“ ਕੋਈ ਸੁਰਖ਼ ਗ਼ੁਲਾਬ ਹੋਵੇ … ਰੱਬਾ
ਤੇਰੇ ਕੋਲ ਆਵਾਂ ਸ਼ਾਲ ਓਥੇ ਵੀ ਪੰਜਾਬ ਹੋਵੇ!”…
ਗਾਉਣ ਵਾਲ਼ੀ ਸ਼ੌਕਤ ਅਲੀ ਭਾਈਜਾਨ
ਦੀ ਸਦਾ-ਬਹਾਰ ਅਤੇ ਬੁਲੰਦ ਅਵਾਜ਼ ਸਾਥੋਂ ਸਦਾ ਵਾਸਤੇ ਵਿੱਛੜ ਗਈ। ਪਰ ਤਾਂ ਵੀ ਉਹ
ਸਾਡੇ ਚੇਤਿਆਂ ਵਿੱਚ ਹਮੇਸ਼ਾ ਲਈ ਗੂੰਜਦੀ ਰਹੇਗੀ। ਮੈਂ ਰਿਣੀ ਅਤੇ ਅਹਿਸਾਨਮੰਦ ਹਾਂ
ਸਾਥੀ ਡਾ. ਬਲਦੇਵ ਸਿੰਘ ਜੀ ਕੰਦੋਲਾ ਦਾ ਜਿਹਨਾਂ ਬਹੁਤ ਮਿਹਨਤ ਕਰਕੇ ਚੱਪਾ ਕੁ ਸਦੀ
ਦੇ ਕਰੀਬ ਪੁਰਾਣੀ ਯਾਦ ਨੂੰ ਲੱਭ ਕੇ ਆਪਣੇ ਪਾਠਕਾਂ ਨਾਲ਼ ਸਾਂਝਾ ਕਰਨ ਦਾ ਪੁੰਨ ਵਰਗਾ
ਯਤਨ ਕੀਤਾ ਹੈ। ਸ਼ੌਕਤ ਜੀ ਨਾਲ਼ ਇਹ ਮੁਲਾਕਾਤ 1999 ਦੇ ਅਖ਼ੀਰ ਵਿੱਚ ਹੋਈ। ਲੇਖ ਤੋਂ
ਬਾਅਦ ਕਈ ਯਾਦਾਂ, ਮੁਲਾਕਾਤਾਂ ਜੁੜੀਆਂ। ਲੈੱਸਟਰ ਵਿੱਚ ਸ਼ੌਕਤ ਅਲੀ ਜੀ ਦਾ ਹਾਲ
ਭਰਵਾਂ ਸ਼ੋਅ ਵੀ ਕਰਾਇਆ।
ਅੱਜ ਉਸ ਵਿੱਛੜੀ ਰੂਹ ਨੂੰ ਭਰੇ ਮਨ ਅਤੇ ਦਿਲ ਨਾਲ ਜਿੱਥੇ ਪੰਜਾਬੀ ਸੰਗੀਤ ਜਗਤ
ਦੇ ਪਿਆਰੇ, ਸਭ ਦੇ ਸਾਂਝੇ ਸ਼ੌਕਤ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ, ਉੱਥੇ ਉਸ ਨਾਲ਼
ਬਿਤਾਏ ਕੁੱਝ ਪਲ ਸਾਂਝੇ ਕੀਤੇ ਜਾ ਰਹੇ ਹਨ। ਇਸਦੇ ਨਾਲ਼ ਹੀ ਇਸ ਦੁੱਖ ਦਾ ਇਜ਼ਹਾਰ
ਉਨ੍ਹਾਂ ਦੇ ਬੇਟੇ ਇਮਰਾਨ ਸ਼ੌਕਤ ਅਲੀ ਤੇ ਅਮੀਰ ਸ਼ੌਕਤ ਅਲੀ ਨਾਲ਼ ਵੀ ਹੈ ਜਿਨ੍ਹਾਂ ਨੇ
ਅਪਣੇ ਵਾਲਿਦ ਸਾਅਬ ਦੀ ਪੂਰੀ ਸੇਵਾ ਕੀਤੀ। ਕੋਈ ਸ਼ੱਕ ਨਹੀਂ ਹੁਣ ਸ਼ੌਕਤ ਭਾਈਜਾਨ,
ਗਾਉਂਦਾ 2 ਵਾਕਿਆ ਹੀ ਅਗਲੇ ਪੰਜਾਬ ਵਿੱਚ ਪਹੁੰਚ ਗਿਆ ਹੈ ਅਤੇ ਉਸਦੀ ਰੂਹ ਪੂਰੇ
ਸਕੂਨ ਵਿੱਚ ਹੈ!!
ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ
ਮਾਹਲ, ਲੈੱਸਟਰ
“ਓ ਨਿੱਕੇ ਵੀਰ ਕਿੱਥੇ ਐਂ ?” ਮੋਬਾਇਲ ਕੰਨ ਨੂੰ ਲਾਉਂਦਿਆਂ
ਸਾਰ ਹੀ ਬੜੇ ਭਾਈ ਇਕਬਾਲ ਮਾਹਲ ਦੀ ਹਜ਼ਾਰਾਂ ਮੀਲ ਦੁਰੇਡੇ ਟਰਾਂਟੋ ਤੋਂ ਆਵਾਜ਼ ਕੰਨਾਂ
‘ਚ ਪਈ। “ਭਾਈ ਸਾਹਬ ਮੈਂ ਅੰਮ੍ਰਿਤਸਰ ਤੋਂ ਦਸ ਕੁ ਕਿਲੋਮੀਟਰ ਦੂਰ ਝਬਾਲ ਦੇ ਲਾਗੇ
ਛਾਗੇ ਹਾਂ… ਕਿਵੇਂ ਯਾਦ ਕੀਤੈ ?” ਮੈਂ ਹੈਰਾਨੀ ਭਰੀ ਖੁਸ਼ੀ ਨਾਲ ਪੁੱਛਿਆ । “ਬਈ
ਸ਼ੌਕਤ ਤੈਨੂੰ ਉਡੀਕ ਰਿਹੈ, ਤੂੰ ਕਦੋਂ ਉਹਦੇ ਕੋਲ ਪਹੁੰਚ ਰਿਹੈਂ ?” “ਬੱਸ ਇੱਕ ਦੋ
ਦਿਨਾਂ ਵਿੱਚ…..” ਫੋਨ ਦੀ ਸੁਣਨ ਸ਼ਕਤੀ/ਸਿਗਨਲ ਵਧੀਆ ਨਾ ਹੋਣ ਕਰਕੇ ਗੱਲ ਵਿੱਚੇ ਈ
ਕੱਟੀ ਗਈ। ਪਰ ਮੇਰੇ ਦਿਲੋ ਦਿਮਾਗ ਤੇ “ਸ਼ੌਕਤ ਤੈਨੂੰ ਉਡੀਕ ਰਿਹੈ….” ਦਾ ਕੋਈ ਜਾਦੂਈ
ਅਸਰ ਨਾ ਹੋਇਆ। ਹਾਂ ਸ਼ਾਮ ਨੂੰ ਮੈਂ ਆਪਣੇ ਦੋਸਤ ਹਰਮਿੰਦਰ ਸਿੰਘ (ਸ਼ਾਸਤਰੀ), ਜਿਸ ਨੇ
ਮੇਰੇ ਨਾਲ਼ ਹੀ ਜਾਣਾ ਸੀ, ਨੂੰ ਜ਼ਰੂਰ ਇੱਕ ਵਾਰ ਜਣਾਇਆ ਕਿ ਬਈ ਲਾਹੌਰ ਸਾਡੀ ਉਡੀਕ ਹੋ
ਰਹੀ ਹੈ। ਪਰ ਸ਼ੌਕਤ ਦੇ ਫਿਕਰ ਤੋਂ ਮੈਂ ਬਿਲਕੁਲ ਨਾ-ਵਾਕਿਫ ਸਾਂ ਕਿਉਂਕਿ ਗਾਉਣ
ਵਾਲਿਆਂ ਦੇ “ਪਿਆਰ” ਤੋਂ ਮੈਂ ਕਾਫ਼ੀ ਵਾਕਿਫ ਹੋ ਚੁੱਕਾ ਸਾਂ।
ਭਾਵੇਂ ਦੋ ਤਿੰਨ ਕੁ
ਵਾਰ ਸਾਡੀ ਗੱਲਬਾਤ ਲੈੱਸਟਰ ਤੋਂ ਚੱਲਦੇ 'ਸਬਰਸ' ਅਤੇ 'ਵਿਸਾਖੀ' ਰੇਡੀਓ ਤੇ ਹੋ ਚੁੱਕੀ
ਸੀ। ਅਸੀਂ ਇੰਗਲੈਂਡ ਤੋਂ ਹੀ ਪਾਕਿਸਤਾਨ ਦੇ ਗੁਰਦਵਾਰਿਆਂ ਦੇ ਦਰਸ਼ਨਾਂ ਲਈ
ਤਿਆਰੀ ਕਰਕੇ ਗਏ ਸਾਂ। ਸਭ ਤੋਂ ਖੁਸ਼ੀ ਅਤੇ ਅਚੰਭੇ ਵਾਲੀ ਗੱਲ ਮੇਰੇ ਲਈ ਇਹ ਸੀ ਕਿ
ਅਸੀਂ ਪੈਦਲ ਵਾਹਗੇ ਦਾ ਬਾਡਰ ਪਾਰ ਕਰਕੇ, ਪਾਕਿਸਤਾਨ ਦੀ ਸਰਜਮੀਨ ਤੇ, ਜ਼ਿੰਦਗੀ ‘ਚ
ਪਹਿਲੀ ਵਾਰ, ਪੈਰ ਰੱਖਣਾ ਸੀ। ਵਕਤ ਸਿਰ ਬਾਡਰ ਤੇ ਪਹੁੰਚਣ ਦੇ ਬਾਵਜੂਦ ਵੀ ਅਸੀਂ
ਲੇਟ ਹੋ ਗਏ ਤੇ ਇਹ ਹੋਇਆ ਵੀ ਸਾਡੇ ਸੱਚ ਬੋਲਣ ਕਰਕੇ। ਸਾਡੇ ਕੋਲ ਲੋੜ ਤੋਂ ਜ਼ਿਆਦਾ
