ਵਿਦਿਆ ਇਕ ਅਜਿਹਾ ਚਾਨਣ ਹੈ ਜੋ ਪਹਿਲਾਂ ਆਪਣੇ ਮਨ ਨੂੰ ਰੁਸ਼ਨਾਉਂਦਾ ਹੈ ਤੇ
ਫੇਰ ਹੀ ਦੂਜੇ ਦੇ ਧੁਰ ਅੰਦਰ ਤੱਕ ਪਹੁੰਚ ਕੇ ਉਸ ਦੇ ਮਨ ਨੂੰ ਰੌਸ਼ਨ ਕਰਦਾ ਹੈ। ਜੇ
ਕਿਸੇ ਉੱਤੇ ਇਤਰ ਛਿੜਕਣਾ ਹੋਵੇ ਤਾਂ ਵੀ ਛਿੜਕਣ ਲੱਗਿਆਂ ਕੁੱਝ ਛਿੱਟੇ ਆਪਣੇ ਉੱਤੇ
ਵੀ ਪੈ ਹੀ ਜਾਂਦੇ ਹਨ। ਬਿਲਕੁਲ ਇੰਜ ਹੀ ਜੇ ਕਿਸੇ ਉੱਤੇ ਵਾਰ ਕਰਨਾ ਹੋਵੇ ਤਾਂ ਵੀ
ਪਹਿਲਾਂ ਆਪਣੇ ਸਰੀਰ ਅੰਦਰ ਮਾੜੇ ਹਾਰਮੋਨਾਂ ਦਾ ਹੜ ਸ਼ੁਰੂ ਹੋ ਜਾਂਦਾ ਹੈ ਜੋ ਹੌਲੀ
ਹੌਲੀ ਸਾਡੇ ਸਰੀਰ ਦਾ ਨਾਸ ਮਾਰ ਦਿੰਦੇ ਹਨ, ਫੇਰ ਹੀ ਦੂਜੇ ਉੱਤੇ ਵਾਰ ਕੀਤਾ
ਜਾਂਦਾ ਹੈ।
ਬਹੁਤ ਘੱਟ ਜਣੇ ਯਾਦ ਰੱਖਦੇ ਹਨ ਕਿ ਕਿਸੇ ਦਾ ਕੀਤਾ ਭਲਾ ਕਈ ਵਾਰ ਅਜਿਹੇ ਮੌਕੇ
ਵਾਪਸ ਮਿਲਦਾ ਹੈ ਜਦੋਂ ਹੋਰ ਕੋਈ ਆਸ ਨਹੀਂ ਬਚਦੀ। ਅਜਿਹੀ ਇਕ ਉਦਾਹਰਣ ਦਾ ਮੈਂ
ਜ਼ਿਕਰ ਕਰਨ ਲੱਗੀ ਹਾਂ।
ਮੈਂ ਲੰਡਨ ਵਿਖੇ ਮੈਡੀਕਲ ਕਾਲਜ ਵਿਚ ਗਈ ਤਾਂ ਉੱਥੇ ਇਕ ਬੋਰਡ ਉੱਤੇ ਇਕ ਡਾਕਟਰ
ਦਾ ਜ਼ਿਕਰ ਸੀ। ਉਸ ਬਾਰੇ ਕੁੱਝ ਇਉਂ ਲਿਖਿਆ ਹੋਇਆ ਸੀ :
ਇਕ ਸਕੂਲ ਵਿਚ ਇਕ ਬੱਚਾ ਬੇਹੋਸ਼ ਹੋ ਕੇ ਡਿੱਗ ਗਿਆ। ਉੱਥੇ ਇਕ ਅਧਿਆਪਿਕਾ ਨੇ
ਉਸ ਬੱਚੇ ਨੂੰ ਚੁੱਕਿਆ ਤੇ ਮੇਜ਼ ਉੱਤੇ ਲਿਟਾਇਆ। ਪੁੱਛਣ ਉੱਤੇ ਪਤਾ ਲੱਗਿਆ ਕਿ ਉਹ
ਬੱਚਾ ‘‘ ਵਿਕਟਰ’’ ਬਹੁਤ ਗ਼ਰੀਬ ਘਰ ਵਿੱਚੋਂ ਸੀ ਤੇ ਉਸਨੇ ਸਵੇਰ ਦਾ ਨਾਸ਼ਤਾ ਵੀ
ਨਹੀਂ ਸੀ ਕੀਤਾ ਹੋਇਆ। ਅਧਿਆਪਿਕਾ ਨੇ ਝਟਪਟ ਆਪਣੇ ਦੁਪਿਹਰ ਦੀ ਰੋਟੀ ਤੇ ਥਰਮਸ
ਵਿੱਚੋਂ ਚਾਹ ਕੱਢ ਕੇ ਉਸ ਬੱਚੇ ਨੂੰ ਦੇ ਦਿੱਤੀ। ਇੰਜ ਪੰਜ ਦਿਨ ਉਹ ਬੱਚਾ ਸਕੂਲ
ਆਉਂਦਾ ਰਿਹਾ ਤੇ ਪੰਜੋ ਦਿਨ ਅਧਿਆਪਿਕਾ ਨੇ ਆਪਣੀ ਦੁਪਿਹਰ ਦੀ ਰੋਟੀ ਤੇ ਚਾਹ ਉਸ
ਬੱਚੇ ਨੂੰ ਦਿੱਤੀ। ਛੇਵੇਂ ਦਿਨ ਤੋਂ ਬਾਅਦ ਉਹ ਬੱਚਾ ਫੇਰ ਕਦੇ ਸਕੂਲ ਨਹੀਂ ਆਇਆ।
ਸਮਾਂ ਪਾ ਕੇ ਅਧਿਆਪਿਕਾ ਰਿਟਾਇਰ ਹੋ ਗਈ ਅਤੇ ਆਪਣੇ ਪਿੰਡ ਦੇ ਘਰ ਵਿਚ ਰਹਿਣ
ਚਲੀ ਗਈ। ਇਕ ਦਿਨ ਉਸਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਬਹੁਤ ਸੀਰੀਅਸ ਹੋ ਗਈ।
ਗੁਆਂਢੀਆਂ ਨੇ ਉਸਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਉੱਥੋਂ ਦੇ ਡਾਕਟਰਾਂ ਨੇ
