ਪੰਜਾਬ ਦੀਆਂ ਸਿਆਸੀ ਪਾਰਟੀਆਂ ਸਾਲ 2013 ਵਿੱਚ ਬਹੁਤੀਆਂ ਸਰਗਰਮ ਨਹੀਂ
ਰਹੀਆਂ। ਇਸ ਲਈ ਪਿਛਲੇ ਇੱਕ ਸਾਲ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਬਹੁਤੀ ਸਾਰਥਕ ਨਹੀਂ ਰਹੀ। ਰਾਜ ਕਰ ਰਹੀਆਂ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ
ਪਾਰਟੀਆਂ ਤਾਂ ਆਪਣੀ ਸਰਕਾਰ ਦੀਆਂ ਰਹਿਮਤਾਂ ਦਾ ਆਨੰਦ ਹੀ ਮਾਣਦੀਆਂ ਰਹੀਆਂ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮਾਰਚ 2013 ਵਿੱਚ ਨਵੇਂ ਪ੍ਰਧਾਨ ਪਰਤਾਪ ਸਿੰਘ
ਬਾਜਵਾ ਦੇ ਬਣਨ ਨਾਲ ਹਿਲ ਜੁਲ ਸ਼ੁਰੂ ਹੋ ਗਈ ਸੀ ਪ੍ਰੰਤੂ ਉਸਨੂੰ ਵੀ ਕੈਪਟਨ
ਅਮਰਿੰਦਰ ਸਿੰਘ ਦੇ ਕਾਂਗਰਸ ਵਰਕਿੰਗ ਕਮੇਟੀ ਦੇ ਸਥਾਈ ਆਮੰਤ੍ਰਿਤ ਮੈਂਬਰ ਬਣਨ ਨਾਲ
ਗ੍ਰਹਿਣ ਜਿਹਾ ਹੀ ਲੱਗ ਗਿਆ ਸੀ। 9 ਮਹੀਨੇ ਬੀਤ ਜਾਣ ਤੋਂ ਬਾਅਦ ਹੀ ਪਰਤਾਪ ਸਿੰਘ
ਬਾਜਵਾ ਆਪਣੀ ਨਵੀਂ ਜੁੰਬੋ ਕਾਰਜਕਾਰਨੀ ਸੂਚੀ ਬਣਾ ਸਕਿਆ। ਪ੍ਰੰਤੂ ਇਸ ਸੂਚੀ ਨੇ
ਵੀ ਪਾਰਟੀ ਵਿੱਚ ਅਸੰਤੁਸ਼ਟਤਾ ਦਾ ਭੁਚਾਲ ਹੀ ਲੈ ਆਂਦਾ।
ਸ਼ਰੋਮਣੀ ਅਕਾਲੀ ਦਲ ਦਾ ਪਾਰਟੀ ਦੇ ਤੌਰ ਤੇ ਬਹੁਤਾ ਕੰਮ ਤਾਂ ਪਾਰਟੀ ਦੇ
ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ.
