ਸੁਣਿਆ ਹੈ ਕਿ ਇੰਗਲੈਂਡ ਦੀਆਂ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਬਣਦੀਆਂ
ਟੁੱਟਦੀਆ ਰਹਿੰਦੀਆਂ ਹਨ ਪਰ ਇਹ ਵੀ ਸੁਣਿਆ ਕਿ ਲਗਾਤਾਰੀ ਵਿਚ ਇੱਥੇ ਪਿਛਲੇ 33
ਸਾਲਾਂ ਤੋਂ ਇਕੋ ਇਕ ਸੰਸਥਾ “ਅਦਾਰਾ ਸ਼ਬਦ” ਹੀ ਸਰਗਰਮ ਰਹੀ ਹੈ ।
ਇੰਗਲੈਂਡ ਵਿਚਲੇ ਪੰਜਾਬੀ ਦੇ ਸਾਹਿਤਕ ਹਲਕਿਆਂ ਵਿਚ ਹਰ ਸਾਲ ਵਾਂਗ ਇਨ੍ਹਾਂ
ਦਿਨਾ ਵਿਚ ਹੀ ਸਰਗਰਮੀਆਂ ਸ਼ੁਰੁ ਹੋ ਜਾਂਦੀਆ ਹਨ ਤੇ ਐਤਕੀਂ ਵੀ ਹੋਈਆਂ । ਐਤਕੀਂ
ਇਸ ਸੰਸਥਾ ਵਲੋਂ ਤਿੰਨ ਵੱਡੇ ਸਮਾਗਮਾਂ ਦਾ ਐਲਾਨ ਕੀਤਾ ਗਿਆ । ਉਂਜ ਤਾਂ ਇਥੇ
ਕਿਸੇ ਸਭਾ ਲਈ ਇਕ ਪ੍ਰੋਗਰਾਮ ਕਰਾਉਣਾ ਹੀ ਔਖਾ ਹੋ ਜਾਂਦਾ ਹੈ ਪਰ ਜੇ ਇਸੇ ਲੜੀ ‘ਚ
ਦੇਖੀਏ ਤਾਂ ਇਕੋ ਸਮੇਂ ਤਿੰਨ ਸਮਾਗਮ ਕਰਾਉਣੇ ਬਹੁਤ ਵੱਡੀ ਗੱਲ ਲਗਦੀ ਹੈ। ਪਰ
‘ਅਦਾਰਾ ਸ਼ਬਦ’ ਨੇ ਇਹ ਵਿੱਢਣ ਵਿੱਢ ਲਿਆ ਤੇ ਇਸ ਨੂੰ ਕਰ ਵੀ ਦਿਖਾਇਆ।
ਪਹਿਲਾ ਸਮਾਗਮ ਸੁਰਿੰਦਰ ਸੀਹਰਾ ਦੇ ਗਜ਼ਲ ਸੰਗ੍ਰਹਿ ‘ਹਵਨ’ ਦੇ ਜਿ਼ਕਰ ਨੂੰ ਲੈ
ਕੇ ਹੋਇਆ। ਇਸ ਵਿਚ ਦੋ ਖੋਜ-ਪੱਤਰ ਖੁੱਲੀ ਬਹਿਸ ਲਈ ਪੇਸ਼ ਕੀਤੇ ਗਏ। ਇਕ ਪੰਜਾਬ
ਯੂਨੀਵਰਸਟੀ, ਚੰਡੀਗੜ੍ਹ ਤੋਂ ਆਏ ਡਾ. ਗੁਰਪਾਲ ਸਿੰਘ ਸੰਧੂ ਨੇ ਜਿਸ ਵਿਚ ਉਨ੍ਹਾਂ
ਸੀਹਰੇ ਦੀਆਂ ਗਜ਼ਲਾਂ ਦੇ ਮਨੋਵਿਗਿਆਨਕ ਪੱਖ ਦਾ ਵਿਸ਼ਲੇਸ਼ਣ ਕੀਤਾ। ਉਹਨਾਂ ਕਿਹਾ
ਕਿ ਇਹ ਗਜ਼ਲਾਂ ਮਨੁੱਖੀ ਮਨ ਦੀ ਥਾਹ ਪਾਉਂਦੀਆਂ ਹਨ ਤੇ ਇਹਨਾਂ ਵਿਚਲੀ ਵਿਸ਼ਾਲਤਾ
