 |
ਦੁਨੀਆ ਵਿੱਚ ਕੁਦਰਤੀ ਆਫਤਾਂ ਦੇ ਵੱਧ ਰਹੇ ਪ੍ਰਕੋਪ ਉਪਰ ਚਿੰਤਾ ਕੀਤੀ ਜਾ ਰਹੀ
ਹੈ ਪਰ ਕੀ ਇਹ ਪ੍ਰਕੋਪ ਕੁਦਰਤੀ ਹਨ ਜਾਂ ਇਨਸਾਨ ਦੀ ਭੁੱਖ ਅਤੇ ਲਾਲਚ ਦੀ ਦੇਣ, ਜੋ
ਹਰ ਚੀਜ ਨੂੰ ਨਿਗਲ ਜਾਣਾ ਚਾਹੁੰਦੀ ਹੈ। ਭਾਰਤ ਵਿੱਚ ਕੁੱਝ ਸਾਲਾਂ ਵਿੱਚ ਕੁਦਰਤੀ
ਆਫਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਹਨਾਂ ਕਰੋਪੀਆਂ ਲਈ ਜਿੱਥੇ ਇਨਸਾਨ ਦਾ ਲਾਲਚ
ਜਿੰਮੇਵਾਰ ਹੈ ਉਥੇ ਹੀ ਸਮਾਜ ਅਤੇ ਸਰਕਾਰਾਂ ਵੱਲੋ ਇਸਨੂੰ ਰੋਕਣ ਲਈ ਕੋਈ ਠੋਸ
ਉਪਰਾਲਾ ਨਹੀਂ ਕੀਤਾ ਜਾ ਰਿਹਾ। ਭਾਰਤ ਵਿੱਚ ਤਾਂ ਕਾਨੂੰਨ ਨੂੰ ਲਾਗੂ ਕਰਨ ਵਾਲਾ
ਮਹਿਕਮਾ ਹੀ ਖੁੱਦ ਬਿਮਾਰ ਰਹਿੰਦਾ ਹੈ ਅਤੇ ਜਦੋਂ ਵੀ ਕੋਈ ਆਫਤ ਜਾਂ ਕਰੋਪੀ ਆਉਂਦੀ
ਹੈ ਤਾਂ ਸੈਨਾ ਦਾ ਹੀ ਸਹਾਰਾ ਹੁੰਦਾ ਹੈ ਤੇ ਮਦਦ ਲਈ ਸੈਨਾ ਨੂੰ ਹੀ ਬੁਲਾਇਆ
ਜਾਂਦਾ ਹੈ। ਇਨਸਾਨ ਵਲੋਂ ਕੁਦਰਤ ਦਾ ਇਸ ਹੱਦ ਤੱਕ ਦੋਹਨ ਕੀਤਾ ਜਾ ਰਿਹਾ ਹੈ ਕਿ
ਜਲ, ਵਾਯੂ, ਅਕਾਸ਼, ਧਰਤੀ ਸਭ ਨੂੰ ਦੁਸ਼ਿਤ ਕਰ ਦਿੱਤਾ ਹੈ ਅਤੇ ਇਹਨਾਂ ਦਾ ਕੁਦਰਤੀ
ਸੰਤੁਲਨ ਵਿਗੜਨ ਨਾਲ ਇਹ ਵਿਪਤੀਆਂ ਦੇ ਆਉਣ ਦਾ ਖਤਰਾ ਨਿਰੰਤਰ ਵੱਧ ਰਿਹਾ ਹੈ। ਇਸ
ਖਤਰੇ ਨੂੰ ਘਟਾਉਣ ਲਈ ਕੋਈ ਖਾਸ ਕੋਸ਼ਿਸ਼ ਨਹੀਂ ਹੋ ਰਹੀ। ਇਸੇ ਕਾਰਨ ਇੱਕ ਵਿਪੱਤੀ
ਤੋਂ ਦੂਜੀ ਤੱਕ ਸਿਰਫ ਬਹਿਸ ਹੀ ਹੁੰਦੀ ਰਹਿੰਦੀ ਹੈ। ਸਰਕਾਰਾਂ ਵਲੋਂ ਇਹ ਮੰਨ ਲਿਆ
ਗਿਆ ਹੈ ਕਿ ਕੁਦਰਤ ਦਾ ਦੋਹਨ ਕੀਤੇ ਬਿਨਾਂ ਵਿਕਾਸ ਨਹੀਂ ਹੋ ਸਕਦਾ। ਉਹਨਾਂ ਵਲੋਂ
ਮਨੁੱਖ ਅਤੇ ਕੁਦਰਤ ਵਿੱਚ ਹੋਏ ਅਲਿਖਿਤ ਕਰਾਰ ਜਿਸ ਵਿੱਚ ਦੋਹਾਂ ਦਾ ਇੱਕ ਦੂਜੇ ਦੀ
ਬਾਂਹ ਫੜ ਕੇ ਅੱਗੇ ਵੱਧਨਾ ਤੈਅ ਹੈ ਨੂੰ ਭੁਲਾ ਦਿੱਤਾ ਗਿਆ ਹੈ। ਆਰਥਿਕ ਵਿਕਾਸ ਦੀ
ਦੌੜ ਵਿੱਚ ਕੁਦਰਤ ਪਿੱਛੇ ਛੁੱਟਦੀ ਜਾ ਰਹੀ ਹੈ। ਆਏ ਸਾਲ ਨਦੀਆਂ ਦਾ ਬੰਨ ਤੋੜ ਕੇ
ਸੜਕਾਂ ਤੇ ਵੱਗਦਾ ਪਾਣੀ ਭਾਰੀ ਜਾਨ ਮਾਲ ਦਾ ਨੁਕਸਾਨ ਕਰਦਾ ਹੈ। ਉਤਰਾਖੰਡ ਤੋਂ
ਬਾਦ ਕਸ਼ਮੀਰ ਦੀ ਕਰੋਪੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੁਦਰਤ ਦੀ ਮਾਰ ਬਹੁਤ
ਭਿਆਨਕ ਹੁੰਦੀ ਹੈ। ਅੱਜ ਤੱਕ ਇਨਸਾਨ ਕੁਦਰਤ ਨਾਲ ਖੇਡ ਰਿਹਾ ਸੀ ਪਰ ਕੁਦਰਤ ਦਾ
ਖੇਡ ਇਨਸਾਨ ਨੂੰ ਬਹੁਤ ਮਹਿੰਗਾ ਪੈਦਾਂ ਹੈ।
ਉਤਰਾਖੰਡ ਦੀ ਤਬਾਹੀ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਬਾੜ, ਕਸ਼ਮੀਰ ਦੀ
ਤਬਾਹੀ, ਗੁਜਰਾਤ ਵਿੱਚ ਲਗਾਤਾਰ ਮੀਂਹ ਨਾਲ ਵੱਧਦਾ ਬਾੜ ਦਾ ਖਤਰਾ ਨਾ ਸਿਰਫ
ਮਨੁੱਖੀ ਜੀਵਨ ਨੂੰ ਤਬਾਹ ਕਰ ਰਿਹਾ ਹੈ ਬਲਕਿ ਪਸ਼ੂ ਧੰਨ ਅਤੇ ਪੇੜ ਪੋਧਿਆਂ ਨੂੰ
ਖਤਮ ਕਰ ਅੱਗੇ ਹੋਰ ਜਲਵਾਯੂ ਤੇ ਸੰਤੁਲਨ ਨੂੰ ਵਿਗਾੜ ਰਿਹਾ ਹੈ। ਬਾਰਿਸ਼ ਦੇ ਪਾਣੀ
ਦੇ ਬਹਾਅ ਦੇ ਰਸਤਿਆਂ ਵਿੱਚ ਬਣੀਆਂ ਨਜਾਇਜ ਉਸਾਰੀਆਂ ਪ੍ਰਸ਼ਾਸਨ ਦੀ ਨੱਕ ਹੇਂਠਾ ਹੀ
ਵਧੀਆਂ ਫੁੱਲੀਆਂ ਹਨ ਅਤੇ ਇਹੀ ਨਜਾਇਜ਼ ਉਸਾਰੀਆਂ ਤਬਾਹੀ ਨੂੰ ਜਨਮ ਦਿੰਦੀਆਂ ਹਨ।
ਤੇਜ ਬਾਰਿਸ਼ਾਂ ਦੇ ਆਉਣ ਤੇ ਜਦੋਂ ਨਦੀਆਂ ਦਾ ਪਾਣੀ ਆਪਣੇ ਪੂਰੇ ਤੇਜ ਬਹਾਅ ਤੇ
ਹੁੰਦਾ ਹੈ ਤਾਂ ਰਾਹ ਦੀਆਂ ਇਹ ਰੁਕਾਵਟਾਂ ਜਿਆਦਾ ਨੁਕਸਾਨ ਦਾ ਕਾਰਨ ਬਣਦੀਆਂ ਹਨ
ਅਤੇ ਪਾਣੀ ਦੀ ਮਾਰ ਬਾਕੀ ਜਗਾਂ ਨੂੰ ਵੀ ਤਬਾਹ ਕਰਦੀ ਹੈ।
ਭਾਰਤ ਦੇ ਉੱਤਰੀ ਰਾਜਾਂ ਵਿੱਚ ਘਟਿਤ ਹੜ ਅਤੇ ਭੂਸਖਲਨ ਦੀਆਂ ਘਟਨਾਵਾਂ ਨੇ
ਕੁਦਰਤੀ ਆਪਦਾਵਾਂ ਦੇ ਸਵਰੂਪ ਉੱਤੇ ਬਹਿਸ ਨੂੰ ਗੰਭੀਰ ਮੁੱਦਾ ਬਣਾ ਦਿੱਤਾ ਹੈ। ਪਰ
ਕੀ ਇਹ ਸਿਰਫ ਬਹਿਸ ਦਾ ਹੀ ਮੁੱਦਾ ਹੈ ਜਾਂ ਫਿਰ ਇਸ ਤੇ ਗੰਭੀਰਤਾ ਨਾਲ ਕੰਮ ਵੀ
