|
|
ਗਲ ਹੈ ਤਾਂ ਕਈ ਵਰ੍ਹੇ ਪੁਰਾਣੀ, ਪ੍ਰੰਤੂ ਸਿੱਖ ਆਗੂਆਂ ਅਤੇ ਸਿੱਖੀ ਦੀਆਂ
ਮਾਨਤਾਵਾਂ-ਪਰੰਪਰਾਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰਾਂ ਦੀ ਕਥਨੀ ਅਤੇ ਕਰਨੀ ਪੁਰ
ਅੱਜ ਵੀ ਉਹੀ ਹੈ, ਜੋ ਵਰ੍ਹਿਆਂ ਪਹਿਲਾਂ ਸੀ। ਇਹ ਗਲਾਂ ਬਹੁਤ ਕਰਦੇ ਹਨ,
ਜ਼ਮੀਨ-ਅਸਮਾਨ ਨੂੰ ਇੱਕ ਕਰ ਵਿਖਾਣ ਵਿੱਚ ਇਨ੍ਹਾਂ ਦਾ ਕੋਈ ਸਾਨੀ ਨਹੀਂ। ਗਲ ਉਸ
ਵਰ੍ਹੇ ਦੀ ਹੈ, ਜਿਸ ਵਰ੍ਹੇ ਸਿੱਖ ਪੰਥ ਵਲੋਂ ਸਿੱਖ ਇਤਿਹਤਾਸ ਨਾਲ ਸੰਬੰਧਤ ਤਿੰਨ
ਸ਼ਤਾਬਦੀਆਂ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੰਜਵੀਂ ਅਵਤਾਰ ਸ਼ਤਾਬਦੀ, ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਅਤੇ ਸਾਹਿਬਜ਼ਾਦਿਆਂ ਤੇ ਮਾਤਾ
ਗੁਜਰੀ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ, ਮਨਾਈਆਂ ਜਾਣੀਆਂ ਸਨ। ਇਨ੍ਹਾਂ
ਸ਼ਤਾਬਦੀਆਂ ਨੂੰ ਆਪਸੀ ਸਹਿਯੋਗ ਨਾਲ ਮੰਨਾਉਣ ਲਈ ਪ੍ਰੋਗਰਾਮਾਂ ਦੀ ਰੂਪ-ਰੇਖਾ
ਉਲੀਕਣ ਵਾਸਤੇ, ਇਸੇ ਵਰ੍ਹੇ ਦੇ ਅਰੰਭ ਵਿੱਚ ਦਿੱਲੀ ਵਿੱਚ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਦੀ
ਸਾਂਝੀ ਬੈਠਕ ਹੋਈ। ਇਸ ਬੈਠਕ ਵਿੱਚ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ,
ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਸਕੱਤ੍ਰ ਸ. ਮਨਜੀਤ ਸਿੰਘ ਕਲਕੱਤਾ ਅਤੇ ਦਿੱਲ਼ੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਸ. ਪ੍ਰਹਿਲਾਦ ਸਿੰਘ
ਚੰਢੋਕ ਅਤੇ ਜਨਰਲ ਸਕੱਤ੍ਰ ਸ. ਹਰਭਜਨ ਸਿੰਘ ਮਠਾਰੂ ਸ਼ਾਮਲ ਹੋਏ। ਇਨ੍ਹਾਂ ਤੋਂ
