|
ਤੁਹਾਡੇ ‘ਚੋਂ ਬੁਹਤ ਸਾਰੇ ਤਾਂ ਸਿਰਲੇਖ ਦੀ ਨਬਜ਼ ਟੋਹਣ
ਤੋਂ ਬਿਨਾਂ ਹੀ ਸਮਝ ਗਏ ਹੋਣਗੇ ਕਿ ਇਸ ਲਿਖਤ ਦਾ ਵਿਸ਼ਾ ਕੀ ਹੈ। ਉਹ ਬਿਲਕੁਲ ਸਹੀ
ਹਨ। ਇਤਿਹਾਸ ਵੱਲ੍ਹ ਸਰਸਰੀ ਨਜ਼ਰ ਮਾਰੀਏ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬੀਆਂ ਦੀ
ਬਹਾਦਰੀ ਕਈ ਕਾਰਨਾਂ ਕਰਕੇ ਹੈ। ਪਰ ਮੌਜੂਦਾ ਸਮੇਂ ਵੱਲ੍ਹ ਧਿਆਨ ਮਾਰੀਏ ਤਾਂ ਲਗਦਾ
ਹੈ ਕਿ ਇਹ ਹੁਣ ਦਿਖਾਵੇ ਅਤੇ ਨਕਲ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਨਕਲ
ਵੱਜਦੀ ਤਾਂ ਅਕਲ ਨਾਲ਼ ਹੈ ਪਰ ਜੇ ਅਕਲ ਨੂੰ ਇਹ ਪਤਾ ਹੋਵੇ ਕਿ ਕੀ ਸਹੀ ਹੈ ਤੇ ਕੀ
ਗ਼ਲਤ ਹੈ। ਪੰਜਾਬ ਵਿੱਚਲੀਆਂ ਲੱਗਭੱਗ ਸਾਰੀਆਂ ਹੀ ਅਲਾਮਤਾਂ/ਦੁਸ਼ਵਾਰੀਆਂ
ਲਈ ਅਕਸਰ ਸਰਕਾਰ ਜਾਂ ਪ੍ਰਸ਼ਾਸਨ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਪਰ "ਬਹਾਦਰ"
ਪੰਜਾਬੀ ਕੌਮ ਆਪਣੀ ਭਾਸ਼ਾ ਦੀ ਦੁਰਗਤੀ ਦਾ ਸਿਹਰਾ ਕਿਸਦੇ ਸਿਰ ਬੰਨ੍ਹੇ? ਇਹ ਸਵਾਲ
ਸ਼ਾਇਦ ਕਿਸੇ ਕਿਸੇ ਨੂੰ ਹੀ ਔਹੁੜਦਾ ਹੋਵੇ। ਆਹ ਪੰਜਾਬੀ ਦੀ ਸੇਵਾ ਕਰਨ ਵਾਲ਼ਾ
ਅਦਾਰਾ (5abi.com) ਲੰਮੇ ਸਮੇਂ ਤੋਂ ਨਿਸ਼ਕਾਮ ਸੇਵਾ ਕਰ ਰਿਹਾ ਹੈ। ਹੋਰ
ਵੀ ਕਈ ਕਰ ਰਹੇ ਹਨ। ਇਸ ਵਲੋਂ ਉਪਲਬਧ ਮੰਚ ਦਾ ਅਸਲ ਉਦੇਸ਼ ਹੀ ਪੰਜਾਬੀ ਭਾਸ਼ਾ,
