WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ              (20/03/2021)

ਜਗਪਾਲ

17'ਅੰਤਰਰਾਸ਼ਟਰੀ ਮਾਵਾਂ ਦਾ ਦਿਹਾੜਾ'  ਨੂੰ ਇਸ ਸਾਲ ਬਹੁਤ ਮਾਨਤਾ ਅਤੇ ਜਾਗਰਤਾ ਮਿਲ਼ਦੀ ਨਜ਼ਰ ਆਈ। ਜਿਵੇਂ 'ਗੁੱਡ ਮੌਰਨਿੰਗ' ਦੇ ਸੁਨੇਹੇ ਸਾਨੂੰ ਹਰ ਰੋਜ਼ ਮਿਲ਼ਦੇ ਬਿਲਕੁਲ ਉਸੇ ਹੀ ਤਰ੍ਹਾਂ ਮਰਦਾਂ ਅਤੇ ਔਰਤਾਂ ਨੇ ਮਾਵਾਂ ਨਾਲ਼ ਜੁੜੇ ਅੰਦਰਲੇ ਹਾਵ-ਭਾਵ ਅਤੇ ਜਜ਼ਬਿਆਂ ਨੂੰ ਦਿਲ ਖੋਲਕੇ ਪ੍ਰਗਟਾਇਆ ਹੈ। ਕੀ ਇਸ ਨੂੰ ਸਮਾਜਿਕ ਤਬਦੀਲੀ ਸਮਝਿਆ ਜਾਵੇ ਜਾਂ ਸਿਰਫ ਅਰਮਾਨ, ਅਨੁਭਵ ਤੇ ਜਜ਼ਬਾਤੀ ਪੱਧਰ ਦੀ ਹੀ ਦੇਣ ਹੈ। ਇਸ ਦੀ ਵਜਾਹ 'ਅੰਤਰਰਾਸ਼ਟਰੀ ਔਰਤ ਦਿਹਾੜਾ'  ਜੋ ਸਿਰਫ ਥੋੜੇ ਦਿਨ ਪਹਿਲਾਂ ਹੀ ਮਨਾਇਆ ਗਿਆ ਉਸ ਕਰਕੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕਾਂ ਦੀਆਂ ਖ਼ਬਰਾਂ ਅਜੇ ਦਿਲ ਦਿਮਾਗ਼ ਵਿਚ ਤਾਜ਼ਾ ਸਨ।

ਖ਼ੈਰ ਵਜਾਹ ਕੋਈ ਵੀ ਹੋਵੇ ਅਜਿਹੀ ਜਾਗਰਤਾ ਜਾਂ ਪ੍ਰਤੀਕਰਨ ਨੇ ਸੋਚਣ ਲਈ ਮਜਬੂਰ ਕੀਤਾ ਹੈ। ਅੰਤਰਰਾਸ਼ਟਰੀ ਔਰਤਾਂ ਦਾ ਦਿਹਾੜਾ ਅਤੇ ਮਾਂ ਦਾ ਦਿਹਾੜਾ ਦੋਹਾਂ ਦਿਹਾੜਿਆਂ ਦਾ ਵਿਸ਼ਾ ਰਲ਼ਦਾ ਮਿਲ਼ਦਾ ਹੈ। ਅੰਤਰਰਾਸ਼ਟਰੀ ਔਰਤ ਦਿਹਾੜੇ ਵਾਰੇ ਵਿਚਾਰ ਵਿਟਾਂਦਰਾ ਕਰਦਿਆਂ ਸਾਡੇ ਸਮਾਜ ਵਿੱਚ ਊਣਤਾਈਆਂ ਦਾ ਮੱਲੋ ਮੱਲੀ ਜ਼ਿਕਰ ਹੋ ਜਾਂਦਾ ਹੈ ਕਿਉਂਕਿ ਦੋਵੇਂ ਦਿਹਾੜੇ ਔਰਤਾਂ ਪ੍ਰਤੀ ਸਾਡੇ ਸਮਾਜ ਦੇ ਨਜ਼ਰੀਏ ਵਾਰੇ ਹੀ ਸਵਾਲ ਉਠਾਉਂਦੇ ਹਨ। ਇਸ ਦੇ ਨਾਲ਼ ਨਾਲ਼ ਦੋਵੇਂ ਦਿਹਾੜੇ ਦੱਖਣੀ ਏਸ਼ੀਆ  ਦੀਆਂ ਔਰਤਾਂ ਨੂੰ ਬਾਕੀ ਦੁਨੀਆਂ ਭਰ ਦੀਆਂ ਔਰਤਾਂ ਤੋਂ ਖ਼ਾਸ ਕਰਕੇ ਪੱਛਮੀ ਔਰਤਾਂ ਤੋਂ ਅਲੱਗ ਕਰ ਦਿੰਦੇ ਹਨ।