ਇਲਾਵਾ ਦੋਹਾਂ ਧਿਰਾਂ ਦੀਆਂ ਕੁਝ ਪ੍ਰਮੁਖ ਸ਼ਖਸੀਅਤਾਂ ਨੇ ਵੀ ਇਸ ਬੈਠਕ ਵਿੱਚ ਹਿਸਾ
ਲਿਆ।
ਇਸ ਬੈਠਕ ਵਿੱਚ ਦੋਹਾਂ ਧਿਰਾਂ ਵਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਅਤੇ ਦਿੱਤੇ
ਗਏ ਸੁਝਾਵਾਂ ਦੇ ਆਧਾਰ ਤੇ ਪ੍ਰੋਗਰਾਮਾਂ ਦੀ ਜੋ ਰੂਪ ਰੇਖਾ ਤਿਆਰ ਕੀਤੀ ਗਈ, ਬੈਠਕ
ਤੋਂ ਬਾਅਦ ਉਸਦੀ ਜਾਣਕਾਰੀ ਦਿੰਦਿਆਂ ਸ. ਮਨਜੀਤ ਸਿੰਘ ਕਲਕੱਤਾ ਨੇ ਦਸਿਆ ਕਿ ਬੈਠਕ
ਵਿੱਚ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਪ੍ਰੋਗਰਾਮਾਂ ਦੀ ਜੋ ਰੂਪ-ਰੇਖਾ ਉਲੀਕੀ
ਗਈ ਹੈ, ਉਸ ਅਨੁਸਾਰ ਇਕ ਤਾਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਤਕ ਮਾਰਚ ਦਾ
ਆਯੋਜਨ ਕੀਤਾ ਜਾਇਗਾ, ਇਸਤੋਂ ਬਿਨਾਂ ਸ਼੍ਰੋਮਣੀ
ਕਮੇਟੀ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀਆਂ ਕੈਸਿਟਾਂ ਤਿਆਰ ਕਰਵਾ ਕੇ
ਵੰਡੀਆਂ ਜਾਣਗੀਆਂ। ਗੁਰੂ ਸਾਹਿਬ ਦੇ ਜੀਵਨ, ਕਾਰਜਾਂ ਅਤੇ ਬਾਣੀ ਪੁਰ ਅਧਾਰਤ ਪੰਜ
ਸੈਮੀਨਾਰ ਆਯੋਜਿਤ ਕਰਨ ਦੇ ਨਾਲ ਹੀ ਇਸ ਸਬੰਧ ਵਿੱਚ ਪੰਜ ਪੁਸਤਕਾਂ ਵੀ ਛਾਪੀਆਂ
ਜਾਣਗੀਆਂ।
ਉਨ੍ਹਾਂ ਹੋਰ ਦਸਿਆ ਕਿ ਇਸ ਮੌਕੇ ਤੇ ਪੰਜ ਸੌ ਨੌਜਵਾਨਾਂ ਦਾ ਇਕ ਜਥਾ ਤਿੱਆਰ
ਕੀਤਾ ਜਾਇਗਾ, ਜਿਸਦੇ ਮੈਂਬਰ ਗਰੁਪਾਂ ਦੇ ਰੂਪ ਵਿੱਚ ਪਿੰਡ-ਪਿੰਡ ਜਾ ਕੇ ਸਿੱਖੀ
ਦਾ ਪ੍ਰਚਾਰ ਕਰਨਗੇ। ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧਤ ਫਿਲਮਾਂ ਵਿਖਾ ਕੇ
ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੁੜੇ ਰਹਿਣ ਲਈ ਉਤਸਾਹਿਤ ਕਰਨਗੇ ਅਤੇ ਵਿਰਸੇ
ਨਾਲੋਂ ਟੁੱਟ ਚੁਕਿਆਂ ਨੂੰ ਪ੍ਰੇਰ ਕੇ ਮੁੜ ਵਿਰਸੇ ਨਾਲ ਜੋੜਨਗੇ।
ਸ. ਕਲਕੱਤਾ ਨੇ ਦਸਿਆ ਇਨ੍ਹਾਂ ਤੋਂ ਇਲਾਵਾ ਹੋਰ ਜਿਨ੍ਹਾਂ ਪ੍ਰੋਗਰਾਮਾਂ ਬਾਰੇ
