ਸ਼ਹਿਤ ਦੀਆਂ ਮੱਖੀਆਂ ਮਖਿਆਲ ਕਿਵੇਂ ਇੱਕਠਾ ਕਰਦੀਆਂ ਹਨ?
ਇੱਕ ਸ਼ਹਿਦ ਦੇ ਛੱਤੇ ਵਿੱਚ ਲਗਭਗ 80,000 ਮੱਖੀਆਂ ਹੁੰਦੀਆਂ ਹਨ। ਇਹ ਮੱਖੀਆਂ
ਤਿੰਨ ਪ੍ਰਕਾਰ ਦੀਆਂ ਹਨ। ਰਾਣੀ ਮੱਖੀ ਇੱਕ ਹੀ ਹੁੰਦੀ ਹੈ ਜੋ ਆਕਾਰ ਵਿੱਚ ਦੂਸਰੀਆਂ
ਮੱਖੀਆਂ ਨਾਲੋਂ ਵੱਡੀ ਹੁੰਦੀ ਹੈ। ਅੱਜ ਕੱਲ ਬਣਾਏ ਜਾਣ ਵਾਲੇ ਮਧੂ ਮੱਖੀਆਂ ਦੇ ਡੱਬੇ
ਇਸੇ ਸਿਧਾਂਤ ਤੇ ਬਣਾਏ ਜਾਂਦੇ ਹਨ ਕਿ ਉਸ ਵਿੱਚ ਮੱਖੀਆਂ ਦੇ ਆਉਣ ਤੇ ਜਾਣ ਲਈ ਰੱਖੇ
ਸੁਰਾਖਾਂ ਵਿੱਚੋਂ ਬਾਕੀ ਮੱਖੀਆਂ ਤਾਂ ਨਿਕਲ ਸਕਦੀਆਂ ਹਨ ਪਰ ਰਾਣੀ ਮੱਖੀ ਆਪਣੇ ਵੱਡੇ
ਆਕਾਰ ਕਰਕੇ ਉਸ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ। ਸਿਰਫ ਕਾਮਾ ਮੱਖੀਆ ਜੋ ਮਾਦਾ
ਹੁੰਦੀਆਂ ਹਨ ਮਖਿਆਲ ਇੱਕਠਾ ਕਰਦੀਆਂ ਹਨ। ਛੱਤੇ ਵਿਚਲੀਆਂ ਨਰ ਮੱਖੀਆਂ ਦਾ ਕੰਮ ਰਾਣੀ
ਮੱਖੀ ਦੁਆਰਾ ਦਿੱਤੇ ਆਂਡਿਆਂ ਨੂੰ ਜਰਖੇਜ ਬਣਾਉਣਾ ਹੁੰਦਾ ਹੈ। ਜਿਉਂ ਹੀ ਆਂਡਿਆਂ
ਵਿੱਚੋਂ ਬੱਚੇ ਨਿਕਲ ਆਉਂਦੇ ਹਨ ਕਾਮਾ ਮੱਖੀਆਂ ਨਰ ਮੱਖੀਆਂ ਨੂੰ ਮਾਰ ਦਿੰਦੀਆਂ ਹਨ।
ਕਾਮਾ ਮੱਖੀਆਂ ਮਖਿਆਲ ਫੁੱਲਾਂ ਤੋਂ ਇੱਕਠਾ ਕਰਦੀਆਂ ਹਨ। ਫੁੱਲਾਂ ਦੀ ਸੁੰਦਰਤਾ ਅਤੇ
ਮਖਿਆਲ ਦੇਣ ਦਾ ਵੀ ਇੱਕ ਕਾਰਨ ਹੁੰਦਾ ਹੈ। ਮੱਖੀਆਂ ਤੇ ਹੋਰ ਕੀੜਿਆਂ ਨੂੰ ਆਪਣੇ ਵੱਲ
ਖਿੱਚਣ ਦੇ ਲਈ ਤਾਂ ਜੋ ਇਹਨਾਂ ਤੋਂ ਆਪਣੇ ਵਿੱਚ ਪਰ ਪਰਾਗਣ ਕਰਵਾ ਸਕਣ। ਇਸ ਲਈ ਹੀ
ਫੁੱਲ ਸੁੰਦਰ ਹੁੰਦੇ ਹਨ ਤੇ ਆਪਣੇ ਵਿੱਚ ਮਿਠਾਸ ਭਰਦੇ ਹਨ। ਕਿੰਨੀ ਸੁੰਦਰ ਹੈ ਇਹ
ਕੁਦਰਤ।
ਗਰਮੀਆਂ ਵਿੱਚ ਕੁੱਤਾ ਜੀਭ ਬਾਹਰ ਕਿਉਂ ਕੱਢਦਾ ਹੈ?
ਜੇ ਅਸੀਂ ਆਪਣੇ ਹੱਥ ਦੀ ਹਥੇਲੀ ਤੇ ਸਪਿਰਟ ਪਾ ਲਈਏ ਤਾਂ ਹੱਥ ਠੰਡਾ ਹੋ ਜਾਵੇਗਾ
ਸਪਿਰਟ ਉੱਡ ਜਾਵੇਗਾ। ਵਾਸ਼ਪ ਬਣ ਕੇ ਉੱਡ ਜਾਣ ਦੀ ਕ੍ਰਿਆ ਨੂੰ ਵਿਗਿਆਨਕ ਸ਼ਬਦਵਾਲੀ
ਵਿੱਚ ਵਾਸ਼ਪੀਕਰਨ ਕਿਹਾ ਜਾਂਦਾ ਹੈ ਤੇ ਇਹ ਵੀ ਸੱਚ ਹੈ ਕਿ ਵਾਸ਼ਪੀਕਰਣ ਦੁਆਰਾ ਠੰਡ
ਵੀ ਪੈਦਾ ਹੁੰਦੀ ਹੈ। ਮਿੱਟੀ ਦੇ ਘੜਿਆਂ ਵਿੱਚ ਪਾਣੀ ਠੰਡੇ ਰਹਿਣ ਦਾ ਕਾਰਣ ਵੀ ਇਹ
ਹੀ ਹੁੰਦਾ ਹੈ ਕਿਉਂਕਿ ਬ੍ਰਹਿਮੰਡ ਵਿੱਚ ਵਾਪਰ ਰਹੀ ਹਰ ਘਟਨਾ ਪਿੱਛੇ ਕੋਈ ਨਾ ਕੋਈ
ਵਿਗਿਆਨ ਕਾਰਣ ਜਰੂਰ ਹੀ ਹੁੰਦਾ ਹੈ। ਕੁੱਤੇ ਦੀ ਜੀਭ ਵਿੱਚੋਂ ਪਾਣੀ ਰਿਸਦਾ ਰਹਿੰਦਾ
ਹੈ। ਇਸ ਲਈ ਇਸ ਪਾਣੀ ਦਾ ਵਾਸ਼ਪੀਕਰਣ ਕੁੱਤਾ ਆਪਣੇ ਆਪ ਨੂੰ ਠੰਡਾ ਰੱਖਣ ਲਈ ਅਜਿਹਾ
ਕਰਦੇ ਅਕਸਰ ਹੀ ਨਜ਼ਰ ਆਉਂਦੇ ਹਨ। ਸਰਦੀਆਂ ਵਿੱਚ ਕੁੱਤਿਆਂ ਨੂੰ ਅਜਿਹਾ ਕਰਦੇ ਤੁਸੀਂ
ਕਦੇ ਨਹੀਂ ਵੇਖੋਗੇ।
ਬੱਕਰੀ ਮੀਂਗਣਾ ਕਿਉਂ ਦਿੰਦੀ ਹੈ?
ਬੱਕਰੀਆਂ ਦੀਆਂ ਨਸਲਾਂ ਲੱਖਾਂ ਸਾਲਾਂ ਤੋਂ ਮਾਰੂਥਲਾਂ ਵਿੱਚ ਰਹਿੰਦੀਆਂ ਹਨ। ਇਸ
ਲਈ ਇਹਨਾਂ ਦੀ ਪਾਚਨ ਪ੍ਰਣਾਲੀ ਇਸ ਢੰਗ ਨਾਲ ਵਿਕਸਿਤ ਹੋ ਗਈ ਹੈ ਇਹ ਪਾਣੀ ਦੀ ਘੱਟ
ਤੋਂ ਘੱਟ ਮਾਤਰਾ ਆਪਣੇ ਸਰੀਰ ਵਿੱਚੋਂ ਬਾਹਰ ਜਾਣ ਦਿੰਦੀਆਂ ਹਨ। ਉਂਠ ਦੇ ਲੇਡੇ ਦੇਣ
ਦਾ ਕਾਰਨ ਵੀ ਇਹ ਹੀ ਹੁੰਦਾ ਹੈ।
ਰੇਸ਼ਮ ਦਾ ਕੀੜਾ ਰੇਸ਼ਮ ਕਿਵੇਂ ਪੈਦਾ ਕਰਦਾ ਹੈ?
