ਇੰਗਲੈਂਡ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕਸਬੇ ਸਾਊਥਾਲ ਨੂੰ 'ਮਿੰਨੀ
ਪੰਜਾਬ' ਕਹਿ ਕੇ ਵੀ ਵਡਿਆਇਆ ਜਾਂਦਾ ਹੈ। ਸਾਊਥਾਲ ਦਾ ਮਿੰਨੀ ਪੰਜਾਬ ਵਿੱਚ ਤਬਦੀਲ
ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰੇ ਸਾਊਥਾਲ ਵਿੱਚ ਕੋਈ
ਟਾਵੀਂ ਹੀ ਦੁਕਾਨ ਹੋਵੇਗੀ ਜਿਸਦਾ ਮਾਲਕ ਕੋਈ ਗੋਰਾ ਹੋਵੇਗਾ, ਨਹੀਂ ਤਾਂ ਹਰ
ਦੁਕਾਨ, ਹਰ ਵਪਾਰ ਵਿੱਚ ਭਾਰਤੀਆਂ (ਜਿਆਦਾਤਰ ਪੰਜਾਬੀਆਂ) ਦਾ ਹੀ ਏਕਾਧਿਕਾਰ ਹੈ।
ਜਿੱਥੇ ਅਸੀਂ ਭਾਰਤੀ ਲੋਕ ਆਪਣੇ ਸਖ਼ਤ ਮਿਹਨਤ ਕਰਨ ਦੇ ਗੁਣ ਨੂੰ ਵੀ ਜਹਾਜ
ਚੜ੍ਹਾ ਕੇ ਨਾਲ ਲਿਆਏ ਸਾਂ ਉੱਥੇ ਅਸੀਂ ਇਹਨਾਂ ਅਤਿਵਿਕਸਤ ਮੁਲਕਾਂ ਵਿੱਚ ਆਪਣੇ
ਅੰਧਵਿਸ਼ਵਾਸ ਵੀ ਲਿਆਉਣੇ ਨਹੀਂ ਭੁੱਲੇ। ਜਿਸਦੀ ਉਦਾਹਰਣ ਸਾਊਥਾਲ ਦੀ ਜਰਨੈਲੀ ਸੜਕ
(ਬਰਾਡਵੇਅ) 'ਤੇ ਨਜ਼ਰ ਮਾਰਿਆਂ ਮਿਲ ਜਾਵੇਗੀ ਜਦੋਂ ਢਾਈ ਦਰਜਨ ਦੇ ਲਗਭਗ ਦੁਕਾਨਾਂ
ਅੱਗੇ 'ਹਸਤਰੇਖਾ ਦੇ ਮਾਹਿਰਾਂ' ਦੇ ਇਸ਼ਤਿਹਾਰੀ ਬੋਰਡ ਲੱਗੇ ਦੇਖੋਗੇ। ਪੰਜਾਬੀ,
ਹਿੰਦੀ ਦੇ ਅਖਬਾਰਾਂ ਵਿੱਚ ਹਥੇਲੀ 'ਤੇ ਸਰ੍ਹੋਂ ਜਮਾਉਣ ਦੇ ਦਮਗੱਜੇ ਮਾਰਨ ਵਾਲਿਆਂ
ਦਾ ਹੜ੍ਹ ਆਉਣਾ ਅਖੌਤੀ ਇਹ ਦੱਸਣ ਲਈ ਕਾਫੀ ਹਨ ਕਿ ਜੇ ਉੱਨ ਲੁਹਾਉਣ ਵਾਲੀ
ਮਾਨਸਿਕਤਾ ਜਿਉਂਦੀ ਹੈ ਤਾਂ ਉੱਨ ਮੁੰਨਣ ਵਾਲੇ ਵੀ ਮੌਕਾ ਨਹੀਂ ਖੁੰਝਾਉਂਦੇ। ਲੰਡਨ
ਏਰੀਏ ਦੇ ਸਾਊਥਾਲ, ਹੇਜ, ਹੰਸਲੋ ਆਦਿ ਕਸਬਿਆਂ ਵਿੱਚ ਇਹ ਅੰਧਵਿਸ਼ਵਾਸੀ ਵਰਤਾਰਾ
ਇੰਨੀ ਵੱਡੀ ਪੱਧਰ 'ਤੇ ਚੱਲ ਰਿਹਾ ਹੈ ਕਿ ਇਹਨਾਂ ਦੁਕਾਨਦਾਰਾਂ ਨੇ ਦੁਕਾਨ ਦੇ
ਮੁੱਖ ਦਰਵਾਜੇ ਅੱਗੇ ਲੰਘਦੇ ਲੋਕਾਂ ਨੂੰ ਇਸ਼ਤਿਹਾਰ ਵੰਡਣ ਲਈ ਔਰਤਾਂ ਵੀ ਖੜ੍ਹੀਆਂ
ਕੀਤੀਆਂ ਹੁੰਦੀਆਂ ਹਨ। ਬੇਸ਼ੱਕ ਇਸ ਅੰਧਵਿਸ਼ਵਾਸ ਫੈਲਾਉਣ ਵਾਲੇ ਵਰਤਾਰੇ ਬਾਰੇ
ਕੋਈ ਕਾਰਵਾਈ ਨਾ ਹੋਵੇ ਪਰ ਇਹਨਾਂ ਦੁਕਾਨਾਂ ਵਾਲਿਆਂ ਵੱਲੋਂ ਬਰਤਾਨੀਆ ਦੇ
ਕਿਰਾਏਦਾਰਾਂ ਸੰਬੰਧੀ ਨਿਯਮਾਂ ਅਤੇ ਕਿਰਤ ਕਾਨੂੰਨ ਦੀਆਂ ਉਡਾਈਆਂ ਜਾਂਦੀਆਂ
