WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
 (01/02/2018)

jaswant


charchit 

ਚੀਨ ਅਤੇ ਗਰੀਬੀ : ਆਮ ਤੋਰ ਤੇ ਮੰਨਿਆ ਜਾਂਦਾ ਹੈ ਕਿ ਚੀਨ ਨੇ ਭਾਰਤ ਦੇ ਮੁਕਾਬਲੇ ਗਰੀਬੀ ਪੁਰ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੋਇਆ ਹੈ। ਹੁਣ ਉਹ ਆਰਥਕ ਰੂਪ ਵਿੱਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਵੱਡੀ ਆਰਥਕ ਸ਼ਕਤੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਿਐ। ਇਸੇ ਦੌਰਾਨ ਚੀਨ ਤੋਂ ਕੁਝ ਅਜਿਹੀਆਂ ਖਬਰਾਂ ਵਾਇਰਲ  ਹੋ ਸਾਹਮਣੇ ਆ ਰਹੀਆਂ ਹਨ, ਜੋ ਇਸ ਮੰਨੀ ਜਾਂਦੀ ਤਸਵੀਰ ਦਾ ਦੂਜਾ ਰੁਖ ਪੇਸ਼ ਕਰਦੀਆਂ ਹਨ। ਉਨ੍ਹਾਂ ਵਿਚੋਂ ਹੀ ਇਕ ਖਬਰ ਹੁਣੇ ਜਿਹੇ ਆਈ ਹੈ, ਜਿਸਤੋਂ ਇਹ ਸੰਕੇਤ ਮਿਲਦਾ ਹੈ ਕਿ ਚੀਨ ਵਿੱਚ ਗਰੀਬੀ ਨਾਲ ਜੂਝ ਰਹੇ ਬਚਪਨ ਨੂੰ ਲੈ ਕੇ ਫਿਰ ਤੋਂ ਬਹਿਸ ਸ਼ੁਰੂ ਹੋ ਗਈ ਹੈ। ਇਹ ਮਾਮਲਾ ਚੀਨ ਦੇ ਸ਼ਿੰਗਦਾਉ ਪ੍ਰਾਂਤ ਦਾ ਦਸਿਆ ਜਾਂਦਾ ਹੈ, ਜਿਥੇ ਇੱਕ ਸੱਤ ਸਾਲ ਦਾ ਬੱਚਾ ਘਰ-ਘਰ ਜਾ ਸਾਮਾਨ ਪਹੁੰਚਾ ਰਿਹਾ ਹੈ। ਇਸ ਸੰਬੰਧ ਵਿੱਚ ਸੋਸ਼ਲ ਮੀਡੀਆ  ਪੁਰ ਵਾਇਰਲ  ਹੋਈ ਵੀਡਿਉ  ਵਿੱਚ ਬੱਚੇ ਨੇ ਦਸਿਆ ਕਿ ਉਹ ਹਰ ਰੋਜ਼ ਘਟੋ-ਘਟ 30 ਸਾਮਾਨ ਲਿਜਾ ਵੱਖ-ਵੱਖ ਲੋਕਾਂ ਦੇ ਘਰਾਂ ਵਿੱਚ ਪਹੁੰਚਾਂਦਾ ਹੈ। ਇਸ ਬੱਚੇ ਦੀ ੳਹ ਤਸਵੀਰ ਹਾਲ ਵਿੱਚ ਹੀ ਸੋਸ਼ਲ ਮੀਡਿਆ  ਪੁਰ ਵਾਇਰਲ  ਹੋਈ, ਜਿਸ ਵਿੱਚ ਉਹ ਭਾਰੀ ਬਰਫਬਾਰੀ ਵਿੱਚ ਚਾਰ ਕਿਲੋਮੀਟਰ ਪੈਦਲ ਚਲ ਸਕੂਲ ਜਾਂਦਾ ਵਿਖਾਈ ਦੇ ਰਿਹਾ ਹੈ।

