WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

  
 

ਨਵੇਂ ਵਰੇ 2014 ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਵਾਂਗ ਇਸ ਸਾਲ ਦੇ ਕੈਲੰਡਰ ਦੀ ਲੋੜ ਵੀ ਪੈਣੀ ਹੈ। ਇਸ ਸਾਲ ਵਿੱਚ 12 ਮਹੀਨੇ 52 ਐਤਵਾਰ ਅਤੇ 365 ਦਿਨ ਹਨ। ਇਹ ਸਾਲ ਬੁੱਧਵਾਰ ਨੂੰ ਹੀ ਸ਼ੁਰੂ ਹੋਇਆ ਹੈ ਅਤੇ ਬੁੱਧਵਾਰ ਨੂੰ ਹੀ ਇਸ ਸਾਲ ਦਾ ਆਖ਼ਰੀ ਦਿਨ ਹੋਵੇਗਾ। ਬੀਤਿਆ ਵਰਾ ਮੰਗਲਵਾਰ ਨੂੰ ਸ਼ੁਰੂ ਹੋ ਕੇ ਮੰਗਲਵਾਰ ਨੂੰ ਹੀ ਖ਼ਤਮ ਹੋਇਆ ਹੈ । ਸ਼ੁਰੂ ਹੋਏ ਸਾਲ 2014 ਵਿੱਚ ਚਾਰ ਮਹੀਨੇ ਮਾਰਚ, ਜੂਨ, ਅਗਸਤ ਅਤੇ ਨਵੰਬਰ ਅਜਿਹੇ ਹਨ ਜਿੰਨਾਂ ਵਿੱਚ 5-5 ਐਤਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਆਪਾਂ ਇਹ ਵੀ ਜਾਣਦੇ ਹਾਂ ਕਿ ਹਰ ਮਹੀਨੇ ਦੀਆਂ ਤਰੀਖਾਂ ਦੇ ਦਿਨ ਵੱਖੋ-ਵੱਖਰੇ ਹੁੰਦੇ ਹਨ, ਜਿਨਾਂ ਬਾਰੇ ਜਾਨਣ ਲਈ ਸਾਨੂੰ ਕੈਲੰਡਰ ਜਾਂ ਡਾਇਰੀ ਦੀ ਜ਼ਰੂਰਤ ਪੈਂਦੀ ਹੈ। ਪਰ ਅੱਜ ਇਥੇ ਜਿਸ ਕੈਲੰਡਰ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਹੀ ਦਿਲਚਸਪ ਅਤੇ ਅਨੋਖਾ ਕੈਲੰਡਰ ਹੈ। ਇਸ ਦੀ ਵਰਤੋਂ ਕਰਨ ਦਾ ਵੀ ਆਪਣਾ ਹੀ ਇਕ ਤਰੀਕਾ ਹੈ। ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਮਹੀਨਿਆਂ ਅਤੇ ਦਿਨਾਂ ਦੇ ਕੋਡਜ਼ ਦੀ ਗਿਣਤੀ ਯਾਦ ਰੱਖਣ ਦੀ ਲੋੜ ਪਵੇਗੀ। ਇਨਾਂ ਨੂੰ ਰਤਾ ਧਿਆਨ ਨਾਲ ਵੇਖਣ-ਪਰਖ਼ਣ ਅਤੇ ਯਾਦ ਰੱਖਣ ਦੀ ਖ਼ਾਸ ਲੋੜ ਹੈ। ਅਸੀਂ ਜਿਉਂ ਹੀ ਇਹ ਯਾਦ ਕਰ ਲਏ ਤਾਂ ਸਾਡਾ ਜੇਬੀ ਕੈਲੰਡਰ ਵੀ ਤਿਆਰ ਹੋ ਜਾਣਾ ਹੈ। ਜੇਬੀ ਕੈਲੰਡਰ ਇਸ ਲਈ ਕਿਹਾ ਹੈ ਕਿ ਇਹ ਕੋਡ ਜੇ ਲੋੜ ਲੱਗੇ ਤਾਂ ਲਿਖ ਕੇ ਵੀ ਜੇਬ ਵਿੱਚ ਰੱਖੇ ਜਾ ਸਕਦੇ ਹਨ।

