WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ                  (13/05/2021)

mintu

32ਆਧੁਨਿਕ ਯੁੱਗ ਦੇ ਵਿਚ ਨਿੱਜਤਾ ਛਿੱਕੇ ਤੇ ਟੰਗੀ ਦਿਖਾਈ ਦਿੰਦੀ ਹੈ। ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸੀ ਪਰ, ਪਰਦੇ ਦਾ ਮਤਲਬ ਸਮਝਦੇ ਸਨ। ਉਹ ਬੰਦ ਮੁੱਠੀਆਂ ਦੀ ਅਹਿਮੀਅਤ ਤੋਂ ਜਾਣੂ ਸਨ। ਪਰ ਅੱਜ ਹਰ ਕੋਈ ਆਪਣੇ ਪੋਤੜੇ ਜੱਗ ਦੇ ਸਾਹਮਣੇ ਫਿਰੋਲਣ 'ਚ ਵਡਿਆਈ ਮਹਿਸੂਸ ਕਰਦਾ ਹੈ। ਹੋ ਸਕਦਾ ਇਸੇ ਨੂੰ ਪੀੜ੍ਹੀਆਂ ਦਾ ਪਾੜਾ (ਜਨਰੇਸ਼ਨ ਗੈਪ) ਕਿਹਾ ਜਾਂਦਾ ਹੋਵੇ? ਹੋ ਸਕਦਾ ਪੜ੍ਹਨ ਲਿਖਣ ਨਾਲ ਉਹਨਾਂ ਦਾ ਤੀਜਾ ਨੇਤਰ ਖੁੱਲ੍ਹ ਕੇ ਇਹ ਕਹਿੰਦਾ ਹੋਵੇ ਕਿ ਨਿੱਜਤਾ ਦਾ ਜਨਾਜ਼ਾ ਕੱਢਣ ਵਾਲਾ ਹੀ ਮਹਾਨ ਹੁੰਦਾ ਹੈ। ਪਰ ਇਸ ਦਾ ਦੂਜਾ ਪੱਖ ਵੀ ਹੈ ਉਹ ਵੀ ਵਿਚਰਾਂਗੇ ਇਸ ਲੇਖ 'ਚ ਅਤੇ ਆਪ ਸਭ ਅੱਗੇ ਇਕ ਬੇਨਤੀ ਕਰਾਂਗੇ। ਜੇ ਕਰ ਮੰਨੋ ਤਾਂ ਭਲਾ, ਜੇ ਨਾ ਮੰਨੋ ਤਾਂ ਵੀ ਭਲਾ।

ਨਿੱਜਤਾ ਨੂੰ ਦੋ ਹਿੱਸਿਆਂ 'ਚ ਵੰਡਦੇ ਹਾਂ ਇਕ ਆਪਣੀ ਤੇ ਇਕ ਦੂਜੇ ਦੀ (ਵੈਸੇ ਨਿੱਜਤਾ ਸ਼ਬਦ ਨਿਜ ਤੋਂ ਹੋਂਦ 'ਚ ਆਇਆ ਹੈ  ਸੋ ਸ਼ਾਇਦ ਇੱਥੇ ਦੂਜੇ ਲਈ ਇੰਝ ਨਹੀਂ ਵਰਤਿਆ ਜਾ ਸਕਦਾ ਪਰ ਅਸੀਂ ਇੱਥੇ ਇਸ ਨੂੰ ਪ੍ਰਾਈਵੇਸੀ ਤੋਂ ਲੈ ਰਹੇ ਹਾਂ)।
 