ਇਸ ਦੇ ਗਜ਼ਲਕਾਰ ਦੇ ਡੂੰਘੇ ਅਧਿਅਨ ਬਾਰੇ ਪਾਠਕ ਨੂੰ ਮੁਖਾਤਿਬ ਹੁੰਦੀ ਹੈ। ਤੇ
ਦੂਜਾ ਪੱਕ ਇਥੋਂ ਦੀ ਮਸ਼ਹੂਰ ਵਿਦਵਾਨ ਡਾ. ਦੇਵਿੰਦਰ ਕੌਰ ਨੇ ਪੇਸ਼ ਕੀਤਾ ।
ਦੇਵਿੰਦਰ ਕੌਰ ਨੇ ਇਹਨਾਂ ਗਜ਼ਲਾਂ ਵਿਚ ਆਉਂਦੇ ਪੰਜਾਂ ਤੱਤਾਂ ਬਾਰੇ ਜਿ਼ਕਰ ਕੀਤਾ
ਤੇ ਕਿਹਾ ਕਿ ਗਜ਼ਲ ਅਰਬ ਤੋਂ ਆਈ ਰਿਵਾਇਤ ਹੈ ਤੇ ‘ਹਵਨ’ ਭਾਰਤੀ ਸੰਸਕ੍ਰਿਤੀ ਦਾ
ਹਿੱਸਾ । ਇਸ ਪੁਸਤਕ ਵਿਚ ਸੀਹਰੇ ਨੇ ਦੋਹਾਂ ਰਿਵਾਇਤਾਂ ਨੂੰ ਇਕ-ਮਿਕ ਕਰ ਦਿਤਾ
ਹੈ। ਇਹਨਾਂ ਪੇਸ਼ਕਾਰੀਆਂ ਤੋਂ ਬਾਅਦ ਬਹੁਤ ਸਾਰੇ ਵਿਦਵਾਨਾਂ ਨੇ ਇਨ੍ਹਾਂ ਬਾਰੇ ਤੇ
ਗਜ਼ਲਾਂ ਬਾਰੇ ਬਹਿਸ ਕੀਤੀ ਅਤੇ ਇਸ ‘ਚ ਹਿੱਸਾ ਲੈਣ ਵਾਲਿਆਂ ਵਿਚ ਅਮਰ ਜੋਤੀ, ਡਾ.
ਮੰਗਤ ਰਾਏ ਭਾਰਦਵਾਜ, ਅਵਤਾਰ ਉੱਪਲ, ਪੂਰਨ ਸਿੰਘ, ਸਾਥੀ ਲੁਧਿਆਣਵੀ, ਦੇਵਿੰਦਰ
ਨੌਰਾ, ਕਿਰਪਾਲ ਪੂਨੀ, ਸਿ਼ਵਚਰਨ ਗਿੱਲ ਅਤੇ ਕੁਝ ਹੋਰ ਲੇਖਕਾ ਦਾ ਜਿ਼ਕਰ ਕੀਤਾ ਜਾ
ਸਕਦਾ। ਸਭਨਾਂ ਨੇ ਹੀ ਸੁਰਿੰਦਰ ਸੀਹਰੇ ਦੀਆਂ ਗਜ਼ਲਾਂ ਦੀ ਸਰਾਹਣਾ ਕੀਤੀ। ਇਸ
ਬਹਿਸ ਵਿਚੋਂ ਕੁਝ ਨੁਕਤੇ ਤੇ ਮੁੱਦੇ ਵੀ ਉਠੇ। ਇਸ ਦੀ ਪ੍ਰਧਾਨਗੀ ਡਾ. ਜਸਵਿੰਦਰ
ਸਿੰਘ (ਪੰਜਾਬੀ ਯੂਨੀਵਰਸਟੀ, ਪਟਿਆਲਾ) ਨੇ ਕੀਤੀ ਤੇ ਉਹਨਾਂ ਦੇ ਨਾਲ ਮੰਚ ਉਪਰ
ਦਰਸ਼ਨ ਖਟਕੜ, ਸਾਥੀ ਲੁਧਿਆਣਵੀ ਤੇ ਕਿਰਪਾਲ ਪੂਨੀ ਵੀ ਸ਼ਾਮਲ ਸਨ। ਇਸੇ ਸਮਾਗਮ ਦਾ
ਦੂਜਾ ਭਾਗ ਕਵੀ ਦਰਬਾਰ ਸੀ। ਜਿਸ ਦੀ ਪ੍ਰਧਾਨਗੀ ਡਾ. ਧਨਵੰਤ ਕੌਰ (ਪੰਜਾਬੀ