ਪੰਜਾਬੀ ਬੋਲੀ ਦੀ ਸੇਵਾ ਹੈ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦ ਇਸਦੇ ਮੰਚ ਤੇ ਆ
ਕੇ ਵੀ ਬਹੁਤ ਸਾਰੇ ਪੰਜਾਬੀ ਅੰਗ੍ਰੇਜ਼ੀ ਨੂੰ ਮੂੰਹ ਮਾਰਨ ਤੋਂ ਬਾਜ਼ ਨਹੀਂ ਆਉਂਦੇ।
ਇਨ੍ਹਾਂ ਦਾ ਕੀ ਇਲਾਜ ਹੋਵੇ? ਕਿਹੜੀ ਸਰਕਾਰ ਕੋਲ਼ ਜਾ ਕੇ ਰੋਈਏ? ਅਸੀਂ ਅਕਸਰ ਹੀ
ਸਰਕਾਰੀ ਅਫ਼ਸਰਾਂ, ਆਗੂਆਂ ਖ਼ਾਸ ਕਰ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਵੀਰ ਬਾਦਲ ਦੀ
ਗੱਲ ਕਰਦੇ ਹਾਂ ਕਿ ਉਹ ਇੱਕ ਵੀ ਵਾਕ/ਸਤਰ ਅੰਗ੍ਰੇਜ਼ੀ ਦਾ ਸਹਾਰਾ ਲਏ ਬਿਨਾਂ ਨਹੀਂ
ਬੋਲ ਸਕਦੇ। ਪਰ ਅਸੀਂ ਖ਼ੁਦ ਵੀ ਏਸ ਰੋਗ ਦੇ ਪੁੱਜ ਕੇ ਸ਼ਿਕਾਰ ਹਾਂ.... ਹਾਂ ਕਿ
ਨਹੀੰ? ... ਆਪ ਹੀ ਸੋਚੋ/ਦੱਸੋ? ਹਾਲ ਹੀ ਵਿੱਚ ਪ੍ਰਕਾਸ਼ਤ ਹੋਏ ਕੁੱਝ ਕੁ
ਲੇਖਾਂ ਦਾ ਹਵਾਲਾ ਇੱਥੇ ਲਾਜ਼ਮੀ ਹੋਵੇਗਾ। ਉਦਾਹਰਣ ਦੇ ਤੌਰ ਤੇ ਕੁੱਝ ਕੁ
ਸੰਸਥਾਵਾਂ ਦਾ ਜ਼ਿਕਰ ਵੀ ਆਪ ਮੁਹਾਰੇ ਆਵੇਗਾ, ਜਿਹੜੀਆਂ ਕਿ ਸ਼ਾਇਦ ਬਣੀਆਂ ਹੀ
ਪੰਜਾਬੀ ਸਾਹਿਤ ਸੰਭਾਲ਼ ਅਤੇ ਭਾਸ਼ਾ ਦੇ ਪ੍ਰਚਾਰ ਵਾਸਤੇ ਹਨ। ਬਹੁਤ ਹੀ ਹੈਰਾਨੀ
ਹੋਵੇਗੀ ਇਨ੍ਹਾਂ ਦੇ ਨਾਮ ਸੁਣਕੇ/ਜਾਣਕੇ ਕਿ ਅਗਰ ਇਨ੍ਹਾਂ ਨੂੰ ਆਪਣਾ ਨਾਮ ਹੀ
ਪੰਜਾਬੀ 'ਚ ਰੱਖਣ ਤੋਂ ਸ਼ਰਮ ਜਾਂ ਝਿਜਕ ਆਉਂਦੀ ਹੈ ਇਹ ਪੰਜਾਬੀ ਦੀ ਖੁੱਲ੍ਹ ਕੇ
ਗੱਲ ਕਿਵੇਂ ਕਰਨਗੀਆਂ। ਕੁੱਝ ਹਵਾਲੇ ਤੇ ਟਿਪਣੀਆਂ ਪੇਸ਼ ਹਨ: ਪਰੋਗਰੈਸਿਵ
