|
|
ਪੰਜਾਬ ਨੇ ਬੜਾ ਜਬਰ ਤੇ ਜ਼ੁਲਮ ਵੇਖਿਆ ਹੈ। ਇਸੇ ਜਬਰ ਵਿੱਚੋਂ ਉਪਜੇ ਸੂਰਮੇ ਤੇ
ਸੂਰਬੀਰ ਦੁਨੀਆ ਵਾਸਤੇ ਮਿਸਾਲ ਬਣ ਗਏ ਅਤੇ ਪੁਸ਼ਤ ਦਰ ਪੁਸ਼ਤ ਆਪਣੀ ਵੀਰਤਾ ਦੀਆਂ
ਧੁੰਮਾਂ ਪਾਉਂਦੇ ਰਹੇ। ਇਸੇ ਪਹਿਚਾਣ ਸਦਕਾ ਪੂਰੇ ਵਿਸ਼ਵ ਵਿਚ ਪੰਜਾਬੀਆਂ ਦਾ ਅੱਜ
ਡੰਕਾ ਵੱਜਦਾ ਪਿਆ ਹੈ।
ਜਿੱਥੇ ਕਿਤੇ ਬਹਾਦਰ ਕੌਮਾਂ ਦੀ ਗੱਲ ਚੱਲੇ ਉੱਥੇ
ਸਿੱਖਾਂ ਦਾ ਨਾਂ ਜ਼ਰੂਰ ਆਉਂਦਾ ਹੈ। ਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਤੇ ਦੇਸ
ਲਈ ਜਾਨ ਵਾਰਨ ਦਾ ਕੰਮ ਸਿੱਖਾਂ ਨੇ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ। ਇਹ
ਜੰਗ ਭਾਵੇਂ ਆਪਣੇ ਮੁਲਕ ਦੀ ਹੋਵੇ ਜਾਂ ਵਿਸ਼ਵ ਜੰਗ, ਦਸਤਾਰਾਂ ਵਾਲੇ, ਲੰਮੇ ਜੁੱਸੇ
ਵਾਲੇ ਤੇ ਮਜ਼ਬੂਤ ਇਰਾਦੇ ਵਾਲੇ ਸਿੰਘ ਹਮੇਸ਼ਾ ਮੂਹਰਲੀ ਕਤਾਰ ਵਿਚ ਦਿਸਦੇ ਰਹੇ ਹਨ।
ਅੱਜ ਵੀ ਇਤਿਹਾਸ ਵਿਚ ਪੰਜਾਬੀਆਂ ਬਾਰੇ ਇਹੀ ਜ਼ਿਕਰ ਮਿਲਦਾ ਹੈ-‘‘ਬਦੇਸੀ
ਜਰਵਾਣਿਆਂ ਨਾਲ ਲੋਹਾ ਲੈਣ ਵਾਲੇ’’, ‘‘ਮੌਤ ਨੂੰ ਮਖੌਲਾਂ ਕਰਨ ਵਾਲੇ’’, ‘‘ਸਿਰ
ਵਾਰ ਦੇਣ ਵਾਲੇ’’, ‘‘ਚਰਖੜੀਆਂ ਉੱਤੇ ਹੱਸ ਕੇ ਚੜ੍ਹਨ ਵਾਲੇ’’, ‘‘ਤੱਤੀਆਂ ਤਵੀਆਂ
ਨੂੰ ਜਰਨ ਵਾਲੇ’’ ਆਦਿ!
ਰਤਾ ਕੁ ਇਤਿਹਾਸ ਵਿਚ ਹੋਰ ਝਾਤ ਮਾਰੀਏ। ਉੱਥੇ
ਲੱਭਣਗੇ ਆਪਣਾ ਲੋਹਾ ਮੰਨਵਾਉਣ ਵਾਲੇ ਰੋਮਨ, ਇਟੈਲੀਅਨ, ਜਰਮਨ ਤੇ ਜਪਾਨੀ ਵੀ।
ਮੰਗੋਲੀਆ ਦੇ ਚੰਗੇਜ਼ ਖ਼ਾਨ ਸਦਕਾ ਮੰਗੋਲੀਆ ਨੇ ਪੂਰੇ ਏਸ਼ੀਆ ਤੇ ਯੂਰਪ ਉੱਤੇ
ਆਪਣਾ ਰਾਜ ਸਥਾਪਤ ਕਰ ਲਿਆ।
ਐਲਗਜ਼ਾਂਡਰ, ਜੋ ਪੁਰਾਤਨ ਸਮੇਂ ਦਾ ਸਭ ਤੋਂ
ਬਹਾਦਰ ਯੋਧਾ ਮੰਨਿਆ ਗਿਆ, ਨੇ ਵੀਹ ਸਾਲ ਦੀ ਉਮਰ ਵਿਚ ਹੀ ਗਰੀਸ ਦੇ ਮੈਸੇਡੋਨੀਆ
ਤੋਂ ਸ਼ੁਰੂ ਹੋ ਕੇ ਅਫਰੀਕਾ, ਏਸ਼ੀਆ ਤੇ ਭਾਰਤ ਵਿਚ ਜਿੱਤ ਪ੍ਰਾਪਤ ਕਰ ਕੇ ਸਾਬਤ ਕਰ
ਦਿੱਤਾ ਕਿ ਪੂਰੀ ਕੌਮ ਨੂੰ ਅਗਾਂਹ ਤੋਰਨ ਤੇ ਇਤਿਹਾਸ ਸਿਰਜਨ ਲਈ ਇੱਕੋ ਦੂਰਅੰਦੇਸ਼ੀ
ਲੀਡਰ ਬਥੇਰਾ ਹੁੰਦਾ ਹੈ।
ਉਜ਼ਬੇਕਿਸਤਾਨ ਵਿਚ ਜੰਮੇ ਤੈਮੂਰ ਨੇ ਲੰਗੜੇ ਹੋਣ
ਦੇ ਬਾਵਜੂਦ ਕਹਿਰ ਢਾਅ ਕੇ ਭਾਰਤ, ਰੂਸ ਤੋਂ ਮੈਡੀਟਰੇਨੀਅਨ ਸਮੁੰਦਰ ਤੱਕ ਆਪਣਾ
ਝੰਡਾ ਫਹਿਰਾ ਦਿੱਤਾ। ਇਸੇ ਦੇ ਵੰਸ਼ਜ ਬਾਬਰ ਨੇ ਮੁਗਲ ਸਲਤਨਤ ਦਾ ਬੀਜ ਬੋਇਆ ਜਿਸ
ਨੇ 300 ਸਾਲ ਤਕ ਭਾਰਤ ਉੱਤੇ ਰਾਜ ਕੀਤਾ।
ਇਸ ਜਬਰ ਤੇ ਜ਼ੁਲਮ ਦੇ ਬੂਟੇ
ਨੂੰ ਜੜ੍ਹੋਂ ਪੁੱਟਣ ਲਈ ਇਕ ਲਹਿਰ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ।
ਇਸ ਪ੍ਰਕਾਸ਼ਮਾਨ ਹੋਈ ਜੋਤ ਦੇ ਚਾਨਣ ਨੇ ਅਨੇਕ ਦੱਬੇ ਕੁਚਲੇ ਲੋਕਾਂ ਵਿਚ ਜਾਗ੍ਰਤੀ
ਪੈਦਾ ਕੀਤੀ ਤੇ ਬਾਬਰ ਦੇ ਜਬਰ ਵਿਰੁੱਧ ਬਿਨਾਂ ਹਥਿਆਰਾਂ ਦੇ ਚੁੱਕੀ ਆਵਾਜ਼ ਨੇ ਇਕ
ਲਹਿਰ ਪੈਦਾ ਕਰ ਦਿੱਤੀ।
ਅਸੀਂ ਵੇਖ ਚੁੱਕੇ ਹਾਂ ਕਿ ਆਮ ਤੌਰ ਉੱਤੇ ਅਜਿਹੀ
ਪੈਦਾ ਕੀਤੀ ਲਹਿਰ ਜਾਂ ਤਾਂ ਉਸੇ ਇਕ ਸ਼ਖ਼ਸੀਅਤ ਤਕ ਸੀਮਤ ਰਹਿ ਜਾਂਦੀ ਹੈ ਜਾਂ ਦੋ
ਤਿੰਨ ਪੁਸ਼ਤਾਂ ਤਕ ਜਾ ਕੇ ਸਮਾਪਤ ਹੁੰਦੀ ਰਹੀ ਹੈ।
ਬਾਬਰ, ਹੁਮਾਊਂ,
ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ ਤੋਂ ਬਹਾਦਰਸ਼ਾਹ ਜ਼ਫ਼ਰ ਤਕ ਜਿੰਨਾ ਕੁਫ਼ਰ
ਤੋਲਿਆ ਗਿਆ, ਉਸ ਨਾਲ ਟੱਕਰ ਲੈਣ ਲਈ ਇੱਕ ਤੋਂ ਬਾਅਦ ਇਕ ਗੁਰੂ ਸਾਹਿਬਾਨ ਨੇ
ਅਹਿੰਸਾ ਨੂੰ ਪਹਿਲ ਦਿੰਦਿਆਂ ਹੋਇਆ ਜਬਰ ਵਿਰੁੱਧ ਆਵਾਜ਼ ਚੁੱਕਣੀ ਜਾਰੀ ਰੱਖੀ। ਇਸ
ਦੇ ਨਾਲੋ ਨਾਲ ਲੋਕਾਂ ਦੀ ਭਲਾਈ, ਸੋਚ ਵਿਚ ਵਿਕਾਸ, ਕੁਦਰਤ ਨੂੰ ਸੰਭਾਲਣ,
ਪਾਖੰਡਾਂ ਤੋਂ ਬਚਾਓ, ਰਬ ਨਾਲ ਜੁੜਨ ਦਾ ਤਰੀਕਾ ਤੇ ਰਾਜਿਆਂ ਮਹਾਰਾਜਿਆਂ ਅੱਗੇ
ਗੋਡੇ ਨਾ ਟੇਕਣ ਦਾ ਸਬਕ ਵੀ ਦਿੱਤਾ।
‘‘ਰਾਜੇ ਸੀਹ ਮੁਕਦਮ ਕੁਤੇ॥ ਜਾਇ
ਜਗਾਇਨਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ
ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥’’ (ਗੁਰੂ ਨਾਨਕ
ਦੇਵ ਜੀ-ਅੰਗ 1288)
ਇਹ ਸ਼ਬਦ ਉਚਾਰ ਕੇ ਗੁਰੂ ਸਾਹਿਬ ਨੇ ਆਉਣ ਵਾਲਿਆਂ ਲਈ
ਰਾਹ ਦਸੇਰੇ ਦਾ ਕੰਮ ਕੀਤਾ ਕਿ ਉਨ੍ਹਾਂ ਦੇ ਚਲਾਏ ਪੂਰਨਿਆਂ ਉੱਤੇ ਚੱਲਣ ਵਾਲੇ
ਪੁਸ਼ਤ ਦਰ ਪੁਸ਼ਤ ਇਹੀ ਸੁਣੇਹਾ ਅੱਗੋਂ ਦਿੰਦੇ ਰਹਿਣਗੇ ਕਿ ਭਾਵੇਂ ਨਿਹੱਥੇ ਹੋਵੋ ਪਰ
ਆਪਣੀ ਅਣਖ ਨਾ ਮਰਨ ਦਿਓ ਤੇ ਮਨ ਅੰਦਰਲੀ ਹਿੰਮਤ ਜਾਗ੍ਰਿਤ ਰੱਖੋ। ਜ਼ੁਲਮ ਭਾਵੇਂ
ਆਪਣੇ ਉੱਤੇ ਹੋਵੇ ਤੇ ਭਾਵੇਂ ਆਪਣੇ ਆਲੇ ਦੁਆਲੇ, ਉਸ ਨੂੰ ਵੇਖ ਕੇ ਚੁੱਪ ਕਰ ਕੇ
ਬਹਿਣ ਵਾਲੇ ਮੁਰਦਾ ਹੁੰਦੇ ਹਨ।
ਜ਼ੁਲਮ ਕਰਨ ਵਾਲੇ ਕੋਲ ਭਾਵੇਂ ਪੂਰੀ ਤਾਕਤ
ਹੋਵੇ, ਪੂਰੀ ਸਰਕਾਰ ਦਾ ਮਾਲਕ ਹੋਵੇ ਤੇ ਭਾਵੇਂ ਇਕ ਗੁੱਟ ਦਾ ਸਰਗਨਾ ਹੋਵੇ,
ਨਿਹੱਥੇ ਹੁੰਦੇ ਹੋਇਆਂ ਵੀ ਗ਼ਲਤ ਨੂੰ ਗ਼ਲਤ ਕਹਿਣ ਦੀ ਤਾਕਤ ਹਰ ਕਿਸੇ ਅੰਦਰ ਭਾਵੇਂ
ਨਾ ਹੋਵੇ ਪਰ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ
ਹਰ ਧਰਮ ਦੇ ਬਾਸ਼ਿੰਦੇ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਸਮਿਆਂ ਵਿਚ
ਸਰਕਾਰਾਂ ਤੇ ਰਾਜਿਆਂ ਵੱਲੋਂ ਕੀਤੇ ਜਾ ਰਹੇ ਤਸ਼ਦਦ ਸਹਿ ਰਹੇ ਲੋਕਾਂ ਨੂੰ ਸ੍ਰੀ
ਗੁਰੂ ਨਾਨਕ ਦੇਵ ਜੀ ਨੇ ਬਾਖ਼ੂਬੀ ਸਮਝਾ ਦਿੱਤਾ-
ਅਹਿਲਕਾਰ ਤਾਂ ਆਪਣੇ ਹੀ
ਜਾਤਿ ਭਰਾਵਾਂ ਨੂੰ ਫਸਾ ਦਿੰਦੇ ਹਨ ਕਿਉਂਕਿ ਉਹ ਰਾਜੇ ਪ੍ਰਤੀ ਵਫ਼ਾਦਾਰੀ ਦਿਖਾਉਣ
ਬਦਲੇ ਆਪਣੀ ਸੁਰੱਖਿਆ ਤੇ ਕੁੱਝ ਮਾਲੀ ਲਾਲਚ ਤੱਕ ਹੀ ਆਪਣੀ ਸੋਚ ਨੂੰ ਸੀਮਤ ਕਰ
ਲੈਂਦੇ ਹਨ। ਏਸੇ ਲਈ ਅੱਖਾਂ, ਕੰਨ, ਨੱਕ ਤੇ ਦਿਮਾਗ਼ ਬੰਦ ਕਰ ਕੇ ਗ਼ਲਤ ਹੁਕਮਾਂ ਨੂੰ
ਵੀ ਲਾਗੂ ਕਰਨ ਵਾਸਤੇ ਗ਼ਰੀਬਾਂ ਦੇ ਹੱਕਾਂ ਦਾ ਘਾਣ ਕਰ ਕੇ ਉਨ੍ਹਾਂ ਨੂੰ ਪੀਹ
ਦਿੰਦੇ ਹਨ। ਜਿਵੇਂ ਗਿਝਾਇਆ ਹੋਇਆ ਹਿਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ
ਲਿਆ ਕੇ ਫਸਾ ਦਿੰਦਾ ਹੈ, ਉਵੇਂ ਹੀ ਰਾਜੇ ਦੇ ਅਹਿਲਕਾਰ ਆਪਣੇ ਹੀ ਹਮ ਜਿਨਸ
ਮਨੁੱਖਾਂ ਦਾ ਲਹੂ ਪੀਂਦੇ ਹਨ।
ਸਖ਼ਤ ਸ਼ਬਦਾਵਲੀ ਵਰਤਦਿਆਂ ਗੁਰੂ ਸਾਹਿਬ ਨੇ
ਅਜਿਹੇ ਰਾਜਿਆਂ ਨੂੰ ਸ਼ਿਕਾਰੀ ਸ਼ੇਰ ਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ਕੁੱਤੇ ਮੰਨ
ਕੇ ਸਮਝਾਇਆ ਹੈ ਕਿ ਜ਼ੁਲਮ ਸਹਿਣ ਵਾਲਿਓ, ਉੱਠੋ, ਜਾਗੋ ਤੇ ਮਨ ਦੀਆਂ ਅੱਖਾਂ
ਖੋਲ੍ਹੋ!
