|
|
‘‘ਅੱਜ ਤਾਂ ਮੈਂ ਏਨਾ ਥੱਕ ਗਿਆਂ ਕਿ ਹੁਣ ਹੋਰ ਪੜ੍ਹਿਆ ਨਈਂ ਜਾਣਾ,’’ ਹਿੱਤੀ
ਬੋਲਿਆ, ‘‘ਮੈਂ ਵੀ ਥੱਕਿਆ ਪਿਆਂ,’’ ਜੀਵ ਨੇ ਆਵਾਜ਼ ਮਾਰੀ। ‘‘ਚਲੋ ਫੇਰ ਹਰਸ਼ ਮਾਸੀ
ਤੋਂ ਕਹਾਣੀ ਸੁਣ ਲੈਂਦੇ ਆਂ। ਆਪਾਂ ਸਾਰੇ ਪੜ੍ਹ-ਪੜ੍ਹ ਕੇ ਥੱਕ ਚੁੱਕੇ ਆਂ,’’
ਸੁੱਖੀ ਚਹਿਕੀ।
ਹਰਸ਼ ਮਾਸੀ ਤੇ ਗੁਰਪਾਲ ਮਾਸੜ ਜੀ ਨੇ ਅੰਬ ਕੱਟ ਕੇ ਸਭ ਦੇ
ਸਾਹਮਣੇ ਧਰੇ ਤੇ ਕਿਹਾ, ‘‘ਤੁਸੀਂ ਬਹਾਨੇ ਕਿਉਂ ਲੱਭਦੇ ਪਏ ਓ? ਜੇ ਨੀਅਤ ਹੋਵੇ
ਤਾਂ ਔਖੇ ਤੋਂ ਔਖੇ ਕੰਮ ਵੀ ਸੌਖੇ ਹੋ ਜਾਂਦੇ ਨੇ।’’ ‘‘ਮਾਸੀ ਜੀ ਕੋਈ ਕਹਾਣੀ
ਸੁਣਾ ਦਿਓ ਨਾ,’’ ਨਾਨੂ ਨੇ ਤਰਲਾ ਲਿਆ। ‘‘ਹਰਸ਼ਾਂ ਤੂੰ ਇਨ੍ਹਾਂ ਨੂੰ ‘ਕਰੋਲੀ’
ਦੀ ਕਹਾਣੀ ਸੁਣਾ। ਇਨ੍ਹਾਂ ਨੂੰ ਤਾਂ ਈ ਸਮਝ ਆਏਗੀ ਕਿ ਇਨਸਾਨੀ ਮਨ ਕਿੰਨਾ ਤਾਕਤਵਰ
ਹੁੰਦੈ ਤੇ ਜਿੱਤ ਦਾ ਮੰਤਰ ਕੀ ਹੁੰਦੈ,’’ ਗੁਰਪਾਲ ਮਾਸੜ ਜੀ ਨੇ ਕਿਹਾ।
‘‘ਕਰੇਲੇ ਦੀ ਕਹਾਣੀ,’’ ਹੈਰੀ ਨੇ ਹੈਰਾਨ ਹੋ ਕੇ ਪੁੱਛਿਆ? ‘‘ਕਰੇਲੇ ਦੀ ਨਈਂ,’’
ਹਰਸ਼ ਮਾਸੀ ਨੇ ਹੱਸਦੇ ਹੋਏ ਕਿਹਾ,’’ ਕਰੋਲੀ ਦੀ! ਉਹ ਹੰਗਰੀ ’ਚ 21 ਜਨਵਰੀ 1910
’ਚ ਪੈਦਾ ਹੋਇਆ ਸੀ ਤੇ 5 ਜਨਵਰੀ 1976 ’ਚ ਉਸ ਦੀ ਮੌਤ ਵੀ ਹੋ ਗਈ ਸੀ।’’
‘‘ਉਸ ਨੇ ਕੀ ਕੀਤਾ ਸੀ,’’ ਸੁੱਖੀ ਨੇ ਪੁੱਛਿਆ?