ਰੇਸ਼ਮ ਦੇ ਕੀੜੇ ਸਹਿਤੂਤ ਦੇ ਪੌਦੇ ਦੇ ਰਹਿੰਦੇ ਹਨ ਤੇ ਪੱਤੇ ਖਾਂਦੇ ਹਨ। ਰੇਸ਼ਮ
ਦੇ ਕੀੜੇ ਦੇ ਲਾਰਵੇ ਵਿੱਚ ਖਾਸ ਕਿਸਮ ਦੀਆਂ ਗ੍ਰੰਥੀਆਂ ਹੁੰਦੀਆਂ ਹਨ। ਇਹ ਗ੍ਰੰਥੀਆਂ
ਫਾਈਬ੍ਰਾਈਨ ਨਾਂ ਦੇ ਪ੍ਰੋਟੀਨ ਬਣਾਉਂਦੀਆਂ ਹਨ।
ਲਾਰਵਾ ਇਸ ਪ੍ਰੋਟੀਨ ਦੀ ਵਰਤੋਂ ਆਪਣੇ ਚਾਰੇ ਪਾਸੇ ਲਪੇਟਣ ਲਈ ਕਰਦਾ ਹੈ। ਧਾਗੇ ਦੇ
ਇਸ ਤਰ੍ਹਾਂ ਲਿਪਟ ਜਾਣ ਕਾਰਣ ਇੱਕ ਗੇਂਦ ਵਰਗੀ ਸ਼ਕਲ ਵਰਗਾ ਕੋਕੂਨ ਬਣ ਜਾਂਦਾ ਹੈ।
ਇਸ ਕੋਕੂਨ ਤੋਂ ਹੀ ਰੇਸ਼ਮ ਦੇ ਧਾਗੇ ਪ੍ਰਾਪਤ ਕੀਤੇ ਜਾਂਦੇ ਹਨ।
ਡਾਇਨਾਸੌਰ ਕੀ ਹੁੰਦੇ?
ਪਿਛਲੇ ਸਮਿਆਂ ਵਿੱਚ ਧਰਤੀ ਤੇ ਲੱਖਾਂ ਹੀ ਅਜਿਹੇ ਪੌਦੇ ਤੇ ਜਾਨਵਰ ਪੈਦਾ ਹੋਏ
ਜਿਹੜੇ ਅੱਜ ਸਾਡੀ ਧਰਤੀ ਤੇ ਉਪਲਬਧ ਨਹੀਂ ਹਨ। ਇਹਨਾਂ ਦਾ ਸਬੂਤ ਧਰਤੀ ਦੀਆਂ ਚਟਾਨਾਂ
ਵਿੱਚੋਂ ਮਿਲਣ ਵਾਲੇ ਇਹਨਾਂ ਦੀਆਂ ਹੱਡੀਆਂ ਦੇ ਢਾਂਚੇ ਹਨ। ਵਿਗਿਆਨਕਾਂ ਨੂੰ ਲੱਖਾਂ
ਦੀ ਗਿਣਤੀ ਵਿੱਚ ਅਜਿਹੇ ਜਾਨਵਰਾਂ ਦੀਆਂ ਹੱਡੀਆਂ ਮਿਲੀਆਂ ਹਨ ਜਿਹਨਾਂ ਦਾ ਭਾਰ 50
ਟਨ ਤੇ ਲੰਬਾਈ 28 ਮੀਟਰ ਤੋਂ ਵੀ ਵੱਧ ਸੀ। ਇਹਨਾਂ ਜਾਨਵਰਾਂ ਨੂੰ ਡਾਇਨਾਸੌਰ
ਕਿਹਾ ਜਾਂਦਾ ਹੈ। ਇਹ ਠੰਡੇ ਖੂਨ ਵਾਲੇ ਪ੍ਰਾਣੀ ਸਨ। ਗਰਮੀਆਂ ਵਿੱਚ ਇਹ ਬਹੁਤ ਚੁਸਤ
ਹੋ ਜਾਂਦੇ ਸਨ। ਪਰ ਸਰਦੀਆ ਵਿੱਚ ਇਹ ਸੁਸਤ ਰਹਿੰਦੇ ਸਨ। ਕਿਸੇ ਕਾਰਣ ਕਰਕੇ 65
ਮਿਲੀਅਨ ਸਾਲ ਪਹਿਲਾਂ ਆਪਣੇ ਆਪ ਨੂੰ ਵਾਯੂ ਮੰਡਲ ਅਨੁਸਾਰ ਨਾ ਢਾਲਣ
ਸਦਕਾ ਇਹਨਾਂ ਦੀਆਂ ਨਸਲਾਂ ਧਰਤੀ ਤੋਂ ਸਦਾ ਲਈ ਅਲੋਪ ਹੋ ਗਈਆਂ ਹਨ।
ਗੰਡੋਏ ਵਿੱਚ ਜਣਨ ਕ੍ਰਿਆ ਕਿਵੇਂ ਪੈਦਾ ਹੁੰਦੀ ਹੈ?