ਕੀਤਾ ਜਾਵੇਗਾ।
ਇਹ ਆਪਦਾਵਾਂ ਜਿਆਦਾਤਰ ਮਨੁੱਖੀ ਗਲਤੀਆਂ ਦਾ ਨਤੀਜਾ ਹਨ ਜਾਂ ਕੁਦਰਤੀ ਇਸ ਉੱਤੇ
ਬਹਿਸ ਭਲੇ ਹੀ ਕੀਤੀ ਜਾ ਰਹੀ ਹੋਵੇ ਪਰ ਇਸ ਗੱਲ ਬਾਰੇ ਕਿਸੇ ਨੂੰ ਸ਼ੱਕ ਨਹੀਂ ਕਿ
ਆਪਦਾ ਆਉਣ ਸਮੇਂ ਅਤੇ ਬਾਦ ਦੇ ਸਹੀ ਪ੍ਰਬੰਧਨ ਦੀ ਮਾਨਵ ਅਤੇ ਹੋਰ ਭੌਤਿਕ ਨੁਕਸਾਨ
ਨੂੰ ਘੱਟ ਕਰਣ ਵਿੱਚ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਕੁਦਰਤ ਦੇ ਕਹਿਰ ਕਾਰਨ
ਭਾਰੀ ਤਬਾਹੀ ਦਾ ਸਾਮ੍ਹਣਾ ਕਰ ਰਹੇ ਰਾਜਾਂ ਦੇ ਕੋਲ ਇਸ ਆਪਦਾ ਨਾਲ ਨਿੱਬੜਨ ਲਈ
ਕੋਈ ਆਪਦਾ ਪ੍ਰਬੰਧਨ ਯੋਜਨਾ ਹੀ ਨਹੀਂ ਸੀ । ਆਪਣੀ ਸਰੰਚਨਾ ਦੇ ਕਾਰਨ ਹਮੇਸ਼ਾ ਹੀ
ਕੁਦਰਤੀ ਆਪਦਾਵਾਂ ਦੇ ਖਤਰੇ ਨਾਲ ਘਿਰੇ ਰਹਿਣ ਵਾਲੇ ਉਤਰਾਖੰਡ ਕੋਲ ਇਸ ਆਪਦਾਵਾਂ
ਨਾਲ ਨਿੱਬੜਨ ਲਈ ਕੋਈ ਪੁਖਤਾ ਤਿਆਰੀ ਨਹੀਂ ਕੀਤੀ ਗਈ ਸੀ । ਕੈਗ ਦੁਆਰਾ
ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ 2007 ਵਿੱਚ ਬਣੀ ਸਟੇਟ
ਡਿਜਾਸਟਰ ਮੈਨੇਜਮੇਂਟ ਅਥਾਰਿਟੀ ਦੀ ਕੋਈ ਬੈਠਕ ਤੱਕ ਨਹੀਂ ਹੋਈ ਸੀ ਅਤੇ ਨਾਂ
ਹੀ ਇਸ ਅਥਾਰਿਟੀ ਨੇ ਆਪਦਾ ਨਾਲ ਨਿੱਬੜਨ ਲਈ ਕੋਈ ਨਿਯਮ - ਕਾਨੂੰਨ
ਜਾਂ ਦਿਸ਼ਾਨਿਰਦੇਸ਼ ਹੀ ਬਣਾਏ ਸਨ। ਖਾਸ ਕੁੱਝ ਤਾਂ ਇਸ ਦਿਸ਼ਾ ਵਿੱਚ ਅਜੇ ਵੀ ਨਹੀਂ
ਕੀਤਾ ਗਿਆ ਹੈ। ਇਸ ਆਪਦਾ ਨੂੰ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਅਜੇ ਵੀ
ਕੇਦਾਰਨਾਥ ਧਾਮ ਦੀ ਯਾਤਰਾ ਤੇ ਗਏ ਸ਼ਰਧਾਲੂਆਂ ਨੂੰ ਥਾਂ ਥਾਂ ਮ੍ਰਿਤਕ ਦੇਹਾਂ ਦਾ
ਮਿਲਨਾ ਜਾਰੀ ਹੈ । ਆਪਦਾ ਪ੍ਰਬੰਧਨ ਦਾ ਅਜਿਹਾ ਹੀ ਹਾਲ ਕਸ਼ਮੀਰ ਵਿਖੇ ਵੀ ਸਾਮਣੇ
ਆਇਆ ਹੈ। ਜਿੱਥੇ ਉਸ ਕੋਲ ਵੀ ਇਸ ਆਪਦਾ ਨਾਲ ਨਿਬੜਨ ਲਈ ਲੋੜੀਂਦੇ ਸਾਜੋ ਸਮਾਨ ਦੀ
