ਦੋਸਤੀ ਵਧਾਣ ਦਾ ਟੋਟਕਾ : ਦਸਿਆ ਗਿਆ ਹੈ ਕਿ ਸੁਪ੍ਰੀਮ ਕੋਰਟ ਦੇ
ਜਸਟਿਸਾਂ ਨੂੰ ਬੁੱਧਵਾਰ ਦੇ ‘ਲੰਚ ਬ੍ਰੇਕ’ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ
ਰਹਿੰਦਾ ਹੈ। ਇਸਦਾ ਕਾਰਣ ਇਹ ਹੈ ਕਿ ਇਸ ਦਿਨ ਉਨ੍ਹਾਂ ਨੂੰ ਕਿਸੇ ਰਾਜ ਵਿਸ਼ੇਸ਼ ਦਾ
ਲਜ਼ੀਜ਼ ਪਕਵਾਨ, ਕਿਸੇ ਹੋਟਲ ਜਾਂ ਰੇਸਟੂਰੈਂਟ ਦਾ ਨਹੀਂ, ਸਗੋਂ ਘਰ ਦਾ ਬਣਿਆ,
ਪਰੋਸਿਆ ਜਾਂਦਾ ਹੈ। ਇਸ ਸਾਰੀ ਕਵਾਇਦ ਦੇ ਪਿਛੇ ਇੱਕ ਹੀ ਉਦੇਸ਼ ਦਸਿਆ ਜਾਂਦਾ ਹੈ,
ਉਹ ਇਹ ਕਿ ਮਿਲ-ਬੈਠਣ ਨਾਲ ਮੁਕਦਮਿਆਂ ਦੀ ਸੁਣਵਾਈ ਦੌਰਾਨ ਉਭਰੇ ਵਿਵਾਦ ਅਤੇ ਕੰਮ
ਦਾ ਦਬਾਉ ਭੁਲਾ, ਆਪਸੀ ਸਾਂਝ ਅਤੇ ਦੋਸਤੀ ਨੂੰ ਹੋਰ ਵਧਾਇਆ ਜਾਏ। ਬੁੱਧਵਾਰ, ਬਾਕੀ
ਦਿਨਾਂ ਤੋਂ ਅਲਗ ਸਾਰੇ ਜੱਜ ਇੱਕ ਵਜਦਿਆਂ ਹੀ ਕਾਮਨ ਡਾਇਨਿੰਗ ਹਾਲ ਵਿੱਚ
ਪੁਜਦੇ ਹਨ ਅਤੇ ਇਕਠਿਆਂ ਮਿਲ ਬੈਠ ਲਜ਼ੀਜ਼ ਖਾਣੇ ਦਾ ਅਨੰਦ ਮਾਣਦੇ ਹਨ।
ਇਸ ਦੌਰਾਨ ਕਿਸੇ ਮੁਕਦਮੇ ਜਾਂ ਕਾਨੂੰਨ ਦੀ ਕੋਈ ਗਲ ਨਹੀਂ ਹੁੰਦੀ, ਸਗੋਂ
ਸਾਰੇ ਹੀ ਜੱਜ ਲਜ਼ੀਜ਼ ਖਾਣੇ ਦੀ ਰੇਸਪੀ ਪੁਰ ਚਰਚਾ ਕਰਦੇ ਹਨ। ਇਸ ਗਲ ਦਾ ਖਿਆਲ
ਰਖਿਆ ਜਾਂਦਾ ਹੈ ਕਿ ਖਾਣਾ ਪੂਰੀ ਤਰ੍ਹਾਂ ਵੈਸ਼ਨੂੰ ਹੋਵੇ ਤੇ ਖਾਣੇ ਵਿੱਚ ਕੇਵਲ
ਪੰਜ ਪਕਵਾਨ ਹੀ ਪਰੋਸੇ ਜਾਣ। ਖਾਣਾ ਖਾਣ ਤੋਂ ਬਾਅਦ ਹਰ ਇੱਕ ਜੱਜ ਨੂੰ ਉਸਦੀ ਪਸੰਦ