ਯੂਨੀਵਰਸਟੀ, ਪਟਿਆਲਾ) ਨੇ ਕੀਤੀ ਤੇ ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ
ਹੋਏ; ਡਾ. ਮੰਗਤ ਰਾਏ ਭਾਰਦਵਾਜ, ਦੇਵਿੰਦਰ ਨੌਰਾ, ਸਿ਼ਵਚਰਨ ਗਿੱਲ, ਤੇ ਦਲਬੀਰ
ਕੌਰ। ਕਵੀ ਦਰਬਾਰ ਵਿਚ ਪੂਰੇ ਇੰਗਲੈਂਡ ਤੋਂ ਪਹੁੰਚੇ ਸ਼ਾਇਰਾ ਨੇ ਸਿ਼ਰਕਤ ਕੀਤੀ ।
ਅਗਲੇ ਦਿਨ ਦੇ ਸਮਾਗਮ ਦੇ ਪਹਿਲੇ ਭਾਗ ਵਿਚ ਮਹਿੰਦਰ ਗਿੱਲ ਦੀ ਕਵਿਤਾ ਦੀ
ਕਿਤਾਬ ‘ਬੱਦਲਾਂ ਤੋਂ ਪਾਰ’ ਉਪਰ ਵਿਚਾਰ ਚਰਚਾ ਹੋਈ। ਇਸ ਭਾਗ ਦੀ ਮੰਚ ਸੰਚਾਲਣਾ
ਸੁਰਿੰਦਰ ਸੀਹਰੇ ਨੇ ਕੀਤੀ ਤੇ ਪ੍ਰਧਾਨਗੀ ਮਨਮੋਹਨ ਸਿੰਘ ਨੇ ਕੀਤੀ। ਉਹਨਾਂ ਦੇ
ਨਾਲ ਪ੍ਰਧਾਨਗੀ ਮੰਡਲ ਵਿਚ ਦਰਸ਼ਨ ਧੀਰ, ਐਸ ਬਲਵੰਤ ਤੇ ਸੰਤੋਖ ਸਿੰਘ ਸੰਤੋਖ
ਸ਼ਾਮਲ ਹੋਏ। ਇਸ ਸਮਾਰੋਹ ਵਿਚ ਡਾ. ਜਸਵਿੰਦਰ ਸਿੰਘ ਅਤੇ ਡਾ. ਗੁਰਪਾਲ ਸਿੰਘ ਸੰਧੂ
ਨੇ ਕ੍ਰਮਵਾਰ ਆਪਣੇ ਬੜੇ ਗੰਭੀਰ ਖੋਜ-ਪੱਤਰ ਪੇਸ਼ ਕੀਤੇ ਜਿਸ ਵਿਚ ਮਹਿੰਦਰ ਗਿੱਲ
ਦੀ ਕਵਿਤਾ ਦੇ ਰਚਨਾਤਮਿਕ ਗਲੋਬਲੀ ਸਰੋਕਾਰਾਂ ਅਤੇ ਵਿਲੱਖਣਤਾਵਾਂ ਨੂੰ ਵਿਸਤਾਰ
ਨਾਲ ਵਿਚਾਰਿਆ ਗਿਆ। ਦੋਹਾਂ ਵਿਦਵਾਨਾਂ ਨੇ ਗਿੱਲ-ਕਾਵਿ ਦਾ ਮੁਲੰਕਣ ਕਰਦਿਆਂ ਇਹ
ਧਾਰਨਾ ਪੇਸ਼ ਕੀਤੀ ਕਿ ਉਹ ਨਾ ਕੇਵਲ ਵੰਨ ਸੁਵੰਨੇ ਵਿਸਿ਼ਆਂ ਨੂੰ ਹੀ ਆਪਣੇ ਕਾਵਿ
ਵਿਚ ਪੇਸ਼ ਕਰਦਾ ਹੈ, ਸਗੋਂ ਉਨ੍ਹਾਂ ਦਾ ਬੌਧਿਕ ਪੱਧਰ ’ਤੇ ਨਿਭਾਉਂਦਾ ਵੀ ਕਰਦਾ
ਹੈ। ਦੋਹਾਂ ਪਰਚਿਆਂ ਉਪਰ ਭਰਪੂਰ ਬਹਿਸ ਹੋਈ। ਬਹਿਸ ਦਾ ਆਰੰਭ ਕਰਦਿਆਂ ਡਾ. ਮੰਗਤ