ਭਾਰਤੀ ਕਰੰਸੀ ਹੋਣ ਕਰਕੇ ਸਾਨੂੰ ਇਹ ਵਾਪਿਸ ਕਰਨੀ ਪੈਣੀਂ ਸੀ ਜਦ ਤੱਕ ਸੋਨੂੰ ਨੇ
ਅੰਮ੍ਰਿਤਸਰ ਤੋਂ ਆਉਣਾ ਸੀ ਅਸੀਂ ਸੋਚਿਆ ਚਲੋ ਖਾਣਾ ਈ ਖਾ ਲੈਂਦੇ ਆਂ ‘ਤੇ ਇਸ ਖਾਣੇ
ਦੀ ਅਹਿਮੀਅਤ ਦਾ ਸਾਨੂੰ ਬਾਡਰ ਦੇ ਦੂਜੇ ਪਾਰ ਪਹੁੰਚ ਕੇ ਪਤਾ ਲੱਗਾ ਜਦੋਂ ਖਾਣ ਪੀਣ
ਦੀਆਂ ਸਭ ਦੁਕਾਨਾਂ ਰੋਜ਼ਿਆਂ ਕਰਕੇ ਬੰਦ ਪਈਆਂ ਦੇਖੀਆਂ।
'ਵਾਹਗੇ' ਦੀ ਲਕੀਰ
ਟੱਪਦਿਆਂ ਦਿਲੋ ਦਿਮਾਗ਼ ‘ਚ ਇੱਕ ਪੀੜ ਜਹੀ ਵਰਗੀ ਚੀਸ ਕਰੰਟ ਵਾਂਗ ਮਹਿਸੂਸ ਹੋਈ ਕਿ
ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਜਾਂ ਊਧਮ ਸਿੰਘ ਹੋਰਾਂ ਫਾਂਸੀਆਂ ਚੁੰਮਣ ਵੇਲੇ ਕਦੇ
ਨਹੀਂ ਸੀ ਸੋਚਿਆ ਹੋਣਾ ਕਿ ਉਨ੍ਹਾਂ ਦੇ ਭੈਣ ਭਰਾਵਾਂ ਦੇ ਪਿਆਰਾਂ ‘ਚ ਇਹ ਵਾਹਗੇ ਦੀ
ਲਕੀਰ ਨਸ਼ਤਰ ਵਾਂਗ ਲਟਕ ਜਾਏਗੀ ਅਤੇ ਉਹ ਇੱਕ ਦੂਜੇ ਲਈ ਅਤੇ ਆਪਣੀ ਜੰਮਣ ਭੋਇੰ
ਸ਼ੇਖੂਪੁਰਾ, ਮਿੰਟਗੁਮਰੀ, ਲਾਹੌਰ, ਲਾਇਲਪੁਰ, ਸਾਹੀਵਾਲ ਤੇ ਜੜ੍ਹਾਂਵਾਲੇ ਲਈ
ਪ੍ਰਦੇਸੀ ਹੋ ਜਾਣਗੇ।
ਮੇਰੇ ਲਈ ਜਿੱਥੇ ਗੁਰੂਆਂ ਦੀ ਛੋਹ ਪ੍ਰਾਪਤ ਧਰਤੀ ਅਤੇ
ਵਿੱਛੜ ਗਏ ਧੜਕਦੇ ਦਿਲ ਦੇ ਦੂਜੇ ਹਿੱਸੇ ਦੇ ਦਰਸ਼ਨ ਕਰਨ ਦੀ ਸੱਧਰ ਸੀ ਉਥੇ ਲਹਿੰਦੇ
ਪੰਜਾਬ ਦੀ ਚੜ੍ਹਦੀ ਕਲਾ ਵਾਲੀ ਅਵਾਜ਼ ਦੇ ਰੁਬਰੂ ਹੋਣ ਦਾ ਸੁਪਨਾ ਵੀ ਸਾਕਾਰ ਹੋਣ ਜਾ
ਰਿਹਾ ਸੀ। ਪ੍ਰੋਗਰਾਮ ‘ਚ ਅਚਾਨਕ ਤਬਦੀਲੀ ਕਾਰਨ, ਹਸਨ ਅਬਦਾਲ, ਰਾਵਲਪਿੰਡੀਓਂ ਹੁੰਦੇ
ਹੋਏ ਅਸੀਂ ਪੇਸ਼ਾਵਰ ਗੁਰਦਵਾਰੇ ਦੀ ਯਾਤਰਾ ਤੋਂ ਸਿੱਧੇ ਦੇਹਰਾ ਸਾਹਿਬ ਲਾਹੌਰ ਆ ਗਏ।
ਪਹੁੰਚ ਕੇ ਸ਼ੌਕਤ ਸਾਹਬ ਨੂੰ ਇਤਲਾਹ ਕੀਤੀ ਤਾਂ ਉਹਨਾਂ ਦੀ ਆਵਾਜ਼ ਵਿੱਚ ਅਲੌਕਿਕ ਪਿਆਰ
ਭਰਿਆ ਸ਼ਿਕਵਾ ਤੇ ਮਿਲਣ ਦੀ ਸ਼ਿੱਦਤ ਸੀ। ਵੱਡੇ ਭਾਈ ਸਾਹਿਬ ਦਾ ਲਿਖਿਆ ਇੱਕ ਇੱਕ ਹਰਫ
ਸੱਚ ਜਾਪਣ ਲੱਗ ਪਿਆ ਸੀ। ਮੈਨੂੰ ਸਾਰੀ ਰਾਤ ਸੌਂ ਨਾ ਸਕਿਆ। ਇਹ ਕਿਉਂ ਸੀ ? ਇੱਕ
ਏਡਾ ਵੱਡਾ ਕਲਾਕਾਰ, ਪੁਰ ਖਲੂਸ ਆਵਾਜ਼, ਏਨਾ ਮੋਹ, ਓਹ ਵੀ ਮੇਰੇ ਵਰਗੇ ਨਾਚੀਜ਼ ਨੂੰ
ਮਿਲਣ ਲਈ ?
