WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ


 

ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ ਦੀ ਮਾਂ, ਦਾਦੀ ਅਤੇ ਹੋਰ ਰਿਸ਼ਤੇਦਾਰ ਸ਼ਰੀਕੇ ’ਚ ਸ਼ਗਨਾਂ ਦਾ ਗੁੜ ਅਤੇ ਰਿਉੜੀਆਂ ਮੁੰਗਫਲੀ ਦੇ ਨਾਲ ਵੰਡਣ ਝੁੰਡ ਬਣਾ ਕੇ ਤੁਰ ਪੈਂਦੇ ਹਨ। ਹਾਲਾਂਕਿ ਬਦਲਦੇ ਜਮਾਨੇ ਨੇ ਇਸ ਰਸਮ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ ਅਤੇ ਹੁਣ ਇਨਾਂ ਦੀ ਥਾਂ ਗੱਚਕ ਰਿਉੜੀਆਂ ਦੇ ਡੱਬਿਆਂ ਨੇ ਲੈ ਲਈ ਹੈ, ਗੁੜ ਵੰਡਣ ਦਾ ਰਿਵਾਜ ਤਾਂ ਲਗਭਗ ਖਤਮ ਹੀ ਹੋ ਗਿਆ ਹੈ ਪਰ ਫੇਰ ਵੀ ਸਾਡਾ ਇਹ ਸਭਿਆਚਾਰ ਸਾਡੇ ਪੇਂਡੂ ਖੇਤਰਾਂ ਵਿਚ ਕਿਤੇ ਕਿਤੇ ਸਿਸਕ ਰਿਹਾ ਹੈ।

ਲੋਹੜੀ ਤੋਂ ਕੁੱਝ ਦਿਨ ਪਹਿਲਾਂ ਗਲ਼ੀ ਮੁਹੱਲੇ ਦੀਆਂ ਛੋਟੀਆਂ ਛੋਟੀਆਂ ਕੁੜੀਆਂ ਅਤੇ ਨਿੱਕੇ ਨਿੱਕੇ ਬਾਲ ਆਪਣੇ ਗਰੁੱਪ ਬਣਾ ਕੇ ਲੋਹੜੀ ਮੰਗਣ ਤੁਰ ਪੈਂਦੇ ਹਨ। ਲੋਹੜੀ ਤੋਂ ਪਹਿਲੇ ਦਿਨਾਂ ਵਿਚ ਲੋਹੜੀ ਆਮ ਤੌਰ ਤੇ ਛੋਟੇ ਬੱਚੇ ਹੀ ਮੰਗਦੇ ਹਨ ਅਤੇ ਇਨਾਂ ਨੂੰ ਲੋਹੜੀ ਦੇਣਾ ਵੀ ਸ਼ਗਨ ਮੰਨਿਆ ਜਾਂਦਾ ਰਿਹਾ ਹੈ। ਇਹ ਲੋਹੜੀ ਮੰਗਣ ਦਾ ਤਰੀਕਾ ਸੰਗੀਤਮਈ ਹੁੰਦਾ ਹੀ ਹੈ।

ਸੁੰਦਰ ਮੁੰਦਰੀਏ! ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ!
ਸੇਰ ਸ਼ੱਕਰ ਪਾਈ ਹੋ!
ਕੁੜੀ ਦੀ ਝੋਲੀ ਪਾਈ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ ਹੋ!
ਚਾਚਾ ਗਾਲੀ ਦੇਸੇ ਹੋ!
ਚਾਚੇ ਚੂਰੀ ਕੁੱਟੀ ਹੋ!
ਜਿਮੀਦਾਰਾਂ ਲੁੱਟੀ ਹੋ!
ਜਿਮੀਦਾਰ ਸਦਾਓ ਹੋ!
ਗਿਣ ਗਿਣ ਪੋਲੇ ਆਓ! ਹੋ!
ਕੁੜੀ ਦਾ ਸੋਹਰਾ ਆਇਆ ਹੋ!
ਉਹਦੀ ਲੰਮੀ ਦਾਹੜੀ ਹੋ!
ਉੱਤੇ ਧਰਾਂ ਅੰਗਿਆਰੀ ਹੋ!
ਉੱਤੋਂ ਫੂਕ ਮਾਰੀ ਹੋ!
ਉਹਦੀ ਸੜ ਗਈ ਦਾਹੜੀ ਹੋ!

