WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ                   (06/07/2021)

mintu


41ਕਿਸੇ ਥਾਂ ਨੂੰ ਭਾਗ ਹੁੰਦੇ ਹਨ ਕਿ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂ ਦਾ ਪਿਛਲੇ ਚਾਰ ਕੁ ਸਾਲਾਂ ਦਾ ਆਹ ਸੰਤਰਿਆਂ ਵਾਲਾ ਬਾਗ਼ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ਾਇਦ ਹੀ ਕੋਈ ਵੇਲਾ ਹੋਵੇ ਜਦੋਂ ਮੈਂ ਇੱਥੇ ਹੋਵਾਂ ਤੇ ਪ੍ਰਾਹੁਣੇ ਨਾ ਆਉਣ। ਸੋ ਅੱਜ ਵੀ ਪਹਿਲਾਂ ਸਮਰਾਲੇ ਵਾਲਾ ਛੋਟਾ ਵੀਰ ਤੇਜਿੰਦਰ ਆਪਣੇ ਪਰਿਵਾਰ ਨਾਲ ਆ ਗਿਆ। ਉਹ ਗਿਆ ਤਾਂ ਜਸਵਿੰਦਰ ਅਤੇ ਚੀਮਾ ਬਾਈ ਆ ਗਏ। ਨਾਲ ਉਹਨਾਂ ਦੇ 'ਐਡੀਲੇਡ' ਵਾਲਾ ਵਿਕੀ ਬਾਈ ਵੀ ਸੀ। ਮੁੱਕਦੀ ਗੱਲ ਬਠਿੰਡੇ ਆਲ਼ੀ ਚਾਹ ਦੀ ਪਤੀਲੀ ਠੰਢੀ ਨਹੀਂ ਹੋਣ ਦਿੱਤੀ ਸਾਰਾ ਦਿਨ।
 
ਦੂਜੇ ਪਾਸੇ ਸੰਤਰਿਆਂ ਦੀ ਤੁੜਵਾਈ ਚੱਲ ਰਹੀ ਸੀ। ਐਤਕੀਂ ਕਾਮਿਆਂ ਦੀ ਘਾਟ ਕਾਰਨ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਜਿਹੜਾ ਕੰਮ ਦੋ ਦਿਨਾਂ 'ਚ ਹੋ ਸਕਦਾ ਸੀ ਉਸ ਲਈ ਦੁੱਗਣੇ ਪੈਸੇ ਤੇ ਹਫ਼ਤੇ ਲੱਗ ਰਹੇ ਹਨ। ਜੇ ਅੱਠ ਦੱਸ ਕੁ ਕਾਮੇ ਲੱਗੇ ਹੋਣ ਤਾਂ ਬਿੰਨ ਚੱਕ-ਧਰ ਕਰਦੇ ਟਰੈਕਟਰ ਵਾਲੇ ਦੀ ਆਥਣ ਨੂੰ ਭੂਤਨੀ ਭੂਲਾ ਦਿੰਦੇ ਹਨ। ਅੱਜ ਸਿਰਫ਼ ਤਿੰਨ ਕੁ ਕਾਮੇ ਸਨ ਤੇ ਆਪਾਂ ਵੀ ਵਕਤ ਜਿਹਾ ਪਾਸ ਕਰ ਰਹੇ ਸੀ। ਪਰ ਆਥਣੇ ਜਿਹੇ ਜਦੋਂ ਮੈਂ ਕਤਾਰਾਂ 'ਚੋਂ ਬਿੰਨ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਦੋ ਅਧਖੜ ਜਿਹੀ ਉਮਰ ਦੇ 'ਗੋਰੇ' ਸੰਤਰਿਆਂ ਦੇ ਵਿਚ ਵੜੇ ਫਿਰਨ। ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਬਿਨਾਂ ਇਜਾਜ਼ਤ ਦੇ ਕੋਈ ਕਿਸੇ ਦੇ ਖੇਤ 'ਚੋਂ ਲੰਘਦਾ ਵੀ ਨਹੀਂ। ਉਹਨਾਂ ਮੈਨੂੰ ਦੇਖ ਕੇ ਹੱਥ ਚੱਕਿਆ। ਆਪਾਂ ਵੀ ਇਹ ਸੋਚ ਕੇ ਟਰੈਕਟਰ ਬੰਦ ਕਰ ਲਿਆ ਕਿ ਲਗਦਾ ਹੋਰ ਪ੍ਰਾਹੁਣੇ ਆ ਗਏ! ਮੈਂ ਟਰੈਕਟਰ ਤੋਂ ਉੱਤਰ ਕੇ ਉਹਨਾਂ ਕੋਲ ਆ ਗਿਆ। ਉਹਨਾਂ 'ਚੋਂ ਇਕ ਕਹਿੰਦਾ ਮਾਫ਼ ਕਰਨਾ ਅਸੀਂ ਤਾਂ ਕੰਮ ਚਲਦਾ ਦੇਖ ਕੇ ਹੱਸਦੇ ਹੱਸਦੇ ਏਧਰ ਨੂੰ ਆ ਗਏ।
 
ਮੇਰੇ 'ਕੋਈ ਨਾ' ਕਹਿਣ ਤੇ ਜਦੋਂ ਨੂੰ ਉਹ ਗੱਲ ਅੱਗੇ ਤੋਰਦੇ ਮੇਰੇ ਜ਼ਿਹਨ 'ਚ ਅਚਾਨਕ ਦੋ ਗੱਲਾਂ ਚੇਤੇ ਆ ਗਈਆਂ। ਇਕ ਤਾਂ ਇਹ ਕਿ ਸ਼ਿਕਾਰ ਆਪ ਹੀ ਪਿੰਜਰੇ 'ਚ ਆ ਗਿਆ। ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਜੇ ਦੋ ਕੁ ਘੰਟੇ ਮਗ਼ਜ਼ ਖਾਣ ਨੂੰ ਸਰੋਤਾ ਨਾ ਮਿਲੇ ਮੈਂ ਤਾਂ ਭੁੱਖਾ ਮਰ ਜਾਵਾਂ।
 