ਹਰ ਸਦੀ ਵਿਚ ਜ਼ੁਲਮ ਹੁੰਦਾ ਰਿਹਾ ਹੈ ਤੇ ਜਬਰ ਕਰਨ ਵਾਲੇ ਵੀ
ਪੈਦਾ ਹੁੰਦੇ ਰਹੇ ਹਨ। ਅੱਗੋਂ ਵੀ ਇਹੋ ਕੁੱਝ ਚੱਲਦਾ ਰਹਿਣਾ ਹੈ ਕਿਉਂਕਿ ਰਾਜ ਭਾਗ
ਤੇ ਕੁਰਸੀ ਬੰਦੇ ਦੀ ‘ਮਤ ਥੋਰੀ’ ਕਰ ਦਿੰਦੀ ਹੈ। ਤਾਕਤ ਦਾ ਨਸ਼ਾ ਸੋਚਣ ਸਮਝਣ ਦੀ
ਸਮਰਥਾ ਘਟਾ ਕੇ ਰਾਜ ਭਾਗ ਵਾਲੇ ਨੂੰ ਆਪਣੇ ਹੀ ਬਣਾਏ ਇਕ ਦਾਇਰੇ ਤਕ ਸੀਮਤ ਕਰ
ਦਿੰਦਾ ਹੈ ਜਿੱਥੇ ਬਾਕੀ ਪਰਜਾ ਸਿਰਫ਼ ਕੀੜੇ ਮਕੌੜੇ ਜਾਪਣ ਲੱਗ ਪੈਂਦੀ ਹੈ।
ਇਸੇ ਕਰਕੇ ਆਪਣੀ ਗੱਦੀ ਪੱਕੀ ਕਰਨ ਪਿੱਛੇ ਹਰ ਬਗ਼ਾਵਤ ਕਰਨ ਵਾਲੇ ਨੂੰ ਕੁਚਲ
ਦੇਣ, ਖ਼ਤਮ ਕਰ ਦੇਣ, ਜੇਲ੍ਹਾਂ ਵਿਚ ਡੱਕ ਦੇਣ ਜਾਂ ਭੁੱਖੇ ਭਾਣੇ ਤ੍ਰਾਹ-ਤ੍ਰਾਹ ਕਰ
ਕੇ ਮਰ ਮੁੱਕ ਜਾਣ ਲਈ ਛੱਡ ਦਿੱਤਾ ਜਾਂਦਾ ਹੈ। ਕਮਾਲ ਤਾਂ ਇਹ ਹੈ ਕਿ ਹਰ ਸਦੀ ਵਿਚ
ਜ਼ਾਲਮ ਹੋਏ ਸਨ ਅਤੇ ਉਨ੍ਹਾਂ ਪ੍ਰਤੀ ਬਗ਼ਾਵਤੀ ਸੁਰ ਕੱਢਣ ਵਾਲੇ ਆਮ ਲੋਕ ਵੀ ਉੱਠੇ
ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਤਖ਼ਤੋ ਤਾਜ ਤੋਂ ਮਹਿਰੂਮ ਕਰ ਦਿੱਤਾ।
ਰਾਜਿਆਂ ਦੇ ਅਹਿਲਕਾਰ ਬਿਲਕੁਲ ਉਂਜ ਹੀ ਮੰਨਣੇ ਚਾਹੀਦੇ ਹਨ ਜਿਵੇਂ ਸ਼ੇਰਾਂ ਦੇ
ਨਹੁੰ ਹੋਣ। ਇਹ ਹਮੇਸ਼ਾ ਸ਼ੇਰਾਂ ਦੇ ਹੁਕਮਾਂ ਦੇ ਬੰਨੇ ਬਕਸੂਰ ਤੇ ਸੁੱਤੇ ਪਏ ਲੋਕਾਂ
ਦਾ ਘਾਤ ਕਰ ਕੇ ਉਨ੍ਹਾਂ ਦਾ ਲਹੂ ਪੀਂਦੇ ਹਨ।
ਬੇਇਤਬਾਰੇ ਤੇ ਨਕ ਵੱਢੇ
ਨਾਂ ਦੇ ਕੇ ਹਰ ਜਣੇ ਨੂੰ ਸਮਝਾਇਆ ਕਿ ਇਨ੍ਹਾਂ ਲੋਕਾਂ ਦੀ ਪਰਖ ਕਰ ਦੇ ਇਕਜੁੱਟ ਹੋ
ਕੇ ਹਰ ਆਮ ਬੰਦੇ ਨੂੰ ਇਕੱਠੇ ਹੋ ਕੇ ਆਪਣੀ ਤਾਕਤ ਸਮਝਣੀ ਚਾਹੀਦੀ ਹੈ।
ਨੇਕ ਤੇ ਗ਼ਰੀਬ ਮਨੁੱਖ ਤਾਂ ਰੁਖ ਵਾਂਗ ਹੁੰਦਾ ਹੈ। ਜੇ ਉਹ ਆਪਣੀ ਟੇਕ ਰਬ ਉੱਤੇ
ਛੱਡ ਕੇ ਇਕਜੁੱਟ ਹੋ ਜਾਵੇ ਤਾਂ ਉਹ ਡੂੰਘੀਆਂ ਜੜ੍ਹਾਂ ਵਾਲਾ ਰੁਖ ਬਣ ਜਾਂਦਾ ਹੈ
ਜਿਸ ਨੂੰ ਕੋਈ ਹਨ੍ਹੇਰੀ ਸੌਖਿਆਂ ਸੁੱਟ ਨਹੀਂ ਸਕਦੀ।
ਇਹੋ ਕਾਰਨ ਹੈ ਕਿ
ਲੋਕ ਰੋਹ ਅੱਗੇ ਜਾਬਰ ਰਾਜਿਆਂ ਦੇ ਤਖ਼ਤੇ ਪਲਟੇ ਗਏ ਤੇ ਉਨ੍ਹਾਂ ਦੇ ਖ਼ਾਨਦਾਨ
ਨੇਸਤੋ-ਨਾਬੂਦ ਹੋ ਗਏ।
ਦੂਜਿਆਂ ਲਈ ਜਾਨ ਵਾਰ ਦੇਣ ਵਾਲੇ ਗੁਰੂ ਸਾਹਿਬ ਦਾ
ਵੰਸ਼ ਸਰੀਰਕ ਤੌਰ ਉੱਤੇ ਭਾਵੇਂ ਖ਼ਤਮ ਕੀਤਾ ਗਿਆ ਹੋਵੇ ਪਰ ਬਗ਼ਾਵਤੀ ਸੋਚ ਨੂੰ ਖ਼ਤਮ
ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ ਜ਼ਾਲਮ ਨੂੰ ਮੂੰਹ-ਤੋੜ ਜਵਾਬ ਸੀ। ਸਾਢੇ 500
ਸਾਲ ਬਾਅਦ ਵੀ ਉਨ੍ਹਾਂ ਦੇ ਨਾਂ ਨੂੰ ਸਿਜਦਾ ਕਰਨ ਵਾਲੇ ਤੇ ਉਨ੍ਹਾਂ ਦੀ ਉਚਾਰੀ
ਬਾਣੀ ਲਈ ਜਾਨਾਂ ਵਾਰ ਦੇਣ ਵਾਲੇ ਧਰਤੀ ਦੇ ਹਰ ਕੋਨੇ ਉੱਤੇ ਮੌਜੂਦ ਹਨ। ਪਰ ਕੀ
ਜ਼ੁਲਮ ਕਰਨ ਵਾਲਿਆਂ ਦਾ ਖ਼ਾਨਦਾਨ ਕਿਤੇ ਦਿਸਦਾ ਹੈ?
