ਜਿਸ ਬੰਦੇ ਕੋਲ ਸਮਾਜਿਕ ਸਰੋਕਾਰ, ਰਾਜਨੀਤਕ ਭਵਿੱਖਤਾ, ਇਨਸਾਨੀ ਰਿਸ਼ਤਿਆਂ ਦੀ
ਸੂਝ ਹੋਵੇ, ਭਾਸ਼ਾ ‘ਚ ਰਸ ਹੋਵੇ, ਉਹਦੀ ਲੇਖਣੀ ‘ਚ ਵਕਤ ਦਾ ਤਕਾਜ਼ਾ ਅਤੇ ਉਨ੍ਹਾਂ
ਦੇ ਗੁਣਾਂ/ਔਗੁਣਾਂ ਨੂੰ ਪ੍ਰਤੱਖ ਕਰਨ ਲਈ ਉਸ ਦੀ ਕਲਮ ਦੀ ਧਾਰਣਾ ਸਪੱਸ਼ਟ ਹੋਵੇ-
ਮੇਰੇ ਜਾਚੇ, ਉਹੀ ਲੇਖਕ ਸਮੇਂ ਦਾ ਹਾਣੀ ਬਣ ਸਕਣ ਦੇ ਯੋਗ ਹੋਵੇਗਾ। ਫ਼ਖਰ ਜ਼ਮਨਾਂ
‘ਚ ਇਹ ਸਾਰੀਆਂ ਗੱਲਾਂ ਮੈਨੂੰ ਮੌਜੂਦ ਦਿਸੀਆਂ। ਬਹੁਤ ਲੋਕ ਉਲਾਂਭੇ ਦਿੰਦੇ ਹਨ ਕਿ
ਲੇਖਕ ਲਿਖਤਾਂ ਵਿੱਚ ਜੋ ਸੇਧ ਦਿੰਦਾ ਹੈ ਉਸ ਨੂੰ ਆਪਣੀ ਜ਼ਿੰਦਗੀ ਜਿਊਣ ਦੀ ਵਿਧੀ
ਵੀ ਉਸੇ ਸੇਧ ‘ਚ ਅਪਨਾਉਣੀ ਚਾਹੀਦੀ ਹੈ; ਪਰ ਮੈਂ, ਸ਼ਾਇਦ, ਉਲਟੇ ਸੁਭਾਅ ਦਾ ਬੰਦਾ
ਹੋਣ ਕਰਕੇ ਉਸ ਦੇ ਉਲਟ ਸੋਚਦਾਂ। ਲੇਖਕ ਦੀ ਅੱਖ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ
ਉਹ ਆਪਣੇ ਸਰੋਕਾਰਾਂ ਪ੍ਰਤੀ ਕਿੰਨ੍ਹਾ ਇਮਾਨਦਾਰ ਹੈ। ਉਹ ਕੀ ਕਰਦਾ, ਕੀ ਨਹੀਂ
ਕਰਦਾ, ਇਸ ਖੱਪਖਾਨੇ ‘ਚ ਪੈਣ ਦੀ ਲੋੜ ਨਹੀਂ। ਕਿਉਂਕਿ ਸਮਾਜਕ ਸਮੁੰਦਰ ‘ਚ ਉਹ ਖੁਦ
ਵੀ ਇੱਕ ਜੀਵ ਹੈ ਤੇ ਨਿਰਧਾਰਤ ਕਾਨੂੰਨ ਦੇ ਮੁਤਾਬਕ ਉਸ ਨੂੰ ਵੀ ਜੀਉਣਾ ਪੈਂਦਾ।
ਇਸੇ ਲਈ ਉਸ ਵਲੋਂ ਆਪਣੀ ਲੇਖਣੀ ‘ਚ ਉਸੇ ਕੁਝ ਦਾ ਵਧੇਰੇ ਜ਼ਿਕਰ ਕਰਨਾ ਬਣਦਾ ਜੋ ਉਹ