ਉਸਦੀ ਵਿਗੜੀ ਹਾਲਤ ਵੇਖ ਕੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ। ਇਕ ਮਹੀਨਾ ਉਹ ਉੱਥੇ
ਦਾਖਲ ਰਹੀ। ਅਖੀਰ ਇਕ ਦਿਨ ਨਰਸ ਨੇ ਆ ਕੇ ਉਸਨੂੰ ਕਿਹਾ ਕਿ ਸਵੇਰੇ ਉਸਨੂੰ ਛੁੱਟੀ
ਮਿਲਣ ਵਾਲੀ ਹੈ। ਸਵੇਰੇ ਹਸਪਤਾਲ ਦਾ ਬਿਲ ਤਾਰ ਕੇ ਉਹ ਆਪਣੇ ਘਰ ਜਾ ਸਕੇਗੀ।
ਬਜ਼ੁਰਗ ਅਧਿਆਪਿਕਾ ਨੂੰ ਸਾਰੀ ਰਾਤ ਨੀਂਦਰ ਨਹੀਂ ਆਈ। ਏਨੇ ਵੱਡੇ ਹਸਪਤਾਲ ਦਾ
ਮਹੀਨੇ ਭਰ ਦਾ ਬਿਲ ਤਾਰਨ ਲਈ ਉਸ ਕੋਲ ਮਾਇਆ ਨਹੀਂ ਸੀ। ਜੇ ਕਰਜ਼ਾ ਚੁੱਕਦੀ ਤਾਂ
ਕਿਵੇਂ ਵਿਆਜ ਪੂਰਾ ਕਰਦੀ?
ਇਸੇ ਉਧੇੜਬੁਨ ਵਿਚ ਸਵੇਰ ਹੋ ਗਈ। ਜਦੋਂ ਸਵੇਰ ਦੇ ਨਾਸ਼ਤੇ ਦੀ ਪਲੇਟ ਲੈ ਕੇ
ਹਸਪਤਾਲ ਦਾ ਬੰਦਾ ਉਸਦੇ ਕਮਰੇ ਅੰਦਰ ਵੜਿਆ ਤਾਂ ਨਾਲ ਬਿਲ ਵੀ ਸੀ। ਕੰਬਦੇ ਹੱਥਾਂ
ਨਾਲ ਉਸਨੇ ਬਿਲ ਚੁੱਕਿਆ। ਬਿਲ ਦੇ ਮੂਹਰੇ ਇਕ ਛੋਟੀ ਚਿਟ ਲੱਗੀ ਹੋਈ ਸੀ। ਉਸ ਉੱਤੇ
ਲਿਖਿਆ ਸੀ - ‘‘ ਸਤਿਕਾਰਯੋਗ ਮੈਡਮ, ਅੱਜ ਤੁਹਾਡੇ ਪੰਜ ਦਿਨਾਂ ਦੀ ਖਾਧੀ ਰੋਟੀ ਤੇ
ਚਾਹ ਦਾ ਬਿਲ ਤਾਰ ਦਿੱਤਾ ਹੈ। ’’
ਹੇਠਾਂ ਉਸੇ ਵਿਦਿਆਰਥੀ ‘‘ਵਿਕਟਰ’’ ਦੇ ਦਸਖ਼ਤ ਸਨ ਜੋ ਹੁਣ ਇਸ ਵੱਡੇ ਹਸਪਤਾਲ
ਦਾ ਇੰਚਾਰਜ ਬਣ ਚੁੱਕਿਆ ਸੀ।
ਅਸਲ ਮਾਅਣਿਆਂ ਵਿਚ ਇਹੀ ਗੁਰੂ ਸ਼ਿਸ਼ ਪਰੰਪਰਾ ਹੁੰਦੀ ਹੈ। ਸਾਡੀ ਧਰਤੀ ਉੱਤੇ
ਸਦੀਆਂ ਤੋਂ ਤੁਰਦੀ ਆਉਂਦੀ ਇਹ ਪਰੰਪਰਾ ਹੁਣ ਕੁੱਝ ਤਿੜਕਣ ਲੱਗ ਚੁੱਕੀ ਹੈ। ਕਈ
ਥਾਵਾਂ ਤੋਂ ਇਹ ਖ਼ਬਰਾਂ ਨਸ਼ਰ ਹੋਣ ਲੱਗ ਪਈਆਂ ਹਨ ਕਿ ਵਿਦਿਆਰਥੀ ਆਪਣੇ ਅਧਿਆਪਿਕਾਂ
ਦੀ ਕਦਰ ਨਹੀਂ ਕਰਦੇ ਅਤੇ ਅਧਿਆਪਕ ਵੀ ਪੂਰਾ ਦੋਸ਼ ਵਿਦਿਆਰਥੀਆਂ ਵਿਚ ਹੀ ਕੱਢ ਰਹੇ
ਹਨ।
ਇਕ ਝਾਤ ਮਾਰੀਏ ਪੁੰਗਰਦੇ ਬੂਟੇ ਅਤੇ ਮਾਲੀ ਦੇ ਰਿਸ਼ਤੇ ਵੱਲ! ਇਕ ਵੱਡਾ ਸੰਘਣਾ
ਦਰਖ਼ਤ ਬਣ ਜਾਣ ਲਈ ਮਾਲੀ ਬੂਟੇ ਨੂੰ ਜੀਅ ਜਾਨ ਨਾਲ ਸਿੰਜ ਕੇ, ਉਸਦੀਆਂ ਟਾਹਣੀਆਂ
ਛਾਂਗ ਕੇ, ਰੋਜ਼ ਲੋੜੀਂਦਾ ਪਾਣੀ ਪਾ ਕੇ, ਗੋਡੀ ਕਰ ਕੇ ਉਸਨੂੰ ਵੱਡਾ ਹੋ ਜਾਣ ਤਕ
ਉਸਦੀ ਸੇਵਾ ਕਰਦਾ ਹੈ। ਫੇਰ ਦਰਖ਼ਤ ਮਾਲੀ ਨੂੰ ਉਸਦੇ ਅੰਤ ਤੱਕ ਫਲ ਤੇ ਛਾਂ ਦੇਣ
ਯੋਗ ਬਣ ਜਾਂਦਾ ਹੈ।