ਆਪਣੀ ਨਿੱਜਤਾ ਤੇ ਤੁਹਾਨੂੰ ਪੂਰਾ ਅਧਿਕਾਰ ਹੈ। ਸੋ ਇਸ ਤੇ ਗੱਲ ਕਰਨ 'ਚ ਸਮਾਂ ਜਾਇਆ ਨਹੀਂ ਕਰਾਂਗੇ। ਦੂਜੇ ਦੀ ਨਿੱਜਤਾ ਵੀ ਅੱਗੇ ਦੋ ਕਿਸਮ ਦੀ ਹੁੰਦੀ ਹੈ ਇਕ ਜਿਉਂਦੇ ਜੀ ਦੀ ਤੇ ਇਕ ਉਸ ਦੇ ਮਰਨ ਪਿੱਛੋਂ ਦੀ। ਜਿਊਂਦੇ ਜੀਅ ਤਾਂ ਅਗਲਾ ਆਪੇ ਨਜਿੱਠੂ, ਜੇ ਕੋਈ ਉਸ ਦੀ ਨਿੱਜਤਾ 'ਚ ਖ਼ਲਲ ਪਾਊ। ਪਰ ਜੋ ਇਨਸਾਨ ਦੁਨੀਆ ਛੱਡ ਗਿਆ ਉਸ ਦੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਤਾਂ ਤੁਸੀਂ ਖੰਘਾਲ ਸਕਦੇ ਹੋ ਪਰ ਉਸ ਦੀ ਨਿੱਜਤਾ ਉੱਤੇ ਤੁਹਾਡਾ ਕੋਈ ਅਧਿਕਾਰ ਨਹੀਂ ਬਣਦਾ। ਸੋ ਆਓ ਕੁਝ ਇਸੇ ਵਿਸ਼ੇ 'ਤੇ ਵਿਚਾਰ ਕਰੀਏ।
 
ਆਸਟ੍ਰੇਲੀਆ ਆ ਕੇ ਬਹੁਤ ਕੁਝ ਨਵਾਂ ਦੇਖਿਆ, ਸੁਣਿਆ, ਸਮਝਿਆ ਅਤੇ ਅਪਣਾਇਆ। ਭਾਵੇਂ ਉਹਨਾਂ 'ਚੋਂ ਬਹੁਤ ਸਾਰੀਆਂ ਗੱਲਾਂ ਬਾਰੇ ਸੰਖੇਪ 'ਚ ਪਹਿਲਾ ਤੋਂ ਹੀ ਜਾਣਦੇ ਸੀ ਪਰ ਗਹਿਰਾਈ 'ਚ ਇੱਥੇ ਆ ਕੇ ਪਤਾ ਚੱਲਿਆ।

ਅੱਜ ਜਦੋਂ ਦੁਨੀਆ ਇਕ ਮਹਾਂਮਾਰੀ ਨਾਲ ਜੂਝ ਰਹੀ ਹੈ ਤੇ ਹਰ ਦਿਨ ਚੜ੍ਹਦੇ ਨੂੰ 'ਲੋਕ ਮਾਧਿਅਮ' ਦੁਖਦਾਈ ਸੁਨੇਹਿਆਂ ਨਾਲ ਲੱਦਿਆ ਦਿਖਾਈ ਦਿੰਦਾ ਹੈ ਤਾਂ ਉਸੇ ਦੌਰਾਨ ਜੋ ਨਿੱਜਤਾ ਦਾ ਘਾਣ ਸਾਨੂੰ ਦੇਖਣ ਨੂੰ ਮਿਲਦਾ ਬੱਸ ਉਸੇ ਬਾਰੇ ਅੱਜ ਗੱਲ ਕਰਨੀ ਹੈ ਕਿ ਕੀ "ਇਕ ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਤੌਰ ਤੇ ਸੋਸ਼ਲ ਮੀਡੀਆ ਉੱਤੇ ਪਾਉਣਾ ਕਿੰਨਾ ਕੁ ਜਾਇਜ਼ ਹੈ?"

ਗੱਲ ਨੂੰ ਪੁਖ਼ਤਾ ਕਰਨ ਲਈ ਦੋ ਕੁ ਹੱਡ-ਬੀਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। 

