WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ 
ਉਜਾਗਰ ਸਿੰਘ, ਪਟਿਆਲਾ   (03/02/2021)

 

 07
ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਪੰਜਾਬ ਦੀ ਨਹੀਂ ਸਗੋਂ ‘‘ਹਿੰਦ ਦੀ ਚਾਦਰ’’ ਕਿਹਾ ਜਾਂਦਾ ਹੈ, ਜੇਕਰ ਉਹ ਦਿੱਲੀ ਵਿਚ ਆ ਕੇ ਕੁਰਬਾਨੀ ਨਾ ਦਿੰਦੇ ਤਾਂ ਹਿੰਦੂ ਧਰਮ ਦੀ ਹੋਂਦ ਖ਼ਤਮ ਹੋ ਜਾਣੀ ਸੀ। ਭਗਵਾਂ ਸਰਕਾਰ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਤੇ ਜ਼ਾਲਮਾਨਾ ਹਮਲੇ ਕਰਨ ਲੱਗੇ ਆਪਣੇ ਇਤਿਹਾਸ ਨੂੰ ਹੀ ਭੁਲ ਗਏ।

ਜਦੋਂ ਧਾੜਵੀ ਤੁਹਾਡੀਆਂ ਬਹੁ ਬੇਟੀਆਂ ਨੂੰ ਚੁੱਕ ਕੇ ਲਿਜਾ ਰਹੇ ਸੀ ਤਾਂ ਉਨ੍ਹਾਂ ਨੂੰ ਧਾੜਵੀਆਂ ਤੋਂ ਛੁਡਵਾਉਣ ਦਾ ਇਹ ਇਵਜ਼ਾਨਾ ਦੇ ਰਹੇ ਹੋ। ਬਿਜਲੀ, ਪਾਣੀ, ਇੰਟਰਨੈਟ ਬੰਦ ਕਰਕੇ ਅਤੇ ਸੜਕਾਂ ਪੁਟਕੇ ਵਿਚਕਾਰ ਲੋਹੇ ਦੀਆਂ ਕਿਲਾਂ ਤੇ ਕੰਡਿਆਲੀਆਂ ਤਾਰਾਂ ਨਾਲ ਕਿਸਾਨਾ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਜੇ ਘੇਰਾਬੰਦੀ ਕਰਨੀ ਹੈ ਤਾਂ ਚੀਨ ਤੇ ਪਾਕਿਸਤਾਨ ਦੀ ਸਰਹੱਦ ਤੇ ਕਰੋ, ਜਿਥੋਂ ਕਿਸਾਨਾ ਦੇ ਪੁਤਰਾਂ ਦੀਆਂ ਲਾਸ਼ਾਂ ਤਿਰੰਗਿਆਂ ਵਿਚ ਲਿਪਟਕੇ ਆ ਰਹੀਆਂ ਹਨ।

ਸਿਆਸੀ ਤਾਕਤ ਦਾ ਨਸ਼ਾ ਤੂਹਾਡੇ ਸਿਰ ਚੜ੍ਹਕੇ ਬੋਲ ਰਿਹਾ ਹੈ। ਭਾਰਤ ਵਿਚ ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ ਹਨ।