ਲੋਹੜੀ ਦੇ ਇਨਾਂ ਮੁੰਡਿਆਂ ਵਲੋਂ ਗਾਏ ਜਾਂਦੇ ਗੀਤਾਂ ਵਿਚ ਵੀਰ ਰਸ ਹੁੰਦਾ ਹੈ ਅਤੇ ਕੁੜੀਆਂ ਦੇ ਗੀਤਾਂ ਵਿਚ ਵੀਰਾਂ ਦੇ ਵਿਆਹ ਕੁੜਮਾਈ ਅਤੇ ਭਤੀਜਿਆਂ ਦੇ ਜਨਮ ਲਈ ਸ਼ੁਭ ਇਛਾਵਾਂ ਅਤੇ ਅਸੀਸਾਂ ਹੁੰਦੀਆਂ ਹਨ।

ਗੁੜ ਰੋੜੀਆਂ ਸੀ, ਨੀ ਭਾਈਆਂ ਜੋੜੀਆਂ ਸੀ।
ਨਿੱਕੀ ਨਿੱਕੀ ਮੰਜੀ ਦੇ ਰੰਗੀਲੇ ਪਾਵੇ,
ਵੀਰੇ ਦੇ ਘਰ ਬੇਟਾ ਹੋਵੇ, ਵੱਡਾ ਹੋਵੇ, ਵਡੇਰਾ ਹੋਵੇ,
ਨੀਲੀ ਘੋੜੀ ਚੜ ਚੜ ਆਵੇ,
ਲੈ ਲਾ ਨੀ ਭਾਬੋ ਆਪਣੀ ਨੂੰਹ,

ਭਾਵੇਂ ਪੀੜੀ ਤੇ ਬਿਠਾਲ, ਭਾਵੇਂ ਪੱਟ ਤੇ ਬਿਠਾਲ, ਘੁੰਡ ਚੱਕ ਕੇ ਦਿਖਾਲ।

ਇਸ ਤਰਾਂ ਘਰਾਂ ’ਚੋ ਇਕੱਠੀਆਂ ਕੀਤੀਆਂ ਪਾਥੀਆਂ ਅਤੇ ਲਕੜਾਂ ਨੂੰ ਬੱਚੇ ਕਿਸੇ ਇਕ ਦੇ ਘਰ ’ਚ ਇਕੱਠਾ ਕਰਦੇ ਰਹਿੰਦੇ ਹਨ ਅਤੇ ਲੋਹੜੀ ਵਾਲੇ ਦਿਨ ਮੁਹੱਲੇ ਦੀ ਸਾਂਝੀ ਧੂਨੀ ਲਗਾ ਕੇ ਲੋਹੜੀ ਮਨਾਉਂਦੇ ਹਨ। ਪਿਛਲੇ ਲਗਪਗ ਡੇਢ ਕੁ ਦਹਾਕਿਆਂ ਦੋਂ ਇਸ ਤਰਾਂ ਲੋਹੜੀ ਮੰਗਣ ਦਾ ਰਿਵਾਜ ਲਗਭਗ ਖਤਮ ਜਿਹਾ ਹੋ ਗਿਆ ਹੈ ਅਤੇ ਹੁਣ ਲੋਹੜੀ ਪਾਥੀਆਂ ਅਤੇ ਲਕੜਾਂ ਨੂੰ ਖਰੀਦ ਕੇ ਸਿੱਧੇ ਤੌਰ ਤੇ ਮਨਾਉਣੀ ਸ਼ੁਰੂ ਹੋ ਗਈ ਹੈ। ਬੱਚੇ ਵੀ ਹੁਣ ਲੋਹੜੀ ਮੰਗਣ ਵਿਚ ਹੱਤਕ ਮਹਿਸੂਸ ਕਰਨ ਲੱਗ ਪਏ ਹਨ।

ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਲੋਹੜੀ ਦਾ ਇਹ ਤਿਉਹਾਰ ਅਪਾਰ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ। ਵੰਡ ਤੋਂ ਪਹਿਲਾ ਇਹ ਤਿਉਹਾਰ ਅੱਜ ਦੇ ਪਾਕਿਸਤਾਨ ਦੇ ਕਈ ਹਿੱਸਿਆਂ ਗੁਜਰਾਂਵਾਲਾ, ਸਿਆਲਕੋਟ, ਲਾਹੌਰ, ਲਾਇਲਪੁਰ, ਜੇਹਲਮ ਤੇ ਗੰਜੀਬਾਰ ਇਲਾਕਿਆਂ ਵਿਚ ਮਨਾਉਣ ਦਾ ਵੀ ਰਿਵਾਜ਼ ਰਿਹਾ ਹੈ। ਲੋਹੜੀ ਦੇ ਤਿਉਹਾਰ ਨਾਲ ਸੰਬੰਧਤ ਜਿਹੜੀ ਦੁੱਲਾ ਭੱਟੀ ਦੀ ਕਹਾਣੀ ਪ੍ਰਸਿਧ ਹੈ, ਉਹ ਵੀ ਗੰਜੀਬਾਰ ਇਲਾਕੇ ਨਾਲ ਹੀ ਸੰਬੰਧਤ ਹੈ।

