WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ  (05/01/2018)


ਆਗਰਾ ਸੰਮੇਲਨ ਸਮੇ ਸਾਬਕਾ ਪ੍ਰਧਾਨਮੰਤਰੀ ਇੰਦਰਜੀਤ ਗੁਜਰਾਲ
ਅਤੇ ਜਸਵੰਤ ਸਿੰਘ ‘ਅਜੀਤ’

ਲਗਭਗ ਇੱਕ ਵਰ੍ਹਾ ਪਹਿਲਾਂ ਦੀ ਗਲ ਹੈ ਕਿ ਭਾਰਤੀ ਸੈਨਾ ਨੇ ਪਾਕਿਸਤਾਨ ਵਿਚਲੇ ਅੱਤਵਾਦੀਆਂ ਦੇ ਟਿਕਾਣਆਂ ਨੂੰ ਨੇਸਤੋ-ਨਾਬੂਦ ਕਰਨ ਲਈ ਸਰਜੀਕਲ ਸਟ੍ਰਾਈਕ  ਕੀਤੀ ਸੀ ਜਿਸਤੋਂ ਬਾਅਦ ਸਰਕਾਰੀ ਤੰਤਰ ਅਤੇ ਮੀਡੀਆ ਨੇ ਬਹੁਤ ਉਛਾਲਿਆ ਤੇ ਦਾਵਾ ਕੀਤਾ ਕਿ ਭਾਰਤੀ ਸੈਨਾ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ  ਰਾਹੀਂ ਜਿਥੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ ਹੈ, ਉਥੇ ਹੀ ਪਾਕਿਸਤਾਨੀ ਸੈਨਾ ਦਾ ਲਕ ਵੀ ਤੋੜ ਦਿੱਤਾ ਗਿਆ ਹੈ। ਕੁਝ ਹਲਕਿਆਂ ਨੇ ਇਥੋਂ ਤਕ ਵੀ ਦਾਅਵਾ ਕੀਤਾ ਕਿ ਭਾਰਤੀ ਸੈਨਾ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੂੰ ਭਾਰਤ ਪੁਰ ਹਮਲਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇਗਾ। ਪਰ ਹੋਇਆ ਕੀ? ਬਜਾਏ ਇਸਦੇ ਕਿ ਸਰਜੀਕਲ ਸਟ੍ਰਾਈਕ  ਤੋਂ ਪਾਕਿਸਤਾਨ ਤੇ ਉਸਦੀ ਸੈਨਾ ਕੁਝ ਸਬਕ ਸਿਖਦੀ ਉਸ ਵਲੋਂ ਅਤੇ ਉਸਦੀ ਸ਼ਹਿ ਤੇ ਕੰਟਰੋਲ ਰੇਖਾ ਦੀ ਉਲੰਘਣਾ ਕਰ ਭਾਰਤੀ ਇਲਾਕੇ ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜੋ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ। ਹਾਲਾਂਕਿ ਪਿਛਲੇ ਦਿਨੀਂ ਭਾਰਤੀ ਸੈਨਾ ਨੇ ਇੱਕ ਹੋਰ ਸਰਜੀਕਲ ਸਟ੍ਰਾਈਕ  ਕਰ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਅਜਿਹੇ ਹਾਲਤ ਵਿੱਚ ਬੀਤੇ ਲੰਬੇ ਸਮੇਂ ਤੋਂ ਬਾਰ-ਬਾਰ ਇਹ ਸੁਆਲ ਪੁਛਿਆ ਜਾ ਰਿਹਾ ਹੈ ਕਿ ਆਖਿਰ ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?