ਕੁੱਝ ਇਹੋ ਜਿਹੇ ਹੀ ਗੁਰੂ ਸ਼ਿਸ਼ ਦੇ ਰਿਸ਼ਤੇ ਦੀਆਂ ਮਿਸਾਲਾਂ ਸਾਡੀ ਧਰਤੀ ਉੱਤੇ
ਭਰੀਆਂ ਪਈਆਂ ਹਨ। ਗੁਰੂ ਦੇ ਇਕ ਇਸ਼ਾਰੇ ਉੱਤੇ ਏਕਲਵਿਆ ਨੇ ਅੰਗੂਠਾ ਕੱਟ ਕੇ ਧਰ
ਦਿੱਤਾ। ਇਹ ਇਸਲਈ ਹੋਇਆ ਕਿ ਗੁਰੂ ਕੋਲੋਂ ਭਾਵੇਂ ਚੋਰੀ ਹੀ ਸਹੀ ਪਰ ਸਿਰੇ ਦਾ
ਗਿਆਨ ਮਿਲਿਆ ਜਿਸ ਨਾਲ ਉਸਦੀ ਵੱਖ ਪਛਾਣ ਬਣੀ ਅਤੇ ਉਹ ਸਾਰੀ ਉਮਰ ਲਈ ਆਪਣੇ ਗੁਰੂ
ਦਾ ਰਿਣੀ ਹੋ ਗਿਆ।
ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਰ, ਗੁਰੂ ਬਣਨ ਲਈ ਕਿੰਨੇ ਤਿਆਗ
ਦੀ ਲੋੜ ਹੈ, ਇਸ ਦੀਆਂ ਕੁੱਝ ਉਦਾਹਰਣਾਂ ਵੱਲ ਧਿਆਨ ਦੇਈਏ। ਗੁਰੂ ਅਮਰਦਾਸ ਜੀ ਨੇ
ਜਦੋਂ ਸ਼ਿਸ਼ ਬਣਨ ਬਾਰੇ ਸੋਚਿਆਂ ਤਾਂ 60 ਸਾਲਾਂ ਦੀ ਉਮਰ ਵਿਚ ਗੁਰੂ ਅੰਗਦ ਦੇਵ ਜੀ
ਦੀ ਸੇਵਾ ਕਰਨ ਲੱਗੇ ਤੇ 72 ਸਾਲਾਂ ਦੀ ਉਮਰ ਉੱਤੇ ਗੁਰੂ ਦੀ ਉਪਾਧੀ ਮਿਲੀ। ਗੁਰੂ
ਤੇਗ ਬਹਾਦਰ ਜੀ ਨੇ ਸੀਸ ਵਾਰ ਕੇ ਗੁਰੂ ਹੋਣ ਦੇ ਦਰਜੇ ਨੂੰ ਹੋਰ ਉਚਾਈ ਉੱਤੇ
ਪਹੁੰਚਾ ਦਿੱਤਾ। ਸਿਰਫ ਇਹ ਹੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਬਣਨ ਲਈ
ਨਵਾਂ ਇਤਿਹਾਸ ਸਿਰਜਿਆ। ਆਪਣਾ ਆਪ ਹੀ ਨਹੀਂ ਬਲਕਿ ਮਾਂ, ਪਿਓ, ਪੁੱਤਰ, ਘਰ ਬਾਰ,
ਸਭ ਕੁੱਝ ਨਿਛਾਵਰ ਕਰ ਕੇ ਆਪਣੇ ਨਾਲ ਜੁੜੇ ਬੰਦਿਆਂ ਨੂੰ ਪੁੱਤਰ ਦਾ ਦਰਜਾ ਦੇ ਕੇ
ਨਿਵਾਜਿਆ।
ਨਤੀਜਾ - ਸਦੀਆਂ ਤਕ ਅਜਿਹੇ ਗੁਰੂ ਦੇ ਨਾਮਲੇਵਾ ‘ਉਸ’ ਦੀ ਸੋਚ ਅਤੇ ‘ਉਸ’ ਦੇ
ਤਿਆਗ ਅੱਗੇ ਸੀਸ ਝੁਕਾਉਣ ਉੱਤੇ ਮਜਬੂਰ ਹੋ ਜਾਂਦੇ ਹਨ ਅਤੇ ਸ਼ਿਸ਼ ਕਹਾਏ ਜਾਣ ਉੱਤੇ
ਵਾਰੇ ਵਾਰੇ ਜਾਂਦੇ ਹਨ।
ਇਹ ਤਾਂ ਸਪਸ਼ਟ ਹੋ ਹੀ ਗਿਆ ਕਿ ਮੌਜੂਦਾ ਗੁਰੂ ਸ਼ਿਸ਼ ਦੇ ਵਿਗੜਦੇ ਰਿਸ਼ਤੇ ਵਿਚ
ਸਿਰਫ਼ ਸ਼ਿਸ਼ ਦੀ ਹੀ ਗ਼ਲਤੀ ਨਹੀਂ ਹੁੰਦੀ ਬਲਕਿ ਗੁਰੂ ਵੀ ਆਪਣੇ ਆਪ ਨੂੰ ਉਸ ਉਚਾਈ ਤਕ
ਪਹੁੰਚਾਉਣ ਵਿਚ ਨਾਕਾਮਯਾਬ ਰਹਿ ਜਾਂਦੇ ਹਨ।
ਵੈਸੇ ਵੀ ਸਿਆਣੇ ਕਹਿੰਦੇ ਹਨ ਕਿ ਜੇ ਕਿਸੇ ਉਸਤਾਦ ਦਾ ਸ਼ਾਗਿਰਦ ਉਸਤੋਂ ਅਗਾਂਹ
ਨਹੀਂ ਲੰਘ ਸਕਿਆ ਤਾਂ ਜ਼ਰੂਰ ਉਸਤਾਦ ਵਿਚ ਕੋਈ ਕਮੀ ਹੋਵੇਗੀ। ਵਧੀਆ ਉਸਤਾਦ ਦੀ
ਪਛਾਣ ਹੀ ਇਸਤੋਂ ਹੁੰਦੀ ਹੈ ਕਿ ਉਸਦੇ ਸ਼ਾਗਿਰਦ ਉਸਤੋਂ ਦੋ ਕਦਮ ਅਗਾਂਹ ਲੰਘ ਚੁੱਕੇ
ਹੋਣ!