ਰਾਏ ਭਰਦਵਾਜ ਨੇ ਕਿਹਾ ਕਿ ਮਹਿੰਦਰ ਗਿੱਲ ਅਜਿਹਾ ਕਵੀ ਹੈ ਜਿਹੜਾ ਪੰਜਾਬੀ ਭਾਸ਼ਾ
ਦੀ ਕੁਦਰਤੀ ਰਿਦਮ ਨੂੰ ਪਹਿਚਾਣਦਾ ਹੈ। ਇਹੀ ਕਾਰਨ ਹੈ ਕਿ ਉਹਨੂੰ ਆਪਣੀ ਕਵਿਤਾ
ਤਾਲਬੱਦ ਕਰਨ ਲਈ ਕਿਸੇ ਉਚੇਚ ਦੀ ਜ਼ਰੂਰਤ ਨਹੀਂ ਪੈਂਦੀ। ਡਾ. ਧਨਵੰਤ ਕੌਰ ਦਾ
ਵਿਚਾਰ ਸੀ ਕਿ ਮਹਿੰਦਰ ਗਿੱਲ ਦੀ ਕਵਿਤਾ ਦੀ ਮੁੱਖ ਸ਼ਕਤੀ ਉਹਦੀਆਂ ਸਿਮਰਤੀਆਂ ਵਿਚ
ਹੈ। ਡਾ. ਦੇਵਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਗਿੱਲ-ਕਾਵਿ
ਚਿੰਤਨਧਾਰਾ ਦਾ ਕਾਵਿ ਹੈ। ਇਸ ਬਹਿਸ ਵਿਚ ਸਾਥੀ ਲੁਧਿਆਨਵੀ, ਅਮਰ ਜਿਉਤੀ, ਐਸ.
ਬਲਵੰਤ ਆਦਿ ਵਿਦਵਾਨਾਂ ਨੇ ਵੀ ਭਾਗ ਲਿਆ। ਦਰਸ਼ਨ ਧੀਰ ਨੇ ਕਿਹਾ ਕਿ ਇਸ ਗੱਲ ਵਲੋਂ
ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਿਰਜਣਾ ਦਾ ਮੁਢਲਾ ਤੇ ਮੁੱਖ ਕਰਮ ਪਾਠਕ ਨੂੰ
ਖੁਸ਼ੀ ਦੇਣਾ ਹੁੰਦਾ ਹੈ। ਉਹ ਭਾਵੇਂ ਕਵਿਤਾ ਹੋਵੇ, ਕਹਾਣੀ ਜਾਂ ਨਾਵਲ ਹੋਵੇ ਤੇ
ਬੇਸ਼ੱਕ ਨਾਟਕ। ਪਰ ਪ੍ਰਸ਼ਨ ਇਹ ਹੈ ਕਿ ਕੀ ਲੇਖਕ ਪਾਠਕ ਨੂੰ
Sensual pleasure ਦਿੰਦਾ ਹੈ ਜਾਂ
Intellectual pleasure। ਮੇਰੇ ਵਿਚਾਰ ਵਿਚ ਸੱਚੇ ਸਾਹਿਤਕਾਰ ਦਾ ਧਰਮ
ਇੰਦਰੀਆਵੀ ਖੁਸ਼ੀ ਦੇਣ ਦੀ ਥਾਂ ਬੌਧਿਕ ਆਨੰਦ ਦੇਣਾ ਹੁੰਦਾ। ਮਹਿੰਦਰ ਦਾ ਕਾਵਿ
ਦੂਜੀ ਕਿਸਮ ਦਾ ਕਾਵਿ ਹੈ। ਭਾਵ ਬੌਧਿਕ ਆਨੰਦ ਦੇਣ ਵਾਲਾ ਕਾਵਿ।
ਸ਼ਾਮ ਨੂੰ ਬੜਾ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਡਾ.