ਅੱਜ ਕੱਲ ਲੋਹੜੀ ਮੰਗਣ ਵਾਲਿਆਂ ਨੂੰ ਇਨਾਂ ਵਿਚੋਂ ਬਹੁਤੇ ਤਾਂ ਚੇਤੇ ਹੀ ਨਹੀਂ ਹੁੰਦੇ। ਇਹ ਸਾਡੇ ਪੰਜਾਬੀ ਸਭਿਆਚਾਰ ਦੀ ਵਿਡੰਬਣਾ ਹੈ ਕਿ ਇਨਾਂ ਗੀਤਾਂ ਨਾਲ ਸਾਡੀਆਂ ਮੋਜੂਦਾ ਪੀੜੀਆਂ ਜਾਣੂ ਨਹੀਂ ਹਨ ਅਤੇ ਅਸੀਂ ਸਿਰਫ ‘ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰ ਹੋ’ ਨੂੰ ਹੀ ਲੋਹੜੀ ਦਾ ਗੀਤ ਬਣਾਈ ਅਤੇ ਸਮਝੀ ਬੈਠੇ ਹਾਂ। ਇਹ ਗੀਤ ਤਾਂ ਲੋਹੜੀ ਦੇ ਗੀਤਾਂ ਦਾ ਇਕ ਅੰਸ਼ ਹੈ ਅਤੇ ਦੁੱਲੇ ਭੱਟੀ ਵਲੋ ਕੀਤੇ ਸ਼ਾਨਦਾਰ ਕੰਮ ਦੀ ਸ਼ਲਾਘਾ ਅਤੇ ਉਸ ਨੂੰ ਸ਼ਾਬਾਸ਼ੀ ਹੈ।