ਸਾਡੀਆਂ ਔਰਤਾਂ ਲਈ ਮਰਦਾਂ ਦੇ ਬਰਾਬਰ ਤਨਖਾਹ ਜਾਂ ਤਰੱਕੀ ਵਾਲ਼ੇ ਮਸਲੇ ਨਹੀਂ ਹਨ। ਉਨ੍ਹਾਂ ਦੇ ਮਸਲੇ ਤਾਂ ਸਿਰਫ ਆਰਥਿੱਕ ਤੌਰ ਤੇ ਕਿਸੇ ਉੱਪਰ ਵੀ ਨਿਰਭਰ ਨਾ ਹੋਣ ਤੱਕ ਹੀ ਸੀਮਤ ਹਨ ਖ਼ਾਸ ਕਰਕੇ ਪਤੀ 'ਤੇ। ਸਾਡੇ ਲਈ ਆਰਥਿੱਕਤਾ ਨਾਲ਼ੋਂ ਸਮਾਜਿਕ ਅਤੇ ਸਭਿਆਚਾਰਕ ਸਮਸਿਆਵਾਂ ਦੇ ਮਸਲੇ ਜ਼ਿਆਦਾ ਗੰਭੀਰ ਹਨ। ਸਾਡੇ ਸਮਾਜਿਕ ਅਤੇ ਸਭਿਆਚਾਰਕ ਰੀਤੀ ਰਿਵਾਜਾਂ ਵਿੱਚ ਮਾਵਾਂ ਦਾ ਦਰਜਾ ਬਹੁਤ ਉਚਾ ਹੈ ਭਾਵੇਂ ਔਰਤਾਂ ਉੱਪਰ ਜ਼ੁਲਮ ਵਿਆਹ ਤੋਂ ਬਾਅਦ ਅਖ਼ਬਾਰਾਂ ਵਿੱਚ ਆਮ ਹੀ ਦੇਖਣ ਵਿੱਚ ਆਉਂਦੇ ਹਨ। ਜਿਵੇਂ ਕਿ ਨੂੰਹਾਂ ਨੂੰ ਤੇਲ ਪਾਕੇ ਸਾੜ ਦੇਣਾਂ ਜਾਂ ਫਿਰ ਔਰਤਾਂ ਦਾ ਖ਼ੁਦ ਤੰਗ ਆਕੇ ਆਤਮਹੱਤਿਆ ਕਰ ਲੈਣਾ ਜਾਂ ਫਿਰ ਧੀਆਂ ਨੂੰ ਕੁੱਖ ਵਿੱਚ ਮਾਰ ਦੇਣਾ ਜਾਂ ਸਿਰਫ ਕੁੜੀਆਂ ਦਾ ਹੋਣਾਂ ਹੀ ਬੋਝ ਵਰਗੀਆਂ ਕੁਰੀਤੀਆਂ ਵਲ ਸਾਡਾ ਧਿਆਨ ਜ਼ਰੂਰ ਖਿੱਚਿਆ ਜਾਂਦਾ ਹੈ। ਇਸ ਪੱਖੋਂ ਸਾਨੂੰ ਦੋਹਾਂ ਦਿਹਾੜਿਆਂ ਦੀ ਅਲੋਚਨਾਤਮਿਕ ਤੁਲਨਾ ਕਰਨ ਲਈ ਮਜਬੂਰ ਕਰਦਾ ਹੈ।

ਇਹ ਛੋਟੀ ਜਿਹੀ ਨਿਮਾਣੀ ਕੋਸ਼ਿਸ਼ ਹੈ ਕਿ ਕਿਵੇਂ ਦੋਹਾਂ ਦਿਹਾੜਿਆਂ ਦੀ ਜਾਗਰਿਕਤਾ ਮਨ ਵਿੱਚ ਰੱਖਕੇ ਸਾਡੇ ਸਮਾਜ ਵਿੱਚ ਔਰਤ ਅਤੇ ਮਾਂ ਦੇ ਬਣਦੇ ਸਥਾਨ ਨੂੰ ਪਰਖਿਆ ਜਾਵੇ।  

ਔਰਤਾਂ ਦੀ ਗਿਣਤੀ ਸਮਾਜ ਵਿੱਚ ਮਰਦਾਂ ਨਾਲ਼ੋਂ ਵੱਧ ਹੈ ਪਰ ਅਖ਼ਬਾਰਾਂ, ਟੀਵੀ ਅਤੇ ਡਿਜੀਟਲ  ਮਾਧਿਅਮ ਵਿੱਚ ਅਕਸਰ ਨਜ਼ਰ ਨਹੀਂ ਆਉਂਦੀਆਂ। ਦੂਸਰਾ ਇਸ ਮਹਤਵ ਦਿਨ ਵਾਰੇ ਹੈ ਕਿ ਪੰਜਾਬੀ ਵਿੱਚ “ਮਾਵਾਂ ਦਾ ਦਿਹਾੜਾ” ਉਲੱਥਾ ਕੁੱਝ ਜੱਚਦਾ ਵੀ ਨਹੀਂ। ਇਸ ਤੋਂ ਸਪਸ਼ਟ ਹੁੰਦਾ ਹੈ ਇਹ ਦਿਨ ਸਾਡੀ ਪੰਜਾਬੀ ਸਭਿਅਤਾ ਦੀ ਦੇਣ ਨਹੀਂ। ਅਗਰ ਦੇਣ ਹੈ ਤਾਂ ਇਸ ਦਿਵਸ ਲਈ ਇੱਕ ਢੁੱਕਵਾਂ ਨਾਮ ਹੋਣਾ ਚਾਹੀਦਾ ਹੈ ਨਾ ਕਿ ਅੰਗਰੇਜ਼ੀ ਤੋਂ ਸਿੱਧਾ ਉਲੱਥਾ। ਜੇਕਰ ਇਹ ਸ਼ੁੱਭ ਦਿਹਾੜਾ ਸਾਡੀ ਸਭਿਅਤਾ ਦੀ ਦੇਣ ਹੁੰਦੀ ਤਾਂ ਇਸ ਦਿਹਾੜੇ ਨੂੰ “ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ” ਜਾਂ ਫਿਰ “ਜੱਗ ਜਨਨੀ ਦਿਹਾੜਾ” ਜਾਂ ਫਿਰ “ਮਮਤਾ ਦਿਹਾੜਾ” ਕਰਕੇ ਪੁਕਾਰਦੇ। ਇਹ ਦਿਨ ਪੱਛਮੀ ਦੇਸ਼ਾਂ ਦੀ ਕਾਢ ਹੈ।