ਦਸਿਆ ਗਿਐ ਕਿ ਇਸ ਬੱਚੇ, ਜਿਸਦਾ ਨਾਂਅ ਚਾਂਜਿਆਂਗ ਹੈ, ਦੇ ਪਿਤਾ ਦੀ ਮੌਤ ਚਾਰ ਸਾਲ ਪਹਿਲਾਂ ਹੋ ਗਈ ਸੀ। ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਨੇ ਦੂਜਾ ਵਿਆਹ ਕਰਵਾ, ਉਸ ਨਾਲੋਂ ਆਪਣਾ ਨਾਤਾ ਤੋੜ ਲਿਆ। ਫਲਸਰੂਪ ਉਸਦਾ ਪਾਲਣ-ਪੋਸ਼ਣ ਕਰਨ ਦੀ ਜ਼ਿਮੇਂਦਾਰੀ ਉਸਦੇ ਪਿਤਾ ਦੇ ਇੱਕ ਦੌਸਤ ਯਾਂਘ ਸ਼ਿਫਾਂਗ ਨੇ ਸੰਭਾਲ ਲਈ। ਜੋ ਆਪ ਘਰ-ਘਰ ਸਾਮਾਨ ਡਿਲਿਵਰ ਕਰਨ ਦਾ ਕੰਮ ਕਰਦਾ ਹੈ। ਉਸਨੇ ਦਸਿਆ ਕਿ ਮੈਂ ਸਾਮਾਨ ਵੰਡਣ ਜਾਂਦਿਆਂ ਇਸ ਬੱਚੇ ਨੂੰ ਵੀ ਨਾਲ ਲੈ ਜਾਂਦਾ ਸੀ, ਕਿਉਂਕਿ ਇਸਨੂੰ ਇਕਲਿਆਂ ਘਰ ਨਹੀਂ ਸੀ ਛੱਡਿਆ ਜਾ ਸਕਦਾ। ਇਹ ਕੰਮ ਕਰਦਿਆਂ ਜਲਦੀ ਹੀ ਉਸ ਬੱਚੇ ਨੂੰ ਇਸ ਕੰਮ ਵਿੱਚ ਦਿਲਚਸਪੀ ਪੈਦਾ ਹੋਣ ਲਗੀ ਤੇ ਉਸਨੇ ਆਪਣੇ ਲਈ ਇੱਕ ਵਖਰੀ ਛੋਟੀ ਟੋਕਰੀ ਦੀ ਮੰਗ ਕਰ ਲਈ। ਚੀਨ ਦੇ ਲੋਕਾਂ ਨੇ ਇਸ ਬੱਚੇ ਨੂੰ ‘ਲਿਟਲ ਲੀ’  ਦਾ ਨਾਂਅ ਦਿੱਤਾ। ਕਿਹਾ ਜਾਂਦਾ ਹੈ ਕਿ ਲੋਕੀ ਭਾਵੇਂ ਉਸ ਬੱਚੇ ਦੀ ਮਿਹਨਤ ਨੂੰ ਵੇਖ ਹੈਰਾਨ ਹੁੰਦੇ ਹੋਣ, ਪਰ ਉਹ ‘ਲਿਟਲ ਲੀ’ ਆਪਣੇ ਕੰਮ ਦਾ ਪੂਰ-ਪੂਰਾ ਮਜ਼ਾ ਉਠਾ ਰਿਹਾ ਹੈ। ਉਹ ਕਹਿੰਦਾ ਹੈ ਕਿ ਉਸਨੂੰ ਆਪਣਾ ਕੰਮ ਬਹੁਤ ਪਸੰਦ ਹੈ ਤੇ ਵੱਡਾ ਹੋ ਕੇ ਵੀ ਉਹ ਇਹੀ ਕੰਮ ਕਰਨਾ ਚਾਹੇਗਾ।

