ਪਿੰਡ ਹਿੰਮਤਪੁਰਾ ਦੇ ਨੌਜਵਾਨਾਂ ਨੇ ਵਜਾਇਆ ਨਸ਼ਾ ਤਸਕਰਾਂ
ਵਿਰੁੱਧ ਸੰਘਰਸ਼ ਦਾ ਬਿਗਲ
ਪਿੰਡ ਦੇ 150 ਦੇ ਲਗਭਗ ਨੌਜਵਾਨਾਂ ਦਾ ਸਮੈਕ 'ਚ ਗ੍ਰਸੇ ਹੋਣ ਦਾ ਖਦਸ਼ਾ
ਨਿਹਾਲ ਸਿੰਘ ਵਾਲਾ - ਜਿੱਥੇ ਇੱਕ ਪਾਸੇ ਲੋਕ ਸਭਾ
ਚੋਣਾਂ ਸਿਰ 'ਤੇ ਹਨ ਅਤੇ ਸੱਤਾਧਾਰੀ ਪਾਰਟੀ ਦੀ ਲੋਕ ਸਭਾ ਹਲਕਾ ਫਰੀਦਕੋਟ ਤੋਂ
ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਭੁੱਕੀ ਅਫੀਮ ਦੇ ਠੇਕੇ ਖੋਲ੍ਹਣ ਦੇ ਬਿਆਨ
ਨੂੰ ਲੈ ਕੇ ਇੱਕ ਨਵੇਂ ਵਿਵਾਦ ਦਾ ਹਿੱਸਾ ਬਣ ਗਈ ਹੈ ਉੱਥੇ ਇਸੇ ਹਲਕੇ ਅਧੀਨ ਹੀ
ਪੈਂਦੇ ਪਿੰਡ ਹਿੰਮਤਪੁਰਾ ਦੇ ਚੇਤੰਨ ਨੌਜਵਾਨਾਂ ਨੇ "ਅਸੀਂ ਲੜਾਂਗੇ ਸਾਥੀ ਨਸ਼ਾ
ਵਿਰੋਧੀ ਫਰੰਟ" ਬਣਾ ਕੇ ਪਿੰਡ ਵਿੱਚ ਵਿਕਣ ਆਉਂਦੇ ਨਸਿ਼ਆਂ ਤੋਂ ਲੋਕਾਂ ਨੂੰ
ਜਾਗਰੂਕ ਕਰਨਾ ਆਰੰਭ ਦਿੱਤਾ ਹੈ। ਵੱਖ ਵੱਖ ਜੱਥੇਬੰਦੀਆਂ ਅਤੇ ਨਵੀਂ-ਪੁਰਾਣੀ
ਪੰਚਾਇਤ ਦੇ ਸੂਝਵਾਨ ਨੁਮਾਇੰਦਿਆਂ ਦੀ ਅਗਵਾਈ ਵਿੱਚ ਪਿੰਡ ਦੇ ਸੈਂਕੜੇ ਨੌਜਵਾਨਾਂ
ਨੇ ਪਿੰਡ ਵਿੱਚ ਨਸ਼ਾ ਵਿਰੋਧੀ ਚੇਤਨਾ ਮਾਰਚ ਕੱਢਿਆ ਜਿਸ ਦੌਰਾਨ ਵੱਖ ਵੱਖ ਵੱਖ
ਬੁਲਾਰਿਆਂ ਨੇ ਵੱਡੀ ਪੱਧਰ 'ਤੇ ਪਸਰਦੇ ਜਾ ਰਹੇ ਸਮੈਕ ਦੇ ਨਸ਼ੇ ਬਾਰੇ ਪਿੰਡ
ਵਾਸੀਆਂ ਨੂੰ ਸੁਚੇਤ ਕੀਤਾ। ਨੌਜਵਾਨਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪੋ
ਆਪਣੇ ਬੱਚਿਆਂ 'ਤੇ ਨਜ਼ਰ ਰੱਖਣ ਤਾਂ ਜੋ ਲਾਡਾਂ ਨਾਲ ਪਾਲੀ ਔਲਾਦ ਪੈਸੇ ਦੇ ਲਾਲਚ
