WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਗੱਜਨ ਦੋਧੀ
ਰਵੇਲ ਸਿੰਘ ਇਟਲੀ

  
 

ਮੇਰੇ ਗੁਆਂਢ ਗੱਜਨ ਸਿੰਘ ਨਾਂ ਦਾ ਇਕ ਬੜਾ ਹੱਸ ਮੁਖਾ ਪਰ ਬੜਾ ਤੇਜ਼ ਤਰਾਟ ਦੋਧੀ ਹੈ, ਜੋ ਗੱਜਣ ਦੋਧੀ ਦੇ ਨਾਂ ਨਾਲ ਸਾਰੇ ਪਿੰਡ ਵਿੱਚ ਜਾਣਿਆ ਜਾਂਦਾ ਹੈ ਤੇ ਕਾਫੀ ਸਮੇਂ ਤੋਂ ਦੋਧੀ ਦਾ ਕੰਮ ਕਰਦਾ ਆ ਰਿਹਾ ਹੈ,  ਸੱਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਖਾਲਸ ਦੁੱਧ ਲੱਭਣਾ ਤਾਂ ਜਿਵੇਂ ਖੂਹ ਚੋਂ ਮੱਛੀਆਂ ਫੜਨ ਵਾਂਗ ਹੈ,  ਇੱਕ ਦਿਨ ਉਸ ਨੂੰ ਹਾਸੇ ਭਾਣੇ ਮੈਂ ਕਹਿ ਬੈਠਾ ਕਿ ਯਾਰ ਦੁੱਧ ਵਿਚ ਪਾਣੀ ਨਾ ਪਾਇਆ ਕਰ ਕਹਿਣ ਲੱਗਾ ਮਾਸਟਰ ਜੀ ਕੌਣ ਕਹਿੰਦਾ ਹੈ ਤੁਹਾਨੂੰ ਮੈਂ ਦੁੱਧ ਵਿੱਚ ਪਾਣੀ ਪਾਂਦਾ ਹਾਂ, ਮੈਂ ਤਾਂ ਪਾਣੀ ਵਿੱਚ ਦੁੱਧ ਪਾਉਂਦਾ ਹਾਂ, ਉਸ ਨੇ ਹੱਸਦੇ ਕਿਹਾ ਤੇ ਪਾਣੀ ਵਿੱਚ ਦੁੱਧ ਪਾਉਣ ਦਾ ਉਸ ਦਾ ਢੰਗ ਵੀ ਨਿਰਾਲਾ ਹੀ ਹੈ ਕਈ ਵਾਰ ਉਹ ਪਾਣੀ ਵਿੱਚ ਦੁੱਧ ਪਾਉਣ ਲਈ ਦੁੱਧ ਵਾਲੀ ਡੋਹਣੀ ਵਿੱਚ ਪਾਣੀ ਪਹਿਲਾਂ ਹੀ ਲੋੜ ਅਨੁਸਾਰ ਡੋਹਣੀ ਸਾਫ ਕਰਨ ਬਹਾਨੇ ਹੀ ਨਲਕੇ ਤੋਂ ਪਾ ਲੈਂਦਾ ਹੈ,  ਇੱਸੇ ਲਈ ਸਵੇਰੇ ਤੜਕਸਾਰ ਜੱਦ ਉਹ ਦੁੱਧ ਇਕੱਠਾ ਕਰਨ ਲਈ ਘਰ ਘਰ ਜਾਂਦਾ ਹੈ ਤਾਂ ਉਸ ਦੀ ਡੋਹਣੀ ਘੱਟ ਖੜਕਦੀ ਹੈ, ਇੱਸ ਦਾ ਕਾਰਣ ਪੁੱਛਣ ਤੇ ਉੱਸ ਨੇ ਕਿਹਾ ਕਿ ਮਾਸਟਰ ਜੀ ਸਵੇਰੇ ਅਮ੍ਰਿਤ ਵੇਲੇ ਡੋਹਣੀ ਦਾ ਖੜਾਕ ਚੰਗਾ ਨਹੀਂ ਲੱਗਦਾ ਗੁਰੂ ਘਰ ਬਾਬਾ ਪਾਠ ਕਰਦਾ ਹੈ ਪਰ ਇੱਸ ਦਾ ਅਸਲ ਕਾਰਣ ਤਾਂ ਕੁੱਝ ਹੋਰ ਹੀ ਹੈ ਜਿੱਸ ਨੂੰ ਉਹ ਚੰਗੀ ਤਰ੍ਹਾਂ ਆਪ ਜਾਣਦਾ ਹੈ, ਇੱਕ ਦਿਨ ਸਵੇਰੇ 2 ਮੂੰਹ ਹਨੇਰੇ ਉਸ ਨੇ ਕਈ ਵਾਰ ਮੀਂਹ ਵਰਦ੍ਹੇ ਵਿੱਚ ਖਾਲੀ ਡੋਹਣੀ ਵੇਹੜੇ ਵਿੱਚ ਇੱਸ ਕੰਮ ਲਈ ਰੱਖੀ ਹੋਈ ਸੀ ਪੁੱਛਣ ਤੇ ਕਹਿਣ ਲੱਗਾ ਅੱਜ ਇੰਦਰ ਦੇਵਤਾ ਹੀ ਮੇਹਰਬਾਨ ਹੋ ਕੇ ਸਾਡਾ ਕੰਮ ਸੁਆਰ ਰਿਹਾ ਹੈ, ਨਲਕੇ ਤੇ ਖੇਚਲ ਕਰਨ ਦੀ ਅੱਜ ਕੀ ਲੋੜ ਹੈ । ਕੁੱਝ ਦੁੱਧ ਉਹ ਸ਼ਾਮਾਂ ਵੇਲੇ ਵੀ ਕਈ ਘਰਾਂ ਤੋਂ ਲੈਣ ਜਾਂਦਾ ਹੈ, ਗੁੱਜਰਾਂ ਦੇ ਡੇਰੇ ਵੀ ਜਾਂਦਾ ਹੈ ਕਹਿੰਦੇ ਹੱਨ ਗੁੱਜਰਾਂ ਨੂੰ ਖਾਲਸ ਦੁੱਧ ਵੇਚਣ ਦੀ ਸਹੁੰ ਹੁੰਦੀ ਹੈ ਪਰ ਇੱਸ ਕੰਮ ਵਿੱਚ ਉਹ ਵੀ ਪਿੱਛੇ ਨਹੀਂ ਰਹਿੰਦਾ, ਉਹ ਵੀ ਇਹ ਸਹੁੰ ਉਹ ਜਾਂਦੀ ਵਾਰੀ ਨਹਿਰ ਦੇ ਸੂਏ ਕੋਲੋਂ ਲੰਘਦਾ ਪਹਿਲਾਂ ਹੀ ਡੋਹਣੀ ਵਿਚ ਨਹਿਰ ਦੇ ਸੂਏ ਦਾ ਸੰਘਣਾ ਪਾਣੀ ਡੋਹਣੀ ਵੱਚ ਪਾ ਕੇ ਪੂਰੀ ਕਰ ਲੈਂਦਾ ਹੈ, ਕੋਲੋਂ ਲੰਘਦਾ ਜੇ ਕੋਈ ਉਸ ਨੂੰ  ਪੁੱਛ ਹੀ ਲਵੇ ਤਾਂ ਉਹ ਕਹਿੰਦਾ ਕੁੱਝੀ ਨਹੀਂ ਭਾਊ ਮੈਂ ਤਾਂ ਜ਼ਰਾ ਡੋਹਣੀ ਸਾਫ ਕਰ ਰਿਹਾ ਸੀ, ਹੱਥ ਦੀ ਸਫਾਈ ਵਿੱਚ ਪੂਰਾ ਹੋਸਿ਼ਆਰ ਹੈ ਗੱਜਣ ਦੋਧੀ।

ਉਸ ਦੀ ਗੱਲ ਕਰਦੇ ਮੈਨੂੰ ਇਹ ਗੱਲ ਵੀ ਚੇਤੇ ਆਈ। ਪਿੰਡਾਂ ਵਿੱਚ ਕਈ ਘਰ ਜੋ ਚੰਗੀ ਕਿਰਸਾਣੀ ਵਾਲੇ ਹਨ ਉਹ ਵੀ ਹੁਣ ਘਰਾਂ ਵਿਚ ਲਵੇਰੇ ਸਾਂਭਣੇ ਇਕ ਭਾਰ ਜੇਹਾ ਮਹਿਸੂਸ ਕਰਦੇ ਹਨ, ਵਰਤਣ ਜੋਗਾ ਦੁੱਧ ਗੱਜਣ ਦੋਧੀ ਤੋਂ ਲੈਣ ਵਿੱਚ ਸੌਖ ਸਮਝਦੇ ਹੱਨ,  ਖੇਤੀ ਵੱਚ ਵੀ ਅੱਜ ਕੱਲ ਭਈਆਂ ਬਿਨ ਕਰਨੀ ਔਖੀ ਹੋ ਗਈ ਜਾਪਦੀ ਹੈ, ਗੁੱਜਰਾਂ ਨੇ ਬਾਹਰੋਂ ਆ ਕੇ ਪੱਕੇ ਘਰ ਬਨਾ ਲਏ ਹਨ ਮੋਟਰ ਸਈਕਲ ਝੂਟਦੇ ਹਨ, ਜਮੀਨਾਂ ਦੇ ਮਾਲਕ ਬਨੀ ਜਾ ਰਹੇ ਹਨ, ਵੋਟਾਂ ਵੀ ਇਨ੍ਹਾਂ ਦੀਆਂ ਬਣ ਗਈਆਂ ਹਨ, ਭਈਏ ਨਿਰੀ ਖੇਤੀ ਬਾੜੀ ਤੇ ਸਹਾਇਕ ਹੀ ਨਹੀਂ ਹੁਣ ਉਹ ਕਈ ਹੋਰ ਕੰਮ ਜਿਵੇਂ ਰੰਗ ਰੋਗਣ, ਇੱਟਾਂ ਲਾਉਣ ਦੇ ਕੰਮ,  ਚਿਪਸ ਦ ਕਾਰੀਗਰੀ ਤੇ ਹੋਰ ਕਈ ਤਰ੍ਹਾਂ ਦੇ ਕਾਰੀ ਗਰ ਵੀ ਬਣਦੇ ਜਾ ਰਹੇ ਹੱਨ, ਤੇ ਵੱਡੀਆਂ 2 ਕੋਠੀਆਂ ਉਸਾਰਨ ਦੇ ਢੋਗ ਬਨ ਚੁਕੇ ਹਨ ਤੇ ਇੱਸ ਕੰਮ ਦੇ ਠੇਕੇ ਦਾਰ ਵੀ ਕੁਹਾਣ ਲੱਗ ਪਏ ਹਨ ਪਰ ਦੂਜੇ ਪਾਸੇ ਇਹ ਵੀ ਪੰਜਾਬ ਦੀ ਤ੍ਰਾਸਦੀ ਹੈ ਕਿ ਇੱਸੇ ਰੰਗਲੇ ਤੇ ਮੇਹਣਤੀ ਪੰਜਾਬ ਦੇ ਲੋਕ ਅਪਨਾ ਪਿਆਰਾ ਪੰਜਾਬ ਛੱਡ ਕੇ ਇਹੀ ਕੰਮ ਵਿਦੇਸ਼ਾਂ ਵਿੱਚ ਕਰਦੇ ਹਨ ਕਈ ਖੇਤੀ ਮਜਦੂਰ ਹਨ ਸੂਰਾਂ ਗਈਆਂ, ਦੇ ਫਾਰਮਾਂ ਵਿੱਚ ਮਜਦੂਰੀ ਕਰਦੇ ਹਨ, ਫੇਕਟਰੀਆਂ ਵਿੱਚ ਮਸ਼ੀਨਾਂ ਨਾਲ ਦਿਨ ਰਾਤ ਮਸ਼ੀਨ ਬਨੇ ਰਹਿੰਦੇ ਹਨ ਜਿਨ੍ਹਾਂ ਦੇ ਬੁੱਢੇ ਮਾਪੇ ਉਨ੍ਹਾਂ ਵੱਲੋਂ ਪਿੱਛੇ ਬਨਾਈਆਂ ਗਈਆਂ ਮਹਿਲਾਂ ਵਰਗੀਆਂ ਕੋਠੀਆਂ ਵਿੱਚ ਇੱਕਲੇ ਬੈਠੇ ਕਾਂ ਉਡਾਂਦੇ ਉਨ੍ਹਾਂ ਨੂੰ ਵੇਖਣ ਲਈ ਤਰਸਦੇ ਹੱਨ,  ਪਰ ਇਹ ਵਿਦੇਸ਼ਾਂ ਵਿੱਚ ਅਪਨਾ ਚੰਗਾ ਭਵਿੱਖ ਬਨਾਉਣ ਲਈ ਹੀ ਇਥੋਂ ਦੇ ਸ਼ਹਿਰੀ ਬਨਣ ਦੀ ਹੋੜ ਵਿੱਚ ਲੱਗੇ ਹੋਏ ਹਨ ਤੇ ਕਈ ਬੇਰੁਗਜ਼ਰ ਹੁੰਦੇ ਹੋਏ ਵੀ ਪਿੱਛੇ ਮੁੜਨ ਨੂੰ ਅਪਨੀ ਹੇਠੀ ਸਮਝਦੇ ਹੱਨ। ਆਖਰ ਇੱਸ ਵਿਚ ਜਿ਼ਮੇਵਾਰ ਕੌਣ ਹੈ ਗੱਜਣ ਦੋਧੀ ਜਾਂ ਫਿਰ ਪੰਜਾਬ ਦਾ ਸਿਆਸੀ ਰਾਜ ਪਬ੍ਰੰਧ, ਜਿੱਸ ਨੇ ਪੰਜਾਬ ਵਿੱਚ ਬੇਰੁਜਗਾਰੀ, ਨਸਿ਼ਆਂ ਦੀ ਭਰਮਾਰ, ਕੁਰਸੀ ਵਾਦ ਭਾਈ ਭਤੀਜਾ ਵਾਦ ਤੇ ਬੇ ਰੁਜਗਾਰੀ ਨਾਲ ਹਰ ਪੱਖੋਂ ਪੰਜਾਬ ਦੇ ਮਾਣ ਸਤਿਕਾਰ ਤੇ ਕਾਲਾ ਪੋਚਾ ਫੇਰਿਆ ਹੈ। ਗੱਜਣ ਦੋਧੀ ਵੀ ਇੱਸੇ ਤਰ੍ਹਾਂ ਸੱਭ ਕੁਝ ਜਾਣਦਾ ਹੋਇਆ ਅਪਨਾ ਕੰਮ ਬੇ ਖੌਫ ਹੋ ਕੇ ਕਰੀ ਜਾ ਰਿਹਾ ਹੈ।

ਉਸ ਕੋਲ ਦੋ ਡੋਹਣੀਆਂ ਹਨ ਜਾਂਦੀ ਵਾਰੀ ਸਾਈਕਲ ਪਿੱਛੇ ਦੋਵੇਂ ਡੋਹਣੀਆਂ ਲਟਕਾਈ ਅਪਨਾ ਕੰਮ ਨਿਪਟਾਉਂਦਾ ਹੈ ਇੱਕ ਇੱਸੇ ਤਰ੍ਹਾਂ ਤਿਆਰ ਕੀਤੀ ਡੋਹਣੀ ਤੇ ਦੂਜੀ ਡੋਹਣੀ ਕੁੱਝ ਵਿਸ਼ਵਾਸ਼ ਵਾਲੇ ਘਰਾਂ ਤੋਂ ਇੱਕਠੇ ਕੀਤੇ ਗਏ ਦੁੱਧ ਦੀ ਤੇ ਅਪਨੇ ਘਰ ਦੀਆਂ ਲਵੇਰੀਆਂ ਦੇ ਦੁੱਧ ਵਾਲੀ ਹੁੰਦੀ ਹੈ ਇੱਕ ਡੋਹਣੀ ਉਹ ਸੱਭ ਤੋ ਪਹਿਲਾਂ ਕਰੀਮ ਕੱਢਣ ਵਾਲੀ ਦੁਕਾਨ ਤੇ ਲੈ ਕੇ ਜਾਂਦਾ ਹੈ, ਤੇ ਡੇਅਰੀ ਤੋਂ ਕ੍ਰੀਮ ਕਢਾ ਕੇ ਸਪ੍ਰੇਟਾ ਦੁੱਧ ਫਿਰ ਸ਼ਹਿਰ ਘਰ 2 ਜਾ ਕੇ ਦੁੱਧ ਵੇਚਦਾ ਹੈ, ਪੁੱਛਣ ਤੇ ਮੈਰੇ ਪੁੱਛਣ ਤੇ ਹੱਸਦਾ ਹੋਇਆ ਕਹਿੰਦਾ ਹੈ ਤੁਹਾਨੂੰ ਪਤਾ ਹੀ ਹੈ ਮਾਸਟਰ ਜੀ ਕਿ ਦਿਲ ਦੀਆਂ ਬੀਮਾਰੀਆਂ ਕਾਰਨ ਡਾਕਟਰ ਲੋਕ ਅੱਜ ਕੱਲ ਲੋਕਾਂ ਨੂੰ ਆਮ ਤੌਰ ਤੇ ਗਾੜ੍ਹਾ ਦੁੱਧ ਪੀਣ ਤੋਂ ਮਨਾ ਕਰਦੇ ਹਨ ਇਸ ਲਈ ਉਨ੍ਹਾਂ ਦੀ ਸੇਹਤ ਦਾ ਖਿਆਲ ਵੀ ਰੱਖਣਾ ਪੈਂਦਾ ਹੈ,  ਦੂਜੀ ਡੋਹਣੀ ਵਾਪਸੀ ਵੇਲੇ ਉਹ ਨਾਲ ਦੇ ਪਿੰਡ ਤੇ ਅਪਨੇ ਪਿੰਡ ਵਿੱਚ ਹੀ ਲਾਈਆਂ ਪੱਕੀਆਂ ਬਾਂਧਾਂ ਨੂੰ ਵੇਚਦਾ ਹੈ,  ਮੇਰਾ ਇੱਕ ਲੇਖਕ ਮਿਤ੍ਰ ਹੈ ਜਿੱਸਨੇ ਉਸ ਪਾਸੋਂ ਵੀ ਰੋਜ਼ ਦੁੱਧ ਦੀ ਬਾਂਧ ਲਾਈ ਹੋਈ ਸੀ ਇੱਕ ਦਿਨ ਉੱਸ ਨੂੰ ਕਹਿਣ ਲੱਗਾ ਕਿ ਯਾਰ ਬੇਸ਼ਕ ਮੇਰੇ ਕੋਲੋਂ ਤੋਂ ਰੁਪਿਆ ਰੇਟ ਵੱਧ ਲਾ ਲਿਆ ਕਰ ਪਰ ਦੁੱਧ ਮੈਨੂੰ ਖਾਲਸ ਦਿਆ ਕਰ ਦੋਧੀ ਦਾ ਜੁਆਬ ਸੀ ਕਿ ਤੁਸੀਂ ਰੁਪਿਆ ਕਿੱਲੋ ਪਿੱਛੇ ਬੇਸ਼ਕ ਮੈਨੂੰ ਘੱਟ ਦੇ ਦਿਆ ਕਰੋ ਪਰ ਦੁੱਧ ਤਾਂ ਐਸਾ ਹੀ ਮਿਲੇਗਾ। ਅਕਸਰ ਇੱਸ ਮਹਿੰਗਾਈ ਦੇ ਯੁੱਗ ਵਿੱਚ ਸਾਡੀਆਂ ਵੀ ਤਾਂ ਕਈ ਮਜਬੂਰੀਆਂ ਹੱਨ ।

ਇੱਕ ਦਿਨ ਗੱਲਾਂ 2 ਵਿੱਚ ਕਹਿਣ ਲੱਗਾ ਲੋਕਾਂ ਨੇ ਹੀ ਉਸ ਨੂੰ ਬਹੁਤ ਕੁਝ ਸਿਖਾਇਆ ਹੈ, ਉਸ ਨੇ ਇੱਕ ਵਾਰ ਦੀ ਇੱਕ ਮਾਈ ਦੀ ਗੱਲ ਸੁਨਾਈ ਜੋ ਉਸ ਦੇ ਪਿੰਡ ਦੀ ਹੀ ਹੈ, ਜੋ ਇੱਸ ਸਿਆਣੀ ਬਿਆਣੀ ਮਾਈ ਤੋਂ ਉਹ ਦੁੱਧ ਲੈਂਦਾ ਹੁੰਦਾ ਸੀ ਜੋ ਗੱਲਾਂ ਵੀ ਬੜੀਆਂ ਸਿਆਣੀਆਂ ਕਰਦੀ ਹੁੰਦੀ ਸੀ, ਪਰ ਕਾਫੀ ਦਿਨਾਂ ਤੋਂ ਉਹਂ ਵੇਖ ਰਿਹਾ ਸੀ ਕਿ ਉੱਸ ਦੀ ਮੱਝ ਦਾ ਦੁੱਧ ਬੜਾ ਪੱਤਲਾ ਹੁੰਦਾ ਸੀ ਜੋ ਹੋਰ ਪਾਣੀ ਪਾਉਣ ਯੋਗ ਨਹੀਂ ਸੀ ਹੁੰਦਾ, ਉਹ ਬੜੀ ਵਾਰ ਸੋਚਦਾ ਕਿ ਹੋ ਸਕਦਾ ਹੈ ਕਿ ਚੰਗੀ ਖੁਰਾਕ ਨਾ ਮਿਲਣ ਕਰਕੇ ਮੱਝ ਦਾ ਦੁੱਧ ਪਤਲਾ ਹੋਵੇ,  ਹਾਂਲਾਂ ਕਿ ਚੰਗਾ ਜਿ਼ਮੀਦਾਰ ਘਰ ਹੋਣ ਕਰਕੇ ਉਸ ਘਰ ਵਿੱਚ ਪੱਠੇ ਦੱਥੇ ਦੇ ਖੁਰਾਕ ਦੀ ਘਾਟ ਵੀ ਨਹੀਂ ਸੀ, ਮੈਂ ਕਾਫੀ ਦਿਨਾਂ ਮਾਈ ਦੇ ਇੱਸ ਰਹੱਸ ਦਾ ਪਤਾ ਲਾਉਣ ਲਈ ਉਹ ਸਰਗਰਮ ਰਿਹਾ ਪਰ ਉਸ ਨੇ ਮਾਈ ਨੂੰ ਇੱਸ ਬਾਰੇ ਨਾ ਦੱਸਿਆ, ਆਖਿਰ ਇੱਕ ਦਿਨ ਗੱਲ ਸਾਫ ਹੋ ਹੀ ਗਈ ਕਿ ਮਾਈ ਜਦੋ ਧਾਰ ਕੱਢਣ ਤੋਂ ਪਿਹਲਾਂ ਮੱਝ ਦੇ ਥਣ ਧੋਣ ਲਈ ਤਾਂ ਕਮੰਡਲ ਵਿੱਚ ਪਾਣੀ ਲਿਆਂਦੀ ਸੀ ਤਾਂ ਮੱਝ ਦੇ ਥਣ ਧੋ ਕੇ ਕੁਝ ਪਾਣੀ ਬਜਾਏ ਸੁੱਟਣ ਦੇ ਕਮੰਡਲ ਵਿੱਚ ਹੀ ਰੱਖ ਲੈਂਦੀ ਸੀ, ਵਾਹ ਗੁਰੂ ਕਹਿਕੇ ਮੱਝ ਦੀ ਧਾਰ ਕੱਢ ਕੇ ਕੁੱਝ ਅਪਨੇ ਲਈ ਰੱਖ ਕੇ ਬਾਕੀ ਮੇਨੂੰ ਦੇ ਦਿੰਦੀ। ਇੱਕ ਦਿਨ ਮੈਂ ਮਾਈ ਦੀ ਇਹ ਕਾਰਉਸਤਾਦੀ ਫੜੀ ਹੀ ਲਈ ਪਰ ਮੈਨੂੰ ਗੁੱਸਾ ਨਹੀਂ ਆਇਆ ਪਰ ਮੈਂ ਮਾਈ ਦੇ ਪੈਰੀਂ ਹੱਥ ਲਾਕੇ ਆਖਿਆ ਮਾਈ ਤੂੰ ਅੱਜ ਤੂੰ ਮੇਰੀ ਇੱਸ ਕੰਮ ਦੀ ਮੇਰੀ ਗੁਰੂ ਹੋਈ, ਧੰਨ ਹੈਂ ਤੂੰ ਤੇ ਧੰਨ ਤੇਰੀ ਹੁਸਿ਼ਆਰੀ, ਮਾਈ ਕਹਿੰਦੀ ਪੁੱਤ ਤੈਨੂੰ ਪਤਾ ਵਾ ਮਹਿੰਗਾਈ ਬੜੀ ਵਾ ਏਦਾਂ ਦੇ ਪਾਪੜ ਵੇਲੇ ਬਿਨਾਂ ਝੱਟ ਨਹੀਂ ਟੱਪਦਾ। ਹਰ ਬੰਦਾ ਕਿਸੇ ਨਾ ਕਿਸੇ ਕੋਲੋਂ ਕੁੱਝ ਨਾ ਕੁੱਝ ਚੰਗਾ ਮਾੜਾ ਸਿੱਖਦਾ ਹੈ, ਮਾਈ ਜਦੋਂ ਕਿਤੇ ਹੁਣ ਮਿਲਦੀ ਹੈ ਮੈਂ ਸ਼ਰਧਾ ਨਾਲ ਉਸ ਅੱਗੇ ਸਿਰ ਨਿਵਾ ਦੇਂਦਾ ਹਾਂ, ਆਖਿਰ ਬਜ਼ੁਰਗਾਂ ਦਾ ਸਤਿਕਾਰ ਕਰਨਾ ਤੇ ਅਸ਼ੀਰ ਵਾਦ ਲੈਣਾਂ ਵੀ ਤਾਂ ਜ਼ਰੂਰੀ ਹੁੰਦਾ ਹੈ ਨਾ ਇਹੋ ਜੇਹੇ ਕੰਮਾਂ ਵਿੱਚ ਉਹ ਬੜੇ ਮਖੌਲੀ ਜੇਹੇ ਲਹਿਜ਼ੇ ਵਿੱਚ ਗੱਲ ਕਰਦਾ। ਕਈ ਵਾਰ ਆਮ ਉਹ ਦੁੱਧ ਨੂੰ ਗਾੜ੍ਹਾ ਕਰਨ ਲਈ ਸੰਘਾੜੇ ਦਾ ਆਟਾ ਤੇ ਹੋਰ ਕਈ ਖੇਹ ਸੁਆਹ ਪਾਕੇ ਦੁੱਧ ਦੇ ਭੈੜੇ ਕਰੂਪ ਵਿੱਚ ਲੋਕਾਂ ਨੂੰ ਪਿਆਂਦਾ ਹੈ। ਹੁਣ ਗੁੱਜਰਾਂ ਦੇ ਡੇਰੇ ਵੀ ਉਸ ਦੀ ਮਦਦ ਲਈ ਪੰਜਾਬ ਵਿੱਚ ਪੱਕੇ ਡੇਰੇ ਲਾ ਕੇ ਉਸ ਦੇ ਕੰਮ ਵਿੱਚ ਉਸ ਦਾ ਹੱਥ ਵਟਾ ਰਹੇ ਹਨ, ਜਿਨ੍ਹਾਂ ਕੋਲੋਂ ਦੁੱਧ ਇੱਕਠਾ ਕਰਨ ਦਾ ਉਹ ਮੌਕਾ ਨਹੀ ਖੁੰਝਾਉਂਦਾ, ਬੜਾ ਹਿਮੰਤੀ ਤੇ ਚੁਸਤ ਚਲਾਕ ਹੈ ਸੱਜਨ ਸਿੰਘ ਦੋਧੀ ਜਿੱਸ ਦੇ ਇਹੋ ਜੇਹੇ ਨਾਂ ਦੇ ਹੀ ਦੁੱਧ ਦਾ ਸੈਂਪਲ ਹੁਣ ਤੱਕ ਸੇਹਤ ਵਿਭਾਗ ਲੈਣ ਤੋਂ ਅਸਫਲ ਰਿਹਾ ਹੈ, ਪਤਾ ਨਹੀ ਕੀ ਗਿੱਦੜ ਸਿੰਗੀ ਹੈ ਉਸ ਕੋਲ ਜਿੱਸ ਨਾਲ ਉਸ ਨੇ ਇੱਸ ਲੋਕਾਂ ਦੀ ਸੇਹਤ ਨਾਲ ਖਿਲਵਾੜ ਕਰਦੇ ਹੁਣ ਤੱਕ ਵਧੀਆ ਘਰ ਤੇ ਪੰਜ ਕਿੱਲੇ ਜ਼ਮੀਨ ਵੀ ਖਰੀਦ ਲਈ ਹੈ ਤੇ ਉਹ ਛਬੀਲ ਵਾਲੇ ਦਿਨ ਤੇ ਹੋਰ ਕਈ ਧਾਰਮਕ ਦਿਨਾਂ ਤੇ ਹਰ ਵਾਰ ਦੁੱਧ ਵੀ ਇੱਸੇ ਹੀ ਡੋਹਣੀ ਵਾਲੇ ਦੀ ਸੇਵਾ ਵੀ ਕਰਦਾ ਰਹਿੰਦਾ ਹੈ ।

ਮੈਂ ਪਿੱਛੇ ਪੰਜਾਬ ਗਿਆ ਚਾਹ ਲਈ ਕਈ ਲਵੇਰੇ ਵਾਲੇ ਘਰਾਂ ਨੂੰ ਪੁੱਛਿਆ ਪਰ ਕਿਸੇ ਹਾਂ ਨਹੀਂ ਕੀਤੀ ਅਖੇ ਜੀ ਅਸੀਂ ਤਾ ਦੋਧੀ ਨੂੰ ਪੱਕੀ ਬਾਂਧ ਲਾਈ ਹੋਈ ਬਾਕੀ ਬਚਦਾ ਦੁੱਧ ਤਾਂ ਘਰ ਵਿੱਚ ਮਸਾਂ ਹੀ ਪੂਰਾ ਹੁੰਦਾ ਹੈ ਹਾਰ ਕੇ ਦੋਧੀ ਕੋਲੋਂ ਹੀ ਲੈਣਾ ਪਿਆ। ਉਹ ਕਹਿੰਦੇ ਹਨ ਨਾ ਮਜਬੂਰੀ ਦਾ ਨਾਂ ਮਹਾਤਮਾ ਗਾਂਧੀ ਵਾਲੀ ਗੱਲ ਸੀ ਸਾਡੀ ਵੀ, ਸਾਡੀ ਚੰਗੀ ਕਿਸਮਤ ਨੂੰ ਸਾਡੇ ਗੁਆਂਢ ਪੰਡਤਾਂ ਦੀ ਨੋਂਹ ਹੈ ਜੋ ਬੜੇ ਹੀ ਨੇਕ ਸੁਭਾ ਵਾਲੀ ਔਰਤ ਹੈ। ਕੁੱਝ ਹੀ ਦਿਨਾਂ ਬਾਅਦ ਸਾਨੂੰ ਕਹਿਣ ਲੱਗੀ ਬਾਬਾ ਜੀ ਤੁਸੀਂ ਜਿਨੇ ਦਿਨ ਇੱਥੇ ਹੋ ਦੁੱਧ ਸਾਥੋਂ ਲੈ ਲਿਆ ਕਰੋ, ਭਲਾ ਹੋਵੇ ਵਿਚਾਰੀ ਦਾ ਐਸੇ ਲੋਕ ਘੱਟ ਹੀ ਅੱਜ ਦੇ ਜ਼ਮਾਨੇ ਵਿੱਚ ਹੀ ਮਿਲਦੇ ਹੱਨ ਜੋ ਔਖੇ ਵੇਲੇ ਕਿਸੇ ਦੇ ਕੰਮ ਆਉਣ ।

ਇੱਕ ਦਿਨ ਗੱਜਣ ਦੋਧੀ ਕੰਮ ਤੋਂ ਵਾਪਸੀ ਤੇ ਅਚਾਣਕ ਮਿਲ ਪਿਆ ਤੇ ਗੱਲਾਂ ਗੱਲਾਂ ਵਿੱਚ ਕਹਿਣ ਲੱਗਾ ਮਾਸਟਰ ਜੀ,  ਪੰਜਾਬ ਵਿੱਚ ਜਿੱਥੇ ਇਮਤਹਾਨਾਂ ਵਿੱਚ ਨਕਲ ਕਰਨ ਦੀ ਜਾਂ ਨਕਲ ਮਾਰਨੀ ਦੀ ਆਦਤ ਇਕ ਕੋਹੜ ਵਾਂਗ ਲੋਕਾਂ ਨੂੰ ਚੰਬੜ ਚੁਕੀ ਹੈ ਅਤੇ ਨਕਲੀ ਸ਼ਰਾਬ ਪੀਣ ਨਾਲ ਅਣਿਆਈਆਂ ਮੌਤਾਂ ਲੋਕ ਮਰਦੇ ਹਨ,  