ਆਪਸੀ ਸਹਿਮਤੀ ਹੋਈ ਹੈ, ਉਨ੍ਹਾਂ ਅਨੁਸਾਰ ਸਾਰੇ ਖਾਲਸਾ ਸਕੂਲਾਂ ਅਤੇ ਕਾਲਜਾਂ
ਵਿੱਚ ਗੁਰਮਤਿ ਕੇਂਦਰ ਸਥਾਪਤ ਕੀਤੇ ਜਾਣਗੇ ਅਤੇ ਸਿੱਖ ਇਤਿਹਾਸ ਅਤੇ ਧਰਮ ਨਾਲ
ਸਬੰਧਤ ਸੀਰੀਅਲ ਤਿਆਰ ਕਰਵਾ ਕੇ ਵੱਖ-ਵੱਖ ਟੀਵੀ ਚੈਨਲਾਂ ਪੁਰ ਪ੍ਰਸਾਰਤ ਕਰਵਾਏ
ਜਾਣਗੇ, ਤਾਂ ਜੋ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਤੇ ਸਿੱਖਾਂ ਵਲੋਂ ਮਾਨਵਤਾ ਦੀਆਂ
ਕਦਰਾਂ-ਕੀਮਤਾਂ ਦੀ ਰਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਸੰਸਾਰ ਜਾਣੂ ਹੋ
ਸਕੇ ਅਤੇ ਵਿਸ਼ਵ-ਭਰ ਵਿੱਚ ਸਿੱਖਾਂ ਦਾ ਮਾਣ-ਸਤਿਕਾਰ ਵੱਧ ਸਕੇ। ਇਸਤੋਂ ਬਿਨਾਂ ਇਹ
ਫੈਸਲਾ ਵੀ ਕੀਤਾ ਗਿਆ ਕਿ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ – ਸਿੰਘ ਸਭਾਵਾਂ,
ਸੋਸਾਇਟੀਆਂ ਆਦਿ ਦਾ ਸਹਿਯੋਗ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ
ਸਬੰਧ ਵਿੱਚ ਸਮਾਗਮ ਅਤੇ ਉਸਦੇ ਸਰਬ-ਸਾਂਝੇ ਸੰਦੇਸ਼ ਨੂੰ ਸੰਸਾਰ ਭਰ ਵਿੱਚ ਪ੍ਰਚਾਰਨ
ਤੇ ਪਹੁੰਚਾਣ ਦੇ ਉਪਰਾਲੇ ਕੀਤੇ ਜਾਣਗੇ।
ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਦਸ ਹਜ਼ਾਰ ਸਿੱਖ ਨੌਜਵਾਨਾਂ ਦਾ ਇਕ ਇਕੱਠ
ਕਰਕੇ ਉਨ੍ਹਾਂ ਨੂੰ ਸਿੱਖੀ ਦੀ ਰਹਿਤ, ਬਾਣੀ ਅਤੇ ਬਾਣੇ ਦੀ ਮਹਤੱਤਾ ਅਤੇ ਨਸ਼ਿਆਂ
ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਇਗਾ। ਸ੍ਰੀ ਅਨੰਦਪੁਰ ਸਾਹਿਬ ਵਿਖੇ
ਬੀਬੀਆਂ, ਜਿਨ੍ਹਾਂ ਨੇ ਭਵਿਖ ਦੀ ਪੀੜੀ ਦੀ ਸੰਭਾਲ ਕਰਨੀ ਹੈ ਅਤੇ ਲੜਕਿਆਂ,
ਜਿਨ੍ਹਾਂ ਨੇ ਭਵਿਖ ਦਾ ਵਾਰਸ ਬਣਨਾ ਹੈ, ਦੇ ਗੁਰਮਤਿ ਕੈਂਪ ਲਾਏ ਜਾਣਗੇ। ਸੰਗਤਾਂ
