|
|
ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭਰਿਸ਼ਟਾਚਾਰ ਦੇ ਵਿਰੁਧ ਜਨ ਲੋਕਪਾਲ
ਬਣਾਉਣ ਦੀ ਮੰਗ ਦੇ ਸੰਬੰਧ ਵਿਚ ਜੰਤਰ ਮੰਤਰ ਉਪਰ 5 ਅਪ੍ਰੈਲ 2011 ਨੂੰ ਭੁਖ
ਹੜਤਾਲ ਕੀਤੀ ਸ਼ੁਰੂ ਸੀ, ਉਹ ਹੜਤਾਲ ਕੇਂਦਰ ਸਰਕਾਰ ਵੱਲੋਂ ਅਸੂਲੀ ਤੌਰ ਮੰਗ ਮੰਨਣ
ਤੋਂ ਬਾਅਦ 9 ਅਪ੍ਰੈਲ ਨੂੰ ਖ਼ਤਮ ਕਰ ਦਿੱਤੀ ਗਈ ਸੀ। ਉਸ ਮੁਹਿੰਮ ਵਿਚ ਅਰਵਿੰਦ
ਕੇਜਰੀਵਾਲ ਨੇ ਵੀ ਹੋਰ ਸਮਾਜ ਸੇਵਕਾਂ ਨਾਲ ਸ਼ਮੂਲੀਅਤ ਕੀਤੀ, ਜਿਸ ਤੋਂ ਬਾਅਦ ਉਹ
ਉਭਰਕੇ ਸਾਹਮਣੇ ਆਇਆ ਸੀ।
ਅੰਨਾ ਹਜ਼ਾਰੇ ਸਿਆਸੀ ਪਾਰਟੀ ਬਣਾਉਣ ਦੇ ਵਿਰੁਧ
ਸੀ ਪ੍ਰੰਤੂ ਅਰਵਿੰਦ ਕੇਜਰੀਵਾਲ ਨੇ ਇਹ ਪਾਰਟੀ ਆਪਣੇ ਹੀ ਗੁਰੂ ਅੰਨਾ ਹਜ਼ਾਰੇ ਨੂੰ
ਮਾਤ ਦੇ ਕੇ ਉਸਦੇ ਵਿਰੋਧ ਦੇ ਬਾਵਜੂਦ 26 ਨਵੰਬਰ 2012 ਨੂੰ ਬਣਾਕੇ ਦੇਸ਼ ਦੀ
ਸਿਆਸਤ ਵਿਚ ਤਰਥੱਲੀ ਮਚਾ ਦਿੱਤੀ ਸੀ। ਆਮ ਆਦਮੀ ਪਾਰਟੀ ਭਾਰਤ ਦੀ ਸਿਆਸਤ ਵਿਚ
ਤੂਫ਼ਾਨ ਦੀ ਤਰ੍ਹਾਂ ਆਈ ਸੀ ਤੇ ਉਸਨੇ ਸਥਾਪਤ ਪਾਰਟੀਆਂ ਨੂੰ ਹਲੂੰਣਕੇ ਰੱਖ ਦਿੱਤਾ
ਸੀ। ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਸਨ, ਅਰਵਿੰਦ ਕੇਜ਼ਰੀਵਾਲ, ਯੋਗੇਂਦਰ
ਯਾਦਵ, ਪ੍ਰਸ਼ਾਂਤ ਭੂਸ਼ਣ ਅਤੇ ਅਨੰਦ ਕੁਮਾਰ। ਉਹ ਬੜੇ ਥੋੜ੍ਹੇ ਸਮੇਂ ਵਿਚ ਹੀ ਇੱਕ
ਸਿਆਸੀ ਤਾਕਤ ਦੇ ਤੌਰ ਸਥਾਪਤ ਹੋ ਗਿਆ ਸੀ। ਉਹੀ ਅਰਵਿੰਦ ਕੇਜਰੀਵਾਲ, ਉਸੇ ਆਮ
ਆਦਮੀ ਪਾਰਟੀ ਦੇ ਖ਼ਾਤਮੇ ਦਾ ਕਾਰਨ ਬਣ ਰਿਹਾ ਹੈ। ਉਹ ਆਪਣੇ ਸੁਭਾਅ ਮੁਤਾਬਕ ਜੋ
ਕਹਿੰਦਾ ਹੈ ਉਸਤੋਂ ਮੁਕਰਦਾ ਬਹੁਤ ਜਲਦੀ ਹੈ। ਪਹਿਲਾਂ ਕਹਿੰਦਾ ਸੀ ਰਾਜਨੀਤਕ