ਧੱਜੀਆਂ ਵੀ ਕਿਸੇ ਨੂੰ ਨਜ਼ਰ ਨਹੀਂ ਪੈ ਰਹੀਆਂ। ਕਿਉਂਕਿ ਇਸ਼ਤਿਹਾਰਬਾਜੀ ਲਈ
ਰੱਖੀਆਂ ਔਰਤਾਂ ਨੂੰ ਦਿੱਤਾ ਜਾਂਦਾ ਮਿਹਨਤਾਨਾ ਇੰਗਲੈਂਡ ਦੇ ਕਿਰਤ ਕਾਨੂੰਨ ਦੇ
ਮੂੰਹ ਉੱਪਰ ਚਪੇੜ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਇੱਥੇ ਹੀ ਬੱਸ
ਨਹੀਂ ਜੇਕਰ ਸਾਡੇ ਭਾਰਤੀ (ਪੰਜਾਬੀ) ਲੋਕਾਂ ਦੇ ਅੰਧਵਿਸ਼ਵਾਸਾਂ ਵਿੱਚ ਗ੍ਰਸੇ ਹੋਣ
ਦੀ ਪੁਸ਼ਟੀ ਕਰਨੀ ਹੋਵੇ ਤਾਂ ਤਿਉਹਾਰਾਂ ਦੇ ਦਿਨਾਂ ਵਿੱਚ ਚੁਰਾਹਿਆਂ ਵਿੱਚ ਕੀਤੇ
ਟੂਣਿਆਂ ਜਾਂ ਨਹਿਰਾਂ ਵਿੱਚ ਤੈਰਦੇ ਲਲੇਰਾਂ (ਨਾਰੀਅਲਾਂ) ਤੋਂ ਅੰਦਾਜ਼ਾ ਲਗਾਇਆ
ਜਾ ਸਕਦਾ ਹੈ ਕਿ ਅਸੀਂ ਬੇਸ਼ੱਕ ਪੌਂਡਾਂ ਡਾਲਰਾਂ ਵਾਲੇ ਦੇਸ਼ਾਂ ਵਿੱਚ ਆ ਕੇ
ਆਰਥਿਕ ਗਰੀਬੀ ਦੂਰ ਕਰ ਲਈ ਹੈ ਪਰ ਮਾਨਸਿਕ ਤੌਰ 'ਤੇ ਅਜੇ ਵੀ ਗਰੀਬ ਦੇ ਗਰੀਬ ਹੀ
ਹਾਂ।
ਕੀ ਕਹਿਣਾ ਹੈ ਐੱਮ. ਪੀ. ਵਰਿੰਦਰ ਸ਼ਰਮਾ ਦਾ
ਇਸ ਸੰਬੰਧੀ ਜਦ ਸਾਊਥਾਲ- ਈਲਿੰਗ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ
ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ “ਮੈਂ ਖੁਦ ਇਸ ਗੈਰ- ਵਿਗਿਆਨਕ ਵਰਤਾਰੇ
ਅਤੇ ਲੋਕਾਂ ਨੂੰ ਭੁਚਲੇਵੇ ‘ਚ ਲੈ ਕੇ ਮਾਨਸਿਕ ਤੇ ਆਰਥਿਕ ਤੌਰ ‘ਤੇ ਲੁੱਟ ਕਰਨ
ਵਾਲਿਆਂ ਦੇ ਖਿਲਾਫ ਹਾਂ। ਇਸ ਮਸਲੇ ਸੰਬੰਧੀ ਇੰਗਲੈਂਡ ਦੇ ਨਰਮ ਕਾਨੂੰਨ ਦਾ
ਨਾਜਾਇਜ਼ ਫਾਇਦਾ ਉਠਾ ਰਹੇ ਇਹਨਾਂ ਪਾਖੰਡੀਆਂ ਅਤੇ ਅਣਜਾਣਪੁਣੇ ਵਿੱਚ ਲੁੱਟੇ ਜਾ
ਰਹੇ ਭਾਈਚਾਰੇ ਦੇ ਲੋਕਾਂ ਲਈ ਜਰੂਰ ਚਿੰਤਤ ਹਾਂ। ਨੇੜ ਭਵਿੱਖ ਵਿੱਚ ਇਸ ਮਸਲੇ
ਸੰਬੰਧੀ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਜਰੂਰ ਕੋਈ ਰੂਪ ਰੇਖਾ
ਉਲੀਕਾਂਗੇ। ਇਸ ਦੇ ਨਾਲ ਨਾਲ ਮੀਡੀਆ ਅਤੇ ਜਾਗਰੂਕ ਲੋਕਾਂ ਨੂੰ ਵੀ ਬੇਨਤੀ ਕਰਾਂਗਾ
ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਪੱਧਰ ‘ਤੇ ਕੋਸਿ਼ਸ਼ਾਂ ਜਾਰੀ
ਰੱਖਣ।”
|