WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ

  
 

ਪੰਜ ਦਰਿਆਵਾ ਦੀ ਇਹ ਸਰਸਬਜ਼ ਧਰਤੀ ਪੰਜਾਬ (ਚੜ੍ਹਦਾ ਤੇ ਲਹਿੰਦਾ ਪੰਜਾਬ) ਸੰਮੂਹ ਪੰਜਾਬੀਆਂ ਦੀ ਸਾਂਝੀ ਧਰਤੀ ਹੈ, ਭਾਵੇਂ ਉਹ ਕਿਸੇ ਵੀ ਧਰਮ ਜਾਂ ਜ਼ਾਤ ਪਾਤ ਨਾਲ ਸਬੰਧ ਰਖਦੇ ਹੋਣੇ। ਇਸ ਧਰਤੀ ‘ਤੇ ਰਹਿਣ ਵਾਲਿਆਂ ਦੀ ਭਾਸ਼ਾ (ਮਾਂ-ਬੋਲੀ ਪੰਜਾਬੀ), ਸਭਿਆਚਾਰ, ਕਲਾ ਤੇ ਜਿਉਣਾ ਮਰਨਾ, ਦੁਖ ਸੁਖ ਸਾਂਝਾ ਹੈ। ਕਿਹਾ ਜਾਂਦਾ ਹੈ “ਪੰਜਾਬ ਦੇ ਜੰਮਦੇ ਨੂੰ ਨਿੱਤ ਮੁਹਿੰਮਾਂ”, ਸਦੀਆ ਤੋਂ ਪੱਛਮ ਵਲੋਂ ਹਮਲਾਵਰ ਤੇ ਧਾੜਵੀ ਲੁਟ ਮਾਰ ਕਰਦੇ ਹੋਏ ਦਿੱਲੀ ਵਲ ਕੂਚ ਕਰਦੇ, ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਹੀ ਉਨ੍ਹਾਂ ਦਾ ਮੁਕਾਬਲਾ ਕਰਨਾ ਪੈਂਦਾ ਸੀ।

ਇਸ ਧਰਤੀ ‘ਤੇ ਜਨਮ ਲੈਣ ਵਾਲਿਆਂ ਨੂੰ ਆਪਣੇ ਪੰਜਾਬੀ ਹੋਣ ‘ਤੇ ਬੜਾ ਮਾਣ ਹੈ, ਅਪਣੇ ਰਹਿਣੀ ਬਹਿਣੀ ‘ਤੇ ਮਾਣ ਹੈ, ਆਪਣੇ ਮਹਾਨ ਇਤਿਹਾਸ ‘ਤੇ ਮਾਣ ਹੈ, ਅਪਣੇ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਮਹਾਨ ਕੁਰਬਾਨੀਆਂ ਅਤੇ ਫਿਰ ਦੇਸ਼ ਦੀ ਰਖਿਆਂ ਤੇ ਸਰਬ-ਪੱਖੀ ਵਿਕਾਸ ਲਈ ਪਾਏ ਵੱਡਮੁਲੇ ਯੋਗਦਾਨ ‘ਤੇ ਵੀ ਬੜਾ ਮਾਣ ਹੈ, ਪਰ ਬਦਕਿਸਮਤੀ ਨੂੰ ਆਪਣੀ ਮਾਂ ਦੀ ਨਿੱਘੀ ਗੋਦ ਵਿਚ ਤੋਤਲੀ ਜ਼ਬਾਨ ਨਾਲ ਬੋਲਣੀ ਸਿਖੀ ਮਾਂ-ਬੋਲੀ ਪੰਜਾਬੀ ‘ਤੇ ਮਾਣ ਨਹੀਂ, ਵਿਸ਼ੇਸ਼ ਕਰਕੇ ਸ਼ਹਿਰੀ ਵਰਗ ਦੇ ਲੋਕਾਂ ਨੂੰ। ਇਸ ਕਾਰਨ ਪੰਜਾਬ ਨੇ ਬੜਾ ਸੰਤਾਪ ਹੰਢਾਇਆ ਹੈ ਤੇ ਆਪਣਾ ਬਹੁਤ ਨੁਕਸਾਨ ਕੀਤਾ ਹੈ। ਰੂਸ ਵਿਚ ਕਿਸੇ ਨੂੰ ਬਦ-ਦੁਆ ਜਾਂ ਸਰਾਪ ਦੇਣਾ ਹੋਵੇ ਤਾਂ ਕਹਿੰਦੇ ਹਨ, “ ਤੈਨੂੰ ਤੇਰੀ ਮਾਂ-ਬੋਲੀ ਭੁਲ ਜਏ।” ਮਾਂ-ਬੋਲੀ ਹੀ ਕਿਸੇ ਖਿੱਤੇ ਦੇ ਲੋਕਾਂ ਨੂੰ ਆਪਸ ਵਿਚ ਜੋੜਦੀ ਹੈ। ਪਾਕਿਸਤਾਨ ਦੇ ਉਸਤਾਦ ਸ਼ਾਇਰ ਦਾ ਕਹਿਣਾ ਹੈ : ਮਾਂ-ਬੋਲੀ ਜਾ ਭੁਲ ਜਾਓਗੇ,ਕੱਖਾਂ ਵਾਂਗ ਰਲ੍ਹ ਜਾਓਗੇ।

ਮੁਗ਼ਲ ਕਾਲ, ਮਹਾਰਾਜਾ ਰਾਣੀਜਤ ਸਿੰਘ ਤੇ ਅੰਗਰੇਜ਼ ਹਕੂਮਤ ਦੌਰਾਨ ਪੰਜਾਬ (ਜਿਸ ਵਿਚ ਹਰਿਆਬਾ ਤੇ ਲੋਅਰ ਹਿਮਾਚਲ ਸ਼ਾਮਿਲ ਸੀ) ਦੀ ਸਰਕਾਰੀ ਭਾਸ਼ਾ ਤੇ ਸਿਖਿਆ ਦਾ ਮਾਧਿਅਮ ਉਰਦੂ ਰਹੀ। ਆਜ਼ਾਦੀ ਮਿਲਣ ਉਪਰੰਤ ਗੋਪੀ ਚੰਦ ਭਾਰਗੋ ਦੀ ਸਰਕਾਰ ਨੇ ਪਹਿਲੀ ਜੂਨ 1948 ਤੋਂ ਉਰਦੂ ਦੀ ਥਾਂ ਸਿਖਿਆ ਦਾ ਮਾਧਿਅਮ ਪੰਜਾਬੀ ਤੇ ਹਿੰਦੀ ਕਰ ਦਿਤਾ। ਉਸ ਸਮੇਂ ਸ਼ਹਿਰੀ ਇਲਾਕਿਆਂ ਵਿਚ ਸਾਰੇ ਸਕੂਲ ਸਬੰਧਤ ਨਗਰ ਪਾਲਕਾ ਤੇ ਪਿੰਡਾ ਦੇ ਸਕੂਲ ਡਿਸਟ੍ਰਿਕਟ ਬੋਰਡ ਦੇ ਅਧੀਨ ਹੁੰਦੇ ਸਨ (ਕੈਰੋਂ ਸਰਕਾਰ ਨੇ ਪਹਿਲੀ ਅਕਤੂਬਰ 1957 ਤੋਂ ਇਹ ਸਾਰੇ ਸਕੂਲ ਸਰਕਾਰੀ ਪ੍ਰਬੰਧ ਵਿਚ ਲਏ)। ਨਗਰ ਪਾਲਕਾਵਾਂ ਉਤੇ ਵਧੇਰੇ ਕਰਕੇ ਆਰੀਆ ਸਮਾਜ ਤੇ ਹੋਰ ਕੱਟੜ ਹਿੰਦੂ-ਪੱਖੀ ਕਾਂਗਰਸੀਆਂ ਦਾ ਕਬਜ਼ਾ ਸੀ। ਨਗਰ ਪਾਲਕਾਵਾਂ ਨੇ ਅਪਣੇ ਸਕੂਲਾਂ ਵਿਚ ਸਿਖਿਆ ਦਾ ਮਾਧਿਅਮ ਹਿੰਦੀ ਰਖਿਆਂ। ਪਿੰਡਾ ਦੇ ਸਕੂਲਾਂ ਵਿਚ ਮਾਧਿਆਮ ਪੰਜਾਬੀ ਕਰ ਦਿਤਾ ਗਿਆ।