ਦੂਜੇ ਮੈਨੂੰ ਪੰਜਾਬ ਦੇ ਉਸ ਬੁਰੇ ਦੌਰ ਦੀ ਗੱਲ ਚੇਤੇ ਆ ਗਈ ਜਦੋਂ ਪੰਜਾਬ ਦੀ ਜਵਾਨੀ ਨੂੰ ਸਰਕਾਰ ਗਿਰਝਾਂ ਵਾਂਗ ਪੈਂਦੀ ਸੀ। ਵੇਲੇ-ਕੁਵੇਲੇ ਤਾਂ ਦੂਰ ਦੀ ਗੱਲ ਦਿਨ ਢਲਦੇ ਵੀ ਕੋਈ ਪਰਿਵਾਰ ਆਪਣੇ ਜਵਾਨ ਪੁੱਤਰ ਨੂੰ ਬਾਹਰ ਨਾ ਜਾਣ ਦਿੰਦਾ। ਪਰ ਜਵਾਨੀ ਅੱਥਰੀ ਹੁੰਦੀ ਹੈ ਉਹ ਕਿੱਥੇ ਰੋਕਿਆਂ ਰੁਕਦੀ।

ਇਕ ਦਿਨ ਮੇਰਾ ਹਾਣੀ ਭੂਆ ਦਾ ਪੁੱਤ ਬੱਬੀ ਚੱਠਾ ਅਤੇ ਉਹਦੇ ਮਿੱਤਰ ਨੀਟਾ ਸਰਦਾਰ ਅਤੇ ਸ਼ੇਖਰ ਤਲਵੰਡੀ ਜੋ ਅੱਜ ਕੱਲ੍ਹ ਇਕ ਸਥਾਪਿਤ ਗੀਤਕਾਰ ਹੈ, 'ਸਾਬੋ ਕੀ ਤਲਵੰਡੀ'  ਦੇ ਬਾਹਰ-ਬਾਹਰ ਇਕ ਮੈਦਾਨ 'ਚ ਕਸਰਤ ਕਰਨ ਬਹਾਨੇ ਇਕੱਠੇ ਜਾ ਪੁੱਜੇ। ਮੈਦਾਨ ਦੇ ਦੱਖਣ ਆਲ਼ੇ ਪਾਸੇ ਸੀ.ਆਰ.ਪੀ.ਐੱਫ. ਦਾ ਕੈਂਪ ਲੱਗਿਆ ਹੁੰਦਾ ਸੀ। ਕੈਂਪ ਚੋਂ ਕੁੱਕਰ ਦੀਆਂ ਸੀਟੀਆਂ ਸੁਣ ਕੇ ਬੱਬੀ ਕਹਿੰਦਾ ਆਜੋ ਓਏ ਫ਼ੌਜੀਆਂ ਕੋਲੋਂ ਮੀਟ-ਸ਼ੀਟ ਖਾ ਕੇ ਆਈਏ। ਨੀਟਾ ਬਾਈ ਕਹਿੰਦਾ ਉਹ ਤਾਂ ਕਿਤੇ ਤੇਰਾ ਕੌਲਾ ਨਾ ਭਰ ਦੇਣ, ਮਰਵਾਏਂਗਾ ਕਿ? ਪਰ ਗੱਲਾਂ ਬਾਤਾਂ 'ਚ ਬੱਬੀ ਨੂੰ ਜਿੱਤਣਾ ਔਖਾ, ਸੋ ਉਸ ਨੇ ਦੋ ਚਾਰ ਉਦਾਹਰਨਾਂ ਮੌਕੇ ਤੇ ਘੜ ਸੁਣਾਈਆਂ ਤੇ ਚਲੋ ਜੀ ਗੱਲਾਂ ਕਰਦੇ ਕਰਾਉਂਦੇ ਉੱਥੇ ਪਹੁੰਚ ਗਏ।

ਸੀ.ਆਰ.ਪੀ .ਆਲ਼ਿਆਂ ਨੇ ਅਣਜਾਣ ਜਿਹੇ ਗੱਭਰੂ ਨਿਧੜਕ ਹੀ ਕੈਂਪ 'ਚ ਵੜਦੇ ਦੇਖ ਬੰਦੂਕਾਂ ਤਣ ਲਈਆਂ , ਕਹਿੰਦੇ ਕਰ ਲਵੋ ਓਏ ਹੱਥ ਖੜ੍ਹੇ। ਦੋ ਚਾਰ ਕੁ ਮਿੰਟਾਂ 'ਚ ਜਦੋਂ ਉਹਨਾਂ ਆਲ਼ੇ ਦੁਆਲ਼ੇ ਗੇੜੇ ਜਿਹੇ ਖਾ ਕੇ ਦੇਖਿਆ ਵੀ ਲਗਦੇ ਤਾਂ ਸ਼ਰੀਫ਼ਜ਼ਾਦੇ ਹੀ ਆ, ਉਹਨਾਂ ਦਾ ਅਫ਼ਸਰ ਗੜ੍ਹਕ ਕੇ ਬੋਲਿਆ ਕਿਸ ਕੇ ਆਦਮੀ ਹੋ? ਕਿਸ ਨੇ ਭੇਜਾ ਤੁਮੇ ਕੈਂਪ ਮੈਂ? ਤੁਮਾਹਰੇ ਹਥਿਆਰ ਕਹਾਂ ਹੈ? ਚੌਧਰੀਆਂ ਦੇ ਮੁੰਡੇ ਸ਼ੇਖਰ ਨੇ ਸੋਚਿਆ ਕਿ ਚਲੋ ਅਫ਼ਸਰ ਦੀ ਹਿੰਦੀ ਦਾ ਜਵਾਬ ਇਹਨਾਂ 'ਚੋਂ ਮੈਂ ਹੀ ਵਧੀਆ ਦੇ ਸਕਦਾ। ਤਾਂ ਅਫ਼ਸਰ ਨੂੰ ਮੁਖ਼ਾਤਬ ਹੁੰਦਿਆਂ ਕਹਿੰਦਾ ਜਨਾਬ ਹਮ ਤੋ ਊਂਈ ਹਾਸਤੇ-ਹਾਸਤੇ ਇੱਧਰ ਕੋ ਚਲੇ ਆਏ। ਨੀਟਾ ਸਰਦਾਰ ਵਿਚੋਂ ਟੋਕਦਾ ਕਹਿੰਦਾ ਊਈ ਤਾਂ ਨਹੀਂ ਆਏ ਜੀ ਆਹ ਚੱਠਾ ਲੈ ਕੇ ਆਇਆ, ਕਹਿੰਦਾ ਤੁਸੀਂ ਮੀਟ ਬਹੁਤ ਸਵਾਦ ਬਣਾਉਂਦੇ ਹੋ ਤੇ ਖਾਣ ਨੂੰ ਵੀ ਵੱਡੇ-ਵੱਡੇ ਕੌਲਿਆਂ 'ਚ ਦਿੰਦੇ ਹੋ। ਸਾਰਿਆਂ ਦੇ ਹਾਸੇ ਨੇ ਮਾਹੌਲ ਖ਼ੁਸ਼ਗਵਾਰ ਕਰ ਦਿੱਤਾ ਤੇ ਸਾਨੂੰ ਤਾਅ ਜ਼ਿੰਦਗੀ ਲਈ ਇਹ ਡਾਇਲਾਗ ਮਿਲ ਗਿਆ। ਅਕਸਰ ਹੁਣ ਵੀ ਜਦੋਂ ਅਸੀਂ ਜੁੰਡੀ ਦੇ ਯਾਰ ਇਕੱਠੇ ਹੁੰਦੇ ਹਾਂ ਤਾਂ ਇਸ ਗੱਲ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਕਿ "ਊਂਈ ਹਾਸਤੇ-ਹਾਸਤੇ ਇੱਧਰ ਕੋ ਚਲੇ ਆਏ।"
 
