|
|
ਫਰਵਰੀ 21 ਦਾ ਦਿਨ ਸਾਰੇ ਸੰਸਾਰ ਵਿਚ ਮਾਂ-ਬੋਲੀ ਦਿਨ ਵਜੋਂ ਮੰਨਾਇਆ ਜਾਂਦਾ
ਹੈ। ਆਪੋ ਆਪਣੀ ਮਾਂ-ਬੋਲੀ ਵਲਾਂ ਆਪਣਾ ਪਿਆਰ, ਸਤਿਕਾਰ ਤੇ ਜ਼ੁੰਮੇਵਾਰੀ ਦਾ
ਪ੍ਰਗਟਾਵਾ ਕਰਨ ਲਈ ਹਰ ਬੋਲੀ ਦੇ ਲੋਕ ਇਸ ਦਿਨ ’ਤੇ ਢੁੱਕਵੀਆਂ ਸਰਗਰਮੀਆਂ ਕਰਦੇ
ਹਨ। ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਵਸਦੇ ਪੰਜਾਬੀ ਲੋਕ ਵੀ ਇਸ ਦਿਨ ’ਤੇ
ਆਪਣੀ ਮਾਂ-ਬੋਲੀ ਵਲਾਂ ਆਪਣੀ ਮੁਹੱਬਤ ਦਾ ਵੱਖਰੇ ਵੱਖਰੇ ਤਰੀਕਿਆਂ ਨਾਲ ਪ੍ਰਗਟਾਵਾ
ਕਰਦੇ ਹਨ। ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਵਜੋਂ ਮਾਨਤਾ ਦਿਵਾਉਣ ਲਈ
ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਰਹਿੰਦੇ ਬੰਗਲਾਦੇਸ਼ੀ ਪਿਛੋਕੜ ਦੇ ਕੁਝ ਲੋਕਾਂ
ਨੇ ਪਹਿਲ ਕੀਤੀ ਸੀ। ਉਨ੍ਹਾਂ ਨੇ ਬੰਗਾਲੀ ਬੋਲੀ ਲਈ ਸੰਘਰਸ਼ ਦੌਰਾਨ 1952 ਵਿਚ
ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿਚ ਯੂਨੈਸਕੋ ਕੋਲੋਂ ਮੰਗ ਕੀਤੀ ਸੀ ਕਿ ਹਰ ਸਾਲ
ਇਕ ਦਿਨ ਮਾਂ-ਬੋਲੀ ਦਿਨ ਵਜੋਂ ਦੁਨੀਆ ਭਰ ਵਿਚ ਮੰਨਾਇਆ ਜਾਵੇ। ਉਨ੍ਹਾਂ ਦੀ ਮੰਗ
ਦੇ ਹੁੰਗਾਰੇ ਵਜੋਂ ਯੂਨੈਸਕੋ ਨੇ ਨਵੰਬਰ 1999 ਵਿਚ 21 ਫਰਵਰੀ ਦਾ ਦਿਨ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਵਜੋਂ ਮੰਨਾਉਣ ਦਾ ਐਲਾਨ ਕੀਤਾ। ਏਥੇ ਇਹ ਜ਼ਿਕਰ
ਕਰਨਾ ਜ਼ਰੂਰੀ ਹੈ ਕਿ ਬੰਗਾਲੀ ਬੋਲੀ ਨੂੰ ਪਿਆਰ ਕਰਨ ਵਾਲੇ ਬੰਗਲਾਦੇਸ਼ੀਆਂ ਵਿਚ
ਸਰੀ ਵਸਦੇ ਰਫੀਕਉਲ ਇਸਲਾਮ ਨਾਂ ਦੇ ਵਿਅਕਤੀ ਨੇ ਮੂਹਰਲੀ ਭੂਮਿਕਾ ਨਿਭਾਈ ਸੀ। ਇਹ
ਦੁੱਖ ਵਾਲੀ ਗੱਲ ਹੈ ਕਿ ਕੁਝ ਦੇਰ ਪਹਿਲਾਂ, 20 ਨਵੰਬਰ, 2013 ਵਾਲੇ ਦਿਨ ਸ੍ਰੀ
ਰਫੀਕਉਲ ਇਸਲਾਮ ਹੋਰਾਂ ਦਾ ਸਰੀ ਵਿਚ ਦੇਹਾਂਤ ਹੋ ਗਿਆ। ਆਪੋ ਆਪਣੀ ਮਾਂ-ਬੋਲੀ ਨੂੰ
