|
1 ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ:ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ (30/03/2018) |
|
|
|
|
|
ਅਕਾਲੀਆਂ ਭੁਲਾਇਆ ਕੈਪਟਨ ਅਮਰਿੰਦਰ ਸਿੰਘ ਨੇ ਅਪਣਾਇਆ ਜਥੇਦਾਰ ਗੁਰਚਰਨ ਸਿੰਘ
ਟੌਹੜਾ। ਅਕਾਲੀ ਦਲ ਦੇ ਇਤਿਹਾਸ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਨਾਮ
ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਉਹ ਪੌੜੀ ਦਰ ਪੌੜੀ ਅਕਾਲੀ ਦਲ ਦੀ ਸਿਆਸਤ
ਵਿਚ ਆਪਣੇ ਆਪ ਨੂੰ ਆਪਣੀ ਮਿਹਨਤ, ਲਗਨ, ਇਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਸਥਾਪਤ
ਕਰ ਗਏ। ਭਾਵੇਂ ਉਨ੍ਹਾਂ ਦਾ ਗਿਆਨੀ ਕਰਤਾਰ ਸਿੰਘ ਅਤੇ ਦਰਸ਼ਨ ਸਿੰਘ ਫੇਰੂਮਾਨ ਨਾਲ
ਬਹੁਤਾ ਤਾਲਮੇਲ ਨਹੀਂ ਰਿਹਾ ਪ੍ਰੰਤੂ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕਰਨ ਵਿਚ ਉਹ
ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਸਫਲਤਾ ਦੀ ਪੌੜੀ ਚੜ੍ਹਕੇ ਨਾਮਣਾ ਖੱਟ
ਗਏ। ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੀ ਸਾਦਗੀ, ਸ਼ਪਸਟਤਾ, ਧਾਰਮਿਕ ਅਕੀਦਤ ਅਤੇ
ਦਲੇਰੀ ਯਾਦ ਕੀਤੀ ਜਾਂਦੀ ਰਹੇਗੀ।
ਉਨ੍ਹਾਂ ਨੂੰ ਸਿਆਸਤ ਵਿਚ ਇਮਾਨਦਾਰੀ
ਦਾ ਪ੍ਰਤੀਕ ਕਿਹਾ ਜਾ ਸਕਦਾ ਹੈ।
ਅਕਾਲੀ ਦਲ ਨੇ ਇੱਕ-ਇੱਕ ਕਰਕੇ ਟੌਹੜਾ
ਧੜੇ ਦਾ ਸਫਾਇਆ ਕਰਨ ਦੀ ਕੋਸ਼ਿਸ ਕੀਤੀ ਹੈ ਪ੍ਰੰਤੂ ਕੁਦਰਤ ਦਾ ਅਸੂਲ ਹੈ ਕਿ ਕਦੀਂ
ਵੀ ਬੀਜ ਨਾਸ ਨਹੀਂ ਹੁੰਦਾ। ਆਧੁਨਿਕ ਸਮੇਂ ਦੇ ਸਿੱਖ ਸਿਆਸਤਦਾਨਾਂ ਵਿਚੋਂ ਸਿੱਖ