ਸਹੀ ਹੋਣਾ ਲੋਚਦਾ । ਪਰ ਕਈ ਵਾਰੀ ਕਈ ਲੇਖਕ ਉਸ ਨੂੰ ਆਪਣੈ ਖੁਦ ਦੇ ਦਿੱਤੇ ਆਧਾਰ
‘ਤੇ ਖੁਦ ਖਰੇ ਨਹੀਂ ਉਤਰ ਪਾਂਉਂਦੇ ਕਿਉਂਕਿ ਉਹ ਖੁਦ ਵੀ ਇਸੇ ਸਮਾਜ ਦੀਆਂ
ਬੰਦਸ਼ਾਂ ‘ਚ ਜਕੜੇ ਹੁੰਦੇ ਹਨ ਪਰ ਲੇਖਕ ਖੁਦ ਉਸਦੀ ਪ੍ਰਾਪਤੀ ਲਈ ਸਦੈਵ ਯਤਨਸ਼ੀਲ
ਰਹਿੰਦਾ।
ਫ਼ਖਰ ਜ਼ਮਾਨ ਇਸੇ ਗੱਲ ਦੀ ਮਿਸਾਲ ਹੈ। ਦੇਖਣ ਨੂੰ ਉਹ ਸੁਹਣਾ ਭਲਵਾਨ ਲੱਗਦਾ,
ਸੋਚਣ ਲਈ ਉਹਦੀ ਉਡਾਰੀ ਆਸਮਾਨ ‘ਚ ਉਡਦੀਆਂ ਤਰੰਗਾਂ ਨੂੰ ਫੜ ਧਰਨ ਦੀ ਸ਼ਕਤੀ
ਰੱਖਦੀ ਹੈ। ਜੀਵਨ ਜਾਚ ‘ਚ ਉਹ ਸ਼ਾਹੂਕਾਰ ਹੈ, ਹਾਰੇ ਹੋਏ ਰਾਜਨੀਤੀਵਾਨ ਤੇ ਉਹ
ਆਪਣੀ ਹੋਂਦ ਤੇ ਜ਼ਾਤ ਦਾ ਜੂਆ ਖੇਡਦਾ, ਜਿਤਣ ਲਈ ਹੀ ਨਹੀਂ, ਹਾਰਨ ਲਈ ਵੀ ਨਹੀਂ,
ਬੱਸ ਇਹ ਕਹਿਣ ਲਈ :
‘ਕਿਉਂ ਡਰੇਂ ਜ਼ਿੰਦਗੀ ਮੇਂ ਕਿਆ ਹੋਗਾ,
ਕੁਝ ਨ ਹੋਗਾ ਤੋ ਇਕ ਤਜੁਰਬਾ ਹੋਗਾ …!’
ਲਿਖਤ ‘ਚ ਪਹੁੰਚ ਇਨਸਾਨੀਅਤ ਦੀ ਬੇਹਤਰੀ ਪਰ ਜਿਉਣ ਲਈ ਇਹੋ ਜਿਹੀ ਹੀ ਜ਼ਿੰਦਗੀ
ਮਿਲੀ ਕਿ ਉਹ ਧਨਾਢ ਹੈ, ਜਗੀਰਦਾਰ ਹੈ, ਉਹ ਐਕਸਪਲਾਇਟਰ ਹੈ, ਉਹ
ਫਲਾਂਹੈ/ਫ਼ਲਾਂ ਹੈ।
ਦੇਖਿਆ ਜਾਵੇ ਤਾਂ ਇਹ ਲਫਜ਼ ਕਿਸੇ “ਉਸ” ਫਖਰ ਨੂੰ ਨੇ ਦਿੱਤੇ ਜੋ ਇਸ ਗੱਲ ਨੂੰ
ਨੈਗੇਟਿਵ ਕਰੈਕਟਰ ਸਮਝਣ ਲਈ ਕਾਫੀ ਸਨ, ਪਰ ਕਦੇ ਉਹਦੇ ਦਿਲ ਅੰਦਰ ਕਿਸੇ
ਨੇ ਝਾਕ ਕੇ ਦੇਖਿਆ ? ਉਹਦੇ ‘ਚ ਕੋਮਲਤਾ ਵੀ ਹੈ, ਉਹਦੇ ‘ਚ ਜ਼ਿੰਦਗੀ ਦੀ ਮਹਿਕ ਵੀ
ਹੈ?