ਕਲਚਰਲ ਐਸੋਸੀਏਸ਼ਨ ਕੈਲਗਰੀ (ਕੈਨੇਡਾ), ਮੂਵਮੈਂਟ,
ਪਰਮੋਟ, ਪੋਸਟਰ, ਪ੍ਰੈੱਸ
ਕਾਨਫ੍ਰੰਸ, ਰੈਜ਼ੀਡੈਂਸ਼ੀਅਲ ਵੈੱਲਫੇਅਰ ਐਸੋਸੀਏਸ਼ਨ,
ਕੋਆਰਡੀਨੇਟਰ, ਡਿਪਟੀ ਡਾਇਰੈਕਟਰ,
ਰਾਈਟਰਜ਼ ਫੋਰਮ, ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼,
ਅੰਬੈਸੀ, ਅੰਬੈਸੀ ਸਟਾਫ,
ਫੇਅਰਵੈਲ ਪਾਰਟੀ, ਪਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ
ਆਦਿ। ਇੱਕ ਹੁਣੇ ਨਜ਼ਰ ਪਈ ਹੈ, ਉਹ ਹੈ ਇੰਡੀਅਨ ਕਮਿਊਨਿਟੀ ਆਫ
ਓਸਲੋ ਅਤੇ ਇਹ ਵੀ ਯਕੀਨ ਹੈ ਕਿ ਨਾਰਵੇ ਦੀ ਭਾਸ਼ਾ, ਨਾਰਵੀਜਨ, ਵਿੱਚ ਇਹ
ਨਾਮ ਜਾਂ ਉਚਾਰਣ ਨਹੀਂ ਹੋਵੇਗਾ। ਇਨ੍ਹਾਂ ਉਪ੍ਰੋਕਤ ਸ਼ਬਦਾਂ ਦੇ ਅਰਥ ਹੁਸ਼ਿਆਰ ਪਾਠਕ
ਵੀ, ਕਿਸੇ ਵੀ ਸ਼ਬਦ ਕੋਸ਼ ਵਿੱਚੋਂ ਲੱਭਣ ‘ਚ ਕਦੇ ਕਾਮਯਾਬ ਨਹੀਂ ਹੋ ਸਕਣਗੇ।
ਕਿੰਨੇ ਕੁ ਹਨ ਜੋ ਇਸ ਮੰਚ ਤੇ ਛਪੀ ਸਮੱਗਰੀ ਨੂੰ ਧਿਆਨ ਨਾਲ਼ ਪੜ੍ਹਦੇ ਹੋਣਗੇ? ਕੀ
ਕੋਈ ਕਦੇ ਇਹ ਸੋਚਕੇ ਹੈਰਾਨ ਹੋਇਆ ਹੋਵੇਗਾ ਕਿ ਸੰਪਾਦਕ ਨੂੰ ਇਨ੍ਹਾਂ ਲਿਖਤਾਂ ਨੂੰ
ਤਰਤੀਬ ਦੇਣਾ, ਸੋਧ-ਪੜ੍ਹਤ ਕਰਨਾ, ਕਿੰਨਾ ਮੁਸ਼ਕਲ ਹੁੰਦਾ ਹੋਵੇਗਾ ਅਤੇ ਓਹ ਵੀ
ਲਗਾਤਾਰ ਪਿਛਲੇ 18 ਸਾਲਾਂ ਤੋਂ। ਕੀ ਕਿਸੇ ਨੇ ਕਦੇ ਇੱਕ ਪਲ ਲਈ ਵੀ ਰੁਕ ਕੇ
ਸੋਚਿਆ ਹੋਵੇਗਾ ਕਿ ਇਸ ਟੇਢੇ ਸ਼ਬਦ ਦਾ ਕੀ ਮਤਲਬ ਜਾਂ ਅਰਥ ਹੋ ਸਕਦਾ ਹੈ?
