WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ


 

ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਲੈ ਕੇ ਇਸ ਸਮੇਂ ਜੋ ਸਥਿਤੀ ਬਣੀ ਹੋਈ ਚਲੀ ਆ ਰਹੀ ਹੈ, ਉਸਨੂੰ ਵੇਖਦਿਆਂ ਇਸ ਸਮੇਂ ਕੁਝ ਵੀ ਕਹਿ ਪਾਣਾ ਸੰਭਵ ਨਹੀਂ ਕਿ ਇਨ੍ਹਾਂ ਚਣਾਂ ਦੇ ਨਤੀਜਿਆਂ ਵਿੱਚ ‘ਊਠ ਕਿਸ ਕਰਵਟ ਬੈਠੇਗਾ’? ਇਸਦਾ ਕਾਰਣ ਇਹ ਹੈ ਕਿ ਇੱਕ ਤਾਂ ਸਿੱਖ ਮਤਦਾਤਾ ਖੁਲ੍ਹ ਨਹੀਂ ਰਿਹਾ ਕਿ ਉਹ ਇਨ੍ਹਾਂ ਚੋਣਾਂ ਵਿੱਚ ਕਿਸਦੇ ਹੱਕ ਵਿੱਚ ਫਤਵਾ ਦੇਣ ਜਾ ਰਿਹਾ ਹੈ, ਉਸਨੇ ਉਸੇ ਤਰ੍ਹਾਂ ਹੀ ਚੁੱਪ ਵਟੀ ਹੋਈ ਹੈ, ਜਿਵੇਂ ਵਿਧਾਨ ਸਭਾਵਾਂ ਦੀਆਂ ਹੋਈਆਂ ਤੇ ਹੋ ਰਹੀਆਂ ਚੋਣਾ ਵਿੱਚ ਦੇਸ਼ ਦੇ ਮਤਦਾਤਾ ਨੇ ਚੁੱਪ ਵਟੀ ਰਖੀ ਹੈ ਤੇ ਰਖ ਰਿਹਾ ਹੈ। ਦੂਸਰੇ ਪਾਸੇ ਜਿਥੇ ਗੁਰਦੁਆਰਾ ਕਮੇਟੀ ਦੇ ਵਰਤਮਾਨ ਅਹੁਦੇਦਾਰ, ਸ. ਮਨਜੀਤ ਸਿੰਘ ਜੀਕੇ ਅਤੇ ਸ. ਮਨਜਿੰਦਰ ਸਿੰਘ ਸਿਰਸਾ, ਇਸ ਦਾਅਵੇ ਨਾਲ ਪੂਰੇ ਆਸ਼ਾਵਾਦੀ ਵਿਖਾਈ ਦੇ ਰਹੇ ਹਨ ਕਿ ਉਨ੍ਹਾਂ ਆਪਣੇ ਚਾਰ ਵਰ੍ਹਿਆਂ ਦੇ ਕਾਰਜ-ਕਾਲ ਦੌਰਾਨ ਜੋ ਕੰਮ ਕੀਤੇ ਹਨ, ਉਨ੍ਹਾਂ ਦੇ ਚਲਦਿਆਂ ਦਿੱਲੀ ਦੇ ਸਿੱਖ ਗੁਰਦੁਆਰਾ ਪ੍ਰਬੰਧ ਦੀ ਨਵੀਂ ਪਾਰੀ ਵੀ ਉਨ੍ਹਾਂ ਨੂੰ ਸੌਂਪਣ ਵਿੱਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਵਿਖਾਣਗੇ।

ਇਸੇ ਤਰ੍ਹਾਂ ਦੂਜੇ ਪਾਸੇ ਪਿਛਲੀਆਂ ਗੁਰਦੁਆਰਾ ਚੁਣਾਂ ਵਿੱਚ ਸੱਤਾ ਤੋਂ ਬਾਹਰ ਹੋ ਗਏ, ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਮੁਖੀ ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ ਵੀ ਇਸ ਵਿਸ਼ਵਾਸ ਨੂੰ ਪਾਲੀ (ਸੰਜੋਈ) ਚਲ ਰਹੇ ਹਨ ਕਿ ਬੀਤੇ ਚਾਰ ਵਰ੍ਹਿਆਂ ਦੇ ਬਾਦਲ ਅਕਾਲੀ ਦਲ ਦੇ ਸੱਤਾ-ਕਾਲ ਦੌਰਾਨ ਗੁਰਦੁਆਰਾ ਕਮੇਟੀ ਵਿੱਚ ਜੋ ਕੁ-ਪ੍ਰਬੰਧ ਦਿੱਲੀ ਦੇ ਸਿੱਖਾਂ ਨੂੰ ਵੇਖਣ ਮਿਲਦਾ ਚਲਿਆ ਆ ਰਿਹਾ ਹੈ, ਉਸ ਕਾਰਣ ਦਿੱਲੀ ਦੇ ਸਿੱਖ ਉਸਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁਕੇ ਹਨ, ਜਿਸ ਕਾਰਣ ਇਸ ਵਾਰ ਗੁਰਦਆਰਾ ਪ੍ਰਬੰਧ ਵਿੱਚ ਉਨ੍ਹਾਂ ਦੀ ਵਾਪਸੀ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੋਵੇਗੀ। ਇਤਨਾ ਹੀ ਨਹੀਂ, ਇਨ੍ਹਾਂ ਦੋਹਾਂ ਅਕਾਲੀ ਦਲਾਂ ਤੋਂ ਬਿਨਾਂ, ਗੁਰਦੁਆਰਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਣ ਚੋਣ ਮੈਦਾਨ ਵਿੱਚ ਉਤਰੇ, ਪੰਥਕ ਸੇਵਾ ਦਲ, ਸਿੱਖ ਸਦਭਾਵਨਾ ਦਲ, ਅਕਾਲ ਸਹਾਇ ਵੈਲਫੇਅਰ ਸੋਸਾਇਟੀ ਤੇ ਆਮ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਲ ਹੀ ਅਜ਼ਾਦ ਉਮੀਦਵਾਰਾਂ, ਨੂੰ ਵੀ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਇਨ੍ਹਾਂ ਦੋਹਾਂ, ਵੱਡੇ ਸ਼੍ਰੋਮਣੀ ਅਕਾਲੀ ਦਲਾਂ ਵਿਚੋਂ ਕਿਸੇ ਨੂੰ ਵੀ ਪੂਰਣ ਬਹੁਮਤ ਨਹੀਂ ਮਿਲ ਸਕੇਗਾ, ਜਿਸ ਕਾਰਣ ਉਨ੍ਹਾਂ ਦੀਆਂ ‘ਪੰਜੇ ਉਂਗਲਾਂ ਘਿਉ ਵਿੱਚ ਤੇ ਸਿਰ ਕੜਾਹੀ ਵਿੱਚ’ ਹੋਵੇਗਾ, ਤੇ ਇਨ੍ਹਾਂ ਦੀ ਨਕੇਲ ਪੂਰੀ ਤਰ੍ਹਾਂ ਉਨ੍ਹਾਂ ਦੇ ਹੀ ਹੱਥ ਵਿੱਚ ਹੋਵੇਗੀ। ਉਹੀ ਫੈਸਲਾ ਕਰਨਗੇ ਕਿ ਗੁਰਦੁਆਰਾ ਕਮੇਟੀ ਦੀ ਸੱਤਾ ਕਿਸਨੂੰ ਸੌਂਪਣੀ ਹੈ? ਅਜਿਹੀ ਸਥਿਤੀ ਵਿੱਚ ਕਿਸੇ ਨਾਲ ਵੀ ਅੰਤਿਮ ਸੌਦੇਬਾਜ਼ੀ ਹੋਣ ਦੇ ਸਮੇਂ ਉਨ੍ਹਾਂ ਦਾ ਪਲੜਾ ਭਾਰੀ ਹੋਵੇਗਾ। ਇਸ ਸਭ ਦੇ ਚਲਦਿਆਂ ਪਹਿਲੀ ਮਾਰਚ, ਜਦੋਂ ਚੋਣ ਨਤੀਜੇ ਆਉਣਗੇ, ਤਕ ਤਾਂ ਇੰਤਜ਼ਾਰ ਕਰਨਾ ਹੀ ਬਣਦਾ ਹੈ।