ਵਿੱਚ ਮੌਤ ਵੇਚ ਰਹੇ ਨਸ਼ਾ ਤਸਕਰਾਂ ਦੇ ਹੱਥੇ ਚੜ੍ਹ ਕੇ ਜਵਾਨੀ ਨਾ ਗਾਲ ਬੈਠੇ।
ਇਸ ਸਮੇਂ ਸੰਬੋਧਨ ਕਰਦਿਆਂ ਫਰੰਟ ਦੇ ਆਗੂ ਗੁਰਜੀਤ ਸਿੰਘ ਜੀਤਾ, ਨੌਜਵਾਨ ਭਾਰਤ
ਸਭਾ ਦੇ ਇਲਾਕਾ ਕਮੇਟੀ ਮੈਂਬਰ ਗੁਰਮੁਖ ਸਿੰਘ ਹਿੰਮਤਪੁਰਾ ਆਦਿ ਆਗੂਆਂ ਨੇ ਕਿਹਾ
ਕਿ ਇਸ ਤੋਂ ਵਧੇਰੇ ਹੈਰਾਨੀ ਦੀ ਗੱਲ ਕੀ ਹੋਵੇਗੀ ਕਿ ਉਹ ਪੰਜਾਬ ਜਿਸਦਾ ਪ੍ਰਭਾਤ
ਵੇਲਾ ਗੁਰੂ ਘਰ ਦੇ ਪਾਠੀ ਦੀ ਆਵਾਜ਼ ਸੁਣ ਕੇ ਸ਼ੁਰੂ ਹੁੰਦਾ ਸੀ, ਹੁਣ ਉਸੇ ਪੰਜਾਬ
ਦੇ ਪਿੰਡਾਂ 'ਚ ਪਾਠੀ ਬੋਲਣ ਤੋਂ ਪਹਿਲਾਂ ਨਸ਼ਾ ਵੇਚਣ ਵਾਲੇ ਆਪਣਾ ਚੱਕਰ ਮਾਰ
ਜਾਂਦੇ ਹਨ। ਆਗੂਆਂ ਨੇ ਪਿੰਡ ਵਾਸੀਆਂ ਨੂੰ ਸੁਚੇਤ ਕੀਤਾ ਕਿ ਪਿੰਡ ਹਿੰਮਤਪੁਰਾ 'ਚ
ਛੋਟੀ ਛੋਟੀ ਉਮਰ ਦੇ ਡੇਢ ਸੌ ਦੇ ਲਗਭਗ ਨੌਜਵਾਨ ਸਮੈਕ ਵਰਗੇ ਮਾਰੂ ਨਸ਼ੇ ਦੀ ਲਤ
ਦੇ ਸਿ਼ਕਾਰ ਹੋ ਚੁੱਕੇ ਹਨ। ਜੇ ਫੌਰੀ ਤੌਰ 'ਤੇ ਇਹਨਾਂ ਨੌਜਵਾਨਾਂ ਨੂੰ ਮੁੜ ਜਿਉਣ
ਜੋਕਰੇ ਨਾ ਕੀਤਾ ਗਿਆ ਤਾਂ ਪਿੰਡ ਨੂੰ ਭਵਿੱਖੀ ਮੌਤਾਂ ਦਾ ਸਾਹਮਣਾ ਕਰਨਾ ਪੈ ਸਕਦਾ
ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਨਸ਼ਾ ਤਸਕਰਾਂ ਨੂੰ ਇਸੇ ਤਰ੍ਹਾਂ ਹੀ ਸਿਆਸੀ
ਸਰਪ੍ਰਸਤੀ ਮਿਲਦੀ ਰਹੀ ਤਾਂ ਪੰਜਾਬ ਦਾ ਹਰ ਘਰ ਸਮਸ਼ਾਨਘਾਟ ਦਾ ਰੂਪ ਧਾਰ ਜਾਵੇਗਾ।
ਇਸ ਸਮੇਂ ਬੋਲਦਿਆਂ ਸਰਪੰਚ ਸੂਬੇਦਾਰ ਚਰਨ ਸਿੰਘ ਨੇ ਕਿਹਾ ਕਿ ਪਿੰਡ ਦੇ ਉੱਦਮੀ
ਨੌਜਵਾਨਾਂ ਦਾ ਸਾਥ ਦੇਣ ਲਈ ਉਹ ਹਰ ਵੇਲੇ ਤਿਆਰ ਰਹਿਣਗੇ।