ਪਿਆਰ ਕਰਨ ਵਾਲੇ ਅਤੇ ਉਸ ਬਾਰੇ ਫਿਕਰ ਕਰਨ ਵਾਲੇ ਲੋਕ ਰਫੀਕਉਲ ਇਸਲਾਮ ਹੋਰਾਂ ਦੇ
ਸਦਾ ਸ਼ੁਕਰਗੁਜ਼ਾਰ ਰਹਿਣਗੇ।
ਹੋਰਨਾਂ ਲੋਕਾਂ ਵਾਂਗ ਬ੍ਰਿਟਿਸ਼ ਕੋਲੰਬੀਆ ਤੇ ਖਾਸ ਕਰ ਗ੍ਰੇਟਰ ਵੈਨਕੂਵਰ ਦੇ
ਇਲਾਕੇ ਵਿਚ ਵਸਦੇ ਪੰਜਾਬੀ ਵੀ ਹਰ ਸਾਲ ਮਾਂ-ਬੋਲੀ ਦਿਨ ਮੰਨਾਉਂਦੇ ਹਨ। ਪੰਜਾਬੀ
ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ ਵੀ 21 ਫਰਵਰੀ ਦੇ ਦੁਆਲੇ ਇਕ ਵਿਸ਼ੇਸ਼
ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਬੋਲੀ ਦੇ ਜਸ਼ਨ ਦੇ ਨਾਲ ਨਾਲ ਪੰਜਾਬੀ ਨੂੰ
ਦਰਪੇਸ਼ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਇਸ ਵਰ੍ਹੇ ਪਲੀ
ਵਲੋਂ ਸਲਾਨਾ ਮਾਂ-ਬੋਲੀ ਦਿਨ ਦਾ ਗਿਆਰਵਾਂ ਸਮਾਗਮ ਹੋਵੇਗਾ। ਕੁਝ ਸਮੱਸਿਆਵਾਂ
ਕਾਰਨ ਇਸ ਵਰ੍ਹੇ ਦਾ ਇਹ ਸਮਾਗਮ ਫਰਵਰੀ ਦੀ ਥਾਂ ਅਪਰੈਲ ਦੇ ਪਹਿਲੇ ਹਫਤੇ ਕੀਤਾ
ਜਾਵੇਗਾ।
ਪਲੀ ਵਲੋਂ ਆਪਣੇ ਇਨ੍ਹਾਂ ਪ੍ਰੋਗਰਾਮਾਂ ਵਿਚ ਬੋਲੀ ਨਾਲ ਸਬੰਧਤ ਹੋਰ
ਮਸਲਿਆਂ ਦੇ ਨਾਲ ਨਾਲ ਕਨੇਡਾ ਵਿਚ ਪੰਜਾਬੀ ਬੋਲੀ ਨੂੰ ਇਕ ਕਨੇਡੀਅਨ ਬੋਲੀ ਵਜੋਂ
ਮਾਨਤਾ ਦਿਵਾਉਣ ਦੀ ਗੱਲ ਵੀ ਹਰ ਵਰ੍ਹੇ ਦੁਹਰਾਈ ਜਾਂਦੀ ਹੈ। ਪਰ ਇਹ ਕੌਮੀ ਪੱਧਰ
ਦਾ ਤੇ ਕਾਫੀ ਗੁੰਝਲਦਾਰ ਮਸਲਾ ਹੈ ਇਸ ਬਾਰੇ ਅਜੇ ਤੱਕ ਕੋਈ ਵੀ ਹੁੰਗਾਰਾ ਕਿਸੇ
ਸਿਆਸੀ ਨੇਤਾ ਜਾਂ ਸਿਆਸੀ ਪਾਰਟੀ ਵਲੋਂ ਨਹੀਂ ਮਿਲਿਆ। ਪਰ ਪਲੀ ਇਸ ਗੱਲ
ਦੀ ਉਮੀਦ ਨਾਲ ਹਰ ਵਰ੍ਹੇ ਇਹ ਮਸਲਾ ਉਠਾ ਰਹੀ ਹੈ ਕਿ ਜਿਵੇਂ ਜਿਵੇਂ ਕਨੇਡਾ ਦੀ
ਜਨਸੰਖਿਆ ਵਿਚ ਤਬਦੀਲੀ ਆ ਰਹੀ ਹੈ ਤੇ ਦੋ ਸਰਕਾਰੀ ਬੋਲੀਆਂ ਦੇ ਨਾਲ ਨਾਲ ਹੋਰ
ਬੋਲੀਆਂ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਕੇਂਦਰੀ ਸਰਕਾਰ ਨੂੰ ਆਪਣੀ
ਭਾਸ਼ਾ ਨੀਤੀ ਵਿਚ ਤਬਦੀਲੀਆਂ ਕਰਨ ਲਈ ਜ਼ਰੂਰ ਸੋਚਣਾ ਪਵੇਗਾ। ਪੰਜਾਬੀ/ਭਾਰਤੀ
