ਐਤਕਾਂ ਦੀਆਂ ਆਮ ਚੋਣਾ ਇਸ ਵੇਰ ਭਾਰਤ ਦੇ ਭਵਿੱਖ ਵਾਸਤੇ ਏਸ ਗੱਲੋਂ ਵਿਲੱਖਣ
ਹਨ ਕਿ ਐਤਕੀਂ ਨਰੇਂਦਰਾ ਮੋਦੀ ਵਰਗੇ ਕੱਟੜ ਹਿੰਦੂ ਨੈਸਨਾਲਿਸਟ ਨਾਲ ਵਾਹ ਪੈ ਰਿਹਾ
ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਬੀ ਜੇ ਪੀ ਦੀ ਜਿੱਤ ਯਕੀਨੀ ਹੈ , ਜਿਸ
ਦੇ ਸਿੱਟੇ ਵਜੋਂ ਮਿਸਟਰ ਮੋਦੀ ਦੇਸ਼ ਦੇ ਪਰਾਈਮ ਮਨਿਸਟਰ ਬਣ ਸਕਣਗੇ। ਮੇਰਾ ਖ਼ਿਆਲ
ਹੈ ਕਿ ਅਗਰ ਉਹ ਨਾ ਵੀ ਪ੍ਰਧਾਨ ਮੰਤਰੀ ਬਣੇ ਤਾਂ ਤਦ ਵੀ ਇਹ ਗੱਲ ਸਾਹਮਣੇ ਆ ਗਈ
ਹੈ ਕਿ ਭਾਰਤ ਦੀ ਸਿਆਸਤ ਇੱਕ ਵੱਖਰੇ ਦੌਰ ਵਿੱਚ ਦਾਖਲ ਹੋ ਚੁੱਕੀ ਹੈ। ਇਹ ਨਵਾਂ
ਤੇ ਵੱਖਰਾ ਦੌਰ ਨਰੇਂਦਰਾ ਮੋਦੀ ਦੀ ਚੜ੍ਹਤ ਕਰਕੇ ਹੀ ਨਹੀਂ ਹੈ, ‘ਆਮ ਪਾਰਟੀ' ਜਾਂ
ਨਵੀਂ ਪੁਲੀਟੀਕਲ ਫੋਰਸ ਨੇ ਵੀ ਭਾਰਤ ਦੀ ਸਿਆਸਤ ਦਾ ਨਵਾਂ ਚਿਹਰਾ ਮੋਹਰਾ ਸਾਹਮਣੇ
ਲਿਆਂਦਾ ਹੈ। ਪਰੰਤੂ ਕੇਜਰੀਵਾਲ ਦਾ ਕੋਈ ਸਿੱਕੇਬੰਦ ਏਜੰਡਾ ਨਹੀਂ ਹੈ। ਕੁਰੱਪਸ਼ਨ
ਕਰਨ ਵਾਲੇ ਸਾਨ੍ਹਾ ਨੂੰ ਨੱਥ ਪਾਉਣੀ ਕੋਈ ਸੌਖ਼ੀ ਗੱਲ ਨਹੀਂ ਹੈ। ਪਰ ਫਿ਼ਰ ਵੀ ਆਮ
ਲੋਕ ਇਹ ਕਹਿਣ ਲੱਗ ਪਏ ਹਨ ਕਿ ਘੱਟੋ ਘੱਟ ਮੋਦੀ ਅਤੇ ਕੇਜਰੀਵਾਲ ਨੇ ਲੋਕਾਂ ਦਾ
ਧਿਆਨ ਇਸ ਪਾਸੇ ਦਿਵਾਇਆ ਤਾਂ ਹੈ। ਤੇਜ਼ ਤਰਾਰ ਇਸ ਕੰਪਿਊਟਰ ਦੇ ਦੌਰ ਵਿੱਚ ਭਾਰਤ
ਦੇ ਲੋਕ ਆਪਣਿਆਂ ਹੱਕਾਂ ਪ੍ਰਤੀ ਵੀ ਜਾਗਰੂਕ ਹੋਏ ਹਨ ਤੇ ਇਸ ਗੱਲੋਂ ਵੀ ਜਾਗੇ ਹੋਏ
ਹਨ ਕਿ ਭਾਰਤ ਨੂੰ ਲੁੱਟਣ ਲਈ ਉਹ ਸਿਆਸੀ ਠੱਗ ਕਿਸੇ ਨਾ ਕਿਸੇ ਤਰ੍ਹਾਂ ਗਲੋਂ
ਲਾਹੁਣੇ ਹੀ ਪੈਣਗੇ।
1947 ਤੋਂ ਲੈ ਕੇ ਹੁਣ ਤਕ ਵਧੇਰੇ ਸਾਲ ਕਾਂਗਰਸ ਪਾਰਟੀ ਨੇ ਹੀ ਰਾਜ ਕੀਤਾ ਹੈ।
