਂ ਨੇ ਟੈਸਟ ਕਰਕੇ ਕਿਹਾ ਹੈ ਕਿ ਉਹ ਜਮਾਂਦਰ ਪਾਗਲ ਹਨ ਆਪਣੀ ਮੌਤ ਤੱਕ ਇਨ੍ਹਾਂ ਨੇ ਪਾਗਲ ਹੀ ਰਹਿਣਾ ਹੈ। ਇਹ ਹੱਥ ਚਿੱਤਰ ਵੇਖ ਕੇ ਜੋਤਸ਼ੀ ਉਨ੍ਹਾਂ ਦੀ ਕਿਸਮਤ ਜ਼ਰੂਰ ਪੜ੍ਹਨਗੇ ਤੇ ਬਹੁਤਿਆਂ ਬਾਰੇ ਕਹਿਣਗੇ ਕਿ ਇਨ੍ਹਾਂ ਦੀ ਕਿਸਮਤ ਬਹੁਤ ਚੰਗੀ ਹੈ।

ਉਮਰ : ਜੇ ਗੱਲ ਉਮਰ ਦੀ ਕਰਨੀ ਹੋਵੇ ਤਾਂ ਅੱਜ ਪੰਜਾਬ ਵਿਚ ਘੱਟੋ ਘੱਟ ਅੱਠ ਵਿਅਕਤੀ ਹਰ ਰੋਜ ਐਕਸੀਡੈਂਟਾਂ ਵਿਚ ਮਰ ਰਹੇ ਹਨ। ਉਨ੍ਹਾਂ ਦੇ ਹੱਥ ਦੀਆਂ ਲਕੀਰਾਂ ਦਰਸ਼ਾ ਰਹੀਆਂ ਹੁੰਦੀਆਂ ਨੇ ਕਿ ਉਨ੍ਹਾਂ ਨੇ ਲੰਬੀ ਉਮਰ ਭੋਗਣੀ ਹੈ। ਇਸ ਤਰ੍ਹਾਂ ਭੁਪਾਲ ਵਿਚ ਗੈਸ ਰਿਸ਼ੀ ਇਕੋ ਦਿਨ ਹੀ ਦੋ ਹਜ਼ਾਰ ਵਿਅਕਤੀ ਰਾਤੀ ਚੰਗੇ ਭਲੇ ਸੁੱਤੇ ਪਰ ਸਵੇਰ ਨੂੰ ਉੱਠ ਹੀ ਨਹੀਂ ਸਕੇ। ਜੋਤਸ਼ੀਆਂ ਦਾ ਇੱਕ ਪੂਰਾ ਮੁਹੱਲਾ ਖੁਦ ਹੀ ਇਸਦੀ ਜਕੜ ਵਿਚ ਆ ਗਿਆ ਸੀ। ਕੀ ਇਨ੍ਹਾਂ ਸਭ ਵਿਅਕਤੀਆਂ ਦੀਆਂ ਹਥੇਲੀਆਂ ਤੇ ਉਮਰਾਂ ਦੀਆਂ ਰੇਖਾਵਾਂ ਕੱਟ ਵੱਢ ਹੋ ਗਈਆਂ ਸਨ?

ਇਸ ਤਰ੍ਹਾਂ ਦੂਸਰੇ ਸੰਸਾਰ ਯੁੱਧ ਸਮੇਂ 1945 ਵਿਚ ਅਮਰੀਕੀ ਸਰਕਾਰ ਨੇ ਉਥੇ ਦੇ ਪਾਦਰੀਆਂ ਤੋਂ ਅਸ਼ੀਰਵਾਦ ਦੁਆਕੇ ਦੋ ਜਹਾਜ਼ਾਂ ਨੂੰ ਜਾਪਾਨ ਦੇ ਸ਼ਹਿਰਾਂ ਹੀਰੋਸੀਮਾ ਅਤੇ ਨਾਗਾਸਾਕੀ ਉੱਪਰ ਐਟਮ ਬੰਬ ਸੁੱਟਣ ਲਈ ਭੇਜ ਦਿੱਤਾ। ਇਸ ਤਰ੍ਹਾਂ ਲੱਖਾਂ ਲੋਕ ਮਾਰੇ ਗਏ। ਕੀ ਉਨ੍ਹਾਂ ਦੀਆਂ ਹੱਥ ਦੀਆਂ ਲਕੀਰਾਂ ਮਿਟ ਚੁੱਕੀਆਂ ਸਨ?

