|
ਡਾ.ਮਨਮੋਹਨ ਸਿੰਘ |
ਭਾਰਤ ਦੇ ਭਰਿਸ਼ਟ ਨਿਜ਼ਾਮ ਵਿਚ ਡਾ.ਮਨਮੋਹਨ ਸਿੰਘ ਆਪਣੀ ਇਮਾਨਦਾਰੀ,
ਦਿਆਨਤਦਾਰੀ, ਸੰਵੇਦਨਸ਼ੀਲਤਾ,
ਸ਼ਹਿਨਸ਼ੀਲਤਾ ਅਤੇ ਸਾਦਗੀ ਕਰਕੇ ਧਰੂ ਤਾਰੇ ਦੀ ਤਰਾਂ ਚਮਕਦਾ ਹੈ। ਭਾਵੇਂ
ਭਾਰਤੀ ਪਰਜਾਤੰਤਰ ਨੇ ਉਹਨਾਂ ਦੀ ਕਾਬਲੀਅਤ ਦਾ ਲਾਭ ਤਾਂ ਉਠਾ ਲਿਆ ਪ੍ਰੰਤੂ ਉਸਨੂੰ
ਬਣਦੀ ਇੱਜ਼ਤ ਤੇ ਮਾਣ ਨਹੀਂ ਦਿੱਤਾ। 1991 ਵਿਚ ਦੇਸ਼ ਦੀ ਆਰਥਕ ਤੌਰ ਤੇ ਡੁਬਦੀ
ਬੇੜੀ ਨੂੰ ਪਾਰ ਲੰਘਾਉਣ ਵਾਲਾ ਡਾ.ਮਨਮੋਹਨ ਸਿੰਘ ਕਾਂਗਰਸ ਪਾਰਟੀ ਨੇ ਛੱਜ ਵਿਚ ਪਾ
ਕੇ ਛੱਟ ਦਿੱਤਾ। 2004 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਸੋਨੀਆਂ ਗਾਂਧੀ
ਦਾ ਵਿਦੇਸ਼ੀ ਹੋਣ ਦਾ ਮੁੱਦਾ ਜ਼ੋਰਾਂ ਤੇ ਸੀ ਤਾਂ ਉਹਨਾਂ ਡਾ.ਮਨਮੋਹਨ ਸਿੰਘ ਦੀ
ਇਮਾਨਦਾਰੀ, ਕਾਬਲੀਅਤ ਅਤੇ ਦਿਆਨਤਦਾਰੀ ਕਰਕੇ
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਅਤੇ
ਮਨਮੋਹਨ ਸਿੰਘ ਨੇ ਆਪਣੀ ਯੋਗਤਾ ਦੀ ਛਾਪ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ
ਵਧਾਇਆ ਅਤੇ ਦੇਸ਼ ਦਾ ਰਾਜ ਭਾਗ ਸਫਲਤਾ ਨਾਲ ਚਲਾਇਆ ,ਜਿਸ ਕਰਕੇ ਦੁਨੀਆਂ ਵਿਚ ਭਾਰਤ
ਦੀ ਅਤੇ ਡਾ.ਮਨਮੋਹਨ ਸਿੰਘ ਦੀ ਤੂਤੀ ਬੋਲਣ ਲੱਗ ਪਈ। ਘੱਟ ਗਿਣਤੀ ਦੀ ਮਿਲੀਜੁਲੀ
ਸਰਕਾਰ ਨੂੰ ਬਾਖ਼ੂਬੀ ਚਲਾਉਣ ਦਾ ਸਿਹਰਾ ਵੀ ਡਾ.ਮਨਮੋਹਨ ਸਿੰਘ ਨੂੰ ਹੀ ਜਾਂਦਾ ਹੈ।
2009 ਦੀਆਂ ਲੋਕ ਸਭਾ ਚੋਣਾਂ ਡਾ.ਮਨਮੋਹਨ ਸਿੰਘ ਦੇ ਨਾਂ ਤੇ ਲੜੀਆਂ ਗਈਆਂ,
ਜਿਸ ਕਰਕੇ ਦੂਜੀ ਵਾਰ ਕਾਂਗਰਸ ਸਰਕਾਰ ਡਾ.ਮਨਮੋਹਨ ਸਿੰਘ ਦੀ ਅਗਵਾਈ ਵਿਚ ਸਰਕਾਰ
ਬਣਾਉਣ ਵਿਚ ਸਫਲ ਹੋਈ। ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਨੇ ਮਨਮਰਜੀ ਕਰਦਿਆਂ
ਕੇਂਦਰ ਸਰਕਾਰ ਦਾ ਅਕਸ ਡਾ.ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਖ਼ਰਾਬ
ਕੀਤਾ। ਇਸ ਵਿਚ ਡਾ.ਮਨਮੋਹਨ ਸਿੰਘ ਦਾ ਕੋਈ ਕਸੂਰ ਨਹੀਂ ਸੀ,
ਇਹ ਸਾਂਝੀ ਸਰਕਾਰ ਦੀਆਂ ਮਜ਼ਬੂਰੀਆਂ ਸਨ। ਡਾ.ਮਨਮੋਹਨ ਸਿੰਘ ਦੀ ਇਮਾਨਦਾਰੀ
ਦਾ ਸਿੱਕਾ ਅਜੇ ਤੱਕ ਵੀ ਸਾਰਾ ਸੰਸਾਰ ਮੰਨਦਾ ਹੈ। ਅਮਰੀਕਾ ਦੁਨੀਆਂ ਦੀ ਸਭ ਤੋਂ
ਵੱਡੀ ਤਾਕਤ ਹੈ ਤੇ ਉਸਦਾ ਮੁੱਖੀ ਰਾਸ਼ਟਰਪਤੀ ਬਰਾਕ ਅਬਾਮਾਂ ਡਾ.ਮਨਮੋਹਨ ਸਿੰਘ ਦਾ
ਰੈਡ ਕਾਰਪੈਟ ਨਾਲ ਸਵਾਗਤ ਕਰਦਾ ਹੈ ਅਤੇ ਉਸ ਤੋਂ ਅਗਵਾਈ ਲੈਂਦਾ ਹੈ। ਪ੍ਰੰਤੂ
ਦੁੱਖ ਦੀ ਗੱਲ ਹੈ ਕਿ ਭਾਰਤ ਦੇ ਸਿਆਸਤਦਾਨ ਆਪਣੇ ਨਿੱਜੀ ਮੁਫਾਦਾਂ ਕਰਕੇ ਬਣਦਾ
ਸਤਿਕਾਰ ਨਹੀਂ ਦਿੱਤਾ। ਕਾਂਗਰਸ ਪਾਰਟੀ ਨੇ ਵੀ ਡਾ.ਮਨਮੋਹਨ ਸਿੰਘ ਨੂੰ ਆਪਣੇ
ਸਿਆਸੀ ਲਾਭਾਂ ਕਰਕੇ ਵਰਤ ਲਿਆ ਹੈ , ਪ੍ਰੰਤੂ
ਇਤਿਹਾਸ ਵਿਚ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਣ ਤੋਂ ਭਾਰਤੀ ਸਿਆਸਤਦਾਨ
ਰੋਕ ਨਹੀਂ ਸਕਦੇ। ਯੂ.ਪੀ.ਏ ਨੇ ਆਪਣੀਆਂ ਅਸਫਲਤਾਵਾਂ ਡਾ.ਮਨਮੋਹਨ ਸਿੰਘ ਦੇ ਨਾਂ
ਤੇ ਮੜਨ ਦੀ ਕੋਸ਼ਿਸ਼ ਕੀਤੀ ਹੈ। ਇਤਨਾ ਸਾਧਾਰਨ ਤੇ ਸਾਦਾ ਜੀਵਨ ਬਤੀਤ ਕਰਨ ਵਾਲਾ
ਪ੍ਰਧਾਨ ਮੰਤਰੀ ਦੁਨੀਆਂ ਵਿਚ ਕੋਈ ਹੋ ਹੀ ਨਹੀਂ ਸਕਦਾ ।
ਉਹਨਾਂ ਦਾ ਜਨਮ ਪਾਕਿਸਤਾਨ ਦੇ ਗਾਹ ਪਿੰਡ ਵਿੱਚ ਸ. ਗੁਰਮੁਖ ਸਿੰਘ ਅਤੇ
