ਹਰ ਮਨੁੱਖ ਦੀ ਇਹ ਦਿਲੀ ਭਾਵਨਾ ਹੁੰਦੀ ਹੈ ਕਿ ਹੀਰ ਜ਼ਰੂਰ ਜੰਮੇ, ਪਰ
ਜੰਮੇ ਕਿਸੇ ਹੋਰ ਦੇ, ਉਹ ਇਸ ਕਰਕੇ ਕਿ ਉਹ ਰਾਂਝਾ ਬਣਕੇ ਉਸ ਦੇ ਹੱਥਾਂ ਦੀ ਚੂਰੀ
ਖਾਵੇ। ਉਸ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਹੀਰ ਦੇ ਬਾਪ ਦੀਆਂ ਮੱਝਾਂ ਕੋਈ ਹੋਰ
ਚਾਰੇ, ਪਰ ਬੇਲਿਆਂ ਵਿੱਚ ਬੰਸਰੀ ਉਹ ਹੀਰ ਦੇ ਪੱਟ ਉੱਤੇ ਸਿਰ ਰੱਖ ਕੇ ਆਪ ਵਜਾਏ।
ਮਨੁੱਖ ਦੇ ਅੰਦਰ ਇਛਾਵਾਂ ਤਾਂ ਬਹੁਤ ਹੁੰਦੀਆਂ ਹਨ ਪਰ ਸਾਰੀਆਂ ਪੂਰੀਆਂ ਨਹੀਂ
ਹੁੰਦੀਆਂ। ਮਨੁੱਖ ਸੋਚਦਾ ਕੁੱਝ ਹੈ ਤੇ ਵਾਪਰਦਾ ਕੁੱਝ ਹੋਰ ਹੈ, ਇਸੇ ਕਰਕੇ ਉਹ
ਉਦਾਸ ਹੁੰਦਾ ਹੈ। ਉਦਾਸ ਹੋਇਆ ਮਨੁੱਖ ਆਪਣੀ ਉਦਾਸੀ ਸ਼ਬਦਾਂ ਰਾਹੀਂ ਦੂਰ ਕਰਦਾ ਹੈ।
ਉਹ ਆਪਣੀ ਮਹਿਬੂਬ ਦੇ ਨਾਂ ਖ਼ਤ ਲਿਖਦਾ, ਗ਼ਜ਼ਲਾਂ ਲਿਖਦਾ, ਕਵਿਤਾਵਾਂ ਲਿਖਦਾ,
ਕਹਾਣੀਆਂ, ਨਾਵਲ ਵਗੈਰਾ...। ਪਰ ਆਮ ਆਦਮੀ ਬੇਚਾਰਾ ਕੀ ਕਰੇ? ਉਹ ਇੱਕ ਗ਼ਮ ਵਿਚੋਂ
ਨਿਕਲਦਾ ਹੈ, ਝੱਟ ਦੂਜੇ ਵਿੱਚ ਫਸ ਪੈਂਦਾ ਹੈ। ਹਰ 'ਹੀਰ' ਦਾ ਇੱਕ
'ਰਾਂਝਾ' ਹੁੰਦਾ ਹੈ ਤੇ ਹਰ ਰਾਂਝੇ ਦੀ ਇੱਕ ਹੀਰ ਹੁੰਦੀ ਹੈ। ਇਸ਼ਕ ਹਕੀਕੀ ਤੇ
ਮਜਾਜ਼ੀ ਹੁੰਦਾ ਹੈ। ' ਇਸ਼ਕ ਹਕੀਕੀ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ। ਬਹੁ-ਗਿਣਤੀ
ਤਾਂ 'ਇਸ਼ਕ ਮਜਾਜ਼ੀ' ਕਰਦੀ ਹੈ। ਪਰ ਗੱਲਾਂ 'ਇਸ਼ਕ ਹਕੀਕੀ' ਦੀਆਂ ਕਰਦੀ ਹੈ।
ਪਰ ਅੱਜ-ਕੱਲ ਸਾਰਾ ਸੰਸਾਰ 'ਵਿਸ਼ਵੀਕਰਨ' ਦੇ ਰਾਹੀਂ ਪਿੰਡ ਬਣ ਗਿਆ ਹੈ। ਹੁਣ