ਦਾ ਪਾਨ ਵੀ ਦਿੱਤਾ ਜਾਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਜਸਟਿਸ ਕੁਲਦੀਪ ਸਿੰਘ ਨੇ ਨੱਬੇ ਦੇ ਦਹਾਕੇ ਦੇ
ਅਰੰਭ ਵਿੱਚ ਦੁਪਹਿਰ ਦੇ ਸਪਤਾਹਿਕ ਖਾਣੇ ਦਾ ਸੁਝਾਉ ਦਿੱਤਾ ਸੀ। ਉਨ੍ਹਾਂ ਦਸਿਆ ਕਿ
ਉਸ ਸਮੇਂ ਦੇ ਚੀਫ ਜਸਟਿਸ, ਜਸਟਿਸ ਰੰਗਾਨਾਥ ਮਿਸਰਾ ਵਲੋਂ ਇਸ ਸੁਝਾਉ ਨੂੰ ਸਵੀਕਾਰ
ਕਰ ਲੈਣ ਦੇ ਨਾਲ ਹੀ ਇਸ ਪਰੰਪਰਾ ਦੀ ਅਰੰਭਤਾ ਹੋ ਗਈ ਸੀ।
ਇਹ ਵੀ ਦਸਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਜਿਸ ਜਸਟਿਸ ਵਲੋਂ ਖਾਣਾ ਲਿਆਂਦਾ
ਜਾਂਦਾ ਹੈ, ਉਸਦੇ ਮੂਲ ਰਾਜ ਦੇ ਮਸਾਲਿਆਂ ਦੀ ਵਰਤੋਂ ਕਰ, ਉਥੋਂ ਦੀ ਹੀ ਪਰੰਪਰਾ
ਅਨੁਸਾਰ ਸਾਰਾ ਖਾਣਾ ਪਕਾਇਆ ਜਾਂਦਾ ਹੈ, ਤਾਂ ਜੋ ਉਸ ਖਾਣੇ ਦਾ ਸਥਾਨਕ ਸੁਆਦ
ਬਰ-ਕਰਾਰ ਰਹਿ ਸਕੇ। ਸੁਆਦ ਬਣਾਈ ਰਖਣ ਦੀ ਪੂਰੀ ਜ਼ਿਮੇਂਦਾਰੀ ਸਬੰਧਤ ਜੱਜ ਦੀ ਪਤਨੀ
ਹੀ ਨਿਭਾਹੁੰਦੀ ਹੈ। ਦਸਿਆ ਗਿਆ ਹੈ ਕਿ ਜੂਨ 2014 ਵਿੱਚ ਰਿਟਾਇਰ ਹੋਏ, ਜਸਟਿਸ
ਏਕੇ ਪਟਨਾਇਕ ਅਨੁਸਾਰ ਉਸ ਸਮੇਂ ਚੀਫ ਜਸਟਿਸ ਰਹੇ ਜਸਟਿਸ ਅਲਤਮਸ ਕਬੀਰ ਨੇ ਕੁਝ
ਨਿਯਮ ਵੀ ਬਣਾਏ ਸਨ, ਜਿਵੇਂ ਦੁਪਹਿਰ ਦੇ ਖਾਣੇ ਨੂੰ ਕਦੀ ਜੱਜਾਂ ਵਿੱਚ ਮੁਕਾਬਲੇ
ਵਜੋਂ ਨਾ ਲਿਆ ਜਾਏ। ਇਸਦੇ ਨਾਲ ਹੀ ਉਨ੍ਹਾਂ ਵਲੋਂ ਨਿਸ਼ਚਿਤ ਕੀਤੇ ਦੇ ਵਿਅੰਜਨਾਂ
ਦੀ ਗਿਣਤੀ ਵੱਧ ਲਿਆਏ ਜਾਣ ਤੇ ਜੁਰਮਾਨਾ ਵੀ ਨਿਸ਼ਚਿਤ ਕੀਤਾ ਗਿਆ ਸੀ।