ਪਰ ਸ਼ਾਇਦ ਇਹ ਮੈਂ ਦੇਖਿਆ।
ਉਹਦੇ ਨਾਲ ਮੇਰੀ ਪਹਿਲੀ ਮੁਲਾਕਾਤ ਪ੍ਰੋ. ਸੁਤਿੰਦਰ ਸਿੰਘ ਨੂਰ ਕਰਕੇ ਹੋਈ।
ਉਦੋਂ ਨੂਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਅਧਿਆਪਕ ਸਨ; ਪਰ ਉਹ
ਮੇਰੇ ਦੋਸਤ ਇਸ ਤੋਂ ਪਹਿਲਾਂ ਇਕ ਮੁੱਦਤ ਤੋਂ ਸਨ। ਸਾਹਿਤ ਨੂੰ ਘੋਖਣ ਦਾ ਮੱਤ
ਉਨ੍ਹਾਂ ਦੇ ਖ਼ੂਨ ‘ਚ ਜਜ਼ਬ ਸੀ ਤੇ ਰਾਜਨੀਤੀ ਦੀਆਂ ਊਣਤਾਈਆਂ ਤੋਂ ਅਭਿੱਜ ਨਹੀਂ
ਸਨ। ਸਾਹਿਤ ਦੀ ਘੋਖ ਉਨ੍ਹਾਂ ਨੂੰ ਆਪਣੇ ਸ਼ਬਦਾਂ ਦੇ ਜਾਲ ਰਾਹੀਂ ਲੋਕਾਂ ਨੂੰ
ਭੰਬਲਭੂਸੇ ਵਿੱਚ ਪਾਉਣ ਲਈ ਪੂਰੀ ਮੁਹਾਰਤ ਖੰਘਾਲੀ ਬੈਠੀ ਸੀ। ਮੈਂ ਨੁਰ ਨਾਲ
ਦੋਸਤੀ ਕਰਕੇ ਕਹਿ ਲਉ ਜਾਂ ਹੋਰ ਕੁਝ ਵੀ, ਉਨ੍ਹਾਂ ਦੀ ਕਦਰ ਬਹੁਤ ਕਰਦਾ ਸਾਂ।
ਕਿਹਾ ਗਿਆ ਕਿ ਫਖਰ ਜ਼ਮਾਨ ਦੀ ਰਚਨਾ ਵਿੱਚ ਪਾਕਿਸਤਾਨ ‘ਚ ਹੋ ਰਹੇ ਜਬਰ ਨੂੰ
ਉਭਾਰਿਆ ਗਿਆ ਇਸ ਲਈ ਉਸ ਨੂੰ ਪਾਕਿਸਤਾਨ ਵਿਚ ਜ਼ਬਤ ਕਰ ਦਿੱਤਾ ਗਿਆ। ਜਿਸ ਕਿਤਾਬ
‘ਚ ਇਹ ਜ਼ਿਕਰ ਸੀ ਉਸ ਦਾ ਨਾਮ ਸੀ ‘ਬੈਂਨਡ ਇਨ ਪਾਕਿਸਤਾਨ : ਡੈੱਢ ਮੈਨਜ਼ ਟੇਲ ਐਂਡ
ਅਦਰ ਸਟੋਰੀਜ਼…।’ ਪ੍ਰੋ: ਨੂਰ ਅਤੇ ਫ਼ਖਰ ਜ਼ਮਾਨ--ਦੋਹਾਂ ਨੇ ਹੀ ਮੈਨੂੰ ਉਹ ਲਿਖਤ