ਤੁਸੀਂ ਆਪਣੇ ਘਰ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਬੇਲੇ ਵਿੱਚ ਬੈਠੀ ਕਿਸੇ ਹੀਰ ਨੂੰ
ਤਲਾਸ਼ ਸਕਦੇ ਹੋ ਪਰ ਤੁਹਾਡੇ ਕੋਲ ਤਲਾਸ਼ ਕਰਨ ਦੀ ਜਾਚ ਹੋਣ ਚਾਹੀਦੀ ਹੈ। ਹੁਣ ਤਾਂ
ਬੰਸਰੀ ਦੀ ਲੋੜ ਹੈ, ਨਾ ਚੂਰੀ ਦੀ। ਅੱਜ-ਕੱਲ੍ਹ ਤੁਸੀਂ ਬੰਸਰੀ ਨਾਲ ਹੀਰ ਨੂੰ ਨਹੀਂ
ਕੀਲ ਸਕਦੇ, ਅੱਜ-ਕੱਲ੍ਹ ਤਾਂ 'ਮੋਬਾਇਲ' ਦੀ ਰਿੰਗ ਟੋਨ ਹੀ ਹੀਰ
ਲਈ ਬੰਸਰੀ ਹੈ। ਇਸੇ ਕਰਕੇ 'ਟੁੱਟਗੀ ਤੜੱਕ ਕਰਕੇ' ਦੀਆਂ ਗੱਲਾਂ ਸੱਥਾਂ ਤੋਂ
ਅਦਾਲਤਾਂ ਤੱਕ ਪੁਜ ਗਈਆਂ। ਚੂਰੀ ਬਣਾਉਣੀ ਤਾਂ ਇਨਾਂ ਹੀਰਾਂ ਨੂੰ ਆਉਂਦੀ ਨਹੀਂ ਤੇ
ਨਾ ਹੀ ਅੱਜ-ਕੱਲ੍ਹ ਦੇ ਰਾਂਝੇ ਚੂਰੀ ਖਾਣਾ ਪਸੰਦ ਕਰਦੇ ਹਨ। ਤੇਜ਼-ਤਰਾਰ ਖਾਣਿਆਂ ਨੇ
ਇਨ੍ਹਾਂ ਚੂਰੀਆਂ ਦੀ ਥਾਂ ਲੈ ਲਈ ਹੈ। ਹੁਣ ਲੋੜ ਤਾਂ ਸ਼ਬਦਾਂ, ਉੱਤਮ
ਸੁਪਨਿਆਂ, ਉੱਤਮ ਗੱਲਾਂ ਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਰਾਹੀਂ ਆਪਣੀ ਹੀਰ ਦਾ ਢਿੱਡ
ਭਰ ਸਕੋ। ਅੱਜ-ਕੱਲ੍ਹ ਦੀਆਂ ਹੀਰਾਂ ਨੂੰ ਭੁੱਖ ਵੀ ਘੱਟ ਲੱਗਦੀ ਹੈ। ਕਾਰਨ ਇਹ ਹੈ ਕਿ
ਹੀਰਾਂ ਦਾ ਕੱਦ ਵੀ ਘੱਟ ਰਿਹਾ ਹੈ। ਢਿੱਡ ਦਾ ਆਕਾਰ ਵੀ ਤੇ ਖਾਣ-ਪੀਣ ਦੀ ਸਮਰੱਥਾ
ਵੀ। ਵਿਦੇਸ਼ ਜਾਣ ਦੀ ਲਾਲਸਾ ਵੀ। ਹੁਣ ਦੀਆਂ ਹੀਰਾਂ ਅੰਦਰ 'ਸੇਕ' ਕਦੇ ਵੱਧ ਰਿਹਾ
ਹੈ, 'ਕੱਦ' ਘਟ ਰਿਹਾ ਹੈ। ਦੂਜੇ ਪਾਸੇ ਰਾਂਝਿਆਂ ਅੰਦਰ ਲਲਕ ਵੱਧ ਰਹੀ ਹੈ ਤੇ ਤਾਕਤ
