WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ   (06/02/2018)

shinder

 
navi 

  ਨਹੀਂ ਜੀ! ਇਸ ਰੌਚਕ ਵਿਸ਼ੇ ਦਾ ਸਬੰਧ ਸੈਰ ਸਪਾਟੇ ਜਾਂ ਕਿਸੇ ਦੂਰ ਦੁਰਾਡੇ ਮੁਲਕ ਦੇ ਹੁਸੀਨ ਸਫ਼ਰਨਾਮੇ ਨਾਲ਼ ਬਿਲਕੁਲ ਹੀ ਨਹੀਂ। ਇਸਦਾ ਸਬੰਧ ਹੈ ਨਵੀਂ ਤਕਨੀਕ ਦੀ “ਪੰਜਾਬੀ” ਅੱਖ ‘ਚੋਂ ਨਜ਼ਰ ਆ ਰਹੀ ਨਵੀਂ ਦੁਨੀਆਂ ਦੇ ਨਜ਼ਾਰਿਆਂ ਨਾਲ਼।  ਪੰਜਾਬੀ ਭਾਸ਼ਾ ਦੇ ਅਨੇਕਾਂ ਸੁਹਿਰਦ ਹਿਤੈਸ਼ੀ ਲੰਬੇ ਸਮੇਂ ਤੋਂ ਆਪੋ ਆਪਣੀ ਸੂਝ, ਤਜਰਬੇ ਅਤੇ ਤਰੀਕਿਆਂ ਨਾਲ਼ ਪੰਜਾਬੀ ਦੇ ਅਨੇਕਾਂ ਸਰੋਕਾਰਾਂ ਸਬੰਧੀ ਯਤਨਸ਼ੀਲ ਹਨ। ਅਜਿਹੇ ਪੰਜਾਬੀਆਂ ਦੇ, 'ਫੇਸਬੁੱਕ ਤੋਂ ਇਲਾਵਾ ਸੈਂਕੜੇ ਨਿੱਕੇ ਨਿੱਕੇ ਹੋਰ ਆਲ੍ਹਣੇ ਹਨ।'  ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦਿਆਂ ਪੂਰੀ ਤਰਾਂ ਪਰਚਾਅ ਰੱਖਿਆ ਹੈ। ਦੂਜੇ ਪਾਸੇ ਨਿਤਾ ਪ੍ਰਤੀ ਦੇ ਨਿੱਜੀ ਰੁਝੇਵਿਆਂ ਤੋਂ ਇਲਾਵਾ ਹਰ ਕੋਈ ਆਪੋ ਆਪਣੇ ਦਾਇਰੇ, ਖ਼ਿੱਤੇ/ਖੇਤਰ 'ਚ ਲੋੜ ਤੋਂ ਵੱਧ ਮਸਰੂਫ਼ ਹੈ। ਪਰ ਦੇਖਣ ਅਤੇ ਪਰਖਣ ਵਿੱਚ ਇਹ ਵੀ ਆਉਂਦਾ ਹੈ ਕਿ ਅਜਿਹੇ ਪੰਜਾਬੀਆਂ ਦੀਆਂ ਜ਼ਿਆਦਾਤਰ ਗਤੀਵਿਧੀਆਂ ਆਪਣੇ ਨਿੱਜ ਦੁਆਲ਼ੇ ਹੀ ਕੇੰਦ੍ਰਤ ਹਨ। ਹੋਰ ਕੁੱਝ ਨਹੀਂ ਤਾਂ ਕੋਈ ਆਪਣੇ ਵੱਖਰੇ ਵੱਖਰੇ ਅੰਦਾਜ਼ ਵਿੱਚ ਆਪਣੀਆਂ ਫੋਟੋਵਾਂ ਹੀ ਪਾਈ ਜਾ ਰਿਹਾ ਅਤੇ ਉਸਦੇ ਚੌਗਿਰਦੇ ਜੁੜੀ ਮੰਡਲੀ ਉਸ ਫੋਟੋ ਦੇ ਹੀ ਗੁਣ ਗਾਈ ਜਾ ਰਹੀ ਹੈ। ਕਿਸੇ ਕਵੀ ਨੇ ਖ਼ੁਦ ਦੀ ਸਟੇਜ ਦੁਆਲ਼ੇ ਆਪਣਾ ਹੀ ਮੱਜਮਾਂ ਲਾ ਰੱਖਿਆ ਹੈ ਤੇ ਹਾਜ਼ਰ ਮੰਡਲੀ ਉਸਦੇ ਸ਼ਬਦਾਂ ਤੇ ਦਾਦ ਦੇਈ ਜਾ ਰਹੀ ਹੈ। ਜ਼ਾਹਿਰ ਹੈ ਹਰ ਕੋਈ ਖ਼ੁਦ ਨੂੰ, ਨਵੀਂ ਤਕਨੀਕ ਦੇ ਸਹਾਰੇ ਆਪਣੀ 'ਮੈਂ' ਤੱਕ ਸੀਮਤ ਕਰਨ ਤੇ ਹੀ ਕੇਂਦ੍ਰਤ ਹੈ।