ਕੁਰੱਪਸ਼ਨ ਬੜ੍ਹਾਵਾ ਦੇਣ ਦਾ ਦੋਸ਼ ਬਹੁਤਾ ਇਸੇ ਪਾਰਟੀ ਸਿਰ ਆਉਂਦਾ ਹੈ। ਲੋਟੂ ਲਾਣੇ
ਨੂੰ ਹੱਥ ਪਾਉਣ ਵਿੱਚ ਢਿੱਲ ਦਿਖਾਉਣੀ ਵੀ ਇਸੇ ਦੀ ਕਮਜ਼ੋਰੀ ਸੀ। ਲੇਕਿਨ ਕੁਰੱਪਸ਼ਨ
ਵਧਣ–ਫੁੱਲਣ ਦੇਣ ਵਿੱਚ ਇਕੱਲੀ ਕਾਂਗਰਸ ਦਾ ਹੀ ਹੱਥ ਨਹੀਂ ਹੈ ਸਗੋਂ ਜਿਸ ਦਾ ਵੀ
ਦਾਅ ਲੱਗਾ ਉਸ ਨੇ ਇਸ ਗੰਗਾ ਵਿਚ ਹੱਥ ਧੋਣ ਦੀ ਕੋਸ਼ਿਸ਼ ਕੀਤੀ ਹੈ। ਜਿਥੇ ਚੀਨ ਵਰਗੇ
ਦੇਸ਼ ਆਰਥਿਕ ਪ੍ਰਗਤੀ ਦੀਆਂ ਬਲੁੰਦੀਆਂ ਛੁਹ ਰਹੇ ਹਨ ਉੱਥੇ ਭਾਰਤ ਆਪਣੇ ਕੁਰੱਪਟ
ਸਿਆਸਤਦਾਨਾਂ ਦੇ ਨੱਥ ਪਾਉਣ ਤੋਂ ਵੀ ਅਸਮਰਥ ਰਿਹਾ ਹੈ। ਪਿਛਲੇ ਪੰਜਾਂ ਸਾਲਾਂ ਤੋਂ
ਡਾਕਟਰ ਮਨਮੋਹਨ ਸਿੰਘ ਵਰਗੇ ਸੁਸਤ ਅਤੇ ਚੁੱਪ ਪ੍ਰਧਾਨ ਮੰਤਰੀ ਨੇ ਦੇਸ਼ ਦਾ ਕਮਜ਼ੋਰ
ਇੱਮੇਜ ਪੇਸ਼ ਕੀਤਾ ਹੈ। ਡਾਕਟਰ ਮਨਮੋਹਨ ਸਿੰਘ ਇੱਕ ਕਠਪੁੱਤਲੀ ਪ੍ਰਧਾਨ ਮੰਤਰੀ
ਵਜੋਂ ਜਾਣਿਆ ਜਾਵੇਗਾ। ਇੱਕ ਵਿਦਵਾਨ ਅਰਥ ਸ਼ਾਸਤਰੀ ਹੋਣਾ ਹੋਰ ਗੱਲ ਹੈ ਤੇ ਦੇਸ਼
ਨੂੰ ਚਲਾਉਣਾ ਹੋਰ। ਅੱਜ ਦੇ ਟੈਲੀਵੀਜ਼ਨ ਦੇ ਯੁੱਗ ਵਿੱਚ ਮਨਮੋਹਨ ਸਿੰਘ ਜਿਹੇ
ਚੁੱਪਚਾਪ ਪ੍ਰਧਾਨ ਮੰਤਰੀ ਦੀ ਪੁੱਛ ਪ੍ਰਤੀਤ ਨਹੀਂ ਹੈ। ਟੈਲੀਵੀਜ਼ਨ ਅਤੇ ਦੂਸਰੇ
ਇਲੈਕਟਰੌਨਿਕ ਮੀਡੀਆ ਕਿਸੇ ਦੇਸ਼ ਦੇ ਲੀਡਰ ਬਣਾ ਜਾਂ ਢਾਅ ਸਕਦੇ ਹਨ। ਡਾਕਟਰ
ਮਨਮੋਹਨ ਸਿੰਘ ਦੀ ਵਿਦੇਸ਼ਾਂ ਵਿੱਚ ਬਤੌਰ ਇਕਨੌਮਿਸਟ ਦੇ ਇੱਜ਼ਤ ਹੈ ਜਾਂ ਕਿ ਇੱਕ
ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ। ਪਰ ਹੁਣ ਡਾਕਟਰ ਸਾਹਿਬ ਤਾਂ ਆਪਣੀ
ਪੁਜੀਸ਼ਨ ਛੱਡ ਰਹੇ ਹਨ। ਵਾਰੀ ਹੁਣ ਆਉਂਦੀ ਹੈ ਉਨ੍ਹਾਂ ਲੀਡਰਾਂ ਦੀ, ਜਿਹੜੇ ਆਪਣੀ