ਭਾਜਪਾ ਨਗਰ ਨਿਗਮਾਂ ਦੀ ਕਾਰਗੁਜ਼ਾਰੀ : ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਚਲ ਰਹੀ ਸੀਲਿੰਗ  ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਕਨਵਰਜ਼ਨ ਫੀਸ  ਦੇ ਨਾਂਅ ਤੇ ਭਾਜਪਾ ਸੱਤਾ ਅਧੀਨ ਨਗਰ ਨਿਗਮਾਂ ਨੇ ਵਪਾਰੀਆਂ ਪਾਸੋਂ ਕਰੋੜਾਂ ਰੁਪਏ ਵਸੂਲ ਕਰ ਲਏ ਹੋਏ ਹਨ, ਪ੍ਰੰਤੂ ਇਨ੍ਹਾਂ ਦੀ ਉਨ੍ਹਾਂ ਨੇ ਸੁਚਜੀ ਤੇ ਲੋੜੀਂਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਇਸ ਪੈਸੇ ਨੂੰ ਜ਼ਰੂਰੀ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਪਾਰਕਿੰਗ  ਆਦਿ ਦੀਆਂ ਸਹੂਲਤਾਂ ਉਪਲਬੱਧ ਕਰਵਾਉਣ ਦੇ ਨਾਲ ਕਈ ਹੋਰ ਵੀ ਲੋੜੀਂਦੇ ਕੰਮ ਕਰਨੇ ਸਨ। ਦਸਿਐ ਗਿਆ ਕਿ ਇਹ ਖੁਲਾਸਾ ਦਿੱਲੀ ਵਿਧਾਨ ਸਭਾ ਦੀ ਸੀਲਿੰਗ  ਕਮੇਟੀ ਦੀ ਬੈਠਕ ਦੌਰਾਨ ਨਿਗਮ ਕਮਿਸ਼ਨਰਾਂ ਵਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਹੋਇਆ ਹੈ।

ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਦਿੱਲੀ ਦੇ 351 ਮਾਰਗਾਂ ਨੂੰ ਸੀਲਿੰਗ  ਤੋਂ ਰਾਹਤ ਦੁਆਣ ਲਈ ਹੋ ਰਹੀ ਮੁਸ਼ਕਤ ਦੌਰਾਨ ਸਰਕਾਰ ਨੂੰ ਕੇਵਲ ਦੋ ਨਗਰ ਨਿਗਮਾਂ ਪਾਸੋਂ ਹੀ ਪੂਰੀ ਰਿਪੋਰਟ ਮਿਲੀ ਹੈ। ਕਮੇਟੀ ਦੇ ਮੁੱਖ ਸਕਤੱਰ ਸ਼ਹਿਰੀ ਵਿਕਾਸ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦਸਿਆ ਕਿ ਅਜੇ ਤਕ ਉਤਰੀ ਦਿੱਲੀ ਦੇ ਨਗਰ ਨਗਮ ਪਾਸੋਂ ਪੂਰੀ ਰਿਪੋਰਟ ਨਹੀਂ ਮਿਲੀ। ਇਸਦੇ ਨਾਲ ਇਹ ਖੁਲਾਸਾ ਵੀ ਹੋਇਆ, ਕਿ ਦਖਣੀ ਦਿੱਲੀ ਪਾਸ 634.54 ਕਰੋੜ ਰੁਪਏ ਦੀ ਅਜਿਹੀ ਰਾਸ਼ੀ ਹੈ, ਜਿਸ ਵਿਚੋਂ 489.89 ਕਰੋੜ ਰੁਪਏ ਕਨਵਰਜ਼ਨ ਫੀਸ, 142.50 ਕਰੋੜ ਰੁਪਏ ਪਾਰਕਿੰਗ ਚਾਰਜ  ਤੇ ਪ੍ਰਬੰਧ ਨਾਲ ਸੰਬੰਧਤ 2.13 ਕਰੋੜ ਰੁਪਏ ਰਜਿਸਟ੍ਰੇਸਨ ਫੀਸ  ਦੀ ਮਦ ’ਚ ਵਸੂਲੇ ਗਏ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਕਰੋਲਬਾਗ ਵਿੱਚ ਹੁਣੇ ਜਿਹੇ ਜੋ ਸੀਲਿੰਗ ਹੋਈ, ਉਸ ਵਿੱਚ ਸੁਪ੍ਰੀਮ ਕੋਰਟ ਦੀ ਮਾਨਿਟੀਅਰਿੰਗ  ਕਮੇਟੀ ਵਲੋਂ ਦਿੱਤੇ ਗਏ ਆਦੇਸ਼ਾਂ ਦਾ ਪਾਲਣ ਵੀ ਨਹੀਂ ਕੀਤਾ ਗਿਆ। ਨਗਰ ਨਿਗਮ ਨੇ ਸੀਲਿੰਗ  ਦੇ ਹੋਰ ਨਿਯਮਾਂ ਆਦਿ ਦੇ ਉਲੰਘਣ ਨੂੰ ਸੀਲਿੰਗ  ਦਾ ਕਰਨ ਦਾ ਕਾਰਣ ਦਸਿਆ।