ਖ਼ੁਦ ਦੀ ਇਸ ਪ੍ਰਾਪਤੀ ਕਾਰਨ, ਸ਼ਾਇਦ ਨਵੀਂ ਤਕਨਾਲੋਜੀ ਜਾਂ ਵਿਗਿਆਨ ਨੇ, ਜਾਂ ਮਨੁੱਖ ਨੇ ਖ਼ੁਦ ਹੀ ਆਪਣੀਆਂ, ਲੋੜਾਂ ਘਟਾ ਕੇ ਆਪਣੇ ਆਪ ਨੂੰ ਹੋਰ ਵੀ ਸੁੰਗੇੜ ਲਿਆ ਹੈ। ਅਜਿਹੀ ਬਿਰਤੀ ਨੇ ਹਰ ਮਨੁੱਖ ਅਤੇ ਉਸਦੇ ਰਿਸ਼ਤੇ ਨੂੰ ਹੋਰ ਵੀ ਖ਼ੁਦਗ਼ਰਜ਼ ਬਣਾ ਦਿੱਤਾ ਹੈ। ਇਹ ਸਿਲਸਿਲਾ ਲੰਬੇ ਸਮੇਂ ਤੋਂ ਨਿਰੰਤਰ ਜਾਰੀ ਹੈ ਅਤੇ ਇਸਦੇ ਠੱਲ੍ਹਣ ਦੇ ਆਸਾਰ ਘੱਟ ਹੀ ਹਨ। ਸਗੋਂ ਆਉਣ ਵਾਲੇ ਸਮੇਂ ਵਿੱਚ ਇਸ ਵਰਤਾਰੇ ਦੇ ਫੈਲਾਅ ਵਿੱਚ ਹੋਰ ਵੀ ਵਾਧਾ ਹੋਣ ਦੇ ਖ਼ਤਰਨਾਕ ਇਮਕਾਨ ਹਨ।  ਕਿਸੇ ਵੀ ਕਿਸਮ ਦਾ ਮਿਆਰ ਜ਼ਿੰਦਗੀ 'ਚੋਂ ਖਤਮ ਹੋ ਰਿਹਾ ਹੈ, ਗਿਆ ਹੈ ਨਹੀਂ ਤਾਂ ਇਹ ਹਰਗਿਜ਼ ਹੀ ਹੋ ਜਾਵੇਗਾ। 
 