ਖੜ੍ਹ ਜੋ ਯਾਰ! ਮੇਰੇ 'ਚ ਵੀ ਇਹ ਕਮੀ ਆ। ਵਿਸ਼ੇ ਤੋਂ ਭਟਕ ਜਾਣਾ। ਗੱਲ 'ਰਿਵਰਲੈਂਡ' ਤੋਂ ਤੋਰ ਕੇ ਸਾਢੇ ਤਿੰਨ ਦਹਾਕੇ ਪਿੱਛੇ 'ਤਲਵੰਡੀ ਸਾਬੋ ਕੀ' ਲੈ ਵੜਿਆ। ਚਲੋ ਮੁੱਦੇ ਤੇ ਆਉਂਦੇ ਹਾਂ।

ਜਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਸੱਜਣ ਵੀ 'ਊਈ ਹਾਸਤੇ-ਹਾਸਤੇ' ਆਪਣੇ ਕੋਲ ਆ ਹੀ ਗਏ ਹਨ ਤਾਂ ਇਹਨਾਂ ਦੀ ਸੇਵਾ ਕਰਨੀ ਬਣਦੀ ਹੈ। ਮੀਟ ਦੇ ਕੌਲੇ ਨਹੀਂ ਤਾਂ ਆਪਾਂ ਚਾਹ ਪਾਣੀ ਤਾਂ ਛਕਾ ਹੀ ਸਕਦੇ ਹਾਂ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਨਾਂ ਮਿੰਟੂ ਬਰਾੜ ਹੈ ਤੇ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਤਾਂ, ਮੈਨੂੰ ਉਹਨਾਂ ਚੋਂ ਇਕ ਨੇ ਆਪਣਾ ਨਾਮ 'ਜੌਨ' ਅਤੇ ਦੂਜੇ ਨੇ 'ਪਾਲ' ਦੱਸਦਿਆਂ, ਕਹਿੰਦੇ ਅਸੀਂ ਸੈਲਾਨੀ ਹਾਂ ਪੱਛਮੀ ਆਸਟ੍ਰੇਲੀਆ ਤੋਂ ਆਏ ਹਾਂ। 'ਪਰਥ' ਤੋਂ ਵੀ ਅਗਾਂਹ 'ਨੈਰੋਜਨ' ਸ਼ਹਿਰ ਦੇ ਲਾਗੇ 'ਪਿਸੇਵਿਲ' ਸਾਡਾ ਪਿੰਡ ਹੈ। ਘਰੋਂ ਨਿਕਲਿਆਂ ਨੂੰ ਤਾਂ ਕਈ ਹਫ਼ਤੇ ਹੋ ਗਏ ਪਰ ਇੱਥੇ ਪਿਛਲੇ ਦੋ ਕੁ ਦਿਨਾਂ ਤੋਂ ਤੁਹਾਡੇ ਇਸ ਪਿੰਡ ਦੇ 'ਕੈਰੇਵਾਨ ਪਾਰਕ' 'ਚ ਠਹਿਰੇ ਹੋਏ ਹਾਂ। ਅਸਲ 'ਚ ਕਿੱਤੇ ਵਜੋਂ ਅਸੀਂ ਵੀ ਕਿਸਾਨ ਹਾਂ। ਸੋ ਕਿਸਾਨੀਅਤ ਦਾ ਰਿਸ਼ਤਾ ਸਾਨੂੰ ਖਿੱਚ ਕੇ ਤੇਰੇ ਟਰੈਕਟਰ ਦੀ ਆਵਾਜ਼ ਕੋਲ ਲੈ ਆਇਆ। (ਇੱਥੇ ਜ਼ਿਕਰਯੋਗ ਹੈ ਕਿ ਇਹ ਕੈਰੇਵਾਨ ਪਾਰਕ ਮੇਰੇ ਖੇਤ ਦੀ ਚੜ੍ਹਦੇ ਪਾਸੇ ਆਲ਼ੀ ਗੁੱਠ ਦੇ ਨਾਲ ਲਗਦਾ।)

ਉਹਨਾਂ ਦੀ ਇਹ ਖਿੱਚ ਮੇਰੇ ਵੀ ਧੁਰ ਅੰਦਰ ਤੱਕ ਲਹਿ ਗਈ। ਇਕ-ਇਕ ਕਰ ਕੇ ਉੱਧੜਨ ਲੱਗ ਪਏ ਅਸੀਂ ਤਿੰਨੇ। ਵਪਾਰੀਆਂ ਕੋਲ ਵਪਾਰ ਦੀਆਂ ਗੱਲਾਂ,  ਜੁਆਰੀਆਂ ਕੋਲ ਜੂਏ ਦੀਆਂ ਤੇ ਕਿਸਾਨ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ 'ਚ ਹੋਵੇ ਉਹਨਾਂ ਕੋਲ ਅਖੀਰ ਬਹੁਮੁੱਲੀਆਂ ਫ਼ਸਲਾਂ ਦੀ ਪੈਂਦੀ ਘਟ ਕੀਮਤ ਦੀਆਂ ਗੱਲਾਂ, ਦਿਨੋਂ ਦਿਨ ਹੁੰਦੀ ਮਹਿੰਗੀ ਮਜ਼ਦੂਰੀ ਦੀਆਂ ਗੱਲਾਂ ਅਤੇ ਅਖੀਰ ਸਰਕਾਰਾਂ ਲਈ ਬਦਦੁਆਵਾਂ ਹੀ ਹੁੰਦੀਆਂ ਹਨ।
 