ਸੁਖਬੀਰ ਸਿੰਘ ਬਾਦਲ ਤੇ ਹੀ ਨਿਰਭਰ ਕਰਦਾ ਹੈ। ਉਹਨਾਂ ਦੇ ਬਣਾਏ ਹੋਏ ਇੱਕਾ ਦੁੱਕਾ
ਪ੍ਰੋਗਰਾਮਾਂ ਨੂੰ ਹੀ ਪਾਰਟੀ ਅਮਲੀ ਰੂਪ ਦਿੰਦੀ ਹੈ। ਅਸਲ ਵਿੱਚ ਸੁਖਬੀਰ ਸਿੰਘ
ਬਾਦਲ ਹੀ ਅਕਾਲੀ ਦਲ ਹੈ। ਬਾਕੀ ਪਾਰਟੀ ਦੇ ਸੀਨੀਅਰ ਨੇਤਾ ਤਾ ਚੁੱਪ ਚਾਪ ਹੀ ਬੈਠੇ
ਹਨ। ਪਿਛਲੇ ਸਾਲ ਅਕਾਲੀ ਦਲ ਦੀ ਮੁੱਖ ਸਰਗਰਮੀ ਕਾਂਗਰਸ ਵਿੱਚੋਂ ਨੇਤਾਵਾਂ ਨੂੰ
ਤੋੜਕੇ ਅਕਾਲੀ ਦਲ ਵਿੱਚ ਸ਼ਾਮਲ ਕਰਨਾ ਹੀ ਰਿਹਾ ਹੈ। ਜੋਗਿੰਦਰਪਾਲ ਜੈਨ ਮੋਗਾ
ਵਿਧਾਨਕਾਰ, ਦੀਪਇੰਦਰ ਸਿੰਘ ਢਿਲੋਂ,
ਮੰਗਤ ਰਾਮ ਬਾਂਸਲ ਅਤੇ ਅਵਤਾਰ ਸਿੰਘ ਬਰਾੜ ਫਰੀਦਕੋਟ ਵਰਨਣਯੋਗ ਹਨ। ਜੈਨ
ਨੂੰ ਦੁਆਰਾ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਾਕੇ ਜਿੱਤਾਉਣਾ ਵੀ ਵੱਡੀ ਪ੍ਰਾਪਤੀ
ਹੈ। ਜੁਲਾਈ ਵਿੱਚ ਬਲਾਕ ਸੰਮਤੀਆਂ, ਜਿਲਾਂ
ਪ੍ਰੀਸ਼ਦਾਂ ਅਤੇ ਬਾਅਦ ਵਿੱਚ ਪੰਚਾਇਤਾਂ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਜਿੱਤਾਂ
ਪ੍ਰਾਪਤ ਕਰਕੇ ਸਰਕਾਰੀ ਧੌਂਸ ਦਾ ਭਾਵੇਂ ਪ੍ਰਗਟਾਵਾ ਕੀਤਾ ਹੈ ਪ੍ਰੰਤੂ ਉਹਨਾਂ ਦੇ
ਵਰਕਰਾਂ ਨੂੰ ਹੇਠਲੇ ਪੱਧਰ ਤੇ ਸਰਗਰਮ ਕਰਨ ਵਿੱਚ ਉਹ ਸਫਲ ਰਹੇ ਹਨ। ਇਸੇ ਤਰਾਂ
ਜਨਵਰੀ ਦੇ ਮਹੀਨੇ ਹੀ ਦਿੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ
ਵਿੱਚ ਵੀ ਅਕਾਲੀ ਦਲ ਦੇ ਪੰਜਾਬ ਤੋਂ ਸਾਰੇ ਵਰਕਰ ਤੇ ਨੇਤਾ ਸਰਗਰਮੀ ਨਾਲ ਹਿੱਸਾ
ਲੈ ਕੇ ਪਰਮਜੀਤ ਸਿੰਘ ਸਰਨਾ ਦੇ ਕਿਲੇ ਤੇ ਕਬਜ਼ਾ ਕਰਕੇ ਦਿੱਲੀ ਵਿੱਚ ਵੀ ਆਪਣੀ
