ਅੱਜ ਦੇ ਸਮੇਂ ਪੰਜਾਬ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ
ਚੁੱਕੇ ਹਨ ਦੇਸ ਦਾ ਭਵਿੱਖ਼ ਕਹੇ ਜਾਣ ਵਾਲੇ ਨੌਜਵਾਨ ਪੂਰੀ ਤਰਾਂ ਨਸ਼ੇ ਦੇ ਗੁਲਾਮ
ਬਣ ਚੁੱਕੇ ਹਨ, ਜੋ ਜਵਾਨੀਂ ਅੱਥਰੀ ਹੁੰਦੀ ਹੈ ਜਿਸ ਜਵਾਨੀਂ ਤੋਂ ਬੜੀਆਂ ਵੱਡੀਆਂ
ਆਸਾਂ ਹੁੰਦੀਆਂ ਹਨ ਅੱਜ ਉਸ ਨਸ਼ਿਆਂ ਦੀ ਖਾਧੀ ਬੁਢੇਪੇ ਨਾਲੋਂ ਭੈੜੀ ਜਵਾਨੀਂ ਤੋਂ
ਦੇਸ ਦੇ ਉੱਜਵਲ ਭਵਿੱਖ ਦੀ ਕੀ ਆਸ ਰੱਖੀ ਜਾ ਸਕਦੀ ਹੈ, ਪੰਜਾਬ ਵਿੱਚ ਨਸ਼ਿਆਂ ਦੀ
ਹੱਦੋਂ ਵੱਧ ਵਰਤੋਂ ਹੋਣ ਕਰਕੇ ਹਰ ਨਾਗਰਿਕ ਦਾ ਫ਼ਿਕਰਮੰਦ ਹੋਣਾਂ ਲਾਜ਼ਮੀਂ ਹੈ , ਇਹ
ਉਹ ਨਸ਼ਿਆਂ ਦੀ ਅੱਗ ਹੈ ਜੋ ਅਮੀਰ ਗਰੀਬ ਨਹੀਂ ਦੇਖਦੀ ਜਿਸ ਤੋਂ ਚਿੰਤਤ ਹੋਣਾਂ
ਬਣਦਾ ਵੀ ਹੈ ਕਿਉਕਿ ਇਹ ਅੱਗ ਜਿਸ ਵੀ ਘਰ ਵਿੱਚ ਪਹੁੰਚ ਜਾਵੇ ਉਸ ਘਰ ਦੇ
ਨੌਜਵਾਨਾਂ ਨੂੰ ਆਪਣਾਂ ਸਿਕਾਰ ਬਣਾਂ ਕੇ ਹੀ ਸਾਹ ਲੈਦੀ ਹੈ। ਅੱਜ ਸਾਡੇ ਨੌਜਵਾਨ
ਨਸ਼ੇ ਦੀ ਲੱਤ ਪੂਰੀ ਕਰਨ ਲਈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜਿੰਨਾਂ
ਨਾਲ ਹਜਾਰਾਂ ਘਰ ਬਰਬਾਦ ਹੋ ਚੁੱਕੇ ਹਨ ਅਤੇ ਅੱਗੋਂ ਵੀ ਇਹ ਕਲਿਹਣੀ ਲੜੀ ਟੁੱਟਣ
ਦੇ ਆਸਾਰ ਬਣਦੇ ਨਜ਼ਰ ਨਹੀਂ ਆ ਰਹੇ। ਪਿਛਲੇ ਦਿਨੀਂ ਪੰਜਾਬ ਸਰਕਾਰ ਦੀ ਹੋਈ ਹਾਰ ਦਾ
ਕਾਰਨ ਨਸ਼ੇ ਮੁੱਖ ਮੁੱਦਾ ਬਣੇਂ ਹਨ ਅਤੇ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ
ਹੈ ਕਿ ਲੋਕਾਂ ਨੇ ਇਹਨਾਂ ਚੋਣਾਂ ਵਿੱਚ ਵਿਕਾਸ ਦੇ ਲੋਲੀਪੋਪ ਲਈ ਵੋਟਾਂ ਨਹੀਂ
ਪਾਈਆਂ ਸਗੋਂ ਪੂਰੀ ਤਰਾਂ ਨਸ਼ਿਆਂ ਦੇ ਵਿਰੁੱਧ ਵੋਟਾਂ ਪਾਈਆਂ ਹਨ।
ਪੰਜਾਬ ਵਿੱਚੋਂ ਆਪਣਾਂ ਆਧਾਰ ਖਿਸਕਦਿਆਂ ਦੇਖ ਕੇ ਬੌਖ਼ਲਾਈ ਹੋਈ ਪੰਜਾਬ ਦੀ
ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਬੇਸੱਕ ਬਹੁਤੀ