ਧਰਮ ਦੀ ਸਿਰਮੌਰ ਧਾਰਮਿਕ ਸ਼ਖ਼ਸੀਅਤ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ
ਅਕਾਲੀ ਦਲ ਦੇ ਇਤਿਹਾਸ ਵਿਚ ਇੱਕ ਵਿਲੱਖਣ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਤੇ ਯਾਦ
ਕੀਤਾ ਜਾਇਆ ਕਰੇਗਾ। ਸਾਧਾਰਨ ਕਿਸਾਨੀ ਪਰਿਵਾਰ ਵਿਚੋਂ ਉਠਕੇ ਧਾਰਮਿਕ ਅਤੇ ਸਿਆਸੀ
ਉਚ ਅਹੁਦੇ ਆਪਣੀ ਲਿਆਕਤ ਅਤੇ ਦਿਆਨਤਦਾਰੀ ਨਾਲ ਪ੍ਰਾਪਤ ਕੀਤੇ। ਸਾਰੀ ਉਮਰ ਸਰਗਰਮ
ਸਿਆਸਤ ਵਿਚ ਰਹਿਣ, 28 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ,
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਦੀ ਜੱਦੀ
ਜਾਇਦਾਦ ਵਿਚ ਇਕ ਧੇਲੇ ਦਾ ਵੀ ਵਾਧਾ ਨਹੀਂ ਹੋਇਆ। ਅਣਗਿਣਤ ਨੇਤਾਵਾਂ ਨੂੰ ਸਿਆਸੀ
ਅਤੇ ਧਾਰਮਿਕ ਅਹੁਦਿਆਂ ਉਪਰ ਸਨਮਾਨ ਨਾਲ ਬਿਠਾਇਆ ਪ੍ਰੰਤੂ ਅਹੁਦੇ ਪ੍ਰਾਪਤ ਕਰਨ
ਵਾਲੇ ਬਹੁਤੇ ਉਨ੍ਹਾਂ ਦੀ ਵਿਰਾਸਤ ਤੋਂ ਮੁੱਖ ਮੋੜ ਗਏ। ਜਥੇਦਾਰ ਟੌਹੜਾ ਅੱਜ ਦੀ
ਨੌਜਵਾਨ ਪੀੜ੍ਹੀ ਦੇ ਮਾਰਗ ਦਰਸ਼ਕ ਅਤੇ ਸਿਆਸਤਦਾਨਾ ਲਈ ਪ੍ਰੇਰਨਾ ਸਰੋਤ ਹਨ। ਉਹ
ਸਿੱਖ ਧਰਮ ਅਤੇ ਸਿਆਸਤ ਦਾ ਜ਼ਹੀਨ ਕਿਰਦਾਰ ਵਾਲਾ ਰੌਸ਼ਨ ਦਿਮਾਗ ਇਨਸਾਨ ਸੀ, ਜਿਸਨੇ
ਸਾਰੀ ਉਮਰ ਸਿੱਖੀ ਸੋਚ ਤੇ ਪਹਿਰਾ ਦਿੰਦਿਆਂ ਲੋਕਾਈ ਨੂੰ ਆਪੋ ਆਪਣੇ ਧਰਮਾਂ ਪ੍ਰਤੀ
ਤਨੋਂ ਮਨੋਂ ਸਮਰਪਤ ਹੋਣ ਨੂੰ ਪਹਿਲ ਦੇਣ ਲਈ ਪ੍ਰੇਰਿਆ। ਉਹ ਸਾਰੀ ਉਮਰ ਵੱਖ-ਵੱਖ
ਕਿਸਮ ਦੀਆਂ ਅਨੇਕਾਂ ਚਰਚਾਵਾਂ ਅਤੇ ਵਾਦਵਿਵਾਦਾਂ ਦਾ ਕੇਂਦਰ ਬਿੰਦੂ ਰਹੇ ਕਿਉਂਕਿ
ਉਹ ਹਮੇਸ਼ਾ ਸਿੱਖੀ ਵਿਚਾਰਧਾਰਾ ਅਤੇ ਸਚਾਈ ਦੇ ਮਾਰਗ ਤੇ ਪਹਿਰਾ ਦਿੰਦੇ ਰਹੇ,
ਪ੍ਰੰਤੂ ਉਨ੍ਹਾਂ ਨੇ ਕਦੀਂ ਵੀ ਕਿਸੇ ਵਿਅਕਤੀ ਨੂੰ ਕਿਸੇ ਦੂਜੇ ਧਰਮ ਦੇ ਵਿਰੁਧ