ਹੋਂਦ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਬਾਅਦ ਦਸੰਬਰ ਵਿੱਚ ਦਿੱਲੀ ਵਿਧਾਨ ਸਭਾ
ਦੀਆਂ ਚਾਰ ਸੀਟਾਂ ਤੋਂ ਅਕਾਲੀ ਦਲ ਨੇ ਚੋਣ ਲੜੀ ਅਤੇ ਤਿੰਨ ਸੀਟਾਂ ਜਿੱਤਕੇ ਵੀ
ਮਾਹਰਕਾ ਮਾਰਿਆ ਹੈ। ਸਰਕਾਰ ਚਲਾਉਣ ਵਾਲੀਆਂ ਪਾਰਟੀਆਂ ਤਾਂ ਬਹੁਤੀਆਂ ਸਰਕਾਰ ਦੀਆਂ
ਸਫਲਤਾਵਾਂ ਤੇ ਹੀ ਨਿਰਭਰ ਹੁੰਦੀਆਂ ਹਨ ਕਿਉਂਕਿ ਉਹਨਾਂ ਤਾਂ ਸਰਕਾਰ ਦੇ ਹੀ ਸੋਹਲੇ
ਗਾਉਣੇ ਹੁੰਦੇ ਹਨ, ਸਰਕਾਰ ਦੇ ਕੰਮਾਂ ਦੀ
ਨੁਕਤਾਚੀਨੀ ਕਰਨੀ ਤਾਂ ਪਾਰਟੀ ਦੇ ਅਨੁਸ਼ਾਸ਼ਨ ਦੇ ਖਿਲਾਫ ਹੁੰਦੀ ਹੈ।
ਪੰਜਾਬ ਦੀ ਕਿਸੇ ਵੀ ਪਾਰਟੀ ਨੇ ਪੰਜਾਬ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ
ਕੋਈ ਉਪਰਾਲਾ ਹੀ ਨਹੀਂ ਕੀਤਾ। ਸਿਰਫ ਕਾਂਗਰਸ ਪਾਰਟੀ ਨੇ ਹੀ ਨਵੇਂ ਪ੍ਰਧਾਨ ਬਣਨ
ਤੋਂ ਬਾਅਦ ਦੋ ਵਾਰ ਪਾਰਟੀ ਦੀਆਂ ਮਾਸ ਕੰਟੈਕਟ ਦੀਆਂ ਵਿਸ਼ੇਸ਼ ਮੁਹਿੰਮਾਂ ਦੌਰਾਨ 48
ਵਿਧਾਨ ਸਭਾ ਦੇ ਹਲਕਿਆਂ ਵਿੱਚ ਕਾਨਫਰੰਸਾਂ ਕੀਤੀਆਂ ਹਨ, ਜਿਹੜੀਆਂ ਸਫਲ ਵੀ ਰਹੀਆਂ
ਹਨ। ਤੀਜੇ ਪੜਾਅ ਦੀਆਂ ਮੀਟਿੰਗਾਂ ਹੁਣ ਚਲ ਰਹੀਆਂ ਹਨ, ਹਰ ਵਿਧਾਨ ਸਭਾ ਦੇ ਹਲਕੇ
ਵਿੱਚ ਤਿੰਨ -ਤਿੰਨ ਮੀਟਿੰਗਾਂ ਕਰਨ ਦੀ ਤਜਵੀਜ ਹੈ। ਇਹਨਾਂ ਮੀਟਿੰਗਾਂ ਨਾਲ ਪਾਰਟੀ
ਦੇ ਵਰਕਰਾਂ ਦੇ ਹੌਸਲੇ ਬੁਲੰਦ ਵੀ ਹੋਏ ਹਨ। ਕਾਂਗਰਸ ਪਾਰਟੀ ਨੂੰ ਸਰਕਾਰ ਨੇ
ਮੁੱਦੇ ਤਾਂ ਬੜੇ ਦਿੱਤੇ ਹਨ ਪ੍ਰੰਤੂ ਪਾਰਟੀ ਨੇ ਪ੍ਰਾਪਰਟੀ ਟੈਕਸ,