‘‘ਬੱਚੀਏ, ਉਸ ਨੂੰ
ਪਿਸਤੌਲ ਚਲਾਉਣ ਦਾ ਸ਼ੌਕ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਏਨੀ ਵਧੀਆ ਪਿਸਤੌਲ ਚਲਾਏ
ਕਿ ਦੁਨੀਆ ਭਰ ’ਚ ਪਹਿਲੇ ਨੰਬਰ ਉੱਤੇ ਗਿਣਿਆ ਜਾਏ ਤੇ ਓਲੰਪਿਕ ’ਚ ਮੈਡਲ ਹਾਸਲ
ਕਰੇ,’’ ਗੁਰਪਾਲ ਮਾਸੜ ਜੀ ਨੇ ਦੱਸਿਆ। ‘‘ਗੋਲੀਆਂ ਮਾਰਨੀਆਂ ਚੰਗੀ ਗੱਲ ਨਈਂ
ਐ,’’ ਜੀਵ ਨੇ ਟੋਕਿਆ। ‘‘ਬੱਚਿਆ, ਉਹ ਫੌਜ ’ਚ ਸੀ। ਪਰ, ਉਸ ਨੇ ਤਾਂ ਓਲੰਪਿਕ
ਖੇਡਾਂ ’ਚ ਆਪਣੀ ਕਾਬਲੀਅਤ ਸਾਬਤ ਕਰਨੀ ਸੀ। ਕੋਈ ਐਵੇਂ ਗੁੰਡਾਗਰਦੀ ਥੋੜਾ ਕਰਨੀ
ਸੀ,’’ ਹਰਸ਼ ਮਾਸੀ ਨੇ ਸਮਝਾਇਆ, ‘‘ਸੰਨ 1936 ’ਚ ਉਸ ਦੀ ਪਿਸਤੌਲ ਚਲਾਉਣ ਦੀ
ਕਾਬਲੀਅਤ ਦੀਆਂ ਧੁੰਮਾਂ ਪੈ ਚੁੱਕੀਆਂ ਸਨ। ਪੂਰੀ ਦੁਨੀਆਂ ’ਚ ਉਸ ਦੀ ਚਰਚਾ ਹੋਣ
ਲੱਗ ਪਈ ਸੀ। ਪਰ 1936 ਦੀਆਂ ਓਲੰਪਿਕ ਖੇਡਾਂ ’ਚ ਉਸ ਨੂੰ ਸ਼ਾਮਲ ਨਈਂ ਕੀਤਾ ਗਿਆ
ਕਿਉਂਕਿ ਇਹ ਫੌਜ ’ਚ ਅਫਸਰ ਨਈਂ ਸੀ, ਸਿਰਫ ਸਰਜੰਟ ਸੀ।’’
‘‘ਇਹ ਤਾਂ ਬੜੀ
ਮਾੜੀ ਗੱਲ ਐ। ਕਾਬਲੀਅਤ ਕਿਉਂ ਨਈਂ ਗਿਣੀ ਗਈ,’’ ਸੁੱਖੀ ਬੋਲ ਪਈ। ‘‘ਮੇਰੀ
ਬੱਚੀਏ, ਇਹੀ ਤਾਂ ਕਹਾਣੀ ਸੁਣਾਉਣ ਲੱਗੀ ਆਂ। ਕੋਈ ਵੀ ਰੁਕਾਵਟ ਤੁਹਾਡੇ ਮਕਸਦ ਨੂੰ
ਪੂਰਾ ਕਰਨ ਵਿਚ ਅੜ੍ਹਣੀ ਨਈਂ ਚਾਹੀਦੀ। ਕਦੇ ਵੀ ਹਾਰ ਮੰਨ ਕੇ ਬਹਿਣਾ ਨਈਂ
ਚਾਹੀਦਾ। ਕਰੋਲੀ ਨੇ ਮਿਹਨਤ ਕਰਨੀ ਛੱਡੀ ਨਈਂ। ਉਸ ਨੇ ਆਪਣੇ ਮੁਲਕ ਹੰਗਰੀ ’ਚ 35
ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿੱਪਾਂ ਜਿੱਤੀਆਂ। ਉਸ ਦਾ ਸੁਫ਼ਨਾ ਸੀ ਕਿ ਉਹ ਓਲੰਪਿਕ
ਖੇਡਾਂ ’ਚ ਸੋਨੇ ਦਾ ਤਗ਼ਮਾ ਜਿੱਤੇ।’’ ‘‘ਫੇਰ, ਮਾਸੀ ਜੀ, ਕੀ ਉਸ ਦਾ ਸੁਫ਼ਨਾ
ਪੂਰਾ ਹੋਇਆ,’’ ਨਾਨੂ ਨੇ ਟੋਕਿਆ? ‘‘ਬੱਚਿਓ, ਬਰਲਿਨ ਦੀਆਂ ਖੇਡਾਂ ਬਾਅਦ
ਹੰਗਰੀ ’ਚੋਂ ਇਹ ਕਾਨੂੰਨ ਹਟਾ ਦਿੱਤਾ ਗਿਆ ਕਿ ਸਿਰਫ਼ ਫੌਜੀ ਅਫ਼ਸਰ ਈ ਓਲੰਪਿਕ