ਸ੍ਰੀਮਤੀ ਅੰਮ੍ਰਿਤ ਕੌਰ ਦੇ ਘਰ ਸਿੱਖ ਖੱਤਰੀ ਪਰਵਾਰ ਵਿੱਚ 26 ਸਤੰਬਰ 1932 ਵਿੱਚ
ਹੋਇਆ। ਬਚਪਨ ਵਿੱਚ ਹੀ ਆਪਦੀ ਮਾਤਾ ਦਾ ਦਿਹਾਂਤ ਹੋ ਗਿਆ ਅਤੇ ਆਪਦੀ ਪਾਲਣ ਪੋਸ਼ਣ
ਆਪ ਦੀ ਨਾਨੀ ਨੇ ਹੀ ਕੀਤੀ। ਆਪ ਨੇ ਆਪਣੀ ਮੁੱਢਲੀ ਪੜਾਈ ਪਾਕਿਸਤਾਨ ਵਾਲੇ ਪੰਜਾਬ
ਵਿੱਚ ਹੀ ਕੀਂਤੀ। ਦੇਸ਼ ਦੀ ਵੰਡ ਸਮੇਂ ਆਪ ਦਾ ਪਰਿਵਾਰ ਅੰਮ੍ਰਿਤਸਰ ਵਿੱਚ ਆ ਕੇ
ਰਹਿਣ ਲੱਗ ਪਿਆ। ਬੀ. ਏ. ਆਪਨੇ ਹਿੰਦੂ ਕਾਲਜ ਤੋਂ 1952 ਵਿੱਚ ਕੀਤੀ। ਇਸ ਤੋਂ
ਬਾਅਦ ਆਪਨੇ ਐਮ. ਏ .ਅਰਥ ਸ਼ਾਸ਼ਤਰ ਦੀ ਆਨਰਜ ਵੀ ਪੰਜਾਬ ਯੂਨੀਵਰਸਿਟੀ ਤੋਂ 1954
ਵਿੱਚ ਕੀਤੀ। ਉਦੋਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਹੁੰਦੀ ਸੀ। ਆਪ ਹਰ
ਇਮਤਿਹਾਨ ਵਿੱਚ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਹੀ ਆਉਂਦੇ ਸੀ। ਫਿਰ ਆਪਨੇ ਉੱਚ
ਵਿਦਿਆ ਲਈ ਯੂਨੀਵਰਸਿਟੀ ਆਫ ਕੈਂਬਰਿਜ ਦੇ ਸੇਂਟ ਜਾਹਨਜ ਕਾਲਜ ਵਿੱਚ ਦਾਖਲਾ ਲੈ
ਲਿਆ । ਇਸ ਤੋਂ ਬਾਅਦ ਯੂਨੀਵਰਸਿਟੀ ਆਫ ਆਕਸਫੋਰਡ ਦੇ ਨੂਈਫਡ ਕਾਲਜ ਵਿੱਚ ਦਾਖਲਾ
ਲਿਆ, ਜਿਥੋਂ 1962 ਵਿੱਚ ਪੜਾਈ ਖਤਮ ਕੀਤੀ। ਆਪਨੂੰ ਉਪਰੋਕਤ ਯੂਨੀਵਰਸਿਟੀਆਂ ਨੇ
ਸਕਾਲਰਸ਼ਿਪ ਦੇ ਕੇ ਪੜਾਇਆ। ਆਪਨੇ ਆਪਣੀ ਪੀ. ਐਚ. ਡੀ. ਇੰਡੀਅਨ ਐਕਸਪੋਰਟ
ਪਰਫਾਰਮੈਂਸ 1951-60 ਐਕਸਪੋਰਟ ਪ੍ਰਾਸਪੈਕਟਸ ਐਂਡ ਪਾਲਿਸੀ ਇਮਪਲੀਕੇਸ਼ਨਜ ਦੇ ਵਿਸ਼ੇ
ਤੇ ਕੀਤੀ। ਆਪਨੇ ਇੱਕ ਪੁਸਤਕ ਇੰਡੀਆਜ਼ ਐਕਸਪੋਰਟ ਟਰੈਂਡਜ਼ ਐਂਡ ਪਰਾਸਪੈਕਟਸ ਫਾਰ
ਸੈਲਫ ਸਸਟੇਂਡ ਗਰੋਥ ਲਿਖੀ ਜੋ ਕਿ ਆਪਦੇ ਪੀ. ਐਚ. ਡੀ. ਥੀਸਜ਼ ਤੇ ਹੀ ਅਧਾਰਤ ਹੈ।
