ਬੜੇ ਹੀ ਸਾਲਾਂ ਦੀ ਤਮੰਨਾ ਸੀ ਕਿ ਰਾਜਸਥਾਨ ਦੇ ਧੁਰ ਅੰਦਰ ਲੱਗਦਾ ਸਦੀਆਂ
ਪੁਰਾਣਾ ਪੁਸ਼ਕਰ ਮੇਲਾ ਦੇਖਿਆ ਜਵੇ। ਹਰ ਸਾਲ ਹੀ ਫ਼ਜ਼ੂਲ ਰੁਝੇਵੇਂ ਮੇਲਾ ਵੇਖਣ ਤੋਂ
ਵਾਂਝੇ ਰੱਖ ਲੈਂਦੇ। ਕਈ ਵਾਰੀ ਤਾਂ ਮੇਲਾ ਮੁੱਕੇ ’ਤੇ ਹੀ ਪਤਾ ਚੱਲਦਾ। ਮਨ ਵਿੱਚ
ਬੜਾ ਅਫ਼ਸੋਸ ਹੁੰਦਾ। ਹੋਣਾ ਐਤਕੀਂ ਵੀ ਇੰਝ ਹੀ ਸੀ ਪਰ ਭਲਾ ਹੋਵੇ ਫੇਸਬੁੱਕ
ਵਾਲਿਆਂ ਦਾ। ਇੱਕ ਫੇਸਬੁੱਕ ਦੋਸਤ, ਜੋ ਆਪਣੇ ਆਪ ਨੂੰ ਪਾਗਲਾਂ ਦਾ ਬੌਸ ਰਾਣਾ
ਅਖਵਾਉਂਦਾ ਹੈ ਤੇ ਆਪਣਾ ਨਾਂ ਲੋਲੋ ਪੋਲੋ ਦੱਸਦਾ ਹੈ, ਨੇ ਅਚਾਨਕ ਫ਼ੋਨ ਕੀਤਾ,
‘‘ਕਿਉਂ ਭਾਅ ਜੀ! ਪੁਸ਼ਕਰ ਦਾ ਮੇਲਾ ਵੇਖਣ ਚੱਲੀਏ? ਸਾਡੀਆਂ ਸੀਟਾਂ ਬੁੱਕ ਹਨ।’’
ਮਨ ਖਿੜ ਉੱਠਿਆ। ਮੈਂ ਉਸੇ ਵਕਤ ਆਪਣੇ ਦੋਸਤ ਦਲਜੀਤ ਸਿੰਘ ਨੂੰ ਫ਼ੋਨ ਕੀਤਾ। ਬਿਨਾਂ
ਹੀਲ-ਹੁੱਜਤ ਉਸ ਕਿਹਾ, ‘‘ਚਲੋ ਫੇਰ।’’ ਰੇਲਗੱਡੀ ਦੀਆਂ ਸੀਟਾਂ ਕੈਂਸਲ ਕਰਵਾ
ਦਿੱਤੀਆਂ ਤੇ ਆਪਣੀ ਗੱਡੀ ਵਿੱਚ ਤੇਲ ਦਾ ਇੰਤਜ਼ਾਮ ਕਰ ਲਿਆ।
ਪੁਸ਼ਕਰ ਲੁਧਿਆਣੇ ਤੋਂ ਤਕਰੀਬਨ 700 ਕਿਲੋਮੀਟਰ ਦੂਰ ਹੈ। ਤੇਜ਼ ਰਫ਼ਤਾਰ ਨਾਲ ਤਾਂ
ਇੱਕ ਦਿਨ ਦਾ ਹੀ ਸਫ਼ਰ ਹੈ ਪਰ ਲੋਲੋ ਪੋਲੋ ਤੇ ਉਸ ਦੇ ਦੋਸਤ ਹਰਜੀਤ ਗਿੱਲ ਨੇ
ਅੰਮ੍ਰਿਤਸਰ ਤੋਂ ਆਉਣਾ ਸੀ। ਫ਼ੈਸਲਾ ਇਹ ਹੋਇਆ ਕਿ ਉਹ ਰਾਤ ਨੂੰ 11:30 ਵਾਲੀ ਰੇਲ