ਘਾਟ ਸੀ ਅਤੇ ਉਹ ਇੰਨੀ ਵੱਡੀ ਵਿਪਤਾ ਲਈ ਖੁਦ ਤੱਕ ਤਿਆਰ ਨਹੀ ਸੀ। ਕੇਂਦਰ ਸਰਕਾਰ
ਅਤੇ ਸੇਨਾ ਦੇ ਤਿੰਨੋਂ ਅੰਗਾਂ ਦੇ ਜਵਾਨਾਂ ਵੱਲੋ ਜਿਸ ਤਰਾਂ ਕੁਦਰਤੀ ਆਫਤ ਵਿੱਚ
ਫਸੇ ਲੋਕਾਂ ਨੂੰ ਕੱਢਣ ਦਾ ਕੰਮ ਤੇਜੀ ਲਾਲ ਕੀਤਾ ਗਿਆ ਹੈ ਉਸ ਲਈ ਸੈਨਾ ਦਾ
ਹੌਂਸਲਾ ਕਾਬਲੇ ਤਾਰੀਫ ਹੈ। ਸੈਨਾ ਵੱਲੋ ਲੱਖਾਂ ਇਨਸਾਨੀ ਜਿੰਦਗੀਆਂ ਬਚਾਈਆਂ ਗਈਆਂ
ਪਰ ਅਜੇ ਵੀ ਸੇਨਾ ਨੂੰ ਕਾਫੀ ਕੰਮ ਕਰਨਾ ਬਾਕੀ ਹੈ ਪਰ ਦੁਸਰੀ ਤਰਫ ਜੰਮੂ ਕਸ਼ਮੀਰ
ਦੀ ਸਰਕਾਰ ਅਤੇ ਪ੍ਰਸ਼ਾਸਨ ਖੁਦ ਬਿਮਾਰ ਹੋਇਆ ਪਿਆ ਹੈ ਅਤੇ ਇਸ ਕੁਦਰਤੀ ਕਰੋਪੀ
ਵਿੱਚ ਉਥੋ ਦਾ ਪ੍ਰਸ਼ਾਸਨ ਬਚਾਵ ਅਭਿਆਨ ਵਿੱਚ ਕੋਈ ਵੱਡਾ ਰੋਲ ਅਦਾ ਨਹੀਂ ਕਰ ਪਾ
ਰਿਹਾ। ਜਿਸ ਤਰਾਂ ਕੁੱਝ ਸਮੇਂ ਪਹਿਲਾ ਤੱਕ ਜੰਮੂ ਕਸ਼ਮੀਰ ਵਿੱਚ ਸੇਨਾ ਨੂੰ ਹਟਾਉਣ
ਦੀ ਮੰਗ ਕੀਤੀ ਜਾ ਰਹੀ ਸੀ ਪਰ ਅੱਜ ਉਸੇ ਸੇਨਾ ਵੱਲੋ ਜੋ ਬਚਾਵ ਅਭਿਆਨ ਚਲਾਇਆ ਹੈ
ਉਸ ਦੀ ਤਾਰੀਫ ਦੇਸ਼ ਦੇ ਨਾਲ ਵਿਦੇਸ਼ ਵਿੱਚ ਵੀ ਹੋ ਰਹੀ ਹੈ।
ਭਾਰਤ ਦੇ 22 ਰਾਜਾਂ ਨੂੰ ਮਲਟੀ ਡਿਸਾਸਟਰ ਪ੍ਰੋਣ ਜੋਨ ਯਾਨੀ
ਜਿੱਥੇ ਇੱਕ ਤੋਂ ਵੱਧ ਆਪਦਾ ਆ ਸਕਦੀਆਂ ਹਨ ਵਿੱਚ ਰਖਿਆ ਗਿਆ ਹੈ। ਨਿਯਮਾਂ ਦੇ
ਅਨੁਸਾਰ ਆਪਦਾ ਦੇ ਸਮੇਂ ਉਸਤੋਂ ਨਿੱਬੜਨ ਦੀ ਤਿਆਰੀ ਦੀ ਜ਼ਿੰਮੇਦਾਰੀ ਆਪਦਾ
ਪ੍ਰਬੰਧਨ ਤੰਤਰ ਦੀ ਹੁੰਦੀ ਹੈ । ਲੇਕਿਨ ਇਸ ਮਾਮਲੇ ਵਿੱਚ ਆਪਦਾ ਦਾ ਸਾਮਨਾ ਕਰ
ਰਹੇ ਰਾਜਾਂ ਦੀ ਅਥਾਰਿਟੀ ਪੂਰੀ ਤਰਾਂ ਫੇਲ ਸਾਬਿਤ ਹੋਈ ਹੈ। ਦੇਸ਼ ਵਿੱਚ
ਕਰੋੜਾਂ ਰੁਪਇਆ ਖਰਚ ਕਰ ਕੇ ਮੌਸਮ ਵਿਭਾਗ ਦਾ ਇੱਕ ਵੱਡਾ ਤੰਤਰ ਤਿਆਰ ਕੀਤਾ ਗਿਆ
ਹੈ ਪਰ ਅਕਸਰ ਕਿਸੇ ਆਪਦਾ ਦੇ ਸਮੇਂ ਇਹ ਸਹੀ ਤੇ ਸਟੀਕ ਜਾਣਕਾਰੀ ਦੇਣ ਵਿੱਚ ਅਸਫਲ