ਆਜ਼ਾਦੀ ਮਿਲਣ ਪਿਛੋਂ ਪਹਿਲੀ ਮਰਦਮ ਸ਼ੁਮਾਰੀ 1951 ਵਿਚ ਹੋਈ। ਪੰਜਾਬ ਦਾ ਉਰਦੂ ਪ੍ਰੈਸ ਜਿਸ ਉਤੇ ਆਰੀਆ ਸਮਾਜੀ ਵਿਚਾਰਾਂ ਵਾਲਿਆਂ ਦਾ ਕਬਜ਼ਾ ਸੀ ਤੇ ਜੋ 1947 ਵਿਚ ਲਹੌਰ ਤੋਂ ਜਲੰਧਰ ਆ ਗਿਆ ਸੀ, ਨੇ ਅਪਣੀ ਕਲਮ ਨਾਲ ਪੰਜਾਬ ਦੇ ਸ਼ਾਂਤਮਈ ਵਾਤਾਵਰਨ ਵਿਚ ਇਹ ਜ਼ਹਿਰ ਘੋਲੀ ਕਿ ਪੰਜਾਬ ਦੇ ਹਿੰਦੂਆਂ ਦੀ “ਮਾਂ ਬੋਲੀ” ਹਿੰਦੀ ਹੋ, ਪੰਜਾਬੀ ਨਹੀਂ ਕਿਉਂਕਿ ਹਿੰਦੂਆਂ ਦੇ ਬਹੁਤੇ ਧਾਰਮਿਕ ਗ੍ਰੰਥ ਹਿੰਦੀ ਵਿਚ ਹਨ। ਇਨ੍ਹਾਂ ਦੇ ਅਜੇਹੇ ਪਰਚਾਰ ਕਾਰਨ, ਹਿੰਦੂਆਂ ਦੀ ਬਹੁ-ਗਿਣਤੀ ਨੇ ਮਰਦਮ–ਸੁਮਾਰੀ ਵੇਲੇ ਅਪਣੀ “ਮਾਂ-ਬੋਲੀ” ਹਿੰਦੀ ਲਿਖਵਾਈ ਗਈ। ਕੇਵਲ ਉਦਾਰਵਾਦੀ ਵਿਚਾਰਾਂ ਵਾਲੇ ਹਿੰਦੂਆਂ ਤੇ ਸਿੱਖਾ ਨੇ ਆਪਣੀ ਮਾਂ-ਬੋਲੀ ਪੰਜਾਬੀ ਦਰਜ ਕਰਵਾਈ। ਬੰਗਾਲ ਦੇ ਹਿੰਦੂ ਦੀ ਮਾਂ-ਬੋਲੀ ਬੰਗਾਲੀ ਹੈ, ਤਾਮਿਲਨਾਡੂ ਦੇ ਹਿੰਦੂ ਦੀ ਤਾਮਲ ਹੈ, ਮਹਾਂਰਾਸ਼ਟਰ ਦੇ ਹਿੰਦੂਆਂ ਦੀ ਮਰਾਠੀ, ਕਰਨਾਟਕ ਵਾਲਿਆਂ ਦੀ ਕਨਾਡਾ, ਗੁਜਰਾਤ ਵਿਚ ਰਹਿਣ ਵਾਲਿਆਂ ਦੀ ਗੁਜਰਾਤੀ, ਉੜੀਸਾ ਵਿਚ ਰਹਿਣ ਵਾਲਿਆਂ ਦੀ ਉੜੀਸਾ ਭਾਵੇਂ ਉਨ੍ਹਾਂ ਦੇ ਵੀ ਧਾਰਮਿਕ ਗ੍ਰੰਥ ਹਿੰਦੀ ਵਿਚ ਹੀ ਹਨ। ਪਰ ਸਿਰਫ ਪੰਜਾਬ ਦੇ ਹਿੰਦੂਆਂ ਦੀ ਮਾਂ-ਬੋਲੀ ਹਿੰਦੀ ਹੋ ਗਈ। ਜੇ ਅਸੀਂ 1931 ਅਤੇ 1941 ਦੀ ਮਰਦਮ ਸ਼ੁਮਾਰੀ ਦੀ ਰੀਪੋਰਟ ਵੇਖੀਏ, ਇਸ ਸਮੇਂ ਦੇ ਅੱਜ ਪੰਜਾਬ ਤੋਂ ਬਾਹਰਲ ਜ਼ਿਲੇ ਜਿਵੇਂ ਕਾਂਗੜਾਂ, ਸ਼ਿਮਲਾ, ਅੰਬਾਲਾ, ਕਰਨਾਲ, ਜੀਂਦ, ਸਿਰਸਾ ਆਦਿ ਪੰਜਾਬੀ ਭਾਸ਼ਾਈ ਇਲਾਕੇ ਸਨ। ਪੰਜਾਬੀ ਹਿੰਦੀ ਦੇ ਇਸ ਝਮੇਲੇ ਕਰਨ ਪੰਜਾਬ ਵਿਚ ਤਨਾਓ ਵੀ ਪੈਦਾ ਹੋਣ ਲਗਾ।