ਚੜ੍ਹ ਕੇ ਸਵੇਰੇ 3 ਵਜੇ ਸਟੇਸ਼ਨ ’ਤੇ ਪਹੁੰਚ ਜਾਣਗੇ ਤੇ ਅਸੀਂ ਉਦੋਂ ਹੀ ਅੱਗੇ ਨੂੰ
ਚਾਲੇ ਪਾ ਦੇਵਾਂਗੇ।
ਕਿਸੇ ਜ਼ਰੂਰੀ ਕੰਮ ਕਾਰਨ ਇਸ ਲਈ ਇਹ ਯਾਤਰਾ ਇੱਕ ਦਿਨ ਲਈ ਅੱਗੇ ਪਾ ਦਿੱਤੀ ਗਈ।
ਅਗਲੇ ਦਿਨ ਸਵੇਰੇ ਤਿੰਨ ਵਜੇ ਫ਼ੋਨ ਆਇਆ ਕਿ ਸਟੇਸ਼ਨ ’ਤੇ ਪਹੁੰਚ ਗਏ ਹਾਂ। ਮੈਂ
ਥੋੜ੍ਹੀ ਦੇਰ ਵਿੱਚ ਹੀ ਸਟੇਸ਼ਨ ’ਤੇ ਪਹੁੰਚ ਗਿਆ। ਉੱਥੇ ਜਾ ਕੇ ਪਤਾ ਲੱਗਾ ਕਿ ਉਹ
ਗੱਡੀ ’ਤੇ ਨਹੀਂ, ਬੱਸ ’ਤੇ ਆਏ ਸਨ ਕਿਉਂਕਿ ਉਸ ਦਿਨ 11:30 ਵਾਲੀ ਰੇਲਗੱਡੀ ਨਹੀਂ
ਸੀ ਚੱਲਣੀ। ਉਹ ਸਾਰੀ ਰਾਤ ਬੱਸਾਂ ਬਦਲ-ਬਦਲ ਕੇ ਗੁਰੂ ਕੀ ਨਗਰੀ ਤੋਂ ਪੰਜਾਬ ਦੇ
ਧੂੰਏ ਵਾਲੇ ਸ਼ਹਿਰ ਪਹੁੰਚੇ ਸਨ। ਖ਼ੈਰ ਅਸੀਂ ਚਾਰਾਂ ਨੇ ਚਾਰ ਕੁ ਵਜੇ ਸਫ਼ਰ ਸ਼ੁਰੂ ਕਰ
ਦਿੱਤਾ।
ਗੱਡੀ ਮੈਂ ਚਲਾ ਰਿਹਾ ਸੀ। ਦਿਨ ਚੜ੍ਹਨ ਤੋਂ ਪਹਿਲਾਂ ਹੀ ਅਸੀਂ ਬਰਨਾਲੇ ਕੋਲ
ਪਹੁੰਚ ਗਏ। ਉੱਥੇ ਨਵੇਂ ਬਣੇ ਰੇਲਵੇ ਪੁਲ਼ ਉੱਤੇ ਪੁਲੀਸ ਵਾਲੇ ਟਰੱਕਾਂ ਵਾਲਿਆਂ
ਨੂੰ ਰੋਕ ਰਹੇ ਸਨ। ਇਹ ਨਜ਼ਾਰਾ ਵੀ ਵੇਖਣਯੋਗ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ
ਬਾਰਡਰ ਤੋਂ ਬਾਹਰ ਸਾਨੂੰ ਹਰਿਆਣਾ ਜਾਂ ਰਾਜਸਥਾਨ ਵਿੱਚ ਪੁਲੀਸ ਵੇਖਣ ਲਈ ਤਰੱਦਦ
ਕਰਨਾ ਪੈਂਦਾ ਸੀ। ਕਿਤੇ ਕੋਈ ਨਾਕਾ ਨਹੀਂ ਸੀ, ਸਿਵਾਏ ਟੋਲ ਬੈਰੀਅਰ ਦੇ।
