ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ
ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ। ਹਲਾਤ ਕਿਹੋ ਜਿਹੇ ਵੀ ਰਹੇ
ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਕਦੀ ਹਲਾਤਾਂ
ਅਨੁਸਾਰ ਖੁੱਦ ਢੱਲ ਜਾਂਦੇ ਤੇ ਕਦੇ ਹਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ।
ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ ਸਮੇਂ ਇੰਨਾਂ ਦੇ ਆੜੇ
ਨਹੀਂ ਆਉਦੇ। ਅਜਿਹਾ ਹੀ ਇੱਕ ਤਿਉਹਾਰ ਹੈ ਲੋਹੜੀ, ਜੋ ਭਰ ਸਰਦੀ ਵਿੱਚ ਪੋਹ ਮਹੀਨੇ
ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੋਂ ਕੁੱਝ ਦਿਨ ਪਹਿਲਾ ਹੀ ਕੁੜੀਆਂ
ਮੁੰਡੇ ਟੋਲੀਆਂ ਬਣਾ ਘਰੋਂ-ਘਰ ਜਾ ਕੇ ਲੋਹੜੀ ਮੰਗਦੇ ਹਨ। ਮੁੰਡਿਆਂ ਵੱਲੋਂ ਲੋਹੜੀ
ਮੰਗਦੇ ਸਮੇਂ ਜਿਆਦਾਤਰ ਸੁੰਦਰ-ਮੁੰਦਰੀਏ ਦਾ ਗੀਤ ਬੋਲਿਆ ਜਾਂਦਾ ਹੈ। ਇੱਕ ਮੁੰਡਾ
ਗੀਤ ਬੋਲਦਾ ਅਤੇ ਬਾਕੀ ਦੇ ਮੁੰਡੇ ਪਿੱਛੇ ਹੋ -ਹੋ ਦੀ ਅਵਾਜ਼ ਲਗਾਉਂਦੇ ਹਨ:
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦਾ ਸ਼ਾਲੂ ਪਾਟਾ ਹੋ
ਕੁੜੀ ਦਾ ਜੀਵੇ ਚਾਚਾ ਹੋ
ਕੁੜੀਆਂ ਵੀ ਲੋਹੜੀ ਮੰਗਦੀਆਂ ਹੋਈਆਂ ਫੁੱਲੇ , ਤਿਲ, ਚੌਲ , ਗੁੜ ਦੀ ਰੋੜੀ ਦੀ
ਮੰਗ ਕਰਦੀਆਂ ਹਨ। ਉਹ ਲੋਹੜੀ ਮੰਗਦੀਆਂ ਹੋਈਆਂ ਅਸੀਸਾਂ ਦੀ ਝੜੀ ਲਾ ਦਿੰਦੀਆਂ।
ਤੀਲੀ ਹਰੀ ਹੈ ਭਰੀ
ਤੀਲੀ ਮੋਤੀਆਂ ਜੜੀ
ਤੀਲੀ ਓਸ ਵੇਹੜੇ ਜਾ
ਜਿੱਥੇ ਗਿੱਗੇ ਦਾ ਵਿਆਹ
ਗਿੱਗਾ ਜੰਮਿਆਂ ਸੀ
ਗੁੜ ਵੰਡਿਆਂ ਸੀ
ਗੁੜ ਦੀਆਂ ਰੋੜੀਆਂ ਹੋ
ਭਰਾਵਾਂ ਜੋੜੀਆਂ ਹੋ
ਤੁਹਾਡੀ ਜੋੜੀ ਦਾ ਵਿਆਹ
ਸਾਨੂੰ ਫੁੱਲੜਿਆ ਦਾ ਚਾਅ
ਦੇ ਮਾਈ ਲੋਹੜੀ
ਤੇਰੀ ਜੀਵੇ ਜੋੜੀ
ਜੇ ਕੋਈ ਲੋਹੜੀ ਦੇਣ ਲੱਗਿਆ ਦੇਰ ਕਰ ਦਿੰਦਾ ਤਾਂ ਕੁੜੀਆਂ ਕਹਿਣ ਲੱਗ ਜਾਂਦੀਆਂ
:
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕੌਣ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ
ਸਾਨੂੰ ਛੇਤੀ ਛੇਤੀ ਤੋਰ
ਲੋਹੜੀ ਵਾਲੇ ਦਿਨ ਉਹਨਾਂ ਘਰਾਂ ਵਿੱਚ ਹੀ ਲੋਹੜੀ ਮੰਗੀ ਜਾਂਦੀ ਹੈ ਜਿੰਨਾਂ ਦੇ
ਘਰ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਫਿਰ ਮੁੰਡਾ ਜੰਮਿਆਂ ਹੋਵੇ। ਸਮੇਂ ਦੇ
ਬਦਲਣ ਨਾਲ ਅੱਜ ਕੁੱਝ ਘਰਾਂ ਵਿੱਚ ਕੁੜੀ ਦੇ ਜੰਮਣ ਤੇ ਵੀ ਲੋਹੜੀ ਮਨਾਈ ਜਾਣ ਲੱਗ
ਪਈ ਹੈ। ਪਰੰਤੂ ਅਜਿਹੇ ਲੋਕ ਬਹੁਤ ਘੱਟ ਹਨ। ਕੁੱਝ ਸਮਾਜਿਕ ਸੰਸਥਾਵਾਂ ਵੱਲੋ ਵੀ
ਕੁੜੀਆਂ ਦੀ ਲੋਹੜੀ ਮਨਾਉਣ ਦੀ ਪਹਿਲ ਕਦਮੀ ਕੀਤੀ ਜਾ ਰਹੀ ਹੈ। ਕੁੱਝ ਰਾਜਨੀਤਿਕ
ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਕੁੜੀਆਂ ਦੀ ਲੋਹੜੀ ਮਨਾਉਣ ਲਈ ਉੱਭਰ ਕੇ
ਸਾਹਮਣੇ ਆਈਆਂ । ਇਹਨਾਂ ਦੇ ਸਾਂਝੇ ਉਪਰਾਲੇ ਤਹਿਤ ਪਿਛਲੇ ਕੁੱਝ ਸਾਲਾਂ ਵਿੱਚ ਵੱਖ
- ਵੱਖ ਜਗਾਂ ਤੇ ਕੁੜੀਆਂ ਦੀ ਲੋਹੜੀ ਮਨਾਈ ਗਈ।
ਲੋਹੜੀ ਵਾਲੇ ਦਿਨ ਬੱਚੇ ਅਤੇ ਨੌਜਵਾਨ ਪਤੰਗਬਾਜ਼ੀ ਕਰਦੇ ਵੇਖੇ ਜਾਂਦੇ ਹਨ।
ਬਹੁਤ ਸਾਰੇ ਲੋਕ ਪਤੰਗਬਾਜ਼ੀ ਕਰਨ ਲਈ ਚਾਇਨਾਂ ਡੋਰ ਦੀ ਵਰਤੋਂ ਕਰਦੇ ਹਨ। ਜਿਸ
ਕਾਰਨ ਕਈ ਵਾਰ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਬੇਸ਼ੱਕ ਸਰਕਾਰ
ਵੱਲੋ ਅਜਿਹੀ ਡੋਰ ਦੀ ਵਰਤੋਂ ਤੇ ਪਬੰਧੀ ਲਗਾਈ ਗਈ ਹੈ, ਪਰੰਤੂ ਫਿਰ ਵੀ ਦੁਕਾਨਦਾਰ
ਲੁੱਕ-ਛਿਪ ਕੇ ਮਹਿੰਗੇ ਮੁੱਲ ਤੇ ਚਾਇਨਾ ਡੋਰ ਵੇਚ ਰਹੇ ਹਨ ਅਤੇ ਲੋਕ ਇਸ ਨੂੰ
ਖ਼ਰੀਦ ਰਹੇ ਹਨ। ਕੋਈ ਵੀ ਸ਼ੌਕ ਉਦੋਂ ਤੱਕ ਹੀ ਚੰਗਾ ਹੈ ਜਦੋਂ ਤੱਕ ਉਹ ਕਿਸੇ ਨੂੰ
ਨੁਕਸਾਨ ਨਾ ਪਹੁੰਚਾਵੇ। ਜਦੋਂ ਕੋਈ ਸ਼ੌਕ ਮਾਰੂ ਬਣ ਜਾਵੇ ਤਾਂ ਉਸ ਦਾ ਤਿਆਗ ਕਰ
ਦੇਣਾ ਚਾਹੀਦਾ ਹੈ। ਇਸੇ ਪ੍ਰਕਾਰ ਕਈ ਲੋਕ ਲੋਹੜੀ ਵਾਲੇ ਦਿਨ ਸ਼ਰਾਬ ਪੀਂਦੇ ਹਨ।
ਅਜਿਹਾ ਕਰ ਉਹ ਆਰਥਿਕ ਪੱਖੋਂ ਹੀ ਨਹੀ ਸਰੀਰਕ ਪੱਖੋਂ ਵੀ ਨੁਕਸਾਨ ਉਠਾਉਂਦੇ ਹਨ।
ਲੋਹੜੀ ਤੋਂ ਪਹਿਲਾ ਪੇਕੇ ਘਰ ਵੱਲੋਂ ਨਵੀਂਆਂ ਵਿਆਹੀਆਂ ਕੁੜੀਆਂ ਨੂੰ ਭਾਜੀ