ਇਨ੍ਹਾਂ ਦੀ ਸਭਿਅਤਾ ਮਾਂ ਬਾਪ ਨੂੰ ਵਿਰਧ ਆਸ਼ਰਮ ਵਿੱਚ ਰੱਖੇ ਹੋਣ ਕਰਕੇ ਮਿੱਥੇ ਵੱਕਤ ਅਨੁਸਾਰ ਮਿਲਣ ਲਈ ਮਜਬੂਰੀ ਦਾ ਅਹਿਸਾਸ ਕਰਾਉਂਦੀ ਹੈ ਲੇਕਿਨ ਸਾਡਾ ਇਹ ਪਿਸ਼ੋਕੜ ਨਹੀਂ। ਅਸੀਂ ਖੇਤੀ-ਬਾੜੀ ਪ੍ਰਧਾਨ ਖਿੱਤੇ ਦੇ ਜੱਮ-ਪਲ਼ ਹਾਂ। ਸਾਡੇ ਮਾਪੇ ਅਖ਼ੀਰ ਤੱਕ ਸਾਡੇ ਨਾਲ਼ ਹੀ ਜੁੜੇ ਰਹਿੰਦੇ ਹਨ। ਕੋਈ ਛੱਕ ਨਹੀਂ ਕਿ ਸਾਡੇ ਸਮਾਜ ਵਿੱਚ ਤਬਦੀਲੀਆਂ ਆ ਰਹੀਆਂ ਹਨ ਅਤੇ ਸਾਡੇ ਇੱਥੇ ਪੈਦਾ ਹੋਏ ਬੱਚੇ ਪੱਛਮੀ ਸਭਿਅਤਾ ਦੀ ਨਕਲ ਉਤਾਰ ਰਹੇ ਹਨ। ਕਾਸ਼! ਕਿ ਅਸੀਂ ਆਪਣੇ ਵਿਰਸੇ ਨੂੰ ਸੰਭਾਲ਼ ਸੱਕੀਏ। ਖ਼ੈਰ ਜੋ ਮਾਵਾਂ ਦੀ ਦੇਣ ਸਮਾਜ ਨੂੰ ਹੈ ਜ਼ਰਾ ਉਸ ਵੱਲ ਝਾਤੀ ਮਾਰੀਏ ਤਾਂ ਅਸੀਂ ਦਾਅਵੇ ਨਾਲ਼ ਕਹਿ ਸੱਕਦੇ ਹਾਂ ਕਿ 'ਮਾਂ' ਸਮਾਜਿਕ ਰਿਸ਼ਤਿਆਂ ਦਾ ਇੱਕ ਅਨਿੱਖੜਵਾਂ ਅੰਗ ਹੁੰਦਾ ਹੈ। ਮਾਂ ਨਾਲ਼ ਹੀ ਸਮਾਜ ਦਾ ਵਿਕਾਸ ਹੁੰਦਾ। ਇਹ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗਾ ਕਿ ਮਾਂ ਸਮਾਜ ਦਾ ਮੁੱਢ/ਕੇਂਦਰ ਹੈ। ਮਾਂ ਨਹੀਂ ਤਾਂ ਘਰ ਨਹੀਂ। ਮਾਂ ਨਹੀਂ ਤਾਂ ਸਮਾਜ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ।