ਟੋਲ ਵੀ ਪੰਜਾਬ ਨਾਲੋਂ ਕਿਤੇ ਘੱਟ, 30 ਜਾਂ ਹੱਦ 50 ਰੁਪਏ। ਪ੍ਰੈੱਸ ਦਾ ਸਹੀ
ਪਛਾਣ ਪੱਤਰ ਹੋਣ ਦੀ ਸੂਰਤ ਵਿੱਚ ਉਹ ਵੀ ਮੁਆਫ਼ ਹੈ। ਪੂਰੇ ਸੂਬੇ ਵਿੱਚ ਪ੍ਰੈੱਸ
ਨੂੰ ਟੋਲ ਮੁਆਫ਼ ਹੈ। ਪਹਿਲੋਂ ਪਤਾ ਨਾ ਹੋਣ ਕਰਕੇ ਇੱਕ-ਦੋ ਥਾਂ ’ਤੇ ਟੋਲ ਦਿੱਤੀ
ਪਰ ਫਿਰ ਟੋਲ ਵਾਲੇ ਦੇ ਹੀ ਦੱਸਣ ’ਤੇ ਮੁੜ ਨਹੀਂ ਦੇਣੀ ਪਈ। ਅਸੀਂ ਟਰੱਕਾਂ ਦੀਆਂ
ਫੁੱਲ ਬੱਤੀਆਂ ਨਾਲ ਜੂਝਦੇ ਸਫ਼ਰ ਕਰ ਰਹੇ ਸੀ। ਕੋਈ ਵੀ ਟਰੱਕ, ਬੱਸ ਜਾਂ ਵੱਡੀ ਕਾਰ
ਵਾਲਾ ‘ਲੋਅ ਬੀਮ’ ਕਰਨਾ (ਡਿੱਪਰ ਮਾਰਨਾ) ਸ਼ਾਇਦ ਆਪਣੀ ਬੇਇੱਜ਼ਤੀ ਸਮਝਦਾ ਸੀ। ਸਭ
ਤੋਂ ਵੱਡੀ ਗੱਲ ਕਿ ਕਿਸੇ ਟਰੱਕ, ਟਰਾਲੇ, ਟਰਾਲੀ, ਰੇਹੜੇ ਜਾਂ ਟੈਂਪੂ ਪਿੱਛੇ
ਜੱਗਦੀ ਬੱਤੀ (ਇੰਡੀਕੇਟਰ) ਤਾਂ ਛੱਡੋ ਰਿਫਲੈਕਟਰ ਵੀ ਨਹੀਂ ਲੱਗਾ ਹੋਇਆ ਸੀ।
ਮਾਨਸਾ ਤੋਂ ਥੋੜ੍ਹਾ ਪਹਿਲਾਂ ਅਸੀਂ ਰੁਕ ਗਏ। ਇੱਕ ਪਾਸੇ ਕਪਾਹ ਜਾਂ ਨਰਮੇ ਦੇ ਖੇਤ
ਸਨ ਤੇ ਇੱਕ ਪਾਸੇ ਸੂਰਜ ਉਗਮਣ ਰਿਹਾ ਸੀ। ਘਰ ਦੀ ਲਿਆਂਦੀ ਚਾਹ ਦਾ ਆਨੰਦ ਹੀ
ਵੱਖਰਾ ਸੀ।
ਅਗਲਾ ਪੜਾਅ ਸਿਰਸਾ ਸੀ। ਇੱਥੋਂ ਕਈ ਰਸਤੇ ਫੁੱਟਦੇ ਹਨ। ਹਾਈਵੇਅ ਨੰਬਰ 7 ਤੇ
65 ਵੀ ਇੱਥੋਂ ਹੀ ਨਿਕਲਦੇ ਹਨ। ਕਾਰ ਵਿੱਚ ਲੱਗਿਆ ਯਾਤਰਾ ਯੰਤਰ ਸਾਨੂੰ ਜੈਪੁਰ
ਰਾਹੀਂ ਜਾਣ ਲਈ ਮਜਬੂਰ ਕਰ ਰਿਹਾ ਸੀ ਤੇ ਅਸੀਂ ਹਾਈਵੇਅ ਨੰਬਰ 7 ’ਤੇ ਜਾਣਾ