ਕਮਾਈ ਵਿੱਚ ਵਾਧੇ ਦੀ ਲਾਲਸਾ : ਭਾਰਤੀ ਰੇਲਵੇ ਵਿਭਾਗ ਵਲੋਂ ਆਪਣੀ ਕਮਾਈ ਵਧਾਣ ਦੀ ਲਾਲਸਾ ਅਧੀਨ ਪ੍ਰੀਮੀਅਮ  ਗੱਡੀਆਂ ਵਿੱਚ ਫਲੈਕਸ ਫੇਯਰ  ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਪ੍ਰੰਤੂ ਮਿਲੀ ਜਾਣਕਾਰੀ ਅਨੁਸਾਰ ਕਿਰਾਇਆ ਬਹੁਤ ਹੀ ਜ਼ਿਆਦਾ ਹੋਣ ਦੇ ਕਾਰਣ ਸਾਰੀਆਂ ਹੀ ਪ੍ਰੀਮੀਅਮ  ਗੱਡੀਆਂ ਵਿੱਚ ਵਧੇਰੇ ਬਰਥਾਂ ਖਾਲੀ ਜਾ ਰਹੀਆਂ ਹਨ। ਪਟਨਾ ਤੋਂ ਦਿੱਲੀ ਲਈ ਚਲਣ ਵਾਲੀ ਰਾਜਧਾਨੀ ਐਕਸਪ੍ਰੈਸ ਵਿੱਚ ਹਰ ਮਹੀਨੇ 300 ਸੀਟਾਂ ਖਾਲੀ ਜਾ ਰਹੀਆਂ ਹਨ। ਰਾਂਚੀ ਤੋਂ ਚਲਣ ਵਾਲੀ ਰਾਜਧਾਨੀ ਐਕਸਪ੍ਰੈਸ ਵਿੱਚ 13 ਜਨਵਰੀ ਨੂੰ 244 ਸੀਟਾਂ ਖਾਲੀ ਰਹੀਆਂ। ਹੋਰ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਐਕਸਪ੍ਰੈਸ ਵਿੱਚ ਰੋਜ਼ ਔਸਤਨ ਢਾਈ ਸੌ ਤੋਂ ਵੱਧ ਸੀਟਾਂ ਖਾਲੀ ਰਹਿੰਦੀਆਂ ਹਨ। ਰਾਂਚੀ-ਕੌਲਕਤਾ ਸ਼ਤਾਬਦੀ ਵਿੱਚ ਵੀ ਹਰ ਰੋਜ਼ 40 ਸੀਟਾਂ-ਕੁ ਖਾਲੀ ਜਾ ਰਹੀਆਂ ਹਨ। ਇਲਾਹਬਾਦ ਤੋਂ ਚਲਣ ਵਾਲੀ ਦਿੱਲੀ ਅਤੇ ਮੁੰਬਈ ਦੁਰੰਤੋ ਵਿੱਚ ਯਾਤ੍ਰੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।