ਆਪ ਦਿੱਲੀ ਯੂਨੀਵਰਸਿਟੀ ਵਿੱਚ 1957 ਤੋਂ 59 ਤੱਕ ਅਰਥ ਸ਼ਾਸ਼ਤਰ ਦੇ ਸੀਨੀਅਰ
ਲੈਕਚਰਾਰ, 1959 ਤੋਂ 63 ਤੱਕ ਰੀਡਰ ਅਤੇ 65 ਤੋਂ
67 ਤੱਕ ਪ੍ਰੋਫੈਸਰ ਰਹੇ। ਇਸ ਤੋਂ ਬਾਅਦ 1969 ਤੋਂ 71 ਤੱਕ ਪ੍ਰੋਫੈਸਰ
ਇੰਟਰਨੈਸ਼ਨਲ ਟਰੇਡ ਰਹੇ। ਆਪ 1966 ਤੋਂ 69 ਤੱਕ ਯੂਨਾਈਟਡ ਨੇਸ਼ਨਜ਼ ਕਾਨਫਰੰਸ ਆਨ
ਟਰੇਡ ਐਂਡ ਡਿਵੈਲਪਮੈਂਟ ਵਿੱਚ ਵੀ ਕੰਮ ਕਰਦੇ ਰਹੇ। ਇਕ ਵਾਰ ਆਪ ਜਹਾਜ ਵਿੱਚ ਜਾ
ਰਹੇ ਸਨ ਤਾਂ ਆਪਦੀ ਮੁਲਾਕਾਤ ਉਦੋਂ ਦੇ ਭਾਰਤ ਦੇ ਵਿਦੇਸ਼ ਮੰਤਰੀ ਲਲਿਤ ਨਰਾਇਣ
ਮਿਸ਼ਰਾ ਨਾਲ ਹੋ ਗਈ , ਮਿਸ਼ਰਾ ਡਾਕਟਰ ਮਨਮੋਹਨ
ਸਿੰਘ ਨਾਲ ਹੋਈ ਗੱਲਬਾਤ ਤੋਂ ਏਨੇ ਪ੍ਰਭਾਵਤ ਹੋਏ ਤਾਂ ਉਹਨਾ ਆਪ ਨੂੰ 1982 ਵਿੱਚ
ਆਪਣੇ ਵਿਦੇਸ਼ ਮੰਤਰਾਲੇ ਵਿੱਚ ਸਲਾਹਕਾਰ ਨਿਯੁਕਤ ਕਰ ਲਿਆ। ਇਸ ਨਿਯੁਕਤੀ ਤੋਂ ਬਾਅਦ
ਆਪਨੂੰ ਰਿਜਰਵ ਬੈਂਕ ਆਫ ਇੰਡੀਆ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ, ਜਿਸ ਅਹੁਦੇ
ਤੇ ਆਪ 1985 ਤੱਕ ਰਹੇ। ਆਪ ਦੀ ਕਾਬਲੀਅਤ ਦੀ ਧਾਂਕ ਚਾਰੇ ਪਾਸੇ ਫੈਲ ਗਈ, ਤਦ ਆਪ
ਨੂੰ ਭਾਰਤ ਦੇ ਯੋਜਨਾ ਕਮਿਸ਼ਨ ਦਾ ਉਪ ਚੇਅਰਮੈਨ ਲਗਾ ਦਿੱਤਾ ਗਿਆ ਕਿਉਂਕਿ ਕਮਿਸ਼ਨ
ਦਾ ਚੇਅਰਮੈਨ ਤਾਂ ਹਮੇਸ਼ਾ ਪ੍ਰਧਾਨ ਮੰਤਰੀ ਹੀ ਹੁੰਦਾ ਹੈ। ਆਪ ਇਸ ਅਹੁਦੇ 87 ਤੱਕ
ਰਹੇ। ਆਰਥਿਕ ਪਾਲਿਸੀ ਤੇ ਇੱਕ ਅਜ਼ਾਦ ਥਿੰਕ ਟੈਂਕ ਸਾਊਥ ਕਮਿਸ਼ਨ ਹੁੰਦਾ ਹੈ, ਜਿਸਦਾ
ਹੈਡਕਵਾਰਟਰ ਸਵਿਟਜਰਲੈਂਡ ਦੇ ਜਨੇਵਾ ਸ਼ਹਿਰ ਵਿਚ ਹੀ ਹੁੰਦਾ ਹੈ। ਡਾ. ਮਨਮੋਹਨ