ਸਾਡੇ ਸਮਾਜ ਵਿੱਚ ਔਰਤ ਦਾ ਦਰਜਾ ਜਾਂ ਹੈਸੀਅਤ ਸਾਨੂੰ ਭੁੱਲੀ ਨਹੀਂ। 'ਅੰਤਰਰਾਸ਼ਟਰੀ ਔਰਤ ਦਿਹਾੜਾ' ਇਸ ਦੀ ਗਵਾਹੀ ਭਰਦਾ ਹੈ। ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਥਾਂ ਭਲੀ ਭਾਂਤ ਜਾਂਣੂ ਹੈ। ਯੂਕੇ ਦੇ 300 ਤੋਂ ਵੱਧ ਗੁਰਦੁਆਰਿਆਂ ਵਿੱਚ ਕਿੰਨੀਆਂ ਕੁ ਔਰਤਾਂ ਪ੍ਰਧਾਨ ਹਨ? ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਵਿੱਚ ਕਿੰਨੀਆਂ ਕੁ ਔਰਤਾਂ ਮੋਹਰੇ ਹਨ? ਜੇ ਔਰਤਾਂ ਦੀ ਹੋਂਦ ਉਨ੍ਹਾਂ ਸੰਸਥਾਵਾਂ/ਅਦਾਰਿਆਂ ਵਿੱਚ ਹੈ ਤਾਂ ਸਿਰਫ ਇਨ੍ਹਾਂ ਦੀ ਘਰੇਲੂ ਜ਼ਿੰਦਗ਼ੀ ਦਾ ਹੀ ਪ੍ਰਛਾਵਾਂ ਹੈ। ਚਾਹ, ਸਮੋਸੇ ਤੇ ਪਕੌੜੇ ਪ੍ਰੋਸਣ ਤੱਕ ਹੀ ਸੀਮਿਤ ਹੈ। ਮੁਸਲਿਮ ਔਰਤਾਂ ਨਾਲ਼ ਮੁਕਾਬਲਾ ਕਰਕੇ ਅਸੀਂ ਫ਼ਖ਼ਰ ਮਹਿਸੂਸ ਕਰਦੇ ਹਾਂ ਸਭਿਆਚਾਰਕ ਦਿਨਾਂ ਤਿਓਹਾਰਾਂ ਤੇ ਅਸੀਂ ਆਪਣੀਆਂ ਔਰਤਾਂ ਨੂੰ ਨਾਲ਼ ਲੈਕੇ ਤੁਰਦੇ ਹਾਂ। ਇਸ ਨਾਲ਼ ਔਰਤਾਂ ਵੀ ਖੁਸ਼ ਹੋ ਜਾਂਦੀਆਂ ਹਨ। ਡੁੰਘਾਈ ਨਾਲ਼ ਸੋਚਣ ਤੇ ਇਹ ਗੱਲ ਨਿੱਤਰਕੇ ਸਾਹਮਣੇ ਆਉਂਦੀ ਹੈ ਕਿ ਔਰਤਾਂ ਦੂਜੇ ਨੰਬਰ ਦੇ ਸ਼ਹਿਰੀ ਬਣਕੇ ਹੀ ਰਹਿ ਗਈਆਂ ਹਨ।

ਭਾਵੇਂ ਸਿੱਖ ਫਲਸਫਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਨੁਸਾਰ ਲਤਾੜੀਆਂ ਔਰਤਾਂ ਨੂੰ ਉਤਾਂਹ ਚੁੱਕਣ ਵੱਲ ਸੰਕੇਤ ਕਰਦਾ ਹੈ, ਜਿਵੇਂ ਕਿ ਗੁਰੂ ਜੀ ਨੇ ਉਚਾਰਿਆ “ਭੰਡ ਜੰਮੀਏ, ਭੰਡ ਨਿਮੀਏ ਆਦਿ ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾਨ” ਦਾ ਖੁਲਾਸਾ ਥਾਂ ਥਾਂ ਤੇ ਕੀਤਾ ਜਾਂਦਾ ਪਰ ਅਮਲੀ ਰੂਪ ਵਿੱਚ ਅਜੇ ਵੀ ਕਈ ਕੋਹਾਂ/ਮੀਲਾਂ ਦੂਰੀ ਹੈ।

ਅਕਸਰ ਕਿਹਾ ਜਾਂਦਾ ਹੈ ਕਿ ਸਾਡੇ ਗੁਰੂਆਂ ਨੇ ਤਾਂ ਔਰਤਾਂ ਨੂੰ ਬਰਾਬਰੀ ਦੇ ਹੱਕ 500 ਸਾਲ ਪਹਿਲਾਂ ਦੇ ਦਿੱਤੇ ਸਨ। ਇਤਿਹਾਸਕ ਤੌਰ ਤੇ ਮਸ਼ਹੂਰ ਔਰਤਾਂ ਦੇ ਹਵਾਲੇ ਜਿਵੇਂ ਕਿ ਮਾਤਾ ਸੁੰਦਰੀ, ਮਾਤਾ ਖੀਵੀ, ਮਾਤਾ ਗੁਜਰੀ ਆਮ ਦਿੱਤੇ ਜਾਂਦੇ ਹਨ ਜਦੋਂ ਕਿ ਪੱਛਮੀ ਦੇਸ਼ਾਂ ਵਿੱਚ ਔਰਤਾਂ ਦੀ ਬਰਾਬਰਤਾ ਦਾ ਵਿਸ਼ਾ 20ਵੀਂ ਸਦੀ ਵਿੱਚ ਉਠਾਇਆ ਗਿਆ ਜਿਸ ਨਾਲ਼ ਔਰਤਾਂ ਨੂੰ ਵੋਟ ਦੇਣ ਦਾ ਬਰਾਬਰ ਦਾ ਹੱਕ 1928 ਵਿੱਚ ਹੋਂਦ ‘ਚ ਆਇਆ। ਇਹ ਬਿਲਕੁਲ ਸਹੀ ਹੈ ਕਿ ਔਰਤਾਂ ਨੇ ਪੜ੍ਹਾਈ ਲਿਖਾਈ, ਆਰਥਕ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ ਪਰ ਸਮਾਜਿਕ ਅਤੇ ਸਭਿਆਚਾਰਕ ਪੱਖੋਂ ਤਬਦੀਲੀ ਬਹੁਤ ਘੱਟ ਹੀ ਨਜ਼ਰ ਆਉਂਦੀ ਹੈ।

