ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਬੋਲੀ ਦੀ ਮੌਜੂਦਾ ਸਮੇਂ ਵਿੱਚ ਹੋ ਰਹੀ
ਦੁਰਦਸ਼ਾ ਬਾਰੇ ਬਹੁਤ ਸਾਰੀ ਚਿੰਤਾ ਪੜ੍ਹਨ ਸੁਣਨ ਨੂੰ ਮਿਲੀ ਤੇ ਮਿਲਦੀ ਰਹਿੰਦੀ
ਹੈ। ਵੱਖ ਵੱਖ ਮਾਹਿਰ ਚਿੰਤਕ ਆਪੋ ਆਪਣੀ ਸੂਝ, ਸਮਝ ਤੇ ਤਜਰਬੇ ਮੁਤਾਬਿਕ ਆਪੋ
ਆਪਣੇ ਵਿਚਾਰ ਪੇਸ਼ ਕਰਦੇ ਹਨ। ਜ਼ਾਹਰ ਹੈ ਕਿ ਹਰ ਸੁਹਿਰਦ ਇਨਸਾਨ ਨੂੰ ਆਪਣੀ ਬੋਲੀ
ਦੀ ਦੁਰਦਸ਼ਾ ਜਾਂ ਬੇਇਨਸਾਫੀ ਤੋਂ ਚਿੰਤਤ ਹੋਣਾ ਚਾਹੀਦਾ। ਜੇ ਇੱਕ ਸੁਚੇਤ ਵਿਅਕਤੀ
ਆਪਣੀ ਦਿੱਖ ਤੇ ਦਿਖਾਵੇ ਪ੍ਰਤੀ ਏਨਾ ਸੁਚੇਤ ਹੈ ਤਾਂ ਬੋਲੀ ਪ੍ਰਤੀ ਉਸਦਾ ਸੁਚੇਤ
ਹੋ ਜਾਣਾ ਵਾਜਵ ਤਾਂ ਹੈ ਪਰ ਹਰ ਇੱਕ ਲਈ ਜ਼ਰੂਰੀ ਵੀ ਨਹੀਂ।
ਸਭ ਤੋਂ ਪਹਿਲੀ ਗੱਲ ਜੋ ਦੇਖਣ, ਪੜ੍ਹਨ ਤੇ ਸੁਣਨ ਨੂੰ ਮਿਲਦੀ ਹੈ ਉਹ ਇਹ ਕਿ
ਬੋਲੀ ਦੇ ਮੋਹਤਬਾਰਾਂ ਵਲੋਂ ਵੀ ਪੰਜਾਬੀ ਭਾਸ਼ਾ ਦੀ ਸਹੀ ਵਰਤੋਂ ਪ੍ਰਤੀ ਅਣਗਹਿਲੀ
ਸਪਸ਼ਟ ਤੌਰ ਤੇ ਦਿਖਾਈ ਜਾ ਰਹੀ ਹੈ। ਪਰ ਜ਼ਰਾ ਧਿਆਨ ਕੇਂਦਰਤ ਕਰਕੇ ਦੇਖਿਆ ਜਾਵੇ
ਤਾਂ ਅਧੁਨਿਕ ਦੌਰ ਵਿੱਚ ਬਹੁਤੀ ਹੈਰਾਨੀ ਨਹੀਂ ਹੋਵੇਗੀ ਕਿ ਜ਼ਿਆਦਾਤਰ ਭਾਸ਼ਾ ਦੀ
ਦੁਰਵਰਤੋਂ ਇੰਟਰਨੈੱਟ ਤੇ ਹੋ ਰਹੀ ਹੈ। ਪਰ ਇੱਥੇ ਇਹ ਗੱਲ ਨਵੀਆਂ ਛਪ ਰਹੀਆਂ
ਕਿਤਾਬਾਂ ਦੇ ਸੰਦਰਭ ਵਿੱਚ ਪ੍ਰਕਾਸ਼ਕਾਂ ਨੂੰ ਅੱਖਾਂ ਮੀਟੀ ਕੀਤੀਆਂ ਜਾਣ ਵਾਲੀਆਂ
ਗ਼ਲਤੀਆਂ ਤੋਂ ਸਾਫ਼ ਬਰੀ ਨਹੀਂ ਕਰਦੀ। ਇੱਥੇ ਏਸ ਵੇਲੇ ਪੰਜਾਬੀ ਭਾਸ਼ਾ ਵਿੱਚ ਛਪ
