|
ਸੁਰੇਸ਼ ਕੁਮਾਰ |
ਭਰਿਸ਼ਟਾਚਾਰ ਪ੍ਰਧਾਨ ਸਮਾਜ ਵਿਚ ਇਮਾਨਦਾਰ ਸਿਆਸਤਦਾਨ ਅਤੇ ਅਧਿਕਾਰੀ ਦਾ ਸਫਲਤਾ
ਪ੍ਰਾਪਤ ਕਰਨਾ ਬਰਦਾਸ਼ਤ ਨਹੀਂ ਹੁੰਦਾ। ਭਰਿਸ਼ਟ ਲੋਕ ਸਫਲਤਾਵਾਂ ਪ੍ਰਾਪਤ ਕਰਕੇ ਆਨੰਦ
ਮਾਣਦੇ ਹਨ ਪ੍ਰੰਤੂ ਇਮਾਨਦਾਰ ਵਿਅਕਤੀਆਂ ਦੇ ਰਸਤੇ ਵਿਚ ਰੋੜੇ ਅਟਕਾਏ ਜਾਂਦੇ ਹਨ।
ਰੋੜੇ ਅਟਕਾਉਣ ਵਾਲਾ ਤਾਂ ਇਕੱਲਾ ਇਕੱਹਿਰਾ ਹੀ ਮਾਨ ਨਹੀਂ ਹੁੰਦਾ ਪ੍ਰੰਤੂ ਪੰਜਾਬ
ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪਰਿੰਸੀਪਲ ਸਕੱਤਰ ਸੁਰੇਸ਼
ਕੁਮਾਰ ਦੇ ਰਾਹ ਵਿਚ ਤਾਂ ਸਿਆਸਤਦਾਨਾਂ, ਅਧਿਕਾਰੀਆਂ ਅਤੇ ਮੁੱਖ ਮੰਤਰੀ ਦੇ ਦਫਤਰ
ਦੇ ਅਹਿਲਕਾਰਾਂ ਦੀ ਮਿਲੀਭੁਗਤ ਨੇ ਆਪਣਾ ਰੰਗ ਵਿਖਾਕੇ ਮੁੱਖ ਮੰਤਰੀ ਨੂੰ ਵੀ ਨਹੀਂ
ਬਖ਼ਸ਼ਿਆ, ਕਿਉਂਕਿ ਸੁਰੇਸ਼ ਕੁਮਾਰ ਤਾਂ ਮੁੱਖ ਮੰਤਰੀ ਦੀ ਚੋਣ ਸੀ। ਜਦੋਂ ਘਰ ਵਿਚ
ਸਨ੍ਹ ਲਗਦੀ ਹੈ ਤਾਂ ਘਰ ਦੇ ਮਾਲਕ ਨੂੰ ਸਭ ਤੋਂ ਵੱਧ ਮਾਨਸਿਕ ਤਕਲੀਫ ਹੁੰਦੀ ਹੈ।
ਇਹੋ ਹਾਲਤ ਅੱਜ ਕਲ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੀ ਹੈ ਕਿਉਂਕਿ ਕਿਹਾ
ਜਾਂਦਾ ਹੈ ਕਿ ਸੁਰੇਸ਼ ਕੁਮਾਰ ਮੁੱਖ ਮੰਤਰੀ ਦੇ ਦਫਤਰ ਦੇ ਅਣਡਿਠ ਕੀਤੇ
ਅਹਿਲਕਾਰਾਂ- ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਸ਼ਾਜਸ਼ ਦਾ ਸ਼ਿਕਾਰ ਹੋਇਆ ਹੈ।
ਇਸੇ ਤਰ੍ਹਾਂ ਜਦੋਂ ਅਰਸਤੂ ਨੂੰ ਚੌਕ ਵਿਚ ਬਿਠਾਕੇ ਹਰ ਲੰਘਣ ਵਾਲੇ ਨੂੰ ਉਸਦੇ
ਪੱਥਰ ਮਾਰਨ ਲਈ ਕਿਹਾ ਗਿਆ ਤਾਂ ਉਸਦੇ ਦੋਸਤ ਨੇ ਸੋਚਿਆ ਕਿ ਅਰਸਤੂ ਬੇਕਸੂਰ ਹੈ,