ਪ੍ਰਕਾਸ਼ਤ ਕਰਨ ਲਈ ਕਿਹਾ। ਮੈਂ ਵੀ ਸੋਚਿਆ ਕਿ ਇਹ ਲਿਖਤ ਅੰਗਰੇਜ਼ੀ ਹਲਕਿਆਂ ‘ਚ
ਕੁਝ ਚਰਚਾ ਦਾ ਵਿਸ਼ਾ ਬਣੇਗੀ।
ਇਹ ਪੁਸਤਕ ਪ੍ਰਕਾਸ਼ਤ ਹੋ ਕੇ ਉਹ ਜੁਆਬ ਤਾਂ ਨਾ ਲਿਆਈ ਜਿਸ ਦਾ ਬਹੁਤਿਆਂ ਨੂੰ
ਇੰਤਜ਼ਾਰ ਸੀ, ਪਰ ਇਸੇ ਕਰਕੇ ਫ਼ਖਰ ਮੇਰਾ ਦੋਸਤ ਜ਼ਰੂਰ ਬਣ ਗਿਆ।
ਉਹ ਜਦ ਵੀ ਹਿੰਦੁਸਤਾਨ ਆਉਂਦਾ ਅਸੀਂ ਮਿਲਦੇ, ਗੱਪਾਂ ਮਾਰਦੇ, ਗੰਭੀਰ ਬਹਿਸਾਂ
‘ਚ ਗ੍ਰਸਤ ਹੋ ਜਾਂਦੇ। ਆਖਰ ਵਿਚਾਰਾਂ ਦੀ ਇੰਤਹਾ ਨੂੰ ਸਕੂਈਜ਼ ਕਰਦੇ ਆਪੋ
ਆਪਣੀ ਰਹਿਣਗਾਹ ਜਾ ਲੇਟ ਜਾਂਦੇ ਤੇ ਸਵੇਰੇ ਉੱਠ ਇਹ ਵਿਚਾਰ ਕਰਦੇ ਕਿ ਕਿਆ ਖੋਇਆ
ਕਿਆ ਪਾਇਆ ਹਮਨੇ।
ਮੈਂ ਜਦੋਂ ਵੀ ਫ਼ਖਰ ਦੀਆਂ ਲਿਖਤਾਂ ਪੜ੍ਹਦਾ- ਉਹ ਰੂਹ ਅੰਦਰ ਉਤਰ ਜਾਂਦੀਆਂ।
ਆਪਣੇ ਜ਼ਿਹਨ ‘ਚ ਭਰੇ ਦਰਦ ਨੂੰ ਜਦ ਉਹ ਆਪਣੀ ਕਲਮ ਰਾਹੀਂ ਅੱਖਰਾਂ ‘ਚ ਉਲੀਕਦਾ ਤਾਂ
ਇੱਕ ਐਸਾ ਤੁਣਕਾ ਲੱਗਦਾ ਜਿਵੇਂ ਉਹ ਕਹਿ ਰਿਹਾ ਹੋਵੇ - ਅਨੁਭਵ ਦੀ ਕਦਰ ਕਰੋ -
ਘਾਣ ਨਹੀਂ। ਤਖਤੋ-ਤਾਜ ਬਣਦੇ ਉੱਜੜਦੇ ਰਹੇ। ਲੇਖਕ ਜ਼ਿੰਦਾ ਉਹੀ ਰਹਿੰਦਾ ਜੋ ਲੋਕਾਂ
ਦੀ ਰੂਹ ‘ਚ ਵਸਦਾ। ਉਹੀ ਰਹਿੰਦਾ ਜੋ ਉਨ੍ਹਾਂ ਦੀ ਅੰਦਰਲੀ ਚੀਸ ਨੂੰ
ਸਮਝਦਾ/ਮਹਿਸੂਸ ਕਰਦਾ।