ਸੰਨ 1947 ਵਿਚ ਵੀ
ਰਾਜ ਕਰਨ ਵਾਲਿਆਂ ਦਾ ਕੁੱਝ ਨਹੀਂ ਖੁੱਸਿਆ ਪਰ ਰਾਜ ਹਾਸਲ ਕਰਨ ਲਈ ਆਮ ਲੋਕਾਂ ਨੂੰ
ਵੱਢ ਘੱਤਿਆ ਗਿਆ। ਉਨ੍ਹਾਂ ਦਾ ਘਰ ਬਾਰ, ਰਿਸ਼ਤੇਦਾਰ, ਮਾਲ ਅਸਬਾਬ ਕੁੱਝ ਨਹੀਂ
ਬਚਿਆ।
ਲਾਅਨਤ ਤਾਂ ਇਹ ਹੈ ਕਿ ਅੱਜ ਵੀ ਉਸੇ ਜ਼ਖ਼ਮ ਨੂੰ ਕੁਰੇਦ ਕੇ ਆਮ
ਲੋਕਾਂ ਦੇ ਮਨਾਂ ਵਿਚ ਪਾੜ ਪਾ ਕੇ ਦੁਹਾਂ ਪਾਸੇ ਹਾਕਮ ਰਾਜ ਕਰਦੇ ਪਏ ਹਨ।
ਸੰਨ 1984 ਵਿਚਲੇ ਮਨੁੱਖੀ ਹੱਕਾਂ ਦੇ ਘਾਣ ਨੂੰ ਵੀ ਸਿਆਸਤਦਾਨਾਂ ਨੇ ਸਿਆਸਤ
ਦੀ ਜੰਗ ਭਖਾਉਣ ਤੇ ਆਮ ਲੋਕਾਂ ਦੇ ਮਨਾਂ ਵਿਚਲੇ ਡੂੰਘੇ ਲੁਕੇ ਜ਼ਖ਼ਮਾਂ ਨੂੰ ਵਾਰ
ਵਾਰ ਕੁਰੇਦ ਕੇ ਸਿੰਘਾਸਨ ਹਾਸਲ ਕਰਨ ਦਾ ਜ਼ਰੀਆ ਬਣਾ ਲਿਆ ਹੋਇਆ ਹੈ।
ਬਹਿਬਲ ਕਲਾਂ ਵਿਚ ਜਿਸ ਬਾਣੀ ਦੇ ਨਿਰਾਦਰ ਲਈ ਲੋਕ ਰੋਹ ਸ਼ਾਂਤ ਮਹਾਂਸਾਗਰ ਵਾਂਗ
ਜਮਾਂ ਹੋਇਆ ਸੀ, ਉਸ ਬਾਣੀ ਵਿਚ ਮੁਸਲਮਾਨ ਫ਼ਕੀਰ ਤੇ ਹਿੰਦੂ ਜਾਤੀ ਨਾਲ ਸੰਬੰਧਿਤ
ਸੰਤਾਂ ਦੀ ਬਾਣੀ ਵੀ ਦਰਜ ਹੈ। ਯਾਨੀ ਸਮੂਹ ਧਰਮਾਂ ਦੇ ਲੋਕਾਂ ਦੀ ਇੱਜ਼ਤ ਕਰਨ ਵਾਲਾ
ਤੇ ਇਨਸਾਨੀਅਤ ਨੂੰ ਤਰਜੀਹ ਦੇਣ ਵਾਲਾ ਇਲਾਹੀ ਹੁਕਮ ਜਿਸ ਵਿਚ ਜ਼ਿੰਦਗੀ ਨੂੰ ਸਹੀ
ਤਰੀਕੇ ਜੀਉਣ ਦਾ ਢੰਗ ਤੇ ਲੋਕ ਭਲਾਈ ਦਾ ਸੁਣੇਹਾ ਦਰਜ ਹੋਵੇ, ਉਸ ਦੀ ਬੇਕਦਰੀ ਕਰਨ
ਵਾਲੇ ਇਨਸਾਨੀਅਤ ਦੇ ਦੁਸ਼ਮਨ ਤਾਂ ਆਪੇ ਹੀ ਸਾਬਤ ਹੋ ਜਾਂਦੇ ਹਨ। ਜਿਸ ਬਾਣੀ ਵਿਚ
ਸਭ ਨੂੰ ਕੁਦਰਤ ਦੇ ਬੰਦੇ ਕਿਹਾ ਹੋਵੇ, ਉਸ ਨੂੰ ਰਾਜੇ ਦੇ ਮੁਕੱਦਮ ਕੁੱਤੇ ਸ਼ਿਕਾਰ
ਕਰ ਕੇ ਰਾਜੇ ਅੱਗੇ ਪਰੋਸਣ ਤਾਂ ਕੀ ਲੋਕ ਇਸ ਨੂੰ ਸਹਿ ਜਾਣਗੇ? ਆਖਰ ਦੱਸੋ ਤਾਂ
ਸਹੀ ਕਿ ਕਿਸੇ ਵੀ ਧਰਮ ਦਾ ਬੰਦਾ ਲੋਕ ਭਲਾਈ ਲਈ ਕਹੀ ਗੱਲ ਨੂੰ ਸਾੜੇ ਤੇ ਪਾੜੇ
ਜਾਣ ਦਾ ਕੀ ਮਤਲਬ ਕੱਢੇ?
