ਛਿਪਕਲੀ ਆਪਣੀ ਪੂੰਛ ਕਿਉਂ ਛੱਡ ਜਾਂਦੀ ਹੈ?
ਧਰਤੀ ਤੇ ਬਹੁਤ ਸਾਰੇ ਜਾਨਵਰ ਅਜਿਹੇ ਹਨ ਜਿਹਨਾਂ ਦੇ ਕੱਟੇ ਹੋਏ ਅੰਗ ਦੁਬਾਰਾ ਆ
ਜਾਂਦੇ ਹਨ। ਕੇਕੜੇ ਦੇ ਪੈਰ ਦੁਬਾਰਾ ਉੱਗ ਆਉਂਦੇ ਹਨ। ਤਾਰਾ ਮੱਛੀ ਦੀ ਭੁਜਾ ਦੁਬਾਰਾ
ਉੱਗ ਆਉਂਦੀ ਹੈ। ਇਸ ਤਰ੍ਹਾ ਕਿਰਲੀ ਦੀ ਪੂੰਛ ਵੀ ਦੁਬਾਰਾ ਉੱਗ ਸਕਦੀ ਹੈ। ਪਰ ਮਨੁੱਖ
ਵਿੱਚ ਅਜਿਹਾ ਕੋਈ ਵੀ ਦਿਖਾਈ ਦੇਣ ਯੋਗ ਸਜੀਵ ਅੰਗ ਨਹੀਂ ਜੋ ਦੁਬਾਰਾ ਉੱਗ ਸਕਦਾ
ਹੋਵੇ। ਵਿਗਿਆਨੀਆਂ ਵਲੋਂ ਇਸ ਸਬੰਧੀ ਯਤਨ ਜਾਰੀ ਹਨ। ਕਿਰਲੀ ਨੂੰ ਜਦੋਂ ਵੀ ਕੋਈ
ਖਤਰਾ ਹੁੰਦਾ ਹੈ ਤੇ ਕੋਈ ਵੀ ਵਸਤੂ ਇਸਦੀ ਪੂੰਛ ਨੂੰ ਛੁੰਹਦੀ ਹੈ ਤਾਂ ਉਸੇ ਸਮੇਂ ਇਹ
ਆਪਣੀ ਪੂੰਛ ਦੀਆਂ ਹੱਡੀਆਂ ਢਿੱਲੇ ਰੂਪ ਵਿੱਚ ਹੀ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ
ਹਨ। ਇਸ ਲਈ ਇਸ ਦੀ ਪੂੰਛ ਆਸਾਨੀ ਨਾਲ ਇੱਕ ਦੂਜੇ ਤੋਂ ਅਲੱਗ ਹੋ ਜਾਂਦੀ ਹੈ। ਕਿਉਂਕਿ
ਇਸਦੇ ਖੂਨ ਦੇ ਸੈੱਲਾਂ ਦੇ ਅੰਤਮ ਸਿਰੇ ਲਗਭਗ ਬੰਦ ਹੁੰਦੇ ਹਨ ਇਸ ਲਈ ਖੂਨ ਵੀ ਨਹੀਂ
ਨਿਕਲਦਾ ਹੈ।
ਪਾਗਲ ਕੁੱਤੇ ਦੇ ਕੱਟਣ ਨਾਲ ਆਦਮੀ ਪਾਗਲ ਕਿਉਂ ਹੋ ਜਾਂਦਾ ਹੈ?