ਪਾਰਟੀ ਨਹੀਂ ਬਣਾਉਣੀ, ਫਿਰ ਬਣਾ ਲਈ। ਉਹ ਹਮੇਸ਼ਾ ਅਜਿਹੇ ਕਦਮ ਚੁੱਕਦਾ ਹੈ, ਜਿਹੜੇ
ਆਮ ਸਿਆਸਤਦਾਨਾ ਤੋਂ ਵੱਖਰੇ ਹੁੰਦੇ ਹਨ, ਇਸ ਕਰਕੇ ਹੀ ਲੋਕ ਉਸਦੇ ਨਾਲ ਖੜ੍ਹਦੇ
ਰਹੇ ਹਨ। ਉਸਦੇ ਵੱਖਰੇਪਣ ਨੇ ਹੀ ਉਸਨੂੰ ਸਥਾਪਤ ਕੀਤਾ ਤੇ ਉਹੀ ਵੱਖਰਾਪਣ ਆਮ ਆਦਮੀ
ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦੇ ਰਿਹਾ ਹੈ ਕਿਉਂਕਿ ਸਾਬਕਾ ਅਧਿਕਾਰੀ ਹੋਣ ਕਰਕੇ
ਤਾਨਾਸ਼ਾਹੀ ਪ੍ਰਵਿਤੀ ਦਾ ਮਾਲਕ ਹੈ।
ਅਸਲ ਵਿਚ ਉਹ ਪਰਪੱਕ ਸਿਆਸਤਦਾਨ
ਨਹੀਂ ਹੈ, ਹਮੇਸ਼ਾ ਸਿਆਸੀ ਬਚਕਾਨਾ ਹਰਕਤਾਂ ਕਰਦਾ ਹੈ, ਜਿਸ ਕਰਕੇ ਉਸਦੀਆਂ ਬਚਕਾਨਾ
ਸਿਆਸੀ ਹਰਕਤਾਂ ਪਾਰਟੀ ਲਈ ਖ਼ਤਰੇ ਦੀ ਘੰਟੀ ਬਣ ਜਾਂਦੀਆਂ ਹਨ। ਜਦੋਂ ਉਸਨੇ ਆਮ
ਆਦਮੀ ਪਾਰਟੀ ਬਣਾਈ ਸੀ ਤਾਂ ਭਾਰਤ ਦੇ ਵੋਟਰ ਸਥਾਪਤ ਪਾਰਟੀਆਂ ਦੇ ਭਰਿਸ਼ਟਾਚਾਰ ਅਤੇ
ਪਰਿਵਾਰਵਾਦ ਤੋਂ ਅੱਕੇ ਹੋਏ ਸਨ। ਇਸ ਲਈ ਉਹ ਇਸ ਤੀਜੇ ਬਦਲ ਤੋਂ ਬਹੁਤ ਸਾਰੀਆਂ
ਆਸਾਂ ਲਈ ਬੈਠੇ ਸਨ। ਉਹ ਇਨ੍ਹਾਂ ਪਾਰਟੀਆਂ ਦੀ ਉਤਰ ਕਾਟੋ ਮੈਂ ਚੜ੍ਹਾਂ ਦੀ ਨੀਤੀ
ਨੂੰ ਖ਼ਤਮ ਕਰਨ ਦੇ ਰੌਂਅ ਵਿਚ ਸਨ। ਇਸ ਨਵੀਂ ਪਾਰਟੀ ਦੀ ਖ਼ੁਸ਼ਕਿਸਮਤੀ ਇਹ ਰਹੀ ਕਿ
ਇਸ ਨੂੰ ਸਥਾਪਤ ਹੋਣ ਲਈ ਲੋਕਾਂ ਦਾ ਸਾਥ ਅਤੇ ਜਿਹੜੀ ਆਰਥਿਕ ਮਦਦ ਦੀ ਲੋੜ ਸੀ, ਉਹ
ਪਰਵਾਸੀ ਭਾਰਤੀਆਂ ਨੇ ਲੋੜ ਤੋਂ ਵੱਧ ਪੂਰੀ ਕਰਕੇ ਅਰਵਿੰਦ ਕੇਜਰੀਵਾਲ ਨੂੰ ਮਾਲੋ
ਮਾਲ ਕਰ ਦਿੱਤਾ। ਭਾਵੇਂ ਉਹ ਮਿਲੇ ਚੰਦੇ ਨੂੰ ਆਨ ਲਾਈਨ ਕਰਨ ਦੇ ਵਾਅਦੇ ਤੇ ਪੂਰਾ
ਅਜੇ ਤੱਕ ਨਹੀਂ ਉਤਰਿਆ ਫਿਰ ਵੀ ਲੋਕ ਉਸਦੇ ਮਗਰ ਅੰਨ੍ਹੇਵਾਹ ਹੋ ਤੁਰੇ ਸਨ ਕਿਉਂਕਿ