ਬਾਦਲ ਅਕਾਲੀ ਦਲ ਦੀ ਕੇਂਦਰੀ ਲੀਡਰਸ਼ਿਪ ਦੀ ਭੂਮਿਕਾ : ਐਤਕੀਂ ਪਹਿਲੀ ਵਾਰ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਤੇ ਸੀਨੀਅਰ ਲੀਡਰਸ਼ਿਪ ਨੂੰ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਪਰਦੇ ਦੇ ਪਿੱਛੇ ਰਹਿ, ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਹੀ ਨਹੀਂ, ਸਗੋਂ ਉਨ੍ਹਾਂ ਦੀ ਰਣਨੀਤੀ ਦੇ ਤਹਿਤ ਵੀ ਗੁਰਦੁਆਰਾ ਚੋਣਾਂ ਦੀ ਲੜਾਈ ਲੜਨੀ ਪੈ ਰਹੀ ਹੈ। ਇਥੋਂ ਤਕ ਕਿ ਦਲ ਵਲੋਂ ਗੁਰਦੁਆਰਾ ਚੋਣਾਂ ਲਈ, ਪ੍ਰਚਾਰ ਦੀ ਜੋ ਸਮਿਗ੍ਰੀ ਵਰਤੀ ਜਾ ਰਹੀ ਹੈ, ਉਸ ਵਿਚੋਂ ਵੀ ਕੇਂਦਰੀ ਲੀਡਰਸ਼ਿਪ ਦੇ ਚੇਹਰੇ, ਦੋ-ਇੱਕ ਉਮੀਦਵਾਰਾਂ ਦੀ ਪ੍ਰਚਾਰ ਸਮਗਰੀ ਵਿੱਚ ਹੀ ਵਿਖਾਈ ਦੇ ਰਹੇ ਹਂ। ਜਾਣਕਾਰ ਸੂਤਰਾਂ ਅਨੁਸਾਰ ਦਲ ਦੇ ਕੁਝ ਕੇਂਦਰੀ ਮੁੱਖੀਆਂ ਲਈ ਇਹ ਸਥਿਤੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ। ਪ੍ਰੰਤੁ ਉਨ੍ਹਾਂ ਦੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਪਰਦੇ ਪਿੱਛੇ ਹੀ ਰਹਿਣ ਤੇ ਮਜਬੂਰ ਹੋਣਾ ਪੈ ਰਿਹਾ ਹੈ। ਇਹੀ ਕਾਰਣ ਹੈ ਕਿ ਸਮੇਂ-ਸਮੇਂ ਦਲ ਦੇ ਕੁਝ ਸੀਨੀਅਰ ਮੁੱਖੀਆਂ ਵਲੋਂ ਅਜਿਹੇ ਬਿਆਨ ਦਿੱਤੇ ਜਾਣੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਤੋਂ ਇਉਂ ਜਾਪਦਾ ਹੈ, ਜਿਵੇਂ ਉਹ ਦਿੱਲੀ ਦੇ ਸਿੱਖ ਮਤਦਾਤਾਵਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹੋਣ ਕਿ ਦਿੱਲੀ ਗੁਰਦੁਆਰਾ ਚੋਣਾਂ ਦੀ ਲੜਾਈ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ’ਚ ਨਹੀਂ, ਸਗੋਂ ਉਨ੍ਹਾਂ, ਦਲ ਦੇ ਸੀਨੀਅਰ ਮੁੱਖੀਆਂ ਦੀ ਅਗਵਾਈ ਵਿੱਚ, ਉਨ੍ਹਾਂ ਵਲੋਂ ਹੀ ਉਲੀਕੀ ਰਣਨੀਤੀ ਤਹਿਤ ਹੀ ਲੜੀ ਜਾ ਰਹੀ ਹੈ।

ਕੇਂਦਰੀ ਅਕਾਲੀ ਲੀਡਰਸ਼ਿਪ ਨੂੰ ਦੂਰ ਰਖਣ ਦਾ ਕਾਰਣ : ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਨੂੰ ਪਰਦੇ ਪਿੱਛੇ ਧਕੇ ਜਾਣ ਦਾ ਮੁੱਖ ਕਾਰਣ, ਇਹ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਸ ਵਲੋਂ ਡੇਰਾ ਸੱਚਾ ਸੌਦਾ ਦੇ ਉਸ ਮੁਖੀ, ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਗ ਰਚ, ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਲੂਹਣ ਦੇ ਦੋਸ਼ ਵਿੱਚ, ਉਸਨੂੰ ਅਕਾਲ ਤਖਤ ਤੋਂ ਸਿਖ-ਵਿਰੋਧੀ ਕਰਾਰ ਦੇ, ਉਸਦਾ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੋਇਆ ਹੈ, ਤੋਂ ਸਹਿਯੋਗ ਲੈਣਾ, ਅਤੇ ਇਸਦੇ ਨਾਲ ਹੀ ਪਿਛਲੇ ਕੁਝ ਹੀ ਸਮੇਂ ਵਿੱਚ ਪੰਜਾਬ ਦੇ ਵੱਖ-ਵੱਖ ਹਿਸਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤੇ ਜਾਣ ਦੀਆਂ ਹੋਈਆਂ, ਲਗਭਗ 100 ਘਟਨਾਵਾਂ ਦੇ ਦੋਸ਼ੀਆਂ ਵਿਚੋਂ ਕਿਸੇ ਇੱਕ ਦੇ ਵੀ ਨਾ ਪਕੜੇ ਜਾ ਸਕਣ ਕਾਰਣ, ਆਮ ਸਿੱਖਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਦਾਲ) ਦੀ ਕੌਮੀ ਲੀਡਰਸਿਪ ਵਿਰੁੱਧ ਜੋ ਰੋਹ ਤੇ ਗੁੱਸਾ ਪੈਦਾ ਹੋਇਆ ਚਲਿਆ ਆ ਰਹਾ ਹੈ, ਉਸਦੇ ਪਰਛਾਵੇਂ ਤੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਦਲ ਦੇ ਪ੍ਰਦਰਸ਼ਨ ਨੂੰ ਪ੍ਰਭਾਵਤ ਹੋਣ ਤੋਂ ਬਚਾਈ ਰਖਣਾ ਸੀ। ਇਹੀ ਕਾਰਣ ਹੈ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੂੰ ਦਲ ਦੀ ਕੇਂਦਰੀ ਲੀਡਰਸ਼ਿਪ ਨੂੰ ਦਿੱਲੀ ਗੁਰਦੁਆਰਾ ਚੋਣਾਂ ਤੋਂ ਦੂਰ ਰਖਣ ਦੀ ਰਣਨੀਤੀ ਅਪਨਾਉਣ ਤੇ ਮਜਬੂਰ ਹੋਣਾ ਪਿਆ। ਦੱਸਿਆ ਗਿਐ ਕਿ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ. ਮਨਜੀਤ ਸਿੰਘ ਜੀਕੇ ਦੀ ਇਸ ਰਣਨੀਤੀ ਦੀ ਗੰਭੀਰਤਾ ਨੂੰ ਸਮਝਿਆ ਅਤੇ ਦਿੱਲੀ ਗੁਰਦੁਆਰਾ ਚੋਣਾਂ ਵਿੱਚੋਂ ਬਾਹਰ ਰਹਿਣ ਦਾ ਫੈਸਲਾ ਕਰ, ਅਮਰੀਕਾ ਵਿੱਚ ਇਲਾਜ ਕਰਵਾਉਣ ਗਏ, ਆਪਣੇ ਪਿਤਾ, ਪੰਜਾਬ ਦੇ ਮੁੱਖ ਮੰਤਰੀ ਅਤੇ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੇਖ-ਰੇਖ ਕਰਨ ਦੀ ਜ਼ਿਮੇਦਾਰੀ ਸੰਭਾਲਣ ਦੇ ਨਾਂ ਤੇ, ਉਨ੍ਹਾਂ ਪਤਨੀ, ਬੀਬੀ ਹਰਸਿਮਰਤ ਕੌਰ ਨਾਲ, ਅਮਰੀਕਾ ਚਲਿਆਂ ਜਾਣਾ ਹੀ ਉਚਿਤ ਸਮਝਿਆ।