ਨਕਲੀ ਦੁਆਈਆਂ, ਨਕਲੀ ਡਾਕਟਰ, ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ। ਨਕਲੀ ਅਫਸਰ ਬਣਕੇ ਠੱਗੀਆਂ ਮਾਰ ਰਹੇ ਹਨ। ਨਕਲੀ ਡਿਗਰੀਆਂ ਸਰਟੀਫੀਕੇਟ ਪੈਸਿਆਂ ਨਾਲ ਖਰੀਦੇ ਜਾ ਰਹੇ ਹਨ। ਨਕਲੀ ਖਾਦਾਂ ਕਰਕੇ ਖੇਤੀ ਤਬਾਹ ਹੋ ਰਹੀ ਹੈ। ਨਕਲੀ ਮਠਿਆਈਆਂ ਲੋਕਾਂ ਦੀ ਸੇਹਤ ਨਾਲ ਖਿਲਵਾੜ ਕਰ ਰਹੀਆਂ ਹਨ। ਗੱਲ ਕੀ ਹਰ ਚੀਜ਼ ਵਿੱਚ ਚਿੱਟੇ ਦਿਨ ਮਿਲਾਵਟਾਂ ਹੋ ਰਹੀਆਂ ਹੱਨ। ਜੇ ਅਸੀਂ ਪਾਣੀ ਵਿਚ ਦੁੱਧ ਪਾ ਕੇ ਪਤਲਾ ਕਰਕੇ ਜਾਂ ਸਪ੍ਰੇਟਾ ਬਨਾ ਕੇ ਦੁੱਧ ਵੇਚ ਲਿਆ ਤਾਂ ਕੇਹੜੀ ਆਖਰ ਆ ਗਈ ਇੱਸ ਨਾਲ ਕੇਹੜੇ ਲੋਕ ਮਰਦੇ ਹਨ ਸਗੋਂ ਦਿਲ ਦੀਆਂ ਬੀਮਾਰੀਆਂ ਤੋਂ ਬੱਚਦੇ ਹੱਨ, ਤੇ ਨਾਲੇ ਮੈਂ ਕੇਹੜਾ ਨਕਲੀ ਦੁੱਧ ਵੇਚਦਾ ਹਾਂ, ਜਾਂ ਯੂਰੀਏ ਤੋਂ ਨਕਲੀ ਦੁਧ ਬਨਾ ਕੇ ਲੋਕਾਂ ਦਾ ਜਾਨੀ ਨੁਕਸਾਨ ਕਰਦਾ ਹਾਂ। ਅਸੀਂ ਤਾਂ ਬੱਸ ਸੇਵਾ ਕਰਦੇ ਆਂ ਜੀ ਸੇਵਾ ਤੇ ਨਾਲ ਅਪਨਾ ਟੱਬਰ ਵੀ ਪਾਲਣਾ ਅਸੀਂ ਭੁੱਲਦੇ ਨਹੀਂ। ਇੱਕ ਦਿਨ ਮੈਂ ਉਸ ਨੂੰ ਹੱਸਦਿਆ ਕਿਹਾ ਕਿ ਸਾਰੀ ਉਮਰ ਦੁੱਧ ਢੋ ਕੇ ਹੀ ਮਰੀ ਜਾਨੈਂ ਕਦੀ ਕਿਤੇ ਬਾਹਰ ਅਮਰੀਕਾ ਮਰੂਕਾ ਜਾਣ ਬਾਰੇ ਵੀ ਸੋਚਿਆ ਹੈ ਤੇ ਉਹ ਤੜਾਕ ਕਰਦਾ ਬੋਲਿਆ ਮਾਸਟਰ ਮੇਰੀਆਂ ਇਹ ਦੋਵੇਂ ਡੋਹਣੀਆਂ ਹੀ ਮੇਰੇ ਲਈ ਅਮ੍ਰੀਕਾ ਹਨ,  ਮੈਂ ਇੱਥੇ ਰਹਿ ਕੇ ਹੀ ਠੀਕ ਹਾਂ ਭਰਾਵਾ।

ਮੈਂ ਗੱਜਨ ਦੋਧੀ ਦੀ ਇੱਸ ਸੋਚ ਤੇ ਜਿੱਸ ਨੂੰ ਇਹੋ ਜੇਹੇ ਦੁੱਧ ਵਾਲੀਆਂ ਦੋ ਡੋਹਣੀਆਂ ਤੇ ਮਾਣ ਸੀ, ਮੈਨੂੰ ਉਸ ਦੀ ਇੱਸ ਸੋਚ ਤੇ ਹੈਰਾਨਗੀ ਵੀ ਹੋ ਰਹੀ ਸੀ ਤੇ ਨਾਲੇ ਅਫਸੋਸ ਵੀ,  ਤੇ ਅੱਖਾਂ ਬੰਦ ਕੀਤੀ ਜਦ ਮੈਂ ਸੋਚ ਦੀ ਚੁੱਪ ਵਿੱਚ ਗੁਆਚਿਆ ਹੋਇਆਂ ਸੀ ਤਾਂ ਮੇਰੀ ਬੰਦ ਅੱਖਾਂ ਅੱਗੇ ਅਨੇਕਾਂ ਭਿਬੰਰ ਤਾਰਿਆਂ ਵਿੱਚ ਗੱਜਨ ਦੋਧੀ ਵਰਗੇ ਦੋਧੀਆਂ ਦੀਆਂ ਡੋਹਣੀਆਂ ਅਨੇਕਾਂ ਰੂਪਾਂ ਵਿੱਚ ਤਿਰਮਰਾ ਰਹੀਆਂ ਸੱਨ ।