ਪੁਜੀਸ਼ਨ ਧੜੱਲੇਦਾਰ ਢੰਗ ਨਾਲ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ। ਰਾਹੁਲ ਗਾਂਧੀ
ਅਤੇ ਨਰੇਂਦਰਾ ਮੋਦੀ ਦੋ ਤਕੜੇ ਬੁਲਾਰੇ ਹਨ ਪਰ ਮੋਦੀ ਦੇ ਮੁਕਾਬਲੇ 'ਤੇ ਰਾਹੁਲ
ਘੱਟ ਪ੍ਰਭਾਵਤ ਕਰਨ ਵਾਲੇ ਹਨ। ਉਂਝ ਵੀ ਕਾਂਗਰਸ ਅੱਜਕਲ ਢਹਿੰਦੀਆਂ ਕਲਾਂ ਵਲ ਜਾ
ਰਹੀ ਹੈ, ਜਿਸ ਦਾ ਮਤਲਬ ਇਹ ਹੈ ਕਿ ਨਰੇਂਦਰਾ ਮੋਦੀ ਦੇ ਵਧੇਰੇ ਚਰਚੇ ਹਨ। ਇਸ ਲਈ
ਨਹੀਂ ਕਿ ਬੀਜੇਪੀ ਨੂੰ ਲੋਕੀਂ ਕਾਂਗਰਸ ਪਾਰਟੀ ਨਾਲੋਂ ਵਧੇਰੇ ਚੰਗੀ ਸਮਝਦੇ ਹਨ
ਸਗੋਂ ਇਸ ਲਈ ਕਿ ਮੋਦੀ ਉਹ ਗੱਲਾਂ ਕਹਿੰਦਾ ਹੈ ਜਿਹੜੀਆਂ ਲੋਕਾਂ 'ਤੇ ਖਾਸ ਕਰਕੇ
ਹਿੰਦੂਆਂ ਦੇ ਮਨਾਂ ਨੂੰ ਭਾਉਂਦੀਆਂ ਹਨ। ਉਸ ਦੀ ਪਰਸਨੈਲਿਟੀ ਵੀ ਕਈਆਂ ਨੂੰ ਚੰਗੀ
ਲਗਦੀ ਹੈ ਤੇ ਪਰਵਾਰਕ ਬੰਧਨਾਂ ਤੋਂ ਮੁਕਤ ਹੋਣਾ ਵੀ। ਉਸ ਦਾ ਸਟਰੌਂਗਮੈਨ ਹੋਣ ਦਾ
ਇਮੇਜ ਵੀ ਲੋਕੀਂ ਚੰਗਾ ਸਮਝਦੇ ਹਨ। ਪਰ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ
ਨਹੀਂ ਹੈ ਕਿ ਅਗਰ ਮੋਦੀ ਜਿੱਤ ਗਿਆ ਤਾਂ ਇੰਡੀਆ ਦੀ ਧਰਮ ਨਿਰਪੇਖਤਾ (ਭਾਵ ਸੈਕੂਲਰ
ਸੋਚ) ਉਤੇ ਕਰਾਰੀ ਸੱਟ ਵੱਜੇਗੀ। ਦੇਸ਼ ਦੇ 14% ਫੀਸਦੀ ਮੁਸਲਮਾਨ ਮੋਦੀ ਦਾ ਜਿੱਤ
ਜਾਣਾ ਇਕ ਅਪਸ਼ਗਨ ਸਮਝਣਗੇ।
ਸੱਤ ਅਪਰੈਲ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਤੇ ਇਹ ਮਈ 12 ਤੱਕ
ਚਲਦੀਆਂ ਰਹਿਣਗੀਆਂ ਤੇ ਸੰਭਾਵਨਾ ਹੈ ਕਿ ਭਾਰਤ ਦੀਆਂ ਇਨ੍ਹਾਂ ਆਮ ਚੋਣਾਂ ਦੇ
ਨਤੀਜੇ 16 ਮਈ ਤੱਕ ਨਿਕਲ ਆਉਣਗੇ। ਉਦੋਂ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਮੋਦੀ
ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹਨ ਜਾਂ ਨਹੀਂ।