ਗੁਰਪਾਲ ਸਿੰਘ ਸੰਧੂ ਨੇ ਕੀਤੀ ਤੇ ਉਹਨਾਂ ਦੇ ਨਾਲ ਕੁਲਵੰਤ ਢਿਲੋਂ, ਦੇਵਿੰਦਰ ਕੋਰ
ਤੇ ਅਮਰਜੋਤੀ ਸਟੇਜ ‘ਤੇ ਬੈਠੇ। ਸਟੇਜ ਸਕੱਤਰ ਦਾ ਫਰਜ਼ ਦਾ ਦਰਸ਼ਨ ਬੁਲੰਦਵੀ ਨੇ
ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਇਸ ਮੌਕੇ ’ਤੇ ਅੱਗੇ ਲਿਖੀਆਂ ਪੁਸਤਕਾਂ ਲੋਕ
ਅਰਪਣ ਕੀਤੀਆਂ ਗਈਆਂ: (1) ‘ਬੱਦਲਾਂ ਤੋਂ ਪਾਰ’; ਮਹਿੰਦਰ ਗਿੱਲ, (2) ‘ਵੋਲਗਾ
ਤੋਂ ਗੰਗਾ’; ਕੰਵਲ ਧਾਲੀਵਾਲ, (3) ਗੁੰਮਨਾਮ ਸਿਪਾਹੀ; ਐਸ. ਬਲਵੰਤ, (4) ਅੱਖੀਂ
ਡਿੱਠਾ ਭਾਰਤ; ਆਤਮਾ ਸਿੰਘ ਬਰਾੜ।
‘ਅਦਾਰਾ ਸ਼ਬਦ’ ਦਾ ਤੀਜਾ ਸਮਾਗਮ ਨਾਵਲਕਾਰ ਹਰਜੀਤ ਅਟਵਾਲ ਦੇ ਨਵੇਂ ਨਾਵਲ
‘ਮੋਰ ਉਡਾਰੀ’ ਉਪਰ ਹੋਇਆ। ਇਸ ਨਾਵਲ ਦੇ ਵਿਸ਼ੇ ਤੇ ਤਕਨੀਕ ਬਾਰੇ ਵੀ ਦੋ
ਖੋਜ-ਪੱਤਰ ਪੜ੍ਹੇ ਗਏ। ਪਹਿਲਾ ਡਾ ਧਨਵੰਤ ਕੌਰ ਦਾ ਸੀ ਤੇ ਦੂਜਾ ਡਾ. ਗੁਰਪਾਲ
ਸੰਧੂ ਵਲੋਂ ਪੇਸ਼ ਕੀਤਾ ਗਿਆ । ਡਾ. ਧਨਵੰਤ ਕੌਰ ਨੇ ਆਪਣੇ ਵਿਚਾਰਾਂ ਵਿਚ ਕਿਹਾ
ਕਿ ਇਹ ਨਾਵਲ ਗੱਲਾਂ ਕਰਨ ਦੀ ਵਿਧੀ ਵਿਚ ਲਿਖਿਆ ਗਿਆ ਹੈ। ਇੰਗਲੈਂਡ ਵਿਚ ਵਸਦਾ
ਅਰਵਿੰਦ ਸਿੰਘ ਵੀਹ ਸਾਲ ਬਾਅਦ ਆਪਣੇ ਪਿਓ ਦੇ ਅਸਤ ਲੈ ਕੇ ਹਿੰਦੁਸਤਾਨ ਜਾਂਦਾ ਹੈ
ਤੇ ਉਥੇ ਬਦਲੇ ਹੋਏ ਹਿੰਦੁਸਤਾਨ ਬਾਰੇ ਜੋ ਜੋ ਮਹਿਸੂਸ ਕਰਦਾ ਹੈ ਉਸ ਸਭ ਨੂੰ
ਨਾਵਲਕਾਰ ਨੇ ਬਹੁਤ ਹੀ ਬਾਰੀਕਬੀਨੀ ਨਾਲ ਫੜਿਆ ਹੈ। ਡਾ. ਗੁਰਪਾਲ ਸੰਧੂ ਨੇ ਕਿਹਾ