ਬੱਚੇ ਦੀ ਪਹਿਲੀ ਅਧਿਆਪਿਕਾ ਮਾਂ ਹੁੰਦੀ ਹੈ। ਉਹ ਜ਼ਿੰਦਗੀ ਬਖ਼ਸ਼ਣ ਦੇ ਨਾਲ ਨਾਲ
ਉਸਨੂੰ ਤੁਰਨਾ, ਬੋਲਣਾ, ਲੋਕਾਂ ਵਿਚ ਵਿਚਰਨਾ ਸਿਖਾਉਂਦੀ ਹੈ। ਪਰ ਅਸਲ ਰੋਲ
ਅਧਿਆਪਕ ਦਾ ਹੁੰਦਾ ਹੈ - ਦੂਜਿਆਂ ਨਾਲ ਮਿਲਵਰਤਣ, ਵਧੀਆ ਜ਼ਿੰਦਗੀ ਜੀਊਣ ਦਾ ਢੰਗ,
ਆਪਸੀ ਪਿਆਰ ਵਧਾਉਣਾ ਅਤੇ ਆਉਣ ਵਾਲੇ ਸਮਾਜ ਨੂੰ ਵਧੀਆ ਸਿਰਜਣ ਵਿਚ ਮਦਦ ਕਰਨਾ!
ਇਸ ਬਾਰੇ ਇਕ ਹੋਰ ਵਾਕਿਆ ਦਾ ਜ਼ਿਕਰ ਕਰਨਾ ਚਾਹਾਂਗੀ। ਮੇਰੀ ਜਮਾਤਣ ਦਾ ਭਰਾ
ਫੌਜ ਵਿਚ ਸੀ। ਇਕ ਦਿਨ ਖ਼ਬਰ ਮਿਲੀ ਕਿ ਉਹ ਸ਼ਹੀਦ ਹੋ ਗਿਆ ਹੈ। ਹੋਰਨਾਂ ਵਾਂਗ ਮੈਂ
ਵੀ ਉਸਦੇ ਘਰ ਅਫ਼ਸੋਸ ਕਰਨ ਗਈ। ਉੱਥੇ ਇਕ ਬਜ਼ੁਰਗ ਔਰਤ ਜਦੋਂ ਘਰ ਅੰਦਰ ਵੜੀ ਤਾਂ
ਇਕਦਮ ਪੰਦਰਾਂ ਵੀਹ ਜਣੇ ਉੱਠ ਕੇ ਉਸਦੇ ਪੈਰੀਂ ਹੱਥ ਲਾਉਣ ਲੱਗ ਪਏ। ਕਿਸੇ ਨੇ
ਮੇਰੀ ਸਹੇਲੀ ਦੇ ਮਾਪਿਆਂ ਦੇ ਕੰਨ ਅੰਦਰ ਵੀ ਖੁਸਰ ਫੁਸਰ ਕੀਤੀ ਤਾਂ ਉਹ ਵੀ ਝੱਟ
ਉੱਠ ਕੇ ਉਸੇ ਬਜ਼ੁਰਗ ਔਰਤ ਦੇ ਅੱਗੇ ਝੁੱਕ ਗਏ।
ਮੈਂ ਸੋਚਿਆ ਕਿਸੇ ਡੇਰੇ ਦੀ ਇੰਚਾਰਜ ਹੋਵੇਗੀ। ਮੇਰੀ ਸਹੇਲੀ ਨੇ ਮੈਨੂੰ ਇਸ਼ਾਰਾ
ਕੀਤਾ ਕਿ ਆ ਉਸ ਬਜ਼ੁਰਗ ਨੂੰ ਮਿਲਾਵਾਂ। ਜਦੋਂ ਮੈਂ ਅਨਮਣੇ ਨਾਲ ਉੱਠੀ ਤਾਂ ਉਸਨੇ
ਮੇਰੇ ਕੰਨ ਵਿਚ ਹੌਲੀ ਜਿਹੀ ਕਿਹਾ, ‘‘ ਇਹ ਮੇਰੇ ਭਰਾ ਦੀ ਹਿਸਾਬ ਦੀ ਟੀਚਰ ਸੀ।
’’ ਬੇਯਕੀਨੀ ਜਿਹੀ ਨਾਲ ਮੈਂ ਤੁਰਦੀ ਸੋਚਣ ਲੱਗੀ ਕਿ ਹਿਸਾਬ ਦੀ ਟੀਚਰ ਨੂੰ ਏਨੇ
ਜਣੇ ਝੁੱਕ ਕੇ ਕਿਉਂ ਮਿਲ ਰਹੇ ਸਨ?
