WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ     (18/02/2018)

ujagar

 
trudeau
ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਭਾਰਤ ਅਤੇ ਕੈਨੇਡਾ ਦੇ ਪਿਛਲੀ ਇਕ ਸਦੀ ਤੋਂ ਪੁਰਾਣੇ ਸੰਬੰਧ ਹਨ ਜਦੋਂ ਦੋਵੇਂ ਦੇਸ ਅੰਗਰੇਜਾਂ ਦੇ ਗੁਲਾਮ ਸਨ। ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦਾ ਕਾਮਾਗਾਟਾ ਮਾਰੂ ਜਹਾਜ ਜਦੋਂ ਕੈਨੇਡਾ ਪਹੁੰਚਿਆ ਤਾਂ ਅੰਗਰੇਜਾਂ ਨੇ ਕੈਨੇਡਾ ਵਿਚ ਦਾਖ਼ਲ ਹੋਣ ਤੋ ਰੋਕ ਦਿੱਤਾ ਸੀ। ਭਾਰਤ ਵਾਪਸ ਪਰਤਦਿਆਂ ਪੰਜਾਬੀਆਂ ਦਾ ਗੋਲੀਆਂ ਅਤੇ ਗਿਰਫਤਾਰੀਆਂ ਨਾਲ ਸੁਆਗਤ ਕੀਤਾ ਸੀ ਕਿਉਂਕਿ ਦੋਵੇਂ ਦੇਸ ਗ਼ੁਲਾਮ ਸਨ। ਪਿਛਲੇ ਸਾਲ ਗੋਰਿਆਂ ਦੀ ਗ਼ਲਤੀ ਦਾ ਜਸਟਿਨ ਟਰੂਡੋ ਨੇ ਮੁਆਫੀ ਮੰਗਕੇ ਫਰਾਕਦਿਲੀ ਦਾ ਸਬੂਤ ਦਿੱਤਾ ਸੀ। ਭਾਰਤ ਵਿਚਲੇ ਪੰਜਾਬ ਤੋਂ ਬਾਅਦ ਕੈਨੇਡਾ ਵਿਚ ਪੰਜਾਬੀਆਂ ਦੀ ਜਨਸੰਖਿਆ ਦੂਜੇ ਨੰਬਰ ਤੇ ਹੈ। ਭਾਵੇਂ ਪੰਜਾਬ ਇਕ ਸੂਬਾ ਅਤੇ ਕੈਨੇਡਾ ਇੱਕ ਦੇਸ਼ ਹੈ ਪ੍ਰੰਤੂ ਫਿਰ ਵੀ ਪੰਜਾਬੀਆਂ ਦੀ ਜਨ ਸੰਖਿਆ ਉਥੇ ਜ਼ਿਆਦਾ ਹੋਣ ਕਰਕੇ ਪੰਜਾਬ ਸਰਕਾਰ ਅਤੇ ਕੈਨੇਡਾ ਦੀ ਸਰਕਾਰ ਵਿਚ ਸੰਬੰਧ ਸਦਭਾਵਨਾ ਵਾਲੇ ਹੋਣੇ ਜ਼ਰੂਰੀ ਹਨ। ਪਰਵਾਸ ਵਿਚ ਪੰਜਾਬੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹਲ ਉਥੋਂ ਦੀ ਸਰਕਾਰ ਹੀ ਕਰ ਸਕਦੀ ਹੈ। ਜੇਕਰ ਦੋਹਾਂ ਸਰਕਾਰਾਂ ਦੇ ਸੰਬੰਧ ਬਿਹਤਰੀਨ ਹੋਣਗੇ ਤਾਂ ਪੰਜਾਬੀ ਆਪਣਾ ਕਾਰੋਬਾਰ ਅਤੇ ਜੀਵਨ ਸੰਤੁਸ਼ਟਤਾ ਨਾਲ ਬਸਰ ਕਰ ਸਕਣਗੇ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਪੰਜਾਬੀ ਮੰਤਰੀਆਂ ਦੀ ਭਾਰਤ ਫੇਰੀ 17-25 ਫਰਵਰੀ ਪੰਜਾਬੀਆਂ ਲਈ ਸ਼ੁਭ ਸ਼ਗਨ ਸਾਬਤ ਹੋਵੇਗੀ। ਪ੍ਰਧਾਨ ਮੰਤਰੀ ਦੇ ਨਾਲ ਇੱਕ ਉਚ ਪੱਧਰੀ ਡੈਲੀਗੇਸ਼ਨ ਵੀ ਆ ਰਿਹਾ ਹੈ, ਜਿਸ ਵਿਚ ਚਾਰੇ ਪੰਜਾਬੀ ਮੂਲ ਦੇ ਮੰਤਰੀ ਹਰਜੀਤ ਸਿੰਘ ਸਾਜਨ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਅਤੇ ਸ੍ਰੀਮਤੀ ਬਰਦੀਸ਼ ਕੌਰ ਚੱਘਰ ਤੋਂ ਇਲਾਵਾ ਵਿਓਪਾਰਕ ਪ੍ਰਤੀਨਿਧ ਮੰਡਲ, ਮੈਂਬਰ ਪਾਰਲੀਮੈਂਟ ਅਤੇ ਕੁਝ ਚੋਣਵੇਂ ਪੱਤਰਕਾਰ ਵੀ ਸ਼ਾਮਲ ਹਨ। ਇਸ ਫੇਰੀ ਦੌਰਾਨ ਕੈਨੇਡਾ ਅਤੇ ਭਾਰਤ ਦਰਮਿਆਨ ਕਈ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਸਮਝੌਤਿਆਂ ਉਪਰ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਗੱਲਬਾਤ 22 ਫਰਵਰੀ ਨੂੰ ਦਿੱਲੀ ਵਿਖੇ ਹੋ ਰਹੀ ਹੈ। ਭਾਵੇਂ ਇਹ ਫੇਰੀ ਦੋਹਾਂ ਦੇਸ਼ਾਂ ਦਰਮਿਆਨ ਅਹਿਮ ਮਸਲਿਆਂ ਉਪਰ ਵਿਚਾਰ ਵਟਾਂਦਰਾ ਕਰਨ ਅਤੇ ਵਪਾਰਿਕ ਆਦਾਨ ਪ੍ਰਦਾਨ ਕਰਨ ਵਿਚ ਲਾਭਦਾਇਕ ਹੋਵੇਗੀ ਪ੍ਰੰਤੂ ਇਸ ਦੇ ਨਾਲ ਹੀ ਪੰਜਾਬ ਅਤੇ ਪੰਜਾਬੀਆਂ ਲਈ ਵੀ ਇਹ ਯਾਤਰਾ ਮਹੱਤਵਪੂਰਨ ਹੋਵੇਗੀ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੀ ਜਾਣਗੇ।

ਜਸਟਿਨ ਟਰੂਡੋ ਦੀ ਇਹ ਯਾਤਰਾ ਪੰਜਾਬ ਲਈ ਲਾਭਦਾਇਕ ਹੋਵੇਗੀ ਅਤੇ ਕੈਨੇਡਾ ਅਤੇ ਪੰਜਾਬ ਵਿਚ ਵਸ ਰਹੇ ਪੰਜਾਬੀਆਂ ਵਿਚ ਸਦਭਾਵਨਾ ਦਾ ਵਾਤਾਵਰਨ ਸਥਾਪਤ ਕਰਨ ਵਿਚ ਸਹਾਈ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਸਾਲ ਅਪ੍ਰੈਲ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਾਜਨ ਪੰਜਾਬ ਦੀ ਆਪਣੀ ਨਿੱਜੀ ਯਾਤਰਾ ਉਪਰ ਪੰਜਾਬ ਆਏ ਸਨ ਤਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਸਨ, ਹਾਲਾਂ ਕਿ ਹਰਜੀਤ ਸਿੰਘ ਸਾਜਨ ਦੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਸ਼ਾਮਲ ਹੀ ਨਹੀਂ ਸੀ। ਉਦੋਂ ਪੰਜਾਬ ਸਰਕਾਰ ਅਤੇ ਕੈਨੇਡਾ ਸਰਕਾਰ ਦੇ ਸੰਬੰਧਾਂ ਵਿਚ ਖਟਾਸ ਅਤੇ ਕੁੜੱਤਣ ਪੈਦਾ ਹੋ ਗਈ ਸੀ ਕਿਉਂਕਿ ਖਬਰਾਂ ਵਿਚ ਕਿਹਾ ਗਿਆ ਸੀ ਕਿ ਹਰਜੀਤ ਸਿੰਘ ਸਾਜਨ ਵੱਖਵਾਦੀਆਂ ਨਾਲ ਹਮਦਰਦੀ ਰੱਖਦੇ ਹਨ। ਇਸ ਫੇਰੀ ਤੋਂ ਪਹਿਲਾਂ ਹੀ ਕੈਨੇਡਾ ਦੇ ਦੋਵੇਂ ਮੰਤਰੀਆਂ ਹਰਜੀਤ ਸਿੰਘ ਸਾਜਨ ਅਤੇ ਅਮਰਜੀਤ ਸਿੰਘ ਸੋਹੀ ਦਾ ਬਿਆਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆਂ ਹੈ ਕਿ ਉਹ ਖਾਲਿਸਤਾਨ ਦੇ ਹਮਦਰਦ ਨਹੀਂ ਹਨ। ਇਹ ਬਿਆਨ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਬਿਹਤਰ ਬਣਾਉਣ ਵਲ ਸ਼ੁਭ ਸ਼ਗਨ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਦੋਵੇਂ ਮੰਤਰੀਆਂ ਦਾ ਇਹ ਬਿਆਨ ਵੀ ਪੰਜਾਬੀਆਂ ਵਿਚ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਉਦਮ ਲੱਗਦਾ ਹੈ। ਇਸ ਤੋਂ ਬਾਅਦ ਇਹ ਖ਼ਬਰਾਂ ਵੀ ਪ੍ਰਕਾਸ਼ਤ ਹੋਈਆਂ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੰਤਰੀਆਂ ਦੇ ਬਿਆਨ ਦਾ ਸੁਆਗਤ ਕੀਤਾ ਹੈ ਅਤੇ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਮੁੱਖ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਮਿਲਣਗੇ। ਜੇਕਰ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਿਲਕੇ ਉਨ੍ਹਾਂ ਦਾ ਸੁਆਗਤ ਕਰਦੇ ਹਨ ਤਾਂ ਇਸ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਪੰਜਾਬੀਆਂ ਵਿਚ ਵੀ ਮਿਲਵਰਤਨ ਵੱਧਣ ਦੀ ਉਮੀਦ ਕੀਤੀ ਜਾਂਦੀ ਹੈ। ਕੈਨੇਡਾ ਦੇ 13 ਸੂਬਿਆਂ ਵਿਚ ਲਗਪਗ ਤੇਰਾਂ ਲੱਖ ਪੰਜਾਬੀ ਵਸੇ ਹੋਏ ਹਨ। ਇਸ ਤੋਂ ਇਲਾਵਾ ਪਿਛਲੇ ਸਾਲ 1 ਲੱਖ 50 ਹਜ਼ਾਰ ਵਿਦਿਆਰਥੀ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਸਿੱਖਿਆ ਲੈ ਰਹੇ ਹਨ। ਹਰ ਸਾਲ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਕੈਨੇਡਾ ਵਿਚ 19 ਪੰਜਾਬੀ ਮੈਂਬਰ ਪਾਰਲੀਮੈਂਟ ਜਿਨ੍ਹਾਂ ਵਿਚੋਂ 4 ਹਰਜੀਤ ਸਿੰਘ ਸਾਜਨ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਅਤੇ ਬਰਦੀਸ਼ ਕੌਰ ਚੱਘਰ ਮੰਤਰੀ ਹਨ। ਇਸ ਤੋਂ ਇਲਾਵਾ 13 ਰਾਜਾਂ ਵਿਚ ਲਗਪਗ 45 ਭਾਰਤੀ ਵਿਧਾਨਕਾਰ ਅਤੇ ਹੋਰ ਉੱਚੇ ਅਹੁਦਿਆਂ ਉਪਰ ਤਾਇਨਾਤ ਹਨ। ਉੱਤਰੀ ਅਮਰੀਕਾ ਦੀ "ਵਰਲਡ ਸਿੱਖ ਆਰਗੇਨਾਈਜੇਸ਼ਨ" ਦੇ ਪ੍ਰਧਾਨ ਵਿਲੀਅਮ ਲੇਕ ਸ਼ਹਿਰ ਦੇ ਕਾਰੋਬਾਰੀ ਗਿਆਨ ਸਿੰਘ ਸੰਧੂ ਦੀ ਲੜਕੀ ਅਤੇ ਪੰਜਾਬੀ ਦੇ ਸਾਹਿਤਕਾਰ ਰਵਿੰਦਰ ਸਿੰਘ ਰਵੀ ਦੀ ਨੂੰਹ ਪਹਿਲੀ ਪਗੜਧਾਰੀ ਪੰਜਾਬਣ ਪਰਮਿੰਦਰ ਕੌਰ ਸ਼ੇਰਗਿਲ ਸੁਪਰੀਮ ਕੋਰਟ ਦੀ ਜੱਜ ਬਣੀ ਹੈ। ਗਿਆਨ ਸਿੰਘ ਸੰਧੂ ਅਮਰੀਕਾ "ਵਰਲਡ ਸਿੱਖ ਆਰਗੇਨਾਈਜੇਸ਼ਨ" ਦੇ ਪ੍ਰਧਾਨ ਦੀਦਾਰ ਸਿੰਘ ਬੈਂਸ ਦੇ ਸਹਿਯੋਗ ਨਾਲ ਕੰਮ ਕਰਦੇ ਆ ਰਹੇ ਹਨ।

ਸ਼ੇਰਗਿਲ ਭਾਈਚਾਰਾ ਹਮੇਸ਼ਾ ਹੀ ਪੰਜਾਬ ਵਿਚ ਵੀ ਮਹੱਤਵਪੁਰਨ ਯੋਗਦਾਨ ਪਾਉਂਦਾ ਰਿਹਾ ਹੈ। ਪੰਜਾਬ ਵਿਚ ‘ਦੀ ਟਰਬਿਊਨ’ ਅਖ਼ਬਾਰ ਨੂੰ ਸ਼ੁਰੂ ਕਰਨ ਵਾਲੇ ਦਿਆਲ ਸਿੰਘ ਮਜੀਠੀਆ ਵੀ ਉਸੇ ਪਰਿਵਾਰ ਵਿਚੋਂ ਸਨ। ਸ੍ਰੀਮਤੀ ਅੰਮ੍ਰਿਤਾ ਸ਼ੇਰਗਿਲ ਸੰਸਾਰ ਪ੍ਰਸਿਧ ਪੇਂਟਰ ਵੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਪੰਜਾਬ ਵਿਚ ਕਿਤਨੇ ਹੀ ਸਿੱਖਿਆ ਅਦਾਰੇ ਇਸੇ ਪਰਿਵਾਰ ਦੀ ਦੇਣ ਹਨ। ਇਸੇ ਤਰ੍ਹਾਂ ਨਰਪਾਲ ਸਿੰਘ ਸ਼ੇਰਗਿਲ ਪਿਛਲੇ ਪੰਦਰਾਂ ਸਾਲਾਂ ਤੋਂ ਲਗਾਤਰ ਇੱਕ ਪੁਸਤਕ "ਇੰਡੀਅਨਜ ਅਬਰਾਡ ਐਂਡ ਇਟਸ ਇਮਪੈਕਟ" ਪਰਵਾਸੀਆਂ ਸੰਬੰਧੀ ਪਰਕਾਸ਼ਤ ਕਰਦਾ ਆ ਰਿਹਾ ਹੈ। ਇਸਤੋਂ ਪਹਿਲਾਂ ਵੀ ਛਿੰਦਰ ਪੁਰੇਵਾਲ ਅਤੇ ਗੁਰਮੇਲ ਸਿੰਘ ਹੇਠਲੀਆਂ ਕੋਰਟਾਂ ਦੇ ਜੱਜ ਰਹੇ ਹਨ। ਜਗਮੀਤ ਸਿੰਘ ਪਹਿਲਾ ਪੰਜਾਬੀ ਹੈ ਜਿਹੜਾ ਕਿਸੇ ਕੌਮੀ ਪਾਰਟੀ "ਨਿਊ ਡੈਮੋਕਰੈਟਿਕ ਪਾਰਟੀ" ਦਾ ਮੁੱਖੀ ਬਾਕਾਇਦਾ ਵੋਟਾਂ ਪ੍ਰਾਪਤ ਕਰਕੇ ਚੁਣਿਆਂ ਗਿਆ ਹੈ। ਪੰਜਾਬੀ ਭਾਈਚਾਰਾ ਕੈਨੇਡਾ ਦੀ ਆਰਥਿਤਾ ਵਿਚ ਜਿੱਥੇ ਵਡਮੁਲਾ ਯੋਗਦਾਨ ਪਾ ਰਿਹਾ ਹੈ, ਉਥੇ ਆਪ ਵੀ ਖ਼ੁਸ਼ਹਾਲ ਹੋ ਰਿਹਾ ਹੈ, ਜਿਸਦਾ ਸਿੱਧਾ ਲਾਭ ਭਾਰਤੀ ਪੰਜਾਬ ਨੂੰ ਵੀ ਹੋ ਰਿਹਾ ਹੈ। ਇਨ੍ਹਾਂ ਸੰਬੰਧਾਂ ਦਾ ਵੀ ਚੰਗਾ ਪ੍ਰਭਾਵ ਪਵੇਗਾ। ਪਰਵਾਸੀ ਭਾਰਤੀ ਆਪੋ ਆਪਣੇ ਇਲਾਕਿਆਂ ਦੇ ਵਿਕਾਸ ਵਿਚ ਹਿੱਸਾ ਪਾ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਅਤੇ ਉੱਚ ਪੱਧਰੀ ਡੈਲੀਗੇਸ਼ਨ ਦੀ ਆਓ ਭਗਤ ਕਰਨ ਨਾਲ ਸੰਬੰਧ ਹੋਰ ਵਧੇਰੇ ਮਜ਼ਬੂਤ ਹੋਣਗੇ। ਆਪਸੀ ਵਿਸ਼ਵਾਸ ਦਾ ਰਿਸ਼ਤਾ ਵਧੇਗਾ। ਜੇਕਰ ਦੋਹਾਂ ਦੇਸ਼ਾਂ ਖਾਸ ਤੌਰ ਪੰਜਾਬ ਨਾਲ ਕੈਨੇਡਾ ਦੇ ਸੰਬੰਧ ਸਾਜਗਾਰ ਹੋਣਗੇ ਤਾਂ ਕੈਨੇਡਾ ਵਿਚ ਇਮੀਗਰੇਸ਼ਨ  ਸੰਬੰਧੀ ਸਮੱਸਿਆਵਾਂ ਦੇ ਸਾਰਥਕ ਹਲ ਲੱਭਣ ਵਿਚ ਸੌਖ ਹੋਵੇਗੀ ਕਿਉਂਕਿ ਜਿਹੜੇ 1 ਲੱਖ 50 ਹਜ਼ਾਰ ਵਿਦਿਅਰਥੀ ਕੈਨੇਡਾ ਵਿਚ ਸਿੱਖਿਆ ਲੈ ਰਹੇ ਹਨ, ਉਨ੍ਹਾਂ ਦੇ ਉਥੇ ਵਸਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।

ਸਭ ਤੋਂ ਪਹਿਲਾਂ ਕੈਨੇਡਾ ਵਿਚ ਆਸਾ ਸਿੰਘ ਘੁੰਮਣ, ਨੰਦ ਸਿੰਘ ਪਲਾਹੀ ਅਤੇ ਸੇਵਾ ਸਿੰਘ ਪਾਲਦੀ ਨੇ ਆਰਿਆਂ ਦੇ ਕਾਰਖਾਨੇ ਸਥਾਪਤ ਕੀਤੇ ਸਨ। ਭਾਵੇਂ ਸ਼ੁਰੂ ਵਿਚ ਪੰਜਾਬੀ ਕੈਨੇਡਾ ਦੇ ਪਰਵਾਸ ਸਮੇਂ ਇਨ੍ਹਾਂ ਲੱਕੜ ਦੇ ਆਰਿਆਂ ਅਤੇ ਹੋਰ ਫੈਕਟਰੀਆਂ ਵਿਚ ਕੰਮ ਕਰਦੇ ਸਨ ਪ੍ਰੰਤੂ ਇਸ ਸਮੇਂ ਪੰਜਾਬੀ ਹਰ ਖੇਤਰ ਵਿਚ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਸਿਆਸਤਦਾਨ, ਡਾਕਟਰ, ਵਕੀਲ , ਆਈ.