ਨੂੰ ਹਰ ਮਹੀਨੇ ਦੀ ਪੰਜ ਤਾਰੀਖ ਨੂੰ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜੇ,
ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਦੀ ਯਾਤਰਾ ਕਰਵਾਉਣ ਅਤੇ ਉਥੋਂ ਦੇ ਇਤਿਹਾਸ
ਬਾਰੇ ਜਾਣਕਾਰੀ ਉਪਲਬੱਧ ਕਰਵਾਉਣ ਦੇ ਪ੍ਰਬੰਧ ਕੀਤੇ ਜਾਣਗੇ।
ਇਤਨਾ ਹੀ ਨਹੀਂ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਪ੍ਰੋਗਰਾਮ ਉਲੀਕੇ ਗਏ,
ਜਿਨ੍ਹਾਂ ਅਨੁਸਾਰ ਦਿੱਲੀ, ਮੁੰਬਈ, ਕਲਕੱਤਾ ਅਤੇ ਨਾਗਪੁਰ ਤੋਂ ਇਲਾਵਾ ਵਿਦੇਸ਼ਾਂ
ਵਿੱਚ ਅਜਿਹੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣੇ ਸਨ, ਜਿਨ੍ਹਾਂ ਦਾ ਵਾਤਾਵਰਣ
ਪੂਰਣ ਰੂਪ ਸਿੱਖੀ ਦਾ ਸਿਰਜਿਆ ਗਿਆ ਹੋਵੇਗਾ। ਦੇਸ ਦੇ ਵੱਖ-ਵੱਖ ਹਿਸਿਆਂ ਵਿੱਚ ਵਸ
ਰਹੇ ਅਤੇ ਅਣਗੋਲੇ ਕੀਤੇ ਗਏ ਹੋਏ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਪੰਥ ਨਾਲ ਜੋੜਨ
ਦੇ ਉਪਰਾਲੇ ਕਰਨੇ ਅਤੇ ਬਾਣੀ ਦੇ ਸ਼ੁਧ ਉਚਾਰਣ ਦੀ ਸਿਖਿਆ ਦੇਣ ਦੇ ਵਿਸ਼ੇਸ਼ ਉਪਰਾਲੇ
ਕਰਨੇ ਆਦਿ।
ਡਾ. ਜਸਪਾਲ ਸਿੰਘ (ਸਾਬਕਾ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਲੋਂ
ਦਿਤੇ ਗਏ ਸੁਝਾਵ ਅਨੁਸਾਰ ਦੋ-ਪੜਾਵੀ, ਘਟ ਸਮੇਂ ਦੇ ਅਤੇ ਲੰਮੇਂ ਸਮੇਂ ਦੇ
ਵੱਖ-ਵੱਖ ਪ੍ਰੋਗਰਾਮ ਉਲੀਕਣ ਦਾ ਫੈਸਲਾ ਵੀ ਕੀਤਾ ਗਿਆ। ਉਨ੍ਹਾਂ ਸੁਝਾਉ ਦਿੱਤਾ ਕਿ
ਇਨ੍ਹਾਂ ਸ਼ਤਾਬਦੀਆਂ ਦੀ ਗਲ ਕੇਵਲ ਗੁਰਮੁਖੀ ਵਿੱਚ ਹੀ ਨਾ ਹੋਵੇ। ਬਾਣੀ ਦੇ ਸੰਦੇਸ਼
ਨੂੰ ਸਰਬ-ਵਿਆਪੀ ਬਣਾਉਣ ਲਈ ਹੋਰ ਭਾਸ਼ਾਵਾਂ ਵਿੱਚ ਵੀ, ਉਸਨੂੰ ਭਾਵ-ਅਰਥਾਂ ਸਹਿਤ
ਛਾਪ ਕੇ ਵੰਡਿਆ ਜਾਏ। ਇਸੇ ਉਦੇਸ਼ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ
ਸਕੂਲ ਆਫ ਲੈਗੁਏਜੇਜ਼ ਦੀ ਵੀ ਸਥਾਪਨਾ ਕੀਤੀ ਜਾਏ। ਸਾਹਿਬਜ਼ਾਦਿਆਂ ਦੇ ਨਾਂ ਤੇ
ਚਾਰ ਸਕੂਲ ਕਾਇਮ ਕੀਤੇ ਜਾਣ ਅਤੇ ਮਾਤਾ ਗੁਜਰੀ ਜੀ ਦੇ ਨਾਂ ਤੇ ਅਜਿਹੀ
ਇੰਸਟੀਚਿਊਟ ਕਾਇਮ ਕੀਤੀ ਜਾਏ, ਜਿਸ ਰਾਹੀਂ ਸਿੱਖ ਧਰਮ ਵਿੱਚ ਇਸਤ੍ਰੀ ਦੇ
ਸਥਾਨ ਦੇ ਸੰਦੇਸ਼ ਨੂੰ ਪ੍ਰਚਾਰਿਆ ਜਾ ਸਕੇ। ਇਹ ਵੀ ਕਿਹਾ ਗਿਆ ਕਿ ਸ੍ਰੀ ਗੁਰੂ
ਗ੍ਰੰਥ ਸਾਹਿਬ ਬਾਰੇ ਇਕ ‘ਇੰਟਰ-ਫੇਥ’ ਸੰਸਥਾ ਦੀ ਸਥਾਪਨਾ ਕੀਤੀ ਜਾਇਗੀ। ਖਾਲਸਾ
ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਦੇ 15-15 ਦਿਨਾਂ ਕੈਂਪ ਲਾਏ ਜਾਣਗੇ,
ਜਿਨ੍ਹਾਂ ਵਿੱਚ ਸਿੱਖੀ ਜੀਵਨ ਜਾਚ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਬਾਰੇ ਜਾਣਕਾਰੀ
ਦਿਤੀ ਜਾਇਗੀ।
ਇਨ੍ਹਾਂ ਸਾਰੇ ਫੈਸਲਿਆਂ ਅਤੇ ਉਲੀਕੇ ਗਏ ਪ੍ਰੋਗਰਾਮਾਂ ਪੁਰ ਅਮਲ ਕਰਨ ਲਈ
ਵੱਖ-ਵੱਖ ਕਮੇਟੀਆਂ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ, ਜਿਨ੍ਹਾਂ ਦਾ ਕੇਂਦਰੀ
ਕਮੇਟੀ ਦੇ ਨਾਲ ਸੰਪਰਕ ਕਾਇਮ ਰਹੇਗਾ।
ਇਸ ਮੌਕੇ ਤੇ ਜ. ਗੁਰਚਰਨ ਸਿੰਘ ਟੌਹੜਾ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਇਹ ਵੀ
ਦਸਿਆ ਕਿ ਸਿੱਖੀ ਨੂੰ ਕੇਵਲ ਬਾਹਰਲੇ ਵਿਰੋਧੀਆਂ ਤੋਂ ਹੀ ਨਹੀਂ, ਸਗੋਂ ਅੰਦਰੋਂ
ਆਪਣਿਆਂ ਵਲੋਂ ਵੀ ਚੁਨੌਤੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਜਿਥੇ
ਕਿ ਸਿੱਖੀ ਦੀਆਂ ਜੜਾਂ ਹਨ, ਵਿੱਚ ਹੀ ਸਿੱਖੀ ਨੂੰ ਢਾਹ ਲਗ ਰਹੀ ਹੈ। ਉਨ੍ਹਾਂ
ਸਵੀਕਾਰ ਕੀਤਾ ਕਿ ਜਿਨ੍ਹਾਂ ਨੇ ਸਿੱਖੀ ਪ੍ਰਤੀ ਵਚਨਬੱਧਤਾ ਨਿਭਾਹੁਣੀ ਸੀ, ਉਨ੍ਹਾਂ
ਦੇ ਬੱਚੇ ਹੀ ਪਤਿਤ ਹੋ ਗਏ ਹਨ। ਉਨ੍ਹਾਂ ਦਸਿਆ ਕਿ ਸਿੱਖੀ ਦੀ ਭਾਵਨਾ ਤਾਂ ਹੈ,