ਦੋਸ਼-ਪ੍ਰਤੀ ਦੋਸ਼ ਪੁਰ ਜ਼ੋਰ : ਜਿਉਂ–ਜਿਉਂ ਗੁਰਦੁਆਰਾ ਚੋਣਾਂ ਦਾ ਅੰਤਮ ਪੜਾਅ ਨੇੜੇ ਆਉਂਦਾ ਚਲਿਆ ਜਾ ਰਿਹਾ ਹੈ, ਚੋਣਾਂ ਹਿੱਸਾ ਲੈਣ ਲਈ ਸਰਗਰਮ ਚਲ ਰਹੀਆਂ ਜੱਥੇਬੰਦੀਆਂ ਦੇ ਮੁੱਖੀਆਂ ਵਲੋਂ ਸਾਰੀਆਂ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਤਿਲਾਂਜਲੀ ਦੇ, ਇੱਕ-ਦੂਸਰੇ ਪੁਰ ਜ਼ਾਤੀ ਚਿਕੜ ਉਛਾਲਣ ਵਿੱਚ ਤੇਜ਼ੀ ਲਿਆਉਂਦੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਰ੍ਹਾਂ ਉਹ ਇੱਕ-ਦੂਜੇ ਪੁਰ ਦੋਸ਼-ਪ੍ਰਤੀਦੋਸ਼ ਲਾਉਣ ਵਿੱਚ ਰੁਝੇ ਹੋਏ ਹਨ, ਉਸਤੋਂ ਇੰਝ ਜਾਪਦਾ ਹੈ ਜਿਵੇਂ ਦੋਸ਼ ਲਾਣ ਵਾਲੇ ਦੂਸਰੇ ਨੂੰ ਚਿਕੜ ਨਾਲ ਲਿਬੜਿਆ ਅਤੇ ਆਪਣੇ ਆਪਨੂੰ ਦੁੱਧ ਦਾ ਧੁਲਿਆ ਸਾਬਤ ਕਰਨਾ ਚਾਹੁੰਦੇ ਹਨ, ਜਦਕਿ ਆਪਣੇ ਨੂੰ ਦੁੱਧ ਦਾ ਧੁਲਿਆ ਸਾਬਤ ਕਰਨ ਲਈ, ਉਹ ਕੋਈ ਸਬੂਤ ਪੇਸ਼ ਨਹੀਂ ਕਰ ਪਾ ਰਹੇ। ਇਸੇ ਦਾ ਨਤੀਜਾ ਹੋ ਰਿਹਾ ਹੈ ਕਿ ਆਮ ਸਿੱਖਾਂ ਵਿੱਚ ਲਗਾਤਾਰ ਇਹੀ ਸੰਦੇਸ਼ ਜਾ ਰਿਹਾ ਹੈ ਕਿ ਗੁਰਦੁਆਰਾ ਪ੍ਰਬੰਧ ਪੁਰ ਕਾਬਜ਼ ਹੋਣ ਦੀ ਲਾਲਸਾ ਦਾ ਸ਼ਿਕਾਰ ਕੋਈ ਵੀ ਦੁੱਧ ਦਾ ਧੁਲਿਆ ਨਹੀਂ, ਸਾਰੇ ਇਕੋ ਹੀ ਥੈਲੀ ਦੇ ਚੱਟੇ-ਬੱਟੇ ਅਤੇ ਹਮਾਮ ਵਿੱਚ ਨੰਗੇ ਹਨ। ਇਹ ਸੰਦੇਸ਼ ਜੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹੋ ਰਹੇ ਮਤਦਾਨ ਦੇ ਪ੍ਰਤੀਸ਼ਤ ਨੂੰ ਪ੍ਰਭਾਵਤ ਕਰਨ ਵਿੱਚ ਸਫਲ ਹੋ ਜਾਏ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।