ਇਸ ਵਿਸ਼ੇ ਉੱਤੇ ਜਜ਼ਬਾਤੀ ਭਾਸ਼ਣ ਬੜੇ ਦਿੱਤੇ ਜਾਂਦੇ ਹਨ ਖ਼ਾਸ ਗੁਰੂ ਨਾਨਕ ਦੇਵ ਜੀ ਦੀਆਂ ਲਿਖਤਾਂ ਨੂੰ ਸੰਬੋਧਨ ਕਰਕੇ “ਭੰਡ ਨਾਲ਼ ਦੋਸਤੀ, ਭੰਡ ਨਾਲ਼ ਵਿਆਹ” ਆਦਿ ਪਰ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਦੇ ਨਾਲ਼ ਔਰਤਾਂ ਦੀ ਸਿਫਤ ਵੀ ਕੀਤੀ ਜਾਂਦੀ ਹੈ। ਜਦੋਂ ਕਿਸੇ ਔਰਤ ਦੇ ਪਤੀ ਨੂੰ ਕੋਈ ਵੱਡੀ ਨੌਕਰੀ ਜਾਂ ਉੱਸਦੀ ਤਰੱਕੀ ਹੋ ਜਾਵੇ ਤਾਂ ਆਮ ਕਿਹਾ ਜਾਂਦਾ ਹੈ ਕਿ ਹਰ ਆਦਮੀ ਦੀ ਸਫਲਤਾ ਪਿੱਛੇ ਔਰਤ ਦਾ ਹੱਥ ਹੁੰਦਾ ਹੈ। ਪਰ ਇਹ ਅਖਾਂਣ ਕਿਸੇ ਔਰਤ ਦੀ ਸਫਲਤਾ ਜਾਂ ਤਰੱਕੀ ਹੋਣ ਤੇ ਕੋਈ ਨਹੀਂ ਢੁੱਕਦਾ। ਕੀ ਔਰਤ ਦੀ ਕਿਸੇ ਨੌਕਰੀ ਜਾਂ ਕਿਸੇ ਸਿਆਸੀ ਜਾਂ ਫਿਰ ਵਪਾਰਕ ਖਿੱਤੇ ਵਿੱਚ ਵੱਡੀ ਕਾਮਯਾਬੀ ਉਸ ਇਕੱਲੀ ਦੀ ਜੱਦੋਜਹਿਦ ਦਾ ਹੀ ਨਤੀਜਾ ਹੋਇਆ ਕਰਦਾ ਹੈ?

ਸਾਡੇ ਸਮਾਜ ਵਿੱਚ ਔਰਤਾਂ ਮਰਦਾਂ ਦੇ ਬਰਾਬਰ ਹਨ ਜਾਂ ਨਹੀਂ ਪਰ ਔਰਤਾਂ ਦੇ ਵੱਖਰੇ ਵੱਖਰੇ ਪਹਿਲੂ: ਧੀ ਬਣਕੇ ਪਿਓ ਲਈ ਅਰਦਾਸ, ਭੈਣ ਬਣਕੇ ਭਰਾ ਦੀਆਂ ਘੋੜੀਆਂ ਗਾਉਂਣੀਆਂ, ਪਤਨੀ ਬਣਕੇ ਸਾਰਾ ਪਰਿਵਾਰ ਸੰਭਾਲਣਾ, ਮਾਂ ਬਣਕੇ ਬੱਚੇ ਪਾਲਣੇ ਅਤੇ ਉਨ੍ਹਾਂ ਦੀ ਤੰਦਰੁਸਤੀ ਅਰਦਾਸਾਂ ਅਤੇ ਸੁੱਖਾਂ ਸੁੱਖਦੀ ਰਹਿੰਦੀ। ਮਾਂ ਨੂੰ ਆਪਣੇ ਲਈ ਕੁੱਝ ਮੰਗਣ ਦਾ ਵੱਕਤ ਹੀ ਨਹੀਂ ਮਿਲ਼ਦਾ। ਹੋਰ ਸੁਣਨ ਵਿੱਚ ਆਇਆ ਹੈ ਕਿ ਮਾਂ ਦਾ ਦਰਜਾ ਬਹੁਤ ਉੱਚਾ, ਮਾਂ ਦੇ ਪੈਰਾਂ ਥੱਲੇ ਸਵਰਗ, ਮਾਂ ਤਾਂ ਰੱਬ ਦਾ ਰੂਪ ਹੁੰਦਾ। ਪਰ ਭਰੂਣ ਹੱਤਿਆ ਵੀ ਸਾਡੇ ਸਮਾਜ ਨੂੰ ਜੱਕੜੀ ਬੈਠੀ ਹੈ। ਮਾਂ ਦੀ ਕੁੱਖ ਵਿੱਚ ਮਾਰੀ ਜਾਣ ਵਾਲ਼ੀ ਬੱਚੀ ਜੇਕਰ ਉਹ ਕੁੱਖ ਵਿੱਚ ਨਾ ਮਾਰੀ ਜਾਏ ਤਾਂ ਉਹ ਵੀ ਜਨਮ ਲੈਕੇ ਧੀ ਅਤੇ ਵੱਡੀ ਹੋਕੇ ਮਾਂ ਬਣ ਸੱਕਦੀ ਹੈ। ਸਾਡੇ ਸਮਾਜ ਵਿੱਚ ਐਨੇ ਉਤਾਰ ਚੜ੍ਹਾਉ ਹਨ ਜਿਹੜੇ ਮਨ ਨੂੰ ਭੰਬਲ਼ ਭੂਸੇ ਵਿੱਚ ਪਾ ਦਿੰਦੇ ਹਨ।