ਗੁਆਂਢੀਆਂ ਮਿਲ ਵਿਆਹ ਕਰਵਾਇਆ : ਜਿਸ ਧੀ ਦੇ ਵਿਆਹ ਦਾ ਸੁਪਨਾ ਵੇਖ
ਰਹੇ ਕਿਸਾਨ ਪਿਤਾ ਨੇ ਜੰਝ ਆਉਣ ਤੋਂ ਇੱਕ ਦਿਨ ਪਹਿਲਾਂ ਆਤਮ ਹਤਿਆ ਕਰ ਲਈ ਸੀ, ਉਹ
ਨਿਸ਼ਚਿਤ ਦਿਨ ਹੀ ਡੋਲੀ ਚੜ੍ਹ ਸਹੁਰੇ ਚਲੀ ਗਈ। ਦੁਖ ਸਿਰਫ ਇਸ ਗਲ ਦਾ ਰਿਹਾ ਕਿ ਇਸ
ਮੌਕੇ ਤੇ ਉਸ ਧੀ ਦਾ ਜਨਮਦਾਤਾ, ਪਿਤਾ ਮੌਜੂਦ ਨਹੀਂ ਸੀ। ਖਬਰਾਂ ਅਨੁਸਾਰ ਬਬੇਰੂ
ਕਸਬੇ ਦੇ ਗਾਂਧੀ ਨਗਰ ਵਿੱਚ ਰਹਿਣ ਵਾਲੇ ਨਿਖਲ ਰਸਤੋਗੀ ਨੇ ਇੱਕ ਦਿਨ ਪਹਿਲਾਂ ਛੱਤ
ਤੋਂ ਕੁੱਦ, ਖੁਦਕਸ਼ੀ ਕਰ ਲਈ ਸੀ, ਜਦਕਿ ਅਗਲੇ ਦਿਨ ਉਸਦੀ ਧੀ ਸੋਨਮ ਦੀ ਜੰਝ ਆਉਣੀ
ਸੀ। ਨਿਖਲ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਦੇ ਸਾਹਮਣੇ ਵਿਆਹ ਦੇ
ਪ੍ਰਬੰਧ ਦੀ ਸਮਸਿਆ ਆ ਖੜੀ ਹੋ ਗਈ। ਇਸ ਮੌਕੇ ਤੇ ਮੁਹੱਲੇ ਦੇ ਲੋਕੀ ਆ ਇਕੱਠੇ ਹੋਏ
ਅਤੇ ਮਿਸਾਲ ਪੇਸ਼ ਕਰ ਦਿੱਤੀ। ਉਨ੍ਹਾਂ ਨੇ ਆਪੋ ਵਿੱਚ ਚੰਦਾ ਕਰ ਸੋਨਮ ਦੀ ਸ਼ਾਦੀ ਦਾ
ਪ੍ਰਬੰਧ ਕੀਤਾ। ਉਧਰ ਜਦੋਂ ਇਹ ਦੁਖਦਾਈ ਖਬਰ ਸੋਨਮ ਦੇ ਹੋਣ ਵਾਲੇ ਸਹੁਰੇ ਘਰ
ਕੌਸ਼ੰਬੀ ਪੁਜੀ ਤਾਂ ਸੋਨਮ ਦੇ ਹੋਣ ਵਾਲੇ ਪਤੀ ਮਦਨ ਰਸਤੋਗੀ ਦੇ ਘਰ ਵਾਲਿਆਂ ਨੇ
ਬਿਨਾਂ ਕਿਸੇ ਤਾਮ-ਝਾਮ ਦੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਤੇ ਮਦਨ ਦੇ ਸਹੁਰਾ ਘਰ,
ਸੋਨਮ ਦੇ ਪਰਿਵਾਰ ਵਾਲਿਆਂ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਇਸ ਦੁਖ ਵਿੱਚ