ਇਹ ਸਾਨੂੰ ਕੀ ਕਹਿਣਾ ਜਾਂ ਦੱਸਣਾ ਚਾਹ ਰਿਹਾ ਹੈ? ਸ਼ਾਇਦ ਇਸਦੀ ਉੱਕਾ ਹੀ ਉਮੀਦ
ਨਹੀਂ ਕਿ ਕਿਸੇ ਨੇ, ਕਦੇ ਵੀ ਸੰਪਾਦਕ ਨੂੰ ਦੋ ਹਰਫ਼ ਪਾ ਤੇ ਪੁੱਛਣ ਦੀ ਖ਼ੇਚਲ ਕੀਤੀ
ਹੋਵੇਗੀ! ਜ਼ਰਾ ਕੁ ਰੁਕ ਕੇ, ਧਿਆਨ ਨਾਲ਼ ਸੋਚੋ ਕਿ ਜੇ ਕੋਈ ਮਾਂ ਬਾਪ ਜਾਂ
ਪੰਜਾਬੀ ਦਾ ਅਧਿਆਪਕ ਤੁਹਾਡੀ ਕੋਈ ਵਾਰਤਾ, ਕਹਾਣੀ, ਕਵਿਤਾ, ਗ਼ਜ਼ਲ, ਨਜ਼ਮ, ਲੇਖ
ਹੂ-ਬਹੂ ਨਕਲ ਕਰਕੇ ਘਰ ਵਿੱਚ ਜਾਂ ਜਮਾਤ ਵਿੱਚ ਬੱਚਿਆਂ ਨੂੰ ਪੰਜਾਬੀ
ਪੜ੍ਹਾਉਣ/ਸਿਖਾਉਣ ਦੇ ਉਦੇਸ਼ ਨਾਲ਼, ਦੇ ਦੇਵੇ ਤਾਂ ਉਹ ਬੱਚੇ ਕਿਹੜੇ ‘ਮਹਾਨ ਕੋਸ਼’
ਵਿੱਚੋਂ ਇਨ੍ਹਾਂ ਸ਼ਬਦਾਂ ਦੇ ਅਰਥ ਭਾਵ ਖੋਜ ਸਕਣਗੇ? ਜੇ ਕਦੇ ਨਹੀਂ ਸੋਚਿਆ ਤਾਂ
ਹੁਣ ਜ਼ਰੂਰ ਹੀ ਸੋਚਿਓ ਅਤੇ ਵਿਚਾਰਿਓ ਅਤੇ ਉਨ੍ਹਾਂ ਵਿਚਾਰਾਂ ਨੂੰ ਇਸ ਮੰਚ ਤੇ
ਜ਼ਰੂਰ ਹੀ ਸਾਂਝੇ ਕਰਨ ਦੀ ਖ਼ੇਚਲ਼ ਕਰਿਓ। ਸਾਲ 2016 ਦੇ ਮੱਧ ਵਿੱਚ
ਬ੍ਰਤਾਨੀਆ ਭਰ ਵਿੱਚ “ਬੀ.ਬੀ.ਸੀ. ਤੇ ਪੰਜਾਬੀ” ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ
ਜਿਸਦਾ ਮੁੱਖ ਮੰਤਵ, ਸ਼ਾਇਦ ਕੁੱਝ ਪਾਠਕਾਂ ਨੂੰ ਜਾਣ ਕੇ ਅਸਚਰਜਤਾ ਵੀ ਹੋਵੇ ਕਿ,
ਬੀ.ਬੀ.ਸੀ. ਦੀ ਵੈੱਬਸਾਈਟ ਤੇ ਨਿਪਾਲੀ, ਬਰਮੀ ਅਤੇ ਪਸ਼ਤੋ ਭਾਸ਼ਾਵਾਂ ਤਾਂ ਪਹਿਲਾਂ
ਹੀ ਮੌਜੂਦ ਸਨ ਪਰ ਪੰਜਾਬੀ (ਗੁਰਮੁਖੀ) ਗ਼ਾਇਬ ਸੀ। ਅਚਾਨਕ ਕਿਸੇ ਗੱਲ