ਯੂ ਟਿਊਬ ਚੈਨਲ  'ਪੇਂਡੂ ਆਸਟ੍ਰੇਲੀਆ' ਸ਼ੁਰੂ ਕਰਨ ਤੋਂ ਪਹਿਲਾਂ ਦੀ ਗੱਲ ਹੈ। ਮੈਨੂੰ ਅਤੇ ਮਨਪ੍ਰੀਤ ਸਿੰਘ ਢੀਂਡਸਾ ਨੂੰ ਸੰਗੀਤਿਕ ਫ਼ਿਲਮਾਂ ਬਣਾਉਣ ਦਾ ਭੂਤ ਸਵਾਰ ਹੋ ਗਿਆ। ਇਕ ਗਾਣਾ ਤਿਆਰ ਕੀਤਾ ਤੇ ਸ਼ੁਰੂ ਹੋ ਗਿਆ ਉਸ ਨੂੰ ਫਿਲਮਾਉਣ ਦਾ ਕੰਮ। ਚੰਗੀ ਪਟਕਥਾ ਲਿਖੀ, ਅਦਾਕਾਰੀ ਲਈ ਨੌਜਵਾਨ ਮੁੰਡੇ ਕੁੜੀਆਂ ਲੱਭੇ। ਇਸੇ ਦੌਰਾਨ ਇਕ ਇਰਾਨੀ ਕੁੜੀ 'ਡੋਰਸਾ' ਮਿਲੀ ਜੋ ਕਿ ਹਿੰਦੀ ਫ਼ਿਲਮਾਂ ਦੀ ਮੁਰੀਦ ਸੀ। ਉਸ ਨੂੰ ਗਾਣੇ ਦੀ ਮੁੱਖ ਅਦਾਕਾਰਾ ਦੇ ਤੌਰ 'ਤੇ ਚੁਣ ਲਿਆ। ਵੱਖੋ-ਵੱਖ ਮਨਮੋਹਕ ਥਾਂਵਾਂ ਤੇ ਗੀਤ ਫ਼ਿਲਮਾਇਆ। ਕੁਝ ਅਖੀਰੀ ਸੀਨ ਲੈਣ ਲਈ ਅਸੀਂ ਸਾਊਥ   ਆਸਟ੍ਰੇਲੀਆ ਦੇ ਬਹੁਤ ਹੀ ਖ਼ੂਬਸੂਰਤ ਇਲਾਕੇ 'ਬਰੋਸਾ-ਵੈਲੀ' ਦੀ ਇਕ ਖ਼ੂਬਸੂਰਤ ਸ਼ਮਸ਼ਾਨ ਨੂੰ ਚੁਣਿਆ। ਅਸੀਂ ਸੈੱਟ ਲਾ ਕੇ ਅਦਾਕਾਰਾ ਦਾ ਇੰਤਜ਼ਾਰ ਕਰ ਰਹੇ ਸੀ। ਜਦੋਂ ਉਹ ਆਈ ਤਾਂ ਕਾਰ 'ਚੋਂ ਉੱਤਰਦੇ ਹੀ ਬੋਲੀ ਕਿ "ਕੀ ਸੀਨ ਹੈ?" ਅਸੀਂ ਕਿਹਾ ਬੱਸ ਤੁਸੀਂ ਸਾਥੀ ਅਦਾਕਾਰ ਦਾ ਹੱਥ ਫੜ ਕੇ ਇਸ ਸ਼ਮਸ਼ਾਨ ਭੂਮੀ ਵਿਚੋਂ ਦੀ ਲੰਘ ਜਾਣਾ ਹੈ, ਕਿਉਂਕਿ ਗੀਤ ਦੇ ਕੁਝ ਬੋਲ ਏਦਾਂ ਦੇ ਸਨ। ਪਰ ਉਹ ਤਾਂ ਇਹ ਸੁਣਨ ਸਾਰ ਸਾਨੂੰ ਪੈ ਗਈ ਕਹਿੰਦੀ "ਕੀ ਤੁਹਾਡੇ ਹਿਰਦੇ 'ਚ ਇਹਨਾਂ ਤੁਰ ਗਏ ਲੋਕਾਂ ਪ੍ਰਤੀ ਭੋਰਾ ਸਤਿਕਾਰ ਨਹੀਂ? ਮੈਂ ਤਾਂ ਤੁਹਾਡੀਆਂ ਫ਼ਿਲਮਾਂ 'ਚ ਦੇਖਿਆ ਸੁਣਿਆ ਸੀ ਕਿ ਤੁਸੀਂ ਬਹੁਤ ਸੰਸਕਾਰੀ ਹੁੰਦੇ ਹੋ। ਜਾਓ ਮੈਂ ਨਹੀਂ ਕਰਨਾ ਇਹ ਸੀਨ ਤੇ ਨਾ ਇਹ ਗਾਣਾ।" ਉਸ ਵਕਤ ਸਾਡੇ ਕੀ ਹਾਲ ਹੋਏ ਹੋਣਗੇ! ਇਹ ਤੁਸੀਂ ਹੁਣ ਆਪ ਆਪਣੇ ਦਿਮਾਗ਼ 'ਚ ਚਿਤਰ ਲਵੋ।
 