ਰਾਤ ਸਵੇਰੇ ਲੇਟ ਸੌਣ ਦੇ ਬਾਵਜੂਦ ਵੀ ਅੱਖ ਜਲਦੀ ਖੁੱਲ੍ਹ ਗਈ।
ਜਿਵੇਂ ਕਿਸੇ ਨੂੰ ਮਹਿਬੂਬ ਦੀ ਉਡੀਕ ਹੋਵੇ। ਨਾਸ਼ਤਾ ਕਰਕੇ ਮੈਂ ਕਾਹਲੀ ਨਾਲ ਫੇਰ ਫੋਨ
ਕਰਨ ਗਿਆ ਤਾਂ ਪਤਾ ਲੱਗਾ ਕਿ ਸ਼ੌਕਤ ਸਾਹਬ ਗੈਰਿਜ ਗਈ ਕਾਰ ਵਕਤ ਸਿਰ ਠੀਕ ਨਾ ਹੋਣ
ਕਰਕੇ ਕੁੱਝ ਦੇਰ ਨਾਲ ਆ ਰਹੇ ਸਨ। ਪਰ ਇਹ ਦੇਰੀ ਮੇਰੇ ਦਿਲ ਦੇ ਚਾਵਾਂ ਨੂੰ ਕਿਸੇ ਵੀ
ਤਰ੍ਹਾਂ ਮੱਧਮ ਨਾ ਕਰ ਸਕੀ। ਘੜੀ ਦੀ ਸੂਈ ਵੱਲ੍ਹ ਦੇਖਦਿਆਂ ਹੀ ਸ਼ਿੱਦਤ ਦੀ ਅੱਚੋਆਈ
ਨਾਲ ਬੇਚੈਨ ਮੇਰੇ ਪੈਰ ਝੱਟ ਮੈਨੂੰ ਗੁਰਦਵਾਰੇ ਦੇ ਗੇਟ ਤੇ ਲੈ ਗਏ। ਗੇਟ ਅੱਗੇ
ਪਾਰਕਿੰਗ ਦੀ ਮਨਾਹੀ ਕਰਕੇ ਇੱਕ ਛੋਟੀ ਕਾਰ ਅੱਸੀ ਕੁ ਗ਼ਜ਼ ਦੂਰ ਰੁਕੀ ਤਾਂ ਹਲਕੇ ਸਰੀਰ
ਦਾ ਮੁੰਡਾ ਜਿਹਾ ਡਰਾਈਵਰ ਤੇ ਦੂਜੇ ਪਾਸਿਉਂ ਇੱਕ ਹਲਕੇ ਬਦਾਮੀ ਰੰਗੇ ਸਲਵਾਰ ਕਮੀਜ਼
ਵਿੱਚ ਮੋਢਿਆਂ ਤੇ ਕਾਲੀ ਲੋਈ ਵਾਲਾ ਪਹਿਲਵਾਨ ਨਿੱਕਲਿਆ ਜਿਸ ਨੂੰ ਪਛਾਨਣ ਵਿੱਚ
ਮੈਨੂੰ ਜ਼ਰਾ ਵੀ ਦੇਰ ਨਾ ਲੱਗੀ । ਬੇਚੈਨ ਪੈਰ ਆਪ ਮੁਹਾਰੇ ਉਹਨਾਂ ਵੱਲ ਹੋ ਤੁਰੇ ਤੇ
ਪਲਾਂ ਵਿੱਚ ਹੀ ਜੱਫੀਆਂ ਕੱਸੀਆਂ ਗਈਆਂ। “ਸੁਰਿੰਦਰ ਜੀ ਕਿਉਂ ਏਨੀ ਦੇਰ ਲਗਾ’ਤੀ”
ਜੱਫੀ ਕੱਸਦਿਆਂ ਹੀ ਇੱਕ ਖਾਸ ਮੋਹ ਅਤੇ ਸ਼ਿਕਵੇ ਭਰੇ ਸਵਾਲ ਦਾ ਮੈਨੂੰ ਸਾਹਮਣਾ ਕਰਨਾ
ਪੈ ਗਿਆ। ਪਹਿਲਵਾਨ ਦੀ ਪਕੜ ਅੱਗੇ ਮੇਰੀ ਕੋਈ ਪੇਸ਼ ਨਾ ਗਈ ਤੇ ਵੈਸੇ ਵੀ ਮੇਰੇ ਕੋਲ
ਕੋਈ ਲਫਜ਼ ਨਹੀਂ ਸਨ। ਗੇਟ ਤੱਕ ਪਹੁੰਚਦਿਆਂ ਸਾਨੂੰ ਅਨੇਕਾਂ ਸਲਾਮਾਂ ਤੇ ਦੁਆਵਾਂ
ਨਸੀਬ ਹੋਈਆਂ।
ਗੇਟ ਦੇ ਅੰਦਰ ਬੈਠਾ ਸਰਕਾਰੀ ਪੁਲੀਸ ਮੁਲਾਜ਼ਮ ਪੁਰ ਖਲੂਸ ਅਦਬ ਨਾਲ
ਸ਼ੌਕਤ ਨੂੰ ਮਿਲਣ ਆਇਆ। ਪਾਕਿਸਤਾਨ ਦੇ ਹਰ ਗੁਰਦਵਾਰੇ ਵਿੱਚ ਦਾਖਲੇ ਸਮੇਂ ਤਇਨਾਤ
ਪੁਲੀਸ ਮੁਲਾਜ਼ਮ ਕੋਲ ਪਹਿਲਾਂ ਆਪਣੀ ਸ਼ਨਾਖਤੀ ਪਹਿਚਾਣ ਦਿਖਾਉਣੀ ਤੇ ਦਰਜ ਕਰਾਉਣੀ
ਲਾਜ਼ਮੀ ਹੈ। ਜਲਦੀ ਅਸੀਂ ਆਪਣੇ ਕਮਰੇ ‘ਚ ਪਹੁੰਚ ਗਏ। ਮੇਰੇ ਦੋਸਤ ਹਰਮਿੰਦਰ ਸਿੰਘ
ਨੂੰ ਵੀ ਸ਼ੌਕਤ ਓਨੇ ਹੀ ਤਪਾਕ ਨਾਲ ਮਿਲਿਆ। ਨਾਲ ਦੇ ਖੁਬਸੂਰਤ ਨੌਜਵਾਨ ਦੀ ਪਹਿਚਾਣ
ਸ਼ੌਕਤ ਨੇ ਆਪਣੇ ਵੱਡੇ ਪੁੱਤਰ ਇਮਰਾਨ ਵਜੋਂ ਕਰਵਾਈ ਜੋ ਕਿ ਮਿਊਜ਼ਿਕ ਦੀ ਤਾਲੀਮ ਹਾਸਿਲ
ਕਰ ਰਿਹਾ ਸੀ ਅਤੇ ਅਸੀਂ ਫੇਰ ਗਲੇ ਮਿਲੇ।
ਬਹਿੰਦਿਆਂ ਸਾਰ ਹੀ ਸ਼ੌਕਤ ਨੇ ਸਾਡੇ ਗੋਡੀਂ