ਭਾਈਚਾਰੇ ਨੇ ਜਿਸ ਤਰ੍ਹਾਂ ਆਪਣੇ ਕਨੇਡਾ ਵਿਚਲੇ ਇਤਿਹਾਸ ਵਿਚ ਗਿਣਤੀ ਵਜੋਂ ਇਕ
ਛੋਟਾ ਜਿਹਾ ਭਾਈਚਾਰਾ ਹੋਣ ਦੇ ਬਾਵਜੂਦ ਏਥੋਂ ਦੇ ਇਮੀਗਰੇਸ਼ਨ ਸਬੰਧੀ ਕਨੂੰਨਾਂ ਵਿਚ
ਸਭ ਤੋਂ ਜ਼ਿਆਦਾ ਤਬਦੀਲੀਆਂ ਕਰਵਾਈਆਂ ਹਨ ਉਸੇ ਤਰ੍ਹਾਂ ਹੀ ਆਸ ਰੱਖੀ ਜਾ ਸਕਦੀ ਹੈ
ਕਿ ਭਾਸ਼ਾ ਨੀਤੀ ਦੇ ਸਬੰਧ ਵਿਚ ਵੀ ਇਹ ਭਾਈਚਾਰਾ ਆਪਣੀ ਬਣਦੀ ਇਤਿਹਾਸਕ
ਜ਼ੁੰਮੇਵਾਰੀ ਨਿਭਾਵੇਗਾ।
ਸਥਾਨਕ ਪੱਧਰ ’ਤੇ ਬ੍ਰਿਟਿਸ਼ ਕੋਲੰਬੀਆ ਵਿਚ ਪਲੀ ਦਾ ਮੁੱਖ ਫਿਕਰ
ਪੰਜਾਬੀ ਬੋਲੀ ਦੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਬਾਰੇ ਹੈ।
ਜਿੱਥੇ ਬੀ ਸੀ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਦੀ ਸਥਿਤੀ ਕਨੇਡਾ ਜਾਂ
ਅਮਰੀਕਾ ਦੇ ਕਿਸੇ ਵੀ ਹੋਰ ਥਾਂ ਨਾਲੋਂ ਬੇਹਤਰ ਹੈ ਪਰ ਏਥੇ ਜੋ ਸੰਭਾਵਨਾਵਾਂ ਪੈਦਾ
ਹੋਈਆਂ ਸਨ ਉਨ੍ਹਾਂ ਤੋਂ ਜਿੰਨਾ ਫਾਇਦਾ ਲਿਆ ਜਾ ਸਕਦਾ ਸੀ ਉਸ ਵਿਚ ਅਸੀਂ ਇਕ
ਭਾਈਚਾਰੇ ਵਜੋਂ ਕਾਮਯਾਬ ਨਹੀਂ ਹੋਏ। ਇਸ ਸਬੰਧ ਵਿਚ ਏਥੇ ਕੁਝ ਸੰਖੇਪ ਚਰਚਾ ਕੀਤੀ
ਜਾਵੇਗੀ।
ਬੀ ਸੀ ਵਿਚ ਇਸ ਵੇਲੇ ਵੈਨਕੂਵਰ ਦੀ ਯੂ ਬੀ ਸੀ ਵਿਚ ਪੰਜਾਬੀ
ਦੇ ਤਿੰਨ ਲੈਵਲ ਪੜ੍ਹਾਏ ਜਾਂਦੇ ਹਨ। ਸਰੀ ਸਥਿੱਤ ਕਵਾਂਟਲਿਨ ਯੂਨੀਵਰਸਿਟੀ ਵਿਚ
ਪੰਜਾਬੀ ਦੇ ਕਦੇ ਦੋ ਤੇ ਕਦੇ ਤਿੰਨ ਲੈਵਲ ਪੜ੍ਹਾਏ ਜਾਂਦੇ ਹਨ। ਪਿਛਲੇ (2013)
ਸਤੰਬਰ ਤੋਂ ਸਰੀ ਦੇ ਐਸ ਐਫ ਯੂ ਕੈਂਪਸ ਵਿਚ ਵੀ ਪੰਜਾਬੀ ਦੀਆਂ ਜਮਾਤਾਂ
ਚਾਲੂ ਹੋਈਆਂ ਹਨ ਪਰ ਉਨ੍ਹਾਂ ਦੇ ਚਲਦਾ ਰਹਿਣ ’ਤੇ ਅਜੇ ਸਵਾਲੀਆ ਚਿੰਨ ਹੀ ਲੱਗਾ
ਹੋਇਆ ਹੈ। ਏਸੇ ਤਰ੍ਹਾਂ ਐਬਟਸਫੋਰਡ ਦੀ ਫਰੇਜ਼ਰ ਵੈਲੀ ਯੂਨੀਵਰਸਿਟੀ ਵਿਚ
ਵੀ ਪੰਜਾਬੀ ਦੀ ਇਕ ਜਮਾਤ ਪੜ੍ਹਾਈ ਜਾਂਦੀ ਹੈ। ਇਨ੍ਹਾਂ ਉੱਚ ਵਿਦਿਅਕ ਅਦਾਰਿਆਂ
ਵਿਚ ਪੰਜਾਬੀ ਦੀ ਪੜ੍ਹਾਈ ਲਾਗੂ ਕਰਵਾਉਣ ਦੇ ਨਾਲ ਨਾਲ ਪਿਛਲੇ ਦੋ ਦਹਾਕਿਆਂ ਤੋਂ