ਆਮ ਜੀਵਾਂ ਨੂੰ "ਨਰ" ਅਤੇ "ਮਾਦਾ" ਕਿਸਮਾਂ ਵਿੱਚ ਵੰਡਿਆ ਗਿਆ ਹੈ। ਜਿਹੜਾ ਜੀਵ
ਸ਼ੁਕਰਾਣੂ ਪੈਦਾ ਕਰਦਾ ਹੈ ਇਸਨੂੰ ਨਰ ਜੀਵ ਕਹਿੰਦੇ ਹਨ ਜਿਹੜਾ ਆਂਡਾ
ਪੈਦਾ ਕਰਦਾ ਹੈ ਉਸਨੂੰ ਮਾਦਾ ਕਹਿੰਦੇ ਹਨ। ਪਰ ਕੇਂਚੂਏ ਤੇ ਗੰਡੋਏ
ਵਿੱਚ ਨਰ ਅਤੇ ਮਾਦਾ ਭਾਗ ਇੱਕੋ ਜੀਵ ਵਿੱਚ ਹੁੰਦੇ ਹਨ। ਇਹਨਾਂ ਜੀਵਾਂ ਨੂੰ ਦੋ ਲਿੰਗ
ਜੀਵ ਕਹਿੰਦੇ ਹਨ। ਬਰਸਾਤ ਦੇ ਮੌਸਮ ਵਿੱਚ ਦੋ ਗੰਡੋਏ ਇੱਕ ਦੂਜੇ ਦੀ ਉਲਟ ਦਿਸ਼ਾ
ਵਿੱਚ ਮੂੰਹ ਕਰਕੇ ਜੁੜ ਜਾਂਦੇ ਹਨ ਤੇ ਇਸ ਤਰ੍ਹਾਂ ਦੋਵੇਂ ਹੀ ਨਿਸੇਚਿਤ ਹੋ ਜਾਂਦੇ
ਹਨ। ਸਮਾਂ ਆਉਣ ਤੇ ਦੋਵੇਂ ਹੀ ਸੰਤਾਨ ਪੈਦਾ ਕਰਦੇ ਹਨ।
ਸੱਪ ਆਪ ਤੋਂ ਮੋਟੇ ਚੂਹੇ ਨੂੰ ਕਿਵੇਂ ਨਿਗਲ ਜਾਂਦੇ ਹਨ?
ਕਈ ਵਾਰੀ ਇਹ ਵੇਖਣ ਵਿੱਚ ਆਇਆ ਹੈ ਕਿ ਸੱਪ ਆਪ ਤੋਂ ਮੋਟੇ ਚੂਹੇ ਵੀ ਨਿਗਲ ਜਾਂਦੇ
ਹਨ। ਸੱਪ ਦਾ ਮੂੰਹ ਛੋਟਾ ਹੁੰਦਾ ਹੈ। ਪਰ ਇਸਦਾ ਜਬਾੜਾ ਪਿੱਛੋ ਨੂੰ ਕਾਫੀ ਲੰਬਾ ਤੇ
ਲਚਕਦਾਰ ਹੋਣ ਕਰਕੇ ਵੱਧ ਫੈਲ ਸਕਦਾ ਹੈ। ਇਸ ਤਰ੍ਹਾਂ ਸੱਪ ਦਾ ਸਰੀਰ ਵੀ ਅੰਦਰੋਂ ਰਬੜ
ਦੀ ਤਰ੍ਹਾਂ ਫੈਲ ਸਕਦਾ ਹੈ। ਇਹਨਾਂ ਦੋਹਾਂ ਕਾਰਨਾਂ ਕਰਕੇ ਸੱਪ ਆਪ ਤੋਂ ਮੋਟੇ ਚੂਹੇ
ਵੀ ਨਿਗਲ ਜਾਂਦੇ ਹਨ।
ਸੱਪ ਕੁੰਜ ਕਿਵੇਂ ੳਤਾਰਦਾ ਹੈ?