ਫਲੈਕਸੀ ਕਿਰਾਏ ਦਾ ਹਿਸਾਬ : ਜੇ ਗੱਡੀ ਵਿੱਚ 100 ਬਰਥਾਂ ਹਨ ਤਾਂ ਪਹਿਲੀਆਂ 10 ਬਰਥਾਂ ਦਾ ਕਿਰਾਇਆ 100 ਰੁਪਏ (ਸਧਾਰਣ ਕਿਰਾਇਆ) ਰਹਿੰਦਾ ਹੈ। ਫਿਰ 11 ਤੋਂ 20 ਬਰਥਾਂ ਤਕ ਦਾ ਕਿਰਾਇਆ 10 ਪ੍ਰਤੀਸ਼ਤ, 21 ਤੋਂ 30 ਬਰਥਾਂ ਦਾ ਕਿਰਾਇਆ 20 ਪ੍ਰਤੀਸ਼ਤ, 31 ਤੋਂ 40 ਬਰਥਾਂ ਦਾ ਕਿਰਾਇਆ 30 ਪ੍ਰਤੀਸ਼ਤ, 41 ਤੋਂ 50 ਬਰਥਾਂ ਦਾ ਕਿਰਾਇਆ 40 ਪ੍ਰਤੀਸ਼ਤ ਵੱਧ ਜਾਂਦਾ ਹੈ। 51ਵੀਂ ਬਰਥ ਤੋਂ ਅਗੇ ਦੀਆਂ ਬਰਥਾਂ ਲਈ ਕਿਰਾਇਆ 50 ਪ੍ਰਤੀਸ਼ਤ ਵੱਧ ਦੇਣਾ ਪੈਂਦਾ ਹੈ।