ਵਧ ਸਮੇਂ ਦੌਰਾਨ ਪਲੀ ਮੁੱਖ ਤੌਰ ’ਤੇ ਬੀ ਸੀ ਦੇ ਸਕੂਲਾਂ ਵਿਚ, ਖਾਸ ਕਰ
ਗ੍ਰੇਟਰ ਵੈਨਕੂਵਰ ਦੇ ਇਲਾਕੇ ਦੇ ਸਕੂਲਾਂ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਲਾਗੂ
ਕਰਵਾਉਣ ਲਈ ਸਰਗਰਮੀਆਂ ਕਰਦੀ ਰਹੀ ਹੈ। ਜਿਵੇਂ ਸਾਰੇ ਜਾਣਦੇ ਹਨ ਕਿ 1994 ਦੀਆਂ
ਗਰਮੀਆਂ ਦੌਰਾਨ ਉਸ ਵੇਲੇ ਦੀ ਐਨ ਡੀ ਪੀ ਸਰਕਾਰ ਵਲੋਂ ਐਲਾਨੀ ਗਈ ਨਵੀਂ
ਭਾਸ਼ਾ ਨੀਤੀ ਅਨੁਸਾਰ ਸਕੂਲਾਂ ਵਿਚ ਅੰਗ੍ਰੇਜ਼ੀ ਤੋਂ ਬਾਅਦ ਦੂਜੀ ਭਾਸ਼ਾ ਵਜੋਂ
ਪੜ੍ਹਾਈਆਂ ਜਾਣ ਵਾਲੀਆਂ ਛੇ ਬੋਲੀਆਂ ਵਿਚ ਪੰਜਾਬੀ ਬੋਲੀ ਨੂੰ ਵੀ ਸ਼ਾਮਲ ਕਰ ਲਿਆ
ਗਿਆ ਸੀ। ਪਰ ਇਸ ਭਾਸ਼ਾ ਨੀਤੀ ਨੂੰ ਲਾਗੂ ਕਰਵਾਉਣ ਵਿਚ ਆਉਂਦੀਆਂ ਮੁਸ਼ਕਲਾਂ ਕਾਰਨ
ਪੰਜਾਬੀ ਬੋਲੀ ਨੂੰ ਪੜ੍ਹਾਉਣ ਦੇ ਕੰਮ ਵਿਚ ਬੜੀ ਸੀਮਤ ਕਾਮਯਾਬੀ ਹਾਸਿਲ ਹੋਈ ਹੈ।
ਨਵੀਂ ਭਾਸ਼ਾ ਨੀਤੀ ਅਨੁਸਾਰ ਬੀ ਸੀ ਦੇ ਹਰ ਵਿਦਿਆਰਥੀ ਨੂੰ ਗ੍ਰੇਡ ਪੰਜ
ਤੋਂ ਲੈ ਕੇ ਗ੍ਰੇਡ ਅੱਠ ਤੱਕ ਅੰਗ੍ਰੇਜ਼ੀ ਦੇ ਨਾਲ ਨਾਲ ਇਕ ਦੂਜੀ ਭਾਸ਼ਾ ਵੀ
ਲਾਜ਼ਮੀ ਪੜ੍ਹਨੀ ਪੈਂਦੀ ਹੈ। ਜੇ ਕਿਸੇ ਸਕੂਲ ਵਿਚ ਸਥਾਨਕ ਮਾਪਿਆਂ ਵਲੋਂ ਕਿਸੇ
ਹੋਰ ਭਾਸ਼ਾ ਦੀ ਮੰਗ ਨਾ ਕੀਤੀ ਜਾਵੇ ਤਾਂ ਉੱਥੇ ਦੂਜੀ ਭਾਸ਼ਾ ਵਜੋਂ ਫਰਾਂਸੀਸੀ ਜੋ
ਕਨੇਡਾ ਦੀ ਦੂਜੀ ਸਰਕਾਰੀ ਭਾਸ਼ਾ ਹੈ, ਪੜ੍ਹਾਈ ਜਾਂਦੀ ਹੈ। ਇਸ ਸਧਾਰਨ ਦਿਸਦੇ ਅਮਲ
ਵਿਚ ਅਨੇਕਾਂ ਅੜਚਨਾਂ ਲੁਕੀਆਂ ਹੋਈਆਂ ਹਨ। ਸਭ ਤੋਂ ਵੱਡੀ ਮੁਸ਼ਕਿਲ ਤਾਂ ਇਹ ਹੈ ਕਿ
ਐਲਿਮੈਂਟਰੀ ਸਕੂਲ ਗ੍ਰੇਡ ਸੱਤ ਤੱਕ ਜਾਂਦੇ ਹਨ ਤੇ ਉਸ ਤੋਂ ਬਾਅਦ ਗ੍ਰੇਡ
ਅੱਠ ਤੋਂ ਵਿਦਿਆਰਥੀਆਂ ਨੂੰ ਸੈਕੰਡਰੀ ਸਕੂਲਾਂ ਵਿਚ ਜਾਣਾ ਪੈਂਦਾ ਹੈ। ਇਹ ਗੱਲ
ਵੱਡੀ ਸਮੱਸਿਆ ਬਣ ਜਾਂਦੀ ਹੈ। ਨਤੀਜੇ ਵਜੋਂ ਵੈਨਕੂਵਰ ਵਿਚ ਇਕ ਤੇ ਸਰੀ ਵਿਚ ਤਿੰਨ
ਐਲਿਮੈਂਟਰੀ ਸਕੂਲਾਂ ਵਿਚ ਹੀ ਅਜੇ ਤੱਕ ਪੰਜਾਬੀ ਦੀ ਪੜ੍ਹਾਈ ਲਾਗੂ ਕਰਵਾਈ ਜਾ ਸਕੀ
ਹੈ। ਸਰੀ ਦੇ ਕਈ ਹੋਰ ਐਲਿਮੈਂਟਰੀ ਸਕੂਲ ਹਨ ਜਿੱਥੇ ਪੰਜਾਬੀ ਵਿਦਿਆਰਥੀਆਂ ਦੀ
ਗਿਣਤੀ ਸੱਤਰ ਅੱਸੀ ਪ੍ਰਤੀਸ਼ੱਤ ਤੋਂ ਵੀ ਉੱਪਰ ਹੈ ਤੇ ਮਾਪੇ ਵੀ ਚਾਹੁੰਦੇ ਹਨ ਕਿ
ਉਨ੍ਹਾਂ ਦੇ ਬੱਚੇ ਸਕੂਲ ਵਿਚ ਪੰਜਾਬੀ ਪੜ੍ਹਨ। ਪਰ ਦਰਪੇਸ਼ ਸਮੱਸਿਆਵਾਂ ਕਾਰਨ ਕੋਈ
ਖਾਸ ਪ੍ਰਾਪਤੀ ਨਹੀਂ ਕੀਤੀ ਜਾ ਸਕੀ। ਪਲੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ
ਸੂਬੇ ਦੀ ਸਰਕਾਰ ਨੇ ਵੀ ਇਸ ਸਬੰਧੀ ਕਦੇ ਕੋਈ ਗੰਭੀਰਤਾ ਨਹੀਂ ਦਿਖਾਈ। ਸੈਕੰਡਰੀ
ਸਕੂਲਾਂ ਵਿਚ ਜਿੱਥੇ ਦੂਜੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਨਹੀਂ ਪਰ ਜੇ ਵਿਦਿਆਰਥੀ
ਚਾਹੁਣ ਤਾਂ ਉਹ ਆਪਣੀ ਚੋਣ ਦੀ ਜ਼ਬਾਨ (ਪ੍ਰਵਾਨਤ ਛੇਆਂ ਬੋਲੀਆਂ ਵਿਚੋਂ) ਪੜ੍ਹ
ਸਕਦੇ ਹਨ। ਇਸ ਵੇਲੇ ਬਰਨਬੀ ਦੇ ਇਕ ਤੇ ਸਰੀ ਦੇ ਪੰਜ ਸੈਕੰਡਰੀ ਸਕੂਲਾਂ ਵਿਚ
ਪੰਜਾਬੀ ਪੜ੍ਹਾਈ ਜਾ ਰਹੀ ਹੈ। ਪਰ ਇਹ ਕਿਸੇ ਤਰ੍ਹਾਂ ਵੀ ਕਾਫੀ ਨਹੀਂ ਹੈ।
ਪੜ੍ਹਾਈ ਦੇ ਸਬੰਧ ਵਿਚ ਆ ਰਹੀਆਂ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਹਨ ਜੋ ਇਸ
ਕੰਮ ਨੂੰ ਔਖਾ ਬਣਾਉਂਦੀਆਂ ਹਨ। ਇਕ ਵੱਡੀ ਮੁਸ਼ਕਿਲ ਜਿਸ ਦਾ ਅਜੇ ਤੱਕ ਕੋਈ ਹੱਲ
ਨਹੀਂ ਹੋ ਸਕਿਆ ਉਹ ਹੈ ਪੰਜਾਬੀ ਪੜ੍ਹਾਉਣ ਲਈ ਯੋਗ ਅਧਿਆਪਕਾਂ ਦੀ ਕਮੀ। ਇਹ ਵੀ
ਕਾਫੀ ਗੁੰਝਲਦਾਰ ਸਮੱਸਿਆ ਹੈ ਜਿਸ ਦਾ ਇਕ ਮੁੱਖ ਪਹਿਲੂ ਹੈ ਕਿ ਕਨੇਡਾ ਵਿਚ ਕਿਸੇ
ਵੀ ਉੱਚ ਵਿਦਿਅਕ ਅਦਾਰੇ ਵਿਚ ਅਜੇ ਪੰਜਾਬੀ ਦੀ ਡਿਗਰੀ ਤੱਕ ਦੀ ਪੜ੍ਹਾਈ ਨਹੀਂ
ਲਾਗੂ ਕਰਵਾਈ ਜਾ ਸਕੀ ਜੋ ਏਥੋਂ ਦੇ ਜੰਮੇ ਪਲ਼ੇ ਵਿਦਿਆਰਥੀਆਂ ਨੂੰ ਪੰਜਾਬੀ ਦੇ
ਅਧਿਆਪਕਾਂ ਵਜੋਂ ਸਿੱਖਿਆ ਲੈਣ ਦੇ ਯੋਗ ਬਣਾ ਸਕੇ। ਪੰਜਾਬੀ ਜਮਾਤਾਂ ਵਿਚ ਅਧੁਨਿਕ