ਨਸ਼ਿਆਂ ਅਤੇ ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਰਾਈਜ਼ ਕਰਨ ਲਈ ਲਗਾਏ ਟੈਕਸ
ਦੇ ਵਿਰੁਧ ਧਰਨੇ ਲਾ ਕੇ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕੀਤਾ ਹੈ ਅਤੇ ਸਰਕਾਰ ਦੇ
ਕੱਚੇ ਚਿੱਠੇ ਖੋਹਲੇ ਹਨ। ਕਾਂਗਰਸ ਅਤੇ ਅਕਾਲੀ ਦਲ ਤਾਂ ਇਤਿਹਾਸਕ ਅਤੇ ਪਵਿਤਰ
ਮੌਕਿਆਂ ਤੇ ਆਉਣ ਵਾਲੇ ਤਿਉਹਾਰਾਂ ਅਤੇ ਮੇਲਿਆਂ ਤੇ ਜਦੋਂ ਪ੍ਰੋਗਰਾਮ ਆਯੋਜਤ ਕਰਨੇ
ਹੁੰਦੇ ਹਨ ਤਾਂ ਹੀ ਉਸ ਇਲਾਕੇ ਦੇ ਨੇਤਾਵਾਂ ਤੇ ਵਰਕਰਾਂ ਦੀਆਂ ਮੀਟਿੰਗਾਂ ਕਰਦੇ
ਹਨ। ਬੀ.ਜੇ.ਪੀ. ਤਾਂ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਦੇ ਤੌਰ ਤੇ ਕੰਮ ਕਰਦੀ ਹੈ
ਅਤੇ ਅਜੇਹੀਆਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੀ ਹੈ। ਆਪਣੇ ਤੌਰ ਤੇ ਬੀ.ਜੇ.ਪੀ.ਤਾਂ
ਸਰਕਾਰ ਦੀਆਂ ਸਹੂਲਤਾਂ ਦਾ ਆਨੰਦ ਮਾਨਣ ਵਿੱਚ ਮਸ਼ਰੂਫ ਹੈ। ਆਰ. ਐਸ.ਐਸ. ਜੋ
ਬੀ.ਜੇ.ਪੀ. ਦਾ ਅਸਲ ਕੇਡਰ ਹੈ ,ਉਹ ਆਪਣੀਆਂ ਸ਼ਾਖ਼ਾਵਾਂ ਲਗਾ ਰਹੀ ਹੈ। ਬੀ.ਜੇ.ਪੀ.
ਦੇ ਬੀਬੀ ਲਕਸ਼ਮੀ ਕਾਂਤਾ ਚਾਵਲਾ ਅਤੇ ਬਲਰਾਮਜੀ ਦਾਸ ਟੰਡਨ ਕਦੇ ਕਦੇ ਸਰਕਾਰ ਦੀ
ਕਾਰਗੁਜ਼ਾਰੀ ਦੀ ਆਲੋਚਨਾ ਕਰ ਦਿੰਦੇ ਹਨ। ਅੰਮ੍ਰਿਤਸਰ ਤੋਂ ਬੀ.ਜੇ.ਪੀ.ਦੇ ਸੰਸਦ
ਮੈਂਬਰ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਡਾ.
ਨਵਜੋਤ ਕੌਰ ਸਿੱਧੂ ਮੁੱਖ ਸੰਸਦੀ ਸਕੱਤਰ ਵੀ ਸਰਕਾਰ ਨੂੰ ਆੜੇ ਹੱਥੀਂ ਲੈਣ
ਦਾ ਕੋਈ ਮੌਕਾ ਨਹੀਂ ਖੁੰਝਾਉਂਦੇ। ਬੀ.ਜੇ.ਪੀ.