ਸਬੰਧੀ ਅਮਰਜੀਤ ਚੰਦਨ ਜੀ ਨਾਲ਼ ਫ਼ੋਨ ਤੇ ਸੁਭਾਵਿਕ ਤੇ ਗੱਲ ਹੋ ਗਈ। ਸਵਾਲ ਸੀ ਕਿ
ਇਸ ਪਿੱਛੇ ਕੰਮ ਕਰਨ ਵਾਲ਼ੀ ਸੰਸਥਾ ਦਾ ਕੀ ਨਾਮ ਹੈ? ਕਿਉਂਕਿ ਗੱਲ ਬੀ.ਬੀ.ਸੀ. ਦੇ
ਸਬੰਧ ਵਿੱਚ ਹੋ ਰਹੀ ਸੀ, ਜਿਸਦਾ ਉਨ੍ਹਾਂ ਨੂੰ ਵੀ ਡੂੰਘਾ ਤਜਰਬਾ ਸੀ, ਸੁਭਾਵਿਕ
ਹੀ ਮੂੰਹੋਂ ਨਿੱਕਲ਼ ਗਿਆ ਕਿ “ਪੰਜਾਬੀ ਲੈਂਗੁਏਜ ਡਿਵੈਲਮੈਂਟ ਫੋਰਮ”।
ਅਮਰਜੀਤ ਚੰਦਨ ਜੀ ਦਾ ਪੈਂਦੀ ਸੱਟੇ ਪ੍ਰਤੀਕਰਮ ਸੀ, “ਨਾਂਅ ਤਾਂ ਕੋਈ ਪੰਜਾਬੀ ਰੱਖ
ਲੈਂਦੇ!” ਇਹ ਹੁੰਦੀ ਹੈ ਅਸਲ ਪੰਜਾਬੀ ਦੀ ਆਪਣੀ ਭਾਸ਼ਾ ਪ੍ਰਤੀ ਤੜਪ। ਜਦ ਨਾਮ
ਦੱਸਿਆ ਤਾਂ ਉਨ੍ਹਾਂ ਤਸੱਲੀ ਪ੍ਰਗਟਾਈ। ਦਰਅਸਲ ਅਰੰਭ ਤੋਂ ਹੀ “ਪੰਜਾਬੀ
ਵਿਕਾਸ ਮੰਚ” ਦਾ ਸਭਾ ਨੇ ਦ੍ਰਿੜ ਫ਼ੈਸਲਾ ਲੈ ਲਿਆ ਸੀ ਅਤੇ ਹਰ ਸਮਾਗਮ ਜਾਂ ਸੂਚਨਾ,
ਇਸ਼ਤਿਹਾਰ ਵਿੱਚ ਇਹ ਨਾਮ ਹੀ ਪ੍ਰਚੱਲਤ ਸੀ ਅਤੇ ਹੈ। ਪਰ ਇੱਥੇ ਇਸਦਾ ਜ਼ਿਕਰ
ਕੁਥਾਵਾਂ ਨਹੀਂ ਹੋਵੇਗਾ ! ਹੁਣ ਜਦ ਵੀ ਚੁਫ਼ੇਰੇ ਨਿਗਾਹ ਮਾਰਦੇ ਹਾਂ ਤਾਂ
ਅਸਕਰ ਸੁਣਕੇ, ਪੜ੍ਹਕੇ ਮਨ ਉਦਾਸ ਹੋ ਜਾਂਦਾ ਹੈ ਕਿ ਜੇ ਅਸੀਂ ਚਾਲ਼ੀਆਂ, ਪੰਜਾਹਾਂ
ਤੋਂ ਉੱਪਰ ਟੱਪੇ ਹੀ ਆਪਣੀ ਜ਼ੁਬਾਨ ਜਾਂ ਭਾਸ਼ਾ ਤੇ ਕਾਬੂ ਨਹੀਂ ਪਾ ਸਕਦੇ, ਜ਼ਾਬਤਾ
ਨਹੀਂ ਰੱਖ ਸਕਦੇ, ਮਾਖਿਓਂ ਮਿੱਠੀ ਪੰਜਾਬੀ ਜ਼ਬਾਨ ਦੇ ਠੇਠ ਸ਼ਬਦਾਂ ਦੀ ਜਗ੍ਹਾ