ਇਸ ਵਾਰ ਭਾਰਤ ਦੇ 814 ਮਿਲੀਅਨ ਲੋਕ ਵੋਟਾਂ ਦਾ ਇਸਤੇਮਾਲ ਕਰਨ ਦੇ ਹੱਕਦਾਰ
ਹੋਣਗੇ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਆਮ ਲੋਕ ਆਪਣੇ ਜਮਹੂਰੀ ਹੱਕਾਂ ਦਾ
ਭਰਪੂਰ ਇਸਤੇਮਾਲ ਕਰਦੇ ਹਨ ਤੇ ਵੋਟਰਾਂ ਦੀ ਟਰਨਆਊਟ ਕਈ ਪੱਛਮੀ ਦੇਸ਼ਾਂ ਨਾਲੋਂ ਵੀ
ਵੱਧ ਹੁੰਦੀ ਹੈ। ਇਸ ਵਾਰ ਭਾਰਤੀ ਵੋਟਰਾਂ ਵਿੱਚ ਚੰਗੀ ਜਾਗ੍ਰਿਤੀ ਆਈ ਹੋਈ ਹੈ।
ਇਸੇ ਲਈ ਇਸ ਵਾਰ ਦੇ ਨਤੀਜੇ ਲੋਕਾਂ ਦੀ ਆਵਾਜ਼ ਦੇ ਸਹੀ ਪ੍ਰਤੀਕ ਹੋਣ ਵਾਲੇ ਆਖੇ ਜਾ
ਸਕਦੇ ਹਨ।
ਭਾਰਤ ਦੇ ਆਮ ਲੋਕਾਂ ਵਿੱਚ ਇਸ ਗੱਲ ਦਾ ਡਰ ਹੈ ਕਿ ਨਰੇਂਦਰਾ ਮੋਦੀ ਦੀ ਜਿੱਤ
ਕਮਿਊਨਲ ਹਾਰਮੋਨੀ ਵਿੱਚ ਤਰੇੜਾਂ ਪਾ ਸਕਦੀ ਹੈ। ਇਸ ਦੇ ਸੱਪੋਰਟਰ ਕਹਿੰਦੇ ਹਨ ਕਿ
ਮੋਦੀ ਇਕ ਸਟਰੌਂਗ ਲੀਡਰ ਹੈ ਤੇ ਉਸ ਦੇ ਇਹ ਦਾਅਵੇ ਫੋਕੇ ਨਹੀਂ ਜਾਣਗੇ ਕਿ ਉਹ
ਭਾਰਤ ਨੂੰ ਮੁੜਕੇ ਫਿਰ ਇੱਕ ਸ਼ਕਤੀਸ਼ਾਲੀ ਦੇਸ਼ ਬਣਾ ਦੇਵੇਗਾ। ਉਸ ਨੇ ਵਿਦੇਸ਼ੀ ਨੀਤੀ
ਬਾਰੇ ਹੁਣ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਦੀਆਂ
ਆਪਹੁਦਰੀਆਂ ਨੂੰ ਤਾਕਤ ਨਾਲ ਰੋਕੇਗਾ ਤੇ ਸਰਹੱਦੋਂ ਪਾਰ ਤੋਂ ਆਉਂਦੇ ਅੱਤਵਾਦੀਆਂ
ਨੂੰ ਹਰ ਤਰ੍ਹਾਂ ਨਾਲ ਭਾਜ ਦੇਵੇਗਾ। ਉਸ ਨੇ ਚੀਨ ਬਾਰੇ ਕਿਹਾ ਹੈ ਕਿ ਉਸ ਦੇਸ਼
ਦੀਆਂ ਪਾਸਾਰਵਾਦੀ ਨੀਤੀਆਂ ਨੂੰ ਉੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯਾਦ ਰਹੇ
ਭਾਰਤ ਅਤੇ ਚੀਨ ਵਿਚਕਾਰ ਕਈ ਕਿਸਮ ਦੇ ਸਰੱਹਦੀ ਝਗੜੇ ਚਲਦੇ ਆ ਰਹੇ ਹਨ। ਇਨ੍ਹਾਂ
ਦੋਹਾਂ ਦੇਸ਼ਾਂ ਵਿੱਚਕਾਰ 1962 ਵਿੱਚ ਤਕੜੀ ਜੰਗ ਹੋਈ ਸੀ। ਅਜੇ ਤੱਕ ਵੀ ਚੀਨ ਨੇ