ਵਰਗੀ ਕੇਡਰ ਪਾਰਟੀ ਵੀ ਅਨੁਸ਼ਾਸ਼ਨ ਦੀ ਪ੍ਰਵਾਹ ਨਹੀਂ ਕਰਦੀ।
ਅਜੇ ਮਨਪ੍ਰੀਤ ਬਾਦਲ ਦੀ ਪਾਰਟੀ ਥੋੜਾ ਬਹੁਤਾ ਕੰਮ ਕਰਦੀ ਨਜ਼ਰ ਆ ਰਹੀ ਹੈ। ਇਹ
ਪਾਰਟੀ ਵੀ ਸਮੁਚੇ ਤੌਰ ਤੇ ਮਨਪ੍ਰੀਤ ਬਾਦਲ ਅਤੇ ਭਗਵੰਤ ਮਾਨ ਤੇ ਹੀ ਨਿਰਭਰ ਕਰਦੀ
ਹੈ, ਇਹਨਾਂ ਦਾ ਹੋਰ ਕੋਈ ਕ੍ਰਿਸ਼ਮਈ ਨੇਤਾ ਨਹੀਂ
ਹੈ। ਭਗਵੰਤ ਮਾਨ ਵੀ ਹੁਣ ਫਿਰ ਦੁਬਾਰਾ ਆਪਣੇ ਕਲਾਕਾਰੀ ਦੇ ਪ੍ਰੋਫੈਸ਼ਨਲ ਕੰਮ ਵਿੱਚ
ਆਪਣੀਆਂ ਕੈਸਟਾਂ ਕੱਢਣ ਵਿੱਚ ਰੁੱਝ ਗਿਆ ਹੈ। ਬਹੁਜਨ ਸਮਾਜ ਪਾਰਟੀ ਵੀ ਕਰੀਮਪੁਰੀ
ਦੇ ਪ੍ਰਧਾਨਗੀ ਤੋਂ ਹੱਟਣ ਤੋਂ ਬਾਅਦ ਨਿਸਲ ਜਹੀ ਹੋਈ ਪਈ ਹੈ ਤੇ ਆਪਸੀ ਫੁੱਟ ਦਾ
ਸ਼ਿਕਾਰ ਹੈ ਪ੍ਰੰਤੂ ਉਸਦਾ ਪੰਜਾਬ ਮਾਮਲਿਆਂ ਦਾ ਇਨਚਾਰਜ ਨਰਿੰਦਰ ਕੈਸ਼ਯਪ ਸਰਗਰਮ
ਹੈ। ਬੀ.ਐਸ.ਪੀ. ਨੇ ਲੋਕ ਸਭਾ ਲਈ ਆਪਣੇ 6 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ
ਹੈ।
ਅਸਲ ਵਿੱਚ ਸਾਰੀਆਂ ਪਾਰਟੀਆਂ ਹੀ ਅੰਦਰੂਨੀ ਫੁੱਟ ਦਾ ਸ਼ਿਕਾਰ ਹਨ।
ਕਾਂਗਰਸ ਪਾਰਟੀ ਨੇ ਤਾਂ ਪੰਜਾਬ ਵਿੱਚ ਹਰ ਮਹੀਨੇ ਜਿਲਾ ਅਤੇ ਬਲਾਕ ਪੱਧਰ ਦੀਆਂ
ਮੀਟਿੰਗਾਂ ਕਰਨ ਦਾ ਸਿਲਸਿਲਾ ਰਾਹੁਲ ਗਾਂਧੀ ਦੀਆਂ ਹਦਾਇਤਾਂ ਤੇ ਸ਼ੁਰੂ ਕੀਤਾ ਹੋਇਆ
ਹੈ। ਇਸ ਸਾਲ ਵਿੱਚ ਪਹਿਲੀ ਵਾਰ ਹੈ ਕਿ ਇਹ ਮੀਟਿੰਗਾਂ ਹਰ ਮਹੀਨੇ ਹੋ ਰਹੀਆਂ ਹਨ
ਅਤੇ ਵਿਸ਼ੇਸ਼ ਤੌਰ ਤੇ ਪਹਿਲੀ ਵਾਰ ਹੋ ਰਿਹਾ ਹੈ ਕਿ ਇਲਾਕੇ ਦੇ ਵਿਧਾਨਕਾਰ ,ਪੰਜਾਬ