ਉਨ੍ਹਾਂ ਨਾਲ ਹਨ। ਇਹ ਵਿਆਹ ਬਹੁਤ ਸਾਦਾ ਹੋਵੇਗਾ। ਉਹ ਕੁਝ ਚੋਣਵੇਂ ਲੋਕਾਂ ਦੇ
ਨਾਲ ਹੀ ਪਹੁੰਚਣਗੇ ਅਤੇ ਬਿਨਾਂ ਕਿਸੇ ਦਾਜ-ਦੂਜ ਦੇ ਸੋਨਮ ਨੂੰ ਵਿਆਹ ਕੇ ਵਿੱਦਾ
ਕਰ ਲਿਆਣਗੇ। ਮਦਨ ਦਾ ਪਰਿਵਾਰ ਅਗਲੇ ਹੀ ਦਿਨ ਦੁਪਹਿਰ ਨੂੰ 15-ਕੁ ਬੰਦਿਆਂ ਨਾਲ
ਬਬੇਰੂ ਪੁਜਾ ਤੇ ਮੈਰਿਜ ਹਾਲ ਵਿੱਚ ਸ਼ਾਦੀ ਦੀਆਂ ਰਸਮਾਂ ਪੂਰੀਆਂ ਕਰ ਸੋਨਮ ਨੂੰ
ਨਾਲ ਲੈ ਗਿਆ।
ਕਿਨਰਾਂ ਨੇ ਚੰਦਾ ਇਕੱਠਾ ਕਰ ਸੜਕ ਬਣਵਾਈ : ਗੋਰਖਪੁਰ ਦੇ ਲੋਕੀ ਲਗਭਗ
ਚਾਰ ਵਰ੍ਹੇ ਨਗਰ ਨਿਗਮ ਦਾ ਪਾਰਸ਼ਦਾਂ ਤੋਂ ਲੈ ਕੇ ਮੇਅਰ ਤਕ ਦੇ ਤਰਲੇ ਲੈਂਦੇ ਰਹੇ,
ਪਰ ਕੋਈ ਸੁਣਵਾਈ ਨਾ ਹੋਣ ਤੇ ਇਲਾਕੇ ਦੇ ਕਿਨਰਾਂ ਨੇ ਚੰਦਾ ਕਰ, ਇੱਕ ਲੱਖ ਰੁਪਏ
ਇੱਕਠੇ ਜਮ੍ਹਾ ਕਰ ਲਏ ’ਤੇ 120 ਮੀਟਰ ਲੰਬੀ ਸੀਸੀ ਸੜਕ ਬਣਵਾ ਲਈ। ਮਈ ਮਹੀਨੇ
ਵਿੱਚ ਬਣੀ ਸੜਕ ਬਰਸਾਤ ਦੇ ਮੌਸਮ ਵਿੱਚ ਇਲਾਕਾ ਵਾਸੀਆਂ ਨੂੰ ਬਹੁਤ ਹੀ ਰਾਹਤ ਦੇ
ਰਹੀ ਹੈ। ਦਸਿਆ ਗਿਆ ਹੈ ਕਿ ਸ਼ਿਵਪੁਰ ਸਹਿਬਾਜਗੰਜ ਦੇ ਮਾਤਾਦੀਨ ਮੁਹੱਲੇ ਵਿੱਚ
ਕਿਨਰਾਂ ਦੀ ਬਸਤੀ ਵੱਲ ਜਾਣ ਵਾਲੇ ਰਸਤੇ ਵਿੱਚ ਵਰ੍ਹਿਆਂ ਤੋਂ ਚਲੀਆਂ ਆ ਰਹੀਆਂ
ਟੁਟੀਆਂ ਫੁਟੀਆਂ ਨਾਲੀਆਂ ਤੇ ਸੜਕ ਤੋਂ ਹੁਣ ਗੁਜ਼ਰਦਿਆਂ ਸਾਫ-ਸੁਥਰੀ ਸੜਕ ਵੇਖ ਕੇ
ਹੈਰਾਨੀ ਹੁੰਦੀ ਹੈ। ਸਾਫ-ਸੁਥਰੀ ਸੜਕ ਤੇ ਢਕੀਆਂ ਨਾਲੀਆਂ ਵੇਖ ਸੁਖਦਾਈ ਅਨੁਭਵ