ਪਰ ਦੂਜੀਆਂ ਕੌਮਾਂ ਦੇ ਲੋਕ ਅਜਿਹੇ, 'ਨਿੱਜ ਦੇ (ਮੈਂ) ਸੱਭਿਆਚਾਰ' ਤੋਂ ਅਜੇ ਵੀ ਕਾਫੀ ਹੱਦ ਤੱਕ ਨਿਰਲੇਪ ਹਨ। ਪੁਰਾਤਨ ਸਮਿਆਂ ਦੀਆਂ ਸਾਂਝਾਂ, ਸਮੇਂ ਦੀ ਮੱਧਮ ਤੋਰ, ਉਨ੍ਹਾਂ ਦੀ ਜ਼ਿੰਦਗੀ 'ਚ ਅੱਜ ਵੀ ਸੁਰੱਖਿਅਤ ਹੈ। ਆਪਸੀ ਸਾਂਝਾਂ, ਸਾਂਝੇ ਮੁੱਦਿਆਂ ਤੇ ਸਾਂਝੀਆਂ ਵਿਚਾਰਾਂ ਅਤੇ ਸਾਂਝੇ, ਉਸਾਰੂ ਅਤੇ ਅਮਲੀ ਫ਼ੈਸਲੇ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਅਤੇ ਸਮੂਹਿਕ ਤਰੱਕੀ ਦਾ ਮੁੱਖ ਰਾਜ਼ ਹਨ।  ਜਦ ਕਿ ਇਸਦੇ ਉਲਟ ਖਿੰਡਰੀ ਪੁੰਡਰੀ, ਨੱਠ ਭੱਜ ਵਾਲ਼ੀ ਮਾਨਸਿਕਤਾ ਅਹਿਮਦ ਸ਼ਾਹ ਅਬਦਾਲੀ ਦੇ ਸਮਿਆਂ ਦੀ ਪੁਰਾਣੀ ਗਾਥਾ ਵਾਂਗ ਪੰਜਾਬੀਆਂ ਵਿੱਚ ਅੱਜ ਵੀ ਪ੍ਰਧਾਨ ਹੈ ਜਿਸ ਤੋਂ ਸਾਰੇ ਪੰਜਾਬੀ ਜਾਣੂੰ ਹੀ ਨਹੀਂ ਬਲਕਿ, ਉਹ ਭਾਵੇਂ ਨਾ ਵੀ ਮੰਨਣ ਪਰ, ਬੁਰੀ ਤਰਾਂ ਪ੍ਰਭਾਵਿਤ ਜ਼ਰੂਰ ਹਨ। 

ਭਾਂਤ ਭਾਂਤ ਦੇ ਤਾਲ਼ਮੇਲ਼ ਵਿਚੋਲਿਆਂ, ਸੋਸ਼ਲ ਮੀਡੀਆ ਦੇ ਮਾਧਿਅਮ ਅਤੇ ਇਸਦੇ ਤੌਰ ਤਰੀਕਿਆੰ, ਨੇ ਬੱਚਿਆਂ ਤੋਂ ਲੈ ਕੇ ਅੱਧਖੜਾਂ ਤੱਕ ਦੀ ਜ਼ਿੰਦਗੀ ਦੁੱਭਰ ਕਰ ਰੱਖੀ ਹੈ। ਹਰ ਇੱਕ ਦੀ ਟਿੰਡ ਵਿੱਚ ਆਪਣਾ ਹੀ, ਲੋਹੇ ਦਾ ਕਾਨਾ ਹੈ ਜਿਸ ਨੂੰ ਉਹ ਆਪਣੇ ਕੋਠੇ ਚੜ੍ਹਕੇ ਪੂਰੇ ਤ੍ਰਾਣ ਨਾਲ਼ ਇਸ ਲਈ ਵਜਾ ਰਿਹਾ ਹੈ ਤਾਂ ਕਿ ਇਸਦੀ ਗੂੰਜ ਹਰ ਗਲੀ ਮੁਹੱਲੇ, ਘਰ ਘਰ ਸੁਣਾਈ ਦੇ ਸਕੇ। ਗੱਲ ਕੀ ਚੁਫੇਰੇ ਏਸ ਸ਼ੋਰ ਸ਼ਰਾਬੇ ਵਿੱਚ ਮਤਲਬ ਦੀ ਗੱਲ ਸੁਣ, ਸਮਝ ਸਕਣਾ ਵੱਸੋਂ ਬਾਹਰੀ ਗੱਲ ਹੋਈ ਪਈ ਹੈ। ਘਟੀਆ ਪੱਧਰ ਦੀਆਂ ਲਘੂ-ਫਿਲਮਾਂ, ਬੇ-ਤੁਕੀਆਂ ਤਸਵੀਰਾਂ, ਕਹਾਣੀਆਂ ਨੇ ਸਭ ਦਾ ਮੇਲੇ 'ਚ ਗਵਾਚੇ ਬਾਲ ਵਰਗਾ ਹਾਲ ਬਣਾ ਰੱਖਿਆ ਹੈ ਭਾਵੇਂ ਕਿ ਉਹ ਆਪਣੇ ਆਪ ਨੂੰ ਮਨ ਲੁਭਾਉਣੀਆੰ ਚੀਜ਼ਾਂ ਜਾਂ ਝੂਲਦੇ ਚੰਡੋਲ ਵਰਗੇ ਦ੍ਰਿੱਸ਼ਾਂ ਨਾਲ਼ ਹੀ ਪਰਚੇ ਦਿਸ ਜਾਂ ਸਮਝੀ ਜਾ ਰਹੇ ਹੋਣ। 