ਚਲੋ ਬੜੀ ਮੁਸ਼ਕਲ ਨਾਲ ਅਸੀਂ 'ਡੋਰਸਾ' ਨੂੰ ਸਮਝਾ ਕੇ ਘਰ ਤੋਰਿਆ ਤੇ ਆਪਣੀ ਸਾਰੀ ਮਿਹਨਤ ਖੂਹ 'ਚ ਪਾ ਕੇ ਨਵੇਂ ਸਿਰੇ ਤੋਂ ਹੋਰ ਅਦਾਕਾਰਾਂ ਤੇ ਹੋਰ ਪਟਕਥਾ ਨਾਲ ਗੀਤ ਫ਼ਿਲਮਾਇਆ। ਪਰ ਹਾਂ ਜੋ ਸਬਕ ਉਹ ਕੁੜੀ ਸਾਨੂੰ ਦੇ ਗਈ, "ਨਾ ਹਾਲੇ ਭੁੱਲੇ ਹਾਂ ਨਾ ਕਦੇ ਭੁੱਲਾਂਗੇ।" ਜਾਂਦੀ-ਜਾਂਦੀ ਉਹ ਕਹਿੰਦੀ ਕਿ "ਕੀ ਹੋਇਆ ਇਹ ਅੱਜ  ਸੰਸਾਰ 'ਚ ਨਹੀਂ ਹਨ ਪਰ ਕੀ ਜੇ ਉਹ ਹੁੰਦੇ, ਉਹ ਸਾਨੂੰ ਆਪਣੀ ਨਿੱਜਤਾ ਵੱਲ ਝਾਕਣ ਦਿੰਦੇ?" ਉਸ ਦੇ ਸਵਾਲ ਬਹੁਤ ਗਹਿਰੇ ਸਨ। ਉਹਨਾਂ ਦਾ ਜਵਾਬ ਨਮੋਸ਼ੀ ਭਰੀ ਚੁੱਪ ਨਾਲ ਅਤੇ ਪਛਤਾਵੇ ਨਾਲ ਹੀ ਦਿੱਤਾ ਜਾ ਸਕਦਾ ਸੀ। ਜੋ ਅਸੀਂ ਉਸ ਵਕਤ ਦਿੱਤਾ।
 