ਵਿਆਹ : ਹੁਣ ਜੇ ਗੱਲ ਵਿਆਹਾਂ ਦੀ ਕਰ ਲਈਏ ਜੋਤਿਸ਼ੀ ਦਾਅਵਾ ਕਰਦੇ ਹਨ ਕਿ ਵਿਆਹ ਦੀ ਰੇਖਾ ਹੱਥ ਉੱਤੇ ਅੰਕਿਤ ਹੁੰਦੀ ਹੈ। ਅਮਰੀਕਾ ਕੈਨੇਡਾ ਤੇ ਹੋਰ ਯੂਰਪੀ ਮੁਲਕਾਂ ਵਿਚ ਹਰ ਰੋਜ ਨਿੱਤ ਨਵੇਂ ਵਿਆਹ ਹੁੰਦੇ ਹਨ। ਕੀ ਉਨ੍ਹਾਂ ਦੀਆਂ ਹੱਥ ਰੇਖਾਵਾਂ ਨਿੱਤ ਹੀ ਬਦਲ ਜਾਂਦੀਆਂ ਨੇ। ਸਾਡੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਾਦਾ ਜੀ ਨੇ ਸੈਂਕੜੇ ਇਸਤਰੀਆਂ ਆਪਣੇ ਮਹਿਲ ਵਿਚ ਪਤਨੀਆਂ ਤੇ ਦਾਸੀਆਂ ਦੇ ਰੂਪ ਵਿਚ ਰੱਖੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਹੱਥਾਂ ਉੱਤੇ ਵਿਆਹ ਦੀ ਇਕੋ ਹੀ ਰੇਖਾ ਸੀ, ਇਸ ਤਰ੍ਹਾਂ ਹੀ ਸੰਸਾਰ ਪ੍ਰਸਿੱਧ ਐਕਟਰੈਸ  ਜਾ ਜਾ ਗੈਬਰੋ  ਨੇ ਆਪਣੀ ਜ਼ਿੰਦਗੀ ਵਿਚ ਅੱਠ ਵਿਆਹ ਕਰਵਾਏ ਅਤੇ ਇਕੋ ਵਿਅਕਤੀ ਨਾਲ ਦੋ ਵਾਰ ਵਿਆਹ ਕਰਵਾਇਆ ਪਰ ਉਸਦੇ ਹੱਥ ਤੇ ਵਿਆਹ ਦੀ ਇੱਕ ਹੀ ਲਕੀਰ ਸੀ। ਹੁਣ ਜੇ ਗੱਲ ਪੁੱਤਾਂ ਜਾਂ ਧੀਆਂ ਦੀ ਕਰਨੀ ਹੋਵੇ। ਕੀ ਇਹ ਲਕੀਰਾਂ ਵੀ ਆਦਮੀ ਦੇ ਹੱਥ ਤੇ ਦਰਜ਼ ਹੁੰਦੀਆਂ ਹਨ? ਇੱਕ ਤੰਦਰੁਸਤ ਮਨੁੱਖ ਵਿਚ ਕਰੋਮੋਸੋਮਾ ਦੀ ਗਿਣਤੀ ਐਨੀ ਹੁੰਦੀ ਹੈ ਕਿ ਉਸ ਨਾਲ ਪੂਰੇ ਸੰਸਾਰ ਦੀਆਂ ਇਸਤਰੀਆਂ ਗਰਭਵਤੀ ਹੋ ਸਕਦੀਆਂ ਹਨ ਕੀ ਫਿਰ ਹੱਥ ਉੱਤੇ ਪੁੱਤਾਂ ਧੀਆਂ ਵਾਲੀ ਲਕੀਰ ਵਿਚ ਐਨੇ ਨਿਸ਼ਾਨ ਹੁੰਦੇ ਹਨ?