ਇਹ ਇੱਕ ਅਜਿਹਾ ਸੁਆਲ ਹੈ, ਜੋ ਅੱਜ ਹੀ ਨਹੀਂ, ਸਗੋਂ ਭਾਰਤ-ਪਾਕ ਦੇ ਆਮ ਵਾਸੀਆਂ ਵਲੋਂ ਬੀਤੇ ਕਾਫੀ ਲੰਮੇਂ ਸਮੇਂ ਤੋਂ ਲਗਾਤਾਰ ਪੁਛਿਆ ਜਾਂਦਾ ਚਲਿਆ ਆ ਰਿਹਾ ਹੈ। ਇਹ ਸੁਆਲ ਸਿਰਫ ਪੁਛਿਆ ਹੀ ਨਹੀਂ ਜਾਂਦਾ, ਸਗੋਂ ਸਮੇਂ-ਸਮੇਂ ਇਸਦਾ ਜੁਆਬ ਲਭਣ ਅਤੇ ਆਪਸੀ ਸੰਬੰਧਾਂ ਨੂੰ ਸੁਧਾਰਣ ਦੇ ਜਤਨ ਵੀ ਕੀਤੇ ਜਾਂਦੇ ਰਹਿੰਦੇ ਹਨ। ਇਨ੍ਹਾਂ ਜਤਨਾਂ ਦੌਰਾਨ ਜਦੋਂ ਵੀ ਸੰਬੰਧ ਸੁਧਰਣ ਦੀ ਆਸ ਬਝਦੀ ਹੈ, ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਗਲ ਫਿਰ ਉਥੇ ਦੀ ਉਥੇ ਹੀ ਵਾਪਸ ਆ ਖੜਦੀ।

ਇਸਤੋਂ ਪਹਿਲਾਂ ਵੀ ਜਦੋਂ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਵਜੋਂ ਪਾਕਿਸਤਾਨ ਦੀ ਹਕੂਮਤ ਸੰਭਾਲੀ ਸੀ, ਉਸ ਸਮੇਂ ਵੀ ਉਸਨੇ ਆਪਣੇ ਪਹਿਲੇ ਭਾਸ਼ਣ ਵਿੱਚ ਭਾਰਤ ਨਾਲ ਸੁਖਾਵੇਂ ਸਬੰਧ ਕਾਇਮ ਕਰਨ ਪ੍ਰਤੀ ਵਚਨਬਧੱਤਾ ਪ੍ਰਗਟਾਈ ਸੀ। ਇਧਰ ਉਸਨੇ ਇਹ ਵਚਨਬਧੱਤਾ ਪ੍ਰਗਟਾਈ ਤੇ ਉਧਰ ਹੁਣ ਪਾਕਿਸਤਾਨੀ ਫੌਜ ਵਲੋਂ ਕਸ਼ਮੀਰ ਵਿੱਚ ਜੰਗ-ਬੰਦੀ ਸਮਝੋਤੇ ਦੀ ਉਲੰਘਣਾ ਕਰ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ, ਜੋ ਰਹਿ-ਰਹਿ ਕੇ ਲਗਾਤਾਰ ਜਾਰੀ ਰਹੀ। ਉਸੇ ਸਮੇਂ, ਨਵਾਜ਼ ਸ਼ਰੀਫ, ਜਿਸਨੇ ਕੁਝ ਹੀ ਸਮਾਂ ਪਹਿਲਾਂ ਭਾਰਤ ਨਾਲ ਸੁਖਾਵੇਂ ਸਬੰਧ ਕਾਇਮ ਕਰਨ ਦੀ ਗਲ ਕੀਤੀ ਸੀ, ਨੇ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਤਬਾਹ-ਕੁੰਨ ਜੰਗ ਹੋਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਉਸਤੋਂ ਕੁਝ ਹੀ ਸਮਾਂ ਪਹਿਲਾਂ ਪਾਕਿਸਤਾਨ ਦੇ ਫੌਜੀ ਮੁੱਖੀ ਨੇ ਵੀ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦਿਆਂ, ਧਮਕੀ ਦੇ ਦਿੱਤੀ, ਕਿ ਭਾਰਤ, ਪਾਕਿਸਤਾਨ ਨੂੰ ਕਮਜ਼ੋਰ ਨਾ ਸਮਝੇ, ਉਸ (ਭਾਰਤ) ਦੇ ਸਾਰੇ ਮਹਤੱਵਪੂਰਣ ਠਿਕਾਣੇ ਪਾਕਿਸਤਾਨੀ ਫੌਜ ਦੇ ਨਿਸ਼ਾਨੇ ਤੇ ਹਨ। ਪਾਕਿਸਤਾਨੀ ਫੌਜ ਦੇ ਇਸ ਮੁੱਖੀ ਦੇ ਬਿਆਨ ਤੋਂ ਬਾਅਦ, ਪਾਕਿਸਤਾਨ ਦੇ ਉਸ ਸਮੇਂ ਸਾਬਕਾ ਚਲੇ ਆ ਰਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਬਿਆਨ ਆਇਆ, ਕਿ ਜੇ ਪਾਕਿਸਤਾਨ ਨੇ ਅੱਗੇ ਵਧੱਣਾ ਅਤੇ ਤਰੱਕੀ ਕਰਨੀ ਹੈ ਤਾਂ ਉਸਨੂੰ ਆਪਣੇ ਗੁਆਂਢੀ, ਭਾਰਤ ਨੂੰ ਸਭ ਤੋਂ ਵੱਡੇ ਦੁਸ਼ਮਣ ਵਜੋਂ ਵੇਖਣਾ ਬੰਦ ਕਰਨਾ ਅਤੇ ਉਸ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਨ ਦੇ ਜਤਨ ਕਰਨੇ ਚਾਹੀਦੇ ਹਨ। ਪਰ ਜਦੋਂ ਉਹ ਆਪ ਪ੍ਰਧਾਨ ਮੰਤਰੀ ਬਣਿਆਂ ਤਾਂ ਉਹ ਆਪ ਵੀ ਪਾਕਿਸਤਾਨੀ ਹਾਕਮਾਂ ਅਤੇ ਫੌਜੀ ਮੁਖੀ ਨੂੰ ਦਿੱਤੀ ਗਈ, ਇਸ ਸਲਾਹ ਨੂੰ ਭੁਲਾ, ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇਣ ਤੇ ਤੁਲ ਗਿਆ।