ਪਾਈ ਜਾਂਦੀ ਹੈ। ਪੇਕੇ ਪਰਿਵਾਰ ਵਾਲੇ ਭਾਜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ
ਹਨ ਅਤੇ ਕੁੜੀ ਨੂੰ ਲੋਹੜੀ ਤੇ ਕੁੱਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਕੁੜੀਆਂ
ਨੂੰ ਦਿੱਤੀ ਜਾਣ ਵਾਲੀ ਭਾਜੀ ਵਿੱਚ ਸ਼ਾਮਿਲ ਹੁੰਦੇ ਹਨ ਮੈਦੇ ਅਤੇ ਪੰਜੀਰੀ ਤੋਂ
ਬਣੇ ਲੱਡੂ, ਬੂੰਦੀ ਦੇ ਲੱਡੂ, ਪਤਾਸੇ ਜਾਂ ਫਿਰ ਪਿੰਨੀਆਂ। ਬਹੁਤ ਸਾਰੇ ਮਾਪੇ
ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਕੁੱਝ ਨਾ ਕੁੱਝ ਤਿਉਹਾਰ
ਵੱਜੋਂ ਭੇਜਦੇ ਹਨ।
ਲੋਹੜੀ ਵਾਲੇ ਦਿਨ ਘਰਾਂ ਵਿੱਚ ਸਰੋਂ ਦਾ ਸਾਗ ,
ਰੌਹ ਦੀ ਖ਼ੀਰ ਅਤੇ ਖਿਚੜੀ ਬਣਾਈ ਜਾਂਦੀ ਹੈ। ਸਾਗ ਅਤੇ ਖਿਚੜੀ ਲੋਹੜੀ ਤੋਂ
ਅਗਲੇ ਦਿਨ ਮਾਘ ਦੀ ਸੰਗਰਾਦ ਵਾਲੇ ਦਿਨ ਖਾਣਾ ਸ਼ੁੱਭ ਮੰਨਿਆਂ ਜਾਂਦਾ ਹੈ। ਇਸ ਬਾਰੇ
ਅਕਸਰ ਕਿਹਾ ਜਾਂਦਾ ਹੈ:
ਪੋਹ ਰਿਧੀ, ਮਾਘ ਖਾਧੀ
ਲੋਹੜੀ ਦੀ ਰਾਤ ਭੁੱਗਾ ਬਾਲਿਆ ਜਾਂਦਾ ਹੈ। ਭੁੱਗੇ ਦਾ ਸੇਕ ਅੱਤ ਦੀ ਠੰਡ ਤੋਂ
ਰਾਹਤ ਦਵਾਉਂਦਾ ਮਹਿਸੂਸ ਹੁੰਦਾ ਹੈ। ਔਰਤਾਂ ਅਤੇ ਮਰਦ ਭੁੱਗੇ ਦੇ ਆਲੇ-ਦੁਆਲੇ ਬੈਠ
ਜਿੱਥੇ ਅੱਗ ਸੇਕਦੇ ਉੱਥੇ ਮੂੰਗਫ਼ਲੀਆਂ , ਰਿਉੜੀਆਂ, ਚਿਰਵੜੇ , ਫੁੱਲੇ, ਗੱਚਕ ਆਦਿ
ਖਾਂਦੇ ਹਨ। ਭੁੱਗੇ ਦੇ ਆਲੇ-ਦੁਆਲੇ ਕੁੜੀਆਂ ਮੁੰਡੇ ਨੱਚਦੇ ਗਾਉਂਦੇ ਤੇ ਖੁਸ਼ੀ
ਮਨਾਉਂਦੇ ਹਨ। ਭੁੱਗੇ ਦੀ ਅੱਗ ਨੂੰ ਤਿਲ, ਚੌਲ ਮੂੰਗਫਲੀ ਆਦਿ ਭੇਟ ਕੀਤੇ ਜਾਂਦੇ
ਹਨ ਅਤੇ ਨਾਲ ਹੀ ਕਿਹਾ ਜਾਂਦਾ ਹੈ :
ਲੋਹੜੀਏ ਵਿਚਾਰੀਏ,
ਭਰੀ ਆਵੀ ਤੇ ਸੱਖਣੀ ਜਾਵੀ।
ਇਸ ਪ੍ਰਕਾਰ ਲੋਹੜੀ ਦਾ ਤਿਉਹਾਰ ਭਰ ਜਾਂਦਾ ਹੈ ਸਾਡੀ ਝੋਲੀ ਖੁਸ਼ੀਆਂ ਨਾਲ
ਚਿਹਰੇ ਤੇ ਖਿਲਾਰ ਦਿੰਦਾ ਹੈ ਬੇਸ਼ਕੀਮਤੀ ਮੁਸਕਰਾਹਟਾਂ ਅਤੇ ਅਸੀਂ ਫਿਰ ਤੋਂ ਜੁੜ
ਜਾਂਦੇ ਹਾਂ ਅਗਲੀ ਲੋਹੜੀ ਦੀ ਉਡੀਕ ਵਿੱਚ। (10/01/2018)
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
kanwaldhillon16@gmail.com |