ਦੂਜੀ ਘਟਨਾ ਵੀ ਸੁਣ ਲਵੋ। ਮੈਂ ਆਸਟ੍ਰੇਲੀਆ ਆਪਣੇ ਵੱਡੇ ਸਾਢੂ ਸਾਹਿਬ ਸ ਨਿਰਮਲ ਸਿੰਘ ਦੇ ਕਹਿਣ ਅਤੇ ਉਹਨਾਂ ਦੀ ਮਦਦ ਸਦਕਾ ਹੀ ਆਉਣ 'ਚ ਕਾਮਯਾਬ ਹੋਇਆ ਸੀ। ਰੱਬੀ ਰੂਹ ਸਨ ਉਹ। ਅਚਾਨਕ ਇਕ ਭੈੜੀ ਬਿਮਾਰੀ ਉਹਨਾਂ ਨੂੰ ਸਾਡੇ ਕੋਲੋਂ ਲੈ ਗਈ। ਉਹਨਾਂ ਦੇ ਬੱਚੇ ਹਾਲੇ ਜਵਾਨੀ ਦੀ ਦਹਿਲੀਜ਼ 'ਤੇ ਸਨ। ਜਦੋਂ ਆਖ਼ਰੀ ਰਸਮਾਂ ਦੀ ਗੱਲ ਆਈ ਤਾਂ ਵੀਰ ਜੀ ਦੇ ਕੁਝ ਕੁ ਖ਼ਾਸ ਮਿੱਤਰ ਮੇਰੇ ਨਾਲ ਬੈਠੇ ਸਲਾਹ ਮਸ਼ਵਰਾ ਕਰ ਰਹੇ ਸਨ। ਸਾਰਿਆਂ ਨੇ ਰਲ-ਮਿਲ ਆਖ਼ਰੀ ਰਸਮਾਂ ਦੀ ਰੂਪ ਰੇਖਾ ਤਹਿ ਕਰ ਲਈ। ਜਦੋਂ ਇਹ ਉਹਨਾਂ ਦੇ ਬੱਚਿਆਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਬੇਟਾ ਤਖ਼ਤ ਸਿੰਘ, ਜੋ ਕਿ ਇੱਥੋਂ ਦਾ ਜੰਮਪਲ ਹੈ ਕਹਿੰਦਾ, ਨਹੀਂ! ਇਹ ਸਾਨੂੰ ਮਨਜ਼ੂਰ ਨਹੀਂ। ਅਸੀਂ ਠਠੰਬਰ ਗਏ ਕਿ ਕਿਹੜੀ ਗੁਸਤਾਖ਼ੀ ਹੋ ਗਈ ਸਾਡੇ ਕੋਲੋਂ। ਕਹਿੰਦੇ ਮੇਰੇ 'ਡੈਡੀ' ਦੀ ਨਿੱਜਤਾ ਦਾ ਸਵਾਲ ਹੈ।  ਉਹਨਾਂ ਨੂੰ ਅਖੀਰੀ ਇਸ਼ਨਾਨ ਦਾ ਹੱਕ ਸਿਰਫ਼ ਸਾਡੇ ਕੋਲ ਆ। ਉਹ ਬੱਚਾ ਅੱਖਾਂ ਲਾਲ ਕਰ ਕੇ ਸਾਨੂੰ ਸਵਾਲ ਕਰ ਰਿਹਾ ਸੀ ਕਿ ਜੇ ਮੇਰੇ 'ਡੈਡੀ' ਜਿਊਂਦੇ ਹੁੰਦੇ ਉਹ ਏਦਾਂ ਇਕ ਭੀੜ ਕੋਲੋਂ ਨਹਾਉਣਾ ਚਾਹੁੰਦੇ? ਭਾਵੇਂ ਸਾਡੇ ਲਈ ਇਹ ਗੱਲ ਮੁੱਢੋਂ ਨਵੀਂ ਸੀ ਅਸੀਂ ਕਦੇ ਇਸ ਪੱਖ ਤੋਂ ਦੇਖਿਆ ਸੋਚਿਆ ਹੀ ਨਹੀਂ ਸੀ। ਪਰ ਗੱਲ ਬਹੁਤ ਪਤੇ ਦੀ ਅਤੇ ਵਜ਼ਨਦਾਰ ਸੀ। ਸੋ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਪਰਵਾਰਿਕ ਨਿੱਜਤਾ ਨੂੰ ਕਾਇਮ ਰੱਖਿਆ।
 
ਉਪਰੋਕਤ ਦੋ ਦਲੀਲਾਂ ਸ਼ਾਇਦ ਬਹੁਤ ਹਨ ਮੇਰੀ ਗੱਲ ਰਾਹ ਪਾਉਣ ਲਈ। ਸੋ ਦੋਸਤੋ ਹੁਣ ਜਦੋਂ ਵੀ 'ਲੋਕ ਮਾਧਿਅਮ' 'ਤੇ ਇਸ ਤਰ੍ਹਾਂ ਮਿਰਤਕ ਦੇਹਾਂ ਦੀਆਂ ਤਸਵੀਰਾਂ ਦੇਖਦਾ ਹਾਂ ਤਾਂ ਦਿਲ ਅੰਦਰ ਧੂਹ ਪੈਂਦੀ ਹੈ ਕਿ ਕਦੋਂ ਸਾਡੀ ਸਮਝ 'ਡੋਰਸਾ' ਅਤੇ ਤਖ਼ਤ ਵਰਗੀ ਹੋਵੇਗੀ?
 