ਢੰਗਾਂ ਨਾਲ ਪੰਜਾਬੀ ਪੜ੍ਹਾਉਣ ਲਈ ਲੋੜੀਂਦੇ ਮੈਟਰ ਦੀ ਘਾਟ ਵੀ ਵੱਡੀ ਸਮੱਸਿਆ ਹੈ।
ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਆਪੋ ਆਪਣੀ ਪੱਧਰ ਤੇ ਇਸ ਪਾਸੇ ਵਲ ਬਹੁਤ ਸ਼ਲਾਘਾ
ਯੋਗ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਹੁਣ ਉਹ ਆਪਸੀ ਤਾਲਮੇਲ ਵੀ ਵਧਾ ਰਹੇ ਹਨ। ਇਹ ਇਸ
ਪਾਸੇ ਵਲ ਲੋੜੀਂਦੇ ਵਧੀਆ ਕਦਮ ਹਨ ਪਰ ਲੋੜ ਭਾਈਚਾਰੇ ਵਲੋਂ ਇਸ ਸਬੰਧੀ ਆਰਥਿਕ
ਸੋਮੇ ਲਾਉਣ ਦੀ ਤੇ ਜਥੇਬੰਧਕ ਤੌਰ ’ਤੇ ਕੋਸ਼ਿਸ਼ਾਂ ਦੀ ਹੈ ਜਿਸ ਦੀ ਅਜੇ ਕੋਈ
ਸੰਭਾਵਨਾ ਨਜ਼ਰ ਨਹੀਂ ਆ ਰਹੀ।
ਜਿਸ ਤਰ੍ਹਾਂ ਪਹਿਲਾਂ ਅਸੀਂ ਪਲੀ ਵਲੋਂ ਵੀ ਤੇ ਪੰਜਾਬੀ ਲਈ ਫਿਕਰਮੰਦ
ਦੂਜੇ ਲੋਕ ਵੀ ਅਕਸਰ ਇਹ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ ਕਿ ਇਨ੍ਹਾਂ ਸਾਰੀਆਂ
ਸਮੱਸਿਆਵਾਂ ਦੀ ਜੜ੍ਹ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਆਪਣੀ ਬੋਲੀ ਨਾਲ ਰਿਸ਼ਤੇ
ਵਿਚ ਪਏ ਵਿਗਾੜ ਹਨ। ਪੰਜਾਬੀ ਭਾਈਚਾਰਾ ਭਾਰਤੀ ਪੰਜਾਬ ਵਿਚ ਵੀ ਤੇ ਖਾਸ ਕਰ
ਪਾਕਿਸਤਾਨੀ ਪੰਜਾਬ ਵਿਚ 66 ਸਾਲ ਬਾਅਦ ਵੀ ਅੰਗ੍ਰੇਜ਼ੀ ਦੀ ਗੁਲਾਮੀ ਤੋਂ ਪਿੱਛਾ
ਨਹੀਂ ਛੁਡਾ ਸਕਿਆ। ਸਗੋਂ ਹੁਣ ਤਾਂ ਇਹ ਸਮੱਸਿਆ ਗੰਭੀਰ ਸਥਿਤੀ ਵੱਲ ਰੁੱਖ ਕਰ ਰਹੀ
ਹੈ। ਭਾਰਤੀ ਪੰਜਾਬ ਵਿਚ ਵੀ ਪ੍ਰਾਈਵੇਟ ਸਕੂਲਾਂ ਵਿਚ ਵਿਦਿਆ ਹਾਸਿਲ ਕਰ ਰਹੀਆਂ
ਅਗਲੀਆਂ ਪੀੜ੍ਹੀਆਂ ਪੰਜਾਬੀ ਤੋਂ ਖਤਰਨਾਕ ਹੱਦ ਤੱਕ ਬੇਮੁੱਖ ਹੋ ਰਹੀਆਂ ਹਨ। ਇਸ
ਗੱਲ ਦੀ ਗੰਭੀਰਤਾ ਨੂੰ ਅਜੋਕਾ ਸੰਗੀਤ ਤੇ ਪੰਜਾਬੀ ਫਿਲਮਾਂ ਦਾ ਰੌਲਾ ਪੂਰੀ
ਤਰ੍ਹਾਂ ਸਾਹਮਣੇ ਨਹੀਂ ਆਉਣ ਦੇ ਰਿਹਾ। ਇਸ਼ਕ-ਮੁਸ਼ਕ ਤੇ ਜਾਤ-ਪਾਤ ਨਾਲ ਲੱਦੇ
ਪੰਜਾਬੀ ਗੀਤ ਤੇ ਬਹੁਤੀਆਂ ਫਿਲਮਾਂ ਲੋਕਾਂ ਵਿਚ ਇਹ ਪ੍ਰਭਾਵ ਪਾ ਰਹੀਆਂ ਹਨ ਕਿ