ਇਸ ਲਈ ਉਸਨੇ ਉਸਦੇ ਗੁਲਾਬ ਦਾ ਫੁੱਲ ਮਾਰਿਆ ਤਾਂ ਪੱਥਰਾਂ ਦੀਆਂ ਸੱਟਾਂ ਤੋਂ ਚੂੰ
ਨਾ ਕਰਨ ਵਾਲਾ ਅਰਸਤੂ ਧਾਹੀਂ ਰੋ ਪਿਆ। ਉਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਦੇ
ਆਪਣੇ ਚਹੇਤਿਆਂ ਵਿਚੋਂ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ ਆਪਣੇ ਖਾਸਮਖਾਸ
ਅਧਿਕਾਰੀ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ
ਚੁਣੌਤੀ ਦਿਵਾਉਣ ਦੀ ਕਥਿਤ ਜਾਣਕਾਰੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਚਿੰਤਤ ਹਨ ਕਿਉਂਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਮੁੱਖ ਮੰਤਰੀ ਦਾ ਕੁਝ
ਵਿਗਾੜ ਨਹੀਂ ਸਕੇ ਪ੍ਰੰਤੂ ਉਨ੍ਹਾਂ ਨੂੰ ਆਪਣਿਆਂ ਦੀਆਂ ਕਥਿਤ ਹਰਕਤਾਂ ਤੋਂ ਨਿਰਾਸ਼
ਹੋਣਾ ਪਿਆ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼
ਕੁਮਾਰ ਦੀ ਨਿਯੁਕਤੀ ਨੂੰ ਰੱਦ ਕਰਨ ਵਾਲਾ ਹਾਈ ਕੋਰਟ ਦਾ ਫ਼ੈਸਲਾ ਸਿਆਸੀ ਗਲਿਆਰਿਆਂ
ਵਿਚ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ ਕਿ ਇਸ ਘਟਨਾ ਪਿੱਛੇ ਘਰ ਦੇ ਭੇਤੀ ਦਾ ਹੱਥ
ਹੋ ਸਕਦਾ ਹੈ। ਇਸ ਲਈ ‘‘ਘਰ ਦਾ ਭੇਤੀ ਲੰਕਾ ਢਾਏ’’ ਦਾ ਮੁਹਾਵਰਾ ਇਸ ਚਰਚਾ ਦਾ
ਵਿਸ਼ਾ ਬਣਿਆਂ ਹੋਇਆ ਹੈ। ਕੋਈ ਵੀ ਮੁਹਾਵਰਾ ਇਕ ਦੋ ਦਿਨ ਵਿਚ ਨਹੀਂ ਬਣਦਾ ਸਗੋਂ
ਵਰ੍ਹਿਆਂ ਦੇ ਤਜਰਬਿਆਂ ਤੋਂ ਬਾਅਦ ਇਹ ਪ੍ਰਚਲਤ ਹੁੰਦਾ ਹੈ। ਕਹਿਣ ਤੋਂ ਭਾਵ ਜਦੋਂ