ਖੇਡਾਂ ’ਚ ਹਿੱਸਾ ਲੈ ਸਕਦੇ ਹਨ। ਕਰੋਲੀ ਖ਼ੁਸ਼ ਸੀ। ਉਸ ਨੇ ਹੋਰ ਸਖ਼ਤ ਮਿਹਨਤ ਕਰਨੀ
ਸ਼ੁਰੂ ਕਰ ’ਤੀ। ਉਸ ਨੂੰ ਉਮੀਦ ਸੀ ਕਿ 1940 ਦੇ ਓਲੰਪਿਕ ਜੋ ਟੋਕੀਓ ’ਚ ਖੇਡੇ
ਜਾਣੇ ਸੀ, ਉਹ ਹਰ ਹਾਲ ’ਚ ਜਿੱਤ ਹਾਸਲ ਕਰੇਗਾ,’’ ਹਰਸ਼ ਮਾਸੀ ਨੇ ਦੱਸਿਆ।
‘‘ਮੈਂ ਪਹਿਲਾਂ ਈ ਦੱਸ ਦਿੰਨਾਂ ਸਾਰੀ ਕਹਾਣੀ। ਮਾਸੀ ਜੀ, ਕਰੋਲੀ ਨੇ ਪੱਕਾ
ਗੋਲਡ ਮੈਡਲ ਲਿਆ ਹੋਣੈ,’’ ਹਿੱਤੀ ਨੇ ਵਿੱਚੇ ਗ਼ੱਲ ਟੋਕ ਕੇ ਕਿਹਾ। ‘‘ਪਹਿਲਾਂ
ਪੂਰੀ ਗੱਲ ਤਾਂ ਸੁਣੋ,‘‘ਗੁਰਪਾਲ ਮਾਸੜ ਜੀ ਬੋਲ ਪਏ,‘‘ਤੁਸੀਂ ਵਿੱਚੋਂ ਟੋਕ ਕੇ
ਕਹਾਣੀ ਦਾ ਸੁਆਦ ਅੱਧਾ ਕਰ ਦਿੰਦੇ ਓ।’’
ਹਰਸ਼ ਮਾਸੀ ਨੇ ਕਹਾਣੀ ਅੱਗੇ
ਤੋਰੀ, ‘‘ਬੱਚਿਓ ਫੌਜ ਦੀ ਟ੍ਰੇਨਿੰਗ ਵਿਚ ਕਰੋਲੀ ਨੂੰ ਹੱਥ ਗੋਲੇ ਸੁੱਟਣ ਦਾ
ਤਰੀਕਾ ਸਿਖਾਇਆ ਜਾਣਾ ਸੀ। ਏਸੇ ਟ੍ਰੇਨਿੰਗ ਦੌਰਾਨ ਸੰਨ 1938 ’ਚ ਉਸ ਨੇ ਜਿਉਂ ਈ
ਹੱਥ ਗੋਲਾ ਸੁੱਟਣ ਲਈ ਸੱਜਾ ਹੱਥ ਘੁਮਾਇਆ, ਉਹ ਬੰਬ ਉਸ ਦੇ ਹੱਥ ’ਚ ਈ ਫਟ ਗਿਆ ਤੇ
ਪੂਰਾ ਸੱਜਾ ਹੱਥ ਬਾਂਹ ਸਮੇਤ ਉੱਡ ਗਿਆ।’’
ਸਾਰੇ ਬੱਚਿਆਂ ਦੀਆਂ ਅੱਖਾਂ
’ਚ ਹੰਝੂ ਆ ਗਏ। ਨਾਨੂ ਰੋਂਦਾ ਹੋਇਆ ਬੋਲਿਆ, ‘‘ਮਾਸੀ ਜੀ ਕਰੋਲੀ ਨੂੰ ਬਹੁਤ ਪੀੜ
ਹੋਈ ਹੋਵੇਗੀ। ਉਸ ਦੀ ਮੰਮੀ ਨੇ ਉਸ ਨੂੰ ਪਿਆਰ ਕੀਤਾ ਸੀ? ਫੇਰ ਉਸ ਦਾ ਅਪਰੇਸ਼ਨ
ਕੀਤਾ ਸੀ? ਮਾਸੀ ਜੀ ਫੇਰ ਉਹ ਠੀਕ ਹੋ ਗਿਆ? ਉਸ ਦਾ ਸੱਜਾ ਹੱਥ ਪੂਰੀ ਤਰ੍ਹਾਂ ਠੀਕ
ਹੋ ਗਿਆ ਨਾ? ਤੁਸੀਂ ਉਸ ਨੂੰ ਹੌਲੀ ਜਿਹੀ ਟੀਕਾ ਲਾ ਕੇ ਠੀਕ ਕਰ ਦੇਣਾ ਸੀ। ਤੁਸੀਂ
ਪੀੜ ਖ਼ਤਮ ਕਰਨ ਲਈ ਮਿੱਠੀ ਗੋਲੀ ਦੇ ਦੇਣੀ ਸੀ।’’
ਹਰਸ਼ ਮਾਸੀ ਨੇ ਨਾਨੂ
ਦੀਆਂ ਅੱਖਾਂ ’ਚੋਂ ਹੰਝੂ ਪੂੰਝਦਿਆਂ ਕਿਹਾ, ‘‘ਬੱਚਿਆ ਓਦੋਂ ਤਾਂ ਮੈਂ ਜੰਮੀ ਨਈਂ
ਸੀ। ਮੈਂ ਕਿਵੇਂ ਅਪਰੇਸ਼ਨ ਕਰ ਸਕਦੀ ਸੀ?’’ ‘‘ਫੇਰ ਮਾਸੀ ਜੀ, ਉਹ ਤਾਂ ਬਹੁਤ
ਰੋਇਆ ਹੋਏਗਾ। ਉਸ ਦੀ ਜ਼ਿੰਦਗੀ ਦਾ ਸੁਫ਼ਨਾ ਟੁੱਟ ਗਿਆ,’’ ਸੁੱਖੀ ਵੀ ਅੱਖਾਂ