ਚਾਹੁੰਦੇ ਸੀ। ਮਸ਼ੀਨ ਤੇ ਮਨੁੱਖ ਦੀ ਇਸ ਲੜਾਈ ਵਿੱਚ ਅਸੀਂ ਟੁੱਟੀਆਂ ਤੇ ਕੱਚੀਆਂ
ਸੜਕਾਂ ਦਾ ਸਫ਼ਰ ਕਰਨ ਲੱਗ ਪਏ। ਨਾ ਜੈਪੁਰ ਰੂਟ ਚੜ੍ਹੇ, ਨਾ ਹਾਈਵੇਅ ਨੰਬਰ 7 ਫੜ
ਹੋਈ ਪਰ ਜੋ ਹੋਇਆ ਵਧੀਆ ਹੋਇਆ। ਨਿਰੋਲ ਪੇਂਡੂ ਇਲਾਕਾ, ਹਰਿਆਣਾ ਕਦੋਂ ਖ਼ਤਮ ਹੋਇਆ
ਤੇ ਰਾਜਸਥਾਨ ਕਦੋਂ ਸ਼ੁਰੂ ਹੋਇਆ, ਪਤਾ ਹੀ ਨਾ ਲੱਗਾ। ਇਨ੍ਹਾਂ ਦੀ ਸਰਹੱਦ ਬਿਲਕੁਲ
ਉਵੇਂ ਹੀ ਹੈ ਜਿਵੇਂ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਲੇਕ ਓਂਟਾਰੀਓ ਵਿੱਚ ਗੁਆਚ
ਜਾਂਦੀ ਹੈ। ਊਠ ਦੇਖਦੇ, ਰੇਤੇ ਦੇ ਦਰਸ਼ਨ ਕਰਦੇ, ਰੰਗ ਬਿਰੰਗੇ ਵਸਤਰਾਂ ਦੇ ਫ਼ੋਟੋ
ਲੈਂਦੇ ਅਸੀਂ ਆਖ਼ਰ ਕਈ ਘੰਟੇ ਬਾਅਦ ਹਾਈਵੇਅ ਨੰਬਰ 7 ਫੜ ਹੀ ਲਿਆ। ਇੱਥੇ
ਸਰਦਾਰਗੜ੍ਹ, ਸੁਜਾਨਗੜ੍ਹ ਦੇ ਰਸਤੇ ਹੁੰਦੇ ਡੀਡਵਾ ਦੀ ਲੂਣ ਵਾਲੀ ਝੀਲ ਕੋਲੋਂ
ਲੰਘਦੇ ਮਕਰਾਣੇ ਤੋਂ ਥੋੜ੍ਹਾ ਪਹਿਲਾਂ ਰੁਕ ਗਏ। ਰਾਤ ਹੋ ਚੁੱਕੀ ਸੀ। ਟਰੱਕਾਂ
ਦੀਆਂ ਬੱਤੀਆਂ ਮੂਹਰੇ ਹੋਰ ਗੱਡੀ ਚਲਾਉਣ ਦੀ ਹਿੰਮਤ ਨਹੀਂ ਸੀ। 600 ਕਿਲੋਮੀਟਰ
ਤੋਂ ਵੱਧ ਸਫ਼ਰ ਕਰ ਚੁੱਕੇ ਸਾਂ। ਇੱਥੇ ਸੜਕ ’ਤੇ ਹੀ ਸਾਨੂੰ ਇੱਕ ਸਾਫ਼-ਸੁਥਰਾ ਤੇ
ਸਸਤਾ ਹੋਟਲ ਮਿਲ ਗਿਆ। ਰੋਟੀ ਪਾਣੀ ਛਕਣ ਤੋਂ ਬਾਅਦ ਰਾਤ ਅਰਾਮ ਨਾਲ ਕੱਟੀ। ਇੱਥੋਂ
ਬਾਕੀ ਰਸਤਾ 80 ਕੁ ਕਿਲੋਮੀਟਰ ਹੀ ਸੀ।