ਬਿਗਾਨੀ ਭਾਸ਼ਾ ਨੂੰ ਮੂੰਹ ਮਾਰਨੋਂ ਬਾਜ਼ ਨਹੀਂ ਆਏ ਤਾਂ ਆਉਣ ਵਾਲ਼ੀਆਂ ਪੜ੍ਹੀਆਂ ਨੂੰ
ਅਸੀਂ ਕੀ ਸਿਖਾ ਸਕਾਂਗੇ? ਉਨ੍ਹਾਂ ਨੂੰ ਕਿਹੜੀ ਬੋਲੀ/ਭਾਸ਼ਾ ਦੇ ਲੜ ਲੱਗਣ ਲਈ
ਪ੍ਰੇਰਾਂਗੇ ਜਾਂ ਲਾ ਕੇ ਜਾਵਾਂਗੇ। ਜ਼ਾਹਿਰ ਹੈ ਅਸੀਂ ਜਦ ਵੀ ਬੱਚਿਆਂ ਨੂੰ ਪਿਆਰ
ਨਾਲ਼ ਕਹਾਂਗੇ ਕਿ ਬੱਚਿਓ ਪੰਜਾਬੀ ਬੋਲਿਆ ਕਰੋ ਤਾਂ ਸਾਨੂੰ ਜ਼ਰੂਰ ਹੀ ਸਹਣਨ ਨੂੰ
ਮਿਲੇਗਾ, “ ਕਿਹੜੀ? ਜੋ ਕੈਪਟਨ ਤੇ ਸੁਖਵੀਰ ਬਾਦਲ ਬੋਲਦੇ ਨੇ?” ਪੰਜਾਬੀ
ਅਖ਼ਬਾਰਾਂ, ਰੇਡੀਓ ਅਤੇ ਟੀ.ਵੀ. ਮੇਜ਼ਬਾਨਾਂ ਨੇ ਵੀ ਖ਼ੁਦ ਨੂੰ ਪਿੱਛੇ ਨਹੀਂ ਰੱਖਿਆ।
ਰਹਿੰਦੀ ਖੂੰਹਦੀ ਕਸਰ ਪੰਜਾਬੀ ਟੀ.ਵੀ, ਚੈਨਲਾਂ ਤੇ ਲਿਖੇ ਜਾਂਦੇ ਸੰਦੇਸ਼ਾਂ ਨੇ
ਪੂਰੀ ਕਰ ਛੱਡੀ ਹੈ ਜਿਨ੍ਹਾਂ ਦੇ ਨਿਰਮਾਤਾ, ਬਹੁਤੇ ਪੰਜਾਬੀ ਕੰਪਿਊਟਰ ਮਾਹਰ
“ਕੌਨਵੈਂਟ” ਸਕੂਲਾਂ ਦੀ ਉਪਜ (ਬ੍ਰੀਡ) ਹਨ ਜਿਨ੍ਹਾਂ ਨੂੰ ਪੰਜਾਬੀ ਦੀ ਸਮਝ ਘੱਟ
ਜਾਂ ਜਮਾਂ ਹੀ ਨਾ ਹੋਣ ਕਾਰਨ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਲਗ-ਮਾਤਰ ਕਿੱਥੇ
ਲਾਉਣੀ ਹੈ। ਜੱਜੇ ਪੈਰ ਬਿੰਦੀ ਦੀ ਬੇਲੋੜੀ ਵਰਤੋਂ ਬਾਰੇ ਕਹਿਣ ਦੀ ਉੱਕਾ ਲੋੜ
ਨਹੀਂ। ਇਨ੍ਹਾਂ ਵਿੱਚੋਂ ਬਹੁਤੇ ਰੇਡੀਓ ਅਤੇ ਦੂਰਦਰਸ਼ਨਾਂ ਦੇ ਨਾਮ ਵੀ
ਪੰਜਾਬੀ ਦਾ ਪੂਰਾ ਝਲਕਾਰਾ ਪਾਉਂਦੇ ਹਨ। ਪਰ ਜਦੋਂ ਧਿਆਨ ਨਾਲ਼ ਸੁਣਦੇ ਅਤੇ ਦੇਖਦੇ