ਪਰ ਜਦ ਮੈਂ ਉਹਦੇ ਦੂਜੇ ਪਾਸੇ ਵੱਲ ਦੇਖਦਾਂ ਤਾਂ ਪਾਕਿਸਤਾਨੀ ਹੋਣਾ ਹੀ ਉਸ ਦੀ
ਬਦਕਿਸਮਤੀ ਸੀ। ਉਸ ਉੱਤੇ ਸ਼ੱਕ ਦੀ ਸੂਈ ਦੋਹੀਂ ਪਾਸੀਂ, (ਸਾਹਿਤਕ ਹਲਕਿਆਂ ‘ਚ)
ਲਟਕਾ ਦਿੰਦਾ। ਇਹ ‘ਜਾਸੂਸ’ ਹੈ, ‘ਆਈ.ਐਸ.ਆਈ.’ ਲਈ ਕੰਮ ਕਰਦਾ। ਇਹ ਭੁੱਟੋ
ਪਰਿਵਾਰ ਦੀ ਹਕੂਮਤ ਦੁਬਾਰਾ ਕਾਇਮ ਕਰਨ ਲਈ ਮਾਹੌਲ ਬਣਾਉਣ ਲਈ ਹਿੰਦੁਸਤਾਨ ਆਉਂਦਾ।
ਇਹ “ਧਨਾਢ” ਹੈ, ਇਹ ਜਗੀਰਦਾਰ ਹੈ, ਇਸਨੂੰ ਕੀ ਲੋਕਾਂ ਦੇ ਦਰਦ ਨਾਲ। ਤੇ ਇਸ
ਤਰ੍ਹਾਂ ਦੇ ਤੌਖਲੇ ਉਹਦੇ ਲਈ ਆਮ ਹੀ ਬਣ ਜਾਂਦੇ।
ਇਹ ਵੀ ਹੋ ਸਕਦੈ ਉਹ ਇਹ ਕੰਮ ਕਰਦਾ ਹੋਵੇ - ਰਾਜਨੀਤੀ ‘ਚ ਉਹਦੀ ਡੂੰਘੀ ਪਕੜ
ਹੀ ਨਹੀਂ ਸ਼ਮੂਲੀਅਤ ਵੀ ਸੀ। ਭੁੱਟੋ ਪਰਿਵਾਰ ਨਾਲ ਉਸਦੀ ਸਾਂਝ ਸੀ। ਪਰ ਮੇਰਾ ਕੰਮ
ਉਹਦੀਆਂ ਲਿਖਤਾਂ ਤੱਕ ਸਬੰਧਤ ਸੀ। ਉਹਦੇ ਲੇਖਕ ਹੋਣ ਤੀਕ ਵਾਸਤਾ ਸੀ। ਉਹਦੀ ਕਲਮ
ਰਾਹੀਂ ਉਕਰੇ ਹਰਫ਼ਾਂ ਦੇ ਭਾਵ ਸਮਝਣ ਤੀਕ ਸੀ।
ਫਿਰ ਇੱਕ ਦਿਨ ਉਹ ਆਇਆ ਤਾਂ ਮੇਰੇ ਲਈ ਕਈ ਰੇਅਰ ਕਿਤਾਬਾਂ ਲਿਆਇਆ।
ਜਿਹਦੇ ‘ਚ ਭੁੱਟੋ ਟਰਾਇਲ ਦੇ ਸਾਰੇ ਡਾਕੂਮੈਂਟ ਸਨ।
ਭੁੱਟੋ ਦੀ ਜੇਲ੍ਹ ਡਾਇਰੀ ਸੀ। ਬੇਨਜ਼ੀਰ ਬਾਰੇ ਭੁੱਟੋ ਦੇ ਸੁਨੇਹੇ ਸਨ।