ਕੋਲ ਪਹੁੰਚ ਕੇ ਵੇਖਿਆ ਮੇਰੀ ਸਹੇਲੀ ਦੇ ਮਾਪੇ ਉਸ ਹਿਸਾਬ ਦੀ ਅਧਿਆਪਿਕਾ ਨੂੰ
ਇਕ ਫਟਣ ਦੇ ਨੇੜੇ ਪਹੁੰਚਿਆ ਕਾਗਜ਼ ਖੋਲ ਕੇ ਵਿਖਾ ਰਹੇ ਸਨ। ਜਿੱਥੋਂ ਜਿੱਥੋਂ ਉਹ
ਕਾਗਜ਼ ਮੋੜਿਆ ਗਿਆ ਸੀ, ਉੱਥੋਂ ਚੇਪੀਆਂ ਲਾ ਲਾ ਕੇ ਉਸਨੂੰ ਜੋੜਨ ਦੀ ਨਾਕਾਮਯਾਬ
ਕੋਸ਼ਿਸ਼ ਕੀਤੀ ਗਈ ਸੀ। ਕਾਗਜ਼ ਦੀਆਂ ਤੈਆਂ ਖੋਲ ਕੇ ਉਸ ਅਧਿਆਪਿਕਾ ਅੱਗੇ ਕਰ ਕੇ
ਮੇਰੀ ਸਹੇਲੀ ਦੇ ਪਿਤਾ ਬੋਲੇ, ‘‘ ਮੈਡਮ ਜੀ, ਇਹ ਕਾਗਜ਼ ਪਛਾਣਦੇ ਹੋ? ’’ ਉਸਨੇ
ਐਣਕ ਠੀਕ ਕਰਦਿਆਂ ਨੀਝ ਲਾ ਕੇ ਵੇਖਿਆ ਤੇ ਹਾਂ ਵਿਚ ਸਿਰ ਹਿਲਾਇਆ ਕਿ ਇਹ ਉਸੇ ਦੀ
ਲਿਖਾਈ ਹੈ।
ਮੇਰੀ ਸਹੇਲੀ ਦੀ ਮਾਂ ਬੋਲ ਪਈ, ‘‘ ਜਦੋਂ ਮੇਰਾ ਪੁੱਤਰ ਸ਼ਹੀਦ ਹੋਇਆ ਤਾਂ ਸਾਡੇ
ਵਿੱਚੋਂ ਕਿਸੇ ਦੀ ਤਸਵੀਰ ਉਸ ਕੋਲ ਨਹੀਂ ਸੀ। ਉਸਦਾ ਛੱਲਣੀ ਹੋਇਆ ਜਿਸਮ ਜਦੋਂ
ਸਾਨੂੰ ਮੋੜਿਆ ਗਿਆ ਤਾਂ ਉਸਦੀ ਜੇਬ ਵਿਚ ਜਿਹੜਾ ਪਰਸ ਆਖ਼ਰੀ ਸਾਹ ਛੱਡਣ ਸਮੇਂ ਸੀ,
ਉਸ ਵਿਚ ਇਹ ਕਾਗਜ਼ ਪਿਆ ਸੀ। ’’
ਮੈਨੂੰ ਜਾਨਣ ਦੀ ਉਤਸੁਕਤਾ ਹੋਈ ਕਿ ਉਸ ਵਿਚ ਅਜਿਹਾ ਕੀ ਲਿਖਿਆ ਸੀ ਜੋ ਜਾਨ
ਤੋਂ ਵੱਧ ਅਜ਼ੀਜ਼ ਸੀ? ਹਾਲ ਵਿਚ ਕਈ ਹੋਰ ਜਣੇ ਅਫਸੋਸ ਕਰਨ ਆਏ ਵੀ ਅਧਿਆਪਿਕਾ ਨੂੰ
ਕਿਸੇ ਸੰਤ ਦੀ ਚੇਲੀ ਮੰਨ ਦਰਸ਼ਨਾਂ ਲਈ ਨੇੜੇ ਹੋ ਗਏ ਸਨ।
ਅਧਿਆਪਿਕਾ ਅੱਖਾਂ ਪੂੰਝਦੀ ਹੋਈ ਬੋਲੀ, ‘‘ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਇਹ
ਕੀਤਾ ਕੰਮ ਏਨਾ ਡੂੰਘਾ ਅਸਰ ਛੱਡੇਗਾ। ’’ ਏਨੇ ਨੂੰ ਬਾਕੀ ਵੀਹ ਜਣੇ ਵੀ ਜਿਹੜੇ
ਪਹਿਲਾਂ ਉੱਠੇ ਸੀ, ਆਪੋ ਆਪਣੀ ਪਛਾਣ ਕਰਵਾ ਕੇ ਅਧਿਆਪਿਕਾ ਨੂੰ ਦੱਸਣ ਲੱਗ ਪਏ ਕਿ
ਅਸੀਂ ਵੀ ਇਹ ਕਾਗਜ਼ ਜਾਨ ਤੋਂ ਵੱਧ ਸਾਂਭਿਆ ਪਿਆ ਹੈ। ਕੋਈ ਕਹੇ ਲਾਕਰ ਵਿਚ ਰੱਖਿਆ
ਹੈ, ਕਿਸੇ ਨੇ ਆਪਣੇ ਵਿਆਹ ਦੀ ਐਲਬਮ ਏਸੇ ਤੋਂ ਸ਼ੁਰੂ ਕੀਤੀ ਸੀ, ਕੋਈ ਆਫਿਸ ਦੀ
ਮੇਜ਼ ਉੱਤੇ ਸ਼ੀਸ਼ੇ ਹੇਠਾਂ ਲਾਈ ਬੈਠਾ ਸੀ ਤੇ ਕਿਸੇ ਨੇ ਮੜਾ ਕੇ ਘਰ ਦੀ ਕੰਧ ਉੱਤੇ
ਟੰਗਿਆ ਹੋਇਆ ਸੀ!