ਹੱਥ ਲਾਇਆ “ਬਈ ਤੁਸੀਂ ਹਾਜੀ ਲੋਕ ਹੋ, ਸਾਡੇ ਖੁਸ਼ਨਸੀਬ ਨੇ ਕਿ ਗੁਰਦਵਾਰਿਆਂ ਦੇ
ਦਰਸ਼ਨ ਕਰਨ ਆਏ ਹੋ ਤੇ ਸਾਨੂੰ ਵੀ ਦਰਸ਼ਨ ਦੇ ਰਹੇ ਹੋ, ਗੁਰੂਆਂ ਦੀਆਂ ਯਾਦਾਂ ਬਣਾਕੇ
ਮਹਾਰਾਜਾ ਰਣਜੀਤ ਸਿੰਘ ਨੇ ਸਾਡੇ ਤੇ ਬੜਾ ਕਰਮ ਕੀਤੈ.…. . ਇਨ੍ਹਾਂ ਤੋਂ ਬਿਨਾਂ
ਸ਼ਾਇਦ ਤੁਸੀਂ ਨਾ ਹੀ ਆਉਂਦੇ.…. .‘ਤੇ ਆਹ ਰਿਹਾ ਤੁਸਾਂ ਹਾਜੀਆਂ ਵਾਸਤੇ..…” ਕਹਿ ਉਸ
ਫਲਾਂ ਦਾ ਭਰਿਆ ਝੋਲਾ ਅਤੇ ਅਨਾਰਕਲੀ ਬਜ਼ਾਰ ਦੇ “ਜਲੰਧਰ ਸਵੀਟਸ” ਵਾਲਿਆਂ ਦੀ ਲਜ਼ੀਜ਼
ਮਠਿਆਈ ਦਾ ਕੋਈ ਪੰਜ ਕਿੱਲੋ ਦਾ ਵੱਡਾ ਡੱਬਾ ਸਾਡੀ ਭੇਂਟ ਕੀਤਾ। ਜ਼ਮੀਨ ਤੇ ਚੌਕੜਾ
ਮਾਰੀ ਬੈਠਾ ਸ਼ੌਕਤ, ਹਾਲਾਂਕਿ ਇੱਕ ਮਹਾਨ ਹਸਤੀ ਦਾ ਸਾਡੇ ਕੋਲ ਚੱਲ ਕੇ ਆਉਣਾ ਹੀ
ਸਾਡੇ ਲਈ ਬਹੁਤ ਮਾਣ ਸੀ, ਸਾਡੇ ਹਾਲਾਤ ਤੇ ਮਕਸਦ ਤੋਂ ਪੂਰਾ ਵਾਕਿਫ ਹੀ ਨਹੀਂ..
ਬਲਕਿ ਸਾਡੇ ਨਾਲ਼, ਸਾਡੇ ਦਰਮਿਆਨ ਬੈਠਾ ਸੀ।
ਸ਼ੌਕਤ ਦਾ ਪਿਆਰ ਦੇਖਦਿਆਂ ਹੀ
ਸੋਚਿਆ ਮਨਾ ਕਮਲ਼ਿਆ ਤੂੰ ਕਿਹੜੇ ਚੱਕਰਾਂ ‘ਚ ਫਿਰ ਰਿਹਾਂ ਏਂ? ਗੁਰਦਵਾਰਿਆਂ ‘ਚ ਤਾਂ
ਕੀਰਤਨੀਏ ਹੀ ਮਾਨ ਨੀਂ ਹੰਦੇ, ਤੇ ਫਿਰ ਇਹ ਗਾਇਕੀ ਦੇ ਅਸਮਾਨ ਦਾ ਸਿਤਾਰਾ ਸਾਡੇ ਨਾਲ਼
ਘੁਲ਼ਿਆ ਪਿਆ ਹੈ ”। ਮੈਂ ਆਪਣੇ ਵਲੋਂ ਕੀਤੀ ਢਿਲ ਮੱਠ ਅਤੇ ਦੇਰੀ ਤੇ ਕਿਸੇ ਵੀ ਤਰਾਂ
ਪਛਤਾਉਣੋਂ ਰਹਿ ਨਾ ਸਕਿਆ। ਏਨੇ ‘ਚ ਚਾਹ ਆ ਗਈ ਪਰ ਸ਼ੌਕਤ ਹੋਰਾਂ ਚਾਹ ਨਾ ਪੀਤੀ। ਮੈਂ
ਸੋਚਿਆ ਗਾਇਕ ਲੋਕ ਗਲ਼ੇ ਦਾ ਬਹੁਤ ਖਿਆਲ ਰੱਖਦੇ ਹਨ ਤੇ ਮੈਨੂੰ ਬੀਬੀ ਸੁਰਿੰਦਰ ਕੌਰ
ਦੀ ਕਹੀ ਗੱਲ ਯਾਦ ਆਈ ਕਿ, “ਗਲ਼ਾ ਹੈ ਤਾਂ ਸੁਰਿੰਦਰ ਕੌਰ ਹੈ”। ਇਸੇ ਲਈ ਓਹ ਆਪਣੇ
ਕੋਲ਼ ਹਮੇਸ਼ਾ ਹੀ ਸੁਪਾਰੀ ਜਾਂ ਚੂਰਨ ਰੱਖਦੀ ਹੈ। ਪਰ ਇਮਰਾਨ ਦੇ ਯਾਦ ਕਰਾਉਣ ਤੇ ਮੈਂ
ਇਹ ਮਹਿਸੂਸ ਕੀਤਾ ਕਿ ਸਾਨੂੰ ਤਾਂ ਇਹ ਵੀ ਯਾਦ ਨਹੀਂ ਰਿਹਾ ਕਿ ਰੋਜ਼ੇ ਚੱਲ ਰਹੇ ਹਨ।
ਅਸੀਂ ਸ਼ੌਕਤ ਨੂੰ ਪੇਸ਼ਾਵਰ ਬੱਸ ਅੱਡੇ ਦੀ ਗੱਲ ਸੁਣਾ ਕੇ ਬਹੁਤ ਹੱਸੇ ਜਦੋਂ ਅਸੀਂ
ਪਕੌੜੇ ਖਾਣ ਲੱਗੇ ਸਾਂ ਤਾਂ ਲੋਕਾਂ ਦੀ ਤੱਕਣੀ ਦੇਖ ਕੇ ਦੁਕਾਨਦਾਰ ਨੇ ਸਲਾਹ ਦਿੱਤੀ
ਕਿ ਭਾਈਜਾਨ ਰੋਜ਼ੇ ਚੱਲ ਰਹੇ ਹਨ ਤੇ ਤੁਸੀਂ ਬੱਸ ‘ਚ ਬੈਠ ਕੇ ਹੀ ਖਾਇਓ ਤੇ ਓਹ ਪਕੌੜੇ