'ਜੌਨ' ਜੋ ਕਿ ਭੇਡਾਂ ਦਾ ਫਾਰਮ ਚਲਾਉਂਦਾ ਹੈ ਕਹਿੰਦਾ ਪਿਛਲੇ ਵਰ੍ਹੇ ਇਕ ਭੇਡ ਦੀ ਮੁਨਾਈ ਡੂਢ ਡਾਲਰ ਸੀ ਤੇ ਐਤਕੀਂ ਸਾਢੇ ਚਾਰ ਦਿੱਤੇ ਆ ਮੈਂ। ਕਾਮਾਂ ਤਾਂ ਆਥਣ ਨੂੰ ਦੋ ਸੌ ਭੇਡਾਂ ਮੁੰਨ ਕੇ ਅੱਠ-ਨੌਂ ਸੌ ਬਣਾ ਲੈਂਦਾ ਤੇ ਸਾਡੇ ਸਾਰਾ ਸਾਲ ਭੇਡਾਂ ਨਾਲ ਘੁਲ ਕੇ ਵੀ ਪੱਲੇ ਏਦੂੰ ਘੱਟ ਪੈਂਦੇ ਹਨ। 'ਪਾਲ' ਜੋ ਕਿ ਕਣਕ ਅਤੇ ਸਰ੍ਹੋਂ ਆਦਿ ਦੀ ਖੇਤੀ ਕਰਦਾ ਕਹਿੰਦਾ, ਕਾਰਪੋਰੇਟ ਘਰਾਣੇ ਸਿਰੇ ਦੀ ਅਤੇ ਇਕ ਸਾਰ ਫ਼ਸਲ ਭਾਲਦੇ ਆ।  ਕੋਈ ਪੁੱਛੇ ਉਹਨਾਂ ਨੂੰ ਵੀ ਇਹ ਕਿਹੜਾ ਕਿਸੇ ਫ਼ਰਮੇ 'ਚ ਪਾ ਕੇ ਬਣਦੀ ਆ ਇਹ ਤਾਂ ਕੁਦਰਤ ਦੀ ਖੇਡ ਆ ਮੋਟੀ ਬਰੀਕ ਵੀ ਹੋ ਸਕਦੀ ਹੈ ਤੇ ਵਿੰਗੀ ਟੇਢੀ ਵੀ ਹੋ ਸਕਦੀ ਹੈ। ਮੈਂ ਵਿੱਚੇ ਟੋਕ ਕੇ ਕਿਹਾ ਹਾਂ ਆਹੀ ਕਸੂਰ ਐਤਕੀਂ ਸਾਡੀਆਂ ਮਿਰਚਾਂ ਤੋਂ ਹੋ ਗਿਆ ਉਹ ਥਲੋਂ ਚੁੰਝ ਜਿਹੀ ਵਿੰਗੀ ਕਰ ਗਈਆਂ ਤੇ ਬਜ਼ਾਰ ਆਲ਼ੇ ਕਹਿੰਦੇ ਇਹ ਤਾਂ ਕਿਸੇ ਕੰਮ ਦੀਆਂ ਨਹੀਂ 'ਬਿੰਨ' 'ਚ ਮਾਰੋ। ਹਾਰ ਕੇ ਖੜ੍ਹੀਆਂ ਵਾਹੁਣੀਆਂ ਪਈਆਂ।
 
'ਜੌਨ' ਕਹਿੰਦਾ ਲੋਕ ਖ਼ਬਰਾਂ ਸੁਣ ਕੇ ਪੁੱਛ ਲੈਂਦੇ ਹਨ ਕਿ ਐਤਕੀਂ ਤਾਂ ਕਣਕ ਦਾ ਭਾਅ 280 ਡਾਲਰ ਨੂੰ ਟਨ ਹੈ, ਸੋਹਣੇ ਪੈਸੇ ਬਣ ਗਏ ਹੋਣਗੇ? ਪਰ ਉਹਨਾਂ ਨੂੰ ਕੀ ਦੱਸੀਏ ਵੀ 280 ਨੂੰ ਤਾਂ ਉਹ ਕਣਕ ਵਿਕਦੀ ਆ ਜੋ ਦੇਖਣ ਨੂੰ ਬੱਸ ਮੋਤੀਆਂ ਵਰਗੀ ਹੋਵੇ। ਪਰ ਜਦੋਂ ਪੱਕੀ ਫ਼ਸਲ 'ਤੇ ਚਾਰ ਕਣੀਆਂ ਪੈ ਜਾਂਦਿਆਂ ਹਨ ਤਾਂ ਉਹ ਭਾਅ 'ਚ ਪੰਜਾਹ ਫ਼ੀਸਦੀ ਕਾਟ ਲਾ ਕੇ ਲੈਂਦੇ ਹਨ। ਅਤੇ ਜੇ ਥੋੜ੍ਹਾ ਜਿਹਾ ਵੱਧ ਮੀਂਹ ਪੈ ਜਾਵੇ ਪੱਕੀ ਫ਼ਸਲ 'ਤੇ, ਤਾਂ ਪਹਿਲੀ ਗੱਲ ਤਾਂ ਫ਼ਸਲ ਹੀ ਅੱਧੀ ਹੁੰਦੀ ਹੈ ਤੇ ਜਿਹੜੀ ਹੁੰਦੀ ਹੈ ਉਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿੰਦੇ ਹਨ ਤੇ ਉਹ ਰਹਿ ਜਾਂਦੀ ਹੈ ਪਸ਼ੂਆਂ ਦੀ ਖ਼ੁਰਾਕ ਦੇ ਭਾਅ ਦੀ। ਆਖ਼ਿਰ ਨੂੰ ਕਿਸਾਨ ਉਤਾਂਹ ਨੂੰ ਮੂੰਹ ਚੱਕ ਕੇ ਕਹਿੰਦਾ ਰਹਿ ਜਾਂਦਾ ਕਿ ਜਦੋਂ ਲੋੜ ਸੀ ਕਣੀਆਂ ਪਾਈਆਂ ਨਹੀਂ ਤੇ ਜਦੋਂ ਚਾਰ ਦਾਣੇ ਪੱਕੇ ਤਾਂ ਤੇਰੇ ਯਾਦ ਆ ਗਿਆ।
 