ਇਥੇ ਇਹ ਵਰਨਣਯੋਗ ਹੈ ਕਿ ਉਨ੍ਹਾਂ ਦਿਨਾਂ ਵਿੱਚ ਹੀ ਅਮਰੀਕਾ ਦੇ ਸਾਬਕਾ ਰਾਸ਼ਟਰੀ ਸਲਾਹਕਾਰ ਜੇਮਸ ਜੋਨਸ ਨੇ ਕਿਹਾ ਸੀ ਕਿ ਭਾਰਤ ਨੇ ਕਈ ਵਾਰ ਪਾਕਿਸਤਾਨ ਵਲ ਦੋਸਤੀ ਦਾ ਹੱਥ ਵਧਾਇਆ, ਪਰ ਪਾਕਿਸਤਾਨ ਦੀ ਉਸ ਪ੍ਰਤੀ ਪ੍ਰਤੀਕਿਰਿਆ ਸਦਾ ਹੀ ਨਕਾਰਾਤਮਕ ਰਹੀ। ਉਸ ਸਮੇਂ ਚੀਨ ਦੀ ਸਿਖਰ ਲੀਡਰਸ਼ਿਪ ਨੇ ਵੀ ਪਾਕਿਸਤਾਨ ਦੇ ਹਾਕਮਾਂ ਨੂੰ ਨਸੀਹਤ ਦਿੱਤੀ ਕਿ ਉਹ ਭਾਰਤ ਸਹਿਤ ਆਪਣੇ ਸਾਰੇ ਗੁਆਂਢੀਆਂ ਨਾਲ ਸੰਬੰਧ ਸੁਧਾਰਨ। ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕਿਹਾ, ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ, ਭਾਰਤ ਪ੍ਰਤੀ ਬਹੁਤ ਹਦ ਤਕ ਗ਼ਲਤ ਜ਼ਿਦ ਪਕੜੀ ਬੈਠਾ ਹੈ। ਪਾਕਿਸਤਾਨ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਸਨੂੰ ਸਭ ਤੋਂ ਵੱਡਾ ਖ਼ਤਰਾ ਬਾਹਰੋਂ ਨਹੀਂ, ਸਗੋਂ ਆਪਣੇ ‘ਘਰ ਦੇ ਅੰਦਰੋਂ’ ਹੀ ਹੈ।