ਇਤਿਹਾਸ ਤੁਹਾਨੂੰ ਮੁਆਫ ਨਹੀਂ ਕਰੇਗਾ।

26 ਜਨਵਰੀ ਨੂੰ ਕਿਸਾਨ ਪ੍ਰੇਡ ਦੌਰਾਨ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਨੇ ਬੇਸ਼ਕ ਪਿਛਲੇ ਦੋ ਮਹੀਨੇ ਤੋਂ ਸ਼ਾਂਤਮਈ ਚਲ ਰਹੇ ਕਿਸਾਨ ਅੰਦੋਲਨ ਨੂੰ ਢਾਹ ਲਾਈ ਹੈ, ਪ੍ਰੰਤੂ ਝੰਡਾ ਲਹਿਰਾਉਣ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਭੜਕਾਉਣ ਵਾਲੇ ਵਿਅਕਤੀ ਦੀ ਪਛਾਣ ਸਾਹਮਣੇ ਆਉਣ ਨਾਲ ਸ਼ਾਜ਼ਸ਼ ਦਾ ਪਰਦਾ ਫਾਸ਼ ਹੋ ਗਿਆ ਹੈ। ਉਸ ਵਿਅਕਤੀ ਦੀਆਂ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ, ਪ੍ਰਧਾਨ ਮੰਤਰੀ, ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਾਲ ਗਲ ਵਿਚ ਪਾਰਟੀ ਦੇ ਚੋਣ ਨਿਸ਼ਾਨ ਵਾਲਾ ਮਫਲਰ ਪਾਉਣ ਵਾਲੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਕੋਈ ਵੀ ਗੱਲ ਗੁੱਝੀ ਨਹੀਂ ਰਹੀ।

ਗੋਦੀ ਮੀਡੀਆ ਨੇ ਤਾਂ ਇਸ ਘਟਨਾ ਨੂੰ ਗ਼ਲਤ ਰੰਗਤ ਦੇ ਕੇ ਕਿਸਾਨ ਅੰਦੋਲਨ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਸੀ ਪ੍ਰੰਤੂ ਸ਼ੋਸ਼ਲ ਮੀਡੀਆ ਕਰਕੇ ਹੁਣ ਸਰਕਾਰ ਕਟਹਿਰੇ ਵਿਚ ਖੜ੍ਹੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਤੋਂ ਦਿੱਲੀ ਦੀ ਸਰਹੱਦ ਉਪਰ ਕਿਸਾਨ ਅੰਦੋਲਨ ਚਲ ਰਿਹਾ ਹੈ, ਉਸਨੂੰ ਲੀਹੋਂ ਲਾਹੁਣ ਲਈ ਕਈ ਚਾਲਾਂ ਚਲੀਆਂ ਗਈਆਂ ਸਨ ਪ੍ਰੰਤੂ ਉਨ੍ਹਾਂ ਚਾਲਾਂ ਵਿਚ ਸਫਲ ਨਹੀਂ ਹੋਏ ਸਨ। ਕਿਸਾਨਾ ਦੇ ਭੇਸ ਵਿਚ ਬਹੁਤ ਸਾਰੇ ਅਜਿਹੇ ਵਿਅਕਤੀਆਂ ਦੀ ਘੁਸ ਪੈਠ ਕਰਵਾਈ ਗਈ ਜੋ ਕਿਸੇ ਅਨਹੋਣੀ ਘਟਨਾ ਨੂੰ ਅੰਜ਼ਾਮ ਦੇ ਸਕਣ।

