WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਬਰਤਾਨੀਆਂ ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ


 

ਬਰਤਾਨੀਆਂ ਦੀ ਵਰਤਮਾਨ ਪ੍ਰਧਾਨ ਮੰਤਰੀ ਥਰੀਸਾ ਮੇਅ ਨੇ ਓਦੋਂ ਸਾਰੇ ਦੇਸ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਦੋਂ 10 ਡਾਉਨਿੰਗ ਸਟਰੀਟ ਦੇ ਆਪਣੇ ਸਰਕਾਰੀ ਘਰ ਤੋਂ ਬਾਹਰ ਆ ਕੇ ਆਪ ਨੇ ਪ੍ਰੈਸ ਨੂੰ ਦੱਸਿਆ ਕਿ ਬਰਤਾਨੀਆ ਵਿਚ ਆਮ ਚੋਣਾ 8 ਜੂਨ 2017 ਵਾਲੇ ਦਿਨ ਹੋਣਗੀਆਂ। ਉਨ੍ਹਾਂ ਦੇ ਇਸ ਅਚਾਨਕ ਐਲਾਨ ਨੇ ਬਰਤਾਨਵੀ ਲੋਕਾਂ ਨੂੰ ਹੀ ਨਹੀਂ, ਦੁਨੀਆ ਦੇ ਭਰ ਦੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਅਜੇ ਪਿਛੇ ਜਿਹੇ ਹੀ ਤਾਂ ਥਰੀਸਾ ਮੇਅ ਨੇ ਕਿਹਾ ਸੀ ਕਿ ਉਨ੍ਹਾਂ ਦਾ 2020 ਤੋਂ ਪਹਿਲਾਂ ਇਲੈਕਸ਼ਨਾ ਕਰਾਉਣ ਦਾ ਕੋਈ ਇਰਾਦਾ ਨਹੀਂ ਸੀ। ਨਾਲੇ ਬਰਤਾਨੀਆਂ ਦੇ ਲੋਕਾਂ ਨੇ ਪਿਛਲੇ ਸਾਲ ਜੂਨ ਵਿਚ ਹੀ ਤਾਂ ਇਕ ਰੀਫਰੈਂਡਮ ਰਾਹੀਂ ਯੂਰਪ ਦੀ ਸਾਂਝੀ ਮੰਡੀ 'ਚੋਂ ਨਿਕਲਣ ਦਾ ਫੈਸਲਾ ਲਿਆ ਸੀ ਤੇ ਓਦੋਂ ਤੋਂ ਹੀ ਦੇਸ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਚ ਬਰੈਗਜ਼ਿਟ ਬਾਰੇ ਬਹਿਸ ਚੱਲ ਰਹੀ ਸੀ। ਕੁਝ ਸਿਆਸਤਦਾਨ ਇਹ ਵੀ ਕਹਿ ਰਹੇ ਸਨ ਕਿ ਯੂਰਪੀਨ ਸੰਘ 'ਚੋਂ ਨਿਕਲਣ ਵਾਲਿਆਂ ਦੀ ਗਿਣਤੀ ਐਵੇਂ ਨਿਗੂਣੀ ਜਿਹੀ ਹੀ ਵੱਧ ਸੀ ਤੇ ਇਸ ਮੰਡੀ ਦੇ ਮੈਂਬਰ ਬਣੇ ਰਹਿਣ ਵਾਲਿਆਂ ਦੇ ਹੱਕ ਵਿਚ ਭੁਗਤਣ ਵਾਲਿਆਂ ਦੀ ਗਿਣਤੀ ਵੀ ਐਵੇਂ ਨਿਗੂਣੀ ਜਿਹੀ ਹੀ ਘੱਟ ਸੀ। ਇਸ ਲਈ ਇਹ ਰੀਫਰੈਂਡਮ ਫੇਰ ਕਰਾਉਣਾ ਚਾਹੀਦਾ ਹੈ। ਪਰ ਥਰੀਸਾ ਮੇਅ ਦਾ ਕਹਿਣਾ ਸੀ ਕਿ ਇਕ ਜਮਹੂਰੀ ਦੇਸ ਵਿਚ ਕਿਸੇ ਗੱਲ ਵਾਰੇ ਇਕ ਵਾਰ ਫੈਸਲਾ ਹੋ ਜਾਵੇ ਤਾਂ ਉਸ ਨੂੰ ਮੰਨਣਾ ਹੀ ਪੈਂਦਾ ਹੈ। ਜਮਹੂਰੀ ਸਿਸਟਮ ਤਹਿਤ ਤਾਂ ਇਕ ਵੋਟ ਦੀ ਬਹੁਸੰਮਤੀ ਹੀ ਕਾਫੀ ਹੁੰਦੀ ਹੈ। ਜੇਤੂ ਕੈਂਡੀਡੇਟ ਜਾਂ ਧਿਰ ਭਾਵੇਂ ਇਕ ਵੋਟ ਨਾਲ ਜਿੱਤੇ ਤੇ ਭਾਵੇਂ ਲੱਖਾਂ ਦੇ ਫਰਕ ਨਾਲ। ਥਰੀਸਾ ਮੇਅ ਨੇ ਪਿਛਲੇ ਕੁਝ ਦਿਨਾਂ ਵਿਚ ਹੀ ਆਰਟੀਕਲ 50 ਨੂੰ ਟਰਿੱਗਰ ਕੀਤਾ ਸੀ ਜਿਸ ਦਾ ਮਤਲਬ ਹੁੰਦਾ ਹੈ ਕਿ ਇਸ ਆਰਟੀਕਲ ਦੇ ਟਰਿਗਰ ਹੋਣ ਤੋਂ ਦੋ ਸਾਲਾਂ ਬਾਅਦ ਬ੍ਰਿਟੇਨ ਯੂਰਪੀਨ ਯੂਨੀਅਨ 'ਚੋਂ ਸੌ ਫੀਸਦੀ ਬਾਹਰ ਨਿਕਲ ਆਵੇਗਾ। ਈ ਯੂ 'ਚੋਂ ਨਿਕਲਣ ਦੇ ਕਰਮ ਨੂੰ ‘ਬਰੈਗਜ਼ਿਟ’ ਵੀ ਕਿਹਾ ਜਾਂਦਾ ਹੈ। ਆਰਟੀਕਲ ਫਿਫਟੀ ਦੇ ਟਰਿੱਗਰ ਹੋਣ ਉਪਰੰਤ ਉਮੀਦ ਕੀਤੀ ਜਾ ਰਹੀ ਸੀ ਕਿ ਥਰੀਸਾ ਮੇਅ ਬਾਕੀ ਦੇ 27 ਯੂਰਪੀਨ ਦੇਸਾਂ ਨਾਲ ਵਿਓਪਾਰਕ ਸਮਝੌਤੇ ਸ਼ੁਰੂ ਕਰ ਦੇਣਗੇ ਪਰ ਉਨ੍ਹਾਂ ਨੇ ਹੁਣ ਅਚਨਚੇਤ ਜਨਰਲ ਇਲੈਕਸ਼ਨਾਂ ਦਾ ਹੀ ਐਲਾਨ ਕਰ ਦਿੱਤਾ ਹੈ ਜਿਸ ਕਾਰਨ ਸਿਆਸੀ ਹਲਕਿਆਂ ਵਿਚ ਇਕ ਦਮ ਹੀ ਤਕੜੀ ਹਲਚਲ ਸ਼ੁਰੂ ਹੌ ਗਈ ਹੈ।