ਅਸੀਂ ਪਿਸ਼ਾਵਰੋਂ ਚੱਲ ਰਾਵਲਪਿੰਡੀ ਦੇ ਟੇਸ਼ਨ ਪਹੁੰਚ, ਠੰਢੇ ਹੋਏ ਖਾਧੇ ਸਨ।
ਸ਼ੌਕਤ
ਪਹਿਲੀ ਨਜ਼ਰੇ ਗਾਇਕ ਘੱਟ ਅਤੇ ਜੱਟ ਪਹਿਲਵਾਨ ਵੱਧ ਲੱਗਦਾ ਹੈ। ਗੱਲ ਕਰੋ ਤਾਂ ਆਵਾਜ਼
ਬੜੀ ਭਾਰੀ ਪਰ ਵਜ਼ਨਦਾਰ। ਸ਼ੌਕਤ ਬਹੁਤ ਜਲਦੀ ਖੁੱਲ੍ਹ ਜਾਂਦਾ ਹੈ ਬੇਸ਼ਰਤੇ ਕਿ ਉਸ ਨੂੰ
ਪਤਾ ਹੋਵੇ ਕਿ ਬੰਦਾ ਕਿਸ ਸੁਰ ਦਾ ਹੈ। ਸਫਰ ਦੌਰਾਨ ਪੇਸ਼ ਆਈਆਂ ਮੁਸ਼ਕਲਾਂ ਅਤੇ ਅਗਲੇ
ਪ੍ਰੋਗਰਾਮ ਵਾਰੇ ਮੁਖ਼ਤਸਰ ਗੱਲ ਕਰਕੇ ਹੁਣ ਤੱਕ ਸਾਡੀਆਂ ਸਭ ਦੂਰੀਆਂ ਖਤਮ ਹੋ ਗਈਆਂ
ਸਨ। ਜ਼ਿਲਾ ਗੁਜਰਾਤ ਵਿੱਚਲੇ ਸ਼ੌਕਤ ਦੇ ਪਿੰਡ ਮਲਕਵਾਲ ਅਤੇ ਇੱਧਰ ਜ਼ਿਲਾ ਨਵਾਂਸ਼ਹਿਰ ਦੇ
ਪਿੰਡ ਮਾਹਿਲ ਗੈਹਲਾ ਦੀਆਂ ਸਾਡੀਆਂ ਜੰਮਣ ਧਰਤੀਆਂ ਜਿਵੇਂ ਸਦਾ ਲਈ ਨੇੜੇ ਹੋ ਗਈਆਂ
ਹੋਣ। ਅਸੀਂ ਬਚਪਨ ਦੇ ਦੋਸਤਾਂ ਵਾਂਗ ਬਿਨਾਂ ਸਾਹ ਲਿਆਂ ਗੱਲੀਂ ਜੁਟ ਗਏ। ਇਸ ਵਿੱਚ
ਕੋਈ ਸ਼ੱਕ ਨਹੀਂ ਕਿ ਸੂਖਮ ਤੇ ਰੁਹਾਨੀ ਸੁਰਾਂ ਨੂੰ ਕਾਬੂ ਕਰ ਤੇ ਰੱਖ ਸਕਣ ਦਾ
ਸਮਰੱਥ, ਇਹ ਜੱਟ ਪਹਿਲਵਾਨੀ ਦਿੱਖ ਵਾਲਾ ਫਨਕਾਰ ਗ੍ਰੈਜੂਏਟ ਹੋਣ ਕਰਕੇ ਅੰਗ੍ਰੇਜ਼ੀ ਤੇ
ਉਰਦੂ ਪੰਜਾਬੀ ਵਾਂਗ ਹੀ ਬੋਲ ਸਕਦਾ ਹੈ। ਪੁੱਛਣ ਤੇ 3-4 ਮਿੰਟਾਂ ‘ਚ ਸ਼ੌਕਤ ਨੇ ਬਚਪਨ
ਤੋਂ ਲੈਕੇ ਹੁਣ ਤੱਕ ਦਾ ਇਤਹਾਸ ਫਰੋਲ ਮਾਰਿਆ।
ਉਰਦੂ ਗ਼ਜ਼ਲ ਵਿੱਚ ਮੁਹਾਰਤ ਹਾਸਿਲ
ਕਰਨ ਲਈ ਉਸ ਕਰਾਚੀ ਦੇ ਉਰਦੂ ਕਾਲਜ ਤੋਂ ਇਲਮ ਹਾਸਿਲ ਕੀਤਾ। ਪਰ ਪੰਜਾਬ ਅਤੇ ਪੰਜਾਬੀ
ਲਈ ਉਹਦੀ ਤੜਪ ਅਤੇ ਸਿੱਕ ਇੱਕ ਮਾਂ ਤੇ ਪੁੱਤਰ ਦੇ ਪਿਆਰ ਵਾਲੀ ਹੈ। ਸ਼ੌਕਤ ਦਾ ਕਥਨ
ਹੈ ਕਿ ‘ਪੰਜਾਬ ਹੈ ਤਾਂ ਅਸੀਂ ਹਾਂ, ਪੰਜਾਬ ਨਹੀਂ ਤਾਂ ਅਸੀਂ ਕੁੱਝ ਵੀ ਨਹੀਂ ’।
ਸ਼ੌਕਤ ਦਾ ਇੱਕ ਸ਼ੇਅਰ ਮੁਲਾਹਜ਼ਾ ਹੋਵੇ:
“ਕੋਈ ਸੁਰਖ ਗੁਲਾਬ ਹੋਵੇ, ਰੱਬਾ ਤੇਰੇ
ਕੋਲ ਆਵਾਂ ਸ਼ਾਲਾ ਓਥੇ ਵੀ ਪੰਜਾਬ ਹੋਵੇ ”।
ਸ਼ੌਕਤ ਦੀ ਤਮੰਨਾ ਹੈ ਕਿ ਉਸ ਤੋਂ
ਬਾਅਦ ਉਸ ਵਾਂਗ ਹੀ ਕੋਈ ਪੰਜਾਬੀ ਜ਼ੁਬਾਨ ਅਤੇ ਗਾਇਕੀ ਨੂੰ ਬੁਲੰਦੀਆਂ ਤੇ ਰੱਖੇ।
ਉਸਨੂੰ ਆਪਣੇ ਬੱਚਿਆਂ ਇਮਰਾਨ ਸ਼ੌਕਤ ਅਤੇ ਅੱਬਾਸ ਸ਼ੌਕਤ ਤੇ ਬਹੁਤ ਆਸਾਂ ਹਨ। ਸ਼ੌਕਤ
ਨੂੰ ਅਫਸੋਸ ਸੀ ਕਿ ਓਹ ਅੱਬਾਸ ਨੂੰ ਨਾਲ ਨਹੀਂ ਲਿਆ ਸਕਿਆ ਸੀ।
“ਸੁਰਿੰਦਰ
ਤੈਨੂੰ ਪਤੈ ਇਕਬਾਲ ਨੇ ਗੌਣ ਵਾਲਿਆਂ ਵਾਰੇ ਇੱਕ ਕਿਤਾਬ ਲਿਖੀ ਹੈ….. ਪੜ੍ਹੀ ਏ ?”