ਇੱਕ ਮਿੰਟ ਲਈ ਇਹ ਗੱਲ ਸੋਚੋ ਕਿ ਜੇ ਆਪਾਂ ਬੱਸ ਵਿੱਚ ਸਫ਼ਰ ਕਰਦੇ ਹਾਂ ਜਾਂ ਕਿਸੇ ਮਹਿਫ਼ਲ ਵਿੱਚ ਬੈਠੇ ਹਾਂ ਤੇ ਇਹ ਪਤਾ ਕਰਨਾ ਹੈ ਕਿ ਐਤਵਾਰ ਕਿਹੜੇ ਕਿਹੜੇ ਦਿਨਾਂ ਨੂੰ ਆਉਣਗੇ, ਅਰਥਾਤ 15 ਅਗਸਤ ਦੀ ਛੁੱਟੀ ਵਾਲਾ ਦਿਨ ਕਿਹੜਾ ਹੋਵੇਗਾ ਜਾਂ 2 ਅਕਤੂਬਰ ਨੂੰ ਕਿਹੜਾ ਦਿਨ ਆਵੇਗਾ ? ਇਸ ਗੱਲ ਦੀ ਚਿੰਤਾ ਮੰਨਣ ਦੀ ਜ਼ਰੂਰਤ ਨਹੀਂ ਹੈ। ਬਗੈਰ ਕਿਸੇ ਡਾਇਰੀ ਦੇ ਪੰਨੇ ਫ਼ਰੋਲਿਆਂ ਅਤੇ ਬਗੈਰ ਕੋਈ ਕੈਲੰਡਰ ਵੇਖਿਆਂ, ਬਗੈਰ ਉਸ ਸਥਾਨ ਤੋਂ ਹਿਲਿਆਂ-ਜੁਲਿਆਂ ਅਸਾਨੀ ਨਾਲ ਤੁਸੀਂ ਸਾਰੇ ਇਸ ਦਾ ਵੇਰਵਾ ਉੱਥੇ ਬੈਠੇ–ਬਿਠਾਏ ਹੀ ਹਾਸਲ ਕਰ ਸਕਦੇ ਹੋ। ਜਿਸ ਨੂੰ ਜੇਬੀ ਕੈਲੰਡਰ ਦੇ ਨਾਲ ਨਾਲ ਦਿਮਾਗੀ ਕੈਲੰਡਰ ਦਾ ਨਾਂਅ ਵੀ ਦੇ ਸਕਦੇ ਹੋ। ਬੜਾ ਸੌਖਾ ਤਰੀਕਾ ਹੈ। ਯਾਦ ਰੱਖਣ ਵਾਲੇ ਕੋਡ ਜਾਂ ਅੰਕਾਂ ਦਾ ਵੇਰਵਾ ਇਸ ਤਰਾਂ ਹੈ :-

ਮਹੀਨਿਆਂ ਦੇ ਕੋਡ :- ਜਨਵਰੀ-2, ਫਰਵਰੀ-5, ਮਾਰਚ-5, ਅਪ੍ਰੈਲ-1, ਮਈ-3, ਜੂਨ-6, ਜੁਲਾਈ-1, ਅਗਸਤ-4, ਸਤੰਬਰ-0, ਅਕਤੂਬਰ-2, ਨਵੰਬਰ-5, ਦਸੰਬਰ-0

ਦਿਨਾਂ ਦੇ ਕੋਡ:- ਐਤਵਾਰ-0, ਸੋਮਵਾਰ-1, ਮੰਗਲਵਾਰ-2, ਬੁੱਧਵਾਰ-3, ਵੀਰਵਾਰ-4, ਸ਼ੁੱਕਰਵਾਰ-5, ਸਨਿਚਰਵਾਰ-6

ਇਹ ਕੋਡ ਵੇਖ ਕੇ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਈ ਹੋਵੇਗੀ ਕਿ ਇਹ ਕੀ ਬੁਝਾਰਤ ਹੈ। ਪਰ ਰਤਾ ਗਹੁ ਨਾਲ ਸਾਰੀ ਗੱਲ ਨੂੰ ਸਮਝੋ :