ਪੁੱਤਰ ਤੇ ਧੀਆਂ : ਜੇ ਇਥੇ ਇਸਤਰੀਆਂ ਦੀਆਂ ਪੁੱਤਰ ਤੇ ਧੀਆਂ ਵਾਲੀ ਲਕੀਰ ਦੀ ਵੀ ਗੱਲ ਕਰ ਲਈਏ ਤਾਂ ਅੱਜ ਇਸਤਰੀ ਦਾ ਇੱਕ ਨਿਸ਼ੇਚਤ ਆਂਡਾ ਤੋੜ ਕੇ ਉਸ ਤੋਂ ਲੱਖਾਂ ਬੱਚੇ ਪੈਦਾ ਕੀਤੇ ਜਾ ਸਕਦੇ ਹਨ। ਕੀ ਇਸਤਰੀ ਦੇ ਹੱਥਾਂ ਤੇ ਵੀ ਪੁੱਤਾਂ ਧੀਆਂ ਦੀ ਗਿਣਤੀ ਲਿਖੀ ਹੁੰਦੀ ਹੈ?

ਜੇ ਧਿਆਨ ਨਾਲ ਬਾਂਦਰ ਦੇ ਹੱਥ ਨੂੰ ਵੇਖਿਆ ਜਾਵੇ ਤਾਂ ਇਹ ਲਕੀਰਾਂ ਉਸਦੇ ਹੱਥ ਉੱਤੇ ਵੀ ਹੁੰਦੀਆਂ ਹਨ। ਪਰ ਤੁਸੀਂ ਕਦੇ ਵੀ ਕਿਸੇ ਜੋਤਸ਼ੀ ਨੂੰ ਬਾਂਦਰ ਦੇ ਹੱਥ ਵੇਖਦੇ ਨਹੀਂ ਵੇਖੋਗੇ। ਕਿਉਂਕਿ ਬਾਂਦਰ ਦੀ ਜੇਬ ਨਹੀਂ ਹੁੰਦੀ ਪਰ ਮਨੁੱਖ ਕੋਲ ਤਾਂ ਬਟੂਆ ਹੁੰਦਾ ਹੈ ਜਿਸ ਵਿਚੋਂ ਪੈਸੇ ਨਿਕਲ ਕੇ ਜੋਤਸ਼ੀ ਦੀ ਜੇਬ ਵਿਚ ਚਲੇ ਜਾਂਦੇ ਹਨ। ਇੱਕ ਗੱਲ ਸਪੱਸ਼ਟ ਹੈ ਜੇ ਕਿਤੇ ਬਾਂਦਰਾਂ ਦੇ ਜੇਬਾਂ ਹੁੰਦੀਆਂ ਤਾਂ ਜੋਤਸ਼ੀਆਂ ਨੇ ਉਨ੍ਹਾਂ ਦੀਆਂ ਵੀ ਬਰਾਤਾਂ ਚੜ੍ਹਾਉਣੀਆਂ ਸਨ।

ਇੱਥੇ ਮੈਨੂੰ ਕਿਸੇ ਕਵੀ ਦੀ ਲਿਖੀ ਹੋਈ ਇੱਕ ਪੰਗਤੀ ਵੀ ਯਾਦ ਆਉਂਦੀ ਹੈ।

‘ਕਿਸਮਤ ਉਨਕੀ ਵੀ ਹੋਤੀ ਹੈ ਜਿਨਕੇ ਹਾਥ ਨਹੀਂ ਹੋਤੇ।’