ਰਹਿੰਦਾ ਹੈ ਤੇ ਕਿਸੇ ਵਲੇ ਜੇ ਇਹ ਵੇਲੇ ਸਿਰ ਜਾਣਕਾਰੀ ਦੇ ਵੀ ਦੇਵੇ ਜੋਕਿ
ਉਤਰਾਖੰਡ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਤਾ ਇਸ ਦੀ ਭਵਿੱਖਵਾਣੀ ਨੂੰ ਸਰਕਾਰ
ਜਾ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜਿਸ ਨਾਲ ਕਿ ਜਾਨ ਮਾਲ ਦਾ
ਨੁਕਸਾਨ ਵਧੇਰੇ ਹੁੰਦਾ ਹੈ। ਆਏ ਸਾਲ ਹਜਾਰਾਂ ਹੀ ਜਾਨਾਂ ਹੜ ਦੀ ਭੇਂਟ ਚੜ
ਜਾਂਦੀਆਂ ਹਨ। ਇਸ ਸਮੇਂ ਵੀ ਜੰਮੂ ਅਤੇ ਕਸ਼ਮੀਰ ਵਿੱਚ ਜੋ ਹਾਲਾਤ ਬਣੇ ਹਨ ਉਸ ਨੂੰ
ਵੇਖਦੇ ਹੋਏ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਰਣ ਵਾਲਿਆਂ ਦਾ
ਆਂਕੜਾ ਅਧਿਕਾਰਿਕ ਆਂਕੜੇ ਤੋਂ ਕੀਤੇ ਜਿਆਦਾ ਹੋਵੇਗਾ। ਅਸਲੀ ਹਕੀਕਤ ਤਾਂ ਹੜ੍ਹ ਦਾ
ਪਾਣੀ ਉਤਰਨ ਤੋਂ ਬਾਦ ਹੀ ਸਾਮਣੇ ਆਵੇਗੀ। ਅਰਬਾਂ ਦਾ ਮਾਲੀ ਨੁਕਸਾਨ ਹੋ ਗਿਆ ਹੈ
ਤੇ ਕਸ਼ਮੀਰ ਨੂੰ ਮੁੜ ਵਸਾਉਣ ਤੇ ਉਸਦੀ ਜਨੰਤ ਦੀ ਤਸਵੀਰ ਬਣਾਉਣ ਲਈ ਕਈ ਸਾਲ ਲੱਗ
ਜਾਣਗੇ ਜੋਕਿ ਨੁਕਸਾਨ ਤੇ ਆਂਕੜੇ ਵਿੱਚ ਸਿਰਫ ਵਾਧਾ ਹੀ ਕਰੇਗਾ।
ਆਪਦਾ ਪ੍ਰਬੰਧਨ ਦੇ ਤੰਤਰ ਦੀਆਂ ਕੀ ਕੀ ਕਮੀਆਂ ਨੂੰ ਨਜਰਅੰਦਾਜ ਕੀਤਾ ਜਾਵੇ।
ਇਹ ਤੰਤਰ ਤਾਂ ਹਰਕਤ ਵਿੱਚ ਹੀ ਉਦੋਂ ਆਉਂਦਾ ਹੈ ਜੱਦ ਨੁਕਸਾਨ ਹੋ ਚੁੱਕਾ ਹੁੰਦਾ
ਹੈ। ਭਾਰਤ ਤੋਂ ਛੋਟੇ ਦੇਸ਼ ਜਾਪਾਨ ਨੂੰ ਹੀ ਲਿਆ ਜਾਵੇ ਤਾਂ ਇਸ ਦੇਸ਼ ਵਿੱਚ ਆਪਦਾ
ਪ੍ਰਬੰਧਨ ਦੇ ਤੰਤਰ ਇੰਨੇ ਮਜਬੂਤ ਹਨ ਕਿ ਆਪਦਾ ਆਉਣ ਤੋਂ ਪਹਿਲਾਂ ਹੀ ਸਾਰੇ
ਪ੍ਰਬੰਧ ਪੂਰੇ ਕਰ ਲਏ ਜਾਂਦੇ ਹਨ ਜਿਸ ਨਾਲ ਜਾਨ ਮਾਲ ਦਾ ਘੱਟੋ ਘੱਟ ਨੁਕਸਾਨ
ਹੁੰਦਾ ਹੈ ਅਤੇ ਉਥੇ ਦੀ ਸਰਕਾਰ ਵੱਲੋਂ ਅਜਿਹੀਆਂ ਇਮਾਰਤਾਂ ਵਿਕਸਿਤ ਕੀਤੀਆਂ
ਜਾਦੀਆਂ ਹਨ ਤਾਂ ਜੋ ਉਹ ਕੁਦਰਤੀ ਪ੍ਰਕੋਪ ਦਾ ਸਾਮਣਾ ਕਰ ਸਕਣ ਤੇ ਭੁਕੰਪ ਅਤੇ