ਲੋਕ ਰੋਹ ਕਿਸੇ ਇਕ ਸਿਆਸਤਦਾਨ ਦੇ ਵਿਰੁੱਧ
ਨਹੀਂ ਹੁੰਦਾ ਬਲਕਿ ਲੋਕ-ਪੱਖੀ ਸੋਚ ਨੂੰ ਮਿੱਧਣ ਵਾਲੇ ਹਰ ਰਾਜੇ ਤੇ ਉਸ ਦੇ
ਸ਼ਿਕਾਰੀ ਅਹਿਲਕਾਰਾਂ ਵਿਰੁੱਧ ਉਜਾਗਰ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਇਹ
ਵਿਦਰੋਹ ਦਬਾਇਆ ਨਹੀਂ ਜਾ ਸਕਦਾ। ਸਿੱਖ ਪੰਥ ਵਿਚ ਤਾਂ ਇਸ ਗੱਲ ਦੀ ਵੀ ਪੱਕੀ ਨੀਂਹ
ਰੱਖੀ ਗਈ ਹੈ ਕਿ ਰਹਿਨੁਮਾਈ ਵਾਸਤੇ ਹਮੇਸ਼ਾ ਕੋਈ ਮਰਜੀਵੜਾ ਗੁਰੂ ਦੀ ਬਾਣੀ ਤੋਂ
ਸੇਧ ਲੈ ਕੇ ਜਬਰ ਦੇ ਵਿਰੋਧ ਲਈ ਆਮ ਬੰਦੇ ਤੋਂ ਬੰਦਾ ਸਿੰਘ ਬਹਾਦਰ ਬਣ ਕੇ ਅਗਾਂਹ
ਆਉਂਦਾ ਰਿਹਾ ਹੈ। ਜਿੱਥੇ ਕੋਈ ਭਾਈ ਵੀਰ ਨਾ ਵੀ ਹੋਵੇ ਤਾਂ ਕਿਸੇ ਧੀ ਜਾਂ ਮਾਂ
ਵਿੱਚੋਂ ਮਾਈ ਭਾਗੋ ਦੀ ਵੰਗਾਰ ਜ਼ਰੂਰ ਗਰਜਦੀ ਹੈ।
ਇਕ ਸਵਾਲ ਸੂਝਵਾਨ
ਪਾਠਕਾਂ ਤੇ ਸੁਣਨ ਵਾਲਿਆਂ ਲਈ ਜ਼ਰੂਰ ਹੈ! ਕੀ ਇਹ ਕਿਤੇ ਲਿਖਿਆ ਮਿਲਦਾ ਹੈ ਕਿ
ਰਾਜੇ ਜ਼ੁਲਮ ਕਰਨ ਤਾਂ ਧਾਰਮਿਕ ਥਾਵਾਂ ਉੱਤੇ ਪਹੁੰਚ ਕੇ ਮੱਥੇ ਰਗੜਨ ਦਾ ਡਰਾਮਾ ਕਰ
ਕੇ ਸੁਰਖ਼ਰੂ ਹੋ ਸਕਦੇ ਹਨ ਪਰ ਪਰਜਾ ਵਿੱਚੋਂ ਜੇ ਕੋਈ ਰਾਜੇ ਨੂੰ ਜਾਂ ਉਸ ਦੇ
ਅਹਿਲਕਾਰਾਂ ਵਿੱਚੋਂ ਕਿਸੇ ਦੀ ‘ਮੈਂ’ ਨੂੰ ਝਰੀਟ ਵੀ ਮਾਰ ਦੇਵੇ ਤਾਂ ਮਰਨ ਤੱਕ
ਜੇਲ੍ਹ ਵਿਚ ਡੱਕੇ ਜਾਣ ਬਾਅਦ ਵੀ ਆਪਣਾ ਜੁਰਮ ਬਖ਼ਸਵਾ ਨਹੀਂ ਸਕਦਾ?
ਕੀ
ਜ਼ੁਲਮ ਕਰਨ ਵਾਲੇ ਰਾਜਿਆਂ ਨੂੰ, ਜਿਹੜੇ ਲੋਕਾਂ ਦਾ ਲਹੂ ਪੀ ਰਹੇ ਹੋਣ ਤੇ ਗੁਰੂ ਦੀ
ਬਾਣੀ ਦੀਆਂ ਧੱਜੀਆਂ ਉਡਾ ਰਹੇ ਹੋਣ ਤੇ ਜਿਸ ਬਾਣੀ ਵਿਚ ਰਾਜਿਆਂ ਤੇ ਉਨ੍ਹਾਂ ਦੇ
ਜ਼ੁਲਮ ਕਰ ਰਹੇ ਅਹਿਲਕਾਰਾਂ ਨੂੰ ਲਾਅਨਤਾਂ ਪਾਈਆਂ ਹੋਣ ਤੇ ਜੋ ਬਾਣੀ ਸਪਸ਼ਟ ਕਰ ਰਹੀ
ਹੋਵੇ ਕਿ ਲੋਕਾਂ ਦਾ ਲਹੂ ਪੀ ਕੇ ਪਲੀਤ ਹੋ ਚੁੱਕਿਆ ਤੋਂ ਮੂੰਹ ਮੋੜ ਲਵੋ ਤੇ
ਉਨ੍ਹਾਂ ਦਾ ਦਬ ਕੇ ਵਿਰੋਧ ਕਰੋ, ਕੀ ਉਸੇ ਗੁਰੂ ਦੀ ਬਾਣੀ ਅੱਗੇ ਮੱਥਾ ਟੇਕ ਕੇ
ਉਨ੍ਹਾਂ ਹੀ ਮੁਕੱਦਮ ਕੁੱਤਿਆਂ ਨੂੰ ਸਭ ਕੁੱਝ ਦੁਬਾਰਾ ਕਰਨ ਦਾ ਹੱਕ ਮਿਲ ਜਾਂਦਾ
ਹੈ?
ਜੇ ਇਹੀ ਮੁਆਫ਼ੀ ਹੈ ਤਾਂ ਫੇਰ ਹਰ ਗ਼ਰੀਬ ਨੂੰ, ਹਰ ਅਣਖੀ ਨੂੰ ਤੇ ਹਰ
ਗੁਰੂ ਦੇ ਪਿਆਰੇ ਨੂੰ ਵੀ ਅਜਿਹੇ ਰਾਜਿਆਂ ਤੇ ਅਹਿਲਕਾਰਾਂ ਨੂੰ ਰਾਜ ਪਾਟ ਤੋਂ ਧੂਅ
ਕੇ ਲਾਹ ਦੇਣ ਬਾਅਦ ਵੀ ਮੱਥਾ ਟੇਕ ਕੇ ਮੁਆਫ਼ੀ ਮਿਲ ਜਾਣੀ ਚਾਹੀਦੀ ਹੈ!