ਸਫ਼ਲ ਨਹੀ ਹੋਈ ਪਰ ਪੰਜਾਬ ਸਰਕਾਰ ਨੇ ਆਪਣਾਂ ਅਕਸ ਸੁਧਾਰਨ ਲਈ ਲੋਕਾਂ ਦੀਆਂ ਅੱਖ਼ਾ
ਵਿੱਚ ਰਾਜਨੀਤਿਕ ਘੱਟਾ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਜੇਕਰ ਗੌਰ ਨਾਲ
ਦੇਖਿਆ ਜਾਵੇ ਤਾਂ ਇਸ ਮੁਹਿੰਮ ਦਾ ਸ਼ਿਕਾਰ ਖਾਸ ਲੋਕਾਂ ਦੀ ਬਜਾਏ ਆਮ ਲੋਕ ਹੀ
ਜਿਆਦਾ ਹੋਏ ਹਨ। ਸਰਕਾਰ ਨੇਂ ਆਪਣੇ ਨੁਮਾਇੰਦਿਆਂ ਜਿੰਨਾਂ ਤੇ ਪੰਜਾਬ ਦੇ ਗੱਭਰੂਆਂ
ਨੂੰ ਬਰਬਾਦ ਕਰਨ ਦੇ ਦੋਸ ਸ਼ਰੇਆਮ ਲਗਦੇ ਰਹੇ ਸਨ ਉਹਨਾਂ ਵੱਲ ਉੰਗਲੀ ਉਠਾਉਣਾਂ ਤਾਂ
ਦੂਰ ਦੀ ਗੱਲ ਸਗੋਂ ਉਹਨਾਂ ਨੂੰ ਇਹਨਾਂ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਲਿਪਤ
ਹੋਣ ਦੇ ਦੋਸਾਂ ਤੋਂ ਸਾਫ਼ ਬਰੀ ਕਰ ਦਿੱਤਾ। ਸ੍ਰੋਮਣੀ ਅਕਾਲੀ ਦਲ ਬਾਦਲ ਦੇ
ਸੁਪਰੀਮੋਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਆਏ ਦਿਨ ਅਖਬਾਰਾਂ ਵਿੱਚ
ਇਹ ਬਿਆਨ ਦਿੰਦੇ ਰਹਿੰਦੇ ਹਨ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਹੀ ਸਾਹ ਲਿਆ
ਜਾਵੇਗਾ, ਪਰ ਦੇਖਿਆ ਜਾਵੇ ਤਾਂ ਇਹ ਵਾਅਦੇ ਕਿਸੇ ‘ਕੱਚੇ ਕੱਚ ਦੀਆਂ ਵੰਗਾਂ’ ਵਾਂਗ
ਹੀ ਜਾਪਦੇ ਹਨ ਕਿਉਕਿ ਅਸਲ ਵਿੱਚ ਇਹ ਮੁਹਿੰਮ ‘ਕੜੀ ਦੇ ਉਬਾਲ ਵਾਂਗ ਸੀ’ ਜੋ
ਬਿਨਾਂ ਕਿਸੇ ਠੋਸ ਰਣਨੀਤੀ ਜਾਂ ਸਰਕਾਰ ਦੀ ਪੰਜਾਬ ਪ੍ਰਤੀ ਬਦਨੀਤੀ ਦੇ ਚਲਦਿਆਂ
ਅੱਜ ਠੁੱਸ ਹੋ ਕੇ ਰਹਿ ਗਈ ਹੈ। ਪਿਛਲੇ ਦਿਨਾਂ ਵਿੱਚ ਪੰਜਾਬ ਪੁਲਿਸ ਦੀ ਨਸ਼ਿਆਂ
ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਤਕਰੀਬਨ ਸਾਰੇ ਪੰਜਾਬ ਵਿੱਚ ਨਸ਼ਾ ਵਿਰੋਧੀ
ਸੈਮੀਨਾਰ ਲਗਦੇ ਰਹੇ ਹਨ ਪਰ ਇਹ ਸੈਮੀਨਾਰ ਵੀ ਤਾਂ ਹੀ ਕਾਮਯਾਬ ਹੁੰਦੇ ਜੇਕਰ
ਇਹਨਾਂ ਸੈਮੀਨਾਰਾਂ ਨੂੰ ਆਯੋਜਿਤ ਕਰਨ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਪ ਖੁੱਦ