(ਇਕਬਾਲ ਨੇ ਇਸ ਕਿਤਾਬ ‘ਚ ਸ਼ੌਕਤ ਨੂੰ “ਸਾਂਝਾਂ ਦਾ ਪੁਲ” ਦਾ ਨਾਮ ਦਿੱਤਾ ਹੈ)
ਮੇਰੇ
ਵਲੋਂ ਮਸਖ਼ਰੀ ਮੁਸਕਾਣ ਜਿਵੇਂ ਉਸ ਨੇ ਮੇਜੀ “ਹਾਂਅ” ਪੜ੍ਹ ਲਈ ਹੋਵੇ। ਉਸਦੀ ਖੁਸ਼ੀ ਦੀ
ਕੋਈ ਹੱਦ ਨਾ ਰਹੀ ਜਦੋਂ ਮੈਂ ਦੱਸਿਆ ਕਿ ਮੈਂ ਕੋਲ ਲਿਆਇਆ ਹਾਂ। “ਅੱਛਾ ਫੇਰ ਪੜ੍ਹਕੇ
ਸੁਣਾਓ ਕਿਉਂਕਿ ਮੈਨੂੰ ਗੁਰਮਖੀ ਨਹੀਂ ਔਂਦੀ….ਪਹਿਲਾਂ ਸੁਰਿੰਦਰ ਕੌਰ ਵਾਰੇ ਪੜ੍ਹ”
ਮੈਂ ਪੜ੍ਹਦਾ ਗਿਆ ਤੇ ਸ਼ੌਕਤ ਅੱਖਾਂ ਮੀਟ ਕੇ ਸੁਣਦਾ ਗਿਆ….“ਆਹ ਈ ਮੇਰਾ ਇਕਬਾਲ” ਨਾਲ
ਦੀ ਨਾਲ ਉਹ ਆਪਣੇ ਬੇਟੇ ਇਮਰਾਨ ਨੂੰ ਦੱਸਦਾ ਤੇ ਸਮਝਾਉਂਦਾ ਵੀ ਗਿਆ।
ਨੂਰਜਹਾਂ ਬਾਰੇ
ਲਿਖੇ ਲੇਖ ਨੂੰ ਮੁਕੰਮਲ ਕਰਨ ਲਈ ਆਪਣੇ ਯੋਗਦਾਨ ਦਾ ਵੀ ਸ਼ੌਕਤ ਨੇ ਜ਼ਿਕਰ ਕੀਤਾ। ਜਦੋਂ
ਮੈਂ ਕਿਤਾਬ ਦੇ ਸ਼ੁਰੂ ‘ਚ ਛਪੀ ਹਿੰਦ-ਪਾਕ ਦੀ ਦੋਸਤੀ ਦੀ ਸਦ ਭਾਵਨਾ ਵਾਲੀ ਨਜ਼ੀਰ ਸਦਰ
ਦੀ ਨਜ਼ਮ “ਵਾਹਗੇ ਦੇ ਬਾਡਰ ਉੱਤੇ ਘਣਛਾਵਾਂ ਕੋਈ ਬੂਟਾ ਲਾਵੇ, ਫੁੱਲ ਖਿੜਨ ਖੁਸ਼ਬੋਆਂ
ਉੱਡਣ, ਸਾਇਆ ਦੋਨੋਂ ਪਾਸੀਂ ਜਾਵੇ.… ” ਪੜ੍ਹੀ ਤਾਂ ਦੇਖਿਆ ਕਿ ਸ਼ੌਕਤ ਦੀਆਂ ਅੱਖਾਂ
ਨਮ ਸਨ।
ਸ਼ੌਕਤ ਨੂੰ ਦੋਹਾਂ ਪੰਜਾਬਾਂ ਦੀ ਧਰਤੀ ਅਤੇ ਪੰਜਾਬੀ ਜ਼ੁਬਾਨ ਨਾਲ ਅੰਤਾਂ ਦਾ
ਮੋਹ ਹੈ, ਮਾਂ ਵਰਗਾ ਮੋਹ। ਸ਼ੌਕਤ ਦੋਹਾਂ ਪੰਜਾਬਾਂ ਦੀ ਸਾਂਝ ਲਈ ਪੂਰਾ ਸੁਹਿਰਦ ਹੈ ।
ਸ਼ੌਕਤ ਅਕਸਰ ਮਾਂ ਵਾਰੇ ਜਜ਼ਬਾਤੀ ਹੋ ਕੇ ਮਨ ਭਰ ਲੈਂਦਾ ਹੈ। ਉਹ ਮਾਂ ਦੇ ਪਿਆਰ ਤੋਂ
ਹਰ ਸਵਰਗ ਵਾਰਨ ਲਈ ਤਿਆਰ ਹੈ ।
ਗੱਲਾਂ ਗੱਲਾਂ ਵਿੱਚ ਪਤਾ ਈ ਨਾ ਲੱਗਾ ਕਿ ਕਦੋਂ
ਸ਼ਾਮ ਪੈ ਗਈ । “ਚਲੋ ਘਰ ਚੱਲੀਏ !” ਕਹਿਕੇ ਉਸ ਮੈਨੂੰ ਉਠਾਉਣ ਦੀ ਕੋਸ਼ਿਸ਼ ਕੀਤੀ।
“ਨਹੀਂ ਭਾਈ ਸਾੳਬ, ਅਗਲੀ ਵਾਰ ਅਸੀਂ ਤੁਹਾਡੇ ਕੋਲ ਹੀ ਠਹਿਰਾਂਗੇ….” ਮੇਰੇ ਬੋਲਣ