ਟੀ ਮਾਹਿਰ, ਟਰਾਂਸਪੋਰਟ, ਰੈਸਟੋਰੈਂਟ, ਰੀਅਲ ਅਸਟੇਟ ਅਤੇ ਖੇਤੀਬਾੜੀ ਵਿਚ ਪੰਜਾਬੀ ਕੈਨੇਡਾ ਵਿਚ ਵਿਲੱਖਣ ਕੰਮ ਕਰ ਰਹੇ ਹਨ। ਇਸ ਪ੍ਰਕਾਰ ਕੈਨੇਡਾ ਅਤੇ ਪੰਜਾਬ ਦੀ ਆਰਥਿਕਤਾ ਵਿਚ ਵਿਸ਼ੇਸ ਤੌਰ ਤੇ ਯੋਗਦਾਨ ਪਾ ਰਹੇ ਹਨ। ਜਿਹੜੇ ਪਰਵਾਸੀ ਪੰਜਾਬੀ ਕੈਨੇਡਾ ਵਸੇ ਹੋਏ ਹਨ, ਸਾਜਗਾਰ ਹਾਲਾਤ ਸਮੇਂ ਉਹ ਪੰਜਾਬ ਵਿਚ ਇਨਵੈਸਟ  ਕਰਨ ਵਿਚ ਖ਼ੁਸ਼ੀ ਮਹਿਸੂਸ ਕਰਨਗੇ। ਪੁਰੇਵਾਲ ਭਰਾ ਖੇਤੀਬਾੜੀ ਖੇਤਰ ਵਿਚ ਵੱਡੇ ਪੱਧਰ ਤੇ ਕਾਰੋਬਾਰ ਕਰ ਰਹੇ ਹਨ। ਦੀਦਾਰ ਸਿੰਘ ਬੈਂਸ ਦਾ ਪਰਿਵਾਰ ਭਾਵੇਂ ਅਮਰੀਕਾ ਰਹਿੰਦਾ ਹੈ ਪ੍ਰੰਤੂ ਕੈਨੇਡਾ ਵਿਚ ਉਨ੍ਹਾਂ ਦੇ ਖੇਤੀਬਾੜੀ ਦੇ ਫਾਰਮ ਹਨ। ਹਰਪਾਲ ਸਿੰਘ ਧਾਲੀਵਾਲ ਅਤੇ ਚਰਨ ਗਿੱਲ ਵੀ ਆਪੋ ਆਪਣੇ ਖੇਤਰ ਵਿਚ ਮਾਹਰਕੇ ਮਾਰ ਰਹੇ ਹਨ। ਜੱਗੀ ਉਪਲ ਜੋ ਪਿਛਲੇ ਸਾਲ ਸਵਰਗਵਾਸ ਹੋ ਗਿਆ ਸੀ ਉਹ ਵੀ ਕੈਨੇਡਾ ਦਾ ਵੱਡਾ ਵਿਓਪਾਰੀ ਸੀ। ਕੈਨੇਡਾ ਵਿਚ ਲਗਪਗ 100 ਗੁਰਦੁਆਰਾ ਸਾਹਿਬਾਨ ਹਨ, ਜਿਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦੇ ਹਨ। ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿਚ ਪੰਜਾਬ ਤੋਂ ਗ੍ਰੰਥੀ ਲਿਆਕੇ ਨਿਯੁਕਤ ਕੀਤੇ ਜਾਂਦੇ ਹਨ, ਫਿਰ ਇਹ ਸਾਰੇ ਆਪਣੇ ਪਰਿਵਾਰਾਂ ਸਮੇਤ ਇਥੇ ਵਸ ਜਾਂਦੇ ਹਨ। ਚੰਗੇ ਸੰਬੰਧਾਂ ਦੇ ਹੋਣ ਕਰਕੇ ਇਨ੍ਹਾਂ ਨੂੰ ਮੰਗਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।