ਨਸ਼ਾ ਮੁਕਤ ਹੁੰਦੇ। ਇੱਥੇ ਪੰਜਾਬ ਪੁਲਿਸ਼ ਤੇ ਇਹ ਕਹਾਵਤ ਹੂਬਹੂ ਢੁਕਦੀ ਹੈ ਕਿ
"ਆਪ ਤਾਂ ਬਾਬਾ ਬੈਂਗਣ ਖਾਵੇ, ਦੂਜਿਆਂ ਨੂੰ
ਉਪਦੇਸ਼ ਬਤਾਵੇ।" ਸੋ ਬਾਬੇ ਦੇ ਉਪਦੇਸਾਂ ਵਾਂਗ
ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਹ ਚਾਹੀਦਾ ਹੈ ਕਿ ਉਹ ਪਹਿਲਾਂ ਖੁੱਦ
ਨਸ਼ਾ ਮੁੱਕਤ ਹੋਣ ਅਤੇ ਆਪਣੇ ਮੁਲਾਜ਼ਮਾਂ ਨੂੰ ਵੀ ਨਸ਼ਿਆਂ ਦੀ ਦਲ ਦਲ ‘ਚੋਂ ਕੱਢ ਕੇ
ਖਾਕੀ ਤੇ ਲੱਗੇ ਨਸ਼ਿਆਂ ਦੇ ਦਾਗ ਧੋਣ ਦਾ ਉਪਰਾਲਾ ਕਰਨ ਅਤੇ ਗੁਰੂਆਂ ਦੇ ਨਾਮ ਤੇ
ਵਸਦੇ ਪੰਜਾਬ ਤੇ ਪੰਜਾਬ ਦੀ ਜਵਾਨੀਂ ਨੂੰ ਸਿਆਸੀ ਦਬਾਅ ਤੋਂ ਮੁਕਤ ਹੋਕੇ ਇਹਨਾਂ
ਬੰਦੇ ਖਾਣੇਂ ਨਸ਼ਿਆਂ ਤੋਂ ਮੁਕਤ ਕਰਨ ਦੀ ਇੰਨਕਲਾਬੀ ਸੁਰੂਆਤ ਕਰਨ ਵੱਲ ਆਪਣੇਂ ਕਦਮ
ਵਧਾਉਣ, ਜੇਕਰ ਅੱਜ ਪੰਜਾਬ ਪੁਲਿਸ ਆਪਣੇਂ ਆਪ ਨੂੰ ਦੁਨੀਆਂ ਦੀ ਬੇਹਤਰੀਨ ਪੁਲਿਸ
ਵਿੱਚ ਸੁਮਾਰ ਕਰਨਾਂ ਚਾਹੁੰਦੀ ਹੈ ਤਾਂ ਉਸ ਨੂੰ ਅੱਜ ਨਸ਼ਿਆਂ ਚ ਰੁਲਦੇ ਪੰਜਾਬ ਨੂੰ
ਬਚਾਉਣ ਲਈ ਕਿਸੇ ਸਿਆਸੀ ਡਰ ਭੈਅ ਤੋਂ ਮੁੱਕਤ ਹੋ ਕੇ ਮੈਦਾਨ ਵਿੱਚ ਨਿਤਰਨਾਂ
ਪਵੇਗਾ।
ਪੰਜਾਬ ਸਰਕਾਰ ਦੇ ਕਹਿਣ ਨੂੰ ਬੇਸ਼ੱਕ ਪੰਜਾਬ ਨਸ਼ਾ ਮੁਕਤੀ ਵੱਲ ਵਧ ਰਿਹਾ ਹੈ ਪਰ
ਪੰਜਾਬ ਵਿੱਚ ਅੱਜ ਵੀ ਭੁੱਕੀ, ਸਮੈਕ, ਹੈਰੋਇਨ, ਚਰਸ, ਗਾਂਜਾ ਮਿਲ ਜਾਂਦਾ ਹੈ ਉਹ
ਗੱਲ ਅਲੱਗ ਹੈ ਕਿ ਅੱਜ ਤਸਕਰਾਂ ਨੇਂ ਇਹਨਾਂ ਨਸ਼ਿਆਂ ਦੇ ਰੇਟ ਵਧਾ ਦਿੱਤੇ ਹਨ, ਇਸ
ਸਬੰਧੀ ਗੱਲਬਾਤ ਕਰਦਿਆਂ ਮੈਡੀਕਲ ਪ੍ਰੈਕਟਿਸਨਰ ਐਸੋ: ਦੇ ਮੁੱਖ ਆਗੂ ਗੁਰਮੇਲ
ਮਾਛੀਕੇ ਨੇ ਕਿਹਾ ਕਿ ਜਿਹੜੀ ਸਰਕਾਰ ਕਬੱਡੀ ਵਰਲਡ ਹੀ ਸਰਾਬ ਮਾਫ਼ੀਆ ਦੇ ਸਹਿਯੋਗ
ਨਾਲ ਕਰਵਾ ਰਹੀ ਹੋਵੇ ਅਤੇ ਜਿਸ ਸਰਕਾਰ ਦੇ ਆਪਣੇਂ ਮੰਤਰੀ ਅੱਗ ਵਰਗੀ ਜਵਾਨੀਂ ਨੂੰ
ਨਸ਼ਿਆਂ ਤੇ ਲਾ ਕੇ ਸਮਸ਼ਾਨ ਘਾਟ ਦੇ ਰਾਹ ਪਾ ਰਹੇ ਹੋਣ ਉਹਨਾਂ ਤੋਂ ਭਲਾ ਜਵਾਨੀਂ ਦੇ
ਭਲੇ ਦਿਨਾਂ ਦੀ ਕੀ ਆਸ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਇਹ ਨਸ਼ਿਆਂ ਦੀ
ਅੱਗ ਜੋ ਕਿਸੇ ਦੇ ਘਰਾਂ ਵਿੱਚ ਲੱਗੀ ਹੋਈ ਹੈ ਇਹਨਾਂ ਸਿਆਸਤਦਾਨਾਂ ਨੂੰ ਬਸੰਤਰ
ਲੱਗ ਰਹੀ ਹੈ ਪਰ ਇਹਨਾਂ ਨੂੰ ਇੱਕ ਗੱਲ ਯਾਦ ਰੱਖਣੀਂ ਚਾਹੀਦੀ ਹੈ ਕਿ ਬਰਬਾਦੀ ਦਾ
ਹੜ ਕਦੇ ਊਚ ਨੀਚ ਨਹੀਂ ਦੇਖਦਾ। ਇਸ ਸਬੰਧੀ ਗੱਲਬਾਤ ਕਰਦਿਆਂ ਕਾਮਰੇਡ ਸੁਖਦੇਵ
ਭੋਲਾ ਨੇ ਕਿਹਾ ਕਿ ਹੋਰਨਾਂ ਨਸ਼ਿਆਂ ਵਾਂਗ ਸ਼ਰਾਬ ਨੂੰ ਵੀ ਪੰਜਾਬ ਦੀ ਧਰਤੀ ਤੋਂ
ਚਲਦਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅੰਕੜਿਆਂ ਮੁਤਾਬਕ ਸਰਕਾਰ ਨੂੰ ਸਰਾਬ ਤੋਂ
2009 ਵਿੱਚ 2200 ਕਰੋੜ, 2012 ਵਿੱਚ 3350 ਕਰੋੜ, 2013 ਵਿੱਚ 3947 ਕਰੋੜ, ਅਤੇ
2014-15 ਵਿੱਚ 4675 ਕਰੋੜ ਆਮਦਨੀਂ ਹੋਈ ਹੈ ਅਤੇ ਅੱਜ ਪੰਜਾਬ ਵਿੱਚ ਸਰਕਾਰ ਦੇ
ਕਹਿਣ ਅਨੁਸਾਰ ਕਨੂੰਨੀਂ ਤੌਰ ਤੇ ਦੇਸੀ ਸਰਾਬ ਦੇ 5400 ਅਤੇ ਅੰਗਰੇਜੀ ਸਰਾਬ ਦੇ
2500 ਠੇਕੇ ਚੱਲ ਰਹੇ ਹਨ ਅਤੇ ਇਸ ਤੋਂ ਬਿਨਾਂ ਗੈਰ ਕਾਨੂੰਨੀਂ ਤੌਰ ਤੇ ਬੇਥਾਹ
ਸਰਾਬ ਵਿਕ ਰਹੀ ਹੈ ਜੋ ਪੰਜਾਬੀਆਂ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਹੀ ਕਰੇਗੀ
ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਰੀਆਂ ਸਿਆਸੀ
ਪਾਰਟੀਆਂ ਨੂੰ ਇੱਕਮੁੱਠ ਹੋਣ ਦੀ ਸਖ਼ਤ ਲੋੜ ਹੈ ਕਿਉਕਿ ਅੱਜ ਪੰਜਾਬ ਦੇ ਭਵਿੱਖ ਦਾਅ
ਤੇ ਲੱਗਾ ਹੋਇਆ ਹੈ।
ਆਓ ਆਪਾਂ ਸਾਰੇ ਰਲ ਕੇ 26 ਜੂਨ ਨੂੰ ਮਨਾਏ ਜਾ ਰਹੇ ਨਸ਼ਾ ਵਿਰੋਧੀ ਦਿਵਸ਼ ਤੇ
ਪ੍ਰਣ ਕਰਦੇ ਹੋਏ ਇਹ ਅਹਿਦ ਕਰੀਏ ਕਿ ਪੰਜਾਬ ਤੇ ਪੰਜਾਬ ਦੀ ਜਵਾਨੀਂ ਨੂੰ ਬਚਾਉਣ
ਲਈ ਹਰ ਹੰਭਲਾ ਮਾਰਾਂਗੇ।
9888515785
|