ਇਸ ਨਾਵਲ ਨੂੰ ਸਮਝਣ ਲਈ ਪ੍ਰਤੀਕ ਤੋਂ ਯਥਾਰਥ ਵਲ ਨੂੰ ਜਾਣਾ ਹੋਏਗਾ। ਉਹਨਾਂ ਨੇ
ਆਪਣੀ ਗੱਲ ਕਹਿਣ ਲਈ ਗਾਇਕਾ ਕੈਟੀ ਪੈਰੀ ਦੇ ਗੀਤ ‘ਸ਼ੋ ਮੀ ਯੋਅਰ ਪੀਕੌਕ’ ਦਾ
ਸਹਾਰਾ ਲਿਆ। ਉਹਨਾਂ ਕਿਹਾ ਕਿ ਇਹ ਵਿਲੱਖਣ ਕਿਸਮ ਦਾ ਨਾਵਲ ਹੈ ਤੇ ਇਹ ਨਵੀਂ ਕਿਸਮ
ਦੀ ਨਾਵਲਕਾਰੀ ਦੀ ਸ਼ੁਰੂਆਤ ਕਰਦਾ ਹੈ। ਡਾ. ਜਸਵਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ
ਭਾਸ਼ਨ ਵਿਚ ਕਿਹਾ ਕਿ ਨਾਵਲ ਵਿਚ ਕੁਝ ਕਮੀਆਂ ਵੀ ਹਨ ਪਰ ਇਸ ਦੀਆਂ ਖੂਬੀਆਂ ਕਮੀਆਂ
ਉਪਰ ਭਾਰੂ ਹਨ। ਉਪਰੰਤ ਇਹਨਾਂ ਪੇਸ਼ਕਾਰੀਆਂ ਉਪਰ ਖੂਬ ਬਹਿਸ ਹੋਈ ਜਿਸ ਵਿਚ
ਸਿ਼ਵਚਰਨ ਗਿੱਲ, ਸਾਥੀ ਲੁਧਿਆਣਵੀ, ਡਾ. ਮੰਗਤ ਰਾਏ ਭਾਰਦਵਾਜ, ਅਵਤਾਰ ਉਪਲ, ਕੰਵਲ
ਧਾਲੀਵਾਲ, ਮਹਿੰਦਰਪਾਲ ਧਾਲੀਵਾਲ, ਅਮਰਜੋਤੀ, ਪਰਕਾਸ਼ ਸੋਹਲ, ਦੇਵਿੰਦਰ ਨੌਰਾ,
ਦਰਸ਼ਨ ਧੀਰ, ਡਾ. ਦੇਵਿੰਦਰ ਕੌਰ, ਰਣਜੀਤ ਧੀਰ ਸਮੇਤ ਪੰਦਰਾਂ ਤੋਂ ਵੱਧ ਵਿਦਵਾਨਾਂ
ਨੇ ਭਾਗ ਲਿਆ। ਨਾਵਲ ਵਿਚ ਆਉਂਦੇ ਅਸਤਾਂ ਨੂੰ ਲੈ ਕੇ ਕਈ ਸਵਾਲ ਉਠਾਏ ਗਏ ਕਿਉਂਕਿ
ਅਰਵਿੰਦ ਸਿੰਘ ਇਹਨਾਂ ਅਸਤਾਂ ਨੂੰ ਚਰਨ ਗੰਗਾ ਵਿਚ ਪਾਉਣਾ ਭੁੱਲ ਜਾਂਦਾ ਹੈ। ਬਹਿਸ
ਲੰਮੇਰੀ ਤਾਂ ਹੋਈ ਪਰ ਸਾਰਥਕ ਹੋਣ ਕਾਰਨ ਸਮੇਂ ਦਾ ਪਤਾ ਹੀ ਨਾ ਚੱਲਿਆ ਤੇ ਤਿੰਨ
ਵਜੇ ਦਾ ਸ਼ੁਰੂ ਹੋਇਆ ਪ੍ਰੋਗਰਾਮ ਅੱਠ ਵਜੇ ਮੁਕਿਆ। ਇਸ ਸੈਸ਼ਨ ਦੀ ਪ੍ਰਧਾਨਗੀ ਡਾ.