ਹੁੰਦਾ ਹੈ। ਕਿਨਰ ਪ੍ਰੇਮਾ ਦਸਦੀ ਹੈ ਕਿ ਕਿਨਰ ਆਸ਼ਾ ਦੇਵੀ ਜਦੋਂ ਮੇਅਰ ਬਣੀ ਸੀ
ਤਾਂ ਇਸ ਸੜਕ ਦਾ ਨਿਰਮਾਣ ਹੋਇਆ ਸੀ। ਪਿਛਲੇ ਚਾਰ ਵਰ੍ਹਿਆਂ ਤੋਂ ਇਸ ਟੁੱਟੀ ਸੜਕ
ਨੂੰ ਲੈ ਕੇ ਕਈ ਵਾਰ ਨਿਗਮ ਦੇ ਜ਼ਿਮੇਂਦਾਰ ਅਧਿਕਾਰੀਆਂ ਨਾਲ ਗਲ ਹੋਈ ਪਰ ਸਾਰਿਆਂ
ਨੇ ਭਰੋਸਾ ਦੁਆਣ ਤੋਂ ਵੱਧ ਕੁਝ ਨਹੀਂ ਕੀਤਾ। ਬਾਰਸ਼ ਵਿੱਚ ਇਸ ਸੜਕ ਤੋਂ ਲੰਘਣਾ
ਮੁਸ਼ਕਿਲ ਹੋ ਜਾਂਦਾ ਸੀ। ਜਦੋਂ ਨਗਰ ਨਿਗਮ ਨੇ ਧਿਆਨ ਨਹੀਂ ਦਿੱਤਾ ਤਾਂ ਕਿਨਰਾਂ ਨੇ
ਆਪ ਸੜਕ ਬਣਾਉਣ ਦੀ ਯੋਜਨਾ ਬਣਾਈ। ਵਧਾਈਆਂ ਵਿੱਚ ਜੋ ਕੁਝ ਉਨ੍ਹਾਂ ਨੂੰ ਮਿਲਦਾ,
ਉਸਦਾ ਇੱਕ ਹਿਸਾ ਉਹ ਗੁਰੂ ਕੋਲ ਜਮ੍ਹਾ ਕਰਵਾ ਦਿੰਦੀਆਂ ਸਨ। ਜਦੋਂ ਇੱਕ ਲੱਖ ਰੁਪਏ
ਜਮ੍ਹਾ ਹੋ ਗਏ ਤਾਂ ਸੀਸੀ ਰੋਡ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਸੜਕ ਦੇ ਬਣ ਜਾਣ
ਨਾਲ ਇਸ ਵਾਰ ਬਾਰਸ਼ ਦੇ ਮੌਸਮ ਵਿੱਚ ਵੀ ਆਣਾ-ਜਾਣਾ ਬਹੁਤ ਅਸਾਨ ਹੋ ਗਿਆ ਹੈ। ਦਸਿਆ
ਜਾਂਦਾ ਹੈ ਕਿ ਜੋ 120 ਮੀਟਰ ਲੰਬੀ ਅਤੇ 9 ਫੁਟ ਚੌੜੀ ਸੜਕ ਉਨ੍ਹਾਂ ਨੇ ਇੱਕ ਲੱਖ
ਰੁਪਏ ਵਿੱਚ ਬਣਾ ਲਈ ਹੈ। ਨਗਰ ਨਿਗਮ ਦੇ ਇੱਕ ਇੰਜੀਅਰ ਨੇ ਇਤਨੀ ਹੀ ਲੰਬੀ ਚੌੜੀ
ਸੜਕ ਦਾ ਅਨੁਮਾਨਤ ਖਰਚ ਚਾਰ ਕਰੋੜ ਰੁਪਏ ਦਸਿਆ।
ਕੁਝ ਹਟ ਕੇ : ਕੁਝ ਦਿਨ ਹੋਏ ਉੜੀਸਾ ਤੋਂ ਖਬਰ ਆਈ ਸੀ ਕਿ ਕੇਂਦਰੀ