ਮੇਰੇ ਤੋਂ ਪੁੱਛੇ ਬਗ਼ੈਰ ਰਿਹਾ ਨਹੀਂ ਗਿਆ ਕਿ ਆਖ਼ਰ ਇਸ ਕਾਗਜ਼ ਵਿਚ ਕੀ ਏਨੀ ਖ਼ਾਸ
ਗੱਲ ਹੈ।
ਹਿਸਾਬ ਦੀ ਅਧਿਆਪਿਕਾ ਨੇ ਦੱਸਿਆ, ‘‘ ਜਦੋਂ ਮੈਂ ਸਕੂਲ ਪੜਾਉਣ ਲੱਗੀ ਸੀ ਤਾਂ
ਮੈਨੂੰ ਦੱਸਿਆ ਗਿਆ ਸੀ ਕਿ ਅੱਠਵੀਂ ਜਮਾਤ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਹੈ ਅਤੇ
ਇਹ ਆਪੋ ਵਿਚ ਲੜਦੇ ਝਗੜਦੇ ਵੀ ਬਹੁਤ ਹਨ। ਮੈਂ ਆਪ ਵੀ ਪਹਿਲੀ ਕਲਾਸ ਲੈਂਦਿਆਂ
ਵੇਖਿਆ ਕਿ ਬਿਨਾਂ ਵਜਾ ਉਹ ਇਕ ਦੂਜੇ ਨਾਲ ਝਗੜਣ ਨੂੰ ਤਿਆਰ ਬੈਠੇ ਰਹਿੰਦੇ ਸਨ ਤੇ
ਇਕ ਦੂਜੇ ਦੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਸਨ। ’’
ਏਨਾ ਸੁਣਦੇ ਸਾਰ ਉੱਥੇ ਖੜੇ 15-20 ਉਨਾਂ ਦੇ ਵਿਦਿਆਰਥੀ ਮੁਸਕੁਰਾ ਪਏ ਤੇ ਰਤਾ
ਸ਼ਰਮਿੰਦਾ ਵੀ ਹੋਏ!
ਅਧਿਆਪਿਕਾ ਨੇ ਉਨਾਂ ਵਿੱਚੋਂ ਇਕ ਦਾ ਮੋਢਾ ਥਪਥਪਾ ਕੇ ਕਿਹਾ, ‘‘ ਇਹ ਰਿੰਗ
ਲੀਡਰ ਸੀ। ਕਿਉਂ ਬਈ ਯਾਦ ਐ? ’’ ਉਸਨੇ ਸਿਰ ਝੁਕਾ ਕੇ ਹਾਮੀ ਭਰੀ ਤਾਂ ਅਧਿਆਪਿਕਾ
ਨੇ ਗੱਲ ਅੱਗੇ ਤੋਰੀ, ‘‘ ਮੈਂ ਇਕ ਦਿਨ ਆਪਣੇ ਮਨ ਵਿਚ ਫੈਸਲਾ ਲਿਆ ਕਿ ਮੈਂ ਇਹ ਸਭ
ਬਦਲ ਦੇਣਾ ਹੈ। ਉਸ ਦਿਨ ਕਲਾਸ ਵਿਚ ਮੈਂ ਇਕ ਨਵਾਂ ਤਜਰਬਾ ਕੀਤਾ। ਹਰ ਕਿਸੇ ਨੂੰ
ਕਾਗਜ਼ ਦਿੱਤਾ ਕਿ ਬਾਕੀ ਦੀ ਪੂਰੀ ਕਲਾਸ ਦੇ ਮੁੰਡੇ ਅਤੇ ਕੁੜੀਆਂ ਦੇ ਨਾਂ ਲਿਖ ਕੇ
ਉਸ ਅੱਗੇ ਉਸ ਬਾਰੇ ਸਭ ਤੋਂ ਵਧੀਆ ਗੱਲ ਲਿਖਣ। ਮੈਂ ਹਦਾਇਤ ਕੀਤੀ ਕਿ ਇਕ ਹਰਫ ਵੀ
ਕਿਸੇ ਬਾਰੇ ਮਾੜਾ ਨਹੀਂ ਲਿਖਣਾ। ਸਿਰਫ ਤਾਰੀਫ਼ ਹੀ ਲਿਖਣੀ ਹੈ। ਜਿਸਨੇ ਸਭ ਤੋਂ
ਵਧੀਆ ਦੂਜੇ ਬਾਰੇ ਲਿਖਿਆ, ਉਸਨੂੰ ਇਨਾਮ ਦਿੱਤਾ ਜਾਵੇਗਾ। ਉਸ ਸਾਰੇ ਕਾਗਜ਼ ਇੱਕਠੇ
ਕਰ ਕੇ ਮੈਂ ਘਰ ਲੈ ਗਈ। ਫੇਰ ਨਵਾਂ ਕਾਗਜ਼ ਲੈ ਕੇ ਇਕ ਬੱਚੇ ਦਾ ਨਾਂ ਉੱਤੇ ਲਿਖ ਕੇ
ਹੇਠਾਂ ਸਾਰੀ ਕਲਾਸ ਦੇ ਵਿਦਿਆਰਥੀਆਂ ਨੇ ਜੋ ਉਸ ਬਾਰੇ ਲਿਖਿਆ ਸੀ, ਉਹ ਆਪਣੇ ਹੱਥ
ਨਾਲ ਦਰਜ ਕਰ ਦਿੱਤਾ। ਇੰਜ ਹੀ ਹਰ ਬੱਚੇ ਦਾ ਵੱਖ ਕਾਗਜ਼ ਬਣਾਇਆ।
ਇਹ ਸਾਰੇ ਵਿਦਿਆਰਥੀ ਉਸੇ ਕਾਗਜ਼ ਦੀ ਗੱਲ ਕਰ ਰਹੇ ਹਨ ਜੋ ਮੈਂ ਆਪਣੇ ਹੱਥ ਨਾਲ