ਕਹਿੰਦੇ ਹਨ ਕਿ ਮੌਜੂਦਾ ਪਾਕਿਸਤਾਨ ਦੇ ਗੰਜੀਬਾਰ ਇਲਾਕੇ (ਅੱਜਕਲ ਦਾ ਬਹਾਵਲਨਗਰ ਖੇਤਰ) ’ਚ ਇਕ ਬ੍ਰਾਹਮਣ ਰਹਿੰਦਾ ਸੀ। ਉਸਦੀਆਂ ਦੋ ਬਹੁਤ ਹੀ ਸੁਨੱਖੀਆਂ ਧੀਆਂ ਸਨ, ਜਿਨਾ ਨਾਂ ਸੁੰਦਰੀ ਅਤੇ ਮੁੰਦਰੀ ਸੀ। ਹਰ ਕੋਈ ਉਸਦੀ ਸੁੰਦਰਤਾ ਦਾ ਦੀਵਾਨਾ ਸੀ। ਉਹ ਅਕਬਰ ਦੇ ਗੰਜੀਬਾਰ ਇਲਾਕੇ ਦੇ ਮੁਗਲ ਅਹਿਲਕਾਰ ਦੀ ਨਜ਼ਰੀਂ ਚੜ ਗਈਆਂ। ਉਸ ਨੇ ਸੁੰਦਰੀ–ਮੁੰਦਰੀ ਦੇ ਬ੍ਰਾਹਮਣ ਪਿਤਾ ਨੂੰ ਲਾਲਚ ਭਰਪੂਰ ਇਕ ਸੁਨੇਹਾ ਭੇਜ ਕੇ ਹਿਦਾਇਤ ਕੀਤੀ ਕਿ ਉਹ ਸੁੰਦਰੀ ਅਤੇ ਮੁੰਦਰੀ ਨੂੰ ਉਸ ਦੇ ਹਰਾਮ ਵਿਚ ਭੇਜ ਦੇਵੇ। ਸੁਨੇਹਾ ਸੁਣਦੇ ਹੀ ਬ੍ਰਾਹਮਣ ਆਪਣੀ ਧੀ ਨੂੰ ਲੈ ਕੇ ਲਾਗਲੇ ਪਿੰਡੀ ਭੱਟੀਆਂ ਖੇਤਰ ਦੇ ਜੰਗਲਾਂ ਵੱਲ ਨੂੰ ਤੁਰ ਪਿਆ ਜਿੱਥੇ ਉਸ ਵੇਲੇ ਦਾ ਪ੍ਰਸਿਧ ਡਾਕੂ ਦੁੱਲਾ ਭੱਟੀ ਰਹਿੰਦਾ ਸੀ। ਉਸ ਨੇ ਸਾਰੀ ਗੱਲ ਜਾ ਕੇ ਦੁੱਲਾ ਭੱਟੀ ਨੂੰ ਸੁਣਾਈ। ਦੁੱਲਾ ਭੱਟੀ ਨੇ ਉਨਾਂ ਕੁੜੀਆਂ ਲਈ ਯੋਗ ਵਰ ਲੱਭ ਕੇ ਅਤੇ ਉਨਾਂ ਨੂੰ ਆਪਣੀ ਧੀ ਸਮਝ ਕੇ ਵਿਆਹ ਦਿੱਤਾ। ਇਹ ਵਿਆਹ ਰਾਤ ਦੇ ਸਮੇਂ ਵਿੱਚ ਹੋਇਆ। ਉਸ ਵੇਲੇ ਦੁੱਲਾ ਭੱਟੀ ਕੋਲ ਉਸ ਨੂੰ ਦੇਣ ਲਈ ਕੁਝ ਵੀ ਨਹੀ ਸੀ। ਇਸ ਲਈ ਉਸ ਨੇ ਇਕ ਸੇਰ ਸ਼ੱਕਰ ਅਤੇ ਕੁੱਝ ਤਿਲ ਦੇ ਕੇ ਉਨਾਂ ਨੂੰ ਵਿਦਾ ਕਰ ਦਿੱਤਾ। ਅਗਲੀ ਸਵੇਰ ਜਦੋਂ ਗੰਜੀਬਾਰ ਇਲਾਕੇ ਦੇ ਮੁਗਲ ਅਹਿਲਕਾਰ ਨੂੰ ਸੁੰਦਰੀ ਅਤੇ ਮੁੰਦਰੀ ਦੇ ਵਿਆਹ ਦੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਇਲਾਕੇ ਨੂੰ ਘੇਰਨ ਅਤੇ ਦੁੱਲਾ ਭੱਟੀ ਨੂੰ ਮਾਰਨ ਦਾ ਹੁੱਕਮ ਦਿੱਤਾ। ਗੰਜੀਬਾਰ ਇਲਾਕੇ ਦੇ ਅਵਾਮ ਅਤੇ ਦੁੱਲਾ ਭੱਟੀ ਨੇ ਫੋਜ ਨੂੰ ਖਦੇੜ ਦਿੱਤਾ। ਇਸ ਖੁਸ਼ੀ ਵਿਚ ਇਲਾਕੇ ਦੇ ਲੋਕਾਂ ਨੇ ਧੂਨੀਆਂ ਜਲਾ ਕੇ ਖੁਸ਼ੀ ਮਨਾਈ। ਇਸੇ ਦੁੱਲਾ ਭੱਟੀ ਨੂੰ ਯਾਦ ਕਰਦਿਆ ਇਹ ਗੀਤ ਲੋਹੜੀ ਮੰਗਣ ਵੇਲੇ ਜਰੂਰ ਗਾਇਆ ਜਾਂਦਾ ਹੈ।

ਪਰ ਅੱਜ ਕਲ ਜਮਾਨਾ ਬਦਲ ਗਿਆ ਹੈ। ਜਿਸ ਹਿਸਾਬ ਨਾਲ ਮੁੰਡਿਆਂ ਅਤੇ ਕੁੜੀਆਂ ਦੀ ਅਨੁਪਾਤ ਵਿਚ ਅੰਤਰ ਆ ਰਿਹਾ ਹੈ, ਉਸ ਹਿਸਾਬ ਨਾਲ ਪਿਛਲੇ ਕੁਝ ਕੁ ਸਾਲਾਂ ਤੋਂ ਲੋਕਾਂ ਦਾ ਧਿਆਨ ਕੁੜੀਆਂ ਦੀ ਲੋਹੜੀ ਮਨਾਉਣ ਵੱਲ ਵੀ ਹੋਇਆ ਹੈ। ਕੁੱਝ ਕੁ ਥਾਵਾਂ ਤੇ ਧੀਆਂ ਦੀ ਲੋਹੜੀ ਮਨਾਉਣ ਦੀਆਂ ਖ਼ਬਰਾਂ ਵੀ ਪਿਛਲੇ ਸਾਲਾਂ ਦੋਰਾਣ ਆਈਆਂ ਹਨ, ਜੋ ਕਿ ਇਕ ਚੰਗੀ ਤੇ ਸ਼ਲਾਘਾਯੋਗ ਗੱਲ ਹੈ। ਧੀ ਨਾਲ ਹੀ ਜੀਵਨ ਹੈ। ਜੇਕਰ ਅਸੀਂ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਤਾਂ ਪੁੱਤਾਂ ਨੂੰ ਘੋੜੀ ਗਾ ਕੇ ਸ਼ਗਨ ਮਨਾਵਾਂਗੇ। ਜਿਹੜੇ ਲੋਕ ਹਾਲੇ ਇਹ ਲੋਹੜੀ ਮਨਾਉਣ ਨਹੀਂ ਲੱਗੇ, ਉਨਾਂ ਨੂੰ ਹੋਰਾਂ ਦੇ ਸੰਗ ਰੱਲ ਕੇ ਇਹ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਵੀ ਕੁੜੀਆਂ ਦੀ ਲੋਹੜੀ ਮੁੰਡਿਆਂ ਵਾਂਗ ਹੀ ਮਨਾਇਆ ਕਰਾਂਗੇ।