ਕੋਈ ਗੱਲ ਇਹ ਸਾਬਤ ਕਰ ਦੇਵੇ ਕਿ ਉਹ ਅਟੱਲ ਸਚਾਈ ਤੇ ਅਧਾਰਤ ਹੈ ਤਾਂ ਉਹ ਮੁਹਾਵਰਾ
ਬਣ ਜਾਂਦੀ ਹੈ। ਕਿਆਸ ਆਈਆਂ ਨੇ ਜ਼ੋਰ ਪਕੜਿਆ ਹੋਇਆ ਹੈ ਕਿ ਸੁਰੇਸ਼ ਕੁਮਾਰ ਦੀ
ਨਿਯੁਕਤੀ ਨੂੰ ਕਚਹਿਰੀ ਵਿਚ ਚੈਲੰਜ ਕਰਵਾਉਣ ਅਤੇ ਸੁਚੱਜੇ ਢੰਗ ਨਾਲ ਕਚਹਿਰੀ ਵਿਚ
ਪੈਰਵਾਈ ਨਾ ਕਰਨ ਪਿੱਛੇ ਮੁੱਖ ਮੰਤਰੀ ਦੇ ਦਫਤਰ ਵਿਚ ਜਿਹੜੀ ਕੋਟਰੀ ਹੈ, ਉਸ
ਵਿਚਲੇ ਤਾਕਤ ਦੇ ਦੋ ਧੁਰਿਆਂ ਦੀ ਆਪਸੀ ਖਿੱਚੋਤਾਣ ਅਤੇ ਅਧਿਕਾਰੀਆਂ ਦੀ ਧੜੇਬਾਜ਼ੀ
ਕਾਰਨ ਬਣੀ ਹੈ। ਕਾਰਨ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਇਸ ਨਿਯੁਕਤੀ ਦੇ ਰੱਦ ਹੋਣ
ਨਾਲ ਮੁੱਖ ਮੰਤਰੀ ਦੇ ਸਿਆਸੀ ਕੱਦ ਕਾਠ ਨੂੰ ਸਿਆਸੀ ਧੱਕਾ ਜ਼ਰੂਰ ਲੱਗਾ ਹੈ। ਸੱਚ
ਕੀ ਹੈ? ਇਸ ਬਾਰੇ ਤਾਂ ਮੁੱਖ ਮੰਤਰੀ ਨੂੰ ਹੀ ਪਤਾ ਹੋ ਸਕਦਾ ਹੈ ਪ੍ਰੰਤੂ ਜੇਕਰ ਇਹ
ਸੱਚ ਹੈ ਤਾਂ ਮੁੱਖ ਮੰਤਰੀ ਨੂੰ ਕੋਈ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ
ਅੱਗੋਂ ਤੋਂ ਕੋਈ ਨਜ਼ਦੀਕੀ ਅਜਿਹੀ ਕਾਰਵਾਈ ਕਰਨ ਦੀ ਹਿੰਮਤ ਨਾ ਕਰ ਸਕੇ ਅਤੇ ਜਿਸ
ਨਾਲ ਖੁੱਸੀ ਆਭਾ ਕਾਇਮ ਹੋ ਸਕੇ। ਅਜਿਹੇ ਸਹਿਯੋਗੀ ਨੂੰ ਆਪਣੇ ਨਾਲ ਲਈ ਰੱਖਣ ਦਾ
ਕੀ ਲਾਭ ਜਿਹੜਾ ਉਨ੍ਹਾਂ ਦੀਆਂ ਜੜ੍ਹਾਂ ਵਿਚ ਤੇਲ ਦੇਣ ਲੱਗਿਆਂ ਤੁਹਾਡੀ ਭੋਰਾ ਸ਼ਰਮ
ਨਹੀਂ ਕਰਦਾ। ਵੈਸੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਖ਼ਤ ਫ਼ੈਸਲੇ ਲੈਣ ਵਾਲੇ
ਨਿਧੱੜਕ ਜਰਨੈਲ ਦੇ ਤੌਰ ਤੇ ਜਾਣੇ ਜਾਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰੇਕ
ਮੁੱਖ ਮੰਤਰੀ ਨੂੰ ਆਪਣੇ ਵਿਸ਼ਵਾਸ ਦਾ ਕੋਈ ਅਧਿਕਾਰੀ ਅਤੇ ਸਿਆਸੀ ਸਲਾਹਕਾਰ ਆਪਣੇ
ਨਾਲ ਰੱਖਣੇ ਪੈਂਦੇ ਹਨ, ਜਿਹੜੇ ਪ੍ਰਬੰਧਕੀ ਅਤੇ ਸਿਆਸੀ ਫੈਸਲੇ ਕਰਨ ਸਮੇਂ ਮੁੱਖ
ਮੰਤਰੀ ਨੂੰ ਸਹੀ ਸਲਾਹ ਦੇ ਸਕਣ ਕਿਉਂਕਿ ਸਾਰੀਆਂ ਫਾਈਲਾਂ ਮੁੱਖ ਮੰਤਰੀ ਲਈ ਖ਼ੁਦ
ਪੜ੍ਹਨੀਆਂ ਅਸੰਭਵ ਹੁੰਦੀਆਂ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਵਿਅਕਤੀ
ਜਿਹੜੇ ਮੁੱਖ ਮੰਤਰੀ ਦੇ ਨਾਲ ਕੰਮ ਕਰਦੇ ਹਨ ਕਿ ਉਹ ਮੁੱਖ ਮੰਤਰੀ ਦੇ ਕਿਤਨੇ
ਵਿਸ਼ਵਾਸ ਪਾਤਰ ਹਨ? ਜਿਹੜੇ ਵਿਧਾਨਕਾਰ ਜਾਂ ਪਾਰਟੀ ਦੇ ਅਹੁਦੇਦਾਰ ਆਪਣੇ ਕੰਮ ਮੁੱਖ
ਮੰਤਰੀ ਨੂੰ ਕਹਿੰਦੇ ਹਨ, ਉਨ੍ਹਾਂ ਨੂੰ ਤਾਂ ਅਧਿਕਾਰੀਆਂ ਰਾਹੀਂ ਹੀ ਕਰਵਾਇਆ ਜਾ
ਸਕਦਾ ਹੈ। ਸੁਰੇਸ਼ ਕੁਮਾਰ ਮੁੱਖ ਮੰਤਰੀ ਵੱਲੋਂ ਉਹ ਸਾਰੇ ਕੰਮ ਕਰਵਾਉਂਦਾ ਸੀ।
ਹੁਣ
ਉਹ ਸਿਆਸਤਦਾਨਾ, ਅਧਿਕਾਰੀਆਂ ਅਤੇ ਮੁੱਖ ਮੰਤਰੀ ਦੇ ਦਫਤਰ ਦੀ ਕੋਟਰੀ ਨੂੰ ਕਿਉਂ
ਰੜਕਣ ਲੱਗ ਗਿਆ ਸੀ, ਇਸ ਦੇ ਵੀ ਕੁਝ ਜ਼ਰੂਰੀ ਕਾਰਨ ਹਨ। 2002-2007 ਦੇ ਸਮੇਂ ਅਤੇ
ਹੁਣ ਦੇ ਸਮੇਂ ਵਿਚ ਵੱਡੀ ਤਬਦੀਲੀ ਮੁੱਖ ਮੰਤਰੀ ਦੀ ਵਰਕਿੰਗ ਅਤੇ ਪ੍ਰਬੰਧਕੀ
ਪ੍ਰਣਾਲੀ ਵਿਚ ਵੀ ਆ ਗਈ ਹੈ। ਇਸ ਤੋਂ ਪਹਿਲਾਂ ਸਿਆਸਤਦਾਨਾ ਦੇ ਸਾਰੇ ਜਾਇਜ਼ ਨਜ਼ਾਇਜ਼
ਕੰਮ ਹੋ ਜਾਂਦੇ ਸਨ ਪ੍ਰੰਤੂ ਜੋ ਇਸ ਸਮੇਂ ਅਸੰਭਵ ਹਨ। ਮੁੱਖ ਮੰਤਰੀ ਕੋਈ ਅਜਿਹਾ