ਬੋਲਣ ਨੂੰ ਉਤਸ਼ਾਹਤ ਨਹੀਂ ਕੀਤਾ। ਉਨ੍ਹਾਂ ਦੇ ਸਿੱਖ ਧਰਮ ਨੂੰ ਸਮਰਪਤ ਹੋਣ ਨੂੰ ਹੀ
ਗ਼ਲਤ ਸਮਝਿਆ ਜਾਂਦਾ ਰਿਹਾ।
ਉਹ ਦੂਰ ਅੰਦੇਸ਼ ਸੁਲਝੇ ਹੋਏ ਵਿਅਕਤੀ ਸਨ,
ਜਿਹੜੇ ਹਰ ਘਟਨਾ ਅਤੇ ਸਮੱਸਿਆ ਦੇ ਨਿਕਲਣ ਵਾਲੇ ਦੂਰਗਾਮੀ ਨਤੀਜਿਆਂ ਤੋਂ ਚਿੰਤਤ
ਹੁੰਦੇ ਸਨ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਕੁਝ ਸਮਰਥਕਾਂ ਵੱਲੋਂ
ਮੇਰਾ ਵਿਰੋਧ ਕਰਨ ਦੇ ਬਾਵਜੂਦ ਉਹ ਮੇਰੇ ਵਿਚ ਅਥਾਹ ਵਿਸ਼ਵਾਸ਼ ਕਰਦੇ ਸਨ। ਵੱਡੀ
ਸ਼ਖ਼ਸੀਅਤ ਹੋਣ ਦੇ ਬਾਵਜੂਦ ਉਹ ਹਰ ਦੁੱਖ ਸੁਖ ਦੇ ਸਮੇਂ ਸਾਂਝ ਬਣਾਈ ਰੱਖਦੇ ਸਨ।
ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਜੀਵਨ ਨਾਲ ਸੰਬੰਧਤ ਕੁਝ ਇਕ ਘਟਨਾਵਾਂ ਦਾ ਮੈਂ
ਇਥੇ ਜ਼ਿਕਰ ਕਰਾਂਗਾ ਕਿ ਉਹ ਇਨਸਾਨੀਅਤ ਦੇ ਕਿਤਨੇ ਪੁਜਾਰੀ ਸਨ।
ਪਰਕਾਸ਼
ਸਿੰਘ ਬਾਦਲ ਦੀ ਸਰਕਾਰ ਸਮੇਂ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਜਮਘਟਾ ਸਵੇਰੇ 4.00
ਵਜੇ ਹੀ ਉਨ੍ਹਾਂ ਘਰ ਪਿੰਡ ਟੌਹੜਾ ਵਿਖੇ ਲੱਗ ਜਾਂਦਾ ਸੀ। ਪਹਿਲੀ ਘਟਨਾ ਉਨ੍ਹਾਂ
ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਲੋਕ ਸਭਾ ਦੀ ਪਟਿਆਲਾ ਤੋਂ ਚੋਣ ਵਿਚ
ਪਟਿਆਲਾ ਵਿਖੇ ਨਿਰੰਕਾਰੀ ਭਵਨ ਵਿਚ ਵੋਟਾਂ ਮੰਗਣ ਲਈ ਜਾਣ ਦੇ ਸੰਬੰਧ ਵਿਚ ਹੈ। ਆਮ
ਲੋਕਾਂ ਅਤੇ ਸਿਆਸਤਦਾਨਾਂ ਵਿਚ ਉਨ੍ਹਾਂ ਬਾਰੇ ਕਈ ਗ਼ਲਤ ਕਿਆਸ ਅਰਾਈਆਂ ਲਗਾਈਆਂ
ਜਾਂਦੀਆਂ ਸਨ। ਮੈਂ ਲੋਕ ਸੰਪਰਕ ਵਿਭਾਗ ਵਿਚ ਪਟਿਆਲਾ ਵਿਖੇ ਤਾਇਨਾਤ ਸੀ। ਉਹ
ਪਟਿਆਲਾ ਭਾਦਸੋਂ ਸੜਕ ਤੇ ਲੌਟ ਪਿੰਡ ਕੋਲ ਨਹਿਰ ਉਪਰ ਬਣਨ ਵਾਲੇ ਪੁਲ ਦਾ ਨੀਂਹ
ਪੱਥਰ ਰੱਖਣ ਲਈ ਸਮੇਤ ਹਰਮੇਲ ਸਿੰਘ ਟੋਹੜਾ (ਉਦੋਂ ਲੋਕ ਨਿਰਮਾਣ ਮੰਤਰੀ ਪੰਜਾਬ)