ਇਨ੍ਹਾਂ ਸਾਰੇ ਬਿਆਨਾਂ ਦੀ ਘੋਖ ਕਰਨ ਉਪਰੰਤ ਇਹ ਗਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਪਾਕਿਸਤਾਨ ਦੀ ਸੱਤਾ ਪੁਰ ਆਪਣਾ ਗ਼ਲਬਾ ਕਾਇਮ ਰਖਣ ਲਈ ਫੌਜੀ ਮੁੱਖੀ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਸਥਾਪਤ ਕਰੀ ਰਖਣਾ ਚਾਹੁੰਦੇ ਹਨ, ਜਦਕਿ ਪਾਕਿਸਤਾਨ ਦੇ ਹੁਕਮਰਾਨ ਅਤੇ ਅਵਾਮ ਦੇ ਨਾਲ ਹੀ ਸੰਸਾਰ ਦੇ ਪ੍ਰਮੁਖ ਦੇਸ਼ਾਂ ਦੇ ਮੁੱਖੀ ਸਵੀਕਾਰਦੇ ਹਨ ਕਿ ਭਾਰਤ ਨਾਲ ਸੁਖਾਵੇਂ ਤੇ ਸਦਭਾਵਨਾ-ਪੂਰਣ ਸਬੰਧ ਬਣਾਈ ਰਖ ਕੇ ਹੀ ਪਾਕਿਸਤਾਨ ਅੱਗੇ ਵੱਧ ਤੇ ਤਰੱਕੀ ਕਰ ਸਕਦਾ ਹੈ। ਪਰ ਪਾਕਿਸਤਾਨ ਦੇ ਹਾਕਮ ਫੌਜ ਦੇ ਦਬਦਬਾ ਤੋਂ ਇਤਨੇ ਡਰੇ ਅਤੇ ਸਹਿਮੇ ਰਹਿੰਦੇ ਹਨ ਕਿ ਉਹ ਭਾਰਤ ਵਲੋਂ ਬਾਰ-ਬਾਰ ਦੋਸਤੀ ਦਾ ਹੱਥ ਵਧਾਏ ਜਾਣ ਤੇ, ਚਾਹੁੰਦੇ ਹੋਏ ਵੀ ਉਸਨੂੰ ਥੰਮਣ ਦੀ ਹਿੰਮਤ ਨਹੀਂ ਜੁਟਾ ਪਾਂਦੇ।

ਬੀਤੇ ਅਤੇ ਅੱਜ ਵਿੱਚ ਕੋਈ ਫਰਕ ਨਹੀਂ : ਜੇ ਪਿਛੇ ਵਲ ਝਾਤ ਮਾਰੀ ਜਾਏ ਤਾਂ ਇਹ ਗਲ ਸਪਸ਼ਟ ਹੋ ਜਾਇਗੀ ਕਿ ਇਹ ਸਥਿਤੀ ਅੱਜ ਦੀ ਨਹੀਂ, ਸਗੋਂ ਬੀਤੇ ਕਈ ਦਹਾਕਿਆਂ ਤੋਂ ਬਣੀ ਚਲੀ ਆ ਰਹੀ ਹੈ। ਸੰਨ-2001 ਦੇ ਮੱਧ ਦੀ ਗਲ ਹੈ, ਪਾਕਿਸਤਾਨ ਦੇ ਉਸ ਸਮੇਂ ਦੇ ਫੌਜੀ-ਰਾਸ਼ਟਰਪਤੀ ਜਨਰਲ ਮੁਸ਼ਰਫ ਭਾਰਤ ਦੇ ਉਸ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਾਲ ਵਾਰਤਾ ਕਰਨ ਆ ਰਹੇ ਸਨ। ਇਸ ਵਾਰਤਾ ਨੂੰ ਭਾਰਤ-ਪਾਕ ਸਿਖਰ-ਵਾਰਤਾ ਦਾ ਨਾਂ ਦਿੱਤਾ ਗਿਆ ਸੀ। ਇਸਦੇ ਭਵਿੱਖ ਬਾਰੇ ਅਨੁਮਾਨ ਲਾਉਣ ਅਤੇ ਮੁਲਾਕਾਤ ਤੋਂ ਬਾਅਦ ਦੇ ਨਤੀਜਿਆਂ ਬਾਰੇ ਜਾਣਨ ਲਈ, ਇਸ ਪਤ੍ਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਨਾਲ ਉਤੋ-ੜੁਤੀ ਦੋ ਮੁਲਾਕਾਤਾਂ ਕੀਤੀਆਂ।