ਫ਼ੈਸਲਾ ਕਰਕੇ ਬਦਲਾ ਲਊ ਕਾਰਵਾਈ ਕਰਨ ਦਾ ਇਲਜ਼ਾਮ ਨਹੀਂ ਲਗਵਾਉਣਾ ਚਾਹੁੰਦਾ। ਸੁਰੇਸ਼
ਕੁਮਾਰ ਇਸ ਮਾਮਲੇ ਵਿਚ ਮੁੱਖ ਮੰਤਰੀ ਦਾ ਹਮਾਇਤੀ ਹੈ। ਕੁਝ ਸਿਆਸਤਦਾਨ ਬਿਨਾ ਕਿਸੇ
ਸ਼ਿਕਾਇਤ ਦੀ ਪੜਤਾਲ ਕੀਤਿਆਂ ਹੀ ਫ਼ੈਸਲਾ ਲੈਣ ਲਈ ਕਹਿੰਦੇ ਹਨ, ਜਿਸ ਨਾਲ ਸੁਰੇਸ਼
ਕੁਮਾਰ ਸਹਿਮਤ ਨਹੀਂ ਹੁੰਦਾ ਸੀ ਕਿਉਂਕਿ 2002 ਤੋਂ 2007 ਦੇ ਰਾਜ ਭਾਗ ਸਮੇਂ
ਅਜਿਹੀਆਂ ਕਾਰਵਾਈਆਂ ਕਰਨ ਕਰਕੇ ਮੁੱਖ ਮੰਤਰੀ ਤੇ ਬਦਲਾਖ਼ੋਰੀ ਦੇ ਇਲਜ਼ਾਮ ਲਗਦੇ
ਰਹੇ, ਸੁਰੇਸ਼ ਕੁਮਾਰ ਨਹੀਂ ਚਾਹੁੰਦਾ ਸੀ ਕਿ ਮੁੱਖ ਮੰਤਰੀ ਤੇ ਅਜਿਹਾ ਕੋਈ ਇਲਜ਼ਾਮ
ਲੱਗੇ, ਜਿਸ ਕਰਕੇ ਉਹ ਬਦਨਾਮ ਹੋਇਆ ਹੈ। ਕੋਈ ਵੀ ਅਧਿਕਾਰੀ ਨਜ਼ਾਇਜ ਕੰਮ ਕਰਨ ਨੂੰ
ਤਿਆਰ ਹੀ ਨਹੀਂ ਕਿਉਂਕਿ ਆਰ.ਟੀ.ਆਈ.ਐਕਟ ਆਉਣ ਨਾਲ ਸਾਰੀ ਜਾਣਕਾਰੀ ਦੇਣੀ ਪੈਂਦੀ
ਹੈ। ਇਸ ਲਈ ਗ਼ਲਤ ਕੰਮ ਹੋ ਹੀ ਨਹੀਂ ਸਕਦਾ, ਕਾਨੂੰਨ ਦੀ ਤਲਵਾਰ ਅਧਿਕਾਰੀਆਂ ਦੇ
ਸਿਰ ਤੇ ਲਟਕਦੀ ਰਹਿੰਦੀ ਹੈ, ਸਿਆਸਤਦਾਨ ਨਹੀਂ ਸਗੋਂ ਵਿਭਾਗ ਦਾ ਮੁੱਖੀ ਜਵਾਬਦੇਹ
ਹੁੰਦਾ ਹੈ, ਜਿਸ ਕਰਕੇ ਵਿਧਾਨਕਾਰ ਅਤੇ ਪਾਰਟੀ ਦੇ ਅਹੁਦੇਦਾਰ ਨਾਰਾਜ਼ ਹਨ। ਰੋਟੀਨ
ਦੇ ਕੰਮਾਂ ਲਈ ਤਾਂ ਕਿਸੇ ਸਿਫਾਰਸ਼ ਦੀ ਲੋੜ ਹੀ ਨਹੀਂ ਹੁੰਦੀ। ਮੁੱਖ ਮੰਤਰੀ ਨੂੰ
ਆਪਣੇ ਨਾਲ ਕੋਈ ਅਜਿਹਾ ਸੁਲਝਿਆ ਹੋਇਆ ਵਿਅਕਤੀ ਲਾਉਣਾ ਚਾਹੀਦਾ ਹੈ, ਜਿਹੜਾ ਹਰ
ਫ਼ੈਸਲੇ ਦੇ ਸਿਆਸੀ ਲਾਭ ਹਾਨੀ ਬਾਰੇ ਭਲੀ ਭਾਂਤ ਜਾਣਕਾਰੀ ਰੱਖਦਾ ਹੋਏ। ਉਹ ਅਜਿਹੇ