ਗੱਲਾਂ ਕਰਦੇ-ਕਰਦੇ ਉਹ ਕਹਿੰਦੇ ਤੁਹਾਡੇ ਪਾਣੀ ਦਾ ਕੀ ਸਾਧਨ ਆ। ਮੈਂ ਕਿਹਾ ਆਜੋ ਉੱਧਰ ਮੋਟਰ ਆਲ਼ੇ ਪਾਸੇ ਨਾਲੇ ਤੁਹਾਨੂੰ ਬਠਿੰਡੇ ਵਾਲੀ ਚਾਹ ਬਣਾ ਕੇ ਪਿਆਉਣਾ। ਕਹਿੰਦੇ ਨਹੀਂ ਅਸੀਂ ਤੇਰਾ ਕੰਮ ਨਹੀਂ ਖੜ੍ਹਾਉਣਾ ਤੂੰ ਅੰਦਰੋਂ ਸਾਨੂੰ ਗਾਲ਼ਾ ਦੇਵੇਗਾ ਕਿ ਵਿਹਲੜ ਆ ਗਏ ਕੰਮ ਰੋਕਣ। ਮੈਂ ਕਿਹਾ ਨਹੀਂ ਭਲੇ ਮਾਨਸੋ ਮੈਂ ਤਾਂ ਸ਼ੁਕਰ ਮਨਾਇਆ ਤੁਹਾਡੇ ਆਉਣ ਤੇ। ਮੈਂ ਉੱਥੋਂ ਕੁਝ ਸੰਤਰੇ ਤੋੜ ਕੇ ਮਜ਼ਾਕ 'ਚ ਕਿਹਾ ਕਿ ਪਹਿਲਾ ਤੁਸੀਂ 'ਹਾਸਤੇ-ਹਾਸਤੇ' ਇੱਧਰ ਆਏ ਸੀ ਹੁਣ ਆਹ ਖਾਂਦੇ-ਖਾਂਦੇ ਮੇਰੇ ਮੋਟਰ ਵਾਲੇ ਕੋਠੇ ਤੇ ਆਜੋ ਬਹਿ ਕੇ ਹੋਰ ਦੁੱਖ-ਸੁੱਖ ਕਰਾਂਗੇ। ਉਹਨਾਂ ਨੇ ਇਕ-ਇਕ ਸੰਤਰਾ ਫੜ ਲਿਆ ਤੇ ਇਕ-ਇਕ ਜੇਬ 'ਚ ਪਾ ਕੇ ਕਹਿੰਦੇ ਸਾਡੇ ਘਰ ਵਾਲੀਆਂ ਵੀ ਨੇ ਨਾਲ ਅਸੀਂ ਜਾ ਕੇ ਉਹਨਾਂ ਨੂੰ ਦੇਵਾਂਗੇ। ਮੈਂ ਕਿਹਾ ਕੋਈ ਨਾ ਜਾਂਦੇ ਉਹਨਾਂ ਲਈ ਝੋਲੀ ਭਰ ਕੇ ਹੋਰ ਲੈ ਜਾਇਓ।
 
ਚਲੋ ਉਹ ਖੇਤ ਦੀ ਦੱਖਣੀ ਗੁੱਠ ਤੇ ਬਣੀ ਮੋਟਰ ਵੱਲ ਤੁਰ ਪਏ ਤੇ ਮੈਂ ਟਰੈਕਟਰ ਨਾਲ ਦੂਜਾ ਬਿੰਨ ਚੁੱਕਣ ਤੁਰ ਪਿਆ। ਅਸੀਂ ਇਕੱਠੇ ਜਿਹੇ ਮੋਟਰ ਤੇ ਪੁੱਜੇ ਮੈਂ ਚਾਹ ਬਣਾਉਣੀ ਚਾਹੀ ਕਹਿੰਦੇ ਨਹੀਂ ਅਸੀਂ ਅੱਜ ਆਪਣੀਆਂ ਘਰ ਵਾਲੀਆਂ ਨਾਲ ਕਿਤੇ ਸ਼ਾਮ ਦਾ ਖਾਣਾ ਖਾਣ ਜਾਣਾ, ਸੋ ਹਾਲੇ ਇੱਥੇ ਹੀ ਹਾਂ ਇਕ ਦੋ ਦਿਨ, ਚਾਹ ਫੇਰ ਪੀ ਕੇ ਜਾਵਾਂਗੇ। ਕੁਝ ਦੇਰ ਗੱਲਾਂ ਮਾਰ ਲੈਂਦੇ ਹਾਂ ਹੋਰ।
 
ਮੈਂ ਛੇਤੀ ਦਿਨੇ ਮੰਜਾ ਢਾਇਆ ਤੇ ਕੋਲ ਦੋ ਕੁਰਸੀਆਂ ਕਰ ਲਈਆਂ। 'ਜੌਨ' ਕੁਰਸੀ ਤੇ ਬਹਿ ਗਿਆ ਪਰ 'ਪਾਲ' ਮੰਜੇ ਨੂੰ ਦੇਖ ਬੜਾ ਖ਼ੁਸ਼ ਹੋਇਆ ਕਹਿੰਦਾ ਇਹ ਬੜਾ ਵਧੀਆ ਹੈ। ਤੇ ਉਹ ਆ ਕੇ ਮੇਰੀ ਪੈਂਦ ਉੱਤੇ ਬੈਠ ਗਿਆ। ਮੈਂ ਕਿਹਾ ਪੈਂਦ ਤੇ ਕਾਹਨੂੰ ਬਹਿਣਾ, ਏਧਰ ਨੂੰ ਹੋ ਜਾ। ਉਹ ਕਹਿੰਦਾ ਕਿਉਂ ਇੱਥੇ ਕੀ ਆ? ਮੈਂ ਹੁਣ ਉਸ ਨੂੰ ਕੀ ਦੱਸਾਂ ਵੀ ਸਾਡੀ ਵੱਡੀ 'ਅੰਬੋ' ਕਹਿੰਦੀ ਹੁੰਦੀ ਸੀ ਬਈ ਆਏ ਮਹਿਮਾਨ ਨੂੰ ਪੈਂਦ ਤੇ ਨਹੀਂ ਬਹਾਉਂਦੇ ਹੁੰਦੇ, ਇਹ ਉਸ ਦਾ ਨਿਰਾਦਰ ਹੁੰਦਾ। ਮੈਂ 'ਪਾਲ' ਨੂੰ ਕਿਹਾ ਆਰਾਮਦਾਇਕ ਨਹੀਂ ਹੋਵੇਗੀ ਸੋ ਤੂੰ ਜਾ ਕੇ ਕਹੇਗਾ ਕਿ ਪੰਜਾਬੀਆਂ ਦੇ  ਮੰਜੇ 'ਤੇ ਬੈਠਣਾ ਤਾਂ ਬਹੁਤ ਔਖਾ।