ਉਨ੍ਹਾਂ ਨੇ ਕਿਸਾਨਾ ਦੇ ਟਰੈਕਟਰਾਂ ਦੇ ਟਾਇਰਾਂ ਵਿਚ ਪੰਕਚਰ ਕਰਨ ਟੈਂਟਾਂ ਨੂੰ ਅੱਗ ਲਗਾਉਣ ਵਰਗੀਆਂ ਹਰਕਤਾਂ ਵੀ ਕੀਤੀਆਂ ਪ੍ਰੰਤੂ ਉਨ੍ਹਾਂ ਵਿਚੋਂ ਘੱਟੋ ਘੱਟ 10 ਵਿਅਕਤੀਆਂ ਨੂੰ ਪਕੜਕੇ ਕਿਸਾਨਾ ਨੇ ਪੁਲਿਸ ਦੇ ਹਵਾਲੇ ਕੀਤਾ। 26 ਜਨਵਰੀ ਵਾਲੇ ਦਿਨ ਵੀ ਇਕ ਵਿਅਕਤੀ ਜਿਹੜਾ ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਰਿਹਾ ਸੀ, ਕਿਸਾਨਾ ਨੇ ਪਕੜਿਆ ਜੋ ਪੁਲਸੀਆ ਹੀ ਨਿਕਲਿਆ। ਪੁਲਿਸ ਵਾਲਿਆਂ ਵੱਲੋਂ ਤਿਰੰਗੇ ਝੰਡੇ ਨੂੰ ਟਰੈਕਟਰਾਂ ਤੋਂ ਉਤਾਰਨ ਅਤੇ ਕਿਸਾਨਾ ਦੀ ਕੁੱਟ ਮਾਰ ਕਰਨ ਦੀਆਂ ਵੀਡੀਓ ਵਾਇਰਲ ਹੋਣ ਨਾਲ ਵੀ ਪੁਲਿਸ ਦੀ ਭੂਮਿਕਾ ਦਾ ਪਤਾ ਲਗਦਾ ਹੈ। ਜੇਕਰ ਅਜੇ ਵੀ ਇਹ ਕਿਹਾ ਜਾਵੇ ਕਿ ਕਿਸਾਨਾ ਨੇ ਹਿੰਸਾ ਫੈਲਾਈ ਹੈ ਤਾਂ ਦਰੁਸਤ ਨਹੀਂ ਪ੍ਰੰਤੂ ਦੋਸ਼ੀ ਵੀ ਉਹੀ ਇਨਸਾਫ ਦੇਣ ਵਾਲੇ ਵੀ ਉਹੀ। ਜੇਕਰ ਸ਼ੋਸ਼ਲ ਮੀਡੀਆ ਕਿਸਾਨਾ ਤੇ ਹੋ ਰਹੇ ਅਤਿਆਚਾਰਾਂ ਨੂੰ ਲੋਕਾਂ ਸਾਹਮਣੇ ਨਾ ਲਿਆਉਂਦਾ ਤਾਂ ਸਰਕਾਰ ਨੇ ਕਿਸਾਨਾ ਨੂੰ ਹੀ ਦੋਸ਼ੀ ਸਾਬਤ ਕਰੀ ਜਾਣਾ ਸੀ ਕਿਉਂਕਿ ਮੀਡੀਆ ਉਪਰ ਤਾਂ ਸਰਕਾਰ ਦਾ ਪ੍ਰਭਾਵ ਹੈ।

ਕਿਸਾਨ ਪ੍ਰੇਡ 11 ਵਜੇ ਸ਼ੁਰੂ ਹੋਣੀ ਸੀ ਪ੍ਰੰਤੂ ਜਿਨ੍ਹਾਂ ਨੇ ਲਾਲ ਕਿਲ੍ਹੇ ਦੀ ਘਟਨਾ ਕੀਤੀ, ਉਨ੍ਹਾਂ ਨੇ ਆਪਣੀ ਪ੍ਰੇਡ ਸਵੇਰੇ 7 ਵਜੇ ਹੀ ਸ਼ੁਰੂ ਕਰ ਦਿੱਤੀ। ਤੁਸੀਂ ਹੈਰਾਨ ਹੋਵੋਗੇ ਕਿ ਉਨ੍ਹਾਂ ਨੂੰ ਪੁਲਿਸ ਲਾਲ ਕਿਲ੍ਹੇ ਦੇ ਰਾਹ ਪਾ ਰਹੀ ਸੀ, ਨਿਸਚਤ ਰੂਟ ਤੇ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾਏ ਹੋਏ ਸਨ। ਜਿਵੇਂ ਪਹਿਲਾਂ ਮਿਲੀ ਭੁਗਤ ਹੁੰਦੀ ਹੈ। ਸਿਰਫ ਆਈ ਟੀ ਓ ਚੌਕ ਵਿਚ ਜਾ ਕੇ ਉਨ੍ਹਾਂ ਨੂੰ ਰੋਕਣ ਦੀ ਫਰਜ਼ੀ ਜਹੀ ਕੋਸਿਸ਼ ਕੀਤੀ। ਉਸ ਤੋਂ ਬਾਅਦ ਜਦੋਂ ਉਹ ਲਾਲ ਕਿਲ੍ਹਾ ਪਹੁੰਚੇ ਤਾਂ ਭਾਵੇਂ ਪੁਲਿਸ ਉਥੇ ਮੌਜੂਦ ਸੀ ਪ੍ਰੰਤੂ ਉਨ੍ਹਾਂ ਨੇ ਰੋਕਣ ਦੀ ਕੋਸਿਸ਼ ਹੀ ਨਹੀਂ ਕੀਤੀ। ਸਗੋਂ ਮੌਕੇ ਤੇ ਮੌਜੂਦ ਵਿਅਕਤੀਆਂ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਪੁਲਿਸ ਆਪ ਕਹਿ ਰਹੀ ਸੀ ਕਿ ਜੋ ਕੁਝ ਤੁਸੀਂ ਕਰਨਾ ਹੈ, ਕਰਕੇ ਚਲੇ ਜਾਓ। ਭਾਵ ਝੰਡਾ ਝੁਲਾਉਣਾ ਹੈ ਝੁਲਾ ਕੇ ਚਲੇ ਜਾਓ।

ਜਦੋਂ ਉਨ੍ਹਾਂ ਕੇਸਰੀ ਝੰਡਾ ਲਹਿਰਾ ਦਿੱਤਾ, ਫਿਰ ਪੁਲਿਸ ਉਨ੍ਹਾਂ ਨੂੰ ਲਾਲ ਕਿਲ੍ਹੇ ਵਿਚੋਂ ਬਾਹਰ ਕੱਢਣ ਅਤੇ ਵਾਪਸ ਜਾ ਰਹੇ ਕਿਸਾਨਾ ਉਪਰ ਲਾਠੀ ਚਾਰਜ ਕੀਤਾ। ਜੇਕਰ ਪੁਲਿਸ ਚਾਹੁੰਦੀ ਤਾਂ ਲਾਲ ਕਿਲੇ ਦਾ ਦਰਵਾਜ਼ਾ ਬੰਦ ਕਰ ਸਕਦੀ ਸੀ। ਉਹ ਦਰਵਾਜ਼ਾ ਇਤਨਾ ਮਜ਼ਬੂਤ ਹੈ ਕਿ ਟੈਂਕਾਂ ਤੋਂ ਬਿਨਾ ਟੁਟ ਹੀ ਨਹੀਂ ਸਕਦਾ ਸੀ। ਕੇਸਰੀ ਝੰਡਾ ਲਹਿਰਾਉਣ ਵਾਲਾ ਵਿਅਕਤੀ ਉਤਨੀ ਦੇਰ ਬਾਹਰ ਹੀ ਪੁਲਿਸ ਕੋਲ ਖੜ੍ਹਾ ਰਿਹਾ, ਜਿਤਨੀ ਦੇਰ ਕਿਸਾਨੀ ਝੰਡਾ ਲਹਿਰਾਇਆ ਨਹੀਂ ਗਿਆ। ਫਿਰ ਉਸਨੇ ਕਿਸਾਨੀ ਝੰਡੇ ਦੇ ਨਾਲ ਕੇਸਰੀ ਝੰਡਾ ਲਹਿਰਾ ਦਿੱਤਾ। ਉਸਦੀ ਸ਼ੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋਈ ਹੈ ਕਿ ਉਹ ਝੰਡਾ ਲਈ ਇਕੱਲਾ ਹੀ ਖੜ੍ਹਾ ਹੈ ਅਤੇ ਉਸਦੇ ਪਿਛੇ ਪੁਲਿਸ ਖੜ੍ਹੀ ਸੀ।