ਸੁਨਾਮੀ ਵਰਗੇ ਹਲਾਤਾਂ ਵਿੱਚ ਵੀ ਖੜੀਆਂ ਰਹਿਣ। ਜਪਾਨ ਵਿੱਚ ਬਚਾਵ ਅਭਿਆਨ ਤੇਜੀ
ਨਾਲ ਚਲਾਏ ਜਾਂਦੇ ਹਨ ਅਤੇ ਇਹ ਬਚਾਵ ਅਭਿਆਨ ਚਲਾਉਣ ਲਈ ਉਹਨਾਂ ਪਾਸ ਨਵੀਂ ਤਕਨੀਕ
ਦੀਆਂ ਬਚਾਵ ਮਸ਼ੀਨਾਂ ਹੁੰਦੀਆ ਹਨ ਜਦੋਂ ਕਿ ਭਾਰਤ ਦੇ ਆਪਦਾ ਪ੍ਰਬੰਧਨ ਕੋਲੇ
ਸੰਸਾਧਨਾਂ ਦੀ ਭਾਰੀ ਕਮੀ ਹੈ।
ਭਾਰਤ ਵਿੱਚ ਲੋਕਾਂ ਨੂੰ ਆਪਦਾ ਤੋਂ ਬਚਾਉਣਾ ਜਾਂ ਤੱਤਕਾਲ ਰਾਹਤ ਦੇਣਾ ਕਿਸਦੀ
ਜ਼ਿੰਮੇਦਾਰੀ ਹੈ। ਦਰਅਸਲ ਆਪਦਾ ਪ੍ਰਬੰਧਨ ਤੰਤਰ ਦੀ ਹੀ ਸਭ ਤੋਂ ਵੱਡੀ ਆਪਦਾ ਇਹ ਹੈ
ਕਿ ਲੋਕਾਂ ਨੂੰ ਕੁਦਰਤੀ ਕਹਿਰ ਤੋਂ ਬਚਾਉਣ ਦੀ ਜ਼ਿੰਮੇਦਾਰੀ ਕਿਸੇ ਇੱਕ ਦੀ ਨਹੀਂ
ਕਈਆਂ ਦੀ ਹੈ ਤੇ ਵੇਲਾ ਆਉਣ ਤੇ ਜਾਂ ਤਾਂ ਸਾਰੇ ਇੱਕ ਦੂਜੇ ਸਿਰ ਠੀਕਰਾ ਫੋੜਦੇ
ਦਿਖਾਈ ਦਿੰਦੇ ਹਨ ਜਾਂ ਆਪਣੀ ਜਿੰਮਵਾਰੀ ਦੂਜੇ ਸਿਰ ਸੁੱਟਦੇ ਨਜਰ ਆਉਂਦੇ ਹਨ। ਦੇਸ਼
ਵਿੱਚ ਜਦੋਂ ਲੋਕ ਹੜ੍ਹ ਵਿੱਚ ਡੁੱਬ ਰਹੇ ਹੁੰਦੇ ਹਨ, ਭੁਚਾਲ ਦੇ ਮਲਬੇ ਵਿੱਚ ਦੱਬ
ਕੇ ਛਟਪਟਾਉਂਦੇ ਹਨ ਜਾਂ ਫਿਰ ਤਾਕਤਵਰ ਤੂਫਾਨ ਨਾਲ ਜੂਝ ਰਹੇ ਹੁੰਦੇ ਹਨ ਤੱਦ ਤੱਕ
ਤਾਂ ਸਰਕਾਰ ਨੂੰ ਜਾਂ ਫਿਰ ਪ੍ਰਸ਼ਾਸਨ ਨੂੰ ਉਸ ਕੁਦਰਤੀ ਬਿਪਤਾ ਦੀ ਗੰਭੀਰਤਾ ਬਾਰੇ
ਹੀ ਇਹ ਅੰਦਾਜਾ ਨਹੀ ਹੁੰਦਾ ਕਿ ਬਿਪਤਾ ਕਿੰਨੀ ਵੱਡੀ ਹੈ ਤੇ ਜਦੋ ਤੱਕ ਅੰਦਾਜਾ
ਹੁੰਦਾ ਹੈ ਸਥਿਤੀ ਹਥਾਂ ਚੋਂ ਨਿਕਲ ਚੁੱਕੀ ਹੁੰਦੀ ਹੈ ਤੇ ਫਿਰ ਇੱਕੋ ਵਿਕਲਪ ਦੇ
ਤੌਰ ਤੇ ਸੈਨਾ ਨੂੰ ਤੈਨਾਤ ਕਰ ਦਿੱਤਾ ਜਾਂਦਾ ਹੈ। ਅਗਰ ਸਰਕਾਰ ਵੱਲੋਂ ਕੁਦਰਤੀ
ਆਫਤ ਵੇਲੇ ਸੇਨਾ ਹੀ ਤੈਨਾਤ ਕਰਨੀ ਹੈ ਤਾਂ ਇਸ ਆਪਦਾ ਪ੍ਰਬੰਧਨ ਮਹਕਮੇ ਦਾ ਕੀ
ਕਰਨਾ ਹੈ। ਇਸ ਨੂੰ ਸਰਕਾਰ ਨੂੰ ਬੰਦ ਹੀ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਇਸ
ਮਹਿਕਮੇ ਦੀ ਜਿੰਮੇਵਾਰੀ ਨਿਸ਼ਚਤ ਕਰੇ ਤਾਂ ਜੋ ਇਹ ਮਹਿਕਮਾ ਸਹੀ ਢੰਗ ਨਾਲ ਕੰਮ ਕਰ
ਸਕੇ।
ਸਰਕਾਰ ਨੇ ਸੰਗਠਿਤ ਤੌਰ ਉੱਤੇ 1954 ਵਿੱਚ ਆਪਦਾ ਪ੍ਰਬੰਧਨ ਦੀ ਕੋਸ਼ਿਸ਼ ਸ਼ੁਰੂ
ਕੀਤੀ ਸੀ ਪਰ ਹੁਣ ਤੱਕ ਇਹ ਹੀ ਤੈਅ ਨਹੀਂ ਹੋ ਸਕਿਆ ਹੈ ਕਿ ਆਪਦਾ ਪ੍ਰਬੰਧਨ ਦੀ
ਕਮਾਨ ਕਿਸਦੇ ਹੱਥ ਹੈ। ਭਾਰਤ ਦਾ ਆਪਦਾ ਪ੍ਰਬੰਧਨ ਤੰਤਰ ਇੰਨਾ ਉਲਝਿਆ ਹੋਇਆ ਹੈ ਕਿ
ਇਸ ਉੱਤੇ ਲ਼ੰਮੀ ਬੇਨਤੀਜਾ ਬਹਿਸ ਹੋ ਸਕਦੀ ਹੈ।
ਦੇਸ਼ ਵਿੱਚ ਕਦੇ ਵੀ ਕੀਤੇ ਵੀ ਕੋਈ ਮੁਸੀਬਤ ਆ ਜਾਵੇ ਤਾਂ ਰੱਬ ਦਾ ਰੂਪ ਬਣ ਕੇ
ਬਚਾਉਣ ਲਈ ਅੱਗੇ ਆਉਣ ਵਾਲੀ ਸੇਨਾ ਹੀ ਹੁੰਦੀ ਹੈ। ਪਿਛਲੇ ਕੁੱਝ ਸਾਲਾਂ ਵਿੱਚ ਦੇਸ਼
ਦੀਆਂ ਸੀਮਾਵਾਂ ਦੀ ਰਖਿਆ ਕਰਣ ਤੋਂ ਇਲਾਵਾ ਵੀ ਸੇਨਾ ਦੇ ਕਈ ਰੂਪ ਮਦਦਗਾਰ ਵਜੋਂ
ਸਾਮਣੇ ਆਏ ਹਨ। ਦੇਸ਼ ਵਿੱਚ ਭਿਆਨਕ ਕੁਦਰਤੀ ਆਪਦਾ ਜਿਵੇਂ ਕਿ ਹੜ, ਭੂਕੰਪ ਆਦਿ
ਸਮੇਂ ਤਾਂ ਸੇਨਾ ਦੇ ਜਾਂਬਾਜ ਹੌਸਲੇ ਵੇਖਣ ਨੂੰ ਮਿਲਦੇ ਹੀ ਹਨ ਪਰ ਆਮ ਛੌਟੀਆਂ
ਮੁਸ਼ਕਲਾਂ ਸਮੇਂ ਵੀ ਦੇਸ਼ ਦਾ ਸਥਾਨਕ ਤੰਤਰ ਇੰਨਾਂ ਕਮਜੋਰ ਹੋ ਜਾਂਦਾ ਹੈ ਕਿ ਜੇਕਰ
ਕੋਈ ਨਿਆਣਾ ਜਾ ਸਿਆਣਾ ਕਿਸੇ ਬੋਰਵੈਲ ਵਿੱਚ ਗਿਰ ਜਾਵੇ ਤਾਂ ਉਸਨੂੰ ਕੱਢਣ ਲਈ ਵੀ
ਸੇਨਾ ਹੀ ਬੁਲਾਈ ਜਾਂਦੀ ਹੈ। ਪਰ ਭਾਰਤੀ ਸੇਨਾ ਦੇ ਨੋਜਵਾਨ ਹਰ ਸੋਚ ਅਤੇ ਭੇਦਭਾਵ
ਤੋਂ ਪਰੇ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਂਦੇ ਹਨ। ਇਸਦਾ ਇੱਕ ਵੱਡਾ
ਉਦਾਹਰਣ ਕਸ਼ਮੀਰ ਵਿਖੇ ਸਾਮਣੇ ਆਇਆ ਹੈ ਜਿੱਥੇ ਆਮ ਦਿਨਾਂ ਵਿੱਚ ਸੇਨਾ ਨੂੰ ਕੁੱਝ
ਸਥਾਨਕ ਨਿਵਾਸੀਆਂ ਦੀ ਨਫ਼ਰਤ ਅਤੇ ਪੱਥਰਬਾਜੀ ਦਾ ਹੀ ਸਾਮਣਾ ਕਰਨਾ ਪਿਆ ਹੈ ਪਰ ਜੱਦ