ਗੱਲ ਮੰਜੇ ਦੀ ਤੁਰ ਪਈ ਉਹਨਾਂ ਦੀ ਜਿਗਿਆਸਾ ਸੀ ਕਿ ਇਹ ਕਿੱਥੇ, ਕਿਉਂ ਅਤੇ ਕਾਹਤੋਂ ਵਰਤਦੇ ਹਨ? ਮੈਂ ਸੋਚਿਆ ਜੇ  ਜ਼ਿਆਦਾ ਖੁੱਲ੍ਹ ਕੇ ਦੱਸਣ ਲੱਗ ਪਿਆ ਤਾਂ ਮੇਰੀ ਅੰਗਰੇਜ਼ੀ ਮੁੱਕ ਜਾਣੀ ਆ। ਸੋ ਏਸ ਰੱਸੇ ਦੀ ਸਿਰੇ ਆਲ਼ੀ ਗੰਢ ਇਹ ਹੈ ਕਿ ਜਦੋਂ ਅਸੀਂ ਇਸ ਤੇ ਬਹਿ ਜਾਂਦੇ ਹਾਂ ਤਾਂ ਬਾਈ ਮੱਖਣ ਬਰਾੜ ਦੀ ਲਿਖਤ ਵਾਂਗ ਆਪਣੇ ਆਪ ਨੂੰ ਨਵਾਬ ਜਿਹਾ ਸਮਝਣ ਲੱਗ ਪੈਂਦੇ ਹਾਂ। ਉਹ ਹੈਰਾਨ ਜਿਹੇ ਹੋ ਕੇ ਕਹਿੰਦੇ ਤੂੰ ਕਹਿੰਦਾ ਕਿ ਇਹ ਮੰਜਾ ਹਰ ਘਰੇ ਹੁੰਦਾ ਅਤੇ ਇਕ ਘਰੇ ਕਈ-ਕਈ  ਹੁੰਦੇ ਆ? ਮੈਂ ਕਿਹਾ ਹਾਂ। ਉਹ ਕਹਿੰਦਾ ਫੇਰ ਤਾਂ "Too Many" ਨਵਾਬ ਹੋਣੇ ਆ ਤੁਹਾਡੇ ਪੰਜਾਬ 'ਚ ਤਾਂ!  ਇਹ ਕਹਿ ਕੇ ਜ਼ੋਰ ਦੀ ਹੱਸ ਪਏ।  ਮੈਂ ਕੀ ਦੱਸਾਂ ਕਿ ਬੱਸ ਆਹ ਨਵਾਬੀ ਵਾਲਾ ਭਰਮ ਹੀ ਤਾਂ ਹੈ ਸਾਡੇ ਪੱਲੇ!

ਮਾਹੌਲ ਹਲਕਾ ਫੁਲਕਾ ਬਣ ਗਿਆ ਸੀ ਪਰ ਉਹ ਬੈਠਣ ਦੀ ਥਾਂ ਅੱਚਵੀਂ ਜਿਹੀ ਕਰ ਰਹੇ ਸਨ ਤੇ ਬਾਰ ਬਾਰ ਕਹਿ ਰਹੇ ਸਨ ਅਸੀਂ ਤੇਰਾ ਕੰਮ ਖੜ੍ਹਾ ਦਿੱਤਾ, ਸਾਨੂੰ ਹੁਣ ਜਾਣਾ ਚਾਹੀਦਾ।

ਮੈਂ ਗੱਲ ਛੇੜੀ ਪੱਛਮੀ ਆਸਟ੍ਰੇਲੀਆ ਦੇ ਇਕ ਵੱਡੇ ਜ਼ਿਮੀਂਦਾਰ ਤੇ 'ਸਪੱਡ ਸ਼ੈੱਡ' ਜਰਨਲ ਸਟੋਰਾਂ ਦੀ ਲੜੀ ਦੇ ਮਾਲਕ 'ਟੋਨੀ ਗੁਲ੍ਹਾਟੀ' ਬਾਰੇ। ਜਦੋਂ ਮੈਂ ਜਾਣਨਾ ਚਾਹਿਆ ਤਾਂ ਉਹ ਕਹਿੰਦੇ ਬੰਦੇ ਦੀ ਸਿਰੜ ਅਤੇ ਮਿਹਨਤ ਵੱਡੇ-ਵੱਡੇ ਪਹਾੜ ਚੀਰ ਦਿੰਦੀ ਹੈ। 'ਟੋਨੀ' ਨੇ ਜਿੱਥੇ ਮੁਫ਼ਤ 'ਚ ਆਲੂ ਵੰਡ ਕੇ ਵੱਡੇ ਘਰਾਨਿਆਂ ਨੂੰ ਵਕਤ ਪਾ ਦਿੱਤਾ ਸੀ, ਉੱਥੇ ਸਰਕਾਰ ਦੀ ਧੌਣ 'ਤੇ ਗੋੜ੍ਹਾ ਰੱਖ ਕੇ ਆਪਣੀ ਹੋਂਦ ਮਨਵਾਉਣ 'ਚ ਵੀ ਕਾਮਯਾਬ ਹੋਇਆ। ਉਹ ਅਸਲ ਚ ਇਕ ਦਲੇਰ, ਸਾਦਾ ਅਤੇ ਮਿਹਨਤੀ ਇਨਸਾਨ ਹੈ ਤੇ ਅੱਜ ਵੀ ਤੁਸੀਂ ਉਸ ਨੂੰ ਕਾਲੀ ਲੰਮੀ ਨਿੱਕਰ ਪਾਇਆ ਆਪਣੇ ਕਿਸੇ ਖੇਤ ਜਾਂ ਵਪਾਰ 'ਤੇ ਮਿਹਨਤ ਕਰਦਾ ਦੇਖ ਸਕਦੇ ਹੋ। ਭਾਵੇਂ ਹੁਣ ਉਹ ਇਕ 'ਸਾਮਰਾਜ' ਦਾ ਮਾਲਕ ਹੈ ਪਰ ਉਸ ਨੇ ਕਦੇ ਆਪਣੇ ਪੈਰ ਜ਼ਮੀਨ ਤੋਂ ਨਹੀਂ ਚੱਕੇ। (ਇੱਥੇ ਜ਼ਿਕਰਯੋਗ ਹੈ ਕਿ 'ਟੋਨੀ' ਇਕ ਸਧਾਰਨ ਜ਼ਿਮੀਂਦਾਰ ਸੀ ਤੇ ਉਸ ਨੇ ਆਪਣੀ ਮਿਹਨਤ ਨਾਲ ਉਗਾਈ ਫ਼ਸਲ ਮੰਡੀਆਂ 'ਚ ਰੋਲਣ ਦੀ ਥਾਂ ਸਿੱਧੀ ਲੋਕਾਂ 'ਚ ਮੁਫ਼ਤ ਵੰਡਣ ਨੂੰ ਤਰਜੀਹ ਦਿੱਤੀ ਤੇ ਅੱਜ ਉਹ 'ਸਪੱਡ ਸ਼ੈੱਡ' ਨਾਂ ਦੇ ਸਟੋਰਾਂ ਦੀ ਇਕ ਲੜੀ ਦਾ ਮਾਲਕ ਹੈ ਜਿਸ ਵਿਚ ਤੁਸੀਂ ਸਿੱਧੇ ਖੇਤੋਂ ਪੈਦਾ ਕੀਤੀਆਂ ਤਾਜ਼ੀਆਂ ਚੀਜ਼ਾਂ ਬਿਨਾ ਵਿਚੋਲਿਆਂ ਦੇ ਮੁਨਾਫ਼ੇ ਤੋਂ ਖ਼ਰੀਦ ਸਕਦੇ ਹੋ)।