ਜਦੋਂ ਇਸ ਪ੍ਰੇਡ ਵਿਚ ਸ਼ਾਮਲ ਲੋਕਾਂ ਨੂੰ ਪਤਾ ਲੱਗਾ ਕਿ ਪੁਲਸ ਗ਼ਲਤ ਰੂਟ ਤੇ ਪ੍ਰੇਡ ਨੂੰ ਭੇਜ ਰਹੀ ਹੈ ਤਾਂ ਉਹ ਵਾਪਸ ਮੁੜਨ ਲੱਗੇ ਪ੍ਰੰਤੂ ਪੁਲਿਸ ਵਾਪਸ ਮੁੜਨ ਨਹੀਂ ਦੇ ਰਹੀ ਸੀ। ਵਾਪਸ ਮੁੜਨ ਵਾਲਿਆਂ ਤੇ ਲਾਠੀਚਾਰਜ ਕਰ ਰਹੇ ਸਨ। ਇਸ ਗੱਲ ਦਾ ਪ੍ਰਗਟਾਵਾ ਏਅਰ ਫੋਰਸ ਦੀ ਇਕ ਸੇਵਾ ਮੁਕਤ ਵਿੰਗ ਕਮਾਂਡਰ ਅਨੂਪਮਾ ਅਚਾਰੀਆ ਨੇ ਇਕ ਵੀਡੀਓ ਕਲਿਪ ਵਿਚ ਕੀਤਾ ਹੈ ਕਿਉਂਕਿ ਉਹ ਖੁਦ ਕਿਸਾਨਾਂ ਦੇ ਨਾਲ ਸੀ।

ਜਿਹੜੇ ਵਿਅਕਤੀ ਇਸ ਘਟਨਾ ਵਿਚ ਸ਼ਾਮਲ ਸਨ, ਸੰਯੁਕਤ ਕਿਸਾਨ ਮੋਰਚਾ ਨੇ ਉਨ੍ਹਾਂ ਨੂੰ ਪਹਿਲਾਂ ਕੱਢ ਦਿੱਤਾ ਸੀ। ਰਾਤ ਨੂੰ ਅੱਧੀ ਰਾਤ ਨੂੰ ਝੰਡਾ ਲਹਿਰਾਉਣ ਵਾਲਾ ਵਿਅਕਤੀ ਭੜਕਾਊ ਭਾਸ਼ਣ ਕਰਕੇ ਐਲਾਨ ਕਰਦਾ ਹੈ ਕਿ ਉਹ ਕਲ੍ਹ ਨੂੰ ਲਾਲ ਕਿਲ੍ਹੇ ਤੇ ਝੰਡਾ ਝੁਲਾਉਣਗੇ। ਭਾਰਤ ਸਰਕਾਰ ਦੀਆਂ ਗੁਪਤਚਰ ਏਜੰਸੀਆਂ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਰੋਕਣ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ। 

ਚਲੋ ਜੇ ਕੇਸਰੀ ਝੰਡਾ ਝੁਲਾ ਦਿੱਤਾ ਤਾਂ ਕਿਹੜੀ ਆਫਤ ਆ ਗਈ। ਇਹੋ ਝੰਡਾ ਭਾਰਤੀ ਫੌਜਾਂ ਜਦੋਂ ਲੜਾਈ ਵਿਚ ਜਾਂਦੀਆਂ ਹਨ ਤਾਂ ਝੁਲਾਉਂਦੀਆਂ ਹਨ। ਜੇ ਇਹ ਝੰਡਾ ਝੁਲਾਉਣ ਵਾਲੇ ਦੇਸ਼ ਧਰੋਹੀ ਹਨ ਤਾਂ ਫਿਰ ਫੌਜ ਵਾਲਿਆ ਨੂੰ ਕੀ ਕਹੋਗੇ, ਜਿਨ੍ਹਾਂ ਦੀਆਂ ਲਾਸ਼ਾਂ ਤਿਰੰਗੇ ਵਿਚ ਲਿਪਟਕੇ ਪੰਜਾਬ ਆਉਂਦੀਆਂ ਹਨ।

ਪਿਛੇ ਜਹੇ ਚੀਨ ਦੀ ਸਰਹੱਦ ਤੇ ਇਹੋ ਝੰਡਾ ਲੈ ਕੇ ਸਿੱਖ ਬਹਾਦਰ ਫੌਜੀ ਲੜਦੇ ਰਹੇ। ਕੇਸਰੀ ਝੰਡਾ ਝੁਲਾਉਣ ਉਪਰ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੀ ਨਹੀਂ ਹੋ ਸਕਦਾ।