ਲੋਕ ਸਥਾਪਤ ਪਾਰਟੀਆਂ ਦਾ ਬਦਲ ਚਾਹੁੰਦੇ ਸਨ। ਹੋਇਆ ਇਹ ਕਿ ਹੌਲਾ ਭਾਂਡਾ ਜਲਦੀ ਹੀ
ਉਛਲਣ ਲੱਗ ਪਿਆ। ਸਿਆਸੀ ਤਾਕਤ ਦਾ ਨਸ਼ਾ ਅਰਵਿੰਦ ਕੇਜਰੀਵਾਲ ਦੇ ਸਿਰ ਚੜ੍ਹਕੇ ਬੋਲਣ
ਲੱਗਾ ਅਤੇ ਆਪ ਹੁਦਰੀਆਂ ਕਰਨ ਲਈ ਉਤੇਜਤ ਕਰਦਾ ਰਿਹਾ। ਉਹ ਸਿਆਸੀ ਘੁਮੰਡ ਦਾ
ਅਜਿਹਾ ਸ਼ਿਕਾਰ ਹੋ ਕਿ ਵਾਲੰਟੀਅਰਾਂ ਦੀ ਮਰਜੀ ਅਨੁਸਾਰ ਚਲਣ ਦੇ ਦਾਅਵੇ ਕਰਨ ਵਾਲਾ,
ਹਰ ਪਾਸੇ ਆਪਣੀ ਮਨਮਰਜੀ ਕਰਨ ਲੱਗ ਪਿਆ, ਜਿਵੇਂ ਬਾਕੀ ਸਿਆਸੀ ਪਾਰਟੀਆਂ ਤਾਨਾਸ਼ਾਹ
ਨਾਲ ਚਲ ਰਹੀਆਂ ਸਨ। ਉਹ ਵੀ ਆਮ ਆਦਮੀ ਪਾਰਟੀ ਦਾ ਡਿਕਟੇਟਰ ਬਣਕੇ ਉਭਰਿਆ। ਜਿਹੜੇ
ਸਿਆਸੀ ਸਾਥੀਆਂ ਨੇ ਇਸ ਪਾਰਟੀ ਨੂੰ ਆਪਣੇ ਪੈਰਾਂ ਉਪਰ ਖੜ੍ਹਨ ਵਿਚ ਕੇਜਰੀਵਾਲ ਦਾ
ਸਾਥ ਦਿੱਤਾ ਸੀ, ਉਹ ਉਨ੍ਹਾਂ ਤੋਂ ਹੀ ਡਰਨ ਲੱਗ ਪਿਆ। ਉਨ੍ਹਾਂ ਦੀ ਕੋਈ ਵੀ ਸੁਝਾਅ
ਮੰਨਣ ਤੋਂ ਇਨਕਾਰੀ ਹੋ ਗਿਆ। ਉਨ੍ਹਾਂ ਨੂੰ ਨੁਕਰੇ ਲਾਉਣ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ
ਹੋ ਗਿਆ। ਯੋਗੇਂਦਰ ਯਾਦਵ ਜਿਸਨੂੰ ਆਮ ਆਦਮੀ ਪਾਰਟੀ ਦਾ ਦਿਮਾਗ ਕਿਹਾ ਜਾਂਦਾ ਸੀ,
ਪ੍ਰਸ਼ਾਂਤ ਭੂਸ਼ਣ ਜਿਸਨੇ ਪਾਰਟੀ ਬਣਾਉਣ ਲਈ ਸਭ ਤੋਂ ਪਹਿਲਾਂ 1 ਕਰੋੜ ਰੁਪਿਆ ਪਾਰਟੀ
ਨੂੰ ਦਿੱਤਾ ਸੀ, ਪਾਰਟੀ ਦਾ ਲੋਕ ਪਾਲ ਐਡਮਿਰਲ ਐਲ.ਰਾਮ ਦਾਸ ਜਿਸਨੂੰ ਸ਼ਰਾਫ਼ਤ ਅਤੇ
ਇਮਾਨਦਾਰੀ ਦਾ ਪ੍ਰਤੀਕ ਗਿਣਿਆਂ ਜਾਂਦਾ ਸੀ, ਅਨੰਦ ਕੁਮਾਰ ਅਤੇ ਅਜੀਤ ਝਾਅ ਨੂੰ
ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਟਕਰਾਓ ਦੀ ਸਿਆਸਤ ਵਿਚੋਂ
ਉਭਰਿਆ ਹੋਇਆ ਨੇਤਾ ਸੀ। ਉਸ ਕਰਕੇ ਹੀ ਦਿੱਲੀ ਵਿਚ ਉਸਦੀ ਦੋ ਵਾਰ ਸਰਕਾਰ ਬਣੀ।