ਤੁਰਦੇ ਤੁਰਦਿਆਂ ਨੂੰ ਮੈਂ ਪੁੱਛਿਆ ਕਿ ਤੁਹਾਡੇ ਪੱਛਮੀ ਆਸਟ੍ਰੇਲੀਆ 'ਚ ਤਾਂ 'ਸੀ.ਬੀ.ਐੱਚ. ਗਰੁੱਪ' ਕਿਸਾਨਾਂ ਦਾ ਆਪਣਾ ਗਰੁੱਪ ਹੈ ਤੇ ਮੈਂ ਸੁਣਿਆ ਜਦੋਂ ਦਾ ਉਹ ਹੋਂਦ 'ਚ ਆਇਆ ਕਿਸਾਨ ਸੌਖੇ ਹੋ ਗਏ? ਕਹਿੰਦੇ! ਹੁੰਦਾ ਸੀ ਕਦੇ, ਹੁਣ ਤਾਂ ਬਲੱਡੀ ਕਾਰਪੋਰੇਟ ਘਰਾਨਿਆਂ ਦੇ ਹੱਥ ਚੜ੍ਹ ਗਿਆ। ਹੁਣ ਤਾਂ ਜੋ ਉਹ ਕਹਿੰਦੇ ਆ ਉਹੀ ਕਰਦੇ ਆ। ਮੇਰੇ ਮੂੰਹੋਂ ਅਚਨਚੇਤ ਨਿਕਲ ਗਿਆ ਕਿ ਅੱਛਾ ਇੱਥੇ ਵੀ 'ਅਡਾਨੀ' ਤੇ 'ਅੰਬਾਨੀ' ਆ ਗਏ। ਉਹ ਮੇਰੇ ਵੱਲ ਅਜੀਬ ਜਿਹਾ ਮੂੰਹ ਬਣਾ ਕੇ ਕਹਿੰਦਾ ਨਹੀਂ 'ਤੁਹਾਡਾ' ਅਡਾਨੀ ਤਾਂ ਕੋਲੇ ਦੀਆਂ ਖ਼ਾਨਾਂ 'ਚ ਮੂੰਹ ਮਾਰਦਾ ਫਿਰਦਾ। ਇੱਥੇ ਤਾਂ ਕਣਕ ਅਤੇ ਦਾਲਾਂ 'ਚ ਹੋਰ ਹੀ 'ਅਡਾਨੀ' ਪੈਦਾ ਹੋਏ ਫਿਰਦੇ ਹਨ। ਪਿਛਲੇ ਦਿਨਾਂ 'ਚ ਸੀ.ਬੀ.ਐੱਚ. ਗਰੁੱਪ  ਬਾਰੇ ਕਾਫ਼ੀ ਕੁਝ ਚੰਗਾ ਸੁਣਿਆ ਸੀ ਪਰ ਕਹਿੰਦੇ ਹਨ ਕਿ ਰਾਹ ਪਏ ਜਾਣੀਏ ਜਾਂ ਵਾਹ ਪਏ। 'ਜੌਨ' ਕਹਿੰਦਾ ਮੈਨੂੰ ਤਾਂ ਲਗਦਾ ਗਿਆਨ ਸਾਡੀ 'ਕੁਆਲਿਟੀ ਲਾਈਫ਼' ਨੂੰ ਖਾ ਗਿਆ। ਸਾਡੇ ਪਿਓ ਦਾਦੇ ਅਨਪੜ੍ਹ ਸਨ।  ਉਹਨਾਂ ਕੋਲ ਭਾਵੇਂ ਵਸੀਲਿਆਂ ਦੀ ਘਾਟ ਸੀ ਪਰ ਚੰਗੀ ਸਿਹਤ ਅਤੇ ਸ਼ਾਹੀ ਜ਼ਿੰਦਗੀ ਸੀ। 'ਜੌਨ' ਦੀਆਂ ਗੱਲਾਂ ਦਾ ਦਰਦ ਅੱਜ ਕਲ ਪੜ੍ਹ-ਲਿਖ ਗਿਆਨਵਾਨ ਕਹਾਉਂਦੀ ਪੀੜ੍ਹੀ 'ਤੇ ਸਵਾਲੀਆ ਨਿਸ਼ਾਨ ਲਾ ਰਿਹਾ ਸੀ।
 