ਜਸਵਿੰਦਰ ਸਿੰਘ ਨੇ ਕੀਤੀ ਤੇ ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਅਵਤਾਰ ਉਪਲ,
ਦਰਸ਼ਨ ਧੀਰ ਤੇ ਰਣਜੀਤ ਧੀਰ ਵੀ ਸ਼ਾਮਲ ਹੋਏ। ਮੰਚ ਸੰਚਾਲਣਾ ਦਰਸ਼ਨ ਬੁਲੰਦਵੀ ਨੇ
ਕੀਤੀ।
ਸ਼ਾਮ ਵਾਲੇ ਕਵੀ ਦਰਬਾਰ ਹੋਇਆ ਜਿਸ ਨੂੰ ਸੁਰਿੰਦਰ ਸੀਹਰੇ ਨੇ ਆਪਣੇ ਵਖਰੇ
ਅੰਦਾਜ਼ੀ ਰੰਗ ਵਿਚ ਬੰਨ੍ਹ ਦਿੱਤਾ । ਇਸ ਸਮਾਗਮ ਦੀ ਪ੍ਰਧਾਨਗੀ ਡਾ. ਦੇਵਿੰਦਰ ਕੌਰ
ਨੇ ਕੀਤੀ ਤੇ ਉਹਦੇ ਨਾਲ ਅਮਰਜੋਤੀ, ਮਹਿੰਦਰ ਗਿੱਲ ਤੇ ਸੋਹਣ ਰਾਹੀ ਵੀ ਸ਼ਾਮਲ
ਹੋਏ। ਇਸ ਵਿਚ ਵੀ ਪ੍ਰਮੁੱਖ ਕਵੀਆਂ ਨੇ ਭਾਗ ਲਿਆ । ਇਸ ਭਾਗ ਵਿਚ ਇਕ ਹੋਰ ਵੱਖਰਾ
ਅੰਦਾਜ਼ ਆਪਣੀ ਵਿਲੱਖਡਤਾ ਲਿਆਇਆ ਜਦੋਂ ਪ੍ਰਧਾਨਗੀ ਭਾਸ਼ਨ ਵਜੋਂ ਡਾ. ਦੇਵਿੰਦਰ
ਕੌਰ ਨੇ ਹਰਜੀਤ ਅਟਵਾਲ ਦੀ ਸਖਸ਼ੀਅਤ ਬਾਰੇ ਇਕ ਗੀਤ ਸੁਣਾਇਆ; ‘ਸੁਣ ਹਰਜੀਤਿਆ ਓਏ,
ਭਰਿਆ ਤੇ ਪੀਤਿਆ ਓਏ!’ ਤੇ ਇਹ ਗੀਤ ਗੁਰਪਾਲ ਸੰਧੂ ਦਾ ਲਿਖਿਆ ਹੋਇਆ ਹੈ ਜਿਸ ਨੂੰ
ਸਰੋਤਿਆਂ ਵਲੋਂ ਬਹੁਤ ਪਸੰਦ ਕੀਤਾ ।
ਇਹਨਾਂ ਸਾਰੇ ਸਮਾਗਮਾਂ ਦੀਆਂ ਵਿਸ਼ੇਸ਼ ਗੱਲਾਂ ਇਹ ਰਹੀਆਂ ਕਿ ਬਹੁਤੇ ਲੇਖਕਾਂ
ਨੇ ਤਿੰਨੋ ਦਿਨ ਹੀ ਇਹਨਾਂ ਵਿਚ ਬਰਾਬਰ ਭਾਗ ਲਿਆ ਤੇ ਤਿਨੋ ਦਿਨ ਹੀ ਹਾਲ ਖਚਾ-ਖਚ
ਭਰਿਆ ਰਿਹਾ। ਬਹੁਤ ਸਾਰੇ ਰਾਜਨੀਤਕਾਂ ਜਿਵੇਂ ਕਿ ਐਪ ਪੀ ਵਰਿੰਦਰ ਸ਼ਰਮਾ, ਕੌਂਸਲਰ