ਦੇਸ਼ ਵਿਚੋਂ ਇਕੱਲਾ ਪੰਜਾਬ ਰਾਜ ਹੀ ਹੈ, ਜਿਸਨੇ ਮੋਦੀ ਲਹਿਰ ਦੇ ਬਾਵਜੂਦ 4 ਲੋਕ
ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਏ। ਉਹ ਉਨ੍ਹਾਂ ਚਾਰਾਂ ਨੂੰ ਵੀ
ਆਪਣੇ ਨਾਲ ਨਹੀਂ ਰੱਖ ਸਕਿਆ। 4 ਲੋਕ ਸਭਾ ਮੈਂਬਰਾਂ ਵਿਚੋਂ ਦੋ ਪੜ੍ਹੇ ਲਿਖੇ
ਵਿਦਵਾਨ ਡਾ.ਧਰਮਵੀਰ ਗਾਂਧੀ ਹਰਿੰਦਰ ਸਿੰਘ ਖਾਲਸਾ ਨੂੰ ਵੀ ਪਾਰਟੀ ਵਿਚੋਂ ਕੱਢ
ਦਿੱਤਾ। ਪੰਜਾਬ ਵਿਚ ਉਸਨੇ ਟਕਰਾਓ ਦੀ ਸਿਆਸਤ ਖੇਡੀ। ਅਕਾਲੀ ਦਲ ਅਤੇ ਭਾਰਤੀ ਜਨਤਾ
ਪਾਰਟੀ ਦੀ ਸਰਕਾਰ ਦੇ ਵਿਰੁਧ ਧੂੰਆਂਧਾਰ ਭਾਸ਼ਣ ਦਿੱਤੇ, ਉਨ੍ਹਾਂ ਲਈ ਅਜਿਹੀ ਸਖ਼ਤ
ਸ਼ਬਦਾਵਲੀ ਵਰਤੀ, ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਉਸਦੀ ਸਰਕਾਰ ਬਣਾਉਣ ਦੀ ਠਾਣ
ਲਈ ਪ੍ਰੰਤੂ ਆਪਣੀ ਹੈਂਕੜ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖੀ ਸੁੱਚਾ
ਸਿੰਘ ਛੋਟੇਪੁਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਸੁਪਨੇ ਵੇਖਦਿਆਂ ਹੀ
ਮਾਮੂਲੀ ਇਲਜ਼ਾਮ ਲਾ ਕੇ ਪਾਰਟੀ ਵਿਚੋਂ ਬਾਹਰ ਕਰ ਦਿੱਤਾ। ਪਾਰਟੀ ਦੋਫਾੜ ਹੋ ਗਈ।
ਪੰਜਾਬ ਦੇ ਲੋਕ ਫਿਰ ਵੀ ਆਮ ਆਦਮੀ ਪਾਰਟੀ ਲਈ ਲੱਟੂ ਸਨ ਪ੍ਰੰਤੁ ਗ਼ਲਤ ਟਿਕਟਾਂ ਦੀ
ਵੰਡ ਨੇ ਵਾਲੰਟੀਅਰ ਨਰਾਜ਼ ਕੀਤੇ ਕਿਉਂਕਿ ਉਸਨੇ ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ
ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟਾਂ ਨਾਲ ਨਿਵਾਜਿਆ। ਲੋਕ ਇਨਸਾਫ
ਪਾਰਟੀ ਨੂੰ 4 ਸੀਟਾਂ ਲੁਧਿਆਣਾ ਦੀਆਂ ਅਤੇ ਇਕ ਸੰਗਰੂਰ ਜਿਲ੍ਹੇ ਦੀ ਦੇ ਕੇ