ਕੁੱਤੇ ਦੀ ਚਮੜੀ ਵਿੱਚ ਜਖਮ ਹੋਣ ਤੇ ਰੈਬੀਜ ਨਾਂ ਦੀ ਬਿਮਾਰੀ ਦੇ ਵਿਸ਼ਾਣੂ ਕੁੱਤੇ
ਤੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ। ਇਹ ਵਿਸ਼ਾਣੂ ਕੁੱਤੇ ਦੇ ਸਰੀਰ ਵਿੱਚ ਪ੍ਰਤੀ
ਦਿਨ ਇੱਕ ਸੈਂਟੀਮੀਟਰ ਦੀ ਗਤੀ ਕਰਦੇ ਹੋਏ ਕੁੱਤੇ ਦੇ ਦਿਮਾਗ ਤੇ ਹਮਲਾ ਕਰ ਦਿੰਦੇ
ਹਨ। ਇਸ ਦੌਰਾਨ ਕੁੱਤਾ ਸੁਸਤ ਰਹਿੰਦਾ ਹੈ ਉਸਨੂੰ ਭੁੱਖ ਨਹੀਂ ਲਗਦੀ। ਜਦੋਂ ਉਸਦੇ
ਦਿਮਾਗ ਤੇ ਬਿਮਾਰੀ ਦਾ ਹਮਲਾ ਹੁੰਦਾ ਹੈ ਤਾਂ ਉਸਦਾ ਦਿਮਾਗੀ ਪ੍ਰਬੰਧ ਵਿਗੜ ਜਾਂਦਾ
ਹੈ 'ਤੇ ਉਹ ਕੱਟਣਾ ਸ਼ੁਰੂ ਕਰ ਦਿੰਦਾ ਹੈ। ਕੁਝ ਦਿਨਾਂ ਪਿੱਛੋਂ ਕੁੱਤੇ ਦੀ ਮੌਤ ਹੋ
ਜਾਂਦੀ ਹੈ। ਜਦੋਂ ਕੁੱਤਾ ਮਨੁੱਖ ਨੂੰ ਕਟਦਾ ਹੈ ਤਾਂ ਇਹ ਵਿਸਾਣੂ ਮਨੁੱਖ ਦੇ ਸਰੀਰ
ਵਿੱਚ ਵੀ ਦਾਖਲ ਹੋ ਜਾਂਦੇ ਹਨ 'ਤੇ ਦਿਮਾਗ ਵੱਲ ਨੂੰ ਗਤੀ ਸ਼ੁਰੂ ਕਰ ਦਿੰਦੇ ਹਨ
ਕਿਉਂਕਿ ਇਹਨਾਂ ਦਾ ਮੁੱਖ ਹਮਲਾ ਤਾਂ ਦਿਮਾਗ ਤੇ ਹੀ ਹੁੰਦਾ ਹੈ। ਇਸ ਲਈ ਇਹਨਾਂ
ਵਿਸ਼ਾਣੂਆਂ ਦਾ ਸਿਰ ਤੱਕ ਪਹੁੰਚਾਣ ਨੂੰ ਇੱਕ ਮਹੀਨੇ ਤੋਂ ਲੈ ਕੇ ਤਿੰਨ ਮਹੀਨੇ ਤੱਕ
ਦਾ ਸਮਾਂ ਲੱਗ ਸਕਦਾ ਹੈ। ਇਸ ਸਮੇਂ ਮਨੁੱਖ ਪਾਣੀ ਤੋਂ ਡਰਨ ਲੱਗ ਜਾਦਾ ਹੈ। ਦਿਮਾਗ
ਪ੍ਰਬੰਧ ਵਿੱਚ ਵਿਗਾੜ ਆ ਜਾਣ ਕਾਰਨ ਮੌਤ ਹੋ ਜਾਣੀ ਲਾਜ਼ਮੀ ਹੁੰਦੀ ਹੈ ਪਰ 80%
ਵਿਅਕਤੀਆਂ ਦੇ ਸਰੀਰਾਂ ਦੇ ਪ੍ਰਤੀ ਰੱਖਿਆ ਸ਼ਕਤੀ ਦੇ ਪਾਗਲ ਕੁੱਤੇ ਦੇ ਕੱਟਣ ਦਾ ਵੀ
ਕੋਈ ਅਸਰ ਨਹੀਂ ਹੁੰਦਾ। ਸੋ ਇਸ ਤਰ੍ਹਾਂ ਬਹੁਤ ਸਾਰੇ ਵਿਅਕਤੀ ਅਜਿਹੇ ਹੁੰਦੇ ਹਨ ਜੋ
ਪਾਗਲ ਕੁੱਤੇ ਦੇ ਕੱਟਣ ਤੋਂ ਪਿੱਛੋਂ ਵੀ ਬਚ ਜਾਂਦੇ ਹਨ। ਬੇਸ਼ਕ ਉਹਨਾਂ ਨੇ ਟੀਕੇ
ਨਹੀਂ ਲਗਵਾਏ ਹੁੰਦੇ। ਪਾਗਲ ਕੁੱਤੇ ਦੇ ਕੱਟਣ ਤੋਂ ਬਾਅਦ ਟੀਕੇ ਲਗਵਾ ਲੈਣਾ ਹੀ
ਸਿਆਣਪ ਹੈ।
ਕੀ ਜਾਨਵਰ ਬਿਜਲੀ ਦਾ ਝਟਕਾ ਵੀ ਮਾਰ ਸਕਦੇ ਹਨ?