ਗਏ ਸਨ ਤਾਂ ਉਥੇ ਉਨ੍ਹਾਂ ਨੂੰ ਉਸ ਸਮਾਗਮ ਵਿਚ ਮਿਲਕੇ ਮੈਂ ਬੇਨਤੀ ਕੀਤੀ ਕਿ ਕੁਝ
ਚੋਣਵੇਂ ਪੱਤਰਕਾਰ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹਨ, ਜੋ ਮੇਰੇ ਨਾਲ ਪਟਿਆਲਾ
ਤੋਂ ਆਏ ਹਨ। ਉਨ੍ਹਾਂ ਮੈਨੂੰ ਸਰਕਟ ਹਾਊਸ ਵਿਚ ਪਹੁੰਚਣ ਲਈ ਕਿਹਾ। ਪੱਤਰਕਾਰ
ਜਿਵੇਂ ਕਿ ਆਮ ਤੌਰ ਤੇ ਸਿਆਸਤਦਾਨਾ ਬਾਰੇ ਸ਼ੱਕੀ ਸੁਭਾਅ ਰੱਖਦੇ ਹੁੰਦੇ ਹਨ, ਕਹਿਣ
ਲੱਗੇ ਜਥੇਦਾਰ ਟੌਹੜਾ ਨੇ ਆਪਾਂ ਨੂੰ ਟਰਕਾ ਦਿੱਤਾ ਹੈ ਪ੍ਰੰਤੂ ਜਥੇਦਾਰ ਟੌਹੜਾ
ਨਿਸਚਤ ਸਮੇਂ ਤੇ ਪਹੁੰਚ ਗਏ। ਪੱਤਰਕਾਰਾਂ ਦਾ ਇੱਕੋ ਇੱਕ ਸਵਾਲ ਕਿ ਤੁਸੀਂ
ਨਿਰੰਕਾਰੀ ਭਵਨ ਵੋਟਾਂ ਮੰਗਣ ਲਈ ਗਏ ਸੀ। ਉਨ੍ਹਾਂ ਦਾ ਜਵਾਬ ਸੁਣਕੇ ਅਸੀਂ ਹੈਰਾਨ
ਹੋ ਗਏ। ਉਨ੍ਹਾਂ ਕਿਹਾ ‘‘ ਹਾਂ ਮੈਂ ਗਿਆ ਸੀ ਪ੍ਰੰਤੂ ਵੋਟਾਂ ਮੰਗਣ ਲਈ ਨਹੀਂ
ਸਗੋਂ ਪੰਜਾਬ ਦੀ ਸ਼ਾਂਤੀ ਮੰਗਣ ਲਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਖ਼ਤਮ
ਹੁੰਦੀ ਜਾ ਰਹੀ ਹੈ। ਅਸੀਂ ਕਿਤਨਾ ਹੋਰ ਸਮਾਂ ਲਹੂ ਲੁਹਾਣ ਹੁੰਦੇ ਰਹਾਂਗੇ।
ਸਿਆਸਤਦਾਨਾ ਨੂੰ ਆਪਣਾ ਫ਼ਰਜ ਸਮਝਣਾ ਚਾਹੀਦਾ ਹੈ। ਪੰਜਾਬੀਆਂ ਦੇ ਘਰਾਂ ਵਿਚ ਸੱਥਰ
ਵਿਛਿਆ ਅਤੇ ਮਾਤਮ ਛਾਇਆ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਵਿਚ ਖ਼ੂਨ
ਖ਼ਰਾਬਾ ਹੁੰਦਾ ਰਹੇ ਅਤੇ ਭਾਈਚਾਰਾਕ ਸਦਭਾਵਨਾ ਖ਼ਤਮ ਹੋਵੇ। ਪੰਜਾਬ ਦੀ ਨੌਜਵਾਨੀ
ਖ਼ਤਮ ਹੋ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਬੜੀ ਨਮਰਤਾ ਅਤੇ ਹਲੀਮੀ ਨਾਲ ਕਿਹਾ ਕਿ
ਰੱਬ ਦਾ ਵਾਸਤਾ, ਜੇ ਤੁਸੀਂ ਪੰਜਾਬ ਨੂੰ ਸ਼ਾਂਤੀ ਨਾਲ ਘੁਗ ਵਸਦਾ ਵੇਖਣਾ ਚਾਹੁੰਦੇ