ਰਲ਼ ਤੀਜ ਤੇ ਤਿਉਹਾਰ ਮਨਾਇਆ ਕਰਾਂਗੇ।
ਨਾਲ਼ੇ ਹੱਸਾਂਗੇ ਤੇ ਖ਼ੁਸ਼ੀ ਵੀ ਮਨਾਇਆ ਕਰਾਂਗੇ।
ਮੁੰਡਿਆਂ ਦੀ ਲੋਹੜੀ ਤਾਂ ਮਨਾਉਂਦੇ ਆਂ ਅਸੀਂ,
ਹੁਣ ਕੁੜੀਆਂ ਦੀ ਲੋਹੜੀ ਵੀ ਮਨਾਇਆ ਕਰਾਂਗੇ।

ਸੰਜੀਵ ਝਾਂਜੀ, ਜਗਰਾਉਂ।
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000
sanjeevjhanji@journalist.com

 

ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ

ਲੁੱਟਾਂ–ਖੋਹਾਂ ਕਰਨੀਆਂ ਅਤੇ ਡਾਕੇ ਮਾਰਨ ਵਾਲੇ ਡਾਕੂ ਹਮੇਸ਼ਾ ਬਦਨਾਮ ਹੀ ਹੋਇਆ ਕਰਦੇ ਅਤੇ ਆਮ ਲੋਕਾਂ ’ਚ ਇਨਾਂ ਦਾ ਡਰ–ਭੈਅ ਬਣਿਆ ਹੁੰਦਾ ਹੈ ਪਰ ਇਹ ਗਾਥਾ ਪੰਜਾਬ ਦੇ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਦੁੱਲਾ ਭੱਟੀ ਦੇ ਕੰਮ, ਸੁਭਾਅ ਅਤੇ ਵਤੀਰੇ ਨਾਲ ਮੇਲ ਨਹੀਂ ਖਾਂਦੀ। ਡਾਕੇ ਮਾਰਨੇ ਤੇ ਲੁੱਟ ਦਾ ਮਾਲ ਦੀਨ–ਦੁਖੀਆਂ ਅਤੇ ਲੋੜਵੰਦਾਂ ਤੇ ਲਗਾ ਦੇਣ ਕਾਰਨ ਹੀ ਇਨਾਂ ਨੇ ਪੰਜਾਬੀਆਂ ਦੇ ਦਿਲਾਂ ’ਚ ਡੂੰਘੀ ਅਮਿਟ ਛਾਪ ਛੱਡੀ ਹੈ। ਅੱਜ ਵੀ ਇਹ ਪੰਜਾਬੀਆਂ ਦੀਆਂ ਜ਼ੁਬਾਨਾਂ ਤੇ ਰਾਜ ਕਰਦੇ ਹਨ। ਸੁੰਦਰੀ ਅਤੇ ਮੁੰਦਰੀ ਨਾਮੀਂ ਦੋ ਹਿੰਦੂ ਕੁੜੀਆਂ ਨੂੰ ਜ਼ਾਲਮਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਉਨਾਂ ਦਾ ਪਿਓ ਬਣ ਕੇ ਉਨਾਂ ਦਾ ਵਿਆਹ ਕਰਨ ਕਾਰਨ ਦੁੱਲਾ ਭੱਟੀ ਸਦਾ ਸਦਾ ਲਈ ਅਮਰ ਹੋ ਗਿਆ। ਹਰ ਸਾਲ ਅਸੀਂ ‘‘ਸੁੰਦਰ ਮੁੰਦਰੀਏ! ਹੋ, ਤੇਰਾ ਕੌਣ ਵਿਚਾਰਾ ਹੋ ’’ ਗੀਤ ਗਾ ਕੇ ਉਸਨੂੰ ਯਾਦ ਕਰਦੇ ਹਾਂ। ਇਹ ਦੁੱਲਾ ਭੱਟੀਆਂ ਵਾਲਾ ਪੰਜਾਬ ਦੇ ਇਤਿਹਾਸ ਦਾ ਇਕ ਅਮਰ ਕਿਰਦਾਰ ਹੈ।