ਪ੍ਰੰਤੂ ਦਾੜ੍ਹੀ ਕੇਸ ਨਹੀਂ ਹਨ, ਜੋ ਕਿ ਬਹੁਤ ਚਿੰਤਾ ਦੀ ਗਲ ਹੈ। ਉਨ੍ਹਾਂ ਇਹ ਵੀ
ਮੰਨਿਆ ਕਿ ਵਿਦਿਆਰਥੀਆਂ ਰਾਹੀਂ ਹੀ ਪਤਿਤ-ਪੁਣੇ ਵਿਰੁਧ ਲਹਿਰ ਪੈਦਾ ਕਰ ਕੇ ਇਸਨੂੰ
ਠਲ੍ਹ ਪਾਈ ਜਾ ਸਕਦੀ ਹੈ।
ਇਨ੍ਹਾਂ ਫੈਸਲਿਆਂ ਪੁਰ ਕਿਤਨਾ-ਕੁ ਅਮਲ ਹੋਇਆ ਇਹ ਤਾਂ ਸ਼੍ਰੋਮਣੀ ਕਮੇਟੀ ਅਤੇ
ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀ ਹੀ ਦਸ ਸਕਦੇ ਹਨ। ਪ੍ਰੰਤੂ ਜਿਥੋਂ ਤਕ ਸਾਡੀ
ਜਾਣਕਾਰੀ ਕੰਮ ਕਰਦੀ ਹੈ, ਉਸ ਅਨੁਸਾਰ ਇਨ੍ਹਾਂ ਪ੍ਰੋਗਰਾਮਾਂ ਵਿਚੋਂ ਸ਼ਾਇਦ ਹੀ
ਕਿਸੇ ਇੱਕ ਪੁਰ ਵੀ ਈਮਾਨਦਾਰੀ ਨਾਲ ਅਮਲ ਕੀਤਾ ਗਿਆ ਹੋਵੇ। ਇਤਨਾ ਜ਼ਰੂਰ ਕਿਹਾ ਜਾ
ਸਕਦਾ ਹੈ ਕਿ ਜੇ ਇਨ੍ਹਾਂ ਪ੍ਰੋਗਰਾਮਾਂ ਪੁਰ ਇਮਾਨਦਾਰੀ ਨਾਲ ਅਮਲ ਕੀਤਾ ਜਾਂਦਾ
ਤਾਂ ਸ਼ਾਇਦ ਅੱਜ ਪੰਜਾਬ ਵਿੱਚ ਜੋ ਸਿੱਖੀ ਨਾਲੋਂ ਟੁੱਟਦੇ ਜਾ ਰਹੇ ਨੌਜਵਾਨਾਂ ਦੀਆਂ
ਡਾਰਾਂ ਵੇਖਣ ਨੂੰ ਮਿਲ ਰਹੀਆਂ ਹਨ, ਉਹ ਨਾ ਮਿਲਦੀਆਂ ਅਤੇ ਨਾ ਹੀ ਇਸਦੀ ਹਵਾ
ਪੰਜਾਬੋਂ ਬਾਹਰ ਵਲ ਨੂੰ ਵਧਣੀ ਸ਼ੁਰੂ ਹੋ ਸਕਦੀ।
ਕੁਝ ਹੋਰ ਪਿਛੋਕੜ ਵਲ ਝਾਤ : ਇਨ੍ਹਾਂ ਸ਼ਤਾਬਦੀਆਂ ਤੋਂ ਪਹਿਲਾਂ ਸਿੱਖ
ਪੰਥ ਵਲੋਂ ਨੌਂ ਸ਼ਤਾਬਦੀਆਂ ਮਨਾਈਆਂ ਗਈਆਂ ਸਨ। ਪਰ ਕਦੀ ਵੀ ਨਵੀਂ ਸ਼ਤਾਬਦੀ ਮੰਨਾਉਣ
ਤੋਂ ਪਹਿਲਾਂ ਬੀਤੇ ਵਿੱਚ ਮਨਾਈਆਂ ਜਾਂਦੀਆਂ ਰਹੀਆਂ ਸ਼ਤਾਬਦੀਆਂ ਦੀਆਂ ਪ੍ਰਾਪਤੀਆਂ,
ਸਫਲਤਾਵਾਂ ਅਤੇ ਅਸਫਲਤਾਵਾਂ ਦਾ ਲੇਖਾ-ਜੋਖਾ ਨਹੀਂ ਕੀਤਾ ਗਿਆ। ਨਤੀਜਾ ਇਹੀ ਹੁੰਦਾ
ਚਲਿਆ ਆ ਰਿਹਾ ਹੈ ਕਿ ਨਵੇਂ ਤੋਂ ਨਵੇਂ ਪ੍ਰੋਗਰਾਮ ਬਣਦੇ ਚਲੇ ਤਾਂ ਆਏ, ਪਰ ਅਮਲ
ਪਖੋਂ ਤਰਸਦੇ ਹੀ ਰਹੇ। ਸ਼ਤਾਬਦੀਆਂ ਤਾਂ ਇੱਕ ਤੋਂ ਬਾਅਦ ਇੱਕ ਕਰਕੇ ਬੀਤਦੀਆਂ