ਪਾਕਿਸਤਾਨੀ ਸ਼ਾਇਰਾਂ ਦੀਆਂ ਕਵਿਤਾਵਾਂ ਸਨ। ਕਹਾਣੀਕਾਰਾਂ ਦੀਆਂ ਕਹਾਣੀਆਂ ਸਨ।
ਮੈਂ ਉਹ ਸਭ ਕਿਤਾਬਾਂ ਉਸ ਤੋਂ ਖਰੀਦ ਲਈਆਂ ਤੇ ਪ੍ਰਕਾਸ਼ਤ ਕਰਨ ਦਾ ਵਾਅਦਾ ਕਰ
ਦਿੱਤਾ। ਪਰ ਦਫਤਰ ‘ਚ ਜਦੋਂ ਉਨ੍ਹਾਂ ਦੀ ਕਾਰੋਬਾਰੀ ਮਾਰਕਿਟ ਦਾ ਅੰਦਾਜ਼ਾ ਲਗਾਇਆ
ਤਾਂ ਉਹ ਕੋਈ ਬਹੁਤੀ ਚੰਗੀ ਪੇਸ਼ਕਸ਼ ਨ ਲੱਗੀ ਕਰਕੇ ਉਹ ਸਭ ਫਿਲਹਾਲ ਇੱਕ ਪਾਸੇ
ਰੱਖ ਦਿੱਤਾ। ਪਾਕਿਸਤਾਨ ‘ਚ ਕਈ ਵਰਲਡ ਪੰਜਾਬੀ ਕਾਨਫਰੰਸਾਂ ਹੋਈਆਂ।
ਮੈਨੂੰ ਵੀ ਸੱਦਾ ਦਿੱਤਾ ਗਿਆ। ਪਰ ਮੈਂ ਰਾਜਨੀਤੀ ਤੋਂ ਗੁਰੇਜ਼ ਕਰਦਿਆਂ ਇਨ੍ਹਾਂ
‘ਚ ਸ਼ਿਰਕਤ ਕਰਨ ਤੋਂ ਨਾਂਹ ਕਰ ਦਿੱਤੀ।
ਕਈ ਵਾਰੀ ਪਾਕਿਸਤਾਨੀ ਅਦੀਬ ਵੀ ਆਉਂਦੇ ਤਾਂ ਉਹਨਾਂ ਦੀਆਂ ਅੱਖਾਂ ਵੀ ਫਖਰ ਦਾ
ਜ਼ਿਕਰ ਆਉਂਦਿਆਂ ਇਕ ਡੂੰਘੀ ਝੀਲ ਬਣ ਜਾਂਦੀਆਂ ਜਿਵੇਂ ਉਹਦੇ ‘ਚ ਤੈਰ ਕੇ ਉਹ ਕੁੱਝ
ਲੱਭ ਰਹੇ ਹੋਣ ਤੇ ਉਹ ਤਨਜ਼ ਨਾ ਮਿਲ ਰਹੀ ਹੋਵੇ ਜਿਸ ‘ਚ ਉਹ ਫਖਰ ਦਾ ਜ਼ਿਕਰ ਕਰਨਾ
ਚਾਹੁੰਦੇ ਹੋਣ। ਹੁਣ ਇਹ ਤਾਂ ਪਤਾ ਨਹੀਂ ਕਿ ਕਿਉਂ ਪਰ ਜਦੋ-ਜਦੋਂ ਵੀ ਫਰਾਜ਼ ਅਹਮਦ
ਆਊਦੇ ਤਾਂ ਫਖਰ ਦਾ ਜ਼ਿਕਰ ਕਰਦਿਆਂ ਹੀ ਖਾਮੋਸ਼ ਹੋ ਜਾਂਦੇ। ਕਿਉਂਕਿ ਜਦੋਂ ਵੀ ਮੈਂ