ਪੰਜਾਬ ਦੀ ਇਸ ਭਾਸ਼ਾ ਸਮਸਿਆ ਦਾ ਵਿਸ਼ਲੇਸ਼ਣ ਪ੍ਰਸਿਧ ਪਤਰਕਾਰ ਤੇ ਚਿਤਕ ਪੀ. ਕੇ. ਨਿੰਝਾਵਣ ਨੇ ਆਪਣੇ ਇਕ ਅੰਗਰੇਜ਼ੀ ਦੇ ਲੇਖ ਵਿਚ ਬਹੁਤ ਸਹੁਣਾ ਕੀਤਾ ਹੈ। ਉਹ ਲਿਖਦੇ ਹਨ, “ਜਦੋਂ ਬਾਕੀ ਦੇ ਸਮੁਚੇ ਭਾਰਤ ਨੇ ਆਪਣੀ ਭਾਸ਼ਾ ਦੇ ਮੂਲ ਤੱਤ ਨੂੰ ਪਛਾਣ ਲਿਆ ਪਰ ਪੰਜਾਬ ਦਾ ਹਿੰਦੂ ਹਿੰਦੀ ਨਾਲ ਬਧੇ ਰਹੇ। ਸਮੁਚੇ ਹਿੰਦੂਆਂ ਵਿਚੋਂ ਕੇਵਲ ਪੰਜਾਬ ਦਾ ਹੀ ਹਿੰਦੂ ਅਜੇਹਾ ਹੈ ਜੋ ਆਪਣੀ ਭਾਸ਼ਾ ਤੋਂ ਮੁਕਰਨ ਲਈ ਕੋਰਾ ਝੂਠਾ ਬੋਲਦਾ ਹੈ।” ਉਹ ਲਿਖਦੇ ਹਨ,“ਆਜ਼ਾਦੀ ਤੋਂ ਪਿਛੋਂ ਹੀ ਫਿਰਕਾਪ੍ਰਸਤੀ ਨੇ ਜਨਮ ਲਿਆ, ਜਿਸ ਨੇ ਹਿੰਦੂਆਂ ਤੇ ਸਿੱਖਾਂ ਨੂੰ ਹਿੰਦੀ ਅਤੇ ਪੰਜਾਬੀ ਦੇ ਨਾਂ ਤੇ ਵੰਡ ਕੇ ਰਖ ਦਿਤਾ। ਜਿਨਾਂ ਨੇ 1950 ਦੇ ਦਹਾਕੇ ਵਿਚ ਹੁਸ਼ਿਆਰਪੁਰ ਹਿੰਦੀ ਸਤਿਆਗ੍ਰਹਿ ਵੇਖਿਆ ਹੈ ਕਿ ਫਿਰਕਾਪ੍ਰਸਤੀ ਕਿਵੇਂ ਫੈਲੀ।” ਉਹ ਲਿਖਦੇ ਹਨ, “ਹਿੰਦੂਆਂ ਦਾ ਇਹ ਵਿਚਾਰ ਕਿੰਨਾ ਗਲਤ ਸੀ, ਸਭਿਆਚਾਰਕ ਤੌਰ ਤੇ ਉਹ ਜੜ੍ਹ, ਰਹਿਤ ਅਤੇ ਮੁਮਲਿਮ ਫੋਬੀਆ ਤੇ ਪਲਿਆ ਹੋਇਆ – ਹਿੰਦੂ ਜਿਸ ਨੇ ਉਰਦੂ ਅਤੇ ਫਾਰਸੀ ਪੜ੍ਹੀ – ਦੀ ਥਾਂ ਹਿੰਦੀ ਅਤੇ ਸੰਸਕ੍ਰਿਤ ਚਾਹੁੰਦਾ ਸੀ ਅਤੇ ਕੋਈ ਦਲੀਲ ਸੁਣਨ ਲਈ ਤਿਆਰ ਨਹੀਂ ਸੀ। ਉਹ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਪੰਜਾਬੀ ਭਾਸ਼ਾ ਵੀ ਇਤਨੀ ਅਮੀਰ ਅਤੇ ਸ਼ਾਨਦਾਰ ਹੈ। ਉਹ ਹਮੇਸ਼ਾ ਪੰਜਾਬੀ ਬੋਲਦੇ ਹਨ – ਪਰ ਕੁਝ ਲਿਖਣ ਵੇਲੇ ਅੰਗਰੇਜੀ ਜਾਂ ਉਰਦੂ ਨੂੰ ਪਸੰਦ ਕਰਦੇ ਹਨ – ਪਰ ਪੰਜਾਬੀ ਪੜ੍ਹਣਾ ਜਾ ਲਿਖਣਾ ਅਪਣੀ ਉਚੀ ਸਭਿਅਤਾ ਦੀ ਹੇਠੀ ਸਮਝਦੇ ਸਨ। ਜੇ ਸਿੱਖ ਕਹਿੰਦੇ ਸਨ ‘ਸਾਡੀ ਮਾਂ ਬੋਲੀ ਪੰਜਾਬੀ ਹੈ, ਤਾਂ ਹਿੰਦੂ ਇਸ ਨੂੰ ਤਸਲੀਮ ਕਰਨ ਨੂੰ ਤਿਆਰ ਨਹੀਂ। ਸਿੱਖਾਂ ਨੂੰ ਕੇਵਲ ਅਪਣੀ ਭਾਸ਼ਾ ਦੀ ਰੱਖਿਆ ਕਰਨੀ ਪਈ, ਸਗੋਂ ਇਹ ਕੇਵਲ ਸਿੱਖ ਵੋਟ ਹੀ ਸੀ, ਜਿਸ ਅਨੁਸਾਰ ਭਾਰਤ ਵਿਚ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਮਿਲਿਆ।”