ਤੁਸੀਂ ਆਪਣੀ ਇੱਛਾ ਨਾਲ ਜਿਹੜੇ ਵੀ ਮਰਜ਼ੀ ਮਹੀਨੇ ਦੀ ਜਿਹੜੀ ਵੀ ਤਰੀਕ ਦਾ ਦਿਨ-ਪਤਾ ਕਰਨ ਦੀ ਖ਼ਵਾਇਸ਼ ਰੱਖਦੇ ਹੋ, ਉਸ ਤਰੀਕ ਵਿਚ ਉਸ ਮਹੀਨੇ ਦਾ ਕੋਡ ਜੋੜ ਦਿਓ। ਇਸ ਤਰਾਂ ਕਰਨ ਨਾਲ ਜੋ ਅੰਕ (ਜੋੜ) ਪ੍ਰਾਪਤ ਹੋਵੇਗਾ, ਉਸ ਨੂੰ ਹੁਣ 7 ਨਾਲ ਭਾਗ ਕਰ ਦਿਓ। ਜੋ ਬਾਕੀ ਬਚੇਗਾ ਉਸ ਅਨੁਸਾਰ ਹੀ ਦਿਨ ਦਾ ਪਤਾ ਲੱਗ ਜਾਵੇਗਾ। ਮੰਨ ਲਵੋ ਇੱਕ ਬਾਕੀ ਬਚਦਾ ਹੈ ਤਾਂ ਦਿਨ ਸੋਮਵਾਰ ਬਣੇਗਾ। ਅਗਰ ਸਿਫ਼ਰ ਬਚੇ ਤਾਂ ਦਿਨ ਐਤਵਾਰ ਹੋਵੇਗਾ। ਹੁਣ ਕੁੱਝ ਹੋਰ ਉਦਾਹਰਣਾਂ ਰਾਹੀਂ ਆਪਾਂ ਪਰਖ਼ ਕਰਦੇ ਹਾਂ,

15 ਅਗਸਤ ਨੂੰ ਦਿਨ ਪਤਾ ਕਰਨ ਲਈ 15+4=19/7 ਬਾਕੀ 5 ਬਚੇ ਤਾਂ ਦਿਨ ਸ਼ੁਕਰਵਾਰ ਰਿਹਾ ।
ਹੁਣ 20 ਨਵੰਬਰ ਦਾ ਵੇਰਵਾ ਵੇਖੋ 20+5=25/7 ਬਾਕੀ 4 ਬਚਣ ਨਾਲ ਦਿਨ ਵੀਰਵਾਰ ਬਣਿਆਂ। ਨਵਾਂ ਸਾਲ 2015 ਵੀਰਵਾਰ ਨੂੰ ਚੜੇਗਾ।

ਇਹ ਪਤਾ ਕਰਨ ਲਈ 31 ਦਸੰਬਰ ਦਾ ਦਿਨ ਵੇਖੋ 31+0=31/7 ਬਾਕੀ 3 ਬਚਿਆ, ਅਤੇ 31 ਦਸੰਬਰ ਨੂੰ ਦਿਨ ਬੁੱਧਵਾਰ ਆਇਆ। ਇਸ ਤਰਾਂ ਪਹਿਲੀ ਤਾਰੀਖ਼ ਵੀਰਵਾਰ ਨੂੰ ਆਵੇਗੀ। ਇਸ ਨੂੰ ਹੋਰ ਆਸਾਨੀ ਨਾਲ ਸਮਝਣ ਲਈ ਕੁੱਝ ਹੋਰ ਉਦਾਹਰਣਾਂ ਨੂੰ ਵੇਖੋ,