ਭਾਰਤ ਦੇ ਕਈ ਇਲਾਕੇ ਮੱਲੇ ਹੋਏ ਹਨ। 2008 ਦੇ ਬੰਬਈ ਦੇ ਬੰਬ ਕਾਂਡ ਵਿੱਚ
ਪਾਕਿਸਤਾਨੀ ਅੱਤਵਾਦੀ ਸ਼ਾਮਲ ਸਨ, ਬਾਰੇ ਬੋਲਦਿਆਂ ਮੋਦੀ ਕਹਿੰਦਾ ਹੈ ਕਿ ਅਗਰ ਭਾਰਤ
ਦੀ ਸਰਕਾਰ ਵਿੱਚ ਜ਼ਰਾ ਵੀ ਜਾਨ ਹੁੰਦੀ ਤਾਂ ਪਾਕਿਸਤਾਨ ਨੂੰ ਉਸੇ ਵੇਲੇ ਸਬਕ ਸਿਖਾ
ਦਿੱਤਾ ਜਾ ਸਕਦਾ ਸੀ। ਉਸ ਦਾ ਇਹ ਵੀ ਕਹਿਣਾ ਹੈ ਕਿ ਕਸ਼ਮੀਰ ਦੇ ਸੁਆਲ ਨੂੰ ਉਹ
ਆਪਣੇ ਹੀ ਢੰਗ ਨਾਲ ਸੁਲਝਾਵੇਗਾ। ਉਸ ਦੀਆਂ ਇਹੋ ਜਿਹੀਆਂ ਧਮਕੀਆਂ ਤੋਂ ਜਿਥੇ ਹੋਰ
ਪਾਰਟੀਆਂ ਪਰੇਸ਼ਾਨ ਹਨ ਉਥੇ ਉਸ ਦੀ ਆਪਣੀ ਪਾਰਟੀ ਬੀਜੇਪੀ ਦੇ ਵੀ ਕੁੱਝ ਸੀਨੀਅਰ
ਲੀਡਰ ਦੁਖੀ ਹਨ। ਲਾਲ ਕ੍ਰਿਸ਼ਨ ਅਡਵਾਨੀ ਉਨ੍ਹਾਂ ਲੀਡਰਾਂ ਵਿੱਚੋਂ ਇੱਕ ਹੈ।
2002 ਦੇ ਗੁਜਰਾਤ ਦੰਗਿਆਂ ਵਿੱਚ ਤਕਰੀਬਨ 700 ਮੁਸਲਮਾਨ ਮਾਰੇ ਗਏ ਸਨ। ਇਹ
ਦੰਗੇ ਉਦੋਂ ਹੋਏ ਜਦੋਂ ਗੋਧਰੇ ਸਟੇਸ਼ਨ ਉਤੇ ਖੜੋਤੀ ਇੱਕ ਟਰੇਨ ਦੇ ਡੱਬੇ ਵਿੱਚ
ਕਿਸੇ ਨੇ ਇੱਕ ਬੰਬ ਸੁੱਟ ਦਿੱਤਾ ਸੀ ਜਿਸ ਦੇ ਸਿੱਟੇ ਵੱਜੋਂ 59 ਹਿੰਦੂ ਮਾਰੇ ਗਏ
ਸਨ। ਮੋਦੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਬੰਬ ਹਿੰਦੂ, ਮੁਸਲਮਾਨ ਅੱਤਵਾਦੀਆਂ
ਨੇ ਮਾਰੇ ਸਨ। ਇਸ ਦੇ ਪ੍ਰਤੀਕਰਮ ਵਜੋਂ ਮੁਸਲਿਮ ਵਿਰੋਧੀ ਦੰਗੇ ਹੋਏ ਤਾਂ ਮੋਦੀ ਨੇ
ਤਿੰਨ ਦਿਨਾਂ ਤੱਕ ਇਨ੍ਹਾਂ ਨੂੰ ਰੋਕਣ ਦੇ ਕੋਈ ਉਪਰਾਲੇ ਨਹੀਂ ਸੀ ਕੀਤੇ। ਅਦਾਲਤੀ
ਛਾਣ–ਬੀਣ ਕਰਨ ਉਪਰੰਤ ਨਰੇਂਦਰਾ ਮੋਦੀ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਗਿਆ।
ਨਰੇਂਦਰਾ ਮੋਦੀ ਇਸ ਕਾਂਡ ਬਾਰੇ ਕਿਸੇ ਕਿਸਮ ਦੀ ਵੀ ਮੁਆਫੀ ਮੰਗਣ ਤੋਂ ਇਨਕਾਰੀ