ਪੱਧਰ ਦੇ ਸੀਨੀਅਰ ਨੇਤਾ ਇਹਨਾਂ ਮੀਟਿੰਗਾਂ ਵਿੱਚੇ ਸ਼ਾਮਲ ਹੁੰਦੇ ਹਨ। ਇਹ ਰਵਾਇਤ
ਪਿਛਲੇ 15 ਸਾਲਾਂ ਤੋਂ ਬੰਦ ਪਈ ਸੀ, ਕਦੀ ਕੋਈ ਸੀਨੀਅਰ ਨੇਤਾ ਜਿਲਾ ਅਤੇ ਬਲਾਕ
ਪੱਧਰ ਦੀਆਂ ਇਹਨਾਂ ਮੀਟਿੰਗਾਂ ਵਿੱਚ ਆਉਣ ਦੀ ਖੇਚਲ ਹੀ ਨਹੀਂ ਕਰਦਾ ਸੀ। ਇਸਦੇ
ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ, ਜਗਮੀਤ ਸਿੰਘ
ਬਰਾੜ ਅਤੇ ਕਾਂਗਰਸ ਲੈਜਿਸਲੇਚਰ ਪਾਰਟੀ ਦੇ ਵਿਧਾਨ ਸਭਾ ਦੇ ਨੇਤਾ ਸੁਨੀਲ ਕੁਮਾਰ
ਜਾਖੜ ਪਰਤਾਪ ਬਾਜਵਾ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੀ ਨਹੀਂ ਹੁੰਦੇ। ਰਾਜਿੰਦਰ
ਕੌਰ ਭੱਠਲ ਨੂੰ ਆਪਣੇ ਨਾਲ ਤੋਰਨ ਵਿੱਚ ਬਾਜਵਾ ਸਫਲ ਹੋ ਗਏ ਹਨ। ਪਰਤਾਪ ਸਿੰਘ
ਬਾਜਵਾ ਨੇ ਲੋਕ ਸਭਾ ਦੇ ਉਮੀਦਵਾਰਾਂ ਦੀ ਚੋਣ ਲਈ ਆਪਣੇ ਪੈਨਲ ਭੇਜ ਦਿੱਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਉਸਦਾ ਵਿਰੋਧ ਕਰਨ ਦਾ ਮੌਕਾ ਨਹੀਂ ਗਵਾਇਆ ,ਤੁਰੰਤ
ਉਸਦੀ ਨਿੰਦਿਆ ਕਰ ਦਿੱਤੀ ਹੈ।
ਸੀ.ਪੀ.ਆਈ. ਅਤੇ ਸੀ.ਪੀ.ਐਮ. ਪਾਰਟੀਆਂ ਤਾਂ ਦਿਲ ਹੀ ਛੱਡੀ ਬੈਠੀਆਂ ਲਗਦੀਆਂ
ਹਨ, ਇਹ ਪਾਰਟੀਆਂ ਹੀ ਅਸਲ ਵਿੱਚ ਕਿਸੇ ਸਮੇਂ
ਲੋਕਾਂ ਵਿੱਚ ਵਿਚਰਦੀਆਂ ਸਨ ਕਿਉਂਕਿ ਆਧੁਨਿਕ ਤਕਨਾਲੋਜੀ ਦੇ ਆਉਣ ਨਾਲ ਇਹਨਾਂ
ਪਾਰਟੀਆਂ ਦੀ ਮੈਂਬਰਸ਼ਿਪ ਘੱਟ ਗਈ ਹੈ। ਧਰਨੇ ਜਲਸੇ,
ਜਲੂਸ ਅਤੇ ਨਾਟਕਾਂ ਰਾਹੀਂ ਮਾੜੀ ਮੋਟੀ ਲੋਕਾਂ ਵਿੱਚ ਹਾਜ਼ਰੀ ਹੁਣ ਵੀ ਲਵਾ