ਘੱਟ ਰਹੀ ਹੈ। ਇਸੇ ਕਰਕੇ ਹੁਣ ਰਾਂਝੇ, ਹੀਰਾਂ ਮਗਰ ਨਹੀਂ, ਬਲਕਿ ਹੀਰਾਂ ਰਾਂਝਿਆਂ
ਮਗਰ ਭੱਜਦੀਆਂ ਫਿਰਦੀਆਂ ਹਨ।
ਉਨ੍ਹਾਂ ਦੀ ਹਾਲਤ ਉਸ ਮਛੇਰੇ ਵਰਗੀ ਹੁੰਦੀ
ਹੈ ਜਿਸ ਨੂੰ ਸਮੁੰਦਰ ਵਿੱਚ ਫਿਰਦੀਆਂ ਅਨੇਕਾਂ ਮੱਛੀਆਂ ਦਿਖਦੀਆਂ ਹਨ। ਇਹ ਫਸਣ ਤੇ
ਨਿਕਲਣ ਦਾ ਅਜਿਹਾ ਚੱਕਰ ਹੈ, ਜਿਸ ਵਿੱਚ ਸਾਰੀ ਜ਼ਿੰਦਗੀ ਰਾਂਝੇ ਤੇ ਹੀਰਾਂ ਉਲਝੇ
ਰਹਿੰਦੇ ਹਨ। ਉਨਾਂ ਦੀ ਹਾਲਤ ਉਹ ਚੱਕਰਵਿਊ ਵਿੱਚ ਫਸੇ ਮਨੁੱਖ ਵਰਗੀ ਹੁੰਦੀ ਹੈ,
ਜਿਹੜਾ ਨਿਕਲਣਾ ਤਾਂ ਬਾਹਰ ਮੈਦਾਨ ਵਿੱਚ ਚਾਹੁੰਦਾ ਹੈ, ਪਰ ਫਸ ਕਿਸੇ ਹੋਰ ਥਾਂ
ਜਾਂਦਾ ਹੈ। ਫਸਣਾ-ਨਿਕਲਣਾ ਜ਼ਿੰਦਗੀ ਦਾ ਅਜਿਹਾ ਚੱਕਰ ਹੈ, ਜਿਸ ਦੁਆਲੇ
ਸਾਰੀ ਸ੍ਰਿਸ਼ਟੀ ਘੁੰਮਦੀ ਹੈ। ਜਿਵੇਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਬਸ ਉਵੇਂ ਹੀ
ਰਾਂਝਾ ਹੀਰ ਦੁਆਲੇ ਤੇ ਹੀਰ ਰਾਂਝੇ ਦੁਆਲੇ ਘੁੰਮਦੀ ਰਹਿੰਦੀ ਹੈ। ਸਮਾਂ ਪੈਣ ਨਾਲ
ਥਾਵਾਂ, ਰਾਝੇ ਹੀਰਾਂ ਦੇ ਰੂਪ ਬਦਲ ਜਾਂਦੇ ਹਨ। ਪਰ ਉਹ ਭਟਕਣਾ ਵਿੱਚ ਉਵੇਂ ਫਸੇ
ਰਹਿੰਦੇ ਹਨ, ਜਿਵੇਂ ਉਨਾ ਦੇ ਪੁਰਖੇ ਫਸੇ ਸੀ।
ਕਈ ਵਾਰ ਇਹ ਹੁੰਦਾ ਹੈ ਕਿ
ਅਸੀਂ ਘੁੰਮ ਤਾਂ ਸ਼ਹਿਰ ਵਿੱਚ ਇੱਕ ਅਜਿਹੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਹੁੰਦੇ
ਹਾਂ, ਪਰ ਸਾਡਾ ਮਨ ਕਿਸੇ ਦੀ ਤਲਾਸ਼ ਵਿੱਚ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ। ਇਹ