ਰਹੀਆਂ ਕਿਤਾਬਾਂ ਤੇ ਰਸਾਲਿਆਂ ਦੀ ਗਿਣਤੀ ਜਾਂ ਨਾਵਾਂ ਦਾ ਜ਼ਿਕਰ ਕਰਨਾ ਬੇਲੋੜਾ
ਤਾਂ ਨਹੀਂ ਪਰ ਮੁਸ਼ਕਿਲ ਬਹੁਤ ਹੋਵੇਗਾ। ਇਹ ਕੰਮ ਪਾਠਕਾਂ ਦੇ ਜ਼ਿੰਮੇ ਛੱਡਿਆ ਜਾ
ਸਕਦਾ ਹੈ ਕਿ ਉਹ ਗ਼ਲਤੀਆਂ ਲੱਭ ਜਾਂ ਪਛਾਣ ਕੇ (ਸਿਰਫ਼ ਸ਼ਬਦ ਜੋੜਾਂ ਜਾਂ ਵਾਕ ਬਣਤਰ
ਬਾਰੇ ਹੀ) ਸਬੰਧਿਤ ਪ੍ਰਕਾਸ਼ਕ ਨੂੰ ਬੇਨਤੀ ਨਹੀਂ ਪਰ ਤਾੜਨਾ ਕਰਨ ਕਿ ਉਹ ਅੱਗੇ ਤੋਂ
ਇਸ ਗੱਲ ਤੋਂ ਜੇ ਸੁਚੇਤ ਨਾ ਹੋ ਸਕਣ ਤਾਂ ਬਾਜ਼ ਆ ਸਕਣ।
ਹੁਣ ਗੱਲ ਇੰਟਰਨੈੱਟ ਤੇ ਛਪਦੇ ਅਖ਼ਬਾਰਾਂ ਤੇ ਰਸਾਲਿਆਂ ਦੀ ਭਾਵ ਪੰਜਾਬੀ
(ਗੁਰਮਖੀ ਲਿੱਪੀ ਵਾਲੀਆਂ) ‘ਵੈੱਬ ਸਾਈਟਸ’ ਵੱਲ੍ਹ। ਇੱਥੇ ਨਾਮ ਦੇ ਪੰਜਾਬੀ ਰੂਪ
ਦੀ ਘਾਟ ਰੜਕਦੀ ਹੈ। ਦਰਅਸਲ ਇਹ ‘ਸਾਈਟਸ’ ਨਵੇਂ ਨਵੇਂ ਅਧੁਨਿਕ ‘ਰਕਰੂਟਾਂ’ ਨੇ
ਅਰੰਭੀਆਂ ਹਨ ਜਿਨ੍ਹਾਂ ਨੇ ਸ਼ਾਇਦ ਸਕੂਲ ਵਿੱਚ ਪੰਜਾਬੀ ਪੜ੍ਹੀ ਹੀ ਨਹੀਂ ਹੁੰਦੀ।
ਉਨ੍ਹਾਂ ਨੂੰ ਪੰਜਾਬੀ ਵਿਆਕਰਣ ਦਾ ਪਤਾ ਕੀ ਹੋਣਾ? ਸੋ ਏਹੋ ਵਜਾਹ ਹੈ ਕਿ ਪੰਜਾਬੀ
ਲਿਖਣ ਤੇ ਬੋਲਣ ਦੇ ਸਬੰਧ ਵਿੱਚ ਅਸਹਿ ਤੇ ਅਕਹਿ ਪੱਧਰ ਦੀ ਅਣਗਹਿਲੀ ਤੇ ਬੇਇਨਸਾਫੀ
ਹੋ ਰਹੀ ਹੈ। ਰੇਡੀਓ ਤੇ ਟੈਲੀਵੀਯਨ ਇਸਦੀ ਮੂੰਹ ਬੋਲਦੀ ਤਸਵੀਰ ਵਾਲ਼ੀ ਸੂਚੀ ਵਿੱਚ
ਸ਼ਾਮਲ ਹਨ। ‘ਪੰਜਾਬੀ ਭਾਸ਼ਾ ਵਿਚਾਰੀ ਕੀ ਕਰੇ?’ ਉਸਦੇ ਹੁਕਮਰਾਨ ਤਾਂ ਵਿਦੇਸ਼ੀ
ਤਰਜ਼ਾਂ ਦੇ ਧਾਰਨੀ ਅਤੇ ਤੌਰ ਤਰੀਕਿਆਂ ਦੇ ਸ਼ੁਕੀਨ ਹਨ। ਉਹ ਭਾਸ਼ਾ ਜਾਂ ਬੋਲੀ ਦੀ
ਮਿਠਾਸ ਕੀ ਜਾਨਣ ਜਿਨ੍ਹਾਂ ਕਦੇ ਕਮਾਦ ‘ਚੋਂ ਖ਼ੁਦ ਪਸੰਦ ਕਰਕੇ ਤੇ ਭੰਨਕੇ ਗੰਨਾ ਨਾ