ਮੰਨ ਲਵੋ ਆਪਾਂ 26 ਜਨਵਰੀ ਦਾ ਦਿਨ ਪਤਾ ਕਰਨਾਂ ਹੈ ਤਾਂ ਮਹੀਨੇ ਦੀ ਤਾਰੀਖ਼ 26 ਵਿੱਚ ,ਜਨਵਰੀ ਮਹੀਨੇ ਦਾ ਕੋਡ 2 ਜੋ ਤੁਸੀਂ ਯਾਦ ਕਰ ਰੱਖਿਆ ਹੈ , ਜੋੜ ਦਿਓ । ਦੋਹਾਂ ਦਾ ਜੋੜ 26+2= 28 ਬਣਦਾ ਹੈ, ਹੁਣ ਇਸ ਨੂੰ 7 ਨਾਲ ਭਾਗ ਕਰ ਦਿਓ 28/ 7 = ਜਵਾਬ 4 ਆਇਆ ਹੈ, ਪਰ ਅਸੀਂ ਬਗੈਰ ਉੱਤਰ ਦਾ ਧਿਆਨ ਕਰਿਆਂ, ਬਾਕੀ ਵੇਖਣਾ ਹੈ ਕਿ ਕੀ ਬਚਦਾ ਹੈ। ਇਸ ਭਾਗ ਨਾਲ ਬਾਕੀ 0 ਬਚਦੀ ਹੈ, ਇਸ ਤਰਾਂ 26 ਜਨਵਰੀ ਨੂੰ ਦਿਨ ਐਤਵਾਰ ਆਵੇਗਾ।

ਇਸ ਤੋਂ ਇਲਾਵਾ ਇੱਕ ਹੋਰ ਉਦਾਹਰਣ ਦਾ ਜ਼ਿਕਰ ਕਰਨਾਂ ਵੀ ਜ਼ਰੂਰੀ ਜਾਪਦਾ ਹੈ, ਮੰਨ ਲਵੋ ਕਿ ਜੋੜ ਕਰਨ ‘ਤੇ ਜੋੜ 7 ਤੋਂ ਘੱਟ ਰਹਿੰਦਾ ਹੈ ਅਤੇ ਭਾਗ ਨਹੀਂ ਕੀਤਾ ਜਾ ਸਕਦਾ ਤਾਂ ਉਸ ਜੋੜ ਮੁਤਾਬਕ ਹੀ ਦਿਨ ਆਵੇਗਾ। ਇੱਕ ਉਦਾਹਰਣ ਵੇਖੋ ਜਨਵਰੀ ਮਹੀਨੇ ਦਾ ਕੋਡ 2 ਹੈ ਅਤੇ ਅਸੀਂ 3 ਜਨਵਰੀ ਦਾ ਦਿਨ ਹੀ ਜਾਨਣਾ ਚਾਹੁੰਦੇ ਹਾਂ ਪਰ ਜੋੜ 3+2=5 ਹੀ ਬਣਦਾ ਹੈ, ਇਹ 7 ਨਾਲ ਭਾਗ ਨਹੀਂ ਕੀਤਾ ਜਾ ਸਕਦਾ। ਤਾਂ ਇਸ ਮੁਤਾਬਕ ਹੀ ਦਿਨ ਸ਼ੁਕਰਵਾਰ ਆਵੇਗਾ। ਏਸੇ ਹੀ ਤਰੀਕੇ ਨਾਲ ਇਸ ਹੈਰਤ-ਅੰਗੇਜ਼ ਕੈਲੰਡਰ ਰਾਹੀਂ ਬਾਕੀ ਦਿਨਾਂ ਦਾ ਵੀ ਏਵੇਂ ਹੀ ਪਤਾ ਲਾਇਆ ਜਾ ਸਕਦਾ ਹੈ। ਅਣਜਾਣ ਵਿਅਕਤੀ ਨਾਲ ਦਿਨ ਦੱਸਣ ਦੀ ਖੇਡ ਵੀ ਰੌਚਕਤਾ ਨਾਲ ਖੇਡੀ ਜਾ ਸਕਦੀ ਹੈ। ਉਹ ਹੈਰਾਨ ਹੋਵੇਗਾ ਕਿ ਇਸ ਨੇ ਏਨੀ ਜਲਦੀ ਦਿਨ ਕਿਵੇਂ ਬੁੱਝ ਲਿਆ ? ਬੱਚਿਆਂ-ਵੱਡਿਆਂ ਲਈ ਇਹ ਇੱਕ ਬਹੁਤ ਹੀ ਦਿਲਚਸਪ ਖੇਡ ਹੈ,ਅਤੇ ਉਹ ਇਸ ਨੂੰ ਬਹੁਤ ਹੀ ਚਾਅ ਨਾਲ ਖੇਡਣਾ ਵੀ ਪਸੰਦ ਕਰਨਗੇ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਸੰਪਰਕ;-98157-07232

04/01/2014

  ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com