ਪੰਜਾਬੀ ਦੀ ਕਹਾਵਤ 'ਹਮਾਮ ਵਿੱਚ ਸਾਰੇ ਨੰਗੇ' ਦੇ ਵਾਂਗ ਤਾਲ਼ਮੇਲ਼ ਜੁੱਟਾਂ ਵਿੱਚ ਹਰ ਵਰਗ ਦੇ ਲੋਕਾਂ ਦਾ ਵਰਤੋਂ, ਵਿਵਹਾਰ ਇੱਕ ਦੂਜੇ ਤੋਂ ਕਿਵੇਂ ਵੀ ਵੱਖਰਾ ਨਹੀਂ, ਲੱਗਭੱਗ ਇੱਕੋ ਜਿਹਾ ਹੀ ਹੈ। ਅਕਸਰ ਕਈ ਵਿਦਵਾਨ ਅਤੇ ਚੁੱਪ ਰਹਿਣ ਵਾਲ਼ਿਆਂ ਨੂੰ ਵੀ, ਉਨ੍ਹਾਂ ਦੀ ਇੱਛਾ ਜਾਂ ਗਿਆਤ ਤੋਂ ਬਿਨਾਂ ਹੀ, ਇਨ੍ਹਾਂ ਵਿਚੋਲੇ ਜੁੱਟਾਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਇਨ੍ਹਾਂ ਜੁੱਟਾਂ ਤੇ ਵਿਚਾਰੇ ਜਾਂਦੇ ਖੇਹ-ਸਵਾਹ ਵਿਸ਼ਿਆਂ ਦਾ ਉਨ੍ਹਾਂ ਦੀ ਸੋਚ ਨੂੰ ਮਾਫਿਕ ਨਾ ਬੈਠਣਾ ਕੋਈ ਅੱਲੋਕਾਰੀ ਗੱਲ ਨਹੀਂ।  ਪਰ ਉਨ੍ਹਾਂ ਦੀ ਚੁੱਪ ਖ਼ਤਰਨਾਕ ਵੀ ਹੋ ਸਕਦੀ ਹੈ।    
     
ਪਰ ਕਈ ਵਿਦਵਤਾ ਭਰਪੂਰ ਅਦੀਬ ਆਪਣੇ ਫ਼ਨ ਦਾ ਮੁਜ਼ਾਹਰਾ' ਕੁੱਝ ਵੱਧ ਹੀ ਕਰਨ ਦਾ ਸ਼ੌਂਕ ਰੱਖਦੇ ਹਨ। ਸੰਕੇਤਕ ਭਾਸ਼ਾ ਵਿੱਚ ਉਨ੍ਹਾਂ ਦਾ ਅਕਸਰ ਇਸ਼ਾਰਾ ਹੁੰਦਾ ਹੈ ਕਿ ਉਨ੍ਹਾਂ ਦੀ ਆਭਾ ਤੇ ਸਤਿਕਾਰ ਬਾਕੀਆਂ ਨਾਲੋਂ ਰਤਾ ਕੁ ਵਧੇਰੇ ਹੋਵੇ। ਪਰ ਕਈ ਵਾਰ ਤਕਨੀਕੀ ਪੱਖ ਤੋਂ ਕਈਆਂ ਦਾ ਹੱਥ ਤੰਗ ਹੋਣ ਕਾਰਨ ਉਨ੍ਹਾਂ ਦੀ ਮੁਸ਼ਕਿਲ ਅੱਖੋਂ ਪ੍ਰੋਖੇ ਕਰ ਦੇਣ ਜਾਂ ਹੋ ਜਾਣ ਕਾਰਨ ਉਨ੍ਹਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀ ਦੇਖਣ 'ਚ ਆਇਆ ਹੈ ਕਿ ਕਈਆਂ ਨੂੰ 'ਸੰਗ ਜਾਂ ਘਟਾ ਸੱਭਿਆਚਾਰ' ਕਾਰਨ ਵੀ ਨਮੋਸ਼ੀ ਦਾ ਸ਼ਿਕਾਰ ਹੋਣਾ ਪੈਂਦਾ। ਕਈ ਇਸ ਕਰਕੇ ਹੀ ਇੱਕ ਸਧਾਰਨ ਜਿਹਾ ਗੁਰ ਜਾਂ ਨੁਕਤਾ ਸਿੱਖਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ ਕਿ ਪੁੱਛਣ ਤੋਂ ਹੀ ਝਿਜਕ ਜਾਂ ਸ਼ਰਮਾਅ ਜਾਂਦੇ ਹਨ। ਸਿੱਖਣ ਸਮਝਣ ਵਿੱਚ ਝਿਜਕ ਨੁਕਸਾਨ ਦੇਹ ਹੈ। ਯਾਦ ਰਹੇ ਕੋਈ ਵੀ ਸਿੱਖ ਕੇ ਨਹੀਂ ਆਇਆ। 