ਹੈ। 2014 ਵਿੱਚ ਮਿਸਟਰ ਮੋਦੀ ਤੋਂ ਕਾਂਗਰਸ ਪਾਰਟੀ ਏਨੀ ਭੈਅਭੀਤ ਹੋਈ ਹੈ ਕਿ
ਕਾਂਗਰਸ ਪਾਰਟੀ ਦੀ ਨੇਤਾ ਸੋਨੀਆਂ ਗਾਂਧੀ ਨੇ ‘‘ਸਟੌਪ ਮੋਦੀ'' ਨਾਂ ਦੀ ਮੁੰਹਿਮ
ਸ਼ੁਰੂ ਕੀਤੀ ਹੋਈ ਹੈ। ਇਸ ਕੰਮ ਵਾਸਤੇ ਉਹ ਮੁਸਲਮਾਨ ਮੌਲਵੀਆਂ ਨੂੰ ਲਾਮਬੰਦ ਹੋਣ
ਵਾਸਤੇ ਕਹਿ ਰਹੀ ਹੈ। ਉਹ ਇਹ ਵੀ ਕਹਿ ਰਹੀ ਹੈ ਕਿ ਗੱਲ 2002 ਤਕ ਹੀ ਨਹੀਂ
ਮੁੱਕਦੀ ਸਤੰਬਰ 2013 ਵਿੱਚ ਮੁਜ਼ੱਫਰ ਨਗਰ ਦੇ ਦੰਗੇ ਵੀ ਯਾਦ ਰੱਖਣੇ ਚਾਹੀਦੇ ਹਨ
ਜਿਸ ਵਿੱਚ 69 ਮੁਸਲਮਾਨ ਮਾਰੇ ਗਏ ਸਨ ਤੇ ਸੈਂਕੜੇ ਹੀ ਬੇਘਰ ਹੋ ਕੇ ਰਿਫਿਊਜੀ
ਕੈਂਪਾਂ ਵਿੱਚ ਰੁਲ ਰਹੇ ਹਨ। ਮੋਦੀ ਦਾ ਰਾਈਟ ਹੈਂਡਮੈਨ ਅਮਿਤ ਸ਼ਾਹ ਸਿੱਧਾ ਹੀ ਕਹਿ
ਰਿਹਾ ਹੈ ਕਿ ਅਗਰ ਤੁਸੀਂ ਬਦਲਾ ਲੈਣਾ ਹੈ ਤੇ ਇੱਜ਼ਤ ਦੀ ਰਖਵਾਲੀ ਕਰਨੀ ਹੈ ਤਾਂ
ਵੋਟ ਬੀਜੇਪੀ ਨੂੰ ਹੀ ਦਿਓ। ਉਸ ਦਾ ਕਹਿਣਾ ਹੈ ਕਿ ਮੁਸਲਮਾਨਾਂ ਦੀ ਆਬਾਦੀ
ਪਾਕਿਸਤਾਨ ਨਾਲੋਂ ਵੀ ਜ਼ਿਆਦਾ ਵਧ ਰਹੀ ਹੈ। ਭਾਰਤ ਵਿੱਚ 170 ਮਿਲੀਅਨ ਮੁਸਲਮਾਨ ਹਨ
ਭਾਵ ਕੁਲ ਵਸੋਂ ਦਾ ਚੌਦਾਂ ਫੀਸਦੀ, ਜਿਸ ਦਾ ਭਾਵ ਇਹ ਹੈ ਕਿ ਮੁਸਲਮਾਨ ਲੋਕ ਸਭਾ
ਦੀਆਂ 543 ਸੀਟਾਂ 'ਚੋਂ 220 ਉਤੇ ਆਪਣਾ ਪ੍ਰਭਾਵ ਪਾ ਸਕਦੇ ਹਨ।
ਨਰੇਂਦਰਾ ਮੋਦੀ ਦੇ ਸੱਪੋਰਟਰ ਕਹਿੰਦੇ ਹਨ ਕਿ ਉਸ ਨੇ ਗੁਜਰਾਤ ਦੀ ਇਕੌਨਮੀ ਨੂੰ
ਇੱਕ ਵਰਨਣਯੋਗ ਮੋੜ ਦਿੱਤਾ ਹੈ ਤੇ ਇਸੇ ਦੀ ਲੋੜ ਹੈ ਸਮੁੱਚੇ ਭਾਰਤ ਨੂੰ।
ਭਾਰਤ ਵਿੱਚ ਮੁਸਲਮਾਨਾਂ ਨੂੰ ਵਿਸੇਸ਼ ਦਰਜਾ ਹਾਸਲ ਹੈ। ਜਿਵੇਂ ‘‘ਹਿੰਦੂ ਕੋਡ
ਬਿੱਲ'' ਬਾਕੀ ਸਾਰੀਆਂ ਘੱਟ ਗਿਣਤੀਆਂ ਉਤੇ ਲਾਗੂ ਹੁੰਦਾ ਹੈ ਉਥੇ ਇਹ ਮੁਸਲਮਾਨਾਂ