ਜੀ ਹਾਂ ਬਹੁਤ ਸਾਰੇ ਪਸ਼ੂ, ਜੀਵ, ਜੰਤੂ ਅਜਿਹੇ ਹਨ ਜਿਹੜੇ ਕਰੰਟ ਵੀ ਮਾਰ ਸਕਦੇ ਹਨ।
ਸਮੁੰਦਰਾਂ ਵਿੱਚ ਮੱਛੀ ਦੀਆਂ ਅਜਿਹੀਆਂ ਕਿਸਮਾਂ ਵੀ ਉਪਲਬਧ ਹਨ ਜਿਹੜੀਆਂ ਆਪਣਾ
ਸਿ਼ਕਾਰ ਬਿਜਲੀ ਦੇ ਕਰੰਟ ਨਾਲ ਕਰਦੀਆ ਹਨ। ਅਜਿਹੀ ਮੱਛੀ ਦੀ ਕਿਸਮ ਵੀ ਹੈ ਜੋ 400
ਵੋਲਟ ਦਾ ਕਰੰਟ ਮਾਰ ਕੇ ਮਨੁੱਖ ਨੂੰ ਵੀ ਨਕਾਰਾ ਬਣਾ ਸਕਦੀ ਹੈ। ਮਨੁੱਖੀ ਸਰੀਰ ਵਿੱਚ
ਵੀ ਬਿਜਲੀ ਹੁੰਦੀ ਹੈ। ਜੋ ਦਿਮਾਗ ਦੇ ਸੁਨੇਹੇ ਬਾਕੀ ਅੰਗਾਂ ਤੱਕ ਪਹੁੰਚਾਉਣ 'ਤੇ
ਅੰਗਾਂ ਦੇ ਸੁਨੇਹੇ ਦਿਮਾਗ ਨੂੰ ਭੇਜਣ ਦਾ ਕੰਮ ਕਰਦੀ ਹੈ। ਕੈਟ ਫਿਸ਼ ਇੱਕ ਹੋਰ ਮੱਛੀ
ਹੁੰਦੀ ਹੈ ਜਿਸ ਵਿੱਚ ਬਿਜਲੀ ਦਾ ਝਟਕਾ ਮਾਰਨ ਦੀ ਸਮੱਰਥਾ ਹੁੰਦੀ ਹੈ। ਇਹਨਾਂ
ਜਾਨਵਰਾਂ ਦੇ ਸਰੀਰ ਵਿੱਚ ਛੋਟੇ ਛੋਟੇ ਸੈੱਲ ਹੁੰਦੇ ਹਨ ਜਿਹਨਾਂ ਵਿੱਚ ਬੈਟਰੀ ਦੇ
ਸੈੱਲਾਂ ਦੀ ਤਰ੍ਹਾਂ ਰਸਾਇਣਕ ਕ੍ਰਿਆ ਨਾਲ ਬਿਜਲੀ ਪੈਦਾ ਹੁੰਦੀ ਹੈ। ਕੁਝ ਝਟਕੇ ਮਾਰਨ
ਤੋਂ ਬਾਅਦ ਇਹ ਕਰੰਟ ਖਤਮ ਹੋ ਜਾਂਦਾ ਹੈ। ਖਾਣਾ ਖਾਣ ਤੇ ਆਰਾਮ ਕਰਨ ਤੋਂ ਬਾਅਦ ਇਹ
ਸੈੱਲ ਦੁਬਾਰਾ ਚਾਰਜ ਹੋ ਜਾਂਦੇ ਹਨ।
ਪੱਥਰ ਚੱਟ ਦੇ ਪੱਤੇ ਤੋਂ ਹੀ ਪੌਦੇ ਕਿਵੇਂ ਪੈਦਾ ਹੋ ਜਾਂਦੇ
ਹਨ?
ਪੌਦਿਆਂ ਵਿੱਚ ਆਪਣੇ ਵਰਗੇ ਹੋਰ ਪੌਦੇ ਪੈਦਾ ਕਰਨ ਦੀਆਂ ਵਿਧੀਆਂ ਵੱਖ ਵੱਖ ਹਨ।
ਵਾੜਾਂ ਲਈ ਵਰਤੇ ਜਾਣ ਵਾਲੇ ਅੱਕ ਦੇ ਡੰਡੇ ਨੂੰ ਬੀਜਣ ਨਾਲ ਅੱਕ ਦਾ ਬੂਟਾ ਉੱਗ
ਪੈਂਦਾ ਹੈ। ਘਾਹ ਦੇ ਤਿਣਕੇ ਨੂੰ ਬੀਜਣ ਨਾਲ ਘਾਹ ਪੈਦਾ ਹੋ ਜਾਂਦਾ ਹੈ। ਅਜਿਹਾ ਇਸ
ਲਈ ਹੁੰਦਾ ਹੈ ਕਿ ਅੱਕ ਦੇ ਬੂਟੇ ਨੂੰ ਪੈਦਾ ਹੋਣ ਲਈ ਲੋੜੀਂਦੇ ਜਣਨ ਸੈੱਲ ਅੱਕ ਦੇ
ਡੰਡੇ ਵਿੱਚ ਅਤੇ ਘਾਹ ਦੇ ਤਿਣਕੇ ਵਿੱਚ ਹੁੰਦੇ ਹਨ। ਇਸ ਤਰ੍ਹਾਂ ਪੱਥਰ ਚੱਟ ਦੇ ਬੂਟੇ
ਦੇ ਪੈਦਾ ਹੋਣ ਲਈ ਲੋੜੀਂਦੇ ਜਣਨ ਸੈੱਲ ਇਸਦੇ ਪੱਤੇ ਵਿੱਚ ਹੀ ਮੌਜੂਦ ਹੁੰਦੇ ਹਨ। ਇਸ
ਲਈ ਜਦੋਂ ਵੀ ਪੱਤੇ ਨੂੰ ਉੱਗਣ ਲਈ ਲੋੜੀਂਦੀਆਂ ਵਸਤਾਂ ਗਰਮੀ, ਪਾਣੀ ਤੇ ਮਿੱਟੀ ਮਿਲ
ਜਾਂਦੀਆਂ ਹਨ ਤਾਂ ਉਹ ਪੱਤੇ ਹੀ ਉੱਗ ਪੈਂਦੇ ਹਨ ਤੇ ਪੌਦਾ ਬਣ ਜਾਂਦੇ ਹਨ।
ਦੁਨੀਆਂ ਵਿੱਚ ਸਭ ਤੋਂ ਵੱਡਾ ਦਰਖਤ ਕਿੱਥੇ ਹੈ?
ਅਮਰੀਕਾ ਦੇ ਇੱਕ (ਰਾਜ) ਪ੍ਰਾਂਤ ਕੈਲੀਫੋਰਨੀਆਂ ਦੇ ਸਿਕੋਈਆ ਨੈਸ਼ਨਲ ਪਾਰਕ ਵਿੱਚ
ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਦਰੱਖਤ ਹੈ। ਇਸ ਦਰੱਖਤ ਦਾ ਨਾਂ ਜਨਰਲ
ਸੈਰਮਨ ਹੈ। ਇਹ ਲਗਭਗ 3500 ਸਾਲ ਪੁਰਾਣਾ ਹੈ। ਇਸਦੀ ਉਚਾਈ 85 ਮੀਟਰ ਅਤੇ ਘੇਰਾ 25
ਮੀਟਰ ਹੈ। ਇਸੇ ਦੇਸ਼ ਵਿੱਚ ਇੱਕ ਅਜਿਹਾ ਦਰੱਖਤ ਵੀ ਹੈ ਜਿਸਦੇ ਤਾਣੇ ਨੂੰ ਵਿਚਾਲਿਉਂ
ਕੱਟ ਕੇ ਦੋ ਸੜਕਾਂ ਕੱਢੀਆਂ ਗਈਆਂ ਹਨ।
ਲਾਜਵੰਤੀ ਦੇ ਪੱਤੇ ਹੱਥ ਲਗਾਉਣ ਤੇ ਕਿਉਂ ਮੁਰਝਾ ਜਾਂਦੇ ਹਨ?
ਘਰ ਦੇ ਗਮਲਿਆਂ ਵਿੱਚ ਅਕਸਰ ਇੱਕ ਪੌਦਾ ਲਾਇਆਂ ਜਾਂਦਾ ਹੈ ਇਸਨੂੰ ਅੰਗਰੇਜ਼ੀ ਵਿੱਚ
Touchmento
'ਤੇ ਪੰਜਾਬੀ ਵਿੱਚ ਲਾਜਵੰਤੀ ਕਿਹਾ ਜਾਂਦਾ ਹੈ। ਇਸ ਨੂੰ ਜਦੋਂ ਵੀ ਹੱਥ
ਲਾਇਆਂ ਜਾਂਦਾ ਹੈ ਤਾਂ ਇਸਦੇ ਪੱਤੇ ਮੁਰਝਾ ਜਾਂਦੇ ਹਨ। ਵਿਦਿਆਰਥੀੳ ਤੁਸੀਂ ਜਾਣਦੇ
ਹੀ ਹੋ ਕਿ ਸੰਸਾਰ ਦੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਣ ਜ਼ਰੂਰ ਹੁੰਦਾ
ਹੈ। ਇਸ ਲਈ ਇਸ ਪਿੱਛੇ ਵੀ ਕੋਈ ਨਾ ਕੋਈ ਕਾਰਣ ਜ਼ਰੂਰ ਹੋਣਾ ਚਾਹੀਦਾ ਹੈ ਕਿ
ਲਾਜਵੰਤੀ ਦੇ ਪੱਤੇ ਹੱਥ ਲਗਾਉਣ ਤੇ ਕਿਉਂ ਮੁਰਝਾ ਜਾਂਦੇ ਹਨ। ਜਦੋਂ ਅਸੀਂ ਇਸਨੂੰ
ਹੱਥ ਲਾਉਂਦੇ ਹਾਂ ਤਾਂ ਸਾਡੀਆਂ ਉਂਗਲੀਆਂ ਦੇ ਹਲਕੇ ਦਬਾਉ ਸਦਕਾ ਹੀ ਇਸ ਬੂਟੇ ਦੀਆਂ
ਪਤਲੀਆਂ ਟਹਿਣੀਆਂ ਦਾ ਪਾਣੀ ਤਣੇ ਵਿੱਚ ਚਲਿਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਸੈੱਲ
ਸੁੰਗੜ ਜਾਂਦੇ ਹਨ ਤੇ ਬੂਟਾ ਆਪਣੇ ਪੱਤੇ ਸੁੱਟ ਦਿੰਦਾ ਹੈ। ਜਦੋਂ ਹੱਥ ਚੁੱਕ ਲਿਆ
ਜਾਂਦਾ ਹੈ, ਸੈੱਲ ਫੈਲ ਜਾਂਦੇ ਹਨ ਤੇ ਪੱਤੇ ਖੜ੍ਹੇ ਹੋ ਜਾਂਦੇ ਹਨ।
ਬੋਹੜ ਦੇ ਦਰੱਖਤ ਦਾੜੀ ਵਾਲੇ ਕਿਉਂ ਹੁੰਦੇ ਹਨ ?
ਸੰਸਾਰ ਵਿੱਚ ਪੌਦਿਆਂ ਦੀਆਂ ਬਹੁਤ ਸਾਰੀਆਂ ਜਾਤੀਆਂ ਹਨ ਜਿਹਨਾਂ ਦੇ ਸਹਾਰਾ ਦੇਣ
ਵਾਲੀਆਂ ਜੜ੍ਹਾਂ ਵੀ ਹੁੰਦੀਆਂ ਹਨ। ਮੱਕੀ ਦੇ ਪੌਦੇ, ਗੰਨਾ ਅਤੇ ਬੋਹੜ ਦਾ ਦਰਖੱਤ
ਇਹਨਾਂ ਹੀ ਕਿਸਮਾਂ ਵਿੱਚੋਂ ਇੱਕ ਹਨ। ਬੋਹੜ ਦੀਆਂ ਜੜ੍ਹਾਂ ਦਾ ਇਸਦੀ ਉਮਰ ਨਾਲ ਕੋਈ
ਸਬੰਧ ਨਹੀ ਹੁੰਦਾ ਹੈ। ਇਹ ਤਾਂ ਬੋਹੜ ਦੇ ਦਰੱਖਤ ਨੂੰ ਸਹਾਰਾ ਦੇਣ ਲਈ ਕੁਦਰਤ ਵੱਲੋਂ
ਇਸਨੂੰ ਬਖਸਿ਼ਆ ਗਿਆ ਤੋਹਫਾ ਹੈ। ਕਲਕੱਤੇ ਵਿੱਚ ਇੱਕ ਬੋਹੜ ਦਾ ਦਰੱਖਤ ਆਪਣੀਆਂ
ਸਹਾਰਾ ਦੇਣ ਵਾਲੀਆਂ ਜੜ੍ਹਾਂ ਦੇ ਸਹਾਰੇ ਹੀ ਕਈ ਏਕੜ ਵਿੱਚ ਫੈਲਿਆ ਹੋਇਆ ਹੈ।
ਪਿੱਪਲ ਕੰਧਾਂ ਕੋਠਿਆਂ ਤੇ ਕਿਵੇਂ ਪੈਦਾ ਹੋ ਜਾਂਦਾ ਹੈ?
ਤੁਸੀਂ ਬੋਹੜ ਜਾਂ ਪਿੱਪਲ ਦੇ ਦਰਖੱਤ ਨੂੰ ਆਮ ਤੌਰ ਤੇ ਕੰਧਾ ਤੇ, ਕੋਠਿਆਂ ਤੇ ਪੈਦਾ
ਹੋਇਆਂ ਜ਼ਰੂਰ ਵੇਖਿਆ ਹੋਵੇਗਾ। ਕਈ ਲੋਕ ਤਾਂ ਪਿੱਪਲ ਦੇ ਦਰੱਖਤ ਨੂੰ ਪਵਿੱਤਰ ਮੰਨ
ਕੇ ਇਸ ਥਾਂ ਨੂੰ ਅਜਿਹੀ ਥਾਂ ਤੋਂ ਪੁੱਟਣ ਲਈ ਖਾਸ ਪੂਜਾ ਵੀ ਕਰਵਾਉਂਦੇ ਵੇਖੇ ਗਏ
ਹਨ। ਅਸਲ ਵਿੱਚ ਇਸਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਜਾਨਵਰ ਪਿੱਪਲ ਤੇ ਬਰੋਟਿਆਂ ਦੇ
ਬੀਜਾਂ ਨੂੰ ਖਾਕੇ ਬਨੇਰਿਆਂ ਤੇ ਜਾ ਬੈਠਦੇ ਹਨ। ਬਹੁਤ ਸਾਰੇ ਬੀਜ ਦਬੜਾਂ ਹਜਮ ਹੋਏ
ਹੀ ਉਹ ਆਪਣੀਆਂ ਬਿੱਠਾਂ ਰਾਹੀਂ ਬਨੇਰਿਆਂ ਤੇ ਛੱਡ ਦਿੰਦੇ ਹਨ। ਇਹ ਬੀਜ ਸਮਾਂ ਦੇ
ਪ੍ਰਸਥਿਤੀਆਂ ਮਿਲਣ ਤੇ ਬੂਟੇ ਬਣ ਜਾਂਦੇ ਹਨ।
|