ਸਿੰਘ ਨੂੰ ਇਸਦਾ ਜਨਰਲ ਸਕੱਤਰ ਬਣਾਇਆ ਗਿਆ ਤੇ ਆਪ ਨੇ 87 ਤੋਂ 90 ਤੱਕ ਉਸ ਵਿੱਚ
ਕੰਮ ਕੀਤਾ। ਜਦੋਂ ਆਪਦੀ ਕਾਬਲੀਅਤ ਦੀ ਦੁਨੀਆਂ ਵਿੱਚ ਪ੍ਰਸੰਸਾ ਹੋ ਰਹੀ ਸੀ ਤਾਂ
ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ 1991 ਵਿੱਚ ਆਪ
ਨੂੰ ਭਾਰਤ ਸਰਕਾਰ ਦਾ ਖਜਾਨਾ ਮੰਤਰੀ ਬਣਾਇਆ। ਉਸ ਸਮੇਂ ਦੇਸ਼ ਦੀ ਆਰਥਕਤਾ ਬਹੁਤ ਹੀ
ਡਾਵਾਂਡੋਲ ਸੀ। ਡਾ. ਮਨਮੋਹਨ ਸਿੰਘ ਨੇ ਆਪਣੀਆਂ ਆਰਥਕ ਨੀਤੀਆਂ ਨਾਲ ਦੇਸ਼ ਦੀ
ਆਰਥਿਕਤਾ ਨੂੰ ਸਥਿਰ ਕੀਤਾ। ਆਪ ਨੇ ਲਿਬਰਲਾਈਜੇਸ਼ਨ ਦੀ ਪਾਲਿਸੀ ਅਪਣਾਈ। ਵਿਦੇਸ਼ੀ
ਵਪਾਰੀਆਂ ਨੂੰ ਭਾਰਤ ਦੀ ਮਾਰਕੀਟ ਵਿੱਚ ਆਉਣ ਦੀ ਇਜਾਜਤ ਦਿੱਤੀ। ਲਾਈਸੈਂਸ ਰਾਜ
ਸਿਸਟਮ ਖਤਮ ਕਰ ਦਿੱਤਾ। ਹਰ ਖੇਤਰ ਵਿੱਚ ਸਰਕਾਰ ਦੀ ਮਨਾਪਲੀ ਖਤਮ ਕਰ ਦਿੱਤੀ ਤਾਂ
ਕਿਤੇ ਜਾਕੇ ਭਾਰਤ ਦੀ ਆਰਥਿਕਤਾ ਮਜ਼ਬੂਤ ਹੋਈ। ਆਪ ਨੂੰ ਭਾਰਤ ਦੀ ਆਰਥਿਕਤਾ ਨੂੰ
ਸ਼ੋਸ਼ਲਿਸਟ ਰੂਪ ਦੇਣ ਵਾਲਾ ਵਿਤ ਮੰਤਰੀ ਕਿਹਾ ਜਾ ਸਕਦਾ ਹੈ। ਦੁਨੀਆਂ ਦੇ ਦੂਜੇ
ਦੇਸ਼ਾਂ ਦੇ ਲੀਡਰਾਂ ਨੇ ਡਾ. ਮਨਮੋਹਨ ਸਿੰਘ ਦੀ ਕਾਬਲੀਅਤ ਦੀ ਈਨ ਮੰਨ ਲਈ ਅਤੇ
ਉਸਨੂੰ ਆਪਣਾ ਰੋਲ ਮਾਡਲ ਬਨਾਉਣਾ ਸ਼ੁਰੂ ਕਰ ਦਿੱਤਾ। ਨਿਊਜ ਵੀਕ ਮੈਗਜ਼ੀਨ ਨੇ ਲਿਖਿਆ
ਦੂਜੇ ਲੀਡਰਾਂ ਦਾ ਪਿਆਰਾ ਲੀਡਰ ਡਾ. ਮਨਮੋਹਨ ਸਿੰਘ । ਮੁਹੰਮਦ ਇਲਬਰਾਲ ਨੇ ਲਿਖਿਆ
ਕਿ ਡਾ. ਮਨਮੋਹਨ ਸਿੰਘ ਦੁਨੀਆਂ ਦੇ ਦੂਜੇ ਲੀਡਰਾਂ ਦਾ ਰੋਲ ਮਾਡਲ ਲੀਡਰ ਹੈ।
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਹਮੇਸ਼ਾ ਆਪ ਤੋਂ ਆਰਥਕ ਮਾਮਲਿਆਂ ਵਿੱਚ ਸਲਾਹ