ਫ਼ੈਸਲਾ ਇਹ ਹੋਇਆ ਕਿ ਮਕਰਾਣੇ ਦੀਆਂ ਸੰਗਮਰਮਰ ਦੀਆਂ ਖਾਣਾਂ ਵੇਖੀਆਂ ਜਾਣ।
ਮਕਰਾਣਾ ਸੜਕ ਤੋਂ 8 ਕਿਲੋਮੀਟਰ ਪੱਛਮ ਵੱਲ ਹੈ। ਇੱਥੇ ਸਾਡੇ ਮਗਰ ਕਈ ਏਜੰਟ ਲੱਗ
ਗਏ। ਪੰਜਾਬ ਦੀ ਗੱਡੀ ਅਤੇ ਅੱਧਖੜ ਉਮਰ ਦੀਆਂ ਸਵਾਰੀਆਂ ਹੋਣ ਕਾਰਨ ਉਨ੍ਹਾਂ
ਮੁਤਾਬਕ ਅਸੀਂ ਸੰਗਮਰਮਰ ਹੀ ਲੈਣ ਪੁੱਜੇ ਸਾਂ। ਖ਼ੈਰ ਅਸੀਂ ਖਾਣਾਂ ਦੇਖੀਆਂ, ਕਿਵੇਂ
ਪੱਥਰ ਕੱਢਿਆ ਜਾਂਦਾ ਹੈ? ਇਸ ਪੱਥਰ ਤੋਂ ਕੀ ਕੀ ਬਣਦਾ ਹੈ? ਇਹ ਜਾਣ ਕੇ ਹੈਰਾਨੀ
ਹੋਈ ਕਿ ਟੁੱਥ ਪੇਸਟ, ਕੈਲਸ਼ੀਅਮ ਦੀਆਂ ਗੋਲੀਆਂ, ਚਿਹਰੇ ਦਾ ਪਾਊਡਰ, ਮੁਰਗੀ ਦਾਣਾ
ਤੇ ਵਿਟਰੀਫਾਇਡ ਟਾਇਲਾਂ, ਇਸ ਸੰਗਮਰਮਰ ਦੇ ਬੱਚੇ ਹੋਏ ਚੂਰ-ਭੂਰ ਤੋਂ ਬਣਦੇ ਹਨ।
ਪੱਥਰਾਂ ਦੀਆਂ ਕਿਸਮਾਂ ਹੈਰਾਨ ਕਰਨ ਵਾਲੀਆਂ ਸਨ। ਪੰਜਾਬ ਵਿੱਚ ਰੰਗਦਾਰ ਤੇ ਛੋਟਾ
ਪੱਥਰ ਮਹਿੰਗਾ ਮਿਲਦਾ ਹੈ ਪਰ ਉੱਥੇ ਇਹ ਸਸਤੇ ਹਨ। ਰਾਹ ਵਿੱਚ ਲਾਉਣ ਵਾਲਾ ਪੱਥਰ
ਤਾਂ 7-10 ਰੁਪਏ ਪ੍ਰਤੀ ਵਰਗ ਫੁੱਟ ਤਕ ਮਿਲ ਜਾਂਦਾ ਹੈ। ਅਸੀਂ ਲੈਣਾ ਤਾਂ ਕੁਝ
ਨਹੀਂ ਸੀ। ਇਸ ਲਈ ਵੱਡੇ-ਵੱਡੇ ਪ੍ਰੋਜੈਕਟ ਦੀਆਂ ਗੱਪਾਂ ਮਾਰ ਉਨ੍ਹਾਂ ਕੋਲੋਂ ਚਾਹ
ਪੀ ਕੇ ਪੁਸ਼ਕਰ ਦੇ ਪੇਂਡੂ ਰਾਹ ਬਾਰੇ ਜਾਣਕਾਰੀ ਲੈ ਕੇ ਅੱਗੇ ਤੁਰਦੇ ਬਣੇ।
ਖ਼ੂਬਸੂਰਤ
ਪਿੰਡਾਂ ਵਿਚਦੀ ਹੁੰਦਾ ਹੋਇਆ ਇਹ ਰਾਹ ਪੁਸ਼ਕਰ ਤੋਂ ਤਕਰੀਬਨ ਦੋ ਕਿਲੋਮੀਟਰ ਪੱਛਮ