ਚੂਪਿਆ ਹੋਵੇ ਜਾਂ ਫਿਰ ਗੰਡ ‘ਚ ਜੰਮਦੇ ਗੁੜ ਦਾ ਸਵਾਦ ਹੀ ਨਾ ਚੱਖਿਆ ਹੋਵੇ। ਪਰ
ਹੁਣ ਇਹ ਵੀ ਦੇਖਣ ਤੇ ਮਹਿਸੂਸ ਕਰਨ ਦੇ ਨਾਲ਼ ਨਾਲ਼ ਸਮਝਣ ਵਿੱਚ ਆਉਣ ਲੱਗ ਪਿਆ ਹੈ
ਕਿ ਜਿਨ੍ਹਾਂ ਚੱਖਿਆ ਵੀ ਸੀ ਉਹ ਵੀ ਹੁਣ ਖ਼ੁਦ ਨੂੰ ‘ਡਾਰਕ ਚੌਕਲੇਟ’ ਦੇ ਸ਼ੁਕੀਨ
ਦਰਸਾਉਣ ਲੱਗ ਪਏ ਲੱਗਦੇ ਹਨ। ਗੱਲ ਕੀ ਸਮੇਂ ਨਾਲ਼ ਰੁੱਤਾਂ ਤਾਂ ਕੀ ਸਭ ਕੁੱਝ ਦਾ
ਬਦਲ ਜਾਣਾ ਬਹੁਤ ਸਧਾਰਨ ਤੇ ਆਮ ਹੈ।
ਵਿਦੇਸ਼ਾਂ ਵਿੱਚ ਵੱਸਦੇ ਨਵੇਂ ਤੇ ਪੁਰਾਣੇ ਪੰਜਾਬੀ ਲੇਖਕਾਂ ਦੀਆਂ ਆਪਣੀਆਂ ਹੋਰ
ਵੀ ਬਹੁਤ ਮਜ਼ਬੂਰੀਆਂ ਹੋਣਗੀਆਂ। ਸਭ ਤੋਂ ਵੱਡੀ ਸ਼ਾਇਦ ਸਮੇਂ ਦੀ ਘਾਟ। ਬਹੁਤ ਲੋਕਾਂ
ਤੋਂ ਸੁਣਿਆ ਹੈ ਕਿ ਰੋਜ਼ ਰੋਜ਼ ਇਸ ਮੁਲਕ ਦੀ ਬੋਲੀ ਬੋਲਦਿਆਂ, ਸੁਣਦਿਆਂ, ਪੜ੍ਹਦਿਆਂ
ਹੁਣ ਇਸਦੇ ਹੀ ਬੋਲ ਜ਼ੁਬਾਨ ਤੇ ਚੜ੍ਹ ਗਏ ਹਨ। ਪਰ ਉਹਨਾਂ ਬਾਰੇ ਕੀ ਕਿਹਾ ਜਾਵੇ ਜੋ
ਪੰਜਾਬ ਤੋਂ ਹੀ ਲਿਖਣ ਪੜ੍ਹਨ ਦੀ ਗੁੜ੍ਹਤੀ ਲੈ ਕੇ ਆਏ ਹਨ ਜਾਂ ਉਹ ਪਿਛਲੇ ਤੀਹ
ਚਾਲ਼ੀ ਸਾਲਾਂ ਤੋਂ ਲਿਖਦੇ ਤੁਰੇ ਆ ਰਹਿਆਂ ਨੂੰ ਹੁਣ ਅਚਾਨਕ ਪੰਜਾਬੀ ਦੇ ਠੇਠ ਸ਼ਬਦ
ਭੁੱਲਦੇ ਜਾ ਰਹੇ ਹਨ। ਕੀ ਇਹ ਮੰਨਿਆ ਜਾ ਸਕਦਾ ਹੈ ਕਿ ਦੇਸ਼ ਬਦਲਣ ਨਾਲ਼ ਗੁੜ, ਅੰਬ
ਜਾਂ ਅਮਰੂਦ ਦੇ ਸਵਾਦ ਬਦਲ ਜਾਂਦੇ ਹਨ। ਜੇ ਇਹ ਬਦਲ ਸਕਦੇ ਹਨ ਤਾਂ ਨਵੇਂ ਦੌਰ ਦੇ
‘ਸਥਾਪਤ ਲੇਖਕਾਂ’ ਦੇ ਖ਼ਿਆਲ ਅਤੇ ਸ਼ਬਦ ਜਾਂ ਸ਼ਬਦ-ਜੋੜ ਵੀ ਬਦਲ ਸਕਦੇ ਹਨ!