ਮੰਤਰੀ ਨਿਤਿਨ ਗਡਕਰੀ ਜਦੋਂ ਅੰਗੁਲ (ਸ਼ਹਿਰ) ਵਿਖੇ ਹਾਈ-ਵੇ ਯੋਜਨਾ ਦਾ ਨੀਂਹ ਪੱਥਰ
ਰਖਣ ਲਈ ਪੁਜੇ ਤਾਂ ਇਸ ਮੌਕੇ ਹੋ ਰਹੇ ਸਮਾਗਮ ਨੂੰ ਕਵਰ ਕਰਨ ਲਈ ਆਏ ਪਤ੍ਰਕਾਰਾਂ
ਨੂੰ ਖਬਰ ਨਾਲ ਸੰਬੰਧਤ ਦਸਤਾਵੇਜ਼ਾਂ ਦੀਆਂ ਜੋ ਕਿਟਾਂ ਦਿੱਤੀਆਂ ਗਈਆਂ, ਉਨ੍ਹਾਂ
ਵਿੱਚ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪੰਜ-ਪੰਜ ਸੌ ਦੇ ਇੱਕ-ਇੱਕ ਨੋਟ ਦਾ ਲਿਫਾਫਾ
ਵੀ ਰਖਿਆ ਗਿਆ ਹੋਇਆ ਸੀ। ਪਤ੍ਰਕਾਰਾਂ ਨੇ ਜਦੋਂ ਇਸ ਸੰਬੰਧ ਵਿੱਚ ਪੁਛਿਆ ਤਾਂ ਇੱਕ
ਪਾਸੇ ਤਾਂ ਅਥਾਰਿਟੀ ਦੇ ਅਧਿਕਾਰੀਆਂ ਨੇ ਇਸਤੋਂ ਅਨਜਾਣਤਾ ਪ੍ਰਗਟ ਕਰ ਦਿੱਤੀ, ਉਥੇ
ਹੀ ਦੂਸਰੇ ਪਾਸੇ ਅਥਾਰਿਟੀ ਦੇ ਹੀ ਇੱਕ ਸੀਨੀਅਰ ਅਧਿਕਾਰੀ ਵਲੋਂ ਤੁਰੰਤ ਹੀ ਇਸ
ਮਾਮਲੇ ਦੀ ਜਾਂਚ ਕਰਵਾਏ ਜਾਣ ਦਾ ਭਰੋਸਾ ਦੁਆ, ਗਲ ਉਥੇ ਹੀ ਠੱਪ ਦੇਣ ਦੀ ਕੌਸ਼ਿਸ਼
ਕੀਤੀ ਗਈ। ਸੁਆਲ ਉਠਦਾ ਹੈ ਕਿ ਪਤ੍ਰਕਾਰਾਂ ਨੂੰ ਦਿੱਤੀ ਜਾਣ ਵਾਲੀ ਕਿਟ ਵਿੱਚ ਜੋ
ਪੰਜ-ਪੰਜ ਸੌ ਦੇ ਨੋਟ ਰਖੇ ਗਏ, ਉਹ ਕਿਵੇਂ ਕਿਸੇ ਜ਼ਿਮੇਂਦਾਰ ਸੀਨੀਅਰ ਅਧਿਕਾਰੀ ਦੀ
ਜਾਣਕਾਰੀ ਤੋਂ ਬਿਨਾਂ ਰਖੇ ਜਾ ਸਕਦੇ ਸਨ।
…ਅਤੇ ਅੰਤ ਵਿੱਚ : (ਪ੍ਰਾਪਤ ਅੰਸ਼) ਸਭ ਨੂੰ ਹੀ ਪਤਾ ਹੈ ਕਿ ਸਰਕਾਰ
ਲਈ ਵਿਰੋਧੀ ਧਿਰ ਇੱਕ ਅਜਿਹੀ ਝੂਠੀ ਕਸਮ ਹੁੰਦੀ ਹੈ, ਜਿਸਨੂੰ ਵਾਰ-ਵਾਰ ਤੋੜਦਿਆਂ
ਖੁਸ਼ੀ ਮਹਿਸੂਸ ਹੁੰਦੀ ਹੈ। ਟੁਟੀ-ਫੁਟੀ ਵਿਰੋਧੀ ਧਿਰ ਮਜਬੂਰੀ ਵਿੱਚ ਮਹਾਤਮਾ