ਹੋ ਤਾਂ ਇਹ ਖ਼ਬਰ ਬੇਸ਼ਕ ਲਾ ਦਿਓ ਪ੍ਰੰਤੂ ਮੈਨੂੰ ਕੋਟ ਨਾ ਕਰਿਓ ਕਿਉਂਕਿ ਸਿਆਸਤਦਾਨ
ਸ਼ੁਭ ਕੰਮਾਂ ਤੇ ਵੀ ਸਿਆਸਤ ਕਰਦੇ ਹਨ। ਪੰਜਾਬ ਦੇ ਹਿਤਾਂ ਦੀ ਪਰਵਾਹ ਨਹੀਂ ਕਰਦੇ’।
ਇਹ ਸਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਿਨ੍ਹਾਂ ਦੇ ਦਿਲ ਵਿਚ
ਪੰਜਾਬੀਆਂ ਦੇ ਦਰਦ ਦੀ ਹੂਕ ਉਠਦੀ ਸੀ।
ਦੁੱਖ ਇਸ ਗੱਲ ਦਾ ਹੈ ਕਿ ਜਿਹੜੇ
ਸਿਆਸਤਦਾਨ ਉਨ੍ਹਾਂ ਦੇ ਪੈਰਾਂ ਤੇ ਸਿਰ ਧਰਕੇ ਸਿਆਸੀ ਤਾਕਤਾਂ ਲੈ ਕੇ ਬਾਦਸ਼ਾਹੀਆਂ
ਮਾਣਦੇ ਰਹੇ, ਜੋ ਕਹਿੰਦੇ ਸੀ ‘‘ਮਰਾਂਗੇ ਨਾਲ ਤੇਰੇ ਛੱਡਕੇ ਮੈਦਾਨ ਭੱਜਗੇ’’ ਅੱਜ
ਉਨ੍ਹਾਂ ਨੂੰ ਭੁੱਲੇ ਫਿਰਦੇ ਹਨ। ਸਿਆਸਤ ਵਿਚ ਕੋਈ ਗੁਰੂ ਚੇਲਾ ਨਹੀਂ ਹੁੰਦਾ ਸਗੋਂ
ਮੌਕਾ ਪ੍ਰਸਤੀ ਹੁੰਦੀ ਹੈ। ਚੇਲੇ ਗੁਰੂ ਬਣ ਜਾਂਦੇ ਹਨ ਜਿਵੇਂ ਟੌਹੜਾ ਸਾਹਿਬ ਨਾਲ
ਹੋਈ ਹੈ। ਸਿਆਸਤਦਾਨਾ ਵਿਚੋਂ ਇਕੋ ਇਕ ਮਰਦੇ ਮਜਾਹਦ ਸਵਰਗਵਾਸੀ ਮਨਜੀਤ ਸਿੰਘ
ਕਲਕੱਤਾ ਸੀ, ਜਿਸਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਅਤੇ ਉਨ੍ਹਾਂ ਦੀ ਸੋਚ ਉਪਰ
ਪਹਿਰਾ ਦਿੰਦਾ ਰਿਹਾ। ਇਕ ਹੋਰ ਘਟਨਾ ਦਾ ਜ਼ਿਕਰ ਕਰਾਂਗਾ ਕਿ ਜਦੋਂ ਭਾਈ ਰਣਜੀਤ
ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਤਾਂ ਇਕ ਵਾਰ ਉਨ੍ਹਾਂ ਮੈਨੂੰ ਕਿਸੇ
ਜ਼ਰੂਰੀ ਧਾਰਮਿਕ ਵਾਦਵਿਵਾਦ ਸੰਬੰਧੀ ਵਿਚਾਰ ਵਟਾਂਦਰੇ ਲਈ ਪਟਿਆਲਾ ਤੋਂ ਬਾਹਰ ਕਿਸੇ
ਸ਼ਹਿਰ ਵਿਚ ਬੁਲਾਇਆ। ਉਹ ਸਿੱਖ ਧਰਮ ਦੇ ਅਸੂਲਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ
ਲਈ ਬੜੇ ਚਿੰਤਾਤੁਰ ਰਹਿੰਦੇ ਸਨ। ਜਿਹੜਾ ਵਿਅਕਤੀ ਮੈਨੂੰ ਬੁਲਾਉਣ ਆਇਆ ਸੀ, ਉਹ
ਮੈਨੂੰ ਕਿਸੇ ਸਿਆਸਤਦਾਨ ਦੇ ਦਫ਼ਤਰ ਵਰਗੇ ਘਰ ਲੈ ਗਿਆ। ਉਦੋਂ ਮੈਂ ਸਹਾਇਕ ਲੋਕ