ਫਖਰ ਬਾਰੇ ਦੱਸਿਆ ਕਿ ਉਹ ਮੇਰਾ ਦੋਸਤ ਹੈ, ਤਾਂ ਇਹ ਮੇਰੇ ਨਾਲ ਕਈ ਵੇਰ ਵਾਪਰਦਾ।
ਫਰਾਜ਼ ਹੁਰਾਂ ਨੂੰ ਵੀ ਬਹੁਤ ਨੇੜਿਉਂ ਜਾਨਣ ਦਾ ਮੌਕਾ ਮਿਲਿਆ ਕਿਉਂਕਿ ਉਹ ਦਿਨ ਦਾ
ਸਮਾਂ ਉਹਨਾਂ ਨਾਲ ਕਾਫੀ ਗੁਜ਼ਰਦਾ ਸੀ।
ਅੱਜ ਜਦੋਂ ਉਸ ਦੀਆਂ ਲਿਖਤਾਂ ‘ਬੰਦੀਵਾਨ’ ਫਰੋਲਦਾਂ ਤਾਂ ਉਸ ਦੇ ਮੁੱਢਲੇ
ਸਫਿਆਂ ਤੇ ਪ੍ਰੋ. ਕਰਨੈਲ ਸਿੰਘ ਥਿੰਦ ਦੇ ਲਿਖੇ ਹਰਫ਼ਾਂ ਦੇ ਅਰਥ ਕੱਢਦਾਂ ਜਾਂ
ਅਮੀਨ ਮੁਗਲ ਦੀ ਲਿਖੀ ਚੀਰ ਫਾੜ ‘ਚੋਂ ਲੰਘਦਾਂ ਤਾਂ ਇੱਕ ਹੋਰ ਡੂੰਘਾ ਫ਼ਖਰ ਜ਼ਮਾਨ
ਮੇਰੇ ਸਾਹਮਣੇ ਆਉਣ ਲੱਗਦਾ। ਇਸ ਤਰ੍ਹਾਂ ਉਸ ਦੀਆਂ ਹੋਰ ਪੁਸਤਕਾਂ ‘ਬੇਵਤਨਾ’,
‘ਕਮਜ਼ਾਤ’,‘ਸੱਤ ਗਵਾਚੇ ਲੋਕ’,‘ਵਣ ਦਾ ਬੂਟਾ’,‘ਚਿੜੀਆਂ ਦਾ ਚੰਬਾ’,‘ਵੰਗਾਰ’,
‘ਕੰਨਸੋਅ ਵੇਲੇ ਦੀ’ ਜਾਂ ਉਰਦੂ ਤੇ ਅੰਗਰੇਜ਼ੀ ਦੀਆਂ ਉਸ ਦੀਆਂ ਲਿਖਤਾਂ ਤੇ ਝਾਤ
ਮਾਰਦਾ ਤਾਂ ਉਹ ਭਲਵਾਨ ਤੇ ਜਗੀਰਦਾਰ ਘੱਟ ਤੇ ਇੱਕ ਗੂੜਿਆ ਹੋਇਆ ਵਿਚਾਰਵਾਨ, ਸੂਖਮ
ਹਿਰਦੇ ਵਾਲਾ ਫ਼ਖਰ ਜ਼ਮਾਨ ਉੱਘੜ ਆਉਂਦਾ ਹੈ।
ਗੱਲ ਮੈਂ ਇਹ ਕਹਿਣੀ ਚਾਹੁੰਦਾ ਹਾਂ ਕਿ ਫ਼ਖਰ ਜ਼ਮਾਨ ਇੱਕ ਬੁਲੰਦ ਲੇਖਕ ਦੇ
ਤੌਰ ਤੇ ਮੇਰੇ ਜਿ਼ਹਨ ਅੰਦਰ ਹਮੇਸ਼ਾ ਰਿਹਾ ਤੇ ਰਹੇਗਾ।
|