ਪੂੰਝਦੇ ਹੋਏ ਬੋਲੀ। ‘‘ਇਹੀ ਤਾਂ ਫ਼ਰਕ ਸੀ ਬੱਚਿਓ,’’ ਗੁਰਪਾਲ ਮਾਸੜ ਜੀ ਬੋਲੇ,
‘‘ਜਦੋਂ ਔਖਾ ਸਮਾਂ ਆਏ ਤਾਂ ਦੋ ਈ ਰਸਤੇ ਹੁੰਦੇ ਨੇ। ਪਹਿਲਾ, ਹਾਰ ਮੰਨ ਕੇ ਰੋਣਾ
ਪਿੱਟਣਾ ਸ਼ੁਰੂ ਕਰ ਦਿਓ ਤੇ ਮਰਨ ਦੀਆਂ ਗੱਲਾਂ ਕਰੋ ਜਾਂ ਫੇਰ ਦੁਬਾਰਾ ਹਿੰਮਤ ਕਰ
ਕੇ ਨਵੇਂ ਸਿਰਿਓਂ ਆਪਣੇ ਸੁਫ਼ਨੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋ।’’ ‘‘ਪਰ,
ਮਾਸੜ ਜੀ ਕਰੋਲੀ ਕੋਲ ਤਾਂ ਸੱਜਾ ਹੱਥ ਈ ਨਈਂ ਸੀ ਰਿਆ? ਉਹ ਸੁਫ਼ਨਾ ਕਿਵੇਂ ਪੂਰਾ
ਕਰ ਸਕਦਾ ਸੀ,’’ ਜੀਵ ਨੇ ਹੈਰਾਨ ਹੋ ਕੇ ਪੁੱਛਿਆ? ‘‘ਬੱਚਿਆ, ਉਹ ਹਿੰਮਤ ਹਾਰਨ
ਵਾਲਾ ਇਨਸਾਨ ਨਈਂ ਸੀ,’’ ਹਰਸ਼ ਮਾਸੀ ਨੇ ਕਹਾਣੀ ਅੱਗੇ ਤੋਰੀ,‘‘ ਉਸ ਆਪਣੇ ਖੱਬੇ
ਹੱਥ ਵੱਲ ਝਾਕਿਆ ਤੇ ਮਨ ਤਗੜਾ ਕੀਤਾ। ਫੇਰ ਕਿਹਾ, ਚੱਲ ਬਈ ਖੱਬਿਆ, ਹੁਣ ਤੇਰਾ
ਕੰਮ ਸ਼ੁਰੂ! ਬਥੇਰੀ ਉਮਰ ਤੂੰ ਆਰਾਮ ਕੀਤੈ। ਹੁਣ ਆਪਾਂ ਸੱਜੇ ਦਾ ਕੰਮ ਸਾਂਭਣੈ।
ਆਪਾਂ ਦੋਵਾਂ ਨੇ ਰਲ ਕੇ ਸੱਜੇ ਦਾ ਸੁਫ਼ਨਾ ਪੂਰਾ ਕਰਨੈ। ਜਿਹੜਾ ਖੱਬਾ ਹੱਥ ਪੈੱਨ
ਵੀ ਨਈਂ ਸੀ ਫੜ ਸਕਦਾ, ਕਰੋਲੀ ਨੇ ਉਸ ਉੱਤੇ ਪੂਰੀ ਮਿਹਨਤ ਕੀਤੀ ਤੇ ਪਿਸਤੌਲ ਫੜਾ
ਦਿੱਤੀ। ਫੇਰ ਰੋਜ਼ ਕਈ ਕਈ ਘੰਟੇ ਮਿਹਨਤ ਕਰਦਾ ਰਿਆ ਤੇ ਨਿਸ਼ਾਨੇ ਸਾਧਦਾ ਰਿਆ।’’
‘‘ਵਾਹ ਬਈ ਵਾਹ! ਕਮਾਲ ਹੋ ਗਈ,’’ ਜੀਵ ਬੋਲ ਪਿਆ, ‘‘ਏਨਾ ਹਿੰਮਤੀ ਬੰਦਾ!
ਪੱਕਾ ਜਿੱਤਣ ਦੀ ਕੋਸ਼ਿਸ਼ ਕੀਤੀ ਹੋਵੇਗੀ! ਪਰ, ਖੱਬਾ ਹੱਥ ਆਖ਼ਰ ਦੁਨੀਆ ਦੇ ਚੋਟੀ ਦੇ
ਨਿਸ਼ਾਨੇਬਾਜ਼ਾਂ ਨਾਲ ਕੀ ਮੁਕਾਬਲਾ ਕਰ ਸਕਦਾ ਸੀ। ਫੇਰ ਵੀ ਉਸ ਨੇ ਸੋਚਣ ਲਈ ਬੜੀ
ਹਿੰਮਤ ਵਿਖਾਈ।’’
ਹਰਸ਼ ਮਾਸੀ ਮੁਸਕੁਰਾ ਕੇ ਕਹਿਣ ਲੱਗੀ,‘‘ਇਹੀ ਤਾਂ
ਤੁਹਾਡੀ ਤੇ ਕਰੋਲੀ ਦੀ ਸੋਚ ’ਚ ਫ਼ਰਕ ਐ। ਤੁਸੀਂ ਪਹਿਲਾਂ ਈ ਅੱਧੀ ਹਾਰ ਮੰਨ ਲੈਂਦੇ