ਪਹਿਲੀ ਮੁਲਾਕਾਤ, ਜੋ ਸਿਖਰ-ਵਾਰਤਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਗਈ, ਦੌਰਾਨ ਸ਼੍ਰੀ ਇੰਦਰ ਕੁਮਾਰ ਗੁਜਰਾਲ ਨੇ ਸਿਖਰ-ਵਾਰਤਾ ਦੇ ਸਫਲ ਹੋਣ ਦੀ ਕਾਮਨਾ ਤਾਂ ਕੀਤੀ, ਪਰ ਇਸਦੇ ਨਾਲ ਹੀ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਲਗਭਗ ਦੋ ਵਰ੍ਹੇ ਬਾਅਦ ਸ਼ੁਰੂ ਹੋ ਰਹੀ, ਇਸ ਆਪਸੀ ਵਾਰਤਾ ਦੀ ਸਫਲਤਾ ਜਨਰਲ ਮੁਸ਼ਰਫ ਦੇ ਵਤੀਰੇ ਤੇ ਨਿਰਭਰ ਕਰਦੀ ਹੈ। ਉਨ੍ਹਾਂ ਦਸਿਆ ਕਿ 1997 ਵਿੱਚ ਭਾਰਤ-ਪਾਕਿਸਤਾਨ ਸੰਬੰਧ ਸੁਧਾਰਣ ਲਈ, ਉਨ੍ਹਾਂ ਪ੍ਰਧਾਨ ਮੰਤਰੀ ਵਜੋਂ, ਜੋ ਪ੍ਰਕ੍ਰਿਆ ਅਰੰਭੀ ਸੀ, ਉਸਨੂੰ ਅੱਗੇ ਵਧਾਣ ਲਈ, ਮਾਲੇ, ਨਿਊਯਾਰਕ, ਐਡਨਬਰਾ ਅਤੇ ਢਾਕਾ ਵਿਖੇ ਭਾਰਤ-ਪਾਕਿਸਤਾਨ ਵਿਚਲੇ ਚਾਰ ਬੈਠਕਾਂ ਹੋਈਆਂ। ਇਨ੍ਹਾਂ ਚਹੁੰ ਬੈਠਕਾਂ ਵਿੱਚ ਹੀ ਇਸ ਗਲ ਨੂੰ ਸਵੀਕਾਰ ਕੀਤਾ ਗਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸੰਬੰਧਾਂ ਨੂੰ ਸੁਧਾਰਣ ਦੀ ਲੋੜ ਹੈ। ਇਸਦੇ ਲਈ ਜ਼ਰੂਰੀ ਹੈ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਇੱਕ-ਦੂਜੇ ਦੇ ਦੇਸ਼ ਆਉਣ-ਜਾਣ ਅਤੇ ਤਜਾਰਤ ਵਿੱਚ ਵਾਧਾ ਹੋਵੇ। ਇਸ ਪਾਸੇ ਕੁਝ ਪ੍ਰਗਤੀ ਵੀ ਹੋਈ। ਫਿਰ ਗਲ ਨੂੰ ਅੱਗੇ ਵਧਾਣ ਲਈ ਕੋਲੰਬੌ, ਨਿਊਯਾਰਕ ਅਤੇ ਲਾਹੌਰ ਵਿੱਖੇ ਬੈਠਕਾਂ ਹੋਈਆਂ। ਜਿਨ੍ਹਾਂ ਦੇ ਫਲਸਰੂਪ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਤੁਅਲਕਾਤ ਵੱਧੇ ਅਤੇ ਇਸਦੇ ਨਾਲ ਹੀ ਆਪਸੀ ਤਜਾਰਤ ਵਿੱਚ ਵੀ ਵਾਧਾ ਹੋਇਆ। ਪਰ ਕਾਰਗਿਲ ਘਟਨਾ, ਜਿਸ ਵਿੱਚ ਕਈ ਜਵਾਨ ਸ਼ਹੀਦ ਹੋਏ, ਕਾਰਣ ਗਲਬਾਤ ਦੇ ਦਰਵਾਜ਼ੇ ਬੰਦ ਹੋ ਗਏ।

ਸ਼੍ਰੀ ਗੁਜਰਾਲ ਨੇ ਦਸਿਆ ਕਿ ਇਸ ਸਮੇਂ ਦੌਰਾਨ ਜਨਰਲ ਮੁਸ਼ਰਫ ਨੇ ਅੱਗੇ ਆ, ਜਹਾਦੀਆਂ ਨੂੰ ਸ਼ਾਬਾਸ਼ ਅਤੇ ਹਲਾਸ਼ੇਰੀ ਦਿੱਤੀ, ਜਿਸਦੇ ਫਲਸਰੂਪ ਕਸ਼ਮੀਰ ਵਿੱਚ ਹਾਲਾਤ ਹੋਰ ਵਿਗੜ ਗਏ। ਇਸ ਕਰਕੇ ਉਨ੍ਹਾਂ ਨੂੰ ਉਮੀਦ ਨਹੀਂ ਕਿ ਇਸ ਸਿਖਰ-ਵਾਰਤਾ ਰਾਹੀਂ ਸੰਬੰਧਾਂ ਵਿੱਚ ਕੋਈ ਸੁਧਾਰ ਆ ਪਾਇਗਾ। ਫਿਰ ਵੀ ਉਨ੍ਹਾਂ ਨੂੰ ਖੁਸ਼ੀ ਹੋਵੇਗੀ, ਜੇ ਇਸ ਵਾਰਤਾ ਰਾਹੀਂ, ਜੋ ਸਦਭਾਵਨਾ ਦਾ ਵਾਤਾਵਰਣ ਲਾਹੌਰ ਤੋਂ ਸ਼ੁਰੂ ਹੋਇਆ ਸੀ, ਉਸਨੂੰ ਅੱਗੇ ਵਧਾਣ ਦਾ ਕੋਈ ਰਸਤਾ ਨਿਕਲ ਆਏ।