...ਅਤੇ ਅੰਤ ਵਿੱਚ : ਇਸ ਐਤਵਾਰ, 28 ਫਰਵਰੀ ਨੂੰ ਦਿੱਲੀ ਗੁਰਦੁਆਰਾ ਚੋਣਾਂ ਲਈ ਮਤਦਾਨ ਦੀ ਪ੍ਰਕ੍ਰਿਆ ਪੂਰੀ ਹੋ ਜਾਇਗੀ ਅਤੇ ਪਹਿਲੀ ਮਾਰਚ ਨੂੰ ਚੋਣ ਨਤੀਜੇ ਵੀ ਆ ਜਾਣਗੇ। ਇਸਤੋਂ ਬਾਅਦ ਗੁਰਦੁਆਰਾ ਕਮੇਟੀ ਦੇ 55-ਮੈਂਬਰੀ ਜਨਰਲ ਹਾਊਸ ਦੇ ਗਠਨ ਨੂੰ ਪੂਰਿਆਂ ਕਰਨ ਲਈ, 9 ਮੈਂਬਰਾਂ ਨੂੰ ਨਾਮਜ਼ਦ ਕਰਨ ਦੀ ਪ੍ਰਕ੍ਰਿਆ ਅਰੰਭ ਕਰਨ ਵਲ ਕਦਮ ਵਧਾਏ ਜਾਣਗੇ। ਇਨ੍ਹਾਂ 9 ਮੈਂਬਰਾਂ ਵਿੱਚ ਚਾਰ, ਅਕਾਲ ਅਖਤ, ਤਖਤ ਸ੍ਰੀ ਅਨੰਦ ਪੁਰ ਸਾਹਿਬ, ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਤਖਤ ਸੱਚਖੰਡ ਹਜ਼ੂਰ ਸਾਹਿਬ ਦੇ ਜੱਥੇਦਾਰ ਆਪਣੇ ਅਹੁਦੇ ਦੇ ਚਲਦਿਆਂ ਨਾਮਜ਼ਦ ਹੋਣਗੇ (ਜਿਸ ਸਮੇਂ ਸੰਨ-1971 ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਐਕਟ-1971 ਹੋਂਦ ਵਿੱਚ ਆਇਆ, ਉਸ ਸਮੇਂ ਤਕ ਸ੍ਰੀ ਦਮਦਮਾ ਸਾਹਿਬ ਨੂੰ ਤਖਤ ਵਜੋਂ ਮਾਨਤਾ ਪ੍ਰਾਪਤ ਨਹੀਂ ਸੀ, ਇਸ ਕਰਕੇ ਉਥੋਂ ਦੇ ਜੱਥੇਦਾਰ ਨੂੰ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਨਾਮਜ਼ਦ ਕਰਨ ਦਾ ਪ੍ਰਾਵਧਾਨ ਨਹੀਂ ਸੀ ਹੋਇਆ), ਆਪਣੇ ਪ੍ਰਤੀਨਿਧੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਨਾਂ ਭੇਜਿਆ ਜਾਇਗਾ। ਦਿੱਲੀ ਦੇ ਸਿੱਖ ਮਤਦਾਤਾਵਾਂ ਦੇ ਮੱਤਾਂ ਰਾਹੀਂ ਚੁਣੇ ਗਏ, 46 ਮੈਂਬਰ ਆਪਣੇ ਮੱਤਾਂ ਰਾਹੀਂ ਦੋ ਮੈਂਬਰਾਂ ਦੀ ਚੋਣ ਕਰਨਗੇ ਅਤੇ ਦੋ ਮੈਂਬਰ ਦੀ ਚੋਣ ਰਜਿਸਟਰਡ ਸਿੰਘ ਸਭਾਵਾਂ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਲਾਟਰੀ ਦੀ ਪ੍ਰਕ੍ਰਿਆ ਨਾਲ ਹੋਵੇਗੀ। ਇਸਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦਾ 55-ਮੈਂਬਰੀ ਜਨਰਲ ਹਾਊਸ ਹੋਂਦ ਵਿੱਚ ਆ ਜਾਇਗਾ। ਦਿੱਲੀ ਗੁਰਦੁਆਰਾ ਚੋਣ ਨਿਦੇਸ਼ਕ ਵਲੋਂ ਇਸ ਤਰ੍ਹਾਂ ਗਠਤ ਹੋਏ ਪੂਰੇ ਹਾਊਸ ਦੀ ਬੈਠਕ ਬੁਲਾ ਸੇਵਾ-ਮੁਕਤ ਹੋ ਰਹੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਾਂ ਮੈਂਬਰਾਂ ਵਲੋਂ ਆਰਜ਼ੀ ਤੋਰ ਤੇ ਚੁਣੇ ਬੈਠਕ ਦੇ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਨਵੇਂ ਪ੍ਰਧਾਨ ਦੀ ਚੋਣ 51 ਮੈਂਬਰਾਂ, (ਕਿਉਂਕਿ ਤਖਤਾਂ ਦੇ ਜੱਥੇਦਾਰ ਸਾਹਿਬਾਨ ਦੀ ਨਿਰਪੱਖਤਾ ਨੂੰ ਬਣਾਈ ਰਖਣ ਲਈ, ਗੁਰਦੁਆਰਾ ਐਕਟ ਵਿੱਚ ਉਨ੍ਹਾਂ ਦੇ ਮਤਦਾਨ ਦਾ ਪ੍ਰਾਵਧਾਨ ਨਹੀਂ ਕੀਤਾ ਗਿਆ) ਰਾਹੀਂ ਆਪਣੇ ਮਤਾਂ ਰਾਹੀਂ ਕੀਤੀ ਜਾਇਗੀ। ਇਸਤਰ੍ਹਾਂ ਚੁਣੇ ਗਏ ਨਵੇਂ ਪ੍ਰਧਾਨ ਵਲੋਂ ਅੱਗੋਂ ਦੀ ਕਾਰਵਾਈ, ਅਰਥਾਤ ਦੂਸਰੇ ਚਾਰ ਅਹੁਦੇਦਾਰਾਂ - ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਜਾਇੰਟ ਸਕਤੱਰ ਅਤੇ ਅੰਤ੍ਰਿੰਗ ਬੋਰਡ ਦੇ ਦਸ ਮੈਂਬਰਾਂ ਦੀ ਚੋਣ ਕਰਵਾਈ ਜਾਇਗੀ। ਇਸਤਰ੍ਹਾਂ ਸਾਰੀ ਪ੍ਰਕ੍ਰਿਆ ਦੇ ਪੂਰਾ ਹੋ ਜਾਣ ਦੇ ਨਾਲ ਦੋ ਵਰ੍ਹਿਆਂ ਲਈ ਨਵਾਂ ਅੰਤ੍ਰਿੰਗ ਬੋਰਡ ਹੋਂਦ ਵਿੱਚ ਆ ਜਾਇਗਾ ਤੇ ਗੁਰਦੁਆਰਾ ਪ੍ਰਬੰਧ ਦੀ ਜ਼ਿਮੇਦਾਰੀ ਸੰਭਾਲ ਲਵੇਗਾ। ਇਸ ਸਾਰੀ ਪ੍ਰਕ੍ਰਿਆ ਦੇ ਮਾਰਚ ਦੇ ਅੰਤ ਤਕ ਪੂਰਿਆਂ ਹੋ ਜਾਣ ਦੀ ਸੰਭਾਵਨਾ ਹੈ। ਦੋ ਵਰ੍ਹੇ ਬਾਅਦ ਫਿਰ ਇਸੇ ਹੀ ਜਨਰਲ ਹਾਊਸ ਵਲੋਂ ਅਮ ਬੈਠਕ ਕਰ, ਅਗਲੇ ਦੋ ਵਰ੍ਹਿਆਂ ਲਈ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਕੀਤੀ ਜਾਇਗੀ

23/02/2017

  ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਵਿਅੰਗ
"ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ
''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
ਜ਼ਮੀਨੀ ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਾਅਵਿਆਂ ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ
ਪਿਆਰ ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com