ਲਿਖੇ ਸਨ ਪਰ ਵਿਚਾਰ ਇਨਾਂ ਸਾਰਿਆਂ ਦੇ ਸਨ। ਇਕ ਦੂਜੇ ਵੱਲੋਂ ਲਿਖੇ ਤਾਰੀਫ਼ ਦੇ
ਸ਼ਬਦ ਏਨਾ ਡੂੰਘਾ ਅਸਰ ਛੱਡ ਗਏ ਕਿ ਉਸ ਕਲਾਸ ਵਿਚ ਮਾਰ-ਕੁਟਾਈ, ਲੜਾਈ-ਝਗੜੇ ਉੱਕਾ
ਹੀ ਖ਼ਤਮ ਹੋ ਗਏ। ਮੈਨੂੰ ਉਦੋਂ ਆਪ ਹੀ ਅੰਦਾਜ਼ਾ ਨਹੀਂ ਸੀ ਕਿ ਇਹ ਕਾਗਜ਼ ਇਨਾਂ
ਬੱਚਿਆਂ ਲਈ ਬੇਸ਼ਕੀਮਤੀ ਬਣ ਜਾਣ ਵਾਲੇ ਹਨ ਤੇ ਇਹ ਉਨਾਂ ਨੂੰ ਆਖ਼ਰੀ ਸਾਹ ਤਕ ਸਾਂਭ
ਕੇ ਰੱਖਣਗੇ। ’’
ਮੇਰੇ ਮਨ ਉੱਤੇ ਅਜਿਹੀਆਂ ਗੱਲਾਂ ਡੂੰਘਾ ਅਸਰ ਛੱਡਦੀਆਂ ਹਨ। ਏਸੇ ਲਈ ਇਹ ਗੱਲ
ਮੈਂ ਭੁਲਾ ਨਹੀਂ ਸਕੀ। ਇਸ ਵਿੱਚੋਂ ਬਹੁਤ ਕੁੱਝ ਸਿੱਖਣ ਵਾਸਤੇ ਮਿਲਦਾ ਹੈ।
ਮਨੋਵਿਗਿਆਨਿਕ ਪੱਖੋਂ ਹਰ ਜਣਾ ਦੂਜੇ ਵਿੱਚੋਂ ਖ਼ਾਮੀਆਂ ਲੱਭ ਕੇ ਖ਼ੁਸ਼ੀ ਮਹਿਸੂਸ
ਕਰਦਾ ਹੈ। ਲੜਾਈ ਕਰਨੀ ਤਾਂ ਵੈਸੇ ਹੀ ਬਹੁਤ ਸੌਖੀ ਹੈ। ਬੱਚਿਆਂ ਤੋਂ ਇਕ ਦੂਜੇ
ਪ੍ਰਤੀ ਚੰਗਾ ਭਾਵ ਦਰਸਾਉਣਾ ਇਕ ਚੰਗੇ ਅਧਿਆਪਕ ਦੀ ਨਿਸ਼ਾਨੀ ਹੈ। ਉਹ ਗੱਲ ਕਿੰਨਾ
ਡੂੰਘਾ ਅਸਰ ਛੱਡ ਕੇ ਗਈ, ਇਹ ਤਾਂ ਸਪਸ਼ਟ ਹੋ ਹੀ ਗਿਆ। ਉਸ ਅਧਿਆਪਿਕਾ ਨੇ ਹਰ
ਵਿਦਿਆਰਥੀ ਨੂੰ ਭਾਵੇਂ ਨਾ ਪੜਾਇਆ ਹੋਵੇ, ਪਰ ਸੋਚਣ ਦੀ ਸਮੱਰਥਾ ਬਖ਼ਸ਼ ਦਿੱਤੀ ਹੈ।
ਇਹੋ ਜਿਹੇ ਅਧਿਆਪਿਕਾਂ ਸਦਕਾ ਹੀ ਕਿਹਾ ਜਾਂਦਾ ਰਿਹਾ ਹੈ ਕਿ ਸਕੂਲ ਖੁਲ ਜਾਣ
ਉੱਤੇ ਜੇਲਾਂ ਦੀ ਲੋੜ ਨਹੀਂ ਰਹਿੰਦੀ। ਅੱਜਕਲ ਦੇ ਬਦਲੇ ਮਾਹੌਲ ਵਿਚ ਸਾਡੀ ਪੜਾਈ
ਕੁੱਝ ਅਜਿਹੀ ਹੋ ਚੁੱਕੀ ਹੈ ਕਿ ਸਕੂਲਾਂ ਕਾਲਜਾਂ ਵਿਚ ਡਾਕਟਰ, ਇੰਜੀਨੀਅਰ ਤਾਂ
ਤਿਆਰ ਹੋ ਰਹੇ ਹਨ ਪਰ ਇਨਸਾਨ ਬਣਾਉਣੇ ਬੰਦ ਕਰ ਦਿੱਤੇ ਗਏ ਹਨ। ਬਹੁਗਿਣਤੀ ਅਧਿਆਪਕ
ਵੀ ਆਪਣੇ ਆਪ ਨੂੰ ਕਿਤਾਬਾਂ ਤੱਕ ਹੀ ਸੀਮਤ ਰਖ ਕੇ ਜ਼ਿੰਮੇਵਾਰੀ ਖ਼ਤਮ ਹੋਈ ਮੰਨ
ਲੈਂਦੇ ਹਨ।
ਇਹੀ ਕਾਰਣ ਹੈ ਕਿ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਬਿਨਾਂ ਕਿਸੇ ਸੇਧ ਤੋਂ ਛੇਤੀ
ਭਟਕ ਜਾਂਦੇ ਹਨ। ਨਤੀਜੇ ਵਜੋਂ ਜੁਰਮ, ਨਸ਼ੇ, ਮਾਰ ਕੁਟਾਈ, ਭਰੂਣ ਹੱਤਿਆ,