ਵੱਲ ਆ ਨਿਕਲਦਾ ਹੈ। ਇੱਥੇ ਅਸੀਂ ਗੁਜਰਾਤੀ ਖਾਣਾ ਖਾਧਾ। ਨਾਲ ਦੇਸੀ ਲੱਸੀ। ਫਿਰ
ਚੱਲ ਪਏ ਮੇਲੇ ਵੱਲ ਨੂੰ। ਫਾਟਕ ਟੱਪਦੇ ਹੀ ਵਿਸ਼ਾਲ ਮੇਲੇ ਦੇ ਦਰਸ਼ਨ ਕਰ ਕੇ ਮਨ
ਪ੍ਰਸੰਨ ਹੋ ਗਿਆ। ਭੀੜ ਭੜੱਕਾ, ਅਣਗਿਣਤ ਊਠ ਤੇ ਘੋੜੇ ਮਨ ਨੂੰ ਟੁੰਬਣ ਲੱਗੇ।
ਪੁਸ਼ਕਰ ਮੇਲਾ ਅਗਿਆਤ ਸਮੇਂ ਤੋਂ ਚੱਲ ਰਿਹਾ ਹੈ। ਇੱਥੇ ਇੱਕ ਵੱਡੀ ਝੀਲ ਹੈ ਜਿਸ ਦਾ
ਪਾਣੀ ਚੰਦ ਦੀ ਗਰੂਤਾ ਖਿੱਚ ਨਾਲ ਜਵਾਰਭਾਟੇ ਵਾਂਗ ਉੱਚਾ-ਨੀਵਾਂ ਹੁੰਦਾ ਹੈ।
ਕੱਤੇ ਦੀ ਪੁੰਨਿਆ ਨੂੰ ਇਹ ਮੇਲਾ ਪੂਰਾ ਭਰਦਾ ਹੈ। ਇੱਥੋਂ ਦੇ ਮੰਦਰ ਵਿੱਚ
ਪੂਜਾ ਕਰਨੀ ਹੀ ਔਰਤਾਂ ਦਾ ਮੁੱਖ ਮੰਤਵ ਹੈ। ਲਾਗੇ ਹੀ ਇੱਕ ਗੁਰਦੁਆਰਾ ਹੈ ਜੋ
ਦਸਵੇਂ ਪਾਤਿਸ਼ਾਹੀ ਦਾ ਦੱਸਿਆ ਜਾਂਦਾ ਹੈ ਪਰ ਇਹ ਤੱਥ ਅਸੀਂ ਪੂਰੀ ਤਰ੍ਹਾਂ ਲੱਭ
ਨਹੀਂ ਸਕੇ। ਵੱਡਾ ਮੈਦਾਨ ਰੇਤੇ ਦਾ ਹੈ। ਇੱਥੇ ਦੂਰ ਦੂਰ ਤੋਂ ਵਪਾਰੀ ਘੋੜੇ,
ਘੋੜੀਆਂ ਤੇ ਊਠ ਵੇਚਣ-ਖ਼ਰੀਦਣ ਆਉਂਦੇ ਹਨ। ਘੋੜੀਆਂ ਦੇ ਬਹੁਤੇ ਵਪਾਰੀ ਪੰਜਾਬ ਦੇ
ਮਾਲਵੇ ਦੇ ਹਨ। 63 ਇੰਚ ਤੋਂ ਉੱਚੀ ਘੋੜੀ ਦਾ ਚੰਗਾ ਮੁੱਲ ਪੈਂਦਾ ਹੈ। ਇੱਥੇ ਇੱਕ
ਨੁੱਕਰੇ ਘੋੜੇ ਵਾਲਾ 9 ਲੱਖ ਮੰਗ ਰਿਹਾ ਸੀ। ਘੋੜਿਆਂ ਦੀ ਢੋਆ-ਢੁਆਈ ਲਈ ਬੜੇ
ਖ਼ੂਬਸੂਰਤ ਰੇਹੜੇ ਬਣੇ ਹੋਏ ਹਨ। ਇਸੇ ਤਰ੍ਹਾਂ ਹੀ ਸ਼ਿੰਗਾਰੇ ਹੋਏ ਊਠ ਸਨ। ਤਕਰੀਬਨ