ਓ ਇਹ ਸੋਚ ਕੇ, ਕਿ ਬਾਕੀਆਂ ਦੇ ਮੁਕਾਬਲੇ ਅਸੀਂ ਫਾਡੀ ਆਂ। ਕਰੋਲੀ ਨੇ ਸਿਰਫ਼
ਜਿੱਤਣ ਦਾ ਸੁਫ਼ਨਾ ਵੇਖਿਆ ਸੀ ਤੇ ਉਹ ਵੀ ਦੁਨੀਆਂ ਦਾ ਬਿਹਤਰੀਨ ਨਿਸ਼ਾਨੇਬਾਜ਼ ਬਣਨ
ਦਾ! ਉਸ ਨੂੰ ਪੂਰਾ ਕਰਨ ਦਾ ਮਤਲਬ ਸੀ ਪੂਰੇ ਜ਼ੋਰ ਸ਼ੋਰ ਨਾਲ ਤਿਆਰੀ ਕਰਨੀ।
ਤੁਹਾਨੂੰ ਪਤੈ, ਅਪਰੇਸ਼ਨ ਤੋਂ ਪੂਰੇ ਮਹੀਨੇ ਬਾਅਦ ਹਸਪਤਾਲੋਂ ਛੁੱਟੀ ਮਿਲਦੇ ਸਾਰ
ਉਸ ਨੇ ਖੱਬੇ ਹੱਥ ਨਾਲ ਪ੍ਰੈਕਟਿਸ ਕਰਨੀ ਸ਼ੁਰੂ ਕਰ ’ਤੀ ਸੀ।’’
‘‘ਉਹਨੂੰ
ਕਮਜ਼ੋਰੀ ਨਈਂ ਮਹਿਸੂਸ ਹੋਈ,’’ ਸੁਖੀ ਨੇ ਵਿਚਾਰਗੀ ਨਾਲ ਪੁੱਛਿਆ? ‘‘ਜਿਸ ਨੇ
ਜ਼ਿੰਦਗੀ ਦਾ ਟੀਚਾ ਮਿੱਥ ਲਿਆ ਹੋਵੇ, ਉਸ ਨੂੰ ਕੋਈ ਅੜਚਣ ਰੋਕ ਨਈਂ ਸਕਦੀ,’’
ਗੁਰਪਾਲ ਮਾਸੜ ਜੀ ਨੇ ਜਵਾਬ ਦਿੱਤਾ, ‘‘ਤੁਸੀਂ ਹਰਸ਼ ਮਾਸੀ ਤੋਂ ਪੂਰੀ ਕਹਾਣੀ ਧਿਆਨ
ਨਾਲ ਸੁਣੋ। ਜ਼ਿੰਦਗੀ ਪ੍ਰਤੀ ਤੁਹਾਡਾ ਨਜ਼ਰੀਆ ਬਦਲ ਜਾਏਗਾ।’’ ‘‘ਕਰੋਲੀ ਨੇ
ਆਪਣੇ ਖੱਬੇ ਹੱਥ ਨੂੰ, ਜਿਸ ਨਾਲ ਉਹ ਪੈੱਨ ਵੀ ਨਈਂ ਸੀ ਫੜ ਸਕਦਾ, ਤਗੜਾ ਕਰਨਾ
ਸ਼ੁਰੂ ਕੀਤਾ,’’ ਹਰਸ਼ ਮਾਸੀ ਨੇ ਅੱਗੋਂ ਕਹਾਣੀ ਦੱਸਣੀ ਸ਼ੁਰੂ ਕੀਤੀ, ‘‘ਦਿਨ-ਰਾਤ
ਪੂਰੀ ਮਿਹਨਤ ਕੀਤੀ। ਕਿਸੇ ਨੂੰ ਕੁੱਝ ਨਾ ਦੱਸਿਆ। ਲੁੱਕ ਕੇ ਲਗਾਤਾਰ ਪਿਸਤੌਲ ਨਾਲ
ਖੱਬੇ ਹੱਥ ਨੂੰ ਟਰੇਨ ਕਰਦਾ ਰਿਹਾ ਤੇ 1939 ’ਚ, ਯਾਨੀ ਲਗਭਗ ਪੂਰੇ ਸਾਲ ਬਾਅਦ ਉਹ
ਹੰਗਰੀ ਦੀ ਨੈਸ਼ਨਲ ਪਿਸਤੌਲ ਚੈਂਪੀਅਨਸ਼ਿੱਪ ਦੇ ਮੈਦਾਨ ’ਚ ਪਹੁੰਚ ਗਿਆ। ਸਾਰੇ
ਖਿਡਾਰੀਆਂ ਨੇ ਉਸ ਦਾ ਉੱਥੇ ਆਉਣ ’ਤੇ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਹੱਲਾਸ਼ੇਰੀ
ਲਈ ਪਹੁੰਚਿਐ ਤੇ ਨਾਲੇ ਅਫ਼ਸੋਸ ਵੀ ਕੀਤਾ ਕਿ ਹੁਣ ਤਾਂ ਉਹ ਜ਼ਿੰਦਗੀ ਭਰ ਪਿਸਤੌਲ ਫੜ
ਨਈਂ ਸਕਣ ਲੱਗਿਆ।’’ ‘‘ਫੇਰ ਕੀ ਹੋਇਆ ਮਾਸੀ ਜੀ? ਕੌਣ ਜਿੱਤਿਆ ਉਸ ਸਾਲ ਦੀ
ਚੈਂਪੀਅਨਸ਼ਿਪ? ਉਹਦਾ ਹੱਥ ਹੁਣ ਪੀੜ ਤਾਂ ਨਈਂ ਸੀ ਕਰਦਾ,’’ ਨਾਨੂ ਨੇ ਪੁੱਛਿਆ?