ਘੁੱਟ-ਘੁੱਟ ਪੀਲੋ ਦੋਸਤੋ, ਵਗੇ ਇਲਮ ਦੀ ਨਹਿਰ ।
ਵਾਰ ਦੁੱਲੇ ਰਜਪੂਤ ਦੀ, ਗੌਣ ਖੜੋਤੇ ਸ਼ਾਇਰ । (ਬਾਬੂ ਰਜਬ ਅਲੀ)

ਕੀ ਤੁਸੀਂ ਦੁੱਲੇ ਭੱਟੀ ਬਾਰੇ ਕੁਝ ਹੋਰ ਵੀ ਜਾਣਦੇ ਹੋ?

ਦੁੱਲਾ ਭੱਟੀ ਦਾ ਜਨਮ ਮੁਗਲ ਬਾਦਸ਼ਾਹ ਅਕਬਰ ਦੇ ਰਾਜਕਾਲ ਦੋਰਾਨ ਸੋਲਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਆਖਰੀ ਸਾਲ (1569) ਵਿੱਚ ਮੁਸਲਿਮ ਰਾਜਪੂਤ ਰਾਏ ਫ਼ਰੀਦ ਖ਼ਾਨ ਭੱਟੀ ਦੇ ਘਰ ਮਾਤਾ ਲੱਧੀ ਦੀ ਕੁੱਖੋਂ ਸਾਂਦਲ ਬਾਰ ਦੇ ਇਲਾਕੇ ਦੇ ਇਕ ਪਿੰਡ ਭੱਟੀਆਂ/ਦੁੱਲੇਕੀ (ਅੱਜਕਲ ਦੁੱਲੇਕੀ ਬਾਈਪਾਸ ਦਾ ਇਲਾਕਾ) ਵਿੱਖੇ ਹੋਇਆ। ਰਾਏ ਫ਼ਰੀਦ ਖ਼ਾਨ ਭੱਟੀ ਇਸ ਇਲਾਕੇ ਦਾ ਸਰਦਾਰ ਸੀ। ਇਹ ਇਲਾਕਾ ਅੱਜਕਲ ਪਾਕਿਸਤਾਨੀ ਪੰਜਾਬ ਦੇ ਜ਼ਿਲਾ ਹਾਫਿਜ਼ਾਬਾਦ ਦੀ ਤਹਿਸੀਲ ਪਿੰਡੀ ਭੱਟੀਆਂ ਵਿੱਚ ਪੈਂਦਾ ਹੈ।

ਦੁੱਲੇ ਦੇ ਜਨਮ ਤੋਂ ਕੁਝ ਚਿਰ ਪਹਿਲਾਂ ਅਕਬਰ ਨੇ ਇਲਾਕੇ ਦੀਆਂ ਸਾਰੀਆਂ ਜ਼ਮੀਨਾਂ ਦੀ ਮਿਣਤੀ ਕਰਵਾ ਕੇ ਲਗਾਨ ਸਰਦਾਰਾਂ/ਜ਼ਿਮੀਦਾਰਾਂ ਦੀ ਥਾਂ ਖੁੱਦ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ। ਪਰ ਲਗਾਨ/ਮਾਮਲਾ ਇਕੱਠਾ ਕਰਨਾ ਜ਼ਿਮੀਂਦਾਰ ਆਪਣਾ ਹੱਕ ਸਮਝਦੇ ਸਨ। ਜਿਸ ਕਾਰਨ ਉਹ ਭੜਕ ਗਏ ਤੇ ਬਗ਼ਾਵਤ ਕਰ ਦਿੱਤੀ । ਰਾਏ ਫ਼ਰੀਦ ਖ਼ਾਨ ਭੱਟੀ ਵੀ ਬਗ਼ਾਵਤੀ ਹੋ ਗਿਆ ਪਰ ਮੁਗ਼ਲਾਂ ਦੀਆਂ ਵੱਡੀਆਂ ਫੌਜਾਂ ਨੇ ਜਲਦੀ ਹੀ ਬਗ਼ਾਵਤ ਨੂੰ ਕੁਚਲ ਦਿੱਤਾ। ਰਾਏ ਫ਼ਰੀਦ ਖ਼ਾਨ ਭੱਟੀ, ਉਸਦੇ ਪਿਤਾ ਸਾਂਦਲ ਖ਼ਾਨ ਭੱਟੀ ਅਤੇ ਸਾਥੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਅਤੇ ਜਗੀਰ ਜ਼ਬਤ ਕਰ ਲਈ। ਕਹਿੰਦੇ ਹਨ ਕਿ ਫ਼ਰੀਦ ਖ਼ਾਨ, ਉਸ ਦੇ ਪਿਤਾ ਸਾਂਦਲ ਖ਼ਾਨ ਉਰਫ ਬਿਜਲੀ ਖਾਨ ਤੇ ਉਨਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਲਾਹੌਰ ਦੇ ਸ਼ਾਹੀ ਕਿਲੇ ਦੇ ਦਰਵਾਜ਼ੇ ’ਤੇ ਲਟਕਾ ਦਿੱਤੀਆਂ ਗਈਆਂ ਸਨ।