ਹੱਥਾਂ ਤੇ ਲਕੀਰਾਂ ਕਿਉਂ : ਕਈ ਵਿਅਕਤੀਆਂ ਨੇ ਮੈਨੂੰ ਇਹ ਵੀ ਸੁਆਲ ਕੀਤਾ ਹੈ ਕਿ ਜੇ ਕਿਸਮਤ ਹੱਥ ਉੱਤੇ ਨਹੀਂ ਲਿਖੀ ਹੁੰਦੀ ਤਾਂ ਹੱਥਾਂ ਤੇ ਲਕੀਰਾਂ ਕਿਉਂ ਪੈਂਦੀਆਂ ਹਨ?

ਅਸਲ ਵਿਚ ਸਾਡੀ ਹਥੇਲੀ ਦੀ ਬਣਤਰ ਅਜਿਹੀ ਹੈ ਕਿ ਇਸ ਨੇ ਅੰਦਰ ਨੂੰ ਮੁੜਨਾ ਹੈ। ਅਮੀਬੇ ਤੋਂ ਲੈ ਕੇ ਮਨੁੱਖ ਤੱਕ ਦੇ ਜੀਵ ਵਿਕਾਸ ਦੇ ਤਿੰਨ ਸੌ ਕਰੋੜ ਵਰ੍ਹਿਆਂ ਦੌਰਾਨ ਮਨੁੱਖ ਜਾਤੀ ਨੂੰ ਵੱਡੇ ਸੰਘਰਸ਼ ਅਤੇ ਜਦੋ ਜਹਿਦ ਕਰਨੀ ਪਈ ਹੈ। ਇਸ ਜਦੋ ਜਹਿਦ ਵਿਚ ਮਨੁੱਖੀ ਹੱਥ ਹੀ ਸਨ ਜਿਨ੍ਹਾਂ ਨੇ ਸੰਦਾਂ ਨੂੰ ਫੜਨ ਅਤੇ ਵਰਤਣ ਦੀ ਜਾਂਚ ਸਿੱਖੀ। ਇਸ ਲਈ ਮਨੁੱਖੀ ਹਥੇਲੀ ਨੇ ਅੰਦਰ ਨੂੰ ਮੁੜਨ ਦਾ ਵੱਲ ਗ੍ਰਹਿਣ ਕੀਤਾ। ਇਸ ਲਈ ਹਥੇਲੀ ਤੇ ਚਮੜੀ ਦੀ ਸੈਲ ਬਣਤਰ ਕੁਝ ਵੱਖ ਕਿਸਮ ਦੀ ਵਿਕਸਿਤ ਹੋ ਗਈ ਇਸ ਲਈ ਹਥੇਲੀ ਤੇ ਲਕੀਰਾਂ ਪੈ ਗਈਆਂ। ਸਾਡੇ ਹੱਥ ਬਾਹਰਲੇ ਪਾਸੇ ਨੂੰ ਮੁੜਦੇ ਹੀ ਨਹੀਂ ਇਸ ਲਈ ਬਾਹਰਲੇ ਪਾਸੇ ਲਕੀਰਾਂ ਹੀ ਨਹੀਂ। ਜਿੱਥੋਂ ਵੀ ਹੱਥ ਜਾਂ ਉਂਗਲੀਆਂ ਮੁੜਦੀਆਂ ਹਨ ਉਥੇ ਹੀ ਲਕੀਰਾਂ ਹਨ। ਸੋ ਲਕੀਰਾਂ ਕੁਝ ਨਹੀਂ ਇਹ ਤਾਂ ਹੱਥਾਂ ਦੇ ਮੋੜ ਹਨ।

ਬੱਚੇ ਦਾ ਵਿਕਾਸ ਮਾਂ ਦੇ ਪੇਟ ਵਿਚ 280 ਦਿਨ ਵਿਚ ਹੁੰਦਾ ਹੈ। ਤੀਜੇ ਚੋਥੇ ਅਤੇ ਪੰਜਵੇ ਮਹੀਨੇ ਵਿਚ ਅੰਗਾਂ ਦੀ ਪੈਦਾਇਸ਼ ਤੇ ਵਿਕਾਸ ਹੁੰਦਾ ਹੈ। ਇਸ ਵਿਕਾਸ ਸਮੇਂ ਦੌਰਾਨ ਬੱਚੇ ਦੀਆਂ ਮੁੱਠੀਆਂ ਬੰਦ ਹੁੰਦੀਆਂ ਹਨ। ਇਹ ਵੀ ਕਾਰਨ ਹੈ ਕਿ ਹੱਥ ਤੇ ਲਕੀਰਾਂ ਪੈ ਜਾਂਦੀਆਂ ਹਨ।

ਸਾਡੇ ਮਾਂ-ਪਿਉ ਅਤੇ ਵੱਡ ਵਡੇਰਿਆਂ ਦੇ ਹੱਥਾਂ ਤੇ ਲਕੀਰਾਂ ਸਨ। ਮਾਪਿਆਂ ਦੇ ਗੁਣ ਬੱਚਿਆਂ ਵਿਚ ਪ੍ਰਵੇਸ਼ ਕਰਦੇ ਹੀ ਹਨ। ਇਸ ਤਰ੍ਹਾਂ ਹੱਥ ਦੀਆਂ ਲਕੀਰਾਂ ਦਾ ਗੁਣ ਵੀ ਪ੍ਰਵੇਸ਼ ਕਰ ਜਾਂਦਾ ਹੈ।

ਹੱਥ ਦੀਆਂ ਲਕੀਰਾਂ ਦਾ ਮਨੁੱਖੀ ਕਿੱਤੇ ਨਾਲ ਵੀ ਗੂੜਾ ਸਬੰਧ ਹੁੰਦਾ ਹੈ। ਹਲ਼ ਵਾਹੁਣ ਵਾਲੇ ਕਿਸਾਨਾਂ ਦੇ ਹੱਥਾਂ ਤੇ ਲਕੀਰਾਂ ਅੱਧੀਆਂ ਹੀ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਸਾਰਾ ਦਿਨ ਹਥੋੜੀ ਚਲਾਉਣ ਵਾਲੇ ਲੁਹਾਰ ਦੀਆਂ ਲਕੀਰਾਂ ਦਾ ਹਸ਼ਰ ਵੀ ਅਜਿਹਾ ਹੀ ਹੁੰਦਾ ਹੈ।
ਹੱਥ ਦੀਆਂ ਲਕੀਰਾਂ ਦਾ ਸਬੰਧ ਕਿਸੇ ਵਿਅਕਤੀ ਦੀ ਕਿਸਮਤ ਨਾਲ ਨਹੀਂ ਹੁੰਦਾ। ਪਰ ਜੋਤਸ਼ੀਆਂ ਨੇ ਆਪਣੀਆਂ ਕਿਸਮਤਾਂ ਦੇ ਨਿਰਮਾਣ ਲਈ ਇਨ੍ਹਾਂ ਲਕੀਰਾਂ ਦਾ ਸਬੰਧ ਕਿਸਮਤ ਨਾਲ ਜੋੜਨ ਲਈ ਹਜ਼ਾਰਾਂ ਸਾਲਾਂ ਤੋਂ ਇੱਕ ਯੋਜਨਾਬੰਦ ਢੰਗ ਨਾਲ ਪੂਰਾ ਪ੍ਰਚਾਰ ਜ਼ਰੂਰ ਕੀਤਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਇਸ ਪ੍ਰਥਾ ਦੀ ਰੀੜ ਦੀ ਹੱਡੀ ਤੋੜਨੀ ਅਤੀ ਜ਼ਰੂਰੀ ਹੈ।