ਚਲੀਆਂ ਗਈਆਂ, ਪਰ ਸਿੱਖੀ ਬਚ ਨਹੀਂ ਪਾਈ। ਦਿਨ-ਬ-ਦਿਨ ਉਸਨੂੰ ਖੋਰਾ ਲਗਦਾ ਚਲਿਆ
ਜਾ ਰਿਹਾ ਹੈ। ਨਾ ਤਾਂ ਦੇਸ਼ ਦੇ ਦੂਰ-ਦਰਾਜ਼ ਇਲਾਕਿਆਂ ਵਿੱਚ ਵਸਦੇ ਅਤੇ ਅਣਗੋਲੇ
ਕੀਤੇ ਜਾਂਦੇ ਚਲੇ ਆ ਰਹੇ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਨਾਲ ਜੋੜਿਆ ਗਿਆ ਹੈ
ਅਤੇ ਨਾ ਹੀ ਟੁੱਟਦੇ ਜਾ ਰਿਹਾਂ ਦੀ ਸੁਧ ਲਈ ਗਈ ਹੈ।
ਸਿੱਖ ਸੰਸਥਾਂਵਾਂ ਦਾ ਸਾਰਾ ਜ਼ੋਰ ਸੈਮੀਨਾਰ, ਮਾਰਚ, ਕੀਰਤਨ ਦਰਬਾਰ, ਅੰਮ੍ਰਿਤ
ਸੰਚਾਰ ਸਮਾਗਮ ਕਰਾਣ ਪੁਰ ਲਗਣ ਦੇ ਨਾਲ ਹੀ ਅਜਿਹਾ ਧਾਰਮਕ ਸਾਹਿਤ ਸਿਰਜਣ ਅਤੇ
ਪ੍ਰਕਾਸ਼ਤ ਕਰਵਾਣ ਤੇ ਲਗਦਾ ਰਿਹਾ ਹੈ, ਜੋ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੋਣ
ਕਾਰਣ ਕੇਵਲ ਲਾਇਬ੍ਰੇਰੀਆਂ ਦਾ ਹੀ ਸ਼ਿੰਘਾਰ ਬਣ ਸਕਦਾ ਸੀ।
…ਅਤੇ ਅੰਤ ਵਿੱਚ : ਚਾਹੀਦਾ ਤਾਂ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ
ਜੀ ਦੀਆਂ ਉਦਾਸੀਆਂ, ਗੁਰੂ ਨਾਨਕ ਦੇਵ ਜੀ ਦੀਆਂ ਨੌਂ ਜੋਤਾਂ ਦੀਆਂ ਪ੍ਰਚਾਰ
ਫੇਰੀਆਂ ਅਤੇ ਉਨ੍ਹਾਂ ਦੇ ਸਮੇਂ ਵਿੱਚ ਪ੍ਰਚਲਤ ਰਹੀਆਂ ਪ੍ਰਭਾਤ ਫੇਰੀਆਂ ਦੇ
ਉਦੇਸ਼ਾਂ ਅਤੇ ਉਨ੍ਹਾਂ ਦੀ ਮੂਲ-ਭਾਵਨਾ ਨੂੰ ਸਮਝ ਕੇ ਉਨ੍ਹਾਂ ਤੋਂ ਮਾਰਗ-ਦਰਸ਼ਨ ਲਿਆ
ਜਾਂਦਾ। ਸੇਵਾ, ਸਿਮਰਨ, ਕਿਰਤ ਕਰਨ ਅਤੇ ਵੰਡ ਛਕੱਣ ਦੇ ਉਪਦੇਸ਼ਾਂ ਨੂੰ ਸਮਝਿਆ
ਜਾਂਦਾ ਅਤੇ ਇਸਦੇ ਲਾਭਾਂ ਨੂੰ ਘੋਖ ਕੇ ਪ੍ਰਚਾਰਿਆ ਜਾਂਦਾ। ਪਰ ਇੱਥੇ ਤਾਂ
ਸਕਾਰਾਤਮਕ ਘੋਖ ਕਰਨ ਤੇ ਉਸਤੋਂ ਲਾਭ ਉਠਾਣ ਦੀ ਬਜਾਏ ਨਕਾਰਾਤਮਕਤਾ ਦਾ ਸਹਾਰਾ ਲਿਆ
ਜਾਂਦਾ ਹੈ, ਜੋ ਸਿੱਖੀ ਤੋਂ ਕੋਹਾਂ ਦੂਰ ਧੱਕਣ ਵਿੱਚ ਹੀ ਮਦਦਗਾਰ ਸਾਬਤ ਹੋ ਰਹੀ
ਹੈ।
Mobile : + 91 95 82 71 98 90
jaswantsinghajit@gmail.com
|