ਸੱਪ ਜ਼ਮੀਨ ਤੇ ਸਰਕ ਕੇ ਸਫਰ ਕਰਦਾ ਹੈ। ਇਸ ਤਰ੍ਹਾਂ ਉਸਦੀ ਚਮੜੀ ਥੱਲੇ ਤੋਂ ਫਟ
ਜਾਂਦੀ ਹੈ। ਇਸਨੂੰ ਬਦਲਣਾ ਸੱਪਾਂ ਦੀ ਲੋੜ ਹੁੰਦੀ ਹੈ। ਨਵੀਂ ਚਮੜੀ ਪੁਰਾਣੀ ਦੇ
ਥੱਲੇ ਹੀ ਬਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ
ਤਾਂ ਸੱਪ ਦੇ ਸਰੀਰ ਵਿੱਚੋਂ ਇੱਕ ਰਸ ਨਿਕਲਦਾ ਹੈ। ਜਿਹੜਾ ਦੋਹਾਂ ਚਮੜੀਆਂ ਦੇ
ਵਿਚਕਾਰ ਆ ਜਾਂਦਾ ਹੈ ਤੇ ਇਹ ਤੇਲ ਦੀ ਤਰ੍ਹਾਂ ਚੀਕਣ ਹੁੰਦਾ ਹੈ। ਇਸ ਨਾਲ ਸੱਪ ਨੂੰ
ਕੁਝ ਦਿਨ ਲਈ ਧੁੰਦਲਾ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸੱਪ ਇਹਨਾਂ
ਦਿਨਾਂ ਵਿੱਚ ਲੁਕ ਕੇ ਆਪਣੇ ਮੂੰਹ ਵਾਲੇ ਪਾਸੇ ਤੋਂ ਪੁਰਾਣੀ ਚਮੜੀ ਨੂੰ ਉਲਟਾ ਲੈਂਦਾ
ਹੈ। ਇਸ ਤਰ੍ਹਾਂ ਇਹ ਇਸ ਵਿੱਚੋਂ ਪੂਰੀ ਤਰ੍ਹਾਂ ਨਿਕਲ ਜਾਂਦਾ ਹੈ।
ਕੀ ਸੱਪ ਉੱਡ ਸਕਦੇ ਹਨ?
ਸੱਪ ਉੱਡ ਤਾਂ ਨਹੀਂ ਸਕਦੇ ਪਰ ਸੱਪਾਂ ਦੀਆਂ ਇੱਕੋ ਦੋ ਜਾਤੀਆਂ ਅਜਿਹੀਆਂ ਜ਼ਰੂਰ
ਹਨ ਜਿਹੜੀਆਂ ਦਰੱਖਤਾ ਤੋਂ ਥੱਲੇ ਉੱਤਰਨ ਸਮੇਂ ਗਲਾਈਡਰਾਂ ਦੀ ਤਰ੍ਹਾਂ ਹੌਲੀ ਹੌਲੀ
ਹੇਠਾਂ ਆਉਂਦੀਆਂ ਹਨ। ਇਸ ਤਰ੍ਹਾਂ ਇਹ ਉੱਚੀਆਂ ਟਹਿਣੀਆਂ ਤੋਂ ਨੀਵੀਆਂ ਟਹਿਣੀਆਂ ਤੇ
ਵੀ ਆ ਜਾਂਦੇ ਹਨ। ਕੋਈ ਸੱਪ ਮਨੁੱਖ ਨਾਲੋਂ ਤੇਜ਼ ਨਹੀ ਦੌੜ ਸਕਦਾ ਗਲਾਈਡ ਕਰਨ ਲਈ ਇਹ
ਆਪਣੀ ਪੂਛ ਦੀ ਸਹਾਇਤਾਂ ਲੈਂਦੇ ਹਨ। |