ਇਸ
ਸਵਾਲ ਦਾ ਜਵਾਬ ਸਿਰਫ਼ ਅਣਖ ਵਾਲਿਆਂ ਕੋਲ ਹੀ ਹੋ ਸਕਦਾ ਹੈ। ਜੁੱਤੀ-ਚੱਟਾਂ ਤੇ
ਮਖ਼ਮਲੀ ਝੂਟਿਆਂ ਦੇ ਹੁਲਾਰੇ ਲੈਣ ਵਾਲਿਆਂ ਕੋਲ ਨਹੀਂ।
ਹੁਕਮਰਾਨਾਂ ਨੇ
ਤਾਂ 47 ਦੇ ਜ਼ਖ਼ਮਾਂ ਨੂੰ ਵੀ ਵਕਤੀ ਮਲ੍ਹਮ ਲਾਉਣ ਵਾਸਤੇ ਕਦੇ ਅਫਸੋਸ ਦਾ ਦੀਵਾ
ਬਾਲਣ ਹੀ ਨਹੀਂ ਦਿੱਤਾ। ਸਿਰਫ਼ ਆਜ਼ਾਦੀ ਦਾ ਜਸ਼ਨ ਮਨਾਉਣ ਤੱਕ ਹੀ ਸੀਮਤ ਕਰ ਦਿੱਤਾ
ਹੈ। ਬਿਲਕੁਲ ਇੰਜ ਹੀ 84 ਬਾਰੇ ਗੱਲ ਕਰਨ ਵਾਲਾ ਵੀ ਦੇਸਧ੍ਰੋਹੀ ਬਣ ਜਾਂਦਾ ਹੈ ਤੇ
ਉਹ ਜ਼ਖ਼ਮ ਵੀ ਉਂਜ ਹੀ ਦੱਬ ਦਿੱਤੇ ਗਏ ਹਨ।
ਇਨ੍ਹਾਂ ਦਾ ਜ਼ਿਕਰ ਤਾਂ ਕਰੀਏ
ਜੇ ਕਿਸੇ ਸਿਖ ਧਰਮ ਨਾਲ ਜੁੜੇ ਬੱਚੇ ਨੂੰ ਤੱਤੀਆਂ ਤਵੀਆਂ ਦੀ ਪੀੜ ਮਹਿਸੂਸ ਹੋ
ਰਹੀ ਹੋਵੇ। ਉਹ ਦਿਨ ਵੀ ਸਿਰਫ਼ ਗੁਰਦੁਆਰਿਆਂ ਵਿਚ ਲੰਗਰ ਛਕਣ ਤੇ ਛਬੀਲਾਂ ਲਾਉਣ ਦੇ
ਜਸ਼ਨ ਵਿਚ ਤਬਦੀਲ ਹੋ ਚੁੱਕਿਆ ਹੈ। ਇੱਥੇ ਤਾਂ ਸੀਸ ਕਟਵਾਉਣ ਵਾਲੇ ਗੁਰੂ ਜੀ, ਜੋ
ਪੂਰੇ ਹਿੰਦ ਦੀ ਚਾਦਰ ਸਾਬਤ ਹੋਏ ਸਨ, ਦਾ ਜ਼ਿਕਰ ਵੀ ਕਰਨ ਵਾਲੇ ਨੂੰ ਕੁਰਾਹਾ ਮੰਨ
ਲਿਆ ਜਾਂਦਾ ਹੈ।
ਹੋਰ ਤਾਂ ਹੋਰ, ਚਰਖੜੀਆਂ ਉੱਤੇ ਚਿਰਵਾਉਣ ਵਾਲੇ,
ਖੋਪਰੀਆਂ ਲੁਹਾਉਣ ਵਾਲੇ ਤੇ ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਨੂੰ ਅੱਜ ਸਿਰਫ਼
ਚੁਟਕਲਿਆਂ ਤੇ ਮਜ਼ਾਕ ਦਾ ਪਾਤਰ ਬਣਾਉਣ ਉੱਤੇ ਜ਼ੋਰ ਲਾਇਆ ਜਾ ਰਿਹਾ ਹੈ।
ਫਿਟਕਾਰ ਦੀ ਗੱਲ ਤਾਂ ਇਹ ਹੈ ਕਿ ਨੀਹਾਂ ਵਿਚ ਚਿਣੇ ਗਏ ਦੁੱਧ ਦੇ ਦੰਦਾਂ ਵਾਲੇ
ਬਾਲਾਂ ਦੇ ਸ਼ਹੀਦੀ ਦਿਹਾੜੇ ਨੂੰ ਵੀ ਸਿਆਸੀ ਅਖਾੜਾ ਬਣਾ ਕੇ ਰੱਖ ਦਿੱਤਾ ਗਿਆ ਹੈ
ਤਾਂ ਜੋ ਕਿਸੇ ਵੀ ਹਾਲ ਵਿਚ ਇਸ ਕੌਮ ਦੇ ਨੌਜਵਾਨ ਆਪਣੇ ਲਹੂ ਅੰਦਰ ਕਿਤੇ ਉਬਾਲ ਨਾ
ਲੈ ਆਉਣ!
ਜਿਹੜਾ ਜ਼ੁਲਮ ਨਾਲ ਟੱਕਰ ਲੈਣ ਦੀ ਜੁਅਰਤ ਕਰੇ, ਉਹ ਭਾਵੇਂ
ਕਿਸਾਨ ਹੋਵੇ, ਅਧਿਆਪਕ ਹੋਵੇ, ਦਿਹਾੜੀਦਾਰ ਮਜ਼ਦੂਰ ਹੋਵੇ, ਸਫ਼ਾਈ ਕਰਮਚਾਰੀ ਹੋਵੇ,
ਪੱਤਰਕਾਰ ਹੋਵੇ, ਸਿਰਫ਼ ਇਸ ਲਈ ਦੱਬ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬੀ ਇਕਜੁੱਟ
ਹੋਣਾ ਭੁੱਲ ਗਏ ਹਨ। ਉਹ ਹਿੰਦੂ, ਸਿਖ, ਮੁਸਲਮਾਨ, ਈਸਾਈ ਜਾਂ ਕਿਸੇ ਸਿਆਸੀ ਪਾਰਟੀ
ਦੇ ਨੁਮਾਇੰਦੇ ਹੀ ਬਣ ਕੇ ਰਹਿ ਗਏ ਹਨ।
ਇਜ਼ਰਾਈਲ ਵਿਚ ਅੱਜ ਦੇ ਦਿਨ ਵੀ
ਸਾਲ ਵਿਚ ਇਕ ਵਾਰ ਦੋ ਮਿੰਟਾਂ ਲਈ ਪੂਰਾ ਮੁਲਕ ਇਕ ਹੂਟਰ ਵੱਜਣ ਉੱਤੇ ਖਲੋ ਜਾਂਦਾ
ਹੈ। ਭਾਵੇਂ ਬਸ ਹੋਵੇ ਤੇ ਭਾਵੇਂ ਪੁਲਿਸ ਦੀਆਂ ਕਾਰਾਂ ਜਾਂ ਟੈਕਸੀਆਂ ਜਾਂ ਕੋਈ
ਪੈਦਲ ਹੋਵੇ, ਹਰ ਜਣਾ ਇਸ ਹੂਟਰ ਉੱਤੇ ਰੁੱਕਦਾ ਹੈ। ਕਾਰਨ? ਸੱਠ ਲੱਖ ਯਹੂਦੀਆਂ ਦਾ
ਨਾਜ਼ੀਆਂ ਵੱਲੋਂ ਨਸਲਕੁਸ਼ੀ ਕਰਨਾ! ਇਸੇ ਦੀ ਯਾਦ ਵਿਚ ਹਰ ਸਾਲ ਅਜਿਹਾ 12 ਅਪਰੈਲ
ਨੂੰ ਕੀਤਾ ਜਾਂਦਾ ਹੈ। ਕਾਰਾਂ ਬਸਾਂ ਵਿੱਚੋਂ ਸਭ ਸਵਾਰੀਆਂ ਉਤਰ ਕੇ ਮੌਨ ਧਾਰਨ ਕਰ
ਕੇ ਜਿੱਥੇ ਵਿਛੜੀਆਂ ਰੂਹਾਂ ਲਈ ਅਰਦਾਸ ਕਰਦੇ ਹਨ ਉੱਥੇ ਸਾਰੇ ਹੋਟਲ, ਰੈਸਤੋਰਾਂ
ਤੇ ਸਾਰੀਆਂ ਮੌਜ ਮਸਤੀ ਦੀਆਂ ਥਾਵਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਹਰ ਸਕੂਲ
ਵਿਚ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਅਰਦਾਸਾਂ ਕਰਵਾਈਆਂ ਜਾਂਦੀਆਂ ਹਨ ਕਿ
ਕਿਤੇ ਉਹ ਆਪਣਾ ਪਿਛੋਕੜ ਭੁੱਲ ਨਾ ਜਾਣ।
ਸਿਖ ਪੰਥ ਕੀ 365 ਦਿਨਾਂ
ਵਿੱਚੋਂ ਕਿਸੇ ਇਕ ਦਿਨ ਵਿਚਲੇ 2 ਮਿੰਟ ਵੀ ਆਪਣੇ ਪਿਛੋਕੜ ਲਈ ਕੱਢ ਸਕਿਆ ਹੈ?