ਲੈਂਦੇ ਹਨ। ਫੋਰਬਜ ਮੈਗਜ਼ੀਨ ਨੇ ਵੀ ਮੋਸਟ ਪਾਵਰਫੁਲ ਲੀਡਰਾਂ ਵਿੱਚ ਡਾ. ਮਨਮੋਹਨ
ਸਿੰਘ ਨੂੰ 18 ਵੇਂ ਨੰਬਰ ਤੇ ਰੱਖਿਆ ਹੈ। ਪੰਡਤ ਜਵਾਹਰ ਲਾਲ ਨਹਿਰੂ ਤੋਂ ਬਾਅਦ
ਬੈਸਟ ਪ੍ਰਾਈਮ ਮਨਿਸਟਰ ਕਿਹਾ ਅਤੇ ਨਹਿਰੂ ਤੋਂ ਬਾਅਦ ਆਪਣੀ ਟਰਮ ਪੂਰੀ ਕਰਕੇ
ਦੁਬਾਰਾ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਕਾਂਗਰਸ ਦੇ
ਸਤਵੇਂ ਤੇ ਪਹਿਲੇ ਨਾਨ ਹਿੰਦੂ ਪ੍ਰਧਾਨ ਮੰਤਰੀ ਹਨ। ਦੇਸ਼ ਦਾ ਅਠਾਰਵਾਂ ਰਾਜ ਸਭਾ
ਵਿੱਚੋਂ ਪ੍ਰਧਾਨ ਮੰਤਰੀ ਬਣਨ ਵਾਲਾ ਦੂਜਾ ਪ੍ਰਧਾਨ ਮੰਤਰੀ ਹੈ। ਆਪ ਰਾਜ ਸਭਾ ਲਈ
1991, 97,
2003, 2009 ਅਤੇ2014 ਵਿੱਚ ਆਸਾਮ ਤੋਂ ਚੁਣੇ
ਗਏ। ਆਪ 22 ਮਈ 2004 ਤੋ ਮਈ 2009 ਤੱਕ ਅਤੇ ਮਈ 2009 ਤੋਂ ਮਈ 2014 ਤੱਕ
ਪ੍ਰਧਾਨ ਮੰਤਰੀ ਰਹੇ ਹਨ।
ਡਾ. ਮਨਮੋਹਨ ਸਿੰਘ ਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਆਨਰੇਰੀ ਡਾਕਟਰੇਟ
ਦੀ ਡਿਗਰੀ ਦਿੱਤੀ ਹੈ। ਸਾਲ 1997 ਵਿੱਚ ਯੂਨੀਵਰਸਿਟੀ ਆਫ ਅਲਬਰਟਾ ਨੇ ਆਨਰੇਰੀ
ਡਾਕਟਰ ਆਫ ਲਾਅ, ਯੂਨੀਵਰਸਿਟੀ ਆਫ ਆਕਸਫੋਰਡ ਨੇ
ਜੁਲਾਈ 2005 ਵਿੱਚ ਡਾਕਟਰ ਆਫ ਸਿਵਲ ਲਾਅ,
ਯੂਨੀਵਰਸਿਟੀ ਆਫ ਕੈਂਬਰਿਜ ਨੇ ਡਾਕਟਰ ਆਫ ਸਿਵਲ ਲਾਅ, ਸੇਂਟ ਜਾਹਨਜ ਕਾਲਜ ਨੇ ਆਪ
ਦੇ ਨਾਂ ਤੇ ਪੀ. ਐਚ. ਡੀ. ਦੀ ਡਿਗਰੀ ਕਰਨ ਲਈ ਡਾ ਮਨਮੋਹਨ ਸਿੰਘ ਸਕਾਲਰਸ਼ਿਪ ਦੇਣ
ਦਾ ਫੈਸਲਾ ਕੀਤਾ, ਬਨਾਰਸ ਹਿੰਦੂ ਯੂਨੀਵਰਸਿਟੀ ਨੇ
ਡਾਕਟਰੇਟ ਆਫ ਲੈਟਰਜ 2008, ਯੂਨੀਵਰਸਿਟੀ ਆਫ ਮਦਰਾਸ ਨੇ 2008 ਵਿੱਚ ਆਨਰੇਰੀ
ਡਾਕਟਰੇਟ ਦੀ ਡਿਗਰੀ ਅਤੇ ਕਿੰਗ ਸਾਊਤ ਯੂਨੀਵਰਸਿਟੀ ਨੇ ਡਾਕਟਰੇਟ ਦੀ ਆਨਰੇਰੀ