ਸਿਆਸੀ ਖੇਤਰ ਵਿਚ ਪੰਜਾਬੀਆਂ ਨੇ ਮੱਲਾਂ ਮਾਰਨੀਆਂ 1992 ਵਿਚ ਹੀ ਸ਼ੁਰੂ ਕਰ ਦਿੱਤੀਆਂ ਸਨ ਜਦੋਂ ਮਨਮੋਹਨ ਸਿੰਘ ਸਹੋਤਾ (‘ਮੋਅ ਸਹੋਤਾ’) ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣਿਆਂ ਸੀ। ਉਸ ਤੋਂ ਬਾਅਦ ਹਰਬ ਧਾਲੀਵਾਲ ਕੈਨੇਡਾ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣ ਗਿਆ ਸੀ। ਉਜਲ ਦੋਸਾਂਝ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਅਰਥਾਤ ਮੁੱਖ ਮੰਤਰੀ ਅਤੇ ਉਸਤੋਂ ਬਾਅਦ ਕੇਂਦਰੀ ਮੰਤਰੀ ਬਣ ਗਿਆ ਸੀ। ਪਿਛਲੀ ਸਟੀਫਨ ਹਾਰਪਰ ਸਰਕਾਰ ਵਿਚ ਟਿਮ ਉਪਲ ਅਤੇ ਬਿਲ ਗੋਸਲ ਵੀ ਮੰਤਰੀ ਰਹੇ ਹਨ। ਇਸ ਜਸਟਿਨ ਟਰੂਡੋ ਸਰਕਾਰ ਵਿਚ ਚਾਰ ਮੰਤਰੀ ਹਨ, ਜੋ ਪ੍ਰਧਾਨ ਮੰਤਰੀ ਨਾਲ ਦੌਰੇ ਤੇ ਆ ਰਹੇ ਹਨ।

ਕੈਨੇਡਾ ਵਿਚ ਤੇਰਾਂ ਲੱਖ ਤੋਂ ਉਪਰ ਪੰਜਾਬੀਆਂ ਦੇ ਵਸਣ ਕਰਕੇ ਇਥੇ 30 ਤੋਂ ਉਪਰ ਪੰਜਾਬੀ ਦੇ ਸਪਤਾਹਿਕ, ਰੋਜਾਨਾ ਅਤੇ ਆਨ ਲਾਈਨ ਅਖ਼ਬਾਰ ਪ੍ਰਕਾਸ਼ਤ ਹੋ ਰਹੇ ਹਨ, ਜੋ ਪੰਜਾਬੀਆਂ ਦੀ ਆਰਥਿਕਤਾ ਮਜ਼ਬੂਤ ਕਰ ਰਹੇ ਹਨ। ਇਹ ਅਖ਼ਬਾਰ ਤਿਆਰ ਭਾਰਤ ਵਿਚਲੇ ਪੰਜਾਬ ਵਿਚ ਹੁੰਦੇ ਹਨ ਪ੍ਰੰਤੂ ਪ੍ਰਕਾਸ਼ਤ ਕੈਨੇਡਾ ਵਿਚ ਹੋ ਰਹੇ ਹਨ। ਇਸ ਲਈ ਪੰਜਾਬ ਨੂੰ ਵੀ ਲਾਭ ਹੋ ਰਿਹਾ ਹੈ। ਇਸ ਤੋਂ ਇਲਾਵਾ 10 ਰੇਡੀਓ ਅਤੇ ਟੈਲੀਵਿਜਨ ਵੀ ਚਲ ਰਹੇ ਹਨ। ਇਸ ਸਾਰੇ ਕਾਰੋਬਾਰ ਦਾ ਪੰਜਾਬੀਆਂ ਨੂੰ ਹੀ ਲਾਭ ਹੋ ਰਿਹਾ ਹੈ। ਕੈਨੇਡਾ ਦੀ ਸਰਕਾਰ ਦਾ ਪੰਜਾਬ ਨਾਲ ਚੰਗੇ ਸੰਬੰਧਾਂ ਦਾ ਸਾਰੇ ਕਾਰੋਬਾਰਾਂ ਤੇ ਅਸਰ ਪਵੇਗਾ ਅਤੇ ਪੰਜਾਬੀ ਦੋਹਾਂ ਥਾਵਾਂ ਤੇ ਖ਼ੁਸ਼ਹਾਲ ਹੋਣਗੇ। ਸ਼ਾਲਾ ਇਹ ਸੰਬੰਧ ਇਸੇ ਤਰ੍ਹਾਂ ਬਰਕਰਾਰ ਰਹਿਣ। ਸਿਆਸੀ ਪੜਚੋਲਕਾਰ ਮਹਿਸੂਸ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਰਮ ਵਤੀਰੇ ਦਾ ਕਾਰਨ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਹਨ ਕਿਉਂਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਰਵਾਸੀ ਭਾਰਤੀਆਂ ਨੇ "ਆਮ ਆਦਮੀ ਪਾਰਟੀ" ਦੀ ਮਦਦ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀ ਕਿਸੇ ਹੋਰ ਅਕਾਲੀ ਨੇਤਾ ਨਾਲੋਂ ਬਿਹਤਰੀਨ ਸਿੱਖ ਸਮਝਦੇ ਹਨ ਕਿਉਂਕਿ ਉਨ੍ਹਾਂ "ਬਲਿਊ ਸਟਾਰ ਅਪ੍ਰੇਸ਼ਨ" ਤੋਂ ਤੁਰੰਤ ਬਾਅਦ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਪਿਛਲੇ ਸਾਲ ਹਰਜੀਤ ਸਿੰਘ ਸਾਜਨ ਦਾ ਸੁਆਗਤ ਨਾ ਕਰਨ ਕਰਕੇ ਪਰਵਾਸੀ ਪੰਜਾਬੀ ਨਾਰਾਜ਼ ਸਨ, ਕੈਪਟਨ ਅਮਰਿੰਦਰ ਸਿੰਘ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੁਆਗਤ ਕਰਕੇ ਉਹ ਧੱਬਾ ਲਾਹੁਣਾ ਚਾਹੁੰਦਾ ਹੈ, ਜਿਸ ਨਾਲ ਪੰਜਾਬੀਆਂ ਦਾ ਦਿਲ ਜਿੱਤ ਲਵੇਗਾ। ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨੂੰ ਇਸ ਦੌਰੇ ਦਾ ਲਾਭ ਲੈਣ ਤੋਂ ਰੋਕਣ ਵਿਚ ਵੀ ਸਫਲ ਹੋ ਸਕਦਾ ਹੈ। ਅਕਾਲੀ ਦਲ ਤਜਵੀਜ ਕਰ ਰਿਹਾ ਹੈ ਕਿ ਜਿਵੇਂ ਉਸਨੇ 1997 ਵਿਚ ਮਹਾਰਾਣੀ ਐਲਜਾਵੈਥ-2, 2004 ਵਿਚ ਡਾ.ਮਨਮੋਹਨ ਸਿੰਘ ਅਤੇ ਅਪ੍ਰੈਲ 2017 ਵਿਚ ਹਰਜੀਤ ਸਿੰਘ ਸਾਜਨ ਦਾ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉਪਰ ਸਟੇਜ ਲਾ ਕੇ ਸੁਆਗਤ ਕੀਤਾ ਸੀ, ਉਸੇ ਤਰ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦਾ ਹੈ। ਵੇਖੋ ਊਟ ਕਿਸ ਕਰਵਟ ਬੈਠਦਾ ਹੈ। (18/02/2018)

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

 

 
  trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com