ਵੱਡੀ ਗੱਲ ਤਾਂ ਇਹ ਹੈ ਕਿ ਜੋ ਆਖ਼ਰੀ ਫ਼ੋਟੋ ਬੰਦਾ ਦੇਖ ਲੈਂਦਾ, ਤਾਅ ਉਮਰ ਉਹੀ ਜ਼ਿਹਨ 'ਚ ਘੁੰਮਦੀ ਰਹਿੰਦੀ ਹੈ। ਉੱਘੇ ਕਲਾਕਾਰ ਜਸਪਾਲ ਭੱਟੀ ਹੋਰਾਂ ਨਾਲ ਮੈਂ ਉਹਨਾਂ ਦੀ ਮੌਤ ਤੋਂ ਕੁਝ ਕੁ ਘੰਟੇ ਪਹਿਲਾਂ ਰੇਡੀਓ ਤੇ ਇਕ ਮੁਲਾਕਾਤ ਕੀਤੀ ਸੀ। ਬਹੁਤ ਖ਼ੂਬਸੂਰਤ ਯਾਦਾਂ ਸਨ ਦਿਮਾਗ਼ 'ਚ। ਪਰ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਕਿਸੇ ਨੇ ਉਹਨਾਂ ਦੀ ਮਿਰਤਕ ਦੇਹ ਦੀਆਂ ਤਸਵੀਰਾਂ ਹਸਪਤਾਲ ਦੇ ਇਕ ਸਟਰੈਚਰ  ਤੇ ਬਹੁਤ ਹੀ ਬੁਰੀ ਹਾਲਤ 'ਚ 'ਲੋਕ ਮਾਧਿਅਮ' 'ਤੇ ਪਾ ਦਿੱਤੀਆਂ ਤੇ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਮੇਰੀਆਂ ਯਾਦਾਂ 'ਚ ਕਦੇ ਉਹ ਮੁਸਕਰਾਉਂਦਾ ਜਸਪਾਲ ਭੱਟੀ ਨਹੀਂ ਦਿਸਿਆ। ਕਹਿੰਦੇ ਆ ਰਾਜੇਸ਼ ਖੰਨਾ ਨੇ ਆਪਣੀ ਬਿਮਾਰੀ ਦੀ ਹਾਲਤ 'ਚ ਆਪਣੇ ਆਪ ਨੂੰ ਅੰਦਰ ਤਾੜ ਲਿਆ ਸੀ ਕਿਉਂਕਿ ਉਹ ਚਾਹੁੰਦਾ ਸੀ ਉਸ ਦੀ 'ਸੁਪਰ ਸਟਾਰ' ਦੀ ਸ਼ਾਖ਼ ਉਸ ਦੇ ਚਾਹੁਣ ਵਾਲਿਆਂ 'ਚ ਬਣੀ ਰਹੇ ਨਾ ਕਿ ਲੋਕ ਉਸ ਦੀਆਂ ਬੁਰੀ ਹਾਲਤ 'ਚ ਤਸਵੀਰਾਂ ਦੇਖਣ ਤੇ ਉਸੇ ਰਾਜੇਸ਼ ਖੰਨੇ ਨੂੰ ਰਹਿੰਦੀ ਉਮਰ ਯਾਦ ਕਰਨ।

ਹਰ ਮੁਲਕ ਨੇ ਆਪਣੇ-ਆਪਣੇ ਢੰਗ ਨਾਲ ਇਸ ਮਸਲੇ ਤੇ ਕਾਨੂੰਨ ਵੀ ਬਣਾਏ ਹੋਏ ਹਨ। ਪਰ ਅਫ਼ਸੋਸ ਬਹੁਤ ਘੱਟ ਲੋਕ ਜਾਣਦੇ ਹਨ ਅਤੇ ਇਹਨਾਂ ਦੀ ਵਰਤੋਂ ਕਰਦੇ ਹਨ।