ਇਸ ਸਮੇਂ ਡਾ. ਜਗਸੀਰ ਸਿੰਘ, ਅਮਨਜੋਤ ਸਿੰਘ, ਪ੍ਰਭਜੋਤ ਸਿੰਘ, ਪੰਚ ਨਛੱਤਰ
ਸਿੰਘ, ਹਰਪਾਲ ਸਿੰਘ, ਲਾਭ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪ੍ਰਗਟ ਸਿੰਘ,
ਜਿੰਦਰ ਮਣੀ, ਪੰਚ ਦਰਸਨ ਸਿੰਘ ਭੰਗੂ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ। ਇਸ
ਪੱਤਰਕਾਰ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਲਾਕੇ ਅੰਦਰ ਨਸ਼ਾ ਤਸਕਰਾਂ ਨੇ
ਅੰਨੀ ਲੁੱਟ ਮਚਾਈ ਹੋਈ ਹੈ। ਗਾਹੇ ਬਗਾਹੇ ਹੁੰਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ
ਨੂੰ ਵੀ ਨਸ਼ਾਖੋਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਅੰਤਾਂ ਦੇ ਮਹਿੰਗੇ
ਇਸ ਨਸ਼ੇ ਦੀ ਦਲਦਲ 'ਚ ਧਸਣ ਤੋਂ ਬਾਦ ਸਿਰਫ ਦੋ ਰਾਹ ਬਚਦੇ ਹਨ। ਪਹਿਲਾ ਇਹ ਕਿ
ਲਗਾਤਾਰ ਨਸ਼ਾ ਮਿਲਦਾ ਰਹੇ ਚਾਹੇ ਉਸਨੂੰ ਪੂਰਾ ਕਰਨ ਲਈ ਕਿਸੇ ਵੀ ਸਮਾਜ ਵਿਰੋਧੀ
ਕਾਰਵਾਈ ਨੂੰ ਅੰਜਾਮ ਵੀ ਕਿਉਂ ਨਾ ਦੇਣਾ ਪਵੇ ਤੇ ਦੂਸਰਾ ਰਾਹ ਸਮਸ਼ਾਨਘਾਟ ਵੱਲ
ਨੂੰ ਜਾਂਦਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਸੂਝਵਾਨ 'ਸਮਝੇ
ਜਾਂਦੇ' ਰਾਜਨੀਤਕ ਆਗੂ ਸ਼ਰੇਆਮ ਨਸਿ਼ਆਂ ਦੇ ਠੇਕੇ ਖੋਲ੍ਹਣ ਦੀ ਵਕਾਲਤ ਕਰਦੇ ਹਨ
ਅਤੇ ਦੂਸਰੇ ਪਾਸੇ ਸੂਬੇ ਦੇ ਲੱਖਾਂ ਮਾਪਿਆਂ ਦੇ ਰੰਗਲੇ ਸੁਪਨੇ ਸਮੈਕ ਦੇ ਧੂੰਏ 'ਚ
ਧੁਆਂਖੇ ਜਾ ਰਹੇ ਹਨ।
|