ਤਲਾਸ਼ ਹੀ ਹੈ ਜਿਹੜੀ ਹਰ ਮਨੁੱਖ ਨੂੰ ਭਜਾਈ ਅਤੇ ਭਟਕਾਈ ਫਿਰਦੀ ਹੈ। ਇਸ ਤਲਾਸ਼
ਵਿੱਚ ਮਨੁੱਖ ਇੱਧਰ-ਉਧਰ ਭਟਕਦਾ ਹੈ। ਉਸਨੂੰ ਕਿਧਰੇ ਸਕੂਨ ਨਹੀਂ ਮਿਲਦਾ, ਜੇ ਕਿਤੇ
ਠੰਢੀ ਥਾਂ ਬਹਿ ਕੇ ਕਿਸੇ ਸੰਗ 'ਆਈਸ ਕਰੀਮ' ਖਾ ਲੈਂਦਾ ਹੈ, ਤਾਂ ਉਸ ਅੰਦਰ ਇੱਕ
ਤਲਾਸ਼ ਉਭਰ ਆਉਂਦੀ ਹੈ, ਅਸਲ ਵਿੱਚ ਜਿੰਨੀਆਂ ਵੀ ਠੰਢੀਆਂ ਚੀਜ਼ਾਂ ਹੁੰਦੀਆਂ ਹਨ,
ਉਨਾਂ ਅੰਦਰ ਗਰਮੀ, ਸੇਕ, ਤਪਸ਼, ਊਰਜਾ ਵਧੇਰੇ ਹੁੰਦੀ ਹੈ। ਕਈ ਵਾਰ ਅਸੀਂ ਗਰਮ ਥਾਂ
ਉਤੇ ਹੱਥ ਰੱਖਦੇ ਤਾਂ ਉਹ ਠੰਢਾ ਹੋ ਜਾਂਦਾ ਹੈ ਜਦੋਂ ਕਿਤੇ ਕਿਸੇ ਠੰਢੀ ਥਾਂ ਹੱਥ
ਰੱਖਦੇ ਹਾਂ ਤਾਂ ਉਹ ਪਾਣੀ ਬਣ ਕੇ ਵਹਿ ਤੁਰਦਾ ਹੈ। ਜਿਹੜਾ ਵਹਿੰਦਾ ਹੈ, ਵਗਦਾ ਹੈ,
ਉਹ ਪਾਣੀ ਸਦਾ ਨਿਰਮਲ ਰਹਿੰਦਾ ਹੈ, ਹੁੱਕ ਗਿਆ ਪਾਣੀ, ਹਮੇਸ਼ਾ ਮੁਸ਼ਕ ਮਾਰਦਾ ਹੈ। ਵਿਸ਼ਵੀਕਰਨ ਨੇ ਅੱਜ-ਕੱਲ੍ਹ
ਹੀਰਾਂ ਦੇ ਰਾਂਝਿਆਂ ਦਾ ਕੰਮ ਹੋਰ ਵੀ ਸੌਖਾ ਕਰ ਦਿੱਤਾ ਹੈ। ਮੋਬਾਇਲ ਫੋਨ
ਨੇ ਦੂਰੀਆਂ ਤਾਂ ਘਟਾ ਦਿੱਤੀਆਂ ਹਨ ਨਾਲ ਹੀ ਬੇਲਿਆਂ ਵਿੱਚ ਮਿਲਣ ਦੀਆਂ ਥਾਵਾਂ ਵੀ
ਹੁਣ ਗਰਮ-ਠੰਢੇ ਪੀਣਿਆਂ ਵਾਲ਼ੀਆਂ ਦੁਕਾਨਾਂ ਅਤੇ ਰੈਸਤੋਰਾਂ
ਵਿੱਚ ਬਦਲ ਗਈਆਂ ਹਨ। ਕਿਸੇ ਸ਼ਹਿਰ ਦੀ ਸੜਕ ਕਿਨਾਰੇ ਖੜ ਕੇ ਕੁੱਝ ਪਲ ਲਈ ਸੜਕ ਉੱਤੇ
ਭੱਜੇ ਜਾਂਦੇ ਮਸ਼ੀਨ ਬਣੇ ਉਨ੍ਹਾਂ ਹੀਰਾ ਰਾਂਝਿਆਂ ਨੂੰ ਦੇਖਣ ਸਮਝਣ ਦਾ ਯਤਨ ਕਰੋ
ਤਾਂ ਤੁਹਾਡੀਆਂ ਅੱਖਾਂ ਅੱਗੇ ਇੱਕ ਉਹ ਸੱਚ ਆ ਜਾਵੇਗਾ, ਜਿਹੜਾ ਤੁਸੀਂ ਕਦੇ ਸੋਚ ਵੀ