ਹਰਸ਼ ਮਾਸੀ ਨੇ ਨਾਨਕਜੋਤ ਨੂੰ ਪਿਆਰ ਕਰਦਿਆਂ ਜਵਾਬ ਦਿੱਤਾ, ‘‘ਨਈਂ ਬੱਚਿਆ
ਕਰੋਲੀ ਤਾਂ ਪੀੜ ਦੇ ਇਹਸਾਸ ਤੋਂ ਉਤਾਂਹ ਲੰਘ ਚੁੱਕਿਆ ਸੀ। ਸਾਰਾ ਪੰਡਾਲ ਹੈਰਾਨ
ਰਹਿ ਗਿਆ ਜਦੋਂ ਚੈਂਪੀਅਨਸ਼ਿੱਪ ਵਿਚ ਕਰੋਲੀ ਦਾ ਨਾਂ ਉਚਾਰਿਆ ਗਿਆ ਕਿ ਹੁਣ ਉਹ
ਪਿਸਤੌਲ ਚਲਾਉਣ ਲਈ ਆਪਣੀ ਵਾਰੀ ’ਤੇ ਆਏਗਾ!’’ ‘‘ਕੀ ਕਰੋਲੀ ਨੇ ਖੱਬੇ ਹੱਥ
ਨਾਲ ਪਿਸਤੌਲ ਫੜ ਲਈ, ’’ ਸੁੱਖੀ ਨੇ ਹੈਰਾਨ ਹੋ ਕੇ ਪੁੱਛਿਆ? ‘‘ਬੱਚੀਏ ਸਿਰਫ਼
ਫੜੀ ਨਈਂ, ਕਰੋਲੀ ਨੇ ਤਾਂ ਖੱਬੇ ਹੱਥ ਨਾਲ ਏਨੇ ਕਮਾਲ ਦਾ ਨਿਸ਼ਾਨਾ ਬੰਨ੍ਹਆ ਕਿ ਹਰ
ਗੋਲੀ ਐਨ ਨਿਸ਼ਾਨੇ ’ਤੇ ਲੱਗੀ। ਪੂਰਾ ਹੰਗਰੀ ਦੰਗ ਰਹਿ ਗਿਆ। ਕਰੋਲੀ ਨੇ ਨੈਸ਼ਨਲ
ਚੈਂਪੀਅਨਸ਼ਿੱਪ ਜਿੱਤ ਲਈ। ਪੂਰੀ ਦੁਨੀਆ ’ਚ ਉਸ ਦੀ ਜਿੱਤ ਦਾ ਡੰਕਾ ਵੱਜ ਗਿਆ। ਸਭ
ਅਸ਼ ਅਸ਼ ਕਰ ਉੱਠੇ,’’ ਹਰਸ਼ ਮਾਸੀ ਨੇ ਦੱਸਿਆ। ‘‘ਪਰ, ਵਿਚਾਰੇ ਕਰੋਲੀ ਦਾ ਸੁਫ਼ਨਾ
ਤਾਂ ਦੁਨੀਆ ਦਾ ਬਿਹਤਰੀਨ ਨਿਸ਼ਾਨੇਬਾਜ਼ ਬਣਨਾ ਸੀ। ਓਲੰਪਿਕ ਖੇਡਾਂ ਦਾ ਕੀ ਬਣਿਆ,’’
ਜੀਵ ਨੇ ਪੁੱਛਿਆ?
ਗੁਰਪਾਲ ਮਾਸੜ ਜੀ ਨੇ ਦੱਸਿਆ, ‘‘ਬੱਚਿਓ 1939 ਦੀ
ਹੰਗਰੀ ਦੀ ਟੀਮ ਨੇ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿੱਪ ਜਿੱਤੀ ਤੇ ਉਹ ਵੀ ਕਰੋਲੀ
ਸਦਕਾ।’’
‘‘ਪਰ, ਓਲੰਪਿਕ ਖੇਡਾਂ ਦਾ ਸੁਫ਼ਨਾ ਪੂਰਾ ਹੋਇਆ ਕਿ ਨਈਂ,’’
ਹੈਰੀ ਨੇ ਵਿੱਚੋਂ ਟੋਕ ਕੇ ਕਿਹਾ। ‘‘ਤੁਸੀਂ ਗੱਲ ਤਾਂ ਪੂਰੀ ਕਰਨ ਨਈਂ
ਦਿੰਦੇ,’’ ਹਰਸ਼ ਮਾਸੀ ਨੇ ਕਿਹਾ, ‘‘1940 ਦੇ ਓਲੰਪਿਕ ਲਈ ਕਰੋਲੀ ਨੇ ਪੂਰੀ ਤਿਆਰੀ
ਕਸ ਲਈ। ਸਭ ਨੂੰ ਯਕੀਨ ਸੀ ਕਿ ਜਿੰਨੀ ਮਿਹਨਤ ਕਰੋਲੀ ਕਰ ਰਿਐ, ਉਸ ਦੀ ਜਿੱਤ
ਯਕੀਨੀ ਸੀ। ਉਦੋਂ ਈ ਵਿਸ਼ਵ ਜੰਗ ਸਦਕਾ ਐਲਾਨ ਕਰ ਦਿੱਤਾ ਗਿਆ ਕਿ ਓਲੰਪਿਕ ਖੇਡਾਂ
ਨਹੀਂ ਹੋਣਗੀਆਂ।’’ ‘‘ਓ ਹੋ, ਕਿੰਨੀ ਮਾੜੀ ਗੱਲ ਹੋਈ,’’ ਸੁੱਖੀ ਨੇ ਅਫਸੋਸ ਨਾਲ
ਕਿਹਾ।