ਪੰਜਾਬੀ ਭਾਸ਼ਾ ਦੀ ਇਹ ਵੀ ਇੱਕ ਮਹਾਂ-ਤ੍ਰਾਸਦੀ ਹੈ ਕਿ ਇਸ ਸਮੱਸਿਆ ਬਾਰੇ ਕੋਈ ਵੀ ਵਿਅਕਤੀ ਜਾਂ ਸੰਸਥਾ ਗੰਭੀਰ ਨਹੀਂ ਹੈ ਅਤੇ ਨਾ ਹੀ ਸ਼ਾਇਦ, ਜੇ ਗ਼ਲਤ ਨਾ ਹੋਵੇ, ਉਨ੍ਹਾਂ ਕੋਲ਼ ਇਸ ਅਹਿਮ ਮੁੱਦੇ ਨਾਲ਼ ਨਿਪਟਣ ਦੀ ਕਾਬਲੀਅਤ ਜਾਂ ਗਿਆਨ ਹੀ ਹੈ।
 
ਇਹ ਵੀ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ 'ਪੰਜਾਬੀ ਸੋਸ਼ਲ ਮੀਡੀਏ' ਤੇ ਪੰਜਾਬੀ ਦੀ ਮੁੱਢਲੀ ਜਾਣਕਾਰੀ ਤੋਂ ਅਣਜਾਣ ਜਾਂ ਬਿਲਕੁਲ ਕੋਰੀ ਸੋਚ ਦਾ ਬੋਲਬਾਲਾ ਹੈ ਜਿਸਦੇ ਹੇਠਲੇ ਪੱਧਰ ਦੇ ਗੰਧਲ਼ੇਪਨ ਨੇ ਪੰਜਾਬੀ ਦੇ ਘੋਰ ਨੁਕਸਾਨ ਤੇ ਅਪਮਾਨ ਦੀ ਸੇਵਾ ਦਾ ਜ਼ੁੰਮਾ ਲੈ ਰੱਖਿਆ ਹੈ।  ਇਸ ਨੁਕਤੇ ਨੂੰ ਇਸ ਤਰਾਂ ਵੀ ਲਿਆ ਜਾ ਸਕਦਾ ਹੈ ਕਿ ਸੂਝ ਤੋਂ ਕੋਰਿਆਂ ਨੂੰ ਇਹ ਵੀ ਨਹੀਂ ਪਤਾ ਕੀ ਠੀਕ ਹੈ ਜਾਂ ਉਹ ਗ਼ਲਤ ਕੀ ਕਰ ਰਹੇ ਹਨ ਅਤੇ ਨਾ ਹੀ ਦੂਜੇ ਪਾਸੇ ਸੂਝਵਾਨ ਪਾਰਖੂਆਂ ਨੂੰ ਇਨ੍ਹਾਂ ਗਲਤੀਆਂ ਨੂੰ ਸੁਧਾਰਨ, ਸਹੀ ਕਰਨ ਦੀ ਜਾਚ ਹੀ ਹੈ। ਕੰਪਿਊਟਰ ਬਾਰੇ ਹਰ ਕੋਈ ਜਾਣਦਾ ਹੈ ਪਰ ਇਸਤੇ ਪੰਜਾਬੀ ਦੀ ਸਹੀ ਅਤੇ ਮਿਆਰੀ ਵਰਤੋਂ ਬਾਰੇ ਨਾ-ਵਾਕਿਫ਼ਾਂ ਦੀਆਂ ਵੋਟਾਂ ਕਿਤੇ ਵੱਧ ਹਨ। ਸ਼ਾਇਦ ਇਹ ਹੀ ਪੰਜਾਬੀ ਦੀ ਮੁੱਖ ਅਤੇ ਗੰਭੀਰ ਸਮੱਸਿਆ ਦਾ ਅਸਲ ਕਾਰਨ ਹੈ ਜਿਸ ਕਰਕੇ ਅਸਲ ਕਹਾਣੀ "ਅੰਨ੍ਹੀ ਪੀਹਵੇ ਤੇ ਕੁੱਤਾ ਚੱਟੇ" ਵਾਲ਼ੀ ਬਣੀ ਹੋਈ ਹੈ! ਦੋਨੋਂ ਅਸਲ ਸਮੱਸਿਆ ਤੋਂ ਅਣਜਾਣ, ਆਪੋ ਆਪਣੇ ਕਾਰਜ ਖੇਤਰ ਵਿੱਚ ਲੋੜ ਤੋਂ ਵੀ ਵੱਧ ਮਸਰੂਫ ਹਨ।
 