ਡਿਗਰੀ 2010 ਵਿੱਚ ਦਿੱਤੀ। ਆਪਨੇ 1999 ਵਿੱਚ ਦਿੱਲੀ ਸਾਊਥ ਤੋਂ ਲੋਕ ਸਭਾ ਦੀ
ਚੋਣ ਲੜੀ ਸੀ ਪ੍ਰੰਤੂ ਆਪਨੂੰ ਕਾਂਗਰਸੀਆਂ ਨੇ ਹੀ ਹਰਾ ਦਿੱਤਾ ਸੀ ਕਿਉਕਿ ਉਹ ਡਰਦੇ
ਸਨ ਕਿ ਜੇ ਉਹ ਜਿੱਤ ਗਏ ਤਾਂ ਪ੍ਰਧਾਨ ਮੰਤਰੀ ਬਣ ਜਾਵੇਗਾ ਤੇ ਉਹਨਾਂ ਦੀ ਵਾਰੀ
ਨਹੀਂ ਆਵੇਗੀ।
ਆਪ ਨੂੰ 1987 ਵਿੱਚ ਪਦਮ ਵਿਭੂਸ਼ਣ ਦਾ ਖਿਤਾਬ ਦਿੱਤਾ ਗਿਆ ਸੀ। ਆਪਣੇ ਕਾਰਜ
ਕਾਲ ਦੌਰਾਨ ਬਹੁਤ ਹੀ ਮਾਅਰਕੇ ਦੇ ਕੰਮ ਕੀਤੇ ਭਾਵੇਂ ਸਾਂਝੀ ਸਰਕਾਰ ਦੀਆਂ ਆਪਣੀਆਂ
ਵੱਖਰੀ ਤਰਾਂ ਦੀਆਂ ਮੁਸ਼ਕਲਾਂ ਹੁੰਦੀਆਂ ਹਨ। ਉਹਨਾਂ ਵਿੱਚੋਂ ਕੁਝ ਕੁ ਵਰਨਣਯੋਗ
ਹਨ, ਜਿਵੇਂ ਕਿ ਰਾਈਟ ਟੂ ਇਨਫਰਮੇਸ਼ਨ ਕਾਨੂੰਨ, ਗ਼ਰੀਬਾਂ ਲਈ ਨਰੇਗਾ, ਰੂਰਲ ਹੈਲਥ
ਮਿਸ਼ਨ, ਆਈ. ਆਈ. ਟੀਜ, ਤੇ ਆਈ. ਆਈ. ਮੈਨੇਜਮੈਂਟ ਦਾ ਸਥਾਪਤ ਕਰਨਾ ਸ਼ਾਮਲ ਹਨ।
ਆਪਦਾ ਵਿਆਹ ਸ੍ਰੀਮਤੀ ਗੁਰਸ਼ਰਨ ਕੌਰ ਨਾਲ 1958 ਵਿੱਚ ਹੋਇਆ। ਆਪ ਦੋਵੇਂ ਕੋਹਲੀ
ਪਰਿਵਾਰ ਵਿੱਚੋਂ ਹਨ ਪ੍ਰੰਤੂ ਆਪ ਆਪਣੇ ਨਾਂ ਨਾਲ ਕੋਹਲੀ ਨਹੀਂ ਲਿਖਦੇ। ਆਪਦੇ
ਤਿੰਨ ਲੜਕੀਆਂ ਉਪਿੰਦਰ , ਦਮਨ, ਅਤੇ ਅੰਮ੍ਰਿਤਾ ਸਿੰਘ ਹਨ।
ਡਾ. ਮ੍ਯਨਮੋਹਨ ਸਿੰਘ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਵੀ ਹੋਣਗੇ ਜਿਹੜੇ ਆਪਣਾ
ਅਹੁਦਾ ਛੱਡਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੀ ਨਿਵਾਸ ਖਾਲੀ ਕਰਨਗੇ। ਆਮ ਤੌਰ
ਤੇ ਸਿਆਸਤਦਾਨ ਸਰਕਾਰੀ ਸਹੂਲਤਾਂ ਦਾ ਰਿਟਾਇਰਮੈਂਟ ਤੋਂ ਬਾਅਦ ਵੀ ਆਨੰਦ ਮਾਣਦੇ
ਰਹਿੰਦੇ ਹਨ।
|