ਸੰਪਰਕ ਅਧਿਕਾਰੀ ਪਟਿਆਲਾ ਵਿਚ ਲੱਗਿਆ ਹੋਇਆ ਸੀ। ਮੈਨੂੰ ਪਤਾ ਨਹੀਂ ਸੀ ਕਿ ਉਹ
ਕਿਸਦਾ ਘਰ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇਕ ਛੋਟੇ ਜਹੇ ਕਮਰੇ ਵਿਚ ਬੈਠੇ
ਸਨ, ਜਿਥੇ ਸਿਰਫ ਇਕ ਕੁਰਸੀ ਅਤੇ ਤਖ਼ਤਪੋਸ਼ ਪਿਆ ਸੀ। ਉਹ ਕੁਰਸੀ ਉਪਰ ਬੈਠੇ ਸਨ
ਮੈਨੂੰ ਤਖ਼ਤਪੋਸ਼ ਤੇ ਬੈਠਣ ਲਈ ਕਿਹਾ ਅਤੇ ਉਸ ਵਿਅਕਤੀ ਨੂੰ ਵੀ ਕਮਰੇ ਚੋਂ ਬਾਹਰ
ਭੇਜਕੇ ਮੇਰੇ ਨਾਲ ਗੱਲ ਕੀਤੀ। ਥੋੜ੍ਹੀ ਦੇਰ ਬਾਅਦ ਉਸ ਘਰ ਦਾ ਮਾਲਕ ਸਿਆਸਤਦਾਨ ਆ
ਗਿਆ। ਟੌਹੜਾ ਸਾਹਿਬ ਚਿੱਟੇ ਕੁੜਤੇ ਪਜਾਮੇ ਵਿਚ ਸ਼ਾਂਤ ਚਿਤ ਲੱਤ ਉਪਰ ਲੱਤ ਰੱਖਕੇ
ਕੱਢਵੀਂ ਤਿਲੇਦਾਰ ਜੁਤੀ ਪਾਈ ਬੈਠੇ ਸਨ, ਜਿਵੇਂ ਕੋਈ ਮਹਾਂਪੁਰਸ਼ ਭਗਤੀ ਵਿਚ ਲੀਨ
ਹੋਵੇ। ਉਸ ਸਿਆਸਤਦਾਨ ਨੇ ਆਉਂਦਿਆਂ ਹੀ ਟੌਹੜਾ ਸਾਹਿਬ ਦੀ ਪੈਰੀਂ ਪਾਈ ਜੁੱਤੀ ਤੇ
ਸਿਰ ਰੱਖਕੇ ਮੱਥਾ ਟੇਕਿਆ ਅਤੇ ਤੁਰੰਤ ਮੇਰੇ ਵਿਰੁਧ ਬੋਲਣ ਲੱਗ ਪਿਆ। ਟੌਹੜਾ
ਸਾਹਿਬ ਨੇ ਬਥੇਰਾ ਸਮਝਾਇਆ ਕਿ ਇਹ ਮੇਰਾ ਆਪਣਾ ਨਿੱਜੀ ਵਿਅਕਤੀ ਹੈ। ਤੂੰ ਕੀ ਲੈਣਾ
ਹੈ? ਜਦੋਂ ਉਹ ਨਾ ਹੱਟਿਆ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਟੌਹੜਾ ਸਾਹਿਬ ਨੇ ਉਸਦੇ
ਘਰੋਂ ਹੀ ਕਮਰੇ ਵਿਚੋਂ ਉਸਨੂੰ ਬਾਹਰ ਕੱਢ ਦਿੱਤਾ। ਜੇ ਆਪਣਿਆਂ ਦੀ ਇੱਜ਼ਤ ਕਰਨੀ
ਸਿੱਖਣੀ ਹੋਵੇ ਤਾਂ ਟੌਹੜਾ ਸਾਹਿਬ ਦੀ ਦਲੇਰੀ ਅਤੇ ਹਿੰਮਤ ਤੋਂ ਸਿੱਖੀ ਜਾ ਸਕਦੀ
ਹੈ।
ਇੱਕ ਵਾਰ ਉਨ੍ਹਾਂ ਮੇਰੀ ਪਟਿਆਲਾ ਤੋਂ ਬਦਲੀ ਕਿਸੇ ਸਿਆਸਤਦਾਨ ਦੇ
ਕਹਿਣ ਤੇ ਕਰਵਾ ਦਿੱਤੀ। ਮੈਨੂੰ ਬੁਲਾਕੇ ਕਹਿਣ ਲੱਗੇ ਮੇਰੀ ਸਿਆਸੀ ਮਜ਼ਬੂਰੀ ਬਣ ਗਈ
ਸੀ, ਬੁਰਾ ਨਾ ਮਨਾਉਣਾ। ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਉਨ੍ਹਾਂ ਦਾ ਆਲਾ