ਉਨ੍ਹਾਂ ਕੌਮੀ ਝੰਡੇ ਦਾ ਅਪਮਾਨ ਨਹੀਂ ਕੀਤਾ। ਉਸਦੇ ਨਾਲ ਵਾਲੇ ਗੁੰਬਦ ਉਪਰ ਝੰਡਾ ਝੁਲਾਇਆ ਹੈ।

ਇਹ ਲਾਲ ਕਿਲ੍ਹਾ ਹੁਣ ਸਰਕਾਰੀ ਵੀ ਨਹੀਂ ਹੈ। ਇਹ ਤਾਂ ਪ੍ਰਾਈਵੇਟ ਕੰਪਨੀ ਨੂੰ ਲੀਜ਼ ਉਪਰ ਦਿੱਤਾ ਹੋਇਆ ਹੈ। ਕੀ ਪ੍ਰਾਈਵੇਟ ਕੰਪਨੀ ਨੇ ਕੋਈ ਸ਼ਿਕਾਇਤ ਕੀਤੀ ਹੈ ?

ਸਰਕਾਰ ਨੇ ਕਿਸਾਨ ਅੰਦੋਲਨ ਦੇ ਨੇਤਾਵਾਂ ਤੇ ਮਰਡਰ ਅਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਹੈ। ਬਹੁਤ ਸਾਰੇ ਨੌਜਵਾਨ ਲਾਪਤਾ ਸਨ, ਉਨ੍ਹਾਂ ਵਿਚੋਂ ਸਿਰਫ 120 ਦਾ ਪਤਾ ਚਲਿਆ ਹੈ । ਜੇ ਪ੍ਰਧਾਨ ਮੰਤਰੀ ਨਵੀਂ ਸੰਸਦ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਸਮੇਂ ਭੂਮੀ ਪੂਜਨ ਕਰ ਸਕਦੇ ਹਨ ਤਾਂ ਕੇਸਰੀ ਝੰਡਾ ਕਿਉਂ ਨਹੀਂ ਝੁਲਾਇਆ ਜਾ ਸਕਦਾ ? ਸੰਸਦ ਭਵਨ ਇਕੱਲੇ ਹਿੰਦੂਆਂ ਦਾ ਨਹੀਂ ਸਾਰੇ ਭਾਰਤੀਆਂ ਦਾ ਹੈ।

ਜਿਹੜੀ ਕਿਸਾਨ ਅੰਦੋਲਨ ਦੀ ਪ੍ਰੇਡ ਸੀ, ਉਹ ਬਿਲਕੁਲ ਸ਼ਾਂਤਮਈ ਰਹੀ ਹੈ। ਦੋ ਲੱਖ ਤੋਂ ਉਪਰ ਟਰੈਕਟਰ ਉਸ ਵਿਚ ਸ਼ਾਮਲ ਸਨ। ਸਾਰੇ ਰੂਟ ਤੇ ਦਿੱਲੀ ਦੇ ਨਾਗਰਿਕ ਉਨ੍ਹਾਂ ਦੇ ਸਵਾਗਤ ਲਈ ਫੁੱਲਾਂ ਦੀ ਬਾਰਸ਼ ਕਰ ਰਹੇ ਸਨ। ਕਿਸਾਨਾ ਨੂੰ ਖਾਣ ਪੀਣ ਲਈ ਸਾਮਾਨ ਦੇ ਰਹੇ ਸਨ। ਅਲੌਕਿਕ ਨਜ਼ਾਰਾ ਸੀ।