ਸਿਖਰ-ਵਾਰਤਾ ਖਤਮ ਹੋਣ ਤੋਂ ਬਾਅਦ ਕੋਈ ਸਾਂਝਾ ਬਿਆਨ ਜਾਰੀ ਨਹੀਂ ਸੀ ਕੀਤਾ ਗਿਆ, ਜਿਸ ਕਾਰਣ ਰਾਜਸੀ ਹਲਕਿਆਂ ਵਲੋਂ ਇਹ ਕਿਹਾ ਜਾਣ ਲਗ ਪਿਆ ਕਿ ਸਿਖਰ-ਵਾਰਤਾ ਦੇ ਅੰਤ ਵਿੱਚ ਕੋਈ ਸਾਂਝਾ ਬਿਆਨ ਜਾਰੀ ਨਾ ਕੀਤਾ ਜਾਣਾ, ਇਸਦੀ ਅਸਫਲਤਾ ਵਲ ਇਸ਼ਾਰਾ ਕਰਦਾ ਹੈ।

ਦੂਸਰੀ ਮੁਲਾਕਾਤ : ਸ਼੍ਰੀ ਇੰਦਰ ਕੁਮਾਰ ਗੁਜਰਾਲ ਨਾਲ ਦੂਸਰੀ ਮੁਲਾਕਾਤ, ਸਿਖਰ-ਵਾਰਤਾ ਖਤਮ ਹੋ ਜਾਣ ਤੋਂ ਅਗਲੇ ਦਿਨ ਹੋਈ। ਇਸ ਮੁਲਾਕਾਤ ਦੌਰਾਨ ਸ਼੍ਰੀ ਗੁਜਰਾਲ ਨੇ ਜਨਰਲ ਮੁਸ਼ਰਫ ਵਲੋਂ ਇੱਕ ਦਿਨ ਪਹਿਲਾਂ, ਵਾਰਤਾ ਦੀ ਸਮਾਪਤੀ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫ੍ਰੰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਨਰਲ ਮੁਸ਼ਰਫ ਨੇ ਸਾਰੀਆਂ ਰਾਜਸੀ ਮਾਨਤਾਵਾਂ ਅਤੇ ਕੂਟਨੀਤਕ ਪਰੰਪਰਾਵਾਂ ਦੀ ਉਲੰਘਣਾ ਕਰਦਿਆਂ ਪ੍ਰੈਸ ਕਾਨਫ੍ਰੰਸ ਬੁਲਾਈ। ਇਸ ਵਿੱਚ ਉਸਨੇ ਆਪਣਾ ਏਜੰਡਾ ਪੇਸ਼ ਕਰ, ਆਪਣਾ ਕੇਸ ਸਮਝਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ (ਭਾਰਤ) ਸਰਕਾਰ ਕੁਝ ਵੀ ਕਹਿੰਦੀ ਰਹੇ, ਜਨਰਲ ਮੁਸ਼ਰਫ ਫਾਇਦੇ ਵਿੱਚ ਰਿਹਾ। ਪ੍ਰੈਸ ਕਾਨਫ੍ਰੰਸ ਕਰ ਉਸਨੇ ਪਾਕਿਸਤਾਨੀਆਂ ਦੀਆਂ ਨਜ਼ਰਾਂ ਵਿੱਚ ਆਪਣੇ-ਆਪਨੂੰ ਹੀਰੋ ਸਥਾਪਤ ਕਰ ਲਿਆ।

ਰਾਜਨੈਤਿਕ ਪ੍ਰਤੀਕਰਮ : ਭਾਰਤ-ਪਾਕ ਵਿਚਕਾਰ ਹੋਈ ਸਿਖਰ-ਵਾਰਤਾ ਦੇ ਸਬੰਧ ਵਿੱਚ ਰਾਜਸੀ ਹਲਕਿਆਂ ਦਾ ਪਹਿਲਾ ਪ੍ਰਤੀਕਰਮ ਇਹ ਸੀ, ਕਿ ਇਸ ਵਿੱਚ ਪਾਣੀ ਹੀ ਰਿੜਕਿਆ ਗਿਆ ਹੈ। ਦੂਜੀ ਗਲ, ਜੋ ਇਹ ਸੀ ਕਿ ਪਾਕਿਸਤਾਨ ਦੇ ਹਾਕਮ ਚਾਹੁੰਦਿਆਂ ਹੋਇਆਂ ਵੀ, ਨਾ ਤਾਂ ਕਸ਼ਮੀਰ ਦੇ ਮੁੱਦੇ ਨੂੰ ਛੱਡ ਸਕਦੇ ਹਨ ਅਤੇ ਨਾ ਹੀ ਉਸਦੇ ਹਲ ਪ੍ਰਤੀ ਇਮਾਨਦਾਰ ਹੋ ਸਕਦੇ ਹਨ। ਇਸ ਸੰਬੰਧ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਜਨਰਲ ਮੁਸ਼ਰਫ ਸਿੱਖਰ-ਵਾਰਤਾ ਲਈ ਪਾਕਿਸਤਾਨ ਤੋਂ ਰਵਾਨਾ ਹੋਏ ਤਾਂ ਉਸੇ ਸਮੇਂ ਕਟੜ-ਪੰਥੀ ਜਮਾਇਤ-ਏ-ਇਸਲਾਮੀ ਦੇ ਮੁਖੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਉਸਨੇ ਕਸ਼ਮੀਰ ਬਾਰੇ ਕੋਈ ਸਮਝੌਤਾ ਕੀਤਾ ਤਾਂ ਉਸਨੂੰ ਨਾ ਤਾਂ ਪਾਕਿਸਤਾਨੀ ਫੌਜ ਅਤੇ ਨਾ ਹੀ ਪਾਕਿਸਤਾਨੀ ਅਵਾਮ ਸਵੀਕਾਰਨਗੇ। ਇਸ ਗਲ ਦੀ ਪੁਸ਼ਟੀ ਜਨਰਲ ਮੁਸ਼ਰਫ ਨੇ ਆਪ ਪ੍ਰੈਸ ਕਾਨਫੰਰਸ ਵਿੱਚ ਇਹ ਆਖ, ਕਰ ਦਿੱਤੀ ਕਿ ‘ਜੇ ਮੈਂ ਕਸ਼ਮੀਰ ਦਾ ਮੁੱਦਾ ਛੱਡ ਦਿਆਂ ਤਾਂ ਮੈਂਨੂੰ ਇਥੇ ਹੀ ਨਹਿਰਵਾਲੀ ਹਵੇਲੀ, ਜੋ ਕਿ ਦਰੀਆ ਗੰਜ ਦਿੱਲੀ ਸਥਿਤ, ਉਸਦੀ ਪੈਤ੍ਰਿਕ ਹਵੇਲੀ ਹੈ, ਲੈ ਕੇ ਰਹਿਣਾ ਪੈ ਜਾਇਗਾ’।

ਇਹ ਗਲਾਂ ਉਸ ਸਮੇਂ ਵੀ ਇਸ ਗਲ ਦਾ ਸਬੂਤ ਸਨ ਅਤੇ ਅੱਜ ਵੀ ਹਨ ਕਿ ਫੌਜ ਅਤੇ ਕਟੱੜਪੰਥੀਆਂ ਦਾ ਪਾਕਿਸਤਾਨੀ ਹਾਕਮਾਂ ਪੁਰ ਇਤਨਾ ਦਬਾਉ ਹੈ ਕਿ ਉਹ ਕਸ਼ਮੀਰ ਦੇ ਮੁੱਦੇ ਨੂੰ ਬਣਾਈ ਰਖ ਕੇ ਹੀ ਸੱਤਾ ਵਿੱਚ ਬਣੇ ਰਹਿ ਸਕਦੇ ਹਨ।