… ਦੁੱਧ ਨੂੰ ਦੁੱਧ ਤੇ ਪਾਣੀ ਨੂੰ ਤਾਂ ਪਾਣੀ ਹੀ ਕਿਹਾ ਜਾਵੇਗਾ ਜਾਂ ਕੁੱਝ
ਹੋਰ ਵੀ?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਖੇਤਰ ਵਿੱਚ ਨਵੀਆਂ ਕਾਢਾਂ ਨੇ ਨਵੀਆਂ
ਸੋਚਾਂ, ਖ਼ਿਆਲਾਂ ਅਤੇ ਨਵੇਂ ਨਾਵਾਂ ਨੂੰ ਜਨਮ ਦੇਣਾ ਹੁੰਦਾ ਹੈ। ਹਰ ਨਵੀਂ ਚੀਜ਼ ਦਾ
ਨਾਮ ‘ਨਵਾਂ’ ਹੋਣਾ ਲਾਜ਼ਮੀ ਹੁੰਦਾ ਹੈ। ਪਰ ਤਾਂ ਵੀ ਇਹ ਜ਼ਰੂਰੀ ਨਹੀਂ ਕਿ ਹਰ ਕਾਢ
ਕਿਸੇ ‘ਅੰਗ੍ਰੇਜ਼’ ਨੇ ਹੀ ਕੱਢੀ ਹੋਵੇ। ਅਨੇਕਾਂ ਖੋਜਾਂ ਹਨ ਜੋ ਜਰਮਨ,
ਫ੍ਰਾਂਸੀਸੀ, ਪੁਰਤਗਾਲੀ, ਸਪੇਨੀ, ਅਤੇ ਇਤਾਲਵੀ ਖੋਜੀਆਂ ਵਲੋਂ ਖੋਜੀਆਂ ਗਈਆਂ। ਇਹ
ਤਾਂ ਭਾਸ਼ਾ ਦੀ ਹੀ ਜ਼ਿੰਮੇਵਾਰੀ ਹੈ ਕਿ ਉਹ ਖ਼ੁਦ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ
ਯੋਗ ਹੋਵੇ ਅਤੇ ਬਣਾਵੇ। ਆਪਣੇ ਸ਼ਬਦ ਕੋਸ਼ ਵਿੱਚ ਨਵੀਆਂ ਕਾਢਾਂ ਮੁਤਾਬਿਕ ਨਵੇਂ
ਸ਼ਬਦਾਂ ਨੂੰ ਨਵੀਂ ਖੋਜ ਦੇ ਤੌਰ ਤੇ ਦਰਜ ਅਤੇ ਪ੍ਰਵਾਨ ਕਰੇ ਅਤੇ ਆਪਣੇ ਲੋਕਾਂ
ਵਿੱਚ ਪ੍ਰਵਾਨ ਚੜ੍ਹਾਵੇ। ਹਰ ਵਕਤਾ, ਲੇਖਕ ਅਤੇ ਪਾਠਕ ਵੀ ਆਪਣੀ ਜ਼ਿੰਮੇਵਾਰੀ
ਸਮਝੇ। ਸਾਹਿਤ, ਭਾਸ਼ਾ ਦੀ ਛਾਂ ਹੇਠ ਆਪਣਾ ਕਾਰਜ ਆਪਣੇ ਆਪ ਕਰੇ।
|