ਸਰਕਾਰ ਅਤੇ ਗੋਦੀ ਮੀਡੀਆ ਨੇ ਇਸ ਪ੍ਰੇਡ ਦਾ ਜ਼ਿਕਰ ਤੱਕ ਨਹੀਂ ਕੀਤਾ। ਸਿਰਫ ਲਾਲ ਕਿਲ੍ਹੇ ਦੀਆਂ ਖਬਰਾਂ ਹੀ ਦੇਈ ਗਏ ਹਨ। ਹੁਣ ਭਾਰਤੀ ਜਨਤਾ ਪਾਰਟੀ ਦੇ ਭਗਤ ਗਾਜੀਪੁਰ, ਸਿੰਘੂ ਅਤੇ ਟਿਕਰੀ ਵਿਖੇ ਦਿੱਲੀ ਦੀ ਸਰਹੱਦ ਉਪਰ ਬੈਠੇ ਕਿਸਾਨਾ ਤੇ ਹਮਲੇ ਕਰਵਾ ਰਹੇ ਹਨ। ਕਹਿ ਇਹ ਰਹੇ ਹਨ ਕਿ ਸਥਾਨਕ ਲੋਕ ਹਮਲੇ ਕਰ ਰਹੇ ਹਨ। ਪਿੰਡ ਵਾਲਿਆਂ ਨੇ ਵੀ ਇਕ ਵੀਡੀਓ ਕਲਿਪ ਵਿਚ ਕਿਹਾ ਹੈ ਕਿ ਅਸੀਂ ਨਹੀਂ ਸਗੋਂ ਬਾਹਰੋਂ ਆਏ ਵਿਅਕਤੀਆਂ ਨੇ ਸਾਡੇ ਪਿੰਡ ਦੇ ਨਾਮ ਨੂੰ ਬਦਨਾਮ ਕੀਤਾ ਹੈ।

ਅੰਦੋਲਨਕਾਰੀ ਅਜੇ ਵੀ ਜਵਾਬੀ ਕਾਰਵਾਈ ਨਹੀਂ ਕਰ ਰਹੇ ਸਿਰਫ ਆਪਣਾ ਬਚਾਓ ਕਰ ਰਹੇ ਹਨ। ਜਦੋਂ ਭਾਰਤੀ ਜਨਤਾ ਪਾਰਟੀ ਦੇ ਭਗਤ ਕਿਸਾਨਾ ਤੇ ਹਮਲੇ ਕਰ ਰਹੇ ਸਨ, ਉਦੋਂ ਪੁਲਿਸ ਮੂਕ ਦਰਸ਼ਕ ਬਣੀ ਖੜ੍ਹੀ ਰਹੀ। ਭਗਤ ਪੁਲਿਸ ਵਰਦੀ ਵੀ ਵੇਖੇ ਗਏ। ਇਥੋਂ ਤੱਕ ਕਿ ਇਕ ਵਿਧਾਨਕਾਰ ਪੁਲਿਸ ਵਰਦੀ ਪਾ ਕੇ ਕਿਸਾਨਾ ਨੂੰ ਕੁੱਟ ਰਿਹਾ ਹੈ। ਜੇ ਇਹ ਵੀਡੀਓ ਸਹੀ ਹਨ ਤਾਂ ਭਾਰਤ ਦੇ ਪਰਜਾਤੰਤਰ ਨੂੰ ਖਤਰਾ ਬਰਕਰਾਰ ਹੈ। ਗੋਦੀ ਮੀਡੀਆ ਨੇ ਬਿਲਕੁਲ ਅੱਖਾਂ ਮੀਟ ਲਈਆਂ ਸਗੋਂ ਇਹ ਕਹਿ ਰਿਹਾ ਹੈ ਕਿ ਕਿਸਾਨਾ ਨੇ ਤਲਵਾਰਾਂ ਨਾਲ ਹਮਲਾ ਕੀਤਾ ਹੈ। ਅੰਮਿ੍ਰਤਧਾਰੀ ਸਿੱਖ ਦੇ ਗਾਤਰੇ ਨੂੰ ਕਿਰਪਾਨ ਅਤੇ ਤਲਵਾਰ ਕਹਿ ਰਹੇ ਹਨ। ਜਦੋਂ ਚੀਨ ਦੀ ਸਰਹੱਦ ਤੇ ਇਸੇ ਗਾਤਰੇ ਨਾਲ ਚੀਨ ਦੀ ਫੌਜ ਖਦੇੜੀ ਗਈ ਉਦੋਂ ਤਾਰੀਫ ਕਰਦੇ ਸਨ। ਪੁਲਿਸ ਨੇ ਅੰਮਿ੍ਰਤਧਾਰੀ ਨੌਜਵਾਨ ਕਿਸਾਨ ਨਾਲ ਉਸਦੀ ਗਰਦਨ ਤੇ ਲੱਤ ਰੱਖਕੇ ਦਸਤਾਰ ਉਤਾਰਕੇ ਜ਼ਾਲਮਾਨਾ ਹਰਕਤ ਕੀਤੀ, ਉਸ ਬਾਰੇ ਗੋਦੀ ਮੀਡੀਆ ਚੁਪ ਹੈ।

ਉਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਗਿ੍ਰਫਤਾਰ ਕਰਨ ਲਈ ਦਿੱਲੀ ਦੀ ਪੁਲਿਸ ਪਹੁੰਚ ਗਈ। ਉਸਨੇ ਕਹਿ ਦਿੱਤਾ ਕਿ ਉਹ ਗਿ੍ਰਫਤਾਰੀ ਨਹੀਂ ਦੇਵੇਗਾ ਸਗੋਂ ਕਿਸਾਨੀ ਲਈ ਜਾਨ ਦੇਣ ਲਈ ਤਿਆਰ ਹੈ। ਜਦੋਂ ਭਾਰਤੀ ਜਨਤਾ ਪਾਰਟੀ ਦੇ ਇਕ ਕੌਂਸਲਰ ਦਾ ਪਤੀ ਅਤੇ ਕੁਝ ਲੋਕ ਸਿੱਖਾਂ ਤੇ ਹਮਲਾ ਕਰਨ ਆਏ ਤਾਂ ਰਾਕੇਸ਼ ਟਿਕੈਤ ਨੇ ਐਲਾਨ ਕਰ ਦਿੱਤਾ ਕਿ ਉਹ ਸਿੱਖ ਭਰਾਵਾਂ ਤੇ ਹਮਲਾ ਨਹੀਂ ਹੋਣ ਦੇਣਗੇ, ਸਗੋਂ ਉਨ੍ਹਾਂ ਦੀ ਹਿਫਾਜ਼ਤ ਲਈ ਆਪਣੀ ਜਾਨ ਦੀ ਆਹੂਤੀ ਦੇ ਦੇਣਗੇ। ਉਸਨੇ ਉਤਰ ਪ੍ਰਦੇਸ ਅਤੇ ਹਰਿਆਣਾ ਦੇ ਕਿਸਾਨਾ ਨੂੰ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਕੈਂਪਾਂ ਵਿਚ ਪਹੁੰਚਣ ਦੀ ਅਪੀਲ ਕੀਤੀ ਤਾਂ ਰਾਤੋ ਰਾਤ ਹਜ਼ਾਰਾਂ ਦੀ ਗਿਣਤੀ ਵਿਚ ਦੋਹਾਂ ਰਾਜਾਂ ਅਤੇ ਪੰਜਾਬ ਤੋਂ ਕਿਸਾਨ ਟਰੈਕਟਰਾਂ ਅਤੇ ਰਸਦ ਪਾਣੀ ਸਮੇਤ ਪਹੁੰਚ ਗਏ। ਜੇਕਰ ਸਰਕਾਰ ਨੇ ਆਪ ਹੁਦਰੀਆਂ ਕਰਨੀਆਂ ਨਾ ਛੱਡੀਆਂ ਤਾਂ ਲੋਕਾਂ ਵਿਚ ਹੋਰ ਰੋਹ ਪੈਦਾ ਹੋਵੇਗਾ।

ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਰਕਾਰ ਨੂੰ ਸਦਭਾਵਨਾ ਦਾ ਮਾਹੌਲ ਪੈਦਾ ਕਰਕੇ ਆਪਣੇ ਭਗਤਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਕਿਸਾਨ ਸ਼ਾਂਤਮਈ ਅੰਦੋਲਨ ਜ਼ਾਰੀ ਰੱਖਣਗੇ। ਸੰਸਾਰ ਸਾਰੀਆਂ ਘਟਨਾਵਾਂ ਨੂੰ ਵੇਖ ਰਿਹਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                              
ਮੋਬਾਈਲ-94178 13072
ujagarsingh48@yahoo.com 

 
 
 
  07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com