ਗਲ ਗਣਤੰਤਰ ਦੀ : ਇਸ 26 ਜਨਵਰੀ ਨੂੰ ਦੇਸ਼ ਵਲੋਂ ਆਪਣਾ 69ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਭਾਰਤੀ ਦਾਰਸ਼ਨਿਕ ਵਲੋਂ ‘ਗਣਤੰਤਰ’ ਦੀ ਬਹੁਤ ਹੀ ਦਿਲਚਸਪ ਵਿਆਖਿਆ ਕੀਤੀ ਗਈ ਹੈ। ਉਸਦਾ ਕਹਿਣਾ ਹੈ ਕਿ ਦੇਸ਼ ਦੇ ਆਮ ਆਦਮੀ ਦੇ ‘ਗਣ’ ਅਤੇ ਦੇਸ਼ ਦੀ ਅਫਰਸ਼ਾਹੀ ਦੇ ‘ਤੰਤਰ’ ਦੇ ਤੁਲਨਾਤਮਕ ਮਹੱਤਵ ਨੂੰ ਲੈ ਕੇ ਵਿਦਵਾਨਾਂ ਵਿੱਚ ਆਪਾ-ਵਿਰੋਧੀ ਮੱਤ ਹਨ। ਉਸ ਅਨੁਸਾਰ ਕੁਝ-ਇੱਕ ਦਾ ਮੱਤ ਹੈ ਕਿ ‘ਗਣ’ ਦੀ ਮਹਤੱਤਾ ਵਕਤੀ ਹੈ ਅਰਥਾਤ ਚੋਣਾਂ ਦੇ ਸਮੇਂ ਹੀ ‘ਗਣ’ ਦੀ ਵੁਕਤ ਕੁਝ-ਕੁ ਨਜ਼ਰ ਆਉਂਦੀ ਹੈ, ਨਹੀਂ ਤਾਂ ਰਾਜ ਨੇਤਾ ਬਹੁਤਿਆਂ ਨੂੰ ‘ਉਲੂ’ ਅਤੇ ਬਾਕੀਆਂ ਨੂੰ ‘ਉਲੂ ਦਾ ਪੱਠਾ’ ਸਮਝਦੇ ਹਨ। ਚੋਣਾਂ ਤੋਂ ਬਾਅਦ ਜਨਤਾ ਦੀ ਉਹੀ ਦਸ਼ਾ ਹੁੰਦੀ ਹੈ, ਜੋ ਬਿਨਾਂ ਵਾਈ-ਫਾਈ ਦੇ ਇੰਟਰਨੈੱਟ ਦੀ। ਉਧਰ ‘ਤੰਤਰ’ ਦਾ ਅਹੁਦਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਤਕ ਵੀ ਬਰਕਰਾਰ ਰਹਿੰਦਾ ਹੈ। ਕਿਉਂਕਿ ਸਰਕਾਰ ਦੀ ‘ਕਾਰ’ ਦੇ ਬਾਹਰਲੇ ਢਾਂਚੇ ਵਿੱਚ ਭਾਵੇਂ ਰਾਜਸੀ ਮਾਲਕ ਦਾ ਬਦਲਿਆ ਮੁਖੌਟਾ, ਆਸਪਾਸ ਪ੍ਰੋਗਰਾਮ ਦੇ ਪੋਸਟਰਾਂ ਅਤੇ ਲਾਉਡ ਸਪੀਕਰਾਂ ਰਾਹੀ ‘ਗਣ’ ਦਾ ਗੁਣ-ਗਾਨ ਕਰ ਰਿਹਾ ਹੋਵੇ, ਪਰ ‘ਤੰਤਰ’ ਦੇ ਇੰਜਣ ਬਿਨਾ ਉਸਦਾ ਤਿਲ ਭਰ ਵੀ ਇਧਰ-ਉਧਰ ਖਿਸਕਣਾ ਮੁਸ਼ਕਲ ਹੈ। ਕੁਝ ਹੋਰ ਵਿਚਾਰਕਾਂ ਦਾ ਮਤ ਹੈ ਕਿ ‘ਗਣ’ ਨੂੰ ਲਗਾਤਾਰ ਝਾਂਸਾ ਦਿੱਤਾ ਜਾਂਦਾ ਹੈ ਕਿ ਉਹ ਲੋਕੀ, ਜੋ ਵਿਸ਼ਾਲ ਇਮਾਰਤਾਂ ਵਿੱਚ ਬਿਰਾਜਮਾਨ ਹਨ, ਉਹ ਸਾਰੇ ਹੀ ਉਸਦੇ ਸੇਵਕ ਹਨ। ਜਦਕਿ ‘ਗਣ’ ਸੱਚਾਈ ਜਾਣਦਾ ਹੈ। ਉਧਰ ਹਰ ਨਿਸ਼ਚਿਤ ਸਮੇਂ ਬਾਅਦ ‘ਤੰਤਰ’ ਦੀ ਤਨਖਾਹ ਵਧਦੀ ਹੈ, ਨਾਲ ਹੀ ਮਹਿੰਗਾਈ ਵੀ। ‘ਗਣ’ ਦੀ ਹਾਲਤ ਉਹੀ ਰਹਿੰਦੀ ਹੈ। ਮਹਿੰਗਾਈ ਦੇ ਵਧਦਿਆਂ ਜਾਣ ਨਾਲ ਉਸਦੀ ਦਾਲ ਪਤਲੀ ਹੁੰਦਿਆਂ-ਹੁੰਦਿਆਂ ਉਸਦੀ ਥਾਲੀ ਵਿਚੋਂ ਗਾਇਬ ਹੋ ਜਾਂਦੀ ਹੈ। ਉਸਦੀ ਕਿਸਮਤ ਸਰਦੀਆਂ ਵਿੱਚ ਠਿਠੁਰਦਿਆਂ ਰਹਿਣਾ ਅਤੇ ਗਰਮੀਆਂ ਵਿੱਚ ਲੂ ਦੀ ਤਪਸ਼ ਸਹਿਣਾ ਹੀ ਹੈ। ਜਦਕਿ ‘ਤੰਤਰ’ ਮਹਿੰਗਾਈ ਦਾ ਪ੍ਰਬੰਧ ਕਰਨਾ ਜਾਣਦਾ ਹੈ। ਉਸਨੇ ਨਿਜੀ ਸੁਆਰਥ ਦੇ ‘ਸੇਵਾ ਕੇਂਦਰ’ ਬਣਾ ਰਖੇ ਹਨ। ਉਹ ਇਸਦਾ ਉਲੂ ਸਿੱਧੇ ਕਰਦੇ ਰਹਿੰਦੇ ਹਨ ਅਤੇ ਬਦਲੇ ਵਿੱਚ ਕਦੀ ‘ਨਕਦੀ’ ਅਤੇ ਕਦੀ ‘ਸਮਿਗਰੀ’ ਦੀ ਸੇਵਾ ਪਾ ਨਿਹਾਲ ਹੁੰਦੇ ਰਹਿੰਦੇ ਹਨ। ਲੈਣ-ਦੇਣ ਦੀ ਇਸ ਸਾਧਾਰਣ ਪ੍ਰਕ੍ਰਿਆ ਨੂੰ ‘ਭ੍ਰਿਸ਼ਟਾਚਾਰ’ ਦਾ ਨਾਂ ਦੇਣਾ ਹਾਸੋ-ਹੀਣਾ ਹੈ। ਮਨੋਕਾਮਨਾ ਦੀ ਪੂਰਤੀ ਲਈ ਮੰਦਿਰ ਵਿੱਚ ਨਕਦ ਜਾਂ ਪ੍ਰਸ਼ਾਦ ਚੜ੍ਹਾਉਣਾ ਕੀ ‘ਭ੍ਰਿਸ਼ਟਾਚਾਰ’ ਹੈ? ਅਜਿਹੇ ‘ਸਿੱਧ’ ਅਵਤਾਰ ਅਜਕਲ ਹਰ ਸਰਕਾਰੀ ਦਫਤਰ ਦਾ ਸ਼ਿੰਗਾਰ ਹਨ।