ਵਾਲੰਟੀਅਰ ਨਰਾਜ਼ ਕਰ ਲਏ। ਜਿਹੜੇ ਵਾਲੰਟੀਅਰ ਚਾਰ ਸਾਲਾਂ ਤੋਂ ਟਿਕਟਾਂ ਦੀ ਆਸ ਲਾਈ
ਬੈਠੇ ਸਨ, ਨਿਰਾਸ਼ ਹੋ ਗਏ। ਪੰਜਾਬ ਦੇ ਵੋਟਰਾਂ ਨੇ ਫਿਰ ਵੀ ਪਹਿਲੀ ਵਾਰ ਚੋਣ
ਮੈਦਾਨ ਵਿਚ ਆਈ ਨਵੀਂ ਪਾਰਟੀ ਲਈ ਦੋ ਦਰਜਨ ਦੇ ਕਰੀਬ ਵਿਧਾਨਕਾਰ ਚੁਣਕੇ ਆਮ ਆਦਮੀ
ਪਾਰਟੀ ਨੂੰ ਦਿੱਤੇ। ਹਰਵਿੰਦਰ ਸਿੰਘ ਫੂਲਕਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ
ਦਾ ਨੇਤਾ ਬਣਾਇਆ ਗਿਆ। ਉਹ ਅੱਧ ਵਿਚਕਾਰ ਅਹੁਦਾ ਛੱਡ ਗਿਆ। ਸੁਖਪਾਲ ਸਿੰਘ ਖਹਿਰਾ
ਨੂੰ ਵਿਰੋਧੀ ਧਿਰ ਦਾ ਲੀਡਰ ਚੁਣਿਆਂ ਗਿਆ। ਚੋਣ ਚੰਗੀ ਹੈ ਪ੍ਰੰਤੂ ਪਾਰਟੀ ਦੇ
ਨੇਤਾਵਾਂ ਦੀ ਕਸ਼ਮਕਸ਼ ਵੱਧਦੀ ਰਹੀ। ਅੰਦਰਖ਼ਾਤੇ ਕੇਜਰੀਵਾਲ ਦੇ ਭਰੋਸੇਮੰਦ ਸੁਖਪਾਲ
ਸਿੰਘ ਖਹਿਰੇ ਦਾ ਵਿਰੋਧ ਕਰਦੇ ਰਹੇ। ਅਖ਼ੀਰ 15 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੇ
ਅਚਾਨਕ ਹੀ ਕਚਹਿਰੀ ਵਿਚ ਉਸਦੇ ਵਿਰੁਧ ਬਿਕਰਮ ਸਿੰਘ ਮਜੀਠੀਆ ਵੱਲੋਂ ਇਜ਼ਤ ਹਤਕ ਦੇ
ਕੇਸ ਵਿਚ ਮੁਆਫੀ ਮੰਗ ਲਈ, ਜਿਸਤੋਂ ਬਾਅਦ ਤਾਂ ਆਮ ਆਦਮੀ ਪਾਰਟੀ ਦੇ ਹਰ ਨੇਤਾ ਅਤੇ
ਵਰਕਰ ਵਿਚ ਤਰਥੱਲੀ ਮੱਚ ਗਈ।
ਗ਼ਲਤੀ ਕੇਜਰੀਵਾਲ ਦੀ ਪ੍ਰੰਤੂ ਪੰਜਾਬ ਦੇ ਨੇਤਾ ਅਤੇ ਵਰਕਰ ਸ਼ਰਮਸ਼ਾਰ ਹੋਏ।
ਥੁੱਕ ਕੇ ਚੱਟਣਾ ਆਪਣੇ ਪੈਰ ਕੁਹਾੜੀ ਮਾਰਨ ਦੇ ਬਰਾਬਰ ਹੁੰਦਾ ਹੈ। ਪਾਰਟੀ
ਵਿਚ ਇਕ ਕਿਸਮ ਨਾਲ ਭੁਚਾਲ ਹੀ ਆ ਗਿਆ। ਜਿਸ ਬਿਕਰਮ ਸਿੰਘ ਮਜੀਠੀਆ ਨੂੰ ਅਰਵਿੰਦ
ਕੇਜਰੀਵਾਲ ਨੇ ਦੋਸ਼ ਲਾ ਕੇ ਨਸ਼ਿਆਂ ਦਾ ਸੌਦਾਗਰ ਤੱਕ ਕਿਹਾ, ਸਰਕਾਰ ਬਣਨ ਤੇ ਕਾਲਰ