ਬੱਚੇ ਵੱਡੇ ਹੋ ਜਾਣ ਤੇ ਮਾਂ ਦੀ ਪਾਲਣੇ ਪੋਸਣੇ ਤੇ ਕਈ ਸਵਾਲ ਉਠਾਏ ਜਾਂਦੇ ਹਨ। ਜਿਵੇਂ ਕਿ, ਤੇਰੀ ਮਾਂ ਨੇ ਤੈਂਨੂੰ ਕੁੱਝ ਸਿਖਾਇਆ ਹੀ ਨਹੀਂ। ਮਾਂ ਜਦੋਂ ਸਹੁਰਿਆਂ ਦੇ ਘਰ ਗਾਲ਼ੀ ਘਲ਼ੋਚ ਸਹਿੰਦੀ ਹੋਈ ਆਪਣੇ ਜਾਇਜ਼ ਹੱਕਾਂ ਦੀ ਅਵਾਜ਼ ਉਠਾਉਂਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਉੱਸ ਨੂੰ ਮਾੜਾ ਆਖਿਆ ਜਾਂਦਾ ਹੈ ਕਿ ਇਸ ਨੇ ਪਰਿਵਾਰ ਦੀ ਇਜ਼ਤ ਮਿੱਟੀ ਵਿੱਚ ਮਿਲ਼ਾ ਦਿੱਤੀ ਹੈ। ਪਰਿਵਾਰ ਨੂੰ ਇਕੱਠਾ ਅਤੇ ਜੋੜੀ ਰੱਖਣਾ ਵੀ ਔਰਤ ਦੀ ਜ਼ੁਮੇਵਾਰੀ ਹੈ। ਇਸ ਲਈ ਐਨੀਆਂ ਸਾਰੀਆਂ ਦੁੱਖ ਤਕਲੀਫਾਂ ਸਹਿ ਕੇ ਵੀ ਜ਼ਿੰਦਗ਼ੀ ਗ਼ੁਜ਼ਾਰ ਲੈਂਦੀ ਹੈ ਕਿ ਉਸ ਉਪਰ ਕੋਈ ਇਲਜ਼ਾਮ ਨਾ ਆ ਜਾਵੇ।

ਸਾਡੇ ਸਮਾਜ ਵਿੱਚ ਤਲਾਕ ਸ਼ੁਦਾ ਔਰਤ ਨੂੰ ਮਾੜਾ ਸਮਝਿਆ ਜਾਂਦਾ ਹੈ ਭਾਵੇਂ ਵਿਆਹ ਟੁੱਟਣ ਵਿੱਚ ਉੱਸਦਾ ਕੋਈ ਕਸੂਰ ਵੀ ਨਾ ਹੋਵੇ। ਉੱਸ ਨੂੰ ਸਮਾਜ ਵਲੋਂ ਕਈ ਤਰ੍ਹਾਂ ਦੇ ਮਿਹਣੇ ਵੀ ਸਹਿਣੇ ਪੈਂਦੇ ਹਨ। ਜਿਵੇਂ ਕਿ ਜੇ ਚੰਗੀ ਹੁੰਦੀ ਤਾਂ ਆਪਣੇ ਪਤੀ ਦਾ ਘਰ ਨਾ ਛੱਡਦੀ/ ਜੇ ਚੰਗੀ ਹੁੰਦੀ ਤਾਂ ਪਤੀ ਤਲਾਕ ਕਿਉਂ ਦਿੰਦਾ। ਔਰਤਾਂ ਦੀ ਸ਼ਾਨ ਦੇ ਖਿਲਾਫ ਅਜਿਹੇ ਸ਼ਬਦਾਂ ਦੀ ਭਰਮਾਰ ਜਾਂ ਅਜਿਹੀ ਸੋਚ ਔਰਤਾਂ ਨੂੰ ਨਾ ਸਿਰਫ ਦੂਜੇ ਨੰਬਰ ਦੇ ਸ਼ਹਿਰੀਅਤ ਦਾ ਦਰਜਾ ਦਿੰਦੀ ਹੈ ਬਲਕਿ ਇਹ ਸਮਾਜਕ ਗਿਰਾਵਟ ਅਤੇ ਘਟੀਆ ਸੋਚ ਦੀ ਨਿਸ਼ਾਨੀ ਹੈ।