ਉਸੇ ਕਸ਼ਮੀਰ ਤੇ ਕੁਦਰਤ ਦੀ ਮਾਰ ਪਈ ਤਾਂ ਉਹਨਾ ਪੱਥਰ ਸੁੱਟਣ ਵਾਲੇ ਹੱਥਾਂ ਨੂੰ
ਮਦਦ ਦਾ ਹੱਥ ਦੇਣ ਸੇਨਾ ਦੇ ਜਵਾਨ ਹੀ ਅੱਗੇ ਆਏ ਨਾ ਕੀ ਨਫ਼ਰਤ ਫੈਲਾਉਣ ਵਾਲੇ
ਜਿਹਾਦੀ। ਹੋਰ ਤਾਂ ਹੋਰ ਮੀਡੀਆ ਦੀ ਜਾਣਕਾਰੀ ਮੁਤਾਬਕ ਕਸ਼ਮੀਰ ਦੇ ਲੋਕਾਂ ਵਿੱਚ
ਭਾਰਤ ਪ੍ਰਤੀ ਨਫ਼ਰਤ ਦੇ ਭਾਂਬੜ ਮਚਾਉਣ ਵਾਲੇ ਯਾਸੀਨ ਮਲਿਕ ਨੂੰ ਵੀ ਹੜ ਵਿੱਚੋਂ
ਸੇਨਾ ਦੇ ਜਵਾਨਾਂ ਵਲੋਂ ਹੀ ਬਚਾਇਆ ਗਿਆ ਹੈ। ਇਸ ਮੁਸ਼ਕਲ ਘੜੀ ਵਿੱਚ ਜਿੱਥੇ ਦੇਸ਼
ਦਾ ਆਪਦਾ ਪ੍ਰਬੰਧਨ, ਪ੍ਰਦੇਸ਼ ਦੀ ਸਰਕਾਰ ਸਭ ਫੇਲ ਸਾਬਤ ਹੋਏ ਹਨ ਉਥੇ ਸੇਨਾ ਦੇ ਉਹ
ਜਵਾਨ ਵੀ ਜਿਹਨਾਂ ਦੇ ਆਪਣੇ ਪਰਿਵਾਰ ਵੀ ਕਿਧਰੇ ਹੜ ਵਿੱਚ ਹੀ ਫਸੇ ਸਨ ਆਪਣੇ
ਪਰਿਵਾਰਾਂ ਦੀ ਫਿਕਰ ਛੱਡ ਲੋਕਾਂ ਦੀਆਂ ਜਿੰਦਗੀਆਂ ਬਚਾ ਰਹੇ ਹਨ। ਕਈ ਜਗਾ ਸੇਨਾ
ਨੂੰ ਇਹਨਾਂ ਹਾਲਾਤਾਂ ਵਿੱਚ ਵੀ ਲੋਕਾਂ ਦੇ ਵਿਰੋਧ ਤੇ ਪੱਥਰਬਾਜੀ ਦਾ ਸਾਮਣਾ ਕਰਣਾ
ਪਿਆ ਹੈ ਪਰ ਹਰ ਨਫ਼ਰਤ ਅਤੇ ਰਾਜਨੀਤੀ ਦੀ ਸੋਚ ਤੋਂ ਪਰੇ ਸੇਨਾ ਲਗਾਤਾਰ ਹਜਾਰਾਂ
ਲੱਖਾਂ ਜਾਨਾਂ ਬਚਾਉਣ ਵਿੱਚ ਲੱਗੀ ਹੋਈ ਹੈ।
ਸਰਕਾਰ ਨੇ ਅਗਰ ਕੁਦਰਤੀ ਆਫਤਾਂਵਾਂ ਨੂੰ ਘਟਾਉਣਾ ਹੈ ਤਾਂ ਉਸ ਨੂੰ ਕੁਦਰਤੀ
ਆਫਤਾਂ ਕਿਊ ਆ ਰਹੀਆਂ ਹਨ ਇਸ ਉਪਰ ਢੁੰਗਾਈ ਨਾਲ ਵਿਚਾਰ ਕਰਕੇ ਯੋਜਨਾਵਾਂ ਬਣਾਉਣੀਆ
ਪੈਣਗੀਆਂ ਅਤੇ ਇਹਨਾਂ ਯੋਜਨਾਵਾਂ ਉਪਰ ਸਖਤੀ ਨਾਲ ਅਮਲ ਕਰਾਉਣਾ ਪਉਗਾ ਅਤੇ ਕੁਦਰਤੀ
ਆਫਤਾਂ ਨਾਲ ਨਿਬੜਨ ਲਈ ਤਿਆਰ ਆਪਦਾ ਪ੍ਰਬੰਧਨ ਨੂੰ ਮਜਬੂਤ ਕਰਨਾ ਪਵੇਗਾ ਤਾਂ ਜੋ
ਉਹ ਹਰ ਸਥਿਤੀ ਵਿੱਚ ਇਨਸਾਨੀ ਜਾਨ ਅਤੇ ਮਾਲ ਬਚਾਉਣ ਵਿੱਚ ਮਦਦਗਾਰ ਹੋ ਸਕੇ।
ਅਕੇਸ਼ ਕੁਮਾਰ
ਲੇਖਕ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426 |