ਅੰਤ ਵਿੱਚ ਮੈਂ ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਸਮੂਹ ਹੱਥ ਰੇਖਾਵਾਂ ਦੇ ਮਾਹਰਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਤਰਕਸ਼ੀਲ ਸੁਸਾਇਟੀ ਉਨ੍ਹਾਂ ਦੇ ਸਾਹਮਣੇ ਬੁਰਕੇ ਪੁਆਕੇ ਦਸ ਵਿਅਕਤੀਆਂ ਨੂੰ ਖੜ੍ਹੇ ਕਰਨ ਲਈ ਤਿਆਰ ਹੈ। ਉਨ੍ਹਾਂ ਦਾ ਇੱਕ-ਇੱਕ ਹੱਥ ਨੰਗਾ ਹੋਵੇਗਾ। ਜੇ ਹੱਥ ਰੇਖਾਵਾਂ ਦੇ ਮਾਹਰ ਉਨ੍ਹਾਂ ਦੇ ਹੱਥ ਦੇਖ ਕੇ ਇਹ ਦੱਸ ਦੇਣਗੇ ਕਿ ਇਨ੍ਹਾਂ ਵਿੱਚ ਕਿੰਨੀਆਂ ਇਸਤਰੀਆਂ ਕਿੰਨੇ ਮਰਦ ਅਤੇ ਕਿੰਨੇ ਖੁਸਰੇ ਹਨ, ਉਨ੍ਹਾਂ ਦੇ ਪੁੱਤਾਂ-ਧੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਯੋਗਤਾ ਅਤੇ ਕਿੱਤਾ ਕੀ ਕੀ ਹੈ। ਜੇ ਉਨ੍ਹਾਂ ਦੇ ਜੁਆਬ 95% ਸਹੀ ਹੋਣਗੇ ਤਾਂ ਤਰਕਸ਼ੀਲ ਸੁਸਾਇਟੀ ਉਨ੍ਹਾਂ ਨੂੰ 25 ਲੱਖ ਰੁਪਏ ਦਾ ਇਨਾਮ ਦੇ ਦੇਵੇਗੀ। ਚੁਣੌਤੀ ਕਬੂਲ ਕਰਨ ਲਈ ਜੋਤਸ਼ੀਆਂ ਨੂੰ ਸਿਰਫ਼ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਜ਼ਮਾਨਤ ਦੇ ਤੌਰ ‘ਤੇ ਜਮ੍ਹਾਂ ਕਰਵਾਉਣੀ ਹੋਵੇਗੀ। ਹਾਰ ਜਾਣ ਦੀ ਸੂਰਤ ਵਿਚ ਉਨ੍ਹਾਂ ਦੀ ਇਹ ਰਾਸ਼ੀ ਜ਼ਬਤ ਹੋ ਜਾਵੇਗੀ। ਜਿੱਤ ਜਾਣ ਦੀ ਸੂਰਤ ਵਿਚ ਇਹ 25 ਲੱਖ ਰੁਪਏ ਦੇ ਇਨਾਮ ਨਾਲ ਵਾਪਸ ਦੇ ਦਿੱਤੀ ਜਾਵੇਗੀ। ਜ਼ਮਾਨਤ ਸਿਰਫ਼ ਸਸਤੀ ਸ਼ੋਹਰਤ ਲੱਭਣ ਵਾਲੇ ਵਿਅਕਤੀਆਂ ਨੂੰ ਭਜਾਉਣ ਲਈ ਹੀ ਰੱਖੀ ਗਈ ਹੈ। ਹਰ ਕਿਸਮ ਦੇ ਜੋਤਸ਼ੀਆਂ, ਪਾਂਡਿਆਂ ਨੂੰ ਇਸ ਇਨਾਮ ਨੂੰ ਜਿੱਤਣ ਲਈ ਸੱਦਾ ਦਿੱਤਾ ਜਾਂਦਾ ਹੈ।
 

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com