ਦੁੱਲੇ ਦਾ ਜਨਮ ਇਸ ਘਟਨਾ ਤੋਂ ਚਾਰ ਕੁ ਮਹੀਨੇ ਬਾਅਦ ਹੋਇਆ। ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਹੱਕ ਸੱਚ ਦਾ ਹਾਮੀ ਸੀ। ਤੀਰ, ਤਲਵਾਰ ਆਦਿ ਚਲਾਉਣਾ ਉਸਨੂੰ ਬੜਾ ਪਸੰਦ ਸੀ। ਜਦੋਂ ਉਸਨੂੰ ਆਪਣੇ ਪਿਓ ਦਾਦੇ ਦੀ ਮੌਤ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਸ ਵਿੱਚ ਬਦਲਾ ਲੈਣ ਦੀ ਚਿੰਗਾਰੀ ਸੁਲਗ ਉੱਠੀ। ਉਸ ਨੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਅਕਬਰ ਅਤੇ ਮੁਗ਼ਲ ਰਾਜ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਮੁਗ਼ਲਾਂ ਦੇ ਕਈ ਹੰਕਾਰੀ ਅਤੇ ਨਿਰਦਈ ਵਜ਼ੀਰਾਂ ਆਦਿ ਨੂੰ ਕਤਲ ਕਰ ਦਿੱਤਾ। ਉਸ ਨੇ ਅਨੇਕਾਂ ਗ਼ਰੀਬ ਘਰਾਂ ਦੀਆਂ ਕੁੜੀਆਂ ਦੇ ਵਿਆਹ ਕੀਤੇ। ਇਲਾਕੇ ਦੇ ਲੋਕਾਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ। ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਅਕਬਰ ਲਈ ਖ਼ਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬੁਲ ਦੇ ਵਪਾਰੀ ਅਤੇ ਸ਼ਾਹ ਇਰਾਨ ਵੱਲੋਂ ਭੇਜੇ ਗਏ ਤੋਹਫ਼ੇ ਲੁੱਟ ਕੇ ਉਸਨੇ ਅਕਬਰ ਨੂੰ ਸਿੱਧੀ ਚਣੌਤੀ ਦੇ ਦਿੱਤੀ। ਸਰਕਾਰੀ ਖ਼ਜ਼ਾਨਾ ਅਤੇ ਹੋਰ ਲੁੱਟ ਦਾ ਸਾਮਾਨ ਗ਼ਰੀਬਾਂ ਵਿੱਚ ਵੰਡਣ ਕਾਰਨ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗਾ। ਲੋਕ ਦੁੱਲੇ ਹੀਰੋ ਸਮਝਣ ਲੱਗੇ। ਦੁੱਲੇ ਦੀ ਪਰੋਪਕਾਰੀ ਚੜਤ ਨੂੰ ਕੁਚਲਣ ਦੀ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ। ਅਕਬਰ ਨੇ ਉਸ ਨੂੰ ਕਾਬੂ ਕਰਨ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਉਦੀਨ ਅਤੇ ਮਿਰਜ਼ਾ ਜ਼ਿਆਉਦੀਨ ਖ਼ਾਨ ਵੱਡੀ ਗਿਣਤੀ ’ਚ ਫੌਜ਼ ਸਮੇਤ ਲਾਹੌਰ ਭੇਜੇ। ਦੁੱਲੇ ਨੂੰ ਫੜਣ ਲਈ ਹਰ ਹੀਲਾ ਕੀਤਾ ਗਿਆ, ਉਸਦੇ ਘਰ/ਇਲਾਕੇ ਦੀਆਂ ਔਰਤਾਂ ਤੱਕ ਨੂੰ ਬੰਦੀ ਬਣਾ ਲਿਆ ਗਿਆ ਪਰ ਸਰਕਾਰ ਨੂੰ ਸਫਲਤਾ ਨਾ ਮਿਲੀ। ਫਿਰ ਸਰਕਾਰ ਨੇ ਧੋਖੇ ਦਾ ਸਹਾਰਾ ਲਿਆ। ਦੁੱਲੇ ਭੱਟੀ ਦਾ ਚਾਚਾ ਜਲਾਲੂਦੀਨ ਮੁਗ਼ਲਾਂ ਦਾ ਮੁਖ਼ਬਰ ਬਣ ਗਿਆ। ਵਿਚੋਲੇ ਪਾ ਕੇ ਸਮਝੋਤੇ ਦੀ ਗੱਲਬਾਤ ਕਰਨ ਲਈ ਦੁੱਲੇ ਨੂੰ ਸੱਦਿਆ ਗਿਆ। ਗੱਲਬਾਤ ਦੋਰਾਨ ਉਸ ਨੂੰ ਰੋਟੀ ਵਿੱਚ ਨਸ਼ਾ ਮਿਲਾ ਕੇ ਦੇ ਦਿੱਤਾ। ਸਿੱਟੇ ਵੱਜੋਂ ਉਹ ਬੇਹੋਸ਼ ਹੋ ਗਿਆ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਲਾਹੌਰ ਬੰਦ ਕਰ ਦਿੱਤਾ ਗਿਆ। ਆਖ਼ਰ 26 ਮਾਰਚ 1599 ਵਿੱਚ ਮਹਿਜ਼ 30 ਕੁ ਸਾਲ ਦੀ ਉਮਰ ਵਿੱਚ ਦੁੱਲਾ ਭੱਟੀ ਨੂੰ ਲਾਹੌਰ ਵਿੱਚ ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਦਿੱਤੀ ਗਈ । (ਕੁਝ ਇਤਿਹਾਸਕਾਰ ਜਨਮ ਦਾ ਸਮਾਂ 1547 ਅਤੇ ਮੌਤ ਦਾ ਸਮਾਂ 1589 ਮੰਨਦੇ ਹਨ।) ਕਹਿੰਦੇ ਹਨ ਕਿ ਉਸ ਦੀਆਂ ਆਖ਼ਰੀ ਰਸਮਾਂ ਮਹਾਨ ਸੂਫ਼ੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਿਸਤਾਨ ਵਿੱਚ ਬਣੀ ਹੋਈ ਹੈ। ਫਾਂਸੀ ਤਾਂ ਲੱਗ ਗਈ ਪਰ ਇਲਾਕੇ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਦੁੱਲਾ ਭੱਟੀ ਅਮਰ ਹੋ ਗਿਆ। ਪੀੜੀਆਂ ਦੀਆਂ ਪੀੜੀਆਂ ਲੰਘਣ ਦੇ ਬਾਬਜੂਦ ਅੱਜ ਵੀ ਪੰਜਾਬੀ ਉਸਨੂੰ ਯਾਦ ਸਲਾਮ ਕਰਦੇ ਹਨ। ‘‘ਸੁੰਦਰ ਮੁੰਦਰੀਏ! ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ ’’ ਗੀਤ ਅਸਲ ਵਿੱਚ ਉਸਦੇ ਨੇਕ ਕਾਰਜਾਂ ਪ੍ਰਤੀੇ ਉਸਨੂੰ ਸੱਚੀ ਸ਼ਰਧਾਂਜਲੀ ਹੀ ਹੈ।

ਸੰਜੀਵ ਝਾਂਜੀ, ਜਗਰਾਉਂ।
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000
sanjeevjhanji@journalist.com

  ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ

ਸੰਜੀਵ ਝਾਂਜੀ, ਜਗਰਾਉਂ
ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭੈਣ ਤੇ ਭਰਾ ਦਾ ਪ੍ਰਤੀਕ..ਟਿੱਕਾ ਭਾਈ ਦੂਜ
ਸੰਜੀਵ ਝਾਂਜੀ, ਜਗਰਾਉਂ
ਸਰਬ–ਸਾਝਾਂ ਤਿਉਹਾਰ ਹੈ ਦੀਵਾਲੀ
ਸੰਜੀਵ ਝਾਂਜੀ, ਜਗਰਾਉਂ
ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋਂ
ਸੰਜੀਵ ਝਾਂਜੀ, ਜਗਰਾਉਂ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ

09/01/2017

ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com