ਤੋਂ ਫੜਕੇ ਜੇਲ੍ਹ ਭੇਜਣ ਦੀ ਗੱਲ ਕੀਤੀ, ਉਸੇ ਤੋਂ ਮੁਆਫੀ ਮੰਗ ਲਈ ਤੇ ਤੁਰੰਤ
ਬਿਕਰਮ ਸਿੰਘ ਮਜੀਠੀਆ ਨੇ ਵੀ ਕੇਸ ਵਾਪਸ ਲੈਣ ਦਾ ਬਿਆਨ ਦੇ ਦਿੱਤਾ। ਇਸ ਤੋਂ ਕੋਈ
ਅੰਦਰਖ਼ਾਤੇ ਹੋਏ ਸਮਝੌਤੇ ਦੀ ਕਨਸੋਅ ਆ ਰਹੀ ਹੈ। ਸਿਆਸੀ ਲੋਕਾਂ ਨੂੰ ਤਾਂ ਕੋਈ ਵੀ
ਲਫਜ਼ ਮੂੰਹ ਵਿਚੋਂ ਕੱਢਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਕਿ ਉਸਦੇ ਬੋਲਣ
ਦਾ ਜਨਤਾ ਤੇ ਕੀ ਪ੍ਰਭਾਵ ਪਵੇਗਾ। ਦੋਸ਼ ਕਿਸੇ ਸਬੂਤ ਉਪਰ ਲਾਉਣਾ ਚਾਹੀਦਾ ਸੀ
ਪ੍ਰੰਤੂ ਚੋਣ ਜਿੱਤਣ ਲਈ ਦੋਸ਼ ਲਾ ਦਿੱਤੇ। ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ
ਮਾਨ ਅਤੇ ਕੋ ਕਨਵੀਨਰ ਅਮਨ ਅਰੋੜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ
ਸਨ, ਜਿਨ੍ਹਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ
ਇੱਕ ਵਿਸ਼ਵਾਸ਼ ਪਾਤਰ ਡਾ.ਬਲਬੀਰ ਸਿੰਘ ਪੰਜਾਬ ਇਕਾਈ ਦਾ ਸਹਿ ਕਨਵੀਨਰ ਬਣਾ ਦਿੱਤਾ।
ਵਿਧਾਨਕਾਰਾਂ ਨੇ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਤੇ ਹੈਰਾਨੀ ਪ੍ਰਗਟ ਕਰਦਿਆਂ
ਕਿਹਾ ਉਨ੍ਹਾਂ ਇਹ ਪਾਰਟੀ ਨੂੰ ਭਰੋਸੇ ਵਿਚ ਲੈਣ ਤੋਂ ਬਿਨਾਂ ਫੈਸਲਾ ਕਰਕੇ ਚੰਗਾ
ਨਹੀਂ ਕੀਤਾ। ਇਥੋਂ ਤੱਕ ਕਿ ਵੱਖਰੀ ਪੰਜਾਬ ਦੀ ਇਕਾਈ ਬਣਾਉਣ ਤੇ ਵਿਚਾਰ ਵਟਾਂਦਰਾ
ਕੀਤਾ। ਅੱਧੇ ਵਿਧਾਨਕਾਰ ਵੱਖਰੀ ਪਾਰਟੀ ਬਣਾਉਣ ਦੇ ਹੱਕ ਵਿਚ ਹਨ। ਵੇਖੋ ਊਂਟ ਕਿਸ
ਕਰਵਟ ਬੈਠਦਾ ਹੈ। ਇਕ ਗੱਲ ਤਾਂ ਸਾਫ ਹੈ ਕਿ ਪਾਰਟੀ ਦੋਫਾੜ ਭਾਵੇਂ ਨਾ ਹੋਵੇ