ਲੈਂਦੀਆਂ ਹਨ।
ਅਕਾਲੀ ਦਲ ਦੇ ਸਰਪਰਸਤ ਸ੍ਰ.ਪਰਕਾਸ਼ ਸਿੰਘ ਬਾਦਲ ਨੇ ਵੀ ਸਿਰਫ ਸਿਆਸੀ ਅਗਵਾਈ
ਤੇ ਸਰਪਰਸਤੀ ਦੇਣ ਦੀ ਹੀ ਜ਼ਿੰਮੇਵਾਰੀ ਲਈ ਹੋਈ ਹੈ ,ਬਾਕੀ ਪਾਰਟੀ ਦਾ ਸਾਰਾ ਕੰਮ
ਸੁਖਬੀਰ ਸਿੰਘ ਬਾਦਲ ਤੇ ਛੱਡ ਦਿੱਤਾ ਹੈ, ਇਸ ਲਈ
ਉਹ ਵੀ ਹੁਣ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਕਦੇ ਕਦਾਈਂ ਹੀ ਜਾਂਦੇ ਹਨ। ਸ਼ਰੋਮਣੀ
ਅਕਾਲੀ ਦਲ ਨੂੰ ਸਭ ਤੋਂ ਵੱਡਾ ਲਾਭ ਗੁਰਦਵਾਰਿਆਂ ਦੀਆਂ ਧਾਰਮਕ ਸਟੇਜਾਂ,
ਸਰਗਰਮੀਆਂ, ਗੁਰਪਰਬਾਂ ਦੇ ਸਮਾਗਮਾਂ ਅਤੇ
ਨਗਰ ਕੀਰਤਨਾਂ ਦਾ ਹੁੰਦਾ ਹੈ ਪ੍ਰੰਤੂ ਇਹਨਾਂ ਵਿੱਚ ਵੀ ਸਥਾਨਕ ਨੇਤਾ ਹੀ ਜਾਂਦੇ
ਸਨ, ਵੱਡੇ ਨੇਤਾ ਤਾਂ ਸ੍ਰ. ਸੁਖਬੀਰ ਸਿੰਘ ਬਾਦਲ
ਕੋਲ ਹਾਜ਼ਰੀ ਲਗਵਾਉਣ ਦੀ ਕੋਸ਼ਿਸ਼ ਕਰਦੇ ਹਨ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵਿੱਚ
ਆਪਣੀ ਪਕੜ ਦੀ ਮੋਹਰ ਲਗਾ ਚੁੱਕਾ ਹੈ।
ਅਸਲ ਵਿੱਚ ਸਾਰੀਆਂ ਪਾਰਟੀਆਂ ਵਿੱਚ ਹੀ ਜੀ ਹਜ਼ੂਰੀ ਅਤੇ ਚਾਪਲੂਸੀ ਦਾ ਬੋਲ
ਬਾਲਾ ਹੈ, ਜਿਹੜੇ ਵਿਅਕਤੀ ਇਸ ਖੇਤਰ ਵਿੱਚ ਮਾਹਰ ਹਨ ਉਹ ਹੀ ਰਾਜ ਦਰਬਾਰ ਵੀ ਸਫਲ
ਹੁੰਦੇ ਹਨ। ਪਾਰਟੀ ਵਿੱਚ ਕੰਮ ਕਰਨ ਦੀ ਥਾਂ ਇੱਕ ਨਵਾਂ ਹੀ ਫਲੈਕਸ ਸਭਿਆਚਾਰ ਸ਼ੁਰੂ
ਹੋ ਗਿਆ ਹੈ ਜੋ ਸਸਤਾ ਵੀ ਪੈਂਦਾ ਹੈ ਅਤੇ ਨਾਲ ਦੀ ਨਾਲ ਆਪਣਾ ਵੀ ਪ੍ਰਚਾਰ ਹੋ
ਜਾਂਦਾ ਹੈ। ਇਹ ਲੋਕ ਨੇਤਾਵਾਂ ਦੇ ਫਲੈਕਸ ਲਗਵਾਕੇ ਉਹਨਾਂ ਨੂੰ ਖ਼ੁਸ਼ ਕਰਨ ਦੀ