ਆਖਿਰ ਅਜਿਹਾ ਕਿਉਂ ਹੈ? ਇਸ ਸੁਆਲ ਦਾ ਜਵਾਬ ਵੀ ਜਨਰਲ ਮੁਸ਼ਰਫ ਦੇ ਪ੍ਰੈਸ ਕਾਨਫੰਰਸ ਵਿੱਚ ਕਹੇ, ਇਨ੍ਹਾਂ ਸ਼ਬਦਾਂ ਵਿਚੋਂ ਮਿਲ ਜਾਂਦਾ ਹੈ ਕਿ ‘ਭਾਰਤ ਵਲੋਂ ਬੰਗਲਾ ਦੇਸ਼ ਨੂੰ ਪਾਕਿਸਤਾਨ ਨਾਲੋਂ ਤੋੜਨ ਦੀ ਕੀਤੀ ਗਈ ਫੌਜੀ ਕਾਰਵਾਈ ਦੀ ‘ਕਸਕ’ ਅਜੇ ਤਕ ਪਾਕਿਸਤਾਨੀਆਂ ਦੇ ਦਿੱਲਾਂ ਵਿੱਚ ਹੈ’। ਜਨਰਲ ਮੁਸ਼ਰਫ ਦੇ ਇਨ੍ਹਾਂ ਸ਼ਬਦਾਂ ਵਿੱਚ ਪਾਕਿਸਤਾਨੀਆਂ ਦੀ ਜਿਸ ‘ਕਸਕ’ ਦਾ ਜ਼ਿਕਰ ਕੀਤਾ ਗਿਆ, ਉਹ ਅਸਲ ਵਿੱਚ ਪਾਕਿਸਤਾਨੀ ਅਵਾਮ ਦੀ ਨਹੀਂ, ਸਗੋਂ ਪਾਕਿਸਤਾਨੀ ਫੌਜ ਦੇ ਮੁੱਖੀਆਂ ਦੇ ਦਿਲਾਂ ਵਿਚਲੀ ਹੈ, ਜੋ 93 ਹਜ਼ਾਰ ਪਾਕਿਸਤਾਨੀ ਫੌਜੀਆਂ ਵਲੋਂ ਅਪਮਾਨ-ਜਨਕ ਢੰਗ ਨਾਲ ਭਾਰਤੀ ਫੌਜ ਸਾਹਮਣੇ, ਹਥਿਆਰ ਸੁੱਟ, ਆਤਮ-ਸਮਰਪਣ ਕਰਨ ਦਿੱਤੇ ਜਾਣ ਦੇ ਫਲਸਰੂਪ ਪੈਦਾ ਹੋਈ ਸੀ।

…ਅਤੇ ਅੰਤ ਵਿੱਚ: ਪਿਛੋਕੜ ਦੀ ਰੋਸ਼ਨੀ ਵਿੱਚ, ਪਾਕਿਸਤਾਨੀ ਫੌਜ ਦੇ ਮੁਖੀਆਂ ਦੇ ਦਿਲ ਦੀ ਕਸਕ ਹੀ ਹੈ, ਜਿਸਨੂੰ ਉਹ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦੇ, ਪਾਕਿਸਤਾਨੀਆਂ ਦੇ ਦਿਲ ਵਿੱਚ ਭਾਰਤ ਅਤੇ ਭਾਰਤੀਆਂ ਵਿਰੁਧ ਨਫਰਤ ਭਰੀ ਰਖਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹੀ ਹਥਿਆਰ ਪਾਕਿਸਤਾਨੀ ਹਾਕਮਾਂ ਅਤੇ ਅਵਾਮ ਦੇ ਭਾਰਤੀ ਅਵਾਮ ਨਾਲ ਸੰਬੰਧ ਸੁਧਾਰਣ ਦੀਆਂ ਭਾਵਨਾਵਾਂ ਦੇ ਕਿਸੇ ਸਿਟੇ ਤੇ ਪੁਜਣ ਦੇਣ ਦੇ ਰਸਤੇ ਵਿੱਚ ਰੁਕਾਵਟ ਬਣਿਆ ਹੋਇਆ ਹੈ ਅਤੇ ਅਗੋਂ ਵੀ ਬਣਿਆ ਹੀ ਰਹੇਗਾ।

Mobile : + 91 95 82 71 98 90
jaswantsinghajit@gmail.com

 

ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
 

hore-arrow1gif.gif (1195 bytes)

 
   
 
 
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com