ਸ੍ਰੀ ਨਿਝਾਵਣ ਨੇ ਅਗੇ ਲਿਖਿਆ ਹੈ ਕਿ ਜਦੋਂ ਆਰ. ਐਸ. ਐਸ ਦੇ ਮੁਖੀ ਮਰਹੂਮ ਸ੍ਰੀ ਗੋਲਵਾਲਕਰ 1960 ਦੇ ਕਰੀਬ ਚੰਡੀਗੜ੍ਹ ਆਏ, ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੰਦੂਆਂ ਦੀ ਮਾਤਰੀ ਭਾਸ਼ਾ ਪੰਜਾਬੀ ਹੈ, ਹਿੰਦੀ ਨਹੀਂ, ਪਰ ਜਦੋਂ ਉਹ ਜਾਲੰਧਰ ਆਏ ਤਾਂ ਉਨ੍ਹਾਂ ਦਾ ਸਟੈਂਡ ਬਦਲ ਗਿਆ। ਇਸੇ ਤਰ੍ਹਾਂ ਮਰਹੂਮ ਗੋਸਵਾਮੀ ਮਹੇਸ਼ ਦਤ, ਜੋ ਸਦਾ ਉਦਾਰਵਾਦੀ ਵਿਚਾਰਾਂ ਵਾਲੇ ਸਨ, ਨੇ ਕਿਹਾ ਸੀ ਕਿ ਪੰਜਾਬੀ ਹਿੰਦੂਆਂ ਦੀ ਮਾਂ-ਬੋਲੀ ਪੰਜਾਬੀ ਹੈ, ਜਿਸ ਲਈ ਉਨ੍ਹਾਂ ਨੂੰ ਇਸ ਦੀ ਪਿਛੋਂ ਭਾਰੀ ਕੀਮਤ ਚਕਾਉਣੀ। ਜੀ. ਐਮ. ਐਨ. ਕਲਿਜ ਅੰਬਾਲ ਦੇ ਪ੍ਰੋ. ਓਮ ਪ੍ਰਕਾਸ਼ ਕੋਹੋਲ ਨੇ ਵੀ ਟ੍ਰਿਬਿਊਨ ਅਖਬਾਰ ਵਿਚ ਕਈ ਵਾਰੀ ਲੇਖਾਂ ਰਾਹੀਂ ਸਪਸ਼ਟ ਕੀਤਾ ਕਿ ਪੰਜਾਬੀ ਹਿਦੂਆਂ ਦੀ ਭਾਸ਼ਾ ਪੰਜਾਬੀ ਹੈ।