ਹੋ ਤਾਂ ਨਿਰੀ “ਉੱਚੀ ਦੁਕਾਨ ਤੇ....” ਵਾਲ਼ੀ ਗੱਲ। ਇਨ੍ਹਾਂ ਦੇ ਛਕਾਏ
ਕੋਕੜੂ ਹਫ਼ਤਾ ਹਫ਼ਤਾ ਜਬਾੜ੍ਹੇ ਨੂੰ ਸੇਕ ਦੇਣ ਲਈ ਮਜ਼ਬੂਰ ਕਰ ਦਿੰਦੇ ਹਨ।
ਚਲੋ ਪ੍ਰਵਾਸੀ ਪੰਜਾਬੀਆੰ ਦਾ ਲਿਹਾਜ ਵੀ ਕਰ ਲਓ, ਜਿਸਦੇ ਉਹ ਕਤਈ ਹੱਕਦਾਰ ਨਹੀਂ
ਹਨ, ਇਨ੍ਹਾਂ ਕੋਕੜੂਆਂ ਦੀ ਮਾਰ ਤੋਂ ਪੰਜਾਬ ਦੇ ਵਿਸ਼ਵ-ਵਿਦਿਆਲੇ ਵੀ ਨਹੀਂ ਬਚ
ਸਕੇ। ਪ੍ਰਵਾਸੀਆਂ ਨੇ ਤਾਂ ਬਾਹਰ ਆ ਕੇ ਖ਼ੁਦ ਨੂੰ ਕੁੱਝ ਕੁ ਮਾਨਸਿਕ
ਗ਼ੁਲਾਮੀ ਤੋਂ ਅਜ਼ਾਦ ਕਰ ਹੀ ਲਿਆ ਹੈ, ਪਰ ਭਾਰਤੀ ਪੰਜਾਬੀ ਜਨਤਾ ਮਾਨਸਿਕ ਗੁਲਾਮੀ
ਦੀ ਸਭ ਤੋਂ ਵੱਧ ਸ਼ਿਕਾਰ ਜਾਪਦੀ ਹੈ। ਉਨ੍ਹਾਂ ਨੂੰ ਸਗੋਂ ਆਪਣੀ ਭਾਸ਼ਾ ਹੀ ਆਪਣੇ
ਪੈਰੀਂ ਪਾਈ ਬੇੜੀ ਨਜ਼ਰ ਆ ਰਹੀ ਹੈ। ਅਤੇ ਏਸ ਗੁਲਾਮੀ ਦੀ ਜੰਜ਼ੀਰ ਨੂੰ ਕੱਟ ਕੇ
ਸੁੱਟ ਦੇਣ ਵਿੱਚ ਉਹ ਸਭ ਤੋਂ ਵੱਧ ਕਾਹਲ਼ੇ ਹਨ। ਏਸੇ ਬਿਮਾਰੀ ਦਾ ਸ਼ਿਕਾਰ ਹਰ
ਪੰਜਾਬੀ ਆਗੂ ਆਪਣੇ ਲੋਕਾਂ ਨੂੰ ਏਸ ਗ਼ੁਲਾਮੀ ਤੋਂ ਨਿਜਾਤ ਦਿਵਾਉਣ ਲਈ ਹਰ ਸਮੇਂ
ਤਤਪਰ ਹੈ। ਏਸ ਅਜ਼ਾਦੀ ਦੀ ਦੌੜ ਵਿੱਚ ਪੰਜਾਬ ਦਾ ਹਰ ਵਸਨੀਕ, ਕੀ ਗ਼ਰੀਬ, ਕੀ
ਮੱਧਵਰਗੀ, ਕੀ ਅਮੀਰ, ਇੱਕ ਦੂਜੇ ਤੋਂ ਵੱਧ ਕਾਹਲ਼ਾ ਹੈ। ਹਰ ਸ਼ਹਿਰ, ਹਰ ਕਸਬੇ
ਵਿੱਚ ਖੁੰਬਾਂ ਵਾਂਗੂੰ ਉੱਗੇ ਅੰਗ੍ਰੇਜ਼ੀ ਮਾਧਿਅਮ ਦੇ ਸਕੂਲ ਇਸਦੀ ਮੂੰਹ ਬੋਲਦੀ
ਮਿਸਾਲ ਹਨ। ਗੱਲ ਚੱਲੀ ਸੀ ਵਿਦਿਆਲਿਆਂ ਅਤੇ ਵਿਸ਼ਵ-ਵਿਦਿਆਲਿਆਂ ਦੀ।