ਮਹਾਂ ਅਚੰਭਾ ਇਸ ਗੱਲ ਦਾ ਵੀ ਕਿ ਕਿਸੇ ਕੋਲ਼ ਵੀ ਇਹ ਸੋਚਣ ਵਿਚਾਰਨ ਦਾ ਵਿਹਲ ਨਹੀਂ ਕਿ ਇਸ ਬੇ-ਤੁਕੀ, ਬੇ-ਮਤਲਬ ਪ੍ਰੋਸੀ ਜਾਣ ਵਾਲ਼ੀ ਸਮੱਗਰੀ ਦੀ ਤਿਆਰੀ ਤੇ ਕਿੰਨਾ ਕੀਮਤੀ ਸਮਾਂ ਤੇ ਸ਼ਕਤੀ ਨਸ਼ਟ ਕੀਤੀ ਜਾ ਰਹੀ ਹੈ।  ਕੋਈ ਵੀ ਪੰਜਾਬੀ/ਹਿੰਦੀ ਦੂਰਦਰਸ਼ਨ (ਦੂ:ਦ:) ਚੈਨਲ ਦੇਖ ਲਓ 97% ਸਮੱਗਰੀ ਜ਼ਿੰਦਗੀ ਦੀ ਅਸਲੀਅਤ ਤੋਂ ਕੋਹਾਂ ਦੂਰ ਹੈ।  ਹੇਰਾਫੇਰੀ, ਮਾਰਧਾੜ, ਦੁਰਘਟਨਾ ਹਰ ਅਖ਼ਬਾਰ ਵਿੱਚ ਅਕਸਰ ਹੀ ਮੁੱਖ ਸਫ਼ੇ ਦੀ ਸੁਰਖ਼ੀ ਹੈ।  "ਪੰਜਾਬੀ ਪੱਤਰਕਾਰੀ" ਤਾਂ ਹੁਣ ਹੋਰ ਵੀ ਤਰੱਕੀ ਕਰ ਗਈ ਹੈ - ਦੇਖਣ ਵਿੱਚ ਆਉਂਦਾ ਹੈ ਕਿ ਬਹੁਤੀਆਂ ਅਖ਼ਬਾਰਾਂ ਵਿੱਚ ਤਾਂ ਵਿਗਿਆਪਨ ਹੀ ਮੁੱਖ ਸੁਰਖ਼ੀ ਬਣ ਕੇ ਪੇਸ਼ ਹੁੰਦੇ ਹਨ। ਮੰਨਿਆਂ ਕਿ ਹਰ ਵਪਾਰ ਦਾ ਮੁੱਖ ਧਰਮ ਪੈਸਾ ਹੈ। ਹਰ ਪਾਸੇ ਪੈਸੇ ਦੀ ਹੋੜ ਹੈ, ਦੌੜ ਹੈ, ਪਰ ਹਰ ਵਪਾਰ ਦੇ ਕੁੱਝ ਅਸੂਲ ਤਾਂ ਹੁੰਦੇ ਹਨ!!  ਇਸ ਵਿੱਚ ਵੀ ਕੋਈ ਅਤਿ-ਕਥਨੀ ਨਾ ਹੋਵੇ ਕਿ - ਪੰਜਾਬੀ, ਆਪਣੇ ਫ਼ਾਇਦੇ ਲਈ, ਹਰ ਅਸੂਲ, ਮਿਆਰ ਨੂੰ, ਜਦ ਵੀ ਚਾਹੁਣ, ਛਿੱਕੇ ਟੰਗ ਸਕਦੇ ਹਨ! ਅਦਾਰਾ - ਵਪਾਰ ਕੋਈ ਵੀ ਹੋਵੇ - ਕਿਸੇ ਦਾ ਕੋਈ ਲਿਹਾਜ਼ ਨਹੀਂ !!
 