ਕੇ ਸੀ ਮੋਹਨ, ਕੌਂਸਲਰ ਮਹਿੰਦਰ ਮਿੱਢਾ, ਕੌਂਸਲਰ ਤੇ ਸਾਬਕਾ ਮੇਅਰ ਰਣਜੀਤ ਧੀਰ ਵੀ
ਸ਼ਾਮਲ ਹੋਏ। ਅਰੁਣਮੇਸ਼ਵਰ ਕੌਰ ਬਿਮਾਰ ਸਿਹਤ ਦੇ ਬਾਵਜੂਦ ਆਏ। ਮਿਸਜ਼ ਸਾਥੀ ਯਸ਼
ਤੇ ਮਿਸਜ਼ ਸਤਿਆ ਉਪਲ ਪੂਰੇ ਦੇ ਪੂਰੇ ਸਮਾਗਮਾਂ ਵਿਚ ਵਧ-ਚੜ ਕੇ ਆਪਣਾ ਯੋਗਦਾਨ
ਪਾਇਆ। ਡਾ. ਜਗਬੀਰ ਸਿੰਘ ਤੇ ਜਿੰਦਰ ਵਰਗੇ ਦੋਸਤ ਚਲਦੇ ਸਮਾਗਮਾਂ ਵਿਚ ਫੋਨ ਕਰਕੇ
ਸ਼ੁਭ ਇਛਾਵਾਂ ਦਿੰਦੇ ਰਹੇ। ਕਾਮਰੇਡ ਅਵਤਾਰ ਉਪਰ ਨੇ ਫਲਸਤੀਨੀ ਲੋਕਾਂ ਦੇ ਹੱਕ
ਵਿਚ ਮਤਾ ਪੇਸ਼ ਕੀਤਾ ਜਿਸ ਨੂੰ ਸਰਬ ਸੰਮਤੀ ਨਾਲ ਮਨਜ਼ੂਰ ਕਰ ਲਿਆ ਗਿਆ। ਇਹਨਾਂ
ਸਮਾਗਮਾਂ ਵਿਚ ਇਕ ਗੱਲ ਇਹ ਵੀ ਉਭਰੀ ਕਿ ਇਥੇ ਪੜ੍ਹੇ ਗਏ ਪੱਤਰਾਂ ਨੇ ਇਹਨਾ
ਸਮਾਗਮਾਂ ਤੋਂ ਬਾਹਰ ਵੀ ਬਹੁਤ ਦੂਰ ਤਕ ਸੁਨੇਹਾ ਪਹੁੰਚਾਉਣਾ ਹੁੰਦਾ । ਇਹਨਾਂ
ਸਮਾਗਮਾਂ ਦੀ ਇਕ ਹੋਰ ਇਤਿਹਾਸਕ ਵਿਸ਼ੇਸ਼ਤਾ ਇਹ ਸੀ ਕਿ ਹਿੰਦੁਸਤਾਨ ਤੋਂ ਆਏ
ਤਿੰਨੋ ਵਿਦਵਾਨ; ਡਾ. ਗੁਰਪਾਲ ਸੰਧੂ, ਡਾ. ਜਸਵਿੰਦਰ ਸਿੰਘ ਤੇ ਡਾ. ਧਨਵੰਤ ਕੌਰ
ਪਹਿਲੀ ਵਾਰ ਇਕੋ ਮੰਚ ਤੋਂ ਸ਼ਮੂਲੀਅਤ ਕਰ ਰਹੇ ਸਨ। ਇਕ ਹੋਰ ਖਾਸ ਗੱਲ ਇਹ ਰਹੀ ਕਿ
ਇਹ ਤਿੰਨ ਵਿਦਵਾਨ ਪੰਦਰਾਂ ਕੁ ਦਿਨ ਇੰਗਲੈਂਡ ਵਿਚ ਰਹੇ ਤੇ ਪੰਦਰਾਂ ਦਿਨਾਂ ਵਿਚ
ਇਹਨਾਂ ਨੇ ਸੱਤ ਸਾਹਿਤਕ ਸਮਾਗਮਾਂ ਵਿਚ ਆਪਣੀ ਵਿਦਵਤਾ ਦੀ ਹੋਂਦ ਤੇ ਉਸ ‘ਚ
ਮੁਹਾਰਤ ਦੀ ਮੁਹਰ ਲਗਾਈ ।
|