ਆਪਣੀ ਮਾਂ-ਬੋਲੀ ਪੰਜਾਬੀ ਤੋਂ ਮੁਨਕਰ ਹੋਣ ਵਾਲਿਆਂ ਦਾ ਅਪਣਾ ਵੀ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾ ਦੇ ਸਾਹਿਤੱਕ ਵਰਗ ਨੂੰ ਬਹੁਤੀ ਪਛਾਣ ਨਹੀਂ ਮਿਲ ਸਕੀ। ਜਿਤਨਾ ਖੂਬਰੂਰਤ, ਸਪਸ਼ਟ ਤੇ ਖੁਲ੍ਹ ਕੇ ਆਪਣੀ ਮਾਂ-ਬੋਲੀ ਵਿਚ ਲਿਖਿਆ ਜਾ ਸਕਦਾ ਹੈ, ਕਿਸੇ ਹੋਰ ਭਾਸ਼ਾ ਵਿਚ ਨਹੀਂ। ਪੰਜਾਬੀ ਦੇ ਅਨੇਕ ਸਾਹਿਤਕਾਰਾਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਰਾਹੀਂ ਬੜੇ ਮਾਣ ਸਨਮਾਣ ਪ੍ਰਾਪਤ ਕੀਤੇ ਹਨ ਜਿਵੇਂ ਕਿ ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਡਾ.ਗੁਰਦਿਆਲ ਸਿੰਘ, ਡਾ.ਐਸ.ਐਸ.ਜੌਹਲ, ਡਾ. ਦਲੀਪ ਕੌਰ ਟਿਵਾਣਾ ਤੇ ਡਾ.ਸੁਰਜੀਤ ਪਾਤਰ ਨੂੰ ਪਦਮ ਸ੍ਰੀ ਜਾਂ ਪਦਮ ਭੂਸਨ ਵਰਗੇ ਮਹੱਤਵਪੂਰਨ ਸਨਮਾਨ ਨਾਲ ਰਾਸ਼ਟ੍ਰਪਤੀ ਵਲੋਂ ਸਨਮਾਨਿਆ ਗਿਆ। ਅੰਮ੍ਰਿਤਾ ਪ੍ਰੀਤਮ ਤੇ ਡਾ.ਗੁਰਦਿਆਲ ਸਿੰਘ ਨੂੰ ਗਿਆਨਪੀਠ ਸਨਮਾਨ ਨਾਲ ਅਤੇ ਡਾ.ਹਰਿਭਜਨ ਸਿੰਘ, ਡਾ.ਦਲੀਪ ਕੌਰ ਟਿਵਾਣਾ ਤੇ ਡਾ.ਸੁਰਜੀਤ ਪਾਤਰ ਨੂੰ ਸਰਸਵਤੀ ਸਨਾਮਾਨ ਨਾਲ ਨਿਵਾਜਿਆ ਗਿਆ। ਸ੍ਰੀ ਦੁਗਲ ਰਾਜ ਸਭਾ ਦੇ ਮੈਬਰ ਨਾਮਜ਼ਦ ਕੀਤੇ ਗਏ ਸਨ। ਸਾਹਿਤ ਅਕਾਡਮੀ ਵਲੋਂ ਲਗਭਗ ਹਰ ਸਾਲ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਨਾਲ ਕਿਸੇ ਪ੍ਰਮੁਖ ਪੰਜਾਬੀ ਸਾਹਿਤਕਾਰ ਨੂੰ ਪੁਰਸਕਾਰ ਦਿਤਾ ਜਾਂਦਾ ਹੈ। ਹਰ ਮਾਣ ਮਾਂ-ਬੋਲੀ ਪੰਜਾਬੀ ਦਾ ਸਨਮਾਨ ਹੈ, ਸ਼ਾਨ ਹੈ, ਸੰਮੂਹ ਪੰਜਾਬੀ ਪਿਆਰਿਆ ਦਾ ਸਨਮਾਨ ਹੈ। ਇਸ ਦੇ ਉਲਟ ਪੰਜਾਬ ਦੇ ਕਿਸੇ ਵੀ ਹਿੰਦੀ ਦੇ ਸਾਹਿਤਕਾਰ ਨੂੰ ਕੋਈ ਅਜੇਹਾ ਮਹੱਤਵਪੂਰਨ ਸਨਮਾਨ ਨਹੀ ਮਿਲਿਆ।

# 194-ਸੀ, ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ,
ਫੋਨ: 0161-2461194

11/03/2014

ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
ਸਿਆਸੀ ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਓਲੰਪਿਕ ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ
‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਇੰਗਲੈਂਡ ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com