ਉਤੇ ਨਹੀਂ ਹੁੰਦਾ। ਨਰੇਂਦਰਾ ਮੋਦੀ ਦਾ ਕਹਿਣਾ ਹੈ ਕਿ ਉਹ ਇਹ ਸਹੂਲਤ ਖ਼ਤਮ ਕਰ
ਦੇਣਗੇ। ਇਸ ਕੋਡ ਨੂੰ ‘‘ਪਰਸਨਲ ਕੋਡਬਿੱਲ'' ਕਹਿੰਦੇ ਹਨ। ਉਸ ਦੀ ਇਸ ਨੂੰ ਖ਼ਤਮ
ਕਰਨ ਵਾਲੀ ਗੱਲ ਨੇ ਬਾਕੀ ਦੀਆਂ ਘੱਟ ਗਿਣਤੀ ਕੌਮਾਂ ਨੂੰ ਬੀਜੇਪੀ ਨਾਲ ਜੋੜ ਦਿੱਤਾ
ਹੈ। ਪੰਜਾਬ ਵਿੱਚ ਅਕਾਲੀ ਸਰਕਾਰ ਦੀ ਕੁਲੀਸ਼ਨ ਬੀਜੇਪੀ ਨਾਲ ਹੈ। ਜ਼ਾਹਿਰਾ ਤੌਰ 'ਤੇ
ਬਾਦਲ ਸਰਕਾਰ ਮੋਦੀ ਦੀਆਂ ਪਾਲਸੀਆਂ ਨੂੰ ਸੱਪੋਰਟ ਕਰੇਗੀ। ਪਿੱਛੇ ਜਿਹੇ ਜਦੋਂ
ਮੋਦੀ ਪੰਜਾਬ ਆਏ ਤਾਂ ਬਾਦਲਾਂ ਨੇ ਉਸ ਦਾ ਨਿੱਘਾ ਸੁਆਗਤ ਕੀਤਾ ਸੀ।
ਮੋਦੀ ਦਾ ਇਹ ਕਹਿਣਾ ਕਿ ਕਸ਼ਮੀਰ ਦੇ ਸੂਬੇ ਰਾਸ਼ਟਰਪਤੀ ਰਾਜ ਹੇਠ ਲਿਆਂਦਾ
ਜਾਵੇਗਾ, ਵੀ ਲੋਕਾਂ ਭਾਇਆ ਹੈ। ਕਸ਼ਮੀਰ ਵਿੱਚ ਗ਼ੈਰ ਕਸ਼ਮੀਰੀਆਂ ਨੂੰ ਪ੍ਰਾਪਟੀਆਂ
ਖਰੀਦਣ ਦਾ ਅਧਿਕਾਰ ਨਹੀਂ ਹੈ, ਜਿਸਦੇ ਸਿੱਟੇ ਵਜੋਂ ਉਥੇ ਕੇਵਲ ਮੁਸਲਿਮ ਮਜੌਰਿਟੀ
ਹੀ ਹੈ ਤੇ ਰਹੇਗੀ ਵੀ। ਘੱਟ ਗਿਣਤੀ ਕੌਮਾਂ ਜਿਵੇਂ ਸਿੱਖ ਅਤੇ ਹਿੰਦੂਆਂ ਨੂੰ ਉਥੋਂ
ਭਜਾਇਆ ਗਿਆ ਹੈ। ਨਰੇਂਦਰਾ ਮੋਦੀ ਨੇ ਹਿੰਦੂਆਂ ਦੀ ਰਗ ਨੂੰ ਪਛਾਣਦਿਆਂ ਕਿਹਾ ਹੈ
ਕਿ ਰਾਸ਼ਟਰਪਤੀ ਰਾਜ ਦੀ ਕਾਇਮੀ ਨਾਲ ਪ੍ਰਾਪਰਟੀ ਵਾਲੀ ਗੱਲ ਉਤੇ ਵੀ ਗੌਰ ਕੀਤਾ ਜਾ
ਸਕਦਾ ਹੈ। ਇਸ ਨਾਲ ਹਿੰਦੂ ਤੇ ਸਿੱਖ ਦੋਵੇਂ ਖੁਸ਼ ਹਨ।
ਨਰੇਂਦਰਾ ਮੋਦੀ ਹਰ ਉਹ ਕਾਰਡ ਪਲੇਅ ਕਰ ਰਿਹਾ ਹੈ ਜਿਸ ਨਾਲ ਹਿੰਦੂ ਲੋਕ ਉਸ
ਨਾਲ ਜੁੜ ਜਾਣ। ਬੀਜੇਪੀ ਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਹੈ ਕਿ ਅਗਰ ਮੋਦੀ ਜੀ
ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ ਤਾਂ ਆਯੁੱਧਿਆ ਵਿਖੇ ਉਹ ਉਸੇ ਥਾਂ ਉਤੇ ਇੱਕ
ਬਹੁਤ ਸੁੰਦਰ ਅਤੇ ਵੱਡੇ ਆਕਾਰ ਦਾ ਹਿੰਦੂ ਮੰਦਰ ਉਸਾਰਨਗੇ ਜਿੱਥੇ ਕਦੇ ਬਾਬਰੀ
ਮਸਜਿਦ ਹੋਇਆ ਕਰਦੀ ਸੀ। ਯਾਦ ਰਹੇ 1992 ਵਿਚ ਹਿੰਦੂ ਮਿਲੀਟੈਂਟਸ ਨੇ ਬਾਦਸ਼ਾਹ
ਬਾਬਰ ਵਲੋਂ ਉਸਾਰੀ ਗਈ ਬਾਬਰੀ ਮਸਜਿਦ ਦੀ ਇੱਟ–ਇੱਟ ਕਰ ਦਿੱਤੀ ਸੀ। ਇਹ
ਹਿਸਟੌਰੀਕਲ ਮਸਜਿਦ 1526 ਵਿੱਚ ਉਸਾਰੀ ਗਈ ਸੀ। ਇਸ ਦੇ ਮਲਿਆਮੇਟ ਹੁੰਦਿਆਂ ਹੀ
ਬੰਬਈ ਅਤੇ ਹੋਰ ਥਾਂਵੀਂ ਤਕੜੇ ਦੰਗੇ ਹੋਏ ਜਿਸ ਦੇ ਸਿੱਟੇ ਵਜੋਂ ਹਜ਼ਾਰਾਂ ਹੀ
ਮੁਸਲਮਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ। ਮੋਦੀ ਵਲੋਂ ਇਕ ਰਾਮ ਮੰਦਰ ਉਸਾਰੇ ਜਾਣ
ਦੀ ਗੱਲ ਨੂੰ ਲੈ ਕੇ ਦੇਸ਼ ਵਿੱਚ ਹੁਣ ਵੀ ਔਰ ਅਗਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ
ਤਾਂ ਤਦ ਵੀ ਮੁੜ ਫਿਰ ਤਕੜੀ ਟੈਨਸ਼ਨ ਪੈਦਾ ਹੋ ਸਕਦੀ ਹੈ। ਪਰੰਤੂ ਜਿਥੋਂ ਤਕ ਵੋਟ
ਵਿਨਿੰਗ ਦਾ ਸੰਬੰਧ ਹੈ, ਯਕੀਨਨ ਹਿੰਦੂ ਵੋਟਰ ਨਰੇਂਦਰਾ ਮੋਦੀ ਵੱਲ ਖਿੱਚੇ ਜਾਣਗੇ।
ਨਰੇਂਦਰਾ ਮੋਦੀ ਦੀ ਚੜ੍ਹਤ ਨੇ ਅਮਰੀਕਾ, ਬ੍ਰਿਟੇਨ ਅਤੇ ਯੂਰਪ ਦੇ ਦੇਸ਼ਾਂ ਨੂੰ
ਵੀ ਪੈਂਤੜਾ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਨੇ ਮੋਦੀ ਉਤੇ ਅਮਰੀਕਾ ਅਤੇ
ਯੂਰਪੀਨ ਦੇਸ਼ਾਂ ਵਿੱਚ ਦਾਖਲੇ ਦੀ ਲੱਗੀ ਪਾਬੰਦੀ ਹਟਾ ਦਿੱਤਾ ਹੈ।
ਆਓ ਦੇਖੀਏ ਕਿ ਹੁਣ ਊਠ ਕਿਹੜੀ ਕਰਵਟ ਬਦਲਦਾ ਹੈ? ਮੋਦੀ ਦਾ ਜਿੱਤਣਾ ਬੇਸ਼ੱਕ
ਇੱਕ ਸਟਰੌਂਗ ਲੀਡਰ ਨੂੰ ਹੋਂਦ ਵਿੱਚ ਲੈ ਆਵੇਗਾ। ਪਰ ਇਸ ਦੇ ਸਿੱਟੇ ਵਜੋਂ
ਸੈਕੂਲਰਿਜ਼ਮ ਨੂੰ ਵੀ ਇੱਕ ਤਕੜੇ ਚੈਲੰਜ ਦਾ ਸਾਹਮਣਾ ਕਰਨਾ ਪਵੇਗਾ।
drsathi@hotmail.co.uk |