ਕੋਈ ਅਜਿਹਾ ਦਿਨ ਜਿੱਥੇ ਸਾਡੇ ਬੱਚੇ ਮੌਜ ਮਸਤੀ ਤੇ ਮੇਲਿਆਂ ਦੀ ਥਾਂ ਪੰਜ
ਮਿੰਟ ਤੱਤੀਆਂ ਤਵੀਆਂ ਨੂੰ ਯਾਦ ਕਰਦੇ ਹੋਣ? ਚਰਖੜੀਆਂ ਤੇ ਚੜ੍ਹਿਆਂ ਲਈ, ਆਰਿਆਂ
ਉੱਤੇ ਚਿਰਵਾਏ ਗਇਆਂ ਲਈ, ਨੇਜ਼ਿਆਂ ਨਾਲ ਵਿੰਨ੍ਹਿਆਂ ਗਇਆਂ ਲਈ, ਕਸ਼ਮੀਰੀ ਪੰਡਤਾਂ
ਲਈ ਸੀਸ ਵਾਰਨ ਵਾਲੇ ਲਈ, ਚਮਕੌਰ ਦੀ ਜੰਗ ਵਿਚ ਸ਼ਹਾਦਤ ਪਾਉਣ ਵਾਲਿਆਂ ਲਈ, ਨੀਹਾਂ
ਵਿਚ ਚਿਣੇ ਜਾਣ ਵਾਲਿਆਂ ਲਈ, 47 ਵਿਚ ਇੱਜ਼ਤਾਂ ਗੁਆਉਣ ਵਾਲਿਆਂ ਲਈ, ਅਜ਼ਾਦੀ ਲਈ
ਸ਼ਹਾਦਤਾਂ ਪਾਉਣ ਵਾਲਿਆਂ ਲਈ, 84 ਵਿਚ ਗਲਾਂ ਵਿਚ ਬਲਦੇ ਟਾਇਰ ਪੁਆਉਣ ਵਾਲਿਆਂ ਲਈ,
ਅਕਾਲ ਤਖ਼ਤ ਦੇ ਢਾਹੇ ਜਾਣ ਲਈ, ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਲਈ, ਜੰਗੀ
ਕੈਦੀਆਂ ਲਈ, ਧਰਮੀ ਫੌਜੀਆਂ ਲਈ ਤੇ ਅਨੇਕ ਹੋਰ ਕੁਰਬਾਨ ਹੋ ਚੁੱਕਿਆਂ ਲਈ ਕਦੇ
ਕਿਸੇ ਨੇ ਸੋਚਿਆ ਹੈ ਕਿ ਅਜਿਹੀ ਪੀੜ ਨੂੰ ਪੀੜੀ ਦਰ ਪੀੜੀ ਜ਼ਿੰਦਾ ਰੱਖਣ ਲਈ ਅਸੀਂ
ਵੀ ਮੌਨ ਵਰਤ ਰੱਖੀਏ, ਬੱਚਿਆਂ ਨੂੰ ਸਾਲ ਵਿਚ ਇਕ ਵਾਰ ਇਸ ਬਾਰੇ ਜਾਣਕਾਰੀ ਦੇਈਏ
ਤੇ ਹਰ ਸਿੱਖ ਜਿਹੜਾ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਵੇ, ਇਸ ਇਕ ਦਿਨ ਲਈ
ਅੱਧਾ ਘੰਟਾ ਆਪਣੇ ਦੋਸਤਾਂ ਮਿੱਤਰਾਂ ਨੂੰ ਸਿੱਖਾਂ ਦੇ ਪਿਛੋਕੜ ਨਾਲ ਜੋੜ ਕੇ ਆਤਮ
ਪੜਚੋਲ ਕਰ ਲਵੇ?
ਕਿਸ ਸਦੀ ਵਿਚ ਸਮਝਾਂਗੇ ਕਿ ਸਿਆਸਤਦਾਨ ਲੋਕਾਂ ਨਾਲ ਦਗ਼ਾ
ਕਰ ਕੇ ਸਿਰਫ਼ ਵਾਰੀਆਂ ਹੀ ਵੰਡਿਆਂ ਕਰਦੇ ਹਨ। ਉਨ੍ਹਾਂ ਦਾ ਸਿੰਘਾਸਨ ਗ਼ਰੀਬਾਂ ਦੀਆਂ
ਹੱਡੀਆਂ ਨਾਲ ਹੀ ਉਸਰਦਾ ਹੈ। ਜਦ ਤਕ ਪਿੰਡ ਆਪਣੀ ਪੱਧਰ ਉੱਤੇ ਕੋਆਪਰੇਟਿਵ ਸਿਸਟਮ
ਦੇ ਸ਼ਕਤੀਕਰਨ ਨਾਲ ਮਜ਼ਬੂਤ ਨਹੀਂ ਹੁੰਦੇ ਤੇ ਲੋਕ ਸਰਕਾਰਾਂ ਅੱਗੇ ਹੱਥ ਅੱਡ ਕੇ
ਮੁਫ਼ਤ ਚੀਜ਼ਾਂ ਹਾਸਲ ਕਰਨ ਨੂੰ ਨਾ ਨਹੀਂ ਕਰਦੇ, ਇਹ ਕਾਲਾ ਦੌਰ ਕਦੇ ਨਹੀਂ ਮੁੱਕਣਾ।
ਮੁਫ਼ਤ ਆਟਾ-ਦਾਲ ਤੋਂ ਅਗਾਂਹ ਤੁਰ ਕੇ ਆਪਣੀ ਸੋਚ ਮੁਫ਼ਤ ਵਿਦਿਆ ਤੇ ਮੁਫ਼ਤ ਸਿਹਤ
ਸਹੂਲਤਾਂ ਵਲ ਕਰੀਏ। ਆਪਣੀ ਕਿਰਤ ਕਰ ਕੇ ਆਪਣੀ ਤਾਕਤ ਜਿਸ ਦਿਨ ਲੋਕ ਪਛਾਣ ਲੈਣਗੇ,
ਉਦੋਂ ਹੀ ਇਹ ਚੱਕਰ ਉਲਟੇਗਾ। ਪਰ ਸਰਕਾਰਾਂ ਵਿਰੁੱਧ ਅਸਲ ਜਿੱਤ ਉਦੋਂ ਹੀ ਹੁੰਦੀ
ਹੈ, ਜਦੋਂ ਦੱਬੇ ਜਾਣ ਵਾਲੇ ਲੋਕ ਇਕ ਦੂਜੇ ਦੀਆਂ ਬਾਹਵਾਂ ਬਣਨ ਲੱਗ ਪੈਣ।
ਇਕ ਗੱਲ ਦਿਮਾਗ਼ ਵਿੱਚੋਂ ਨਾ ਵਿਸਾਰਿਓ। ਜਦੋਂ ਸਿਆਸਦਾਨਾਂ ਕੋਲ ਕੋਈ ਰਾਹ ਨਾ
ਬਚੇ ਤਾਂ ਰਾਜਿਆਂ ਦੇ ਮੁਕੱਦਮ ਕੁੱਤੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾ ਕੇ
ਜਨਤਾ ਨੂੰ ਅਸਲ ਮੁੱਦਿਆਂ ਤੋਂ ਪਰ੍ਹਾਂ ਕਰ ਕੇ ਧਰਮ ਦੇ ਆਧਾਰ ਉੱਤੇ ਪਾੜ ਦਿੰਦੇ
ਹਨ। ਕਈ ਵਾਰ ਅਜਿਹਾ ਹੋ ਚੁੱਕਿਆ ਹੈ ਪਰ ਅਸੀਂ ਸਮਝੇ ਨਹੀਂ।
ਕਦੇ
ਮੁਸਲਮਾਨ ਅੱਤਵਾਦੀ ਤੇ ਕਦੇ ਸਿਖ ਅੱਤਵਾਦੀ ਕਹਿ ਕੇ ਪੰਜਾਬੀਆਂ ਨੂੰ ਪਾੜਿਆ ਜਾਂਦਾ