ਕੋਸ਼ਿਸ਼ ਕਰਦੇ ਹਨ। ਸਾਰੀਆਂ ਪਾਰਟੀਆਂ ਵਿੱਚ ਹੁਣ ਵਰਕਰਾਂ ਦੀ ਥਾਂ ਨੇਤਾਵਾਂ ਨੇ ਹੀ
ਲੈ ਲਈ ਹੈ। ਹੁਣ ਕੋਈ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਵਰਕਰ ਕਹਾਉਣ ਲਈ ਤਿਆਰ ਹੀ
ਨਹੀਂ। ਉਹ ਛੜੱਪੇ ਮਾਰਕੇ ਸ਼ਾਰਟ ਕੱਟ ਰਾਹੀਂ ਵਿਧਾਨਕਾਰ ਅਤੇ ਮੰਤਰੀ ਬਣਨ ਦੀ ਹੀ
ਇੱਛਾ ਰੱਖਦੇ ਹਨ। ਸ਼ਾਰਟ ਕੱਟ ਹੀ ਲਗਾਉਂਦੇ ਹਨ। ਪਹਿਲਾਂ ਪਾਰਟੀ ਵਰਕਰ ਹੀ ਕਿਸੇ
ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਸਨ। ਇਹ ਵਰਕਰ ਸਮਾਗਮਾਂ ਦੇ ਅਗੇਤੇ ਪ੍ਰਬੰਧ
ਕਰਦੇ ਸਨ ਤੇ ਇੱਥੋਂ ਤੱਕ ਕਿ ਸਮਾਗਮਾਂ ਦੇ ਪ੍ਰੋਗਰਾਮਾਂ ਲਈ ਦਰੀਆਂ ਵਿਛਾਉਂਦੇ
ਸਨ, ਜਿਸ ਨਾਲ ਉਹਨਾਂ ਨੂੰ ਲੋਕਾਂ ਨਾਲ ਜੁੜੇ ਰਹਿਣ ਦਾ ਤਜ਼ਰਬਾ ਹੁੰਦਾ ਸੀ। ਜਿਤਨੀ
ਦੇਰ ਸਿਆਸੀ ਪਾਰਟੀਆਂ ਸ਼ਾਰਟ ਕੱਟ ਵਰਤਣਾ ਬੰਦ ਨਹੀਂ ਕਰਦੀਆਂ ਉਤਨੀ ਦੇਰ ਉਹਨਾਂ
ਦੀਆਂ ਪਾਰਟੀਆਂ ਸਫਲ ਨਹੀਂ ਹੋ ਸਕਦੀਆਂ ਅਤੇ ਨਾ ਹੀ ਲੋਕਾਂ ਵਿੱਚ ਉਹਨਾਂ ਦਾ ਆਧਾਰ
ਬਣ ਸਕਦਾ ਹੈ। ਕੁਲ ਮਿਲਾਕੇ ਸਿੱਟਾ ਇਹ ਨਿਕਲਦਾ ਹੈ ਕਿ ਸਿਆਸੀ ਪਾਰਟੀਆਂ ਦੇ
ਵਰਕਰਾਂ ਅਤੇ ਨੇਤਾਵਾਂ ਵਿੱਚ ਵਰਕ ਕਲਚਰ ਖ਼ਤਮ ਹੋ ਗਿਆ ਹੈ,
ਉਹ ਤਾਂ ਮਲਾਈ ਖਾਣ ਲਈ ਹੀ ਤਿਆਰ ਰਹਿੰਦੇ ਹਨ,ਹੁਣ ਉਹਨਾਂ ਲਈ ਕੇਜ਼ਰੀਵਾਲ
ਦੀ ਆਪ ਪਾਰਟੀ ਦਾ ਖ਼ਤਰਾ ਮੰਡਲਾ ਰਿਹਾ ਹੈ,ਜਿਸਨੇ ਸਿਆਸੀ ਪਾਰਟੀਆਂ ਦੀ ਨੀਂਦ ਹਰਾਮ
ਕੀਤੀ ਹੋਈ ਹੈ।
|