ਇਨ੍ਹਾਂ ਤਰੁਟੀਆਂ ਦੇ ਬਾਵਜੂਦ ਵੀ ਆਪਣੇ ਸਮਾਜ ਵਿੱਚ ਮਾਂ ਦਾ ਰੁਤਵਾ ਉੱਚਾ ਹੈ। ਖ਼ੈਰ ਮਾਂ ਦੇ ਗੁਣਾਂ ਦਾ ਵੀ ਅੰਤ ਨਹੀਂ। ਮਾਂ ਵਰਗਾ ਕੋਈ ਹੋਰ ਰਿਸ਼ਤਾ ਹੀ ਨਹੀਂ। ਮਾਂ ਦੀ ਥਾਂ ਲੈਣ ਵਾਲ਼ੀ/ਵਾਲ਼ਾ ਅਜੇ ਤੱਕ ਕੋਈ ਜੰਮੀ/ਜੰਮਿਆਂ ਹੀ ਨਹੀਂ। ਮਾਂ ਨਾਲ਼ ਹੀ ਦੁਨੀਆਂ ਵੱਸਦੀ ਨਜ਼ਰ ਆਉਂਦੀ। ਮਾਂ ਪਰਿਵਾਰ ਨੂੰ ਜੋੜੀ ਰੱਖਦੀ ਹੈ। ਮਾਵਾਂ ਬਗ਼ੈਰ ਪਰਿਵਾਰ ਖੇਰੂੰ ਖੇਰੂੰ ਹੋ ਜਾਂਦੇ ਹਨ। ਸਾਨੂੰ ਪ੍ਰਵਾਸੀਆਂ ਨੂੰ ਪੰਜਾਬ ਜਾਣ ਦੀ ਤਾਂਘ ਮਾਂ ਹੁੰਦਿਆਂ ਹੀ ਰਹਿੰਦੀ ਹੈ ਕਿਉਂਕਿ ਮਾਂ ਬੈਠੀ ਤੁਹਾਡੀ ਉਡੀਕ ਕਰਦੀ ਰਹਿੰਦੀ ਹੈ। ਭੈਣਾਂ ਭਰਾਵਾਂ ਦੇ ਵੀ ਰਿਸ਼ਤੇ ਚੰਗੇ ਹਨ ਉਹ ਆਪਣੇ ਪਰਿਵਾਰਾਂ ਨਾਲ਼ ਜੁੜੇ ਹਨ ਪਰ ਪ੍ਰਦੇਸ ਵਿੱਚ ਰਹਿੰਦੇ ਧੀਆਂ ਪੁੱਤਰ ਨੂੰ ਮਾਂ ਤੋਂ ਬਗ਼ੈਰ ਹੋਰ ਕੋਈ ਨਹੀਂ ਉਡੀਕਦਾ। ਇੱਕ ਮਾਂ ਹੀ ਅਜਿਹਾ ਰਿਸ਼ਤਾ ਹੈ ਜਿਹੜਾ ਹਮੇਸ਼ਾਂ ਤੁਹਾਨੂੰ ਮਿਲਣ ਦੀ ਉਡੀਕ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ।

ਸਾਡੀ ਪੰਜਾਬੀ ਮਾਂ ਬੋਲੀ ਵਿੱਚ ਮਾਂ ਦੀ ਤੁਲਨਾ ਕਿਸੇ ਹੋਰ ਰਿਸ਼ਤੇ ਨਾਲ਼ ਨਹੀਂ ਕੀਤੀ ਜਾ ਸੱਕਦੀ ਇਸ ਲਈ ਸਿਰਫ ਇਕ ਹੀ ਰਿਸ਼ਤੇ ਨੂੰ ਇਸ ਖ਼ਾਸ ਨਾਮ ਨਾਲ਼ ਜਾਣਿਆਂ ਜਾਂਦਾ ਹੈ ਉਹ ਹੈ “ਮਾਂ ਦੀ ਮਮਤਾ”। ਆਮ ਕਹਾਵਤ ਹੈ ਮਾਵਾਂ ਮਾਸੀਆਂ ਵਾਂਙ ਹੀ ਹੁੰਦੀਆਂ ਹਨ ਪਰ ਮਾਸੀਆਂ ਮਾਵਾਂ ਦੀ ਥਾਂ ਨਹੀਂ ਲੈ ਸੱਕਦੀਆਂ। ਇਸੇ ਹੀ ਤਰ੍ਹਾਂ ਲੋਕ ਗੀਤ ਵਿੱਚ ਬੋਲ: “ਮੈਂ ਪੇਕੇ ਨਾ ਜਾਵਾਂ, ਜੇ ਸੱਸ ਮੇਰੀ ਮਾਂ ਬਣ ਜਾਏ”। ਇਸੇ ਹੀ ਤਰ੍ਹਾਂ ਲੋਕ ਗੀਤਾਂ ਵਿੱਚ ਪ੍ਰਚੱਲਤ ਗੀਤ ਵਿੱਚ ਬੋਲ: “ਮੈਂ ਨਹੀਂ ਮਾਏ ਪੇਕੇ ਜਾਣਾ, ਪੇਕੇ ਹੁੰਦੇ ਮਾਂ ਦੇ ਨਾਲ਼”। ਇਸ ਗੀਤ ਵਿੱਚ ਵੀ ਸਚਾਈ ਹੈ ਅਤੇ ਮਾਂ ਪ੍ਰਤੀ ਅਰਮਾਨਾਂ ਦਾ ਇਜ਼ਹਾਰ ਹੈ। ਮਾਂ, ਮਾਂ ਹੀ ਹੁੰਦੀ ਜਿਹੜੀ ਤੁਹਾਡੇ ਬੁੱਕਲ਼ ਵਿੱਚ ਪਏ ਤੇ ਹਾਸਿਆਂ ਪਿੱਛੇ ਛੁਪੇ ਗ਼ਮਾਂ ਨੂੰ ਦੇਖ ਸੱਕਦੀ ਅਤੇ ਤੁਹਾਡੇ ਦੁੱਖਾਂ ਨੂੰ ਬਿਨ ਦੱਸਿਆਂ ਹੀ ਮਹਿਸੂਸ ਕਰ ਲੈਂਦੀ। ਜਜ਼ਬਾਤਾਂ ਪੱਖੋਂ ਮਾਂ ਦਾ ਦਿੱਨ ਮਨਾਉਂਣਾ ਚੰਗਾ ਲਗਦਾ। ਭਾਵੇਂ ਮਾਂ ਦਾ ਦਿੱਨ ਹਰ ਰੋਜ਼ ਮਨਾਉਂਣਾ ਚਾਹੀਦਾ ਹੈ।  ਮਾਂ ਦਾ ਦਿੱਨ ਖੁਸ਼ੀਆਂ ਵਾਲ਼ਾ ਜਿਨ੍ਹਾਂ ਦੀਆਂ ਮਾਵਾਂ ਜ਼ਿੰਦਾ ਹਨ ਪਰ ਉਦਾਸੀ ਵਾਲ਼ਾ ਮਾਂ ਦਾ ਦਿੱਨ ਜਿਨ੍ਹਾਂ ਦੀਆਂ ਮਾਵਾਂ ਇਸ ਦੁਨੀਆਂ ਨੂੰ ਛੱਡ ਚੁੱਕੀਆਂ ਹਨ।