ਏਨੇ ਨੂੰ ਅਚਾਣਕ ਗੱਜਨ ਦੋਧੀ ਦੀ ਆਵਾਜ਼ ਮੇਰੇ ਕੰਨਾ ਵਿੱਚ ਪਈ, ਮਾਸਟਰ ਜੀ ਦੁੱਧ ਲੈ ਲਓ ਜੇ ਚਾਹੀਦਾ ਹੋਵੇ ਤਾਂ,  ਅੱਜ ਕੁੱਝ ਬੱਚ ਗਿਆ ਸੀ,  ਮੈਂ ਉੱਸ ਨੂੰ ਮੇਹਰ ਬਾਨੀ ਕਹਿਕੇ ਅੱਜ ਗੁਆਂਢ ਦੀ ਲੱਗੀ ਬਾਂਧ ਵਾਲੇ ਘਰੋਂ ਕਿਸੇ ਕਾਰਣ ਦੁੱਧ ਨਾ ਮਿਲਣ ਤੇ ਬਿਨਾਂ ਦੁਧ ਤੋਂ ਹੀ ਨਿੰਬੂ ਵਾਲੀ ਚਾਹ ਪੀਣ ਲਈ ਅਪਨੇ ਆਪ ਨਾਲ ਸਮਝੋਤਾ ਕਰ ਲਿਆ ਸੀ ।

28/05/2014

 
  ਗੱਜਨ ਦੋਧੀ
ਰਵੇਲ ਸਿੰਘ ਇਟਲੀ
ਸੇਵਾਮੁਕਤੀ ਤੇ ਵਿਸ਼ੇਸ਼
ਭਰਿਸ਼ਟ ਸਿਆਸੀ ਨਿਜ਼ਾਮ ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ
ਉਜਾਗਰ ਸਿੰਘ, ਪੰਜਾਬ
ਭਾਸ਼ਾ ਦੀਆਂ ਮੁਸ਼ਕਲਾਂ ਤੇ ਲੇਖਕ
ਸ਼ਿੰਦਰ, ਯੂ ਕੇ
ਮਾਂ-ਦਿਵਸ 'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ
ਫ਼ਿਲਮਸਾਜ਼ ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਭਾਰਤ ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ
ਮੇਰੇ ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਗੁਰੂਆਂ ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ
ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ
ਖੁਸ਼ਵੰਤ ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
ਸਿਆਸੀ ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਓਲੰਪਿਕ ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ
‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਇੰਗਲੈਂਡ ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com