ਪੰਜਾਬੀ ਦੇ ਸਬੰਧ ਵਿਚ ਸਭ ਕੁਝ ਅੱਛਾ ਹੀ ਅੱਛਾ ਹੈ। ਪਰ ਅਸਲੀਅਤ ਇਹ ਨਹੀਂ ਹੈ।
ਜੇ ਅਸੀਂ ਕਨੇਡਾ ਦੇ ਸਬੰਧ ਵਿਚ ਗੱਲ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ
ਵੇਲੇ ਪੰਜਾਬੀ ਭਾਈਚਾਰੇ ਦਾ ਕਨੇਡਾ ਭਰ ਵਿਚ ਤੇ ਖਾਸ ਕਰ ਬੀ ਸੀ ਅਤੇ
ਓਨਟੈਰੀਓ ਵਿਚ ਆਰਥਿਕ ਤੇ ਸਿਆਸੀ ਪੱਖੋਂ ਵਿਸ਼ੇਸ਼ ਸਥਾਨ ਬਣਿਆ ਹੋਇਆ ਹੈ। ਸਾਫ ਸਾਫ
ਦਿਸਦੀ ਆਰਥਿਕ ਤੇ ਸਿਆਸੀ ਤਾਕਤ ਦੇ ਬਾਵਜੂਦ ਪੰਜਾਬੀ ਬੋਲੀ ਦੇ ਵਿਕਾਸ ਵਿਚ ਇਸ ਦਾ
ਕੋਈ ਏਨਾ ਜ਼ਿਆਦਾ ਅਸਰ ਨਹੀਂ ਪੈ ਰਿਹਾ ਦਿਸਦਾ। ਉਦਾਹਰਨ ਵਜੋਂ, ਕਨੇਡਾ ਭਰ ਵਿਚੋਂ
ਯੂ ਬੀ ਸੀ ਜੋ ਪੰਜਾਬੀ ਬੋਲੀ ਦੀ ਪੜ੍ਹਾਈ ਦੇ ਸਬੰਧ ਵਿਚ ਆਪਣਾ ਵਿਸ਼ੇਸ਼
ਸਥਾਨ ਰੱਖਦੀ ਹੈ, ਉੱਥੇ ਏਸ਼ੀਅਨ ਸਟੱਡੀਜ਼ ਡੀਪਾਰਟਮੈਂਟ ਵਿਚ ਜਿੱਥੇ ਚੀਨੀ
ਬੋਲੀ ਦੀ ਪੜ੍ਹਾਈ ਨਾਲ ਸਬੰਧਤ ਵੀਹ ਤੋਂ ਵਧ ਅਧਿਆਪਕ ਹਨ ਤੇ ਵਿਦਿਆਰਥੀ ਹਰ ਡਿਗਰੀ
ਦੀ ਪੱਧਰ ਤੱਕ ਪੜ੍ਹਾਈ ਕਰ ਸਕਦੇ ਹਨ ਉੱਥੇ ਪੰਜਾਬੀ ਪੜ੍ਹਾਉਣ ਲਈ ਸਿਰਫ ਦੋ
ਵਿਅਕਤੀ ਵੀ ਪੂਰੇ ਇਸ ਕੰਮ ਲਈ ਨਹੀਂ।
ਇਸ ਸਮੇਂ ਸਾਡੇ ਲਈ ਜ਼ਰੂਰੀ ਹੈ ਕਿ ਜਿੱਥੇ ਅਸੀਂ ਕਨੇਡਾ ਵਿਚ ਪੰਜਾਬੀ
ਭਾਈਚਾਰੇ ਦੇ ਵਧੀਆ ਵਿਕਾਸ ਤੇ ਅਕਸ ਦਾ ਜਸ਼ਨ ਮਨਾਈਏ ਉੱਥੇ ਨਾਲ ਹੀ ਸਾਨੂੰ ਪੰਜਾਬੀ
ਬੋਲੀ ਦੇ ਵਿਕਾਸ ਵਲ ਵੀ ਗੰਭੀਰਤਾ ਨਾਲ ਸੋਚਣ ਤੇ ਕਦਮ ਚੁੱਕਣ ਦੀ ਲੋੜ ਹੈ। ਇਸ
ਵੇਲੇ ਲੋੜ ਹੈ ਇਕ ਸਾਂਝਾ ਵੱਡਾ ਵਿਯਨ (ਦੂਰਦ੍ਰਿਸ਼ਟੀ) ਬਣਾਉਣ ਦੀ। ਇਹ
ਵਿਯਨ ਬਣਾਉਣ ਵਾਸਤੇ ਇਕ ਕਨੇਡਾ ਪੱਧਰ ਦੀ ਕਾਂਨਫਰੰਸ ਕਰਵਾਈ ਜਾਣੀ ਚਾਹੀਦੀ
ਹੈ ਜਿਸ ਵਿਚ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਹੀ ਸਹੀ ਤਸਵੀਰ ਤਿਆਰ ਕੀਤੀ ਜਾਵੇ:
ਅਜੋਕੀ ਸਥਿਤੀ ਕੀ ਹੈ? ਕੀ ਸੰਭਾਵਨਾਵਾਂ ਹਨ? ਉਨ੍ਹਾਂ ਲਈ ਕਿਸ ਕਿਸਮ ਦੀਆਂ