ਨਹੀਂ ਸਕਦੇ। ਸੋਚਣ ਦਾ ਕੰਮ ਹੁਣ ਰਾਂਝਿਆਂ ਤੇ ਹੀਰਾਂ ਦਾ ਨਹੀਂ ਉਨ੍ਹਾਂ ਦੇ ਲਛਮਣ
ਵਰਗੇ ਵੀਰਾਂ ਤੇ ਇੱਛਰਾਂ ਵਰਗੀਆਂ ਮਾਵਾਂ ਦਾ ਹੈ। ਇਹ ਨਵੇਂ ਰਾਂਝੇ, ਇਹ ਆਧੁਨਿਕ
ਹੀਰਾਂ ਕਿੱਧਰ ਨੂੰ ਕਿਸ ਦੀ ਤਲਾਸ਼ ਵਿੱਚ ਦੌੜ ਰਹੇ ਹਨ ਜਾਂ ਫਿਰ ਉੱਥੇ ਹੀ ਸਥਿਰ
ਹਨ।
ਇਹ ਤਾਂ ਸਮਾਂ ਹੀ ਦੱਸੇਗਾ, ਤੁਸੀਂ ਏਨਾਂ ਚਿਰ ਕਿਸੇ ਬਾਜ਼ਾਰ ਵਿੱਚ
ਫਿਰਦੀਆਂ ਭਟਕਦੀਆਂ ਰੂਹਾਂ ਦੇ ਦਰਸ਼ਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ
ਕਿ ਅੱਜ-ਕੱਲ੍ਹ ਦੇ ਹੀਰ-ਰਾਂਝੇ ਕਿਧਰ ਨੂੰ ਜਾ ਰਹੇ ਹਨ? ਇਸ ਦੀ ਸਮਝ ਨੀ ਆ ਰਹੀ? ਜੁਵਾਨੀ ਨੇ
ਸੱਤਾਧਾਰੀਆਂ ਦੇ ਗੱਲ ਅੰਗੂਠਾ ਦੇਣ ਦੀ ਵਜਾਏ ਮਾਪਿਆਂ ਦੀਆਂ ਸੰਘੀਆਂ ਘੁੱਟ ਰਹੇ ਨੇ।
ਕੀ ਬਣ ਗਿਆ ਹੈ ਸਮਾਜ ਦਾ? ਰਿਸ਼ਤੇ ਕਿੰਨੇ ਮਹਿੰਗੇ ਹੋ ਗਏ ਹਨ। ਹਰ ਰਿਸ਼ਤਾ ਵਪਾਰ
ਬਣ ਗਿਆ ਨਜ਼ਰ ਆਉਂਦਾ ਹੈ। 'ਜਿਹਦੀ ਕੋਠੀ ਦਾਣੇ, ਉਹਦੇ ਕਮਲ਼ੇ ਵੀ ਸਿਆਣੇ।' ਪਿਆਰ
ਤੇ ਵਿਆਹ ਵਪਾਰ ਬਣ ਗਿਆ। ਵਿਆਹ ਤਾਂ ਸ਼ਬਦ ਦਹੀ ਅਲੋਪ ਹੁੰਦਾ ਜਾ ਰਿਹਾ ਹੈ। ਹੁਣ
ਤਾਂ ਇਹ ਇੱਕ ਮਹਿਜ਼ ਡਰਾਮਾ ਬਣਕੇ ਰਹਿ ਗਿਆ ਹੈ ਜਿਸ ਵਿੱਚ ਹਰ ਪਾਤਰ ਆਪਣਾ ਰੋਲ ਬੜੀ
ਖ਼ੂਬਸੂਰਤੀ ਨਾਲ਼ ਨਿਭਾਉਣ ਦੇ ਆਹਰ ਵਿੱਚ, ਆਪਣੀ ਅਦਾਕਾਰੀ ਵਿੱਚ ਗਵਾਚਾਂ ਪ੍ਰਤੀਤ
ਹੁੰਦਾ ਹੈ। ਭਲਾ ਕਿਸ ਦਿਸ਼ਾ ਵੱਲ ਜਾ ਰਹੇ ਹਾਂ ਅਸੀਂ ਸਾਰੇ?
ਸੰਪਰਕ: 94643-70823
|