ਹਰ ਊਠ ਦੇ ਪੁੜੇ ’ਤੇ ਕੋਈ ਨਾ ਕੋਈ ਨਿਸ਼ਾਨੀ ਕਾਲੇ ਰੰਗ ਵਿੱਚ ਲਾਈ ਹੁੰਦੀ ਹੈ।
ਕਾਲੇ ਊਠ ਬੜੇ ਘੱਟ ਸਨ। ਮੇਲੇ ਵਿੱਚ ਇਨ੍ਹਾਂ ਜਾਨਵਰਾਂ ਤੇ ਹੱਥੀਂ ਖੇਤੀ ਨਾਲ
ਸਬੰਧਿਤ ਹਰ ਔਜ਼ਾਰ ਤੇ ਸ਼ਿੰਗਾਰ ਵਿਕਦਾ ਸੀ।
ਕਈ ਮੀਲ ਤੁਰਦੇ ਥਕਾਵਟ ਮਹਿਸੂਸ ਨਹੀਂ ਸੀ ਹੁੰਦੀ। ਜਾਪਦਾ ਸੀ ਕਿ ਸਾਡੇ ਪੈਰ
ਵੀ ਊਠਾਂ ਵਰਗੇ ਹੋ ਗਏ ਹਨ। ਇੱਥੇ ਵਿਦੇਸ਼ੀ ਸੈਲਾਨੀ ਵੀ ਵੱਡੀ ਗਿਣਤੀ ਵਿੱਚ
ਪਹੁੰਚਦੇ ਹਨ। ਇਸ ਲਈ ਮੰਗਤਿਆਂ ਤੇ ਨਚਾਰਾਂ ਦੀ ਗਿਣਤੀ ਵੀ ਵੱਧ ਸੀ। ਇਹ ਮੰਗਤੇ
ਵੀ ਰਾਜਸਥਾਨੀ ਨਹੀਂ ਸਨ ਲੱਗਦੇ। ਸਿਰਫ਼ ਕੁਝ ਕੁ ਹੀ ਰਾਜਸਥਾਨੀ ਕਲਾਕਾਰ ਮਿਲੇ ਜੋ
ਹੱਥੀਂ ਬਣਾਏ ਸਾਜ਼ ਵਜਾਉਂਦੇ ਸਨ। ਉਨ੍ਹਾਂ ਦਾ ਉਪਜਿਆ ਸੰਗੀਤ ਸਾਡੇ ਵਰਗਿਆਂ ਨੂੰ
ਵੀ ਅਨੰਦਿਤ ਕਰਦਾ ਸੀ। ਕਿਸੇ ਵੀ ਮੇਲੇ ਵਾਂਗ ਵੱਡੇ-ਵੱਡੇ ਚੰਡੋਲ ਸਨ। ਸਟੇਡੀਅਮ
ਵਿੱਚ ਸਰਕਾਰੀ ਸਮਾਗਮ ਸਨ। ਸਭ ਤੋਂ ਵੱਡੀ ਗੱਲ ਜਿੱਥੇ ਵੀ ਰੁਕ ਜਾਓ, ਖਾਣਾ ਬੜਾ
ਸਾਫ਼, ਸੁਆਦੀ ਤੇ ਸਸਤਾ ਵੀ ਸੀ। ਪੁਸ਼ਕਰ ਦੇ ਮੇਲੇ ਵਿਚਲੇ ਟਿੱਬੇ ਮੇਲੇ ਨੂੰ ਦੂਰ
ਤਕ ਮਾਣਨ ਦਾ ਮੌਕਾ ਦਿੰਦੇ ਸਨ। ਘੋੜੀਆਂ ਵਾਂਗ ਪਹਿਲੀ ਵਾਰ ਊਠਣੀ ਦਾ ਨਾਚ ਵੇਖਿਆ।
ਇੱਥੇ ਇੱਕ ਗੱਲ ਵਰਣਨਯੋਗ ਹੈ ਕਿ ਪਹਿਲੇ ਦਿਨ ਮੈਂ 8 ਗਜ਼ ਦੀ ਪਗੜੀ ਖ਼ਰੀਦੀ ਸੀ,