ਪਟਿਆਲ਼ੇ ਦੇ ਪੰਜਾਬੀ ਵਿਸ਼ਵ-ਵਿਦਿਆਲੇ, ਜੋ ਕਿ 1961 ਦੇ ਕਨੂੰਨ ਨੰ, 35 ਤਹਿਤ
ਪੰਜਾਬੀ ਦੀ ਸੰਭਾਲ਼, ਪ੍ਰਚਾਰ ਅਤੇ ਪਸਾਰ ਹਿੱਤ ਹੋਂਦ ਵਿੱਚ ਆਇਆ ਸੀ ਅਤੇ ਜਿਸਦੇ
ਆਪਣੇ ਹੀ ਕਿਤਾਬ ਪ੍ਰਕਾਸ਼ਨ ਵਿਭਾਗ ਨਾਮ ਹੀ “ਪਬਲੀਕੇਸ਼ਨ ਬਿਊਰੋ”
ਹੈ, ਨੇ ਹਾਲ ਹੀ ਵਿੱਚ ਆਪਣੇ ਪੁਸਤਕ ਮੇਲੇ ਸਬੰਧੀ ਇੱਕ ਸੂਚਨਾ ਜਾਰੀ
ਕੀਤੀ ਹੈ। ਇਸਤੋਂ ਇਹ ਪਤਾ ਲੱਗਾ ਕਿ ਇਹ ਕੁਲਪਤੀ ਦੀ ਬਜਾਇ ਅਜੇ ਵੀ
ਵਾਈਸ ਚਾਂਸਲਰ ਹੀ ਵਰਤਦੇ ਹਨ। ਨਾਮ ਵੀ ਡਾ. ਬ. ਸ.
ਘੁੰਮਣ ਦੀ ਬਜਾਇ ਡਾ. ਬੀ. ਐੱਸ. ਘੁੰਮਣ ਲਿਖਦੇ ਹਨ।
ਇਸ ਸੂਚਨਾ ‘ਚੋਂ
ਇੱਕ ਸਤਰ ਹੂ-ਬਹੂ ਪੇਸ਼ ਹੈ: “ਸਾਡਾ ਪਬਲੀਕੇਸ਼ਨ ਬਿਊਰੋ ਵਿਭਾਗ ਆਪਣੀਆਂ
ਪ੍ਰਕਾਸ਼ਨਾਵਾਂ ਦੀ ਖ੍ਰੀਦ ਤੇ 50% ਡਿਸਕਾਊਂਟ ਦੇਵੇਗਾ ਅਤੇ ਇਸਦੇ ਨਾਲ਼ ਬੋਨਸ
ਪੁਸਤਕਾਂ ਵੀ ਦਿੱਤੀਆਂ ਜਾਣਗੀਆਂ।” ਦੁਨੀਆਂ ਦੇ ਕਿਸੇ ਦੁਰਾਡੇ ਖੂੰਜੇ
ਬੈਠਾ ਪੰਜਾਬੀ ਤਿਰਸ਼ੇ ਕੀਤੇ ਸ਼ਬਦਾਂ ਨੂੰ ਜ਼ਰੂਰ ਹੀ ਤਿਰਸ਼ੀ ਨਜ਼ਰ ਨਾਲ਼ ਦੇਖੇਗਾ ਤੇ
ਸੋਚੇਗਾ ਕਿ ਜੇ ਪੰਜਾਬੀ ਵਿਸ਼ਵ-ਵਿਦਿਆਲੇ ਦਾ ਇਹ ਹਾਲ ਹੈ ਪ੍ਰਦੇਸਾਂ ਦੀ ਪੰਜਾਬੀ
ਦਾ ਤਾਂ ਰੱਬ ਹੀ ਰਾਖਾ।
ਇਸਦਾ ਹੱਲ ਕੀ ਹੋਵੇ? ਇਸਦਾ ਜਵਾਬ ਕੀ
ਹੋਵੇ?
ਇਹ ਸਾਰੇ ਪਾਠਕਾਂ ਤੇ ਛੱਡ ਦਿੱਤਾ ਗਿਆ ਹੈ।
(07/02/2018)
ਸ਼ਿੰਦਰ ਮਾਹਲ panjabi-unicode@outlook.com
|