ਰਿਹਾ ਹੈ। ਮਾਤਾ ਕੌਲਾਂ ਸਿਖ ਧਰਮ ਵਿਚ ਪਵਿੱਤਰ ਨਾਂ ਗਿਣਿਆ ਜਾਂਦਾ ਹੈ ਜਿਸ ਦਾ
ਪਿਛੋਕੜ ਮੁਸਲਮਾਨ ਸੀ। ਆਜ਼ਾਦੀ ਦੀ ਜੰਗ ਵਿਚ ਪੰਜਾਬ ਦੀ ਆਮ ਵਸੋਂ ਵਿਚਲੇ ਹਿੰਦੂ
ਸਿਖ ਤੇ ਮੁਸਲਮਾਨਾਂ ਨੇ ਇੱਕੋ ਜਿੰਨੀ ਮਾਰ ਝੱਲੀ।
ਖੇਮਕਰਨ ਦੇ ਸੱਤ
ਟੈਂਕਰ ਤੋੜ ਕੇ ਮੁਲਕ ਵਾਸਤੇ ਜਾਨ ਵਾਰ ਕੇ ਪਰਮਵੀਰ ਚੱਕਰ ਹਾਸਲ ਕਰਨ ਵਾਲਾ ਵੀਰ
ਅਬਦੁਲ ਹਮੀਦ ਮੁਸਲਮਾਨ ਹੋਣ ਕਰ ਕੇ ਨਹੀਂ ਬਲਕਿ ਭਾਰਤੀ ਹੋਣ ਕਰਕੇ ਲੜਿਆ ਸੀ। ਵੀਰ
ਚੱਕਰ ਹਾਸਲ ਬ੍ਰਿਗੇਡੀਅਰ ਉਸਮਾਨ ਅਲੀ ਵੀ ਮੁਸਲਮਾਨ ਹੋਣ ਸਦਕਾ ਨਹੀਂ ਭਾਰਤੀ ਹੋਣ
ਕਾਰਨ ਦੇਸ ਲਈ ਜਾਨ ਵਾਰ ਗਿਆ। ਸ਼ਹੀਦ ਵੀਰ ਮੇਜਰ ਸੋਮਨਾਥ ਸ਼ਰਮਾ ਪਰਮ ਵੀਰ ਚੱਕਰ
ਵਿਜੇਤਾ ਜਾਂ ਸ਼ਹੀਦ ਵੀਰ ਵਿਕਰਮ ਬਤਰਾ ਪਰਮ ਵੀਰ ਚੱਕਰ ਜੇਤੂ ਨੇ ਹਿੰਦੂ ਹੋਣ ਕਰ
ਕੇ ਨਹੀਂ ਭਾਰਤੀ ਹੋਣ ਕਰ ਕੇ ਜਾਨ ਵਾਰੀ। ਕੌਣ ਭੁਲਾ ਸਕਦਾ ਹੈ ਜਨਰਲ ਹਰਬਖਸ਼ ਸਿੰਘ
ਦੀ ਵੀਰਤਾ? ਪੂਰੀ ਸਿਖ ਕੌਮ ਉਸ ਦੀ ਰਿਣੀ ਹੈ। ਪਰਮ ਵੀਰ ਵਿਜੇਤਾ ਵੀਰ ਨਿਰਮਲ ਜੀਤ
ਸਿੰਘ ਸੇਖੋਂ ਨੇ ਵੀ ਸਿੱਖ ਹੋਣ ਸਦਕਾ ਨਹੀਂ, ਭਾਰਤੀ ਹੋਣ ਸਦਕਾ ਹੀ ਆਪਣੀ ਜਾਨ ਦੀ
ਪਰਵਾਹ ਨਹੀਂ ਕੀਤੀ। ਪਰ ਗ਼ੌਰ ਕਰਿਓ, ਸਿਆਸਤਦਾਨਾਂ ਦੇ ਲਾਡਲਿਆਂ ਨੇ ਕਦੇ ਆਪਣੀ
ਜਾਨ ਨਹੀਂ ਵਾਰੀ।
ਇਸ ਨੁਕਤੇ ਨੂੰ ਸਮਝਦਿਆਂ ਕਦੇ ਤਾਂ ਅਸੀਂ ਧਰਮ ਦੇ ਨਾਂ
ਉੱਤੇ ਪਾੜੇ ਜਾਣ ਤੋਂ ਬਚ ਕੇ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਤੋਂ ਖ਼ਬਰਦਾਰ ਹੋ
ਕੇ ਸਿਰਫ਼ ਪੰਜਾਬੀਪੁਣਾ ਸਾਂਭ ਕੇ ਇਕਜੁੱਟ ਹੋਵਾਂਗੇ!
ਜੇ ਹਾਲੇ ਵੀ ਨਾ
ਨਿੱਤਰੇ ਤਾਂ ਇਤਿਹਾਸ ਗਵਾਹ ਹੈ ਕਿ ਜ਼ੁਲਮ ਤੇ ਜ਼ਾਲਮ ਹਰ ਸਦੀ ਆਉਂਦੇ ਰਹੇ ਹਨ ਤੇ
ਵਿਦਰੋਹ ਵੀ ਹਮੇਸ਼ਾ ਹੁੰਦਾ ਰਿਹਾ ਹੈ। ਜੇ ਰੱਜੇ ਪੁੱਜੇ ਨਾ ਨਿੱਤਰੇ ਤਾਂ ਕੰਮੀਆਂ
ਦੇ ਵਿਹੜੇ ਵਿਦਰੋਹ ਦਾ ਬੀਜ ਜ਼ਰੂਰ ਪੁੰਗਰੇਗਾ ਤੇ ਉਹੀ ਕ੍ਰਾਂਤੀ ਦਾ ਮੁੱਢ
ਬੰਨ੍ਹੇਗਾ। ਉੱਥੋਂ ਹੀ ਫਿਰ ਆਵਾਜ਼ ਗੂੰਜੇਗੀ-ਸਾਡੇ ਹੱਕ, ਏਥੇ ਰੱਖ! ਇਨਕਲਾਬ
ਜ਼ਿੰਦਾਬਾਦ!!
ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤਕ ਰਾਤ ਬਾਕੀ ਹੈ
ਹਨ੍ਹੇਰੀ ਕਾਲੀ ਆਏਗੀ ਗਰਦਿਸ਼ ਉਡਦੀ ਜਾਏਗੀ ਘਟਾਵਾਂ ਨੇ ਵੀ ਆਉਣਾ ਹੈ
ਝਖੜਾਂ ਸ਼ੋਰ ਮਚਾਉਣਾ ਹੈ ਬਿਜਲੀ ਹੋਰ ਵੀ ਕੜਕੇਗੀ ਕੰਡਿਆਂ ਦੀ ਚੋਭ ਰੜਕੇਗੀ
ਵੇ ਵੀਰਾ ਥੱਕ ਨਾ ਜਾਣਾ ਨੀ ਭੈਣਾ ਅੱਕ ਨਾ ਜਾਣਾ ਚੰਗੇਜ਼ਾਂ ਫਿਰ ਵੀ ਆਉਣਾ
ਹੈ ਤੈਮੂਰਾਂ ਕਹਿਰ ਢਾਹੁਣਾ ਹੈ। ਅੰਗਾਰਾਂ ਤੇ ਕਦਮ ਰੱਖਣਾ ਜਦੋਂ ਤਕ
ਵਾਟ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤਕ ਰਾਤ ਬਾਕੀ ਹੈ ਨਹੀਂ
ਫਰਿਆਦ ਦਾ ਫ਼ਾਇਦਾ ਹਨ੍ਹੇਰੇ ਦੀ ਅਦਾਲਤ ਵਿਚ ਬਗ਼ਾਵਤ ਕਰ ਮੇਰੇ ਸਜਣਾ
ਜਦੋਂ ਤਕ ਰਾਤ ਬਾਕੀ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|