ਵਿਧਾਨਕਾਰਾਂ ਦੇ ਸੰਜੀਦਾ ਮਸਲਿਆਂ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਦੇਵੇ।
ਫ਼ੈਸਲਾ ਮੁੱਖ ਮੰਤਰੀ ਖ਼ੁਦ ਕਰਨ ਤਾਂ ਜੋ ਸਿਆਸਤਦਾਨਾ ਵਿਚ ਕਿਸੇ ਅਧਿਕਾਰੀ ਦੇ
ਵਿਰੁਧ ਕੋਈ ਰੋਸ ਨਾ ਹੋਵੇ। ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਵਿਸ਼ਵਾਸ ਵਿਚ ਲੈ
ਕੇ ਮੁੱਖ ਮੰਤਰੀ ਦੇ ਦਫਤਰ ਵਿਚ ਨਿਯੁਕਤ ਸਿਆਸੀ ਵਿਅਕਤੀਆਂ ਜਿਨ੍ਹਾਂ ਵਿਚ
ਸਲਾਹਕਾਰ, ਓ.ਐਸ.ਡੀ. ਅਤੇ ਰਾਜਨੀਤਕ ਸਕੱਤਰ ਸ਼ਾਮਲ ਹਨ, ਨੂੰ ਸਿੱਧਿਆਂ ਵਿਭਾਗਾਂ
ਵਿਚ ਦਖ਼ਅੰਦਾਜ਼ੀ ਕਰਨ ਅਤੇ ਮੁੱਖ ਮੰਤਰੀ ਦੇ ਆਲੇ ਦੁਆਲੇ ਘੁੰਮਣ ਤੋਂ ਰੋਕ ਦਿੱਤਾ
ਸੀ, ਜਿਸ ਕਰਕੇ ਲਗਪਗ ਸਾਰਾ ਹੀ ਨਿੱਜੀ ਸਟਾਫ ਸੁਰੇਸ਼ ਕੁਮਾਰ ਤੋਂ ਦੁੱਖੀ ਸੀ।
ਭਾਵੇਂ ਹੁਣ ਇਹ ਸਾਰਾ ਅਮਲਾ ਅੰਦਰੋ ਅੰਦਰੀ ਖ਼ੁਸ਼ ਹੈ ਪ੍ਰੰਤੂ ਇਸਨੇ ਮੁੱਖ ਮੰਤਰੀ
ਦੀ ਬੇੜੀ ਵਿਚ ਵੱਟੇ ਪਾ ਦਿੱਤੇ ਹਨ। ਸੁਰੇਸ਼ ਕੁਮਾਰ ਦਾ ਸਾਰਾ ਕੈਰੀਅਰ ਬੇਦਾਗ਼
ਅਧਿਕਾਰੀ ਦੇ ਤੌਰ ਸਰਬ ਪ੍ਰਮਾਣਤ ਹੈ। ਕੋਈ ਵੀ ਉਸ ਉਪਰ ਉਂਗਲੀ ਨਹੀਂ ਉਠਾ ਸਕਦਾ।
ਹਰ ਸਰਕਾਰ ਦਾ ਉਹ ਚਹੇਤਾ ਅਧਿਕਾਰੀ ਰਿਹਾ ਹੈ। ਉਹ ਕੁਸ਼ਲ ਪ੍ਰਬੰਧਕ, ਮਿਹਨਤੀ,
ਸਿਰੜ੍ਹੀ ਅਤੇ ਇਮਾਨਦਾਰ ਅਧਿਕਾਰੀ ਹੈ। ਪ੍ਰੰਤੂ ਉਸਨੂੰ ਵੀ ਆਪਣੇ ਕੰਮ ਕਾਰ ਦੇ
ਢੰਗ ਵਿਚ ਥੋੜ੍ਹੀ ਬਹੁਤੀ ਤਬਦੀਲੀ ਸਿਆਸਤਦਾਨਾ ਦੇ ਸਟੇਟਸ ਨੂੰ ਮੁੱਖ ਰੱਖਕੇ ਕਰਨੀ
ਚਾਹੀਦੀ ਹੈ। ਮੈਂ ਸੁਰੇਸ਼ ਕੁਮਾਰ ਨੂੰ ਬਹੁਤ ਨੇੜੇ ਤੋਂ ਜਾਣਦਾ ਹਾਂ ਕਿ ਉਹ ਕਿਸੇ
ਅਹੁਦੇ ਦੀ ਪ੍ਰਾਪਤੀ ਲਈ ਦਿਆਨਤਦਾਰੀ ਦਾ ਪੱਲਾ ਛੱਡਣ ਵਾਲਾ ਅਧਿਕਾਰੀ ਨਹੀਂ ਹੈ।
ਉਹ ਤਾਂ ਆਪਣੀਆਂ ਸ਼ਰਤਾਂ ਤੇ ਕੰਮ ਕਰਨ ਨੂੰ ਤਰਜੀਹ ਦੇਵੇਗਾ। ਵੈਸੇ ਤਾਂ ਮੇਰਾ
ਖਿਆਲ ਹੈ ਕਿ ਉਹ ਮੁੜ ਕੰਮ ਤੇ ਨਹੀਂ ਆਵੇਗਾ ਪ੍ਰੰਤੂ ਮੈਨੂੰ ਇਹ ਵੀ ਪੂਰਾ ਵਿਸ਼ਵਾਸ
ਹੈ ਕਿ ਮੁੱਖ ਮੰਤਰੀ ਦਾ ਕਹਿਣਾ ਮੋੜੇਗਾ ਵੀ ਨਹੀਂ ਪ੍ਰੰਤੂ ਭਰਿਸ਼ਟਾਚਾਰੀ ਕੰਮਾਂ
ਨੂੰ ਨੱਥ ਪਾਉਣ ਵਿਚ ਹਮੇਸ਼ਾ ਤੱਤਪਰ ਰਹੇਗਾ। ਸੁਰੇਸ਼ ਕੁਮਾਰ ਨੂੰ ਇਸ ਗੱਲ ਦਾ
ਹਮੇਸ਼ਾ ਦੁੱਖ ਰਹੇਗਾ ਕਿ ਜਿਵੇਂ ਅਰੱਸਤੂ ਨੂੰ ਜਦੋਂ ਉਸਦੇ ਦੋਸਤ ਨੇ ਫੁੱਲ ਮਾਰਿਆ
ਸੀ ਤਾਂ ਅਸਿਹ ਸਦਮਾ ਲੱਗਿਆ ਸੀ। ਉਸੇ ਤਰ੍ਹਾਂ ਉਸ ਉਪਰ ਦੋਸ਼ ਮੁੱਖ ਮੰਤਰੀ ਦੇ
ਚਹੇਤਿਆਂ ਨੇ ਲਗਾਏ ਹਨ। ਇਥੇ ਇੱਕ ਸੁਰੇਸ਼ ਕੁਮਾਰ ਦੀ ਵੀ ਗ਼ਲਤੀ ਹੈ। ਉਸਨੇ ਆਪਣੇ
ਕੈਬਨਿਟ ਤੋਂ ਮਨਜ਼ੂਰ ਕਰਵਾਏ ਆਰਡਰਾਂ ਵਿਚ ਇਹ ਕਿਉਂ ਲਿਖਵਾਇਆ ਕਿ ਮੁੱਖ ਮੰਤਰੀ ਦੀ
ਗ਼ੈਰਹਾਜ਼ਰੀ ਵਿਚ ਉਹ ਫ਼ੈਸਲੇ ਲੈਣ ਦਾ ਹੱਕਦਾਰ ਹੋਵੇਗਾ? ਇਹ ਤਾਂ ਵੈਸੇ ਹੀ ਸ਼ਪਸ਼ਟ
ਹੁੰਦਾ ਹੈ ਕਿ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਵਿਚ ਉਸਦੇ ਅਧਿਕਾਰੀ ਹੀ ਫ਼ੈਸਲੇ ਕਰਦੇ
ਹਨ ਫਿਰ ਇਹ ਲਿਖਵਾਉਣ ਦੀ ਲੋੜ ਨਹੀਂ ਸੀ। ਦੂਜੇ ਉਸਨੇ ਆਪਣੀਆਂ ਨੌਕਰੀ ਦੀਆਂ
ਸ਼ਰਤਾਂ ਮੰਤਰੀ ਮੰਡਲ ਤੋਂ ਪ੍ਰਵਾਨ ਕਿਉਂ ਨਹੀਂ ਕਰਵਾਈਆਂ? ਜੇਕਰ ਕੋਰਟ ਵਿਚ ਕੇਸ
ਨਾ ਜਾਂਦਾ ਤਾਂ ਜਿਵੇਂ ਪ੍ਰਧਾਨ ਮੰਤਰੀ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਦੇ
ਦਫਤਰ ਵਿਚ ਸੇਵਾ ਮੁਕਤ ਅਧਿਕਾਰੀ ਅਜਿਹੇ ਔਹਦਿਆਂ ਤੇ ਕੰਮ ਕਰ ਰਹੇ ਹਨ, ਸੁਰੇਸ਼
ਕੁਮਾਰ ਨੇ ਵੀ ਕੰਮ ਕਰਦੇ ਰਹਿਣਾ ਸੀ। ਆਪਣਿਆਂ ਦੀ ਕੈਂਚੀ ਨੇ ਮੁੱਖ ਮੰਤਰੀ ਨਾਲ
ਧੋਖਾ ਕੀਤਾ ਹੈ ਕਿਉਂਕਿ ਉਹ ਮਲਾਈਦਾਰ ਅਹੁਦਿਆਂ ਤੇ ਬੈਠਕੇ ਮਲਾਈ ਦਾ ਆਨੰਦ ਨਹੀਂ
ਮਾਣ ਸਕਦੇ ਸਨ। ਹੁਣ ਉਨ੍ਹਾਂ ਲਈ ਖੁਲ੍ਹ ਖੇਡ ਹੋਵੇਗੀ। ਪੰਜਾਬੀ ਦੀ ਇੱਕ
ਕਹਾਵਤ ਹੈ ਭਰਿੰਡਾਂ ਦੇ ਖੱਖਰ ਨੂੰ ਛੇੜਨਾ ਆਪਣੇ ਆਪ ਲਈ ਮੁਸੀਬਤ ਖੜ੍ਹੀ ਕਰਨਾ
ਸਾਬਤ ਹੁੰਦਾ ਹੈ ਉਸੇ ਤਰ੍ਹਾਂ ਸੁਰੇਸ਼ ਕੁਮਾਰ ਨੇ ਤਾਂ ਭਰਿਸ਼ਟ ਭਰਿੰਡਾਂ ਦੇ ਖੱਖਰ
ਨੂੰ ਹੀ ਹੱਥ ਪਾ ਲਿਆ ਸੀ ਉਸ ਨੂੰ ਇਸ ਲਈ ਨਤੀਜੇ ਤਾਂ ਭੁਗਤਣੇ ਹੀ ਪੈਣੇ ਸਨ। ਉਸ
ਨੇ ਤਾਂ ਮਖਿਆਲ ਦੀਆਂ ਮੱਖੀਆਂ ਦੇ ਛੱਤੇ ਨੂੰ ਵੀ ਰੋੜੀ ਮਾਰ ਦਿੱਤੀ ਸੀ। ਕਹਿਣ
ਤੋਂ ਭਾਵ ਸਿਆਸਤਦਾਨਾ ਅਤੇ ਅਹਿਲਕਾਰਾਂ ਨਾਲ ਪੰਗਾ ਮਹਿੰਗਾ ਪਿਆ। ਇਸ ਘਟਨਾ ਤੋਂ
ਇੱਕ ਗੱਲ ਤਾਂ ਸਾਫ ਹੋ ਗਈ ਹੈ ਕਿ ਇਮਾਨਦਾਰ ਅਤੇ ਕੁਸ਼ਲ ਪ੍ਰਬੰਧਕ ਨੂੰ ਭਰਿਸ਼ਟ
ਵਾਤਾਵਰਨ ਵਿਚ ਆਪਣਾ ਵਜੂਦ ਬਰਕਰਾਰ ਰੱਖਣਾ ਅਸੰਭਵ ਹੁੰਦਾ ਜਾ ਰਿਹਾ ਹੈ। ਕੈਪਟਨ
ਅਮਰਿੰਦਰ ਸਿੰਘ ਵਰਗੇ ਧੜੱਲੇਦਾਰ ਮੁੱਖ ਮੰਤਰੀ ਦੇ ਹੁੰਦਿਆਂ ਇਮਾਨਦਾਰੀ ਦਾ ਮੁਲ
ਆਪਣੀ ਬਲੀ ਦੇ ਕੇ ਤਾਰਨਾ ਹਜਮ ਨਹੀਂ ਹੋ ਰਿਹਾ। ਭਵਿਖ ਦੱਸੇਗਾ ਕਿ ਲੋਹਾਰ ਦੀ ਇੱਕ
ਸੱਟ ਸੁਨਿਆਰ ਦੀ ਠੱਕ-ਠੱਕ ਉਪਰ ਕਿਤਨੀ ਭਾਰੂ ਹੋਵੇਗੀ। (01/02/2018)
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
|