ਕੋਸ਼ਿਸ਼ਾਂ ਦੀ ਲੋੜ ਹੈ? ਆਦਿ ਵਿਸ਼ਿਆਂ ’ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਇਸ
ਕਾਰਜ ਵਾਸਤੇ ਇੱਥੋਂ ਦੇ ਜੰਮ ਪਲ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੇ
ਖੋਜੀਆਂ ਦੀ ਸਹਾਇਤਾ ਲਈ ਜਾਵੇ, ਦੂਜੇ ਸ਼ਬਦਾਂ ਵਿਚ ਉਨ੍ਹਾਂ ਕੋਲੋਂ ਪੇਪਰ ਲਿਖਵਾਏ
ਜਾਣ। ਇਸ ਕਾਰਜ ਲਈ ਉਨ੍ਹਾਂ ਨੂੰ ਲੋੜ ਅਨੁਸਾਰ ਉਨ੍ਹਾਂ ਦੀ ਸੌਖ ਦੀ ਬੋਲੀ
ਅੰਗ੍ਰੇਜ਼ੀ ਵਿਚ ਲਿਖਣ ਬੋਲਣ ਦੀ ਖੁੱਲ ਦਿੱਤੀ ਜਾਵੇ। ਪੰਜਾਬੀ ਦੀਆਂ ਮੇਲਾ ਟਾਈਪ
ਕਾਂਨਫਰੰਸਾਂ (ਪੰਜਾਬ ਵਿਚ ਵੀ ਤੇ ਏਥੇ ਵੀ) ਤੋਂ ਹੱਟ ਕੇ ਕੰਮ ਕੀਤਾ ਜਾਵੇ। ਇਸ
ਤਰ੍ਹਾਂ ਤਿਆਰ ਕੀਤੇ ਸਾਂਝੇ ਵਿਯਨ ਨਾਲ ਪੰਜਾਬੀ ਨੂੰ ਦਰਪੇਸ਼ ਅਜੋਕੀਆਂ
ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਇਸ ਦੇ ਭਵਿੱਖ ਲਈ ਸੁਪਨੇ ਲਏ ਜਾਣ ਤੇ ਉਨ੍ਹਾਂ
ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੋੜੀਂਦੇ ਸੋਮੇ ਪੈਦਾ ਕੀਤੇ ਜਾਣ ਤੇ ਯਤਨ
ਅਰੰਭੇ ਜਾਣ। ਕਨੇਡਾ ਵਸਦੇ ਪੰਜਾਬੀਆਂ ਨੇ ਗਦਰ ਪਾਰਟੀ ਤੇ ਕਾਮਾਗਾਟਾ ਮਾਰੂ (ਜਿਸ
ਦੀ ਇਸ ਵਰ੍ਹੇ ਸ਼ਤਾਬਦੀ ਮੰਨਾਈ ਜਾ ਰਹੀ ਹੈ) ਤੋਂ ਲੈ ਕੇ ਹਰ ਕਿਸਮ ਦੀਆਂ
ਮੁਸ਼ਕਿਲਾਂ ਦੇ ਬਾਵਜੂਦ ਜੋ ਹੈਰਾਨਕੁਨ ਤਰੱਕੀ ਕੀਤੀ ਹੈ ਤੇ ਆਪਣੇ ਲਈ ਇਸ ਮੁਲਕ
ਵਿਚ ਇਕ ਵਧੀਆ ਸਥਾਨ ਸਥਾਪਤ ਕੀਤਾ ਹੈ ਉਸ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਭਰੋਸੇ
ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਜੇ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਫਿਕਰ ਵੀ ਆਮ
ਲੋਕਾਂ ਦੇ ਫਿਕਰਾਂ ਦਾ ਹਿੱਸਾ ਬਣ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ।
Sadhu Binning
sadhu.binning@gmail.com
|