ਕਾਨੂੰਨ ਵਰਤੋਗੇ ਵੀ ਕੀਹਦੇ ਉੱਤੇ? ਕਿਉਂਕਿ ਅਸੀਂ ਤਾਂ ਆਪ ਹੀ ਆਪਣਿਆਂ ਦੀਆਂ ਹੀ ਮਿਰਤਕ ਦੇਹਾਂ ਦੀਆਂ ਤਸਵੀਰਾਂ ਜਨਤਕ ਸਾਂਝੀਆ ਕਰਦੇ ਹਾਂ। ਹਾਂ ਇਕ ਕਾਨੂੰਨ ਅਕਾਲ ਪੁਰਖ ਦੀ ਰਜ਼ਾ 'ਚ ਦੁਨਿਆਵੀ ਵੀ ਹੈ ਜਿਸ 'ਚ ਕਿਸੇ ਦੀ ਮਿੱਟੀ ਨੂੰ ਸਾਂਭਣਾ ਵੀ ਇਕ ਵੱਡਾ ਪੁੰਨ ਦੱਸਿਆ ਗਿਆ ਹੈ।
 
ਕਿਸੇ ਵੀ ਮਿਰਤਕ ਦੇਹ ਦੀ ਤਸਵੀਰ ਜਨਤਕ ਕਰਨ ਤੋਂ ਪਹਿਲਾਂ ਐਨਾ ਕੁ ਸੋਚ ਲਿਆ ਕਰੋ ਕਿ ਤੁਸੀਂ ਆਪ ਦਸ-ਦਸ ਤਸਵੀਰਾਂ 'ਚੋਂ ਫ਼ਿਲਟਰ ਲਾ-ਲਾ ਕੇ ਲੋਕ ਮਾਧਿਅਮ 'ਤੇ ਇਕ ਤਸਵੀਰ ਪਾਉਂਦੇ ਹੋ ਤੇ ਕੀ ਤੁਸੀਂ ਚਾਹੋਗੇ ਕਿ ਕੋਈ ਤੁਹਾਡੀ ਬੇ-ਸੂਰਤ ਤਸਵੀਰ ਕੋਈ ਜਨਤਕ ਕਰੇ? ਮੈਂ ਤਾਂ ਕਦੇ ਵੀ ਨਹੀਂ ਚਾਹਾਂਗਾ ਕੋਈ ਮੇਰੀ ਨੱਕ 'ਚ ਫੰਭੇ ਪਾਈ ਤਸਵੀਰ ਖਿੱਚੇ ਤੇ ਜਨਤਕ ਕਰੇ।

ਸੋ ਇਸੇ ਲਈ ਬੇਨਤੀ ਕਰਦੇ ਹਾਂ ਕਿ ਜੇਕਰ ਕਿਸੇ ਇਨਸਾਨ ਨੂੰ ਤੁਸੀਂ ਸੱਚੀਂ ਦਿਲੋਂ ਚਾਹੁੰਦੇ ਸੀ ਤਾਂ ਉਸ ਦੀ ਨਿੱਜਤਾ ਨੂੰ ਧਿਆਨ ਰੱਖਦੇ ਉਸ ਦੀ ਮਿਰਤਕ ਦੇਹ ਦੀਆਂ ਤਸਵੀਰਾਂ ਨਾਲੋਂ ਉਸ ਦੇ ਚੰਗੇ ਸਮੇਂ ਦੀ ਤਸਵੀਰ ਨੂੰ ਜਨਤਕ ਕਰ ਕੇ ਆਪਣੀ ਹਮਦਰਦੀ ਜ਼ਾਹਿਰ ਕਰ ਲਿਆ ਕਰੋ।

ਹੋ ਸਕਦਾ ਮੈਂ ਗ਼ਲਤ ਹੋਵਾਂ! ਪਰ ਅੱਜ ਦੇ ਯੁੱਗ 'ਚ ਹਰ ਬੰਦੇ ਕੋਲ ਆਪਣੇ ਵਿਚਾਰ ਰੱਖਣ ਦੇ ਹੱਕ ਅਤੇ ਸਾਧਨ ਹਨ ਸੋ ਉਮੀਦ ਹੈ ਇਸ ਵਿਸ਼ੇ 'ਤੇ ਉਸਾਰੂ ਚਰਚਾ ਜਾਰੀ ਰੱਖੋਗੇ।
 
ਮਿੰਟੂ ਬਰਾੜ ਅਸਟਰੇਲੀਆ
mintubrar@gmail.com privacy
+61 434 289 905
11 ਮਈ 2021
ਐਡੀਲੇਡ

 


 
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com