ਤੋਂ ਪਹਿਲਾਂ ਹੀ ਮੇਰਾ ਦੋਸਤ ਕਹਿ ਰਿਹਾ ਸੀ । “ਚਲੋ ਸ਼ਾਮ ਦਾ ਖਾਣਾ ਸਾਡੇ ਨਾਲ ਖਾਓ…
ਦਿਨ ਵੇਲੇ ਤਾਂ ਰੋਜ਼ਿਆਂ ਕਰਕੇ ਸਾਡਾ ਚੁੱਲ੍ਹਾ ਠੰਢਾ ਹੀ ਰਹਿੰਦੈ ”। ਉਸ ਪੂਰੇ ਤਪਾਕ
ਨਾਲ਼ ਤੇ ਮਾਣ ਨਾਲ਼ ਕਿਹਾ।
“ਭਾਈ ਸਾਅਬ ਤਕੱਲੁਫ ਦੀ ਕੋਈ ਗੱਲ ਨੀਂ, ਅਸੀਂ ਆਪਣੇ ਘਰ
ਵਾਂਗ ਹੀ ਮਹਿਸੂਸ ਕਰ ਰਹੇ ਹਾਂ . . . ਤੁਹਾਡੇ ਵਰਗੀ ਮਹਾਨ ਰੂਹ ਦਾ ਚੱਲਕੇ ਸਾਨੂੰ
ਮਿਲਣ ਔਣਾ ਹੀ ਸਾਡੇ ਲਈ ਬੜੇ ਫਖ਼ਰ ਵਾਲੀ ਗੱਲ ਹੈ . . . ਆਹ ਫਰੂਟ ਅਸੀਂ ਅੱਜ ਖਾ
ਲੈਣੈਂ . . . ਅਤੇ ਮਠਿਆਈ ਅਸੀਂ ਕੱਲ੍ਹ ਤੁਹਾਡੇ ਵਲੋਂ ਨਨਕਾਣਾ ਸਾਹਬ ਜਾ ਕੇ ਬਾਬੇ
ਨਾਨਕ ਦੇ ਦਰਬਾਰ ‘ਚ ਪੁੱਜੀਆਂ ਸੰਗਤਾਂ ਨੂੰ ਭੇਟ ਕਰਾਂਗੇ ” ਕਹਿਕੇ ਮੈਂ ਸ਼ੌਕਤ ਦਾ
ਹੱਥ ਘੁੱਟਿਆ ਤੇ ਉਸ ਮੈਨੂੰ ਗਲਵੱਕੜੀ ‘ਚ ਲੈ ਲਿਆ । “ਜ਼ਿੰਦਗੀ ਰਹੀ ਤਾਂ ਜਲਦੀ ਫੇਰ
ਮਿਲਾਂਗੇ” ਮੈਂ ਵਾਅਦਾ ਕੀਤਾ ਤੇ ਸ਼ੌਕਤ ਨੇ “ਇਨਸ਼ਾੱਅਲਾ” ਕਹਿਕੇ ਮੇਰੇ ਮੋਢੇ ਤੇ
ਥਾਪੀ ਦਿੱਤੀ ।
ਵਿੱਛੜਨਾ ਬੜਾ ਮੁਸ਼ਕਿਲ ਲੱਗ ਰਿਹਾ ਸੀ। ਅਸੀਂ ਭਾਰੇ ਕਦਮੀਂ ਬਾਹਰ
ਗੇਟ ਤੱਕ ਚੱਲਕੇ ਆਏ। ਸ਼ਾਮ ਹੋਰ ਡੂੰਘੀ ਤੇ ਜ਼ਰਾ ਕੁ ਉਦਾਸ ਵੀ ਹੋ ਗਈ ਸੀ। ਇੱਕ ਵਾਰ
ਫੇਰ ਅਸੀਂ ਗਲਵੱਕੜੀ ਪਾ ਕੇ ਮਿਲੇ। ਸ਼ੌਕਤ ਅਤੇ ਇਮਰਾਨ ਨੇ ਕਾਰ ‘ਚ ਬੈਠਣ ਤੋਂ
ਪਹਿਲਾਂ ਉੱਚਾ ਹੱਥ ਕਰਕੇ ਅਲਵਿਦਾ ਕਹੀ। ਮੈਨੂੰ ਵਾਕਈ “ਸਾਂਝਾਂ ਦੇ ਪੁਲ” ਨੂੰ
ਮਿਲਕੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਏਸੇ ਪੁਲ ਸਦਕਾ ਸਾਨੂੰ ਇਸ ਵਿੱਛੜ ਗਈ
ਮਿੱਟੀ ਦੀ ਮਹਿਕਾਂ ਵੰਡਦੀ ਖੁਸ਼ਬੂ ਨਸੀਬ ਹੋਣੀਂ ਸੀ। ਸੋਚ ਕੇ ਸਿਰ ਮਾਣ ਨਾਲ ਹੋਰ
ਉੱਚਾ ਹੋ ਗਿਆ ਤੇ ਦਿਲ ਖੁਸ਼ੀਆਂ ਨਾਲ਼ ਭਜ ਗਿਆ।
|