ਬਲਾਤਕਾਰ, ਘਰੇਲੂ ਹਿੰਸਾ, ਛੇਤੀ ਪੈਸੇ ਕਮਾਉਣ ਦੀ ਹੋੜ, ਵਤਨੋਂ ਪਾਰ ਭੱਜਣ ਦੀ
ਚਾਅ ਆਦਿ ਤੇਜ਼ੀ ਨਾਲ ਪੈਰ ਪਸਾਰ ਰਹੇ ਹਨ।
ਹਰ ਗਲੀ ਮੁਹੱਲੇ ਵਿਚ ਖੁੰਭਾਂ ਵਾਂਗ ਉੱਗਦੇ ਸਕੂਲ ਜ਼ਿਆਦਾਤਰ ਪੈਸੇ ਕਮਾਉਣ ਦਾ
ਧੰਧਾ ਹੀ ਬਣ ਕੇ ਰਹਿ ਗਏ ਹਨ।
ਬਹੁਤੇ ਸਕੂਲਾਂ ਵਿਚ ਮਾਦਾ ਭਰੂਣ ਹੱਤਿਆ, ਮਾਪਿਆਂ ਦੀ ਸੇਵਾ, ਦੇਸ ਪ੍ਰੇਮ,
ਟੱਬਰ ਵਿਚ ਰਹਿਣ ਦਾ ਸਲੀਕਾ, ਵਧੀਆ ਘਰੇਲੂ ਮਾਹੌਲ ਸਿਰਜਣ ਦਾ ਤਰੀਕਾ, ਆਦਿ ਬਾਰੇ
ਕੋਈ ਜ਼ਿਕਰ ਨਹੀਂ ਕਰਦਾ।
ਔਖਾ ਸਮਾਂ ਕਿਵੇਂ ਜਰਿਆ ਜਾਵੇ, ਸਿੱਧਾ ਸਿਖਰ ਵੱਲ ਝਾਕਣ ਤੋਂ ਪਹਿਲਾਂ ਉਸ ਵੱਲ
ਜਾਂਦਾ ਰਸਤਾ ਯਾਨੀ ਸਹਿਜੇ ਸਹਿਜੇ ਪੌੜੀਆਂ ਚੜਨ ਬਾਰੇ ਸਹੀ ਸੇਧ ਨਾ ਮਿਲਣ ਕਾਰਣ
ਬਥੇਰੇ ਖ਼ੁਦਕੁਸ਼ੀ ਕਰ ਜਾਂਦੇ ਹਨ।
ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਦੁਨੀਆ ਬਦਲਣ ਲਈ ਵਿਦਿਆ ਤੋਂ ਵੱਡਾ ਕੋਈ
ਹਥਿਆਰ ਨਹੀਂ। ਮਹਾਤਮਾ ਗਾਂਧੀ ਨੇ ਤਾਂ ਹਰ ਕਿਸੇ ਨੂੰ ਸ਼ਿਸ਼ ਬਣ ਕੇ ਰਹਿਣ ਬਾਰੇ
ਸਲਾਹ ਦਿੱਤੀ ਸੀ। ਉਨਾਂ ਕਿਹਾ ਸੀ ਕਿ ਜੀਓ ਰੱਜ ਕੇ ਜਿਵੇਂ ਤੁਸੀਂ ਕੱਲ ਹੀ ਮਰਨ
ਲੱਗੇ ਹੋ ਤੇ ਆਪਣਾ ਹਰ ਕੰਮ ਅੱਜ ਹੀ ਨਿਪਟਾਓ! ਪਰ, ਜਦੋਂ ਕੁੱਝ ਸਿੱਖਣ ਜਾਂ
ਗ੍ਰਹਿਣ ਕਰਨ ਦੀ ਗੱਲ ਹੋਵੇ ਤਾਂ ਇਹ ਸੋਚ ਕੇ ਗ੍ਰਹਿਣ ਕਰੋ ਜਿਵੇਂ ਤੁਸੀਂ ਹਮੇਸ਼ਾ
ਲਈ ਜੀਣਾ ਹੈ ਤੇ ਅਮਰ ਹੋ, ਸੋ ਨਿੱਠ ਕੇ ਪੂਰੀ ਜੀਅ ਜਾਨ ਲਾ ਕੇ ਸਿੱਖੋ!
ਹੁਣ ਗੱਲ ਰਹਿ ਗਈ ਦੋਵਾਂ, ਗੁਰੂ ਸ਼ਿਸ਼, ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ
ਵਿਦਿਆ ਗ੍ਰਹਿਣ ਕਰਨ ਵਾਲੇ ਸਿਸਟਮ ਵਿਚ ਕੁੱਝ ਬਦਲਾਓ ਲਿਆ ਕੇ ਇਸ ਰਿਸ਼ਤੇ ਨੂੰ ਹੋਰ
ਪਵਿੱਤਰ ਕਰਨ ਅਤੇ ਇਸਨੂੰ ਬਿਹਤਰ ਸਮਾਜ ਸਿਰਜਨ ਦਾ ਜ਼ਰੀਆ ਬਣਾਉਣ ਦੀ!
ਇਹ ਕਰਨਾ ਔਖਾ ਨਹੀਂ, ਇਸ ਬਾਰੇ ਮੈਂ ਸਪਸ਼ਟ ਕਰ ਚੁੱਕੀ ਹਾਂ। ਸੋ ਆਓ ਰਲ ਮਿਲ
ਕੇ ਇਸ ਤਬਦੀਲੀ ਨੂੰ ਸੰਭਵ ਕਰੀਏ ਤੇ ਨਿੱਗਰ ਉਪਾਅ ਉਲੀਕੀਏ! ਆਮੀਨ!!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |