WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ   (02/01/2021)

 01ਇਹ ਸਿਰਲੇਖ ਸ਼ਾਇਦ ਅਜੀਬ ਲੱਗੇ, ਪਰ ਲੇਖ ਪੜ੍ਹਨ ਬਾਅਦ ਬਥੇਰੇ ਮੇਰੇ ਨਾਲ ਸਹਿਮਤ ਹੋ ਜਾਣਗੇ!

ਭਾਰਤ ਦੇ ਇੱਕ ਪਿੰਡ ਦੀ ਪਛਾਣ ਬਣ ਚੁੱਕੀ ਹੋਈ ਹੈ ਕਿ ਉੱਥੇ ਕੁੜੀਆਂ ਗਲੇ ਦੁਆਲੇ ਰੱਸੀ ਬੰਨ੍ਹ ਕੇ ਮਾਰੀਆਂ ਮਿਲਦੀਆਂ ਹਨ। ਇੱਕ 12 ਤੇ ਇੱਕ 15 ਸਾਲਾਂ ਦੀਆਂ ਦੋ ਭੈਣਾਂ ਦਾ ਬਲਾਤਕਾਰ ਕਰ ਕੇ ਕਤਲ ਕਰਨ ਬਾਅਦ ਦਰਖ਼ਤ ਨਾਲ ਰੱਸੀ ਬੰਨ੍ਹ ਕੇ ਲਾਸ਼ਾਂ ਨੂੰ ਲਟਕਾ ਦਿੱਤਾ ਗਿਆ ਸੀ। ਇਸ ਗੱਲ ਨੂੰ ਸੱਤ ਕੁ ਸਾਲ ਹੋ ਚੱਲੇ ਹਨ।

ਉੱਤਰ ਪ੍ਰਦੇਸ ਦੇ ਬਦਾਊਂ ਜ਼ਿਲ੍ਹੇ ਦੀ ਇਸ ਘਟਨਾ ਨੂੰ ਸੌਖਿਆਂ ਭੁਲਾਇਆ ਨਹੀਂ ਜਾ ਸਕਦਾ।

ਸਰਕਾਰੀ ਅੰਕੜਿਆਂ ਅਨੁਸਾਰ ਸੰਨ 2013 ਵਿਚ 95,000 ਬਲਾਤਕਾਰਾਂ ਦੇ ਮਾਮਲੇ ਲਟਕ ਰਹੇ ਸਨ ਪਰ ਸੰਨ 2019 ਦੇ ਅਖ਼ੀਰ ਤੱਕ ਅਜਿਹੇ ਲਟਕਦੇ ਮਾਮਲਿਆਂ ਦੀ ਗਿਣਤੀ ਵਧ ਕੇ ਇੱਕ ਲੱਖ ਪੰਤਾਲੀ ਹਜ਼ਾਰ ਹੋ ਗਈ।

ਬਦਾਊਂ ਵਿਚ ਫੜੇ ਗਏ ਬਲਾਤਕਾਰੀਆਂ ਨੂੰ ਪੂਰੇ ਸਬੂਤ ਨਾ ਹੋਣ ਸਦਕਾ ਛੱਡ ਦਿੱਤਾ ਗਿਆ। ਕਦੇ ਗਵਾਹ ਮੁਕਰੇ, ਕਦੇ ਡਾਕਟਰ ਦੀ ਬਦਲੀ, ਕਦੇ ਫੋਰੈਂਸਿਕ ਦੀ ਰਿਪੋਰਟ ਦੀ ਦੇਰੀ ਆਦਿ ਮਾਪਿਆਂ ਲਈ ਅਸਹਿ ਪੀੜ ਬਣ ਚੁੱਕੀ ਹੋਈ ਹੈ ਜੋ ਉਸੇ ਦਰਖ਼ਤ ਦੇ ਥੱਲੇ ਬਹਿ ਹਰ ਰੋਜ਼ ਰੱਜ ਕੇ ਰੋ ਲੈਂਦੇ ਹਨ ਪਰ ਉਤਾਂਹ ਟਾਹਣੀਆਂ ਵੱਲ ਝਾਕਣ ਦੀ ਹਿੰਮਤ ਨਹੀਂ ਜੁਟਾ ਸਕਦੇ।

ਬਲਾਤਕਾਰ ਪੀੜਤਾ ਨੂੰ ਇਨਸਾਫ਼ ਨਾ ਮਿਲਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪੰਜਾਹ ਸਾਲ ਪਹਿਲਾਂ ਵੀ ਮਹਾਰਾਸ਼ਟਰ ਦੇ ਚੰਦਰਪੁਰ ਸ਼ਹਿਰ ਵਿਖੇ ਆਦੀਵਾਸੀ ਔਰਤ ਮਥੁਰਾ ਨੂੰ ਨਿਆਂ ਨਹੀਂ ਸੀ ਮਿਲਿਆ। ਮਹਾਰਾਸ਼ਟਰ ਦੇ ਚੰਦਰਪੁਰ ਵਿਖੇ ਹੀ 17 ਗੋਂਡ ਆਦੀਵਾਸੀ ਕੁੜੀਆਂ ਦਾ ਸਕੂਲ ਵਿਚ ਬਲਾਤਕਾਰ ਹੋਇਆ ਜੋ ਸਿਰਫ਼ 8 ਤੋਂ 11 ਸਾਲਾਂ ਦੀਆਂ ਸਨ। ਮਾਤਾ ਅਨੁਸੂਈਆ ਸਕੂਲ ਦੇ ਹੋਸਟਲ ਵਿਚ ਉਨ੍ਹਾਂ ਨੂੰ ਨਸ਼ਾ ਦੇ ਕੇ ਵਾਰ-ਵਾਰ ਜਬਰਜ਼ਨਾਹ ਕਰ ਕੇ ਜ਼ਲੀਲ ਕੀਤਾ ਗਿਆ ਤੇ ਮਾਨਸਿਕ ਤਸ਼ੱਦਦ ਵੀ ਢਾਹਿਆ ਗਿਆ।

ਬਾਈ ਸਾਲਾ ਨੌਜਵਾਨ ਔਰਤ ਨੂੰ ਸਮੂਹਕ ਬਲਾਤਕਾਰ ਦੀ ਸ਼ਿਕਾਰ ਹੋਣ ਸਦਕਾ ਬਿਹਾਰ ਦੇ ਅਰਰੀਆ ਸ਼ਹਿਰ ਦੀ ਅਦਾਲਤ ਵਿਚ ‘ਨਿਆਂ’ ਵਜੋਂ ਘਰ ਤੋਂ 240 ਕਿਲੋਮੀਟਰ ਦੂਰ ਜੇਲ੍ਹ ਨਸੀਬ ਹੋਈ ਸੀ। ਕਾਰਨ? ਜੱਜ ਨੇ ਕਿਹਾ-ਕਿਉਂਕਿ ਇਸ ਔਰਤ ਦੇ ਸਰੀਰ ਉੱਤੇ ਬਲਾਤਕਾਰ ਦੇ ਜ਼ਖ਼ਮ ਨਹੀਂ ਹਨ, ਇਸ ਲਈ ਇਸ ਨੂੰ ‘ਸੈਕਸ ਦੀ ਆਦੀ’ ਮੰਨਦਿਆਂ ਮੁਜਰਮ ਕਰਾਰ ਦਿੱਤਾ ਜਾਂਦਾ ਹੈ। ਜੇ ਬਲਾਤਕਾਰ ਦਾ ਵਿਰੋਧ ਕਰਦਿਆਂ ਜ਼ਖਮ ਮਿਲ ਜਾਂਦੇ ਤਾਂ ਹੀ ਇਸ ਨੂੰ ਜ਼ੁਲਮ ਮੰਨਿਆ ਜਾ ਸਕਦਾ ਸੀ। ਉਸ ਨੂੰ ਕਿਹਾ ਗਿਆ ਕਿ ਅਜਿਹਾ ਗਵਾਹ ਪੇਸ਼ ਕਰੇ ਜਿਸਨੇ ਬਲਾਤਕਾਰ ਦੌਰਾਨ ਉਸ ਦੀਆਂ ਚੀਕਾਂ ਸੁਣੀਆਂ ਹੋਣ! ਗਵਾਹ ਨਾ ਮਿਲਣ ਸਦਕਾ ਉਸੇ ਪੀੜਤਾ ਨੂੰ ਹੀ ਕਸੂਰਵਾਰ ਠਹਿਰਾ ਦਿੱਤਾ ਗਿਆ! ਭਾਵੇਂ ਸੰਨ 1972 ਹੋਵੇ ਤੇ ਭਾਵੇਂ 2020, ਭਾਵੇਂ ਅਰਰੀਆ ਹੋਵੇ ਤੇ ਭਾਵੇਂ ਚੰਦਰਪੁਰ, ਹਮੇਸ਼ਾ ਬਲਾਤਕਾਰ ਪੀੜਤਾ ਨੂੰ ਹੀ ਕਟਿਹਰੇ ਵਿਚ ਖੜ੍ਹੇ ਹੋਣਾ ਪਿਆ ਹੈ। ਹੋਰ ਤਾਂ ਹੋਰ, ਜੇ ਕੋਈ ਹੋਰ ਔਰਤ ਅਜਿਹੀ ਬਲਾਤਕਾਰ ਪੀੜਤਾ ਨਾਲ ਖੜ੍ਹੀ ਹੁੰਦੀ ਹੈ ਤਾਂ ਉਹ ਵੀ ਸਮਾਜ ਦੇ ਤਿਰਸਕਾਰ ਦਾ ਸ਼ਿਕਾਰ ਹੋ ਜਾਂਦੀ ਹੈ।

ਕਮਾਲ ਤਾਂ ਇਹ ਹੈ ਕਿ 8 ਦਿਨ ਅਰਰੀਆ ਕੋਰਟ ਵਿਚ ਬਲਾਤਕਾਰ ਪੀੜਤਾ ਖਿਲਾਫ਼ ਦਰਜ ਤਿੰਨ ਮਾਮਲਿਆਂ ਸਦਕਾ ਉਹ ਜੇਲ੍ਹ ਵਿਚ ਕੈਦ ਰਹੀ ਅਤੇ ਉਸ ਦਾ ਬਲਾਤਕਾਰ ਕਰਨ ਵਾਲੇ ਖੁੱਲੇ ਦਨਦਨਾਉਂਦੇ ਫਿਰਦੇ ਰਹੇ। ਬਲਾਤਕਾਰ ਕਰਨ ਵਾਲੇ ਸਰਕਾਰੀ ਕਰਮਚਾਰੀ ਦਾ ਨਾਂ ਲੈਣ ਸਦਕਾ ਇਸ ਨੂੰ ਵੀ ਕਾਨੂੰਨਨ ਅਪਮਾਨ ਮੰਨ ਕੇ ਪੀੜਤਾ ਨੂੰ ਜੇਲ੍ਹ ਵਿਚ ਤਾੜ੍ਹਨ ਦੇ ਨਾਲ ਜੁਰਮਾਨਾ ਭਰਨ ਦਾ ਵੀ ਹੁਕਮ ਸੁਣਾਇਆ ਗਿਆ ਸੀ।

ਜੇਲ੍ਹ ਵਿੱਚੋਂ ਰਿਹਾ ਕਰਨ ਸਮੇਂ ਵੀ ਮਾਨਸਿਕ ਹਾਲਤ ਨਾਰਮਲ ਨਾ ਹੋਣਾ ਕਾਰਨ ਮੰਨਿਆ ਗਿਆ।

ਬੀ.ਬੀ.ਸੀ. ਉੱਤੇ ਖ਼ਬਰ ਨਸ਼ਰ ਕੀਤੀ ਗਈ ਕਿ ਇਹ ਕੇਸ ਜ਼ੁਲਮ ਦੀ ਸਿਖਰ ਸੀ ਕਿਉਂਕਿ ਬਲਾਤਕਾਰ ਪੀੜਤਾ ਦੀ ਮਦਦ ਲਈ ਉਸ ਦੇ ਹੱਕ ਵਿਚ ਬਿਆਨ ਦਰਜ ਕਰਵਾਉਣ ਆਏ ਦੋ ਬੰਦਿਆਂ ਉੱਤੇ ਸਗੋਂ ਪੁਲਿਸ ਨੇ ਸਰਕਾਰੀ ਕੰਮਾਂ ਵਿਚ ਦਖਲਅੰਦਾਜ਼ੀ ਵਜੋਂ ਕੇਸ ਠੋਕ ਦਿੱਤਾ।

ਹਾਲੇ ਇੱਥੇ ਵੀ ਬਸ ਨਹੀਂ ਸੀ ਹੋਈ। ਬਲਾਤਕਾਰ ਪੀੜਤਾ ਦੇ ਬਿਆਨ ਵੀ ਔਰਤ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਨਹੀਂ ਲਏ ਗਏ ਸਨ। ਦੋ ਮਰਦਾਂ ਵੱਲੋਂ ਜ਼ਲੀਲ ਕਰਦਿਆਂ ਬਿਆਨ ਦਰਜ ਕੀਤੇ ਗਏ ਸਨ!

ਸਪਸ਼ਟ ਹੈ ਕਿ ਹਮੇਸ਼ਾ ਕਾਨੂੰਨੀ ਦਾਅ ਪੇਚ ਬਲਾਤਕਾਰੀਆਂ ਨੂੰ ਬਚਾਉਣ ਵਿਚ ਸਹਾਈ ਹੁੰਦੇ ਰਹੇ ਹਨ। ਔਰਤ ਬਲਾਤਕਾਰ ਦਾ ਸ਼ਿਕਾਰ ਹੋ ਜਾਣ ਤੋਂ ਬਾਅਦ ਵੀ ਸਮਾਜ ਦੀਆਂ ਨਜ਼ਰਾਂ ਵਿਚ ਕਸੂਰਵਾਰ ਹੀ ਮੰਨੀ ਜਾਂਦੀ ਰਹੀ ਹੈ ਤੇ ਅੱਜ ਤੱਕ ਵੀ ਇਹੋ ਹਾਲ ਚਾਲੂ ਹੈ।

ਬੀ.ਬੀ.ਸੀ. ਵਾਲੇ ਪੱਤਰਕਾਰ ਇਹ ਵੀ ਮੰਨੇ ਕਿ ਜ਼ਿਆਦਾਤਰ ਪੁਰਸ਼ ਜੱਜ ਹੋਣ ਸਦਕਾ ਵੀ ਔਰਤਾਂ ਨੂੰ ਬਲਾਤਕਾਰ ਦੇ ਮਾਮਲਿਆਂ ਵਿਚ ਕੋਰਟਾਂ ਵਿਚ ਬਹੁਤ ਜ਼ਲਾਲਤ ਸਹਿਣੀ ਪੈਂਦੀ ਹੈ।

ਸੰਨ 2017 ਵਿਚ ਭਾਰਤੀ ਸਰਕਾਰੀ ਅੰਕੜਿਆਂ ਮੁਤਾਬਕ ਔਸਤਨ ਹਰ ਰੋਜ਼ 90 ਬਲਾਤਕਾਰ ਦੇ ਮਾਮਲੇ ਦਰਜ ਹੋ ਰਹੇ ਸਨ ਤੇ ਇਨ੍ਹਾਂ ਵਿੱਚੋਂ ਸਿਰਫ਼ 1.5 ਫੀਸਦੀ ਬਲਾਤਕਾਰੀਆਂ ਨੂੰ ਹੀ ਸਜ਼ਾ ਮਿਲੀ ਸੀ। ਸਾਲ 2012 ਵਿਚ 25,000 ਬਲਾਤਕਾਰ ਦੇ ਮਾਮਲੇ ਕੋਰਟਾਂ ਵਿਚ ਲਟਕ ਰਹੇ ਸਨ ਤੇ ਸੰਨ 2016 ਵਿਚ ਦਰਜ ਹੋਏ ਮਾਮਲੇ 38,000 ਪਹੁੰਚ ਗਏ। ਸੰਨ 2017 ਵਿਚ 32,559 ਮਾਮਲੇ ਦਰਜ ਹੋਏ ਜਦਕਿ ਅਸਲ ਗਿਣਤੀ ਇਨ੍ਹਾਂ ਤੋਂ ਚਾਰ ਗੁਣਾ ਵੱਧ ਦੱਸੀ ਜਾਂਦੀ ਹੈ। ਸੰਨ 2017 ਵਿਚ ਅਦਾਲਤ ਵਿਚ ਲਟਕਦੇ ਮਾਮਲੇ ਇੱਕ ਲੱਖ 27 ਹਜ਼ਾਰ 800 ਸਨ। ਉਸ ਸਮੇਂ ਤੱਕ ਸਿਰਫ ਪੁਰਾਣੇ 18,300 ਕੇਸਾਂ ਦੀ ਸੁਣਵਾਈ ਹੋ ਸਕੀ ਸੀ ਤੇ 90 ਫੀਸਦੀ ਬਲਾਤਕਾਰ ਪੀੜਤਾਂ ਦੇ ਟੱਬਰਾਂ ਉੱਤੇ ਦਬਾਅ ਪਾ ਕੇ ਕੇਸ ਖ਼ਤਮ ਕਰਨ ਲਈ ਕਿਹਾ ਜਾ ਰਿਹਾ ਸੀ।

ਜੇ ਨਿਆਂ ਵਿਚਲੀ ਦੇਰੀ ਵੱਲ ਧਿਆਨ ਕਰੀਏ ਤਾਂ ਨਿਆਂ ਦੀ ਉਡੀਕ ਵਿਚ ਬੇਅੰਤ ਪੀੜਤ ਔਰਤਾਂ ਤੇ ਬੱਚੀਆਂ ਜਾਂ ਤਾਂ ਮਰ ਮੁੱਕ ਜਾਂਦੀਆਂ ਹਨ ਜਾਂ ਸਮਾਜਿਕ ਅਤੇ ਨਿਆਂਇਕ ਦਬਾਅ ਹੇਠ ਬਲਾਤਕਾਰੀਆਂ ਖਿਲਾਫ਼ ਕੇਸ ਵਾਪਸ ਲੈ ਲੈਂਦੀਆਂ ਹਨ।

ਸਾਲ 2002 ਤੋਂ 2011 ਤੱਕ 26 ਫੀਸਦੀ ਕੇਸ ਹੀ ਸੁਲਝਾਏ ਜਾ ਸਕੇ ਸਨ। ਸੰਨ 2016 ਵਿਚ ਸਿਰਫ਼ 25 ਫੀਸਦੀ ਕੇਸਾਂ ਦੀ ਸੁਣਵਾਈ ਹੋਈ ਜੋ 2017 ਵਿਚ 32 ਫੀਸਦੀ ਤੱਕ ਪਹੁੰਚੀ।

ਇਨ੍ਹਾਂ ਕੇਸਾਂ ਵਿਚ ਬਲਾਤਕਾਰ ਪੀੜਤਾ ਦੇ ਹੱਕ ਵਿਚ ਬਿਆਨ ਦੇਣ ਵਾਲਿਆਂ ਉੱਤੇ ਅਨੇਕ ਵਾਰ ਹਮਲੇ ਹੋ ਚੁੱਕੇ ਹਨ ਤੇ ਬਥੇਰੇ ਮਾਰੇ ਵੀ ਗਏ ਹਨ। ਆਸਾ ਰਾਮ ਬਾਪੂ ਦੇ ਕੇਸ ਵਿਚ ਵੀ ਸੰਨ 2018 ਵਿਚ ਘੱਟੋ-ਘੱਟ 9 ਚਸ਼ਮਦੀਦ ਗਵਾਹਾਂ ਉੱਤੇ ਹਮਲੇ ਕੀਤੇ ਗਏ ਸਨ।

ਘਿਨਾਉਣੇ ਜੁਰਮਾਂ ਦੀ ਹੱਦ ਟੱਪੀ ਜਾ ਚੁੱਕੀ ਹੈ। ਫਿਰੋਜ਼ਪੁਰ ਵਿਖੇ ਕੁਲਗੜ੍ਹੀ ਥਾਣੇ ਵਿਚ ਇੱਕ ਕੇਸ ਦਰਜ ਹੋਇਆ ਹੈ ਜਿੱਥੇ ਪੀੜਤ ਕੁੜੀ ਦੀ ਮਾਂ ਨੇ ਸਬ ਇੰਸਪੈਕਟਰ ਪਰਮਜੀਤ ਕੌਰ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਦੀ ਮੌਤ ਸਕਦਾ ਪੇਕੇ ਗਈ ਹੋਈ ਸੀ। ਪਿੱਛੋਂ ਘਰ ਵਿਚ 2 ਦਸੰਬਰ ਵੀ ਰਾਤ ਨੂੰ ਕਰੀਬ ਸਾਢੇ ਨੌਂ ਵਜੇ ਉਸ ਦੇ ਪਤੀ ਨੇ ਕਮਰੇ ਵਿਚ ਸੌਂ ਰਹੀ ਨਾਬਾਲਗ ਧੀ ਦਾ ਮੂੰਹ ਬੰਨ੍ਹ ਕੇ ਬਰਾਂਡੇ ਵਿਚ ਲਿਜਾ ਕੇ ਬਲਾਤਕਾਰ ਕੀਤਾ। ਅੰਦਰ ਕਮਰੇ ਵਿਚ ਛੋਟਾ ਪੁੱਤਰ ਸੁੱਤਾ ਪਿਆ ਸੀ। ਜਦੋਂ ਮਾਂ ਘਰ ਵਾਪਸ ਪਰਤੀ ਤਾਂ ਉਸ ਨੂੰ ਧੀ ਨੇ ਰੋ ਰੋ ਕੇ ਆਪਣਾ ਹਾਲ ਦੱਸਿਆ।

9 ਸਤੰਬਰ 2020 ਨੂੰ ਬੀ.ਬੀ.ਸੀ. ਵਿਚ ਸਾਰਾ ਦਿਨ ਇੱਕ ਖ਼ਬਰ ਚਲਾਈ ਗਈ ਜਿਸ ਵਿਚ ਭਾਰਤ ਵਿਚਲੇ ਬਲਾਤਕਾਰਾਂ ਦੇ ਅਤਿ ਘਿਨਾਉਣੇ ਰੂਪ ਦਾ ਬਖਾਨ ਕੀਤਾ ਗਿਆ। ਘਟਨਾ ਹੈ ਹੀ ਸ਼ਰਮਸਾਰ ਕਰਨ ਵਾਲੀ ਸੀ। ਲੱਖਾਂ ਬਲਾਤਕਾਰ ਜੋ ਹਰ ਸਾਲ ਭਾਰਤ ਵਿਚ ਹੋ ਰਹੇ ਹਨ, ਉਨ੍ਹਾਂ ਵਿਚ ਨਾਬਾਲਗ ਬੇਟੀਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਪਰ ਇਹ ਕੇਸ ਉੱਕਾ ਹੀ ਵੱਖ ਕਹਾਣੀ ਬਿਆਨ ਕਰਦਾ ਹੈ।

ਇੱਕ 86 ਸਾਲਾ ਬਜ਼ੁਰਗ ਔਰਤ ਆਪਣੇ ਹੀ ਘਰ ਬਾਹਰ ਦੁੱਧ ਵਾਲੇ ਦੀ ਉਡੀਕ ਕਰ ਰਹੀ ਸੀ। ਉਸੇ ਸਮੇਂ ਉਸ ਦਾ 30 ਸਾਲ ਦਾ ਪੋਤਰਾ ਪਹੁੰਚ ਗਿਆ ਤੇ ਆਪਣੀ ਹੀ ਦਾਦੀ ਨੂੰ ਦੁੱਧ ਦਵਾਉਣ ਦੇ ਬਹਾਨੇ ਹੱਥ ਫੜ ਕੇ ਨੇੜਲੇ ਖੇਤ ਵਿਚ ਲੈ ਗਿਆ। ਉੱਥੇ ਲਿਜਾ ਕੇ ਉਸ ਦੇ ਲੀੜੇ ਪਾੜ ਕੇ, ਚੀਕਾਂ ਮਾਰਦੀ ਹੱਥ ਜੋੜਦੀ ਦਾਦੀ ਦਾ ਇੱਕ ਨਹੀਂ, ਦੋ ਵਾਰ ਬਲਾਤਕਾਰ ਕੀਤਾ।

ਦਾਦੀ ਦੀਆਂ ਚੀਕਾਂ ਸੁਣ ਕੇ ਨੇੜਿਉਂ ਲੰਘਦੇ ਪਿੰਡ ਵਾਸੀਆਂ ਨੇ ਉਸ ਨੂੰ ਬਚਾਇਆ ਤੇ ਹਸਪਤਾਲ ਲੈ ਕੇ ਗਏ। ਥਾਣੇ ਵਿਚ ਵੀ ਕੇਸ ਦਰਜ ਕੀਤਾ ਗਿਆ।

ਬੀ.ਬੀ.ਸੀ. ਦਾ ਪੱਤਰਕਾਰ ਜੋ ਦਾਦੀ ਨੂੰ ਹਸਪਤਾਲ ਵੇਖਣ ਗਿਆ ਸੀ, ਅੱਖਾਂ ਵਿਚ ਹੰਝੂ ਭਰ ਕੇ ਖ਼ਬਰ ਸੁਣਾਉਂਦਿਆਂ ਦਸ ਰਿਹਾ ਸੀ ਕਿ ਪੀੜਤਾ ਦੇ ਝੁਰੜੀਆਂ ਭਰੇ ਹੱਥ ਜਦੋਂ ਉਸ ਨੇ ਆਪਣੇ ਹੱਥ ਵਿਚ ਲਏ ਤਾਂ ਉਸ ਨੇ ਕੰਬਦੇ ਹੱਥਾਂ ਨਾਲ ਸਰੀਰ ਅਤੇ ਮੂੰਹ ਉੱਤੇ ਪਈਆਂ ਝਰੀਟਾਂ ਤੇ ਜ਼ਖ਼ਮ ਵਿਖਾਏ।

ਉਸ ਦੇ ਵੈਣ ਤੇ ਅੱਖਾਂ ’ਚੋਂ ਵਹਿੰਦੇ ਨੀਰ ਨੂੰ ਵੇਖ ਕੇ ਦਾਦੀ ਦੀ ਮਾਨਸਿਕ ਪੀੜ ਬਾਰੇ ਸਮਝਿਆ ਜਾ ਸਕਦਾ ਸੀ। ਉਸ ਵੱਲੋਂ ਸੁਣਾਈ ਘਟਨਾ ਦਿਲ ਚੀਰਵੀਂ ਸੀ। ਸਭ ਨੂੰ ਪਤਾ ਸੀ ਕਿ ਕੇਸ ਜਦੋਂ ਤੱਕ ਲਟਕਣਾ ਹੈ ਉਦੋਂ ਤੱਕ ਸ਼ਾਇਦ ਦਾਦੀ ਬਚੇ ਹੀ ਨਾ!

ਪੁਲਿਸ ਰਜਿਸਟਰ ਫਰੋਲਣ ਉੱਤੇ ਪਤਾ ਲੱਗਿਆ ਕਿ ਸਾਲ 2018 ਵਿਚ ਭਾਰਤ ਵਿਚ 34,000 ਬਲਾਤਕਾਰ ਦੇ ਕੇਸ ਦਰਜ ਹੋਏ ਸਨ ਜਿਸ ਦਾ ਮਤਲਬ ਹੋਇਆ ਕਿ ਹਰ 15 ਮਿੰਟ ਵਿਚ ਇੱਕ ਬਲਾਤਕਾਰ ਹੋ ਰਿਹਾ ਹੈ। ਪੁਲਿਸ ਵਾਲੇ ਮੰਨੇ ਕਿ ਅਸਲ ਕੇਸ ਸ਼ਾਇਦ 10 ਗੁਣਾ ਵੱਧ ਹੋਣਗੇ ਜੋ ਮੀਡੀਆ ਦੀ ਨਜ਼ਰੀਂ ਨਹੀਂ ਆਉਂਦੇ।

ਕਮਾਲ ਤਾਂ ਇਹ ਹੈ ਕਿ ਕੋਰੋਨਾ ਮਹਾਂਮਾਰੀ ਨੇ ਵੀ ਬਲਾਤਕਾਰਾਂ ਵਿਚ ਠੱਲ ਨਹੀਂ ਪਾਈ ਤੇ ਨਾ ਹੀ ਕਿਸੇ ਬਲਾਤਕਾਰੀ ਨੂੰ ਕੋਰੋਨਾ ਹੋਇਆ ਲੱਭਿਆ ਹੈ।

ਬੁਲੰਦ ਹੌਸਲੇ ਤਾਂ ਵੇਖੋ ਕਿ ਕੋਵਿਡ-19 ਦੀ ਮਰੀਜ਼ ਨੌਜਵਾਨ ਔਰਤ ਨੂੰ ਹਸਪਤਾਲ ਲਿਜਾਉਂਦਿਆਂ ਐਂਬੂਲੈਂਸ ਦੇ ਡਰਾਈਵਰ ਨੇ ਹੀ ਰਾਹ ਵਿਚ ਉਸ ਦਾ ਜਬਰਜ਼ਨਾਹ ਕੀਤਾ! ਉਦੋਂ ਉਸ ਨੂੰ ਕੋਰੋਨਾ ਨੇ ਨਹੀਂ ਜਕੜਿਆ! ਸੋਚਣ ਦੀ ਗੱਲ ਇਹ ਹੈ ਕਿ ਫਿਰ ਲਾਕਡਾਊਨ ਕਿਸ ਲਈ ਸੀ?

‘ਪੀਪਲ ਅਗੇਂਸਟ ਰੇਪ ਇਨ ਇੰਡੀਆ’ ਸੰਸਥਾ ਦੀ ਮਿਸ ਭਾਇਨਾ ਨੇ ਬਿਆਨ ਦਿੱਤਾ ਹੈ ਕਿ ਉਸ ਨੇ ਇੱਕ ਮਹੀਨੇ ਦੀ ਬਾਲੜੀ ਦਾ ਉਸੇ ਦੇ ਪਿਓ ਵੱਲੋਂ ਨਸ਼ੇ ਦੀ ਹਾਲਤ ਵਿਚ ਬਲਾਤਕਾਰ ਦੀ ਕੋਸ਼ਿਸ਼ ਕਰਦਿਆਂ ਫੜਿਆ ਹੈ।

ਇਤਿਹਾਸ ਅਨੁਸਾਰ ਭਾਰਤ ਵਿਚ ਧਾੜਵੀਆਂ ਵੱਲੋਂ ਹਮਲੇ ਦੌਰਾਨ ਔਰਤਾਂ ਤੇ ਬੇਟੀਆਂ ਦੀ ਪੱਤ ਲੁੱਟੀ ਜਾਂਦੀ ਰਹੀ ਸੀ ਤੇ ਹੋਰ ਸਾਜ਼ੋ-ਸਮਾਨ ਵੀ! ਹੁਣ ਆਜ਼ਾਦ ਭਾਰਤ ਵਿਚ ਕੀ ਅਬਦਾਲੀ ਦੇ ਵੰਸ਼ਜ ਪਨਪ ਰਹੇ ਹਨ?

ਇੱਕੀਵੀਂ ਸਦੀ ਵਿਚ ਵਿਗਿਆਨਿਕ ਅਤੇ ਤਕਨੀਕੀ ਈਜਾਦ ਸਿਖਰਾਂ ਉੱਤੇ ਪਹੁੰਚ ਚੁੱਕੇ ਹਨ ਅਤੇ ਬਲਾਤਕਾਰਾਂ ਵਿਚ ਵੀ ਓਨਾ ਹੀ ਵਾਧਾ ਹੁੰਦਾ ਜਾ ਰਿਹਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਇਹ ਅਪਰਾਧ ਦਿਨੋ-ਦਿਨ ਹੋਰ ਘਿਨਾਉਣੇ ਹੁੰਦੇ ਜਾ ਰਹੇ ਹਨ ਜਿੱਥੇ ਅੱਖਾਂ ਕੱਢ ਕੇ, ਜੀਭ ਵੱਢ ਕੇ ਬਲਾਤਕਾਰ ਕਰਨ ਬਾਅਦ ਜਿਸਮ ਅੱਧਾ ਸਾੜ ਵੀ ਦਿੱਤਾ ਜਾਂਦਾ ਹੈ ਜਾਂ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ।

ਹੁਣ ਸਿਆਸੀ ਗੁੰਡੇ ਧਾਰਮਿਕ ਥਾਵਾਂ ਉੱਤੇ ਵੀ ਨਾਬਾਲਗ ਬੱਚੀਆਂ ਦਾ ਸਮੂਹਕ ਬਲਾਤਕਾਰ ਕਰਨ ਲੱਗ ਪਏ ਹਨ।

ਦੇਹ ਵਪਾਰ ਵਿਚ ਲਗਾਤਾਰ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਜਦੋਂ ਹੈਦਰਾਬਾਦ ਵਿਚ ਬਲਾਤਕਾਰੀਆਂ ਨੂੰ ਗੋਲੀਆਂ ਮਾਰ ਕੇ ਭੁੰਨਿਆ ਗਿਆ ਹੋਵੇ ਤੇ ਲੋਕ ਦੀਵਾਲੀ ਮਨਾ ਕੇ ਖ਼ੁਸ਼ੀ ਜ਼ਾਹਿਰ ਕਰ ਰਹੇ ਹੋਣ ਤਾਂ ਬਹੁਤ ਕੁੱਝ ਸਮਝ ਆ ਜਾਂਦੀ ਹੈ।

ਅਖ਼ੀਰ ਵਿਚ ਇਹੀ ਸਵਾਲ ਪੁੱਛਣਾ ਰਹਿ ਗਿਆ ਕਿ ਆਖ਼ਰ ਬੇਟੀ ਬਚਾਓ ਦਾ ਨਾਅਰਾ ਕਿਸ ਲਈ ਮਾਰਿਆ ਜਾ ਰਿਹਾ ਹੈ? ਬਲਾਤਕਾਰ ਕਰਨ ਲਈ? ਦੇਹ ਵਪਾਰ ਲਈ? ਸਕੂਲਾਂ ਕਾਲਜਾਂ ਵਿਚ ਬੇਟੀਆਂ ਅਧਿਆਪਿਕਾਂ ਹੱਥੋਂ ਜਬਰਜ਼ਨਾਹ ਦਾ ਸ਼ਿਕਾਰ ਬਣ ਰਹੀਆਂ ਹਨ! ਅਨੇਕ ਕੇਸ ਉਜਾਗਰ ਹੋ ਚੁੱਕੇ ਹੋਏ ਹਨ! ਫਿਰ ‘ਬੇਟੀ ਪੜ੍ਹਾਓ’ ਬਾਰੇ ਕੋਈ ਕਿਵੇਂ ਸੋਚੇਗਾ?

ਹੁਣ ਤਾਂ ਸੁਧਾਰ ਦਾ ਇੱਕੋ ਹਲ ਦਿਸਦਾ ਹੈ। ਬਥੇਰੀਆਂ ਸਦੀਆਂ ਧੀਆਂ ਨੂੰ ਅੰਦਰ ਡੱਕ ਕੇ ਵੇਖ ਲਿਆ ਪਰ ਨਤੀਜਾ ਜ਼ੀਰੋ ਹੀ ਰਿਹਾ। ਹੁਣ ਮੁੰਡਿਆਂ ਨੂੰ ਡੱਕਣ ਦਾ ਸਮਾਂ ਆ ਚੁੱਕਿਆ ਹੈ। ਰੋਕਾਂ ਹੁਣ ਬੇਟਿਆਂ ਉੱਤੇ ਲਾਉਣੀਆਂ ਜ਼ਰੂਰੀ ਹਨ। ਬੇਟਿਆਂ ਨੂੰ ਸਦਾਚਾਰਕ ਸਿੱਖਿਆ ਦੇਣ ਵੱਲ ਧਿਆਨ ਕਰਨਾ ਚਾਹੀਦਾ ਹੈ।

ਇਸੇ ਲਈ ਹੁਣ ਨਾਅਰਾ ਤਬਦੀਲ ਕਰਨ ਦੀ ਲੋੜ ਹੈ। ਜੇ ਬੇਟਾ ਪੜ੍ਹੇਗਾ, ਤਾਂ ਹੀ ਉਸ ਦੀ ਸੋਚ ਬਦਲੇਗੀ ਤੇ ਬੇਟੀਆਂ ਦੀ ਇੱਜ਼ਤ ਨੂੰ ਖ਼ਤਰਾ ਘਟੇਗਾ।

ਸੋ, ਹੁਣ ਬੇਟੀ ਦੀ ਥਾਂ ਉੱਤੇ ਬੇਟਾ ਪੜ੍ਹਾਓ, ਬੇਟੀ ਬਚਾਓ ਦਾ ਨਾਅਰਾ ਬੁਲੰਦ ਕਰਨਾ ਪੈਣਾ ਹੈ। ਜੇ ਹਾਲੇ ਵੀ ਜਵਾਬ ‘ਨਾ’ ਵਿਚ ਹੈ ਤਾਂ ਹਰ ਜੰਮਦੀ ਬੇਟੀ ਇਹੋ ਸਵਾਲ ਕਰਦੀ ਨਜ਼ਰ ਆਵੇਗੀ- ‘‘ਕੀ ਅਗਲੀ ਵਾਰੀ ਮੇਰੀ ਹੈ?’’

ਅਖ਼ੀਰ ਵਿਚ ਇਕ 9 ਸਾਲ ਦੀ ਬੱਚੀ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗੀ! ਇਸ ਬੱਚੀ ਦੀ ਘਟਨਾ ਸੁਣ ਕੇ ਜ਼ਮੀਰ ਜ਼ਰੂਰ ਝੰਜੋੜੀ ਜਾਏਗੀ !

ਗੁਜਰਾਤ ਵਿਚ ਇਸ ਬੱਚੀ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ਵਿਚ ਪਤਾ ਲੱਗਿਆ ਕਿ ਇਹ ਗਲੀ ਸੜੀ ਤੇ ਬੁਰੀ ਤਰ੍ਹਾਂ ਕੱਟੀ ਵੱਢੀ ਲਾਸ਼ ਉੱਤੇ 86 ਡੂੰਘੇ ਜ਼ਖ਼ਮ ਸਨ ਜੋ 10 ਦਿਨਾਂ ਵਿਚ ਹਰ ਰੋਜ਼ ਵੱਖੋ-ਵੱਖ ਦਿਨ ਮਾਰੇ ਗਏ ਸਨ। ਜਿਸ ਤਰੀਕੇ ਉਸ ਬੱਚੀ ਦਾ 36 ਵੱਖੋ ਵੱਖਰੇ ਬੰਦਿਆਂ ਵੱਲੋਂ ਭੱਦੇ ਤਰੀਕੇ ਤੜਫਾ ਕੇ ਬਲਾਤਕਾਰ ਕੀਤਾ ਗਿਆ ਸੀ, ਉਹ ਕੱਟਿਆ ਵੱਢਿਆ ਸਰੀਰ ਹੀ ਬਿਆਨ ਕਰ ਰਿਹਾ ਸੀ। ਦਸ ਦਿਨ ਤੱਕ ਰੋਜ਼ ਤੇਜ਼ਾਬ, ਚਾਕੂ, ਫੱਟੇ, ਸੋਟੀਆਂ, ਲੋਹੇ ਦੀਆਂ ਚੇਨਾਂ, ਕਿੱਲ ਆਦਿ ਨਾਲ ਸਰੀਰ ਵਿੰਨ੍ਹ ਕੇ ਅਖ਼ੀਰ ਉਸ ਦਾ ਚਿਹਰਾ ਬੁਰੀ ਤਰ੍ਹਾਂ ਭੰਨ ਕੇ ਸਾੜਿਆ ਪਿਆ ਸੀ ਜਿਸ ਨਾਲ ਉਸ ਦੀ ਪਛਾਣ ਹਾਲੇ ਤੱਕ ਵੀ ਨਹੀਂ ਕੀਤੀ ਜਾ ਸਕੀ।

ਉਸ ਬੱਚੀ ਦੀ ਲਾਸ਼ ਸਾੜ੍ਹਨ ਬਾਅਦ ਹੁਣ ਉਸ ਨੂੰ ਵੀ ਹੋਰ 8,000 ਲਾਪਤਾ ਬੱਚਿਆਂ ਦੀ ਲਿਸਟ ਵਿਚ ਸ਼ਾਮਲ ਕਰ ਲਿਆ ਗਿਆ ਹੈ।

ਪੁਲਿਸ ਵੀ ਮੰਨੀ ਕਿ ਲਾਸ਼ ਵਾਲੀ ਥਾਂ ਉੱਤੇ ਖਿਲਰਿਆ ਬੱਚੀ ਦਾ ਲਹੂ ਉੱਥੇ ਵਾਪਰੀ ਹੈਵਾਨੀਅਤ ਦਾ ਹਵਾਲਾ ਦੇ ਰਿਹਾ ਸੀ!

ਜੇ ਜ਼ਮੀਰ ਝੰਜੋੜੀ ਗਈ ਹੋਵੇ, ਤਾਂ ਹੁਣ ਨਾਅਰੇ ਵਿਚ ਤਬਦੀਲੀ ਲਈ ਆਵਾਜ਼ ਚੁੱਕੋ!

‘‘ਬੇਟਾ ਪੜ੍ਹਾਓ-ਬੇਟੀ ਬਚਾਓ।’’

ਅੱਜ 112 ਮੁੰਡੇ ਪ੍ਰਤੀ 100 ਕੁੜੀਆਂ ਭਾਰਤ ਵਿਚ ਪੈਦਾ ਹੋ ਰਹੇ ਹਨ। ਲੋਕ ਕੁੜੀਆਂ ਜੰਮਣ ਤੋਂ ਤ੍ਰਹਿਣ ਲੱਗ ਪਏ ਹਨ। ਅੱਗੋਂ ਕੀ ਹੋਣ ਵਾਲਾ ਹੈ, ਸੌਖਿਆਂ ਸਮਝ ਆ ਸਕਦੀ ਹੈ।
 
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ।
ਫੋਨ ਨੰ: 0175-2216783

 
 
 
  01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com