ਹਰਸ਼ ਮਾਸੀ ਨੇ ਗੱਲ ਅਣਸੁਣੀ ਕਰ ਕੇ ਦੱਸਿਆ, ‘‘ਕਰੋਲੀ ਨੇ ਦਿਲ
ਨਈਂ ਛੱਡਿਆ। ਲਗਾਤਾਰ ਮਿਹਨਤ ਕਰਦਾ ਰਿਆ ਤੇ 1944 ਦੇ ਓਲੰਪਿਕ ਲਈ ਪੂਰਾ ਜ਼ੋਰ
ਲਾਇਆ। ਵਿਸ਼ਵ ਜੰਗ ਸਦਕਾ ਉਹ ਵੀ ਓਲੰਪਿਕ ਖੇਡਾਂ ਨਾ ਹੋਈਆਂ। ਉਦੋਂ ਤਕ ਦੁਨੀਆ ਭਰ
’ਚੋਂ ਅਨੇਕ ਚੋਟੀ ਦੇ ਨਿਸ਼ਾਨੇਬਾਜ਼ ਤਿਆਰ ਹੋ ਚੁੱਕੇ ਸਨ ਜਿਨ੍ਹਾਂ ਨੇ ਵਿਸ਼ਵ ਪੱਧਰ
’ਤੇ ਆਪਣਾ ਨਾਂ ਬਣਾ ਲਿਆ ਸੀ। ਸਭ ਨੂੰ ਦਿਸਦਾ ਸੀ ਕਿ ਕਰੋਲੀ ਦੀ ਉਮਰ ਵਧਦੀ ਜਾ
ਰਈ ਐ ਤੇ ਨੌਜਵਾਨ ਨਿਸ਼ਾਨੇਬਾਜ਼ ਬੜੇ ਪੱਕੇ ਨੇ। ਸੋ ਹੁਣ ਕਰੋਲੀ ਦਾ ਸੁਫ਼ਨਾ ਕਦੇ
ਪੂਰਾ ਨਈਂ ਹੋ ਸਕਣਾ।’’
‘‘ਪਰ ਕਰੋਲੀ ਪੱਕਾ ਧਾਰੀ ਬੈਠਾ ਸੀ। ਉਸ ਨੂੰ
ਕਿਸੇ ਦੀ ਪਰਵਾਹ ਨਈਂ ਸੀ,’’ ਗੁਰਪਾਲ ਮਾਸੜ ਜੀ ਨੇ ਗੱਲ ਅੱਗੇ ਤੋਰੀ,‘‘ੳਹ ਧੁਨ
ਦਾ ਪੱਕਾ ਸੀ। ਭਾਵੇਂ 38 ਸਾਲਾਂ ਦਾ ਹੋ ਗਿਆ ਪਰ ਉਸ ਨੇ 1948 ਦੇ ਓਲੰਪਿਕ ਲਈ
ਆਪਣੇ ਆਪ ਨੂੰ ਤਿਆਰ ਕਰ ਲਿਆ। ਪੂਰੀ ਦੁਨੀਆ ਦੀਆਂ ਅੱਖਾਂ ਕਰੋਲੀ ’ਤੇ ਟਿਕੀਆਂ
ਸਨ। ਬਥੇਰੇ ਮੰਨ ਚੁੱਕੇ ਸਨ ਕਿ ਹੁਣ ਤਾਂ ਕਰੋਲੀ ਦਾ ਸੁਫ਼ਨਾ ਕਦੇ ਪੂਰਾ ਨਈਂ ਹੋ
ਸਕਦਾ।’’ ‘‘ਛੇਤੀ ਦੱਸੋ ਨਾ, ਫੇਰ ਕੀ ਹੋਇਆ, ’’ ਹਿੱਤੀ ਨੇ ਕਾਹਲੇ ਪੈ ਕੇ
ਪੁੱਛਿਆ?
ਹਰਸ਼ ਮਾਸੀ ਨੇ ਸਮਝਾਇਆ,‘‘ਬੱਚਿਆ ਕਹਾਣੀ ਸੁਣਨ ਲੱਗਿਆਂ ਕਾਹਲੇ
ਨਾ ਪਿਆ ਕਰੋ। ਪੂਰੀ ਗੱਲ ਧਿਆਨ ਨਾਲ ਸੁਣਿਆ ਕਰੋ। ਸੰਨ 1948 ਦੇ ਓਲੰਪਿਕ ਖੇਡਾਂ
ਵਿਚ 38 ਵਰ੍ਹਿਆਂ ਦੇ ਕਰੋਲੀ ਨੂੰ ਵੇਖ ਕੇ ਹੋਰ ਵਿਸ਼ਵ ਪੱਧਰੀ ਖਿਡਾਰੀ ਮਜ਼ਾਕ
ਉਡਾਉਣ ਲੱਗ ਪਏ ਕਿ ਇਕ ਹੱਥ ਵਾਲਾ ਵਡੇਰੀ ਉਮਰ ਦਾ ਬੰਦਾ ਸਾਡੇ ਨੌਜਵਾਨਾਂ ਦਾ ਕੀ
ਮੁਕਾਬਲਾ ਕਰੇਗਾ। ਇਕ ਅੰਤਰਰਾਸ਼ਟਰੀ ਖਿਡਾਰੀ ਕਾਰਲੋਸ ਨੇ ਤਾਂ ਉਸ ਨੂੰ ਮੁਕਾਬਲੇ
ਤੋਂ ਪਹਿਲਾਂ ਏਥੋਂ ਤਕ ਕਹਿ ਦਿੱਤਾ ਕਿ ਕਰੋਲੀ ਏਥੇ ਆਪਣੀ ਬੇਇਜ਼ਤੀ ਕਰਵਾਉਣ ਆਇਐ
ਜਾਂ ਕੁੱਝ ਸਿੱਖਣ?’’
‘‘ਫੇਰ ਕਰੋਲੀ ਨੇ ਕੀ ਕਿਹਾ,’’ ਸੁੱਖੀ ਨੇ
ਪੁੱਛਿਆ?
‘‘ਬੱਚਿਓ ਕਰੋਲੀ ਤਾਂ ਆਪਣੀ ਧੁਨ ਵਿਚ ਰੁੱਝਿਆ ਸੀ। ਉਸ ਨੇ
ਹਲੀਮੀ ਨਾਲ ਕਿਹਾ ਕਿ ਉਹ ਤਾਂ ਪੂਰੀ ਉਮਰ ਸਿੱਖਣ ਲਈ ਤਿਆਰ ਐ,’’ ਹਰਸ਼ ਮਾਸੀ ਨੇ
ਦੱਸਿਆ, ‘‘ਉਸ ਦਿਨ ਦੁਨੀਆ ਨੇ ਕਮਾਲ ਹੁੰਦਾ ਵੇਖਿਆ। ਕਰੋਲੀ ਨੇ ਓਲੰਪਿਕ ਖੇਡ ’ਚ
ਸੋਨ ਤਗ਼ਮਾ ਹਾਸਲ ਕਰ ਲਿਆ। ਇਹ ਜਿੱਤ ਦੁਨੀਆ ਲਈ ਇਕ ਮਿਸਾਲ ਸੀ ਤੇ ਉਹਦੇ ਸ਼ਬਦ
ਕਿ-ਉਹ ਤਾਂ ਉਮਰ ਭਰ ਸਿੱਖਣ ਲਈ ਤਿਆਰ ਐ-ਸੁਨਿਹਰੀ ਸ਼ਬਦਾਂ ਵਿਚ ਉੱਕਰ ਗਏ।’’
‘‘ਵਾਹ ਜੀ ਵਾਹ! ਮਜ਼ਾ ਆ ਗਿਆ। ਕਾਰਲੋਸ ਦੇ ਮੂੰਹ ’ਤੇ ਤਗੜੀ ਚਪੇੜ ਪਈ।
ਕਰੋਲੀ ਦਾ ਸੁਫ਼ਨਾ ਪੂਰਾ ਹੋ ਗਿਆ। ਫੇਰ ਤਾਂ ਉਸ ਨੇ ਮਜ਼ੇ ਨਾਲ ਬਾਕੀ ਜ਼ਿੰਦਗੀ
ਬਿਤਾਈ ਹੋਵੇਗੀ,’’ ਜੀਵ ਬੋਲਿਆ।
ਗੁਰਪਾਲ ਮਾਸੜ ਜੀ ਨੇ ਕਿਹਾ, ‘‘ਬੱਚਿਆ,
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ! ਸੰਨ 1952 ਦੇ
ਓਲੰਪਿਕ ’ਚ ਕਰੋਲੀ ਨੇ ਦੁਬਾਰਾ ਗੋਲਡ ਮੈਡਲ ਜਿੱਤਿਆ। ਓਦੋਂ ਕਾਰਲੋਸ ਨੇ ਉਸ ਤੋਂ
ਮੁਆਫ਼ੀ ਮੰਗੀ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਰੋਲੀ ਹੁਣ ਵਿਸ਼ਵ ਰਿਕਾਰਡ ਤੋੜਨ
ਤੋਂ ਬਾਅਦ ਉਸਤਾਦਾਂ ਦਾ ਉਸਤਾਦ ਬਣ ਚੁੱਕਿਐ। ਇਸੇ ਲਈ ਕਾਰਲੋਸ ਨੇ ਕਰੋਲੀ ਨੂੰ
ਬੇਨਤੀ ਕੀਤੀ ਕਿ ਹੁਣ ਉਹ ਉਸ ਤੋਂ ਸਿੱਖਣਾ ਚਾਹੁੰਦੈ। ਕਰੋਲੀ ਕਦੇ ਥੱਕ ਕੇ ਨਈਂ
ਬੈਠਿਆ। ਸੰਨ 1958 ’ਚ ਉਸ ਨੇ ਫੇਰ ਹਿੱਸਾ ਲਿਆ ਤੇ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ
’ਚ ਤਾਂਬੇ ਦਾ ਤਗਮਾ ਹਾਸਲ ਕਰ ਕੇ ਤੀਜੇ ਨੰਬਰ ਉੱਤੇ ਆਇਆ। ਉਸ ਤੋਂ ਬਾਅਦ ਉਹ ਕੋਚ
ਬਣਿਆ ਤੇ ਫੌਜ ’ਚ ਲੈਫਟੀਨੈਂਟ ਕਰਨਲ !’’
‘‘ਕਮਾਲ ਈ ਹੋ ਗਈ ਮਾਸੜ ਜੀ!
ਏਨੀ ਮਿਸਾਲੀ ਜ਼ਿੰਦਗੀ! ਮੈਂ ਤਾਂ ਅੱਜ ਕਰੋਲੀ ਦੀ ਜ਼ਿੰਦਗੀ ’ਚੋਂ ਬਹੁਤ ਕੁੱਝ
ਸਿੱਖਿਐ,’’ ਜੀਵ ਨੇ ਕਿਹਾ। ਹਰਸ਼ ਮਾਸੀ ਨੇ ਕਿਹਾ, ‘‘ਬੱਚਿਓ ਇਹ ਜਿੱਤ ਦਾ
ਮੰਤਰ ਐ। ਦੁਨੀਆ ਕੀ ਕਹਿੰਦੀ ਐ, ਉਸ ਵੱਲੋਂ ਕੰਨ ਬੰਦ ਕਰ ਲਵੋ। ਜਿੰਨੀਆਂ ਮਰਜ਼ੀ
ਔਕੜਾਂ ਆਉਣ, ਹਾਰ ਨਈਂ ਮੰਨਣੀ। ਚੁੱਪ ਚੁਪੀਤੇ ਲੱਗੇ ਰਹੋ ਤਾਂ ਸਫਲਤਾ ਜ਼ਰੂਰ
ਮਿਲਦੀ ਐ। ਤੁਸੀਂ ਤਾਂ ਰਤਾ ਜਿੰਨਾ ਪੜ੍ਹ ਕੇ ਜਾਂ ਖੇਡ ਕੇ ਵੀ ਥੱਕ ਜਾਂਦੇ ਓ।
ਹੁਣ ਅੱਗੇ ਤੋਂ ਕਦੇ ਘਬਰਾਉਣਾ ਨਈਂ ਤੇ ਨਾ ਈ ਲੋਕ ਕੀ ਕਹਿੰਦੇ ਨੇ, ਤੋਂ ਢਿੱਲੇ
ਪੈਣੇ। ਬਸ ਆਪਣੀ ਧੁਨ ਤੁਰੀ ਜਾਓ ਤੇ ਸਫ਼ਲਤਾ ਹਾਸਲ ਕਰੋ।’’
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ:
0175-2216783
|