ਪ੍ਰੰਤੂ ਪਾਰਟੀ ਦ ਵਕਾਰ ਖ਼ਤਮ ਹੋਣ ਦੇ ਰਸਤੇ ਪੈ ਗਿਆ ਹੈ। ਪਾਰਟੀ ਦੇ ਪੈਰ ਉਖੜ ਗਏ
ਹਨ, ਮੁੜ ਪੈਰਾਂ ਤੇ ਖੜ੍ਹੇ ਹੋਣਾ ਮੁਸ਼ਕਲ ਹੈ। ਅਕਾਲੀ ਦਲ ਅਤੇ ਕਾਂਗਰਸ ਕੱਛਾਂ
ਵਜਾ ਰਹੇ ਹਨ ਕਿ ਉਨ੍ਹਾਂ ਦੇ ਵੋਟ ਬੈਂਕ ਵਾਪਸ ਆ ਜਾਣਗੇ। ਦਿੱਲੀ ਦੇ ਉਪ ਮੁੱਖ
ਮੰਤਰੀ ਮਨੀਸ਼ ਸ਼ਿਸ਼ੋਦੀਆ ਜੋ ਪੰਜਾਬ ਦੇ ਇਨਚਾਰਜ ਹਨ, ਉਹ ਕਹਿ ਰਹੇ ਹਨ ਕਿ ਜੇਕਰ
ਮੁੱਖ ਮੰਤਰੀ ਕੇਸਾਂ ਵਿਚ ਜਾਂਦਾ ਰਹੇਗਾ ਤਾਂ ਲੋਕ ਭਲਾਈ ਦੇ ਕੰਮ ਨਹੀਂ ਹੋ
ਸਕਣਗੇ। ਕਿਉਂਕਿ ਅਜਿਹੇ 23 ਕੇਸ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਚਲ ਰਹੇ ਹਨ।
ਮੁੱਖ ਮੰਤਰੀ ਨੂੰ ਹਰ ਕੇਸ ਵਿਚ ਹਾਜ਼ਰ ਹੋਣਾ ਪੈਂਦਾ ਹੈ। ਮੁਆਫੀ ਮੰਗਣ ਨੂੰ ਸਿਆਸੀ
ਦਾਅ ਪੇਚ ਵੀ ਕਿਹਾ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਉਪਰ ਵੀ 23 ਕੇਸਾਂ ਦਾ ਹਵਾਲਾ ਦੇ
ਕੇ ਮੁਆਫੀ ਨੂੰ ਸਹੀ ਦਰਸਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਲੋਕਾਂ ਨੂੰ
ਇਹ ਗੱਲ ਹਜ਼ਮ ਨਹੀਂ ਹੋ ਰਹੀ। ਪਾਰਟੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਆਪਣੇ
ਮਕਸਦ ਤੋਂ ਥਿੜਕ ਗਈ ਹੈ। ਪੰਜਾਬ ਦੇ ਲੋਕਾਂ ਨਾਲ ਧੋਖਾ ਹੈ, ਜਿਸ ਕਰਕੇ ਆਮ ਆਦਮੀ
ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਦੇ ਬਦਲ ਵੱਜੋਂ ਉਭਰੀ ਪਾਰਟੀ
ਅਕਾਲੀ ਦਲ ਕਾਰਨ ਹੀ ਖ਼ਤਮ ਹੋ ਰਹੀ ਹੈ। ਤੀਜਾ ਬਦਲ ਬਣਨ ਦਾ ਸਪਨਾ ਚਕਨਾਚੂਰ ਹੋ
ਗਿਆ ਹੈ।
ਆਮ ਆਦਮੀ ਪਾਰਟੀ ਲਈ ਸਭ ਤੋਂ ਵਧੇਰੇ ਦਾਨ ਦੇਣ ਵਾਲੇ ਪਰਵਾਸੀ
ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਸਿਅਸੀ ਤਾਕਤ ਦੇ ਭੁੱਖੇ ਲੋਕਾਂ ਦਾ
ਕੋਈ ਦੀਨ ਇਮਾਨ ਨਹੀਂ ਹੁੰਦਾ। ਇਹ ਗੱਲ ਸੱਚ ਸਾਬਤ ਹੋ ਗਈ ਹੈ। ਆਮ ਆਦਮੀ ਪਾਰਟੀ
ਦੇ ਹਮਦਰਦ ਇਹ ਮਹਿਸੂਸ ਕਰ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਹੋਰ
ਬੇਵਕੂਫ਼ ਨਹੀਂ ਬਣਾ ਸਕਦਾ। ਲੱਗਦਾ ਤਾਂ ਇਉਂ ਹੈ ਕਿ ਆਮ ਆਦਮੀ ਪਾਰਟੀ ਦਾ ਮਸਲਾ
ਹੱਲ ਹੋ ਜਾਵੇਗਾ ਪ੍ਰੰਤੂ ਪਾਰਟੀ ਦਾ ਜਿਹੜਾ ਨੁਕਸਾਨ ਹੋ ਗਿਆ ਹੈ, ਇਸਦੀ ਭਰਪਾਈ
ਕਰਨੀ ਅਸੰਭਵ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਲੋਕਾਂ ਦੇ ਮਨਾਂ ਵਿਚ ਲੋਕ ਨਾਇਕ
ਤੋਂ ਖਲਨਾਇਕ ਬਣ ਗਿਆ ਹੈ। ਲੋਕਾਂ ਨੇ ਅਸਮਾਨ ਤੇ ਚੜ੍ਹਾਇਆ ਸੀ ਹੁਣ ਲੋਕਾਂ ਨੇ ਹੀ
ਪੌੜੀ ਖਿੱਚ ਲਈ ਹੈ। ਅਰਵਿੰਦ ਕੇਜਰੀਵਾਲ ਘਬਰਾ ਗਿਆ ਲੱਗਦਾ ਹੈ, ਇਸ ਕਰਕੇ ਉਸਨੇ
ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕਾਂਗਰਸੀ ਨੇਤਾ ਕਪਿਲ ਸਿਬਲ ਅਤੇ ਉਸਦੇ ਲੜਕੇ
ਅਮਿਤ ਸਿਬਲ ਤੋਂ ਵੀ ਮੁਆਫ਼ੀ ਮੰਗ ਲਈ ਹੈ। ਮੁਆਫ਼ੀ ਮੰਗਣ ਲੱਗਿਆਂ ਵੀ ਕੇਜਰੀਵਾਲ ਨੇ
ਪਰੰਪਰਾ ਤੋੜ ਦਿੱਤੀ ਹੈ ਕਿਉਂਕਿ ਆਮ ਤੌਰ ਤੇ ਮੁਆਫੀ ਗੋਲ ਮੋਲ ਸ਼ਬਦਾਂ ਵਿਚ ਮੰਗੀ
ਜਾਂਦੀ ਹੈ ਪ੍ਰੰਤੂ ਅਰਵਿੰਦ ਕੇਜਰੀਵਾਲ ਨੇ ਤਾਂ ਕਮਾਲ ਹੀ ਕਰ ਦਿੱਤੀ, ਸਿੱਧਿਆਂ
ਹੀ ਹੱਥ ਬੰਨ੍ਹ ਦਿੱਤੇ। ਇਹ ਸਾਰਾ ਘਟਨਾਕਰਮ ਸਿਆਸੀ ਸੂਝ ਦੀ ਘਾਟ ਕਰਕੇ ਹੋਇਆ ਹੈ।
ਰੱਬ ਕੇਜਰੀਵਾਲ ਨੂੰ ਸਿਆਸੀ ਸਮੱਤ ਬਖ਼ਸ਼ੇ। (20/03/2018)
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
|