ਉਹਨੂੰ ਪੇਂਡੂ ਪੰਜਾਬੀ ਤਰੀਕੇ ਨਾਲ ਬੰਨ੍ਹ ਲਿਆ। ਇੱਕ ਅੰਦਾਜ਼ੇ ਮੁਤਾਬਕ ਘੱਟੋ-ਘੱਟ
100 ਸੈਲਾਨੀਆਂ ਨੇ ਮੇਰੀਆਂ ਹੀ ਫ਼ੋਟੋਆਂ ਖਿੱਚ ਲਈਆਂ ਹੋਣੀਆਂ। ਮੇਲੇ ਦੇ ਸਾਰੇ
ਰੰਗ ਬਿਆਨ ਕਰਨ ਲਈ ਕਾਫ਼ੀ ਲੰਬੀ ਇਬਾਰਤ ਲਿਖਣੀ ਪੈਣੀ ਹੈ।
ਪੁਸ਼ਕਰ ਦੇ ਨਾਲ ਹੀ ਅਜਮੇਰ ਸ਼ਹਿਰ ਵਸਿਆ ਹੋਇਆ ਹੈ। ਇੱਥੇ ਨੂੰ ਰਾਹ ਇੱਕ ਉੱਚੀ
ਪਹਾੜੀ ਰਾਹੀਂ ਜਾਂਦਾ ਹੈ। ਇੱਕ ਵੱਡੀ ਝੀਲ ਪਹਾੜ ਤੋਂ ਕਸ਼ਮੀਰ ਵਰਗਾ ਨਜ਼ਾਰਾ ਪੇਸ਼
ਕਰਦੀ ਹੈ। ਇੱਥੋਂ ਪੱਥਰਾਂ ਦੀ ਵੱਡੀ ਮੰਡੀ ਕਿਸ਼ਨਗੜ੍ਹ ਨੂੰ ਵੀ ਰਾਹ ਜਾਂਦਾ ਹੈ।
ਇਸੇ ਰਸਤੇ ਹੀ ਅਸੀਂ ਸੀਕਰ ਸ਼ਹਿਰ ਪਹੁੰਚੇ। ਇੱਥੇ ਰਾਤ ਨੂੰ 13 ਡਿਗਰੀ ਤਾਮਪਾਨ
ਸੀ। ਸ਼ਾਇਦ ਮੈਨੂੰ ਠੰਢ ਵੀ ਲੱਗ ਗਈ ਸੀ। ਇੱਥੋਂ ਲੁਧਿਆਣਾ 500 ਕਿਲੋਮੀਟਰ ਦੂਰ
ਹੈ। ਪੂਰਾ ਦਿਨ ਲੱਗ ਗਿਆ। ਇਸ ਟੂਰ ਦੀਆਂ ਕੁਝ ਗੱਲਾਂ ਯਾਦ ਰੱਖਣਯੋਗ ਹਨ ਜਿਵੇਂ
ਹਰਜੀਤ ਗਿੱਲ ਦੀਆਂ ਸਿਆਣਪਾਂ, ਲੋਲੋ ਪੋਲੋ ਦੇ ਚੁਟਕਲੇ, ਸਾਰੇ ਰਾਜਸਥਾਨ ਵਿੱਚ
ਬਾਕੀ ਵਧੀਆ ਚਾਹ ਤੇ ਖ਼ਾਸ ਗੱਲ ਕਿ ਢਾਬਿਆਂ ਤੇ ਖਾਣਾ ਤੁਹਾਡੇ ਸਾਹਮਣੇ ਹਮੇਸ਼ਾਂ
ਤਾਜ਼ਾ ਬਣਦਾ ਹੈ। ਪਹਿਲੋਂ ਭਰੇ-ਭਰਾਏ ਪਤੀਲੇ ਸ਼ਾਇਦ ਹੀ ਹੋਣ।
ਕੁੱਲ ਮਿਲਾ ਕਿ ਜਿੰਨੇ ਕੁ ਪੈਸੇ ਅਸੀਂ ਖ਼ਰਚੇ ਉਹ ਅਨੰਦ ਦੇ ਰੂਪ ਵਿੱਚ ਮੁਨਾਫ਼ਾ
ਦੇ ਗਏ। |