ਦੁਆਲਾ ਮੈਨੂੰ ਪਸੰਦ ਨਹੀਂ ਕਰਦਾ ਸੀ। ਇਕ ਵਾਰ ਸਵੇਰੇ 5.00 ਵਜੇ ਮੈਨੂੰ ਮੇਰੇ
ਮਰਹੂਮ ਦੋਸਤ ਦੇ ਲੜਕੇ ਨਾਲ ਕਿਸੇ ਜ਼ਰੂਰੀ ਕੰਮ ਲਈ ਉਨ੍ਹਾਂ ਦੇ ਘਰ ਪਿੰਡ ਟੌਹੜਾ
ਵਿਖੇ ਜਾਣਾ ਪਿਆ ਕਿਉਂਕਿ ਮੇਰਾ ਉਹ ਦੋਸਤ ਟੌਹੜਾ ਸਾਹਿਬ ਦੇ ਵੀ ਨਜ਼ਦੀਕ ਸੀ।
ਉਨ੍ਹਾਂ ਦੇ ਸਹਿਯੋਗੀ ਮੈਨੂੰ ਕਮਰੇ ਅੰਦਰ ਜਾ ਕੇ ਉਨ੍ਹਾਂ ਨੂੰ ਮਿਲਣ ਹੀ ਨਾ ਦੇਣ।
ਕਿਸੇ ਤਰੀਕੇ ਨਾਲ ਅੱਖ ਬਚਾਕੇ ਮੈਂ ਕਮਰੇ ਵਿਚ ਵੜ ਗਿਆ। ਮੈਨੂੰ ਵੇਖਦਿਆਂ ਹੀ
ਉਨ੍ਹਾਂ ਉਠਕੇ ਕਲਾਵੇ ਵਿਚ ਲੈ ਕੇ ਆਪਣੇ ਕੋਲ ਬਿਠਾ ਲਿਆ। ਪਹਿਲਾਂ ਚਾਹ ਪਿਲਾਈ
ਅਤੇ ਨਾਲ ਹੀ ਕੰਮ ਕੀਤਾ। ਅਜਿਹੇ ਇਨਸਾਨ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਸਹੀ
ਅਰਥਾਂ ਵਿਚ ਉਹ ਲੋਕ ਨਾਇਕ ਲੋਕਾਂ ਦੇ ਪ੍ਰਤੀਨਿਧ ਸਨ। ਅਕਾਲੀ ਦਲ ਨੇ
ਉਨ੍ਹਾਂ ਨੂੰ ਭੁਲਾਇਆ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਅਪਣਾਇਆ। ਕੈਪਟਨ ਅਮਰਿੰਦਰ
ਸਿੰਘ ਹਮੇਸ਼ਾ ਉਨ੍ਹਾਂ ਦੀ ਯਾਦ ਵਿਚ ਹਰ ਸਾਲ ਰਾਜ ਪੱਧਰ ਦਾ ਸਰਕਾਰੀ ਸਮਾਗਮ
ਉਨ੍ਹਾਂ ਦੇ ਪਿੰਡ ਟੌਹੜਾ ਵਿਖੇ ਕਰਕੇ ਸ਼ਰਧਾਂਜਲੀ ਭੇਂਟ ਕਰਦੇ ਹਨ। ਟੌਹੜਾ ਸਾਹਿਬ
ਦੀ ਪਤਨੀ ਨੂੰ ਕੈਬਨਿਟ ਰੈਂਕ ਵੀ ਕੈਪਟਨ ਸਾਹਿਬ ਨੇ ਦਿੱਤਾ ਸੀ। ਅੱਜ ਵੀ ਮੇਰਾ
ਸਿਰ ਉਸ ਮਹਾਨ ਆਤਮਾ ਅੱਗੇ ਝੁਕਦਾ ਹੈ।
ਅੱਜ 1 ਅਪ੍ਰੈਲ 2018 ਨੂੰ
ਉਨ੍ਹਾਂ ਦੀ ਬਰਸੀ ਉਪਰ ਅਕੀਦਤ ਦੇ ਫੁਲ ਭੇਂਟ ਕਰਦਾ ਹਾਂ। (30/03/2018)
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
|
|
|
|
|
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|