ਗਾਂਧੀ ਲਗਣ ਲਗਦੀ ਹੈ। ਸਾਰੇ ਜਾਣਦੇ ਹੀ ਹਨ ਕਿ ਆਈਸੀਯੂ ਵਿੱਚ ਪਿਆ ਪਹਿਲਵਾਨ
ਕੁਸ਼ਤੀ ਨਹੀਂ ਲੜ ਸਕਦਾ। ਪਤਨੀ ਸਾਹਮਣੇ ਵੱਡੇ ਤੋਂ ਵੱਡਾ ਬਹਾਦਰ ਪਤੀ ਵੀ ਲਾਚਾਰ
ਵਿਰੋਧੀ ਧਿਰ ਹੁੰਦਾ ਹੈ। ਗ੍ਰਹਿਸਤੀ ਦਾ ਪਰਲੋਕਤੰਤਰ ਇਹੀ ਹੈ। ਅਜਕਲ ਦੀ ਰਾਜਨੀਤੀ
ਵਿੱਚ ਅੰਤਰ-ਅਤਮਾ ਦੀ ਆਵਾਜ਼ ਦਾ ਚਲਨ ਨਹੀਂ ਰਹਿ ਗਿਆ ਹੋਇਆ। ਹੁਣ ਤਾਂ ਨੇਤਾਵਾਂ
ਉਪਰ ਕੁਰਤਾ, ਵਾਸਕਟ ਆਦਿ ਸਭ ਕੁਝ ਹੁੰਦਾ ਹੈ। ਪਰ ਉਸ ਅੰਦਰ ਅੰਤਰ-ਆਤਮਾ ਨਹੀਂ
ਹੁੰਦੀ। ਆਤਮਾ ਕਦੀ ਮਰਦੀ ਨਹੀਂ, ਕਿਉਂਕਿ ਉਹ ਹੁੰਦੀ ਹੀ ਨਹੀਂ। ਕਿਸੇ ਜ਼ਮਾਨੇ
ਵਿੱਚ ਫੁਲ ਵੀ ਚੱਢੀ ਪਹਿਨ ਕੇ ਖਿੜਦੇ ਸਨ। ਅੱਜਕਲ ਰਾਜਨੀਤੀ ਵੀ ਝਟਕਾ ਨਹੀਂ
ਮਾਰਦੀ, ਹਲਾਲ ਕਰਦੀ ਹੈ। ਸਭ ਤੋਂ ਕਾਲਾ, ਕਲੰਕ ਹੀ ਹੁੰਦਾ ਹੈ, ਜੋ ‘ਸਤਿਕਾਰਤ’
ਬੰਦਿਆਂ ਦੀ ਸ਼ੋਭਾ ਵਧਾਉਂਦਾ ਹੈ। ਰਾਜਨੀਤੀ ਦੇ ਦਾਮਨ ਤੇ ਲਗਾ ਦਾਗ਼ ਛੁਪਾਇਆ ਨਹੀਂ
ਜਾਂਦਾ। ਅਪਰਾਧ ਅਤੇ ਰਾਜਨੀਤੀ ਕੀ ਹਨ? ਇੱਕ ਦੂਸਰੇ ਦੇ ਪੂਰਕ, ਅਰਥਾਤ ਇੱਕ ਚੋਲੀ
’ਤੇ ਦੂਸਰਾ ਦਾਮਨ! ਰਾਜਨੀਤੀ ਦੇ ਨੈਨ ਤਾਂ ‘ਕੱਟੇ’ ਵਰਗੇ ਹੁੰਦੇ ਹਨ – ਕਿ ‘ਗੋਲੀ
ਮਾਰੀ ਕਰੇਜਵਾ ਪੇ ਠਾਂਏ ਠਾਂਏ ਰਾਮ’। ਇਸਦੇ ਬਾਅਦ ਤਾਂ ਛੁਟ-ਭਈਏ ਵੀ ਮੰਤਰੀ ਬਣ
ਜਾਂਦੇ ਹਨ
Mobile : + 91 95 82 71 98 90
jaswantsinghajit@gmail.com
|