'ਅਡਾਨੀ' ਦੀ ਗੱਲ ਆਉਣ ਤੇ ਮੈਂ ਕਿਹਾ ਕਿ ਉਹ ਤਾਂ ਵਪਾਰੀ ਆ ਪਰ ਜਿਸ ਨੇ ਉਸ ਨੂੰ ਇਹ ਵਣਜ ਸ਼ੁਰੂ ਕਰਵਾਉਣ 'ਚ ਦਲਾਲੀ ਖਾਧੀ ਹੈ ਉਸ ਦਾ ਤਾਂ ਛੇਤੀ ਹੀ ਮੂੰਹ ਕਾਲਾ ਹੋਵੇਗਾ। ਕਿਉਂਕਿ ਮੇਰਾ ਮੰਨਣਾ ਹੈ ਕਿ ਕਹਾਵਤਾਂ ਕਦੇ ਝੂਠੀਆਂ ਨਹੀਂ ਹੁੰਦੀਆਂ। ਉਹ ਹੈਰਾਨ ਜਿਹੇ ਹੋ ਕੇ ਕਹਿੰਦੇ ਤੂੰ ਜਾਣਦਾ ਉਸ ਦਲਾਲ ਨੂੰ? ਮੈਂ ਕਿਹਾ ਹਾਂ ਉਸੇ ਦੇ ਸਤਾਏਂ ਸਾਡੇ ਕਿਸਾਨ ਨੂੰ ਵੀ ਸੱਤ ਮਹੀਨੇ ਹੋ ਗਏ ਸੜਕਾਂ ਤੇ ਰੁਲਦੇ ਨੂੰ। ਉਹ ਕਹਿੰਦੇ ਕੀ ਇਹ ਸੱਚ ਹੈ ਕਿ ਉਹ ਸਿਰਫ਼ ਦੋ ਘਰਾਨਿਆਂ ਦਾ ਪ੍ਰਧਾਨ ਮੰਤਰੀ ਹੈ। ਮੈਂ ਕਿਹਾ ਨਹੀਂ ਇਹ ਸੱਚ ਨਹੀਂ ਅਸਲ 'ਚ ਤਾਂ ਉਹ ਸਾਰੇ ਭਾਰਤ ਦਾ ਪ੍ਰਧਾਨ ਮੰਤਰੀ ਹੈ ਪਰ ਪਾਲਤੂ ਸਿਰਫ਼ ਦੋ ਘਰਾਂ ਦਾ। ਦਿੱਲ੍ਹੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੀ ਗੂੰਝ ਇਹਨਾਂ ਦੇ ਕੰਨਾਂ ਤੱਕ ਪਹਿਲਾਂ ਹੀ ਪੁੱਜ ਚੁੱਕੀ ਸੀ।
 
'ਜੌਨ' ਤੇ 'ਪਾਲ' ਸਿਰ ਮਾਰ ਕੇ (ਗੋਰਿਆਂ ਦਾ ਕਿਸੇ ਗੱਲ ਪ੍ਰਤੀ ਹਮਦਰਦੀ ਜਤਾਉਣ ਦਾ ਇਹ ਵੱਖਰਾ ਅੰਦਾਜ਼ ਹੈ) ਆਪਣੇ ਭਾਵ ਪ੍ਰਗਟਾਉਂਦੇ ਹੋਏ ਵਾਹੇ ਵਾਹਣ ਵਿਚ ਦੀ ਤੁਰ ਪਏ। ਮੈਂ ਨਾਲ ਤੁਰ ਪਿਆ ਗਿੱਠ ਗਿੱਠ ਲੰਮੀਆਂ ਮਿਰਚਾਂ ਮਿੱਟੀ 'ਚ ਦੱਬੀਆਂ ਦੇਖ ਕੇ ਕਹਿੰਦੇ ਅੱਛਾ ਹੁਣ ਇੱਥੇ ਦਫ਼ਨਾ ਦਿੱਤਿਆਂ ਵਿੰਗੀਆਂ ਮਿਰਚਾਂ? ਇਹ ਸੁਣ ਅਸੀਂ ਸਾਰੇ ਦਰਦ ਨਾਲ ਲਬਰੇਜ਼ ਹਾਸਾ ਹੱਸ ਪਏ ਤੇ 'ਹਾਸਤੇ-ਹਾਸਤੇ' ਸੰਤਰਿਆਂ ਕੋਲ ਆ ਗਏ। ਮੈਂ ਕਿਹਾ ਸੰਤਰੇ ਲੈਂਦੇ ਜਾਓ। ਉਹ ਕਹਿੰਦੇ ਹੈਗੇ ਸਾਡੀ ਜੇਬ 'ਚ। ਮੈਂ ਕਿਹਾ ਇਕ-ਇਕ ਨਾਲ ਕੀ ਬਣੂ ? ਮੈਂ ਤੋੜ ਕੇ ਦਿੰਦਾ ਤੁਹਾਨੂੰ, ਮਿੱਠੇ ਜਿਹੇ। ਮੈਂ ਤੋੜੀ ਜਾਵਾਂ ਤੇ ਉਹ ਕਹੀ ਜਾਣ ਬੱਸ ਬਹੁਤ ਆ, ਪਹਿਲਾਂ ਹੀ ਇਸ ਬਾਰ ਤੇਰਾ ਖਰਚਾ ਤੁੜਵਾਈ 'ਤੇ ਬਹੁਤ ਹੋਇਆ।

ਮੈਂ ਆਲਾ ਦੁਆਲਾ ਦੇਖ ਰਿਹਾ ਸੀ ਕਿ ਕਾਹਦੇ 'ਚ ਪਾਵਾਂ ਤਾਂ 'ਜੌਨ' ਨੇ ਆਪਣੀ ਕੋਟੀ ਦੀ ਝੋਲੀ ਬਣਾ ਲਈ ਮੈਂ ਉਸ ਦੀ ਝੋਲੀ 'ਚ ਸੰਤਰੇ ਪਾ ਕੇ ਉਹਨਾਂ ਨੂੰ ਅਲਵਿਦਾ ਕਹੀ ਤੇ ਸੋਚ ਰਿਹਾ ਸੀ ਦੁਨੀਆ 'ਚ ਸਭ ਤੋਂ ਪਹਿਲਾਂ ਸਾਰੇ ਰਿਸ਼ਤੇ ਇਨਸਾਨੀਅਤ ਦੇ ਹੁੰਦੇ ਹਨ। ਫੇਰ ਉਹ ਰਿਸ਼ਤੇ ਕਿੱਤਿਆਂ ਦੇ ਹਿਸਾਬ 'ਚ ਜੋਖੇ ਜਾਂਦੇ ਹਨ ਅਤੇ ਉਹਨਾਂ 'ਚੋਂ ਹੀ ਇਕ 'ਕਿਸਾਨੀਅਤ' ਦਾ ਰਿਸ਼ਤਾ 'ਜੌਨ' ਤੇ 'ਪਾਲ' ਨੂੰ ਮੇਰੇ ਕੋਲ ਖਿੱਚ ਲਿਆਇਆ ਸੀ।

ਮਿੰਟੂ ਬਰਾੜ +61 434 289 905
mintubrar@gmail.com
(04/06/2021) 11:10pm
Kingston On Murray

 

41
 

 
  41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com