ਕੁੱਲ ਮਿਲ਼ਾ ਕੇ ਨਵੀੰ ਤਕਨਾਲੋਜੀ ਨੂੰ ਸਮੇਂ ਦੇ ਹਾਣ ਦੀ ਕਰਨ ਨਾਲ਼ੋਂ ਖ਼ੁਦ ਨੂੰ ਇਸਦੇ ਹਾਣ ਦਾ ਬਣਾਉਣ ਦੀ ਅਹਿਮ ਅਤੇ ਲਾਜ਼ਮੀ ਲੋੜ ਹੈ।  ਫੇਸਬੁੱਕ, ਟਵਿੱਟਰ, ਵਾਟਸਐਪ, ਇੰਸਟਾਗ੍ਰਾਮ ਦੀ ਵਰਤੋਂ ਜ਼ਰੂਰ ਕਰੋ ਪਰ ਸਮਾਜਕ ਭਲੇ ਵਾਸਤੇ ਮਹਿਜ਼ ਮਨੋਰੰਜਨ ਲਈ ਨਹੀਂ। ਪੰਜਾਬੀ ਭਾਸ਼ਾ ਨੂੰ ਪੰਜਾਬ ‘ਚ ਗਾਇਬ ਹੋਣ ਤੋਂ ਬਚਾਓ।  ਨਿੱਜ ਦੇ ਹਨੇਰੇ ਖੂੰਜਿਆਂ, ਸੌੜੇ ਖੂਹਾਂ, ਤਲਾਬਾਂ, ਵਲਗਣਾਂ 'ਚੋ ਬਾਹਰ ਆ ਕੇ ਸਾਗਰਾਂ ਦੀ ਵਿਸ਼ਾਲਤਾ ਨੂੰ ਮਿਣਨ, ਸਮਝਣ ਅਤੇ ਮਾਨਣ ਦਾ ਯਤਨ ਕਰੋ।  ਖ਼ੁਦ ਵਿੱਚ ਅਤੇ ਹੋਰਨਾ ਵਿੱਚ ਹੁਨਰ ਪੈਦਾ ਕਰਨ ਦੀ ਚੇਤਨਾ ਪ੍ਰਚੰਡ ਕਰੋ। ਦੁਨੀਆਂ ਦੀਆਂ ਬਹਾਦਰ ਕੌਮਾਂ 'ਚ ਖ਼ੁਦ ਦਾ ਸ਼ੁਮਾਰ ਕਰਨ ਦੇ ਚਾਹਵਾਨਾਂ ਲਈ ਸਮੇਂ ਦਾ ਅਹਿਮ ਸਵਾਲ ਹੀ ਮਹਾਂ-ਚੁਣੌਤੀ ਹੈ।  ਜੋ ਇਸ ਤੋਂ ਅੱਖ ਬਚਾਅ, ਪਾਸੇ ਹੋ ਲੰਘ ਜਾਣਗੇ ਉਹ ਆਪਣੀ ਹਨੇਰੀ ਸੁਰੰਗ ਵਿੱਚ ਮਹਿਫੂਜ਼ ਸਮਝਣਗੇ। ਜੋ ਸਮੇਂ ਦੀ ਏਸ ਚੁਣੌਤੀ ਨੂੰ ਸਵੀਕਾਰ ਕਰਨਗੇ ਉਹ ਆਪ ਅਤੇ ਉਨ੍ਹਾਂ ਦੇ ਅਮਲ, ਹਿੰਮਤੀ ਯਤਨ ਅਤੇ ਯੋਗਦਾਨ ਸੂਰਜ ਵਾਂਗ ਸਦੀਵੀ ਜਗਦੇ ਅਤੇ ਮਘਦੇ ਰਹਿਣਗੇ। (06/02/2018)
 

ਸ਼ਿੰਦਰ ਮਾਹਲ
 panjabi-unicode@outlook.com

 

 
  naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com