…ਅਤੇ ਅੰਤ ਵਿੱਚ : ਹੁਣ ਸਮਾਂ ਆ ਗਿਆ ਹੈ ਕਿ ‘ਤੰਤਰ’ ਹੁਣ ਆਪ ਹੀ ਪਹਿਲ ਕਰ ‘ਭ੍ਰਿਸ਼ਟਾਚਾਰ’ ਦੀ ਪ੍ਰੀਭਾਸ਼ਾ ਬਦਲ ਦੇਵੇ। ਇਹ ਗਲ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਸਮਝਦਾਰ ਰਾਜਨੈਤਿਕ ਆਕਾ ਇਸ ਜ਼ਰੂਰੀ ਪ੍ਰੀਵਰਤਨ ਵਿੱਚ ਉਸਦਾ ਸਹਿਯੋਗ ਕਰਨਗੇ। ਉਨ੍ਹਾਂ ਨੂੰ ਆਪਣੀ ਸਾਖ ਤੇ ਵੱਟਾ ਲਗਵਾ ਜੇਲ੍ਹ ਜਾਣ ਤੇ ਕੋਈ ਇਤਰਾਜ਼ ਨਹੀਂ, ਬਸ ‘ਗਣ’ ਵਲੋਂ ਭੁਲਾ ਦੇਣ ਦਾ ਹੀ, ਉਸਨੂੰ ਡਰ ਹੈ। ਉਂਝ ਮੰਨਿਆ ਜਾਂਦਾ ਹੈ ਕਿ ‘ਤੰਤਰ’ ਬਹੁਤ ਚਲਾਕ ਹੈ। ਆਪਣੀਆਂ ਕਾਰਗੁਜ਼ਾਰੀਆਂ ਲਈ ਅਸਾਨੀ ਨਾਲ ਪਕੜ ਵਿੱਚ ਨਹੀਂ ਆਉਂਦਾ। ਉਸਨੇ ਤਾਂ ਬਸ ਇਹੀ ਫੈਸਲਾ ਕਰਨਾ ਹੈ ਕਿ ਦੇਸ਼ ‘ਗਣਤੰਤਰ’ ਹੈ ਜਾਂ ‘ਤੰਤਰ’ ਦਾ ‘ਗੜ੍ਹ’? ਨਹੀਂ ਤਾਂ ਜਦੋਂ ਕਦੀ ਵੀ ਅੰਗ੍ਰੇਜ਼ੀ ਸ਼ਾਸਨ ਦੇ ਅਤੀਤ ਵਿੱਚ ਡੁਬਿਆ ‘ਗਣ’ ਚੇਤਿਆ, ਤਾਂ ਫਿਰ ‘ਤੰਤਰ’ ਦਾ ਭਵਿਖ ਕੋਈ ਖਾਸ ਉਜਲਾ ਨਹੀਂ ਰਹਿ ਪਾਇਗਾ।  (01/02/2018)

Mobile : + 91 95 82 71 98 90 
E-mail : jaswantsinghajit@gmail.com

 

 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com