ਇਸ ਦਿਨ ਦੀ ਮਹੱਤਤਾ ਹੈ ਪਰ ਮਾਂ ਕਦੀ ਵੀ ਨਾ ਭੁੱਲਣ ਵਾਲ਼ਾ ਅੰਗ ਹੈ। ਜੇ ਮਾਂ ਇੱਕ ਰੱਬ ਦਾ ਰੂਪ ਹੈ ਤਾਂ ਇਹ ਹੋਰ ਵੀ ਜ਼ਰੂਰੀ ਹੈ ਕਿ ਮਾਂ ਨੂੰ ਹਮੇਸ਼ਾ ਹੀ ਚੇਤੇ ਰੱਖੀਏ। ਰੱਬ ਨੂੰ ਅਸੀਂ ਪੱਲ ਪੱਲ ਯਾਦ ਰੱਖਦੇ ਹਾਂ ਸਾਲ ਵਿਚ ਇੱਕ ਵਾਰ ਨਹੀਂ। ਮਾਂ ਦੀ ਦੇਣ ਕਦੀ ਵਾਪਸ ਦਿੱਤੀ ਨਹੀਂ ਜਾ ਸਕਦੀ। ਭਾਵੇਂ ਪੱਛਮੀ ਸਭਿਅਤਾ ਦੇ ਸਮਾਜ ਵਾਂਙ ਇਹ ਦਿੱਨ ਮਨਾਉਂਦੇ ਹਾਂ ਕਿਉਂਕਿ ਸਾਡੇ ਇੱਥੇ ਪੈਦਾ ਹੋਕੇ ਬੜੇ ਹੋਏ ਬੱਚੇ ਵੀ ਮਾਵਾਂ ਨੂੰ ਫੁਲਾਂ ਦੇ ਗ਼ੁਲਦਸਤੇ ਅਤੇ ਕਈ ਤਰ੍ਹਾਂ ਦੇ ਤੋਹਫੇ ਦਿੰਦੇ ਹਨ। ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਪਰ ਡਰ ਹੈ ਕਿ ਉਨ੍ਹਾਂ ਦੀ ਸੋਚ ਸਿਰਫ ਇਸ ਦਿਨ ਤੱਕ ਹੀ ਸੀਮਤ ਹੀ ਨਾ ਰਹਿ ਜਾਵੇ।

ਸਾਨੂੰ ਵਿਰਸੇ ਨੂੰ ਸੰਭਾਲ਼ਕੇ ਰੱਖਣ ਦੀ ਲੋੜ ਹੈ ਕਿਤੇ ਬਦਲ ਹੀ ਨਾ ਜਾਵੇ। ਵਿਰਸੇ ਵਿੱਚ ਬਦਲੀਆਂ ਆਉਣੀਆਂ ਸੁਭਾਵਿਕ ਹਨ ਪਰ ਇਸ ਅਮੀਰ ਵਿਰਸੇ ਦੀਆਂ ਜੜ੍ਹਾਂ ਨਾ ਹਿੱਲ ਜਾਣ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਆਪਣੇ ਬੱਚਿਆਂ ਦੀ ਪਛਾਣ ਬਰਕਰਾਰ ਰਖੀਏ ਘਰਾਂ ਵਿੱਚ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਅਹਿਮੀਅਤ ਦੇਈਏ। ਹਮੇਸ਼ਾ ਯਾਦ ਰਖੋ ਕਿ ਸਾਡੇ ਵਿਰਸੇ ਦੀ ਸੰਭਾਲ਼ ਸਾਡੇ ਘਰਾਂ ਤੋ ਹੀ ਸ਼ੁਰੂ ਹੋਵੇ।

ਸੁਰਿੰਦਰ ਕੌਰ ਜਗਪਾਲ ਜੇ ਪੀ, ਯੂ ਕੇ,
19 ਮਾਰਚ 2021
 

 

 
  17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com