ਦਰਅਸਲ ਪ੍ਰਧਾਨ ਮੰਤਰੀ ਦੀ ਇਸ ਗੱਲ ਪਿੱਛੇ ਇਕ ਧਾਰਨਾ ਤਾਂ ਇਹ ਹੈ ਕਿ ਏਸ ਵੇਲੇ ਸਾਰੇ ਉਪੀਨੀਅਲ ਪੋਲ ਸੰਕੇਤ ਦੇ ਰਹੇ ਹਨ ਕਿ ਮੁੱਖ ਵਿਰੋਧੀ ਪਾਰਟੀ ਜਾਨੀ ਲੇਬਰ ਪਾਰਟੀ ਲੋਕ ਪ੍ਰੀਆ ਨਹੀਂ ਹੈ। ਖਾਸ ਕਰਕੇ ਇਸ ਦੇ ਲੀਡਰ ਜੈਰਮੀ ਕੌਰਬਿਨ ਨੂੰ ਬਿਲਕੁਲ ਹੀ ਪਸੰਦ ਨਹੀਂ ਕੀਤਾ ਜਾ ਰਿਹਾ। ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਕਿ ਇਕ ਸੂਝਵਾਨ ਸਿਆਸੀ ਆਗੂ ਹੀ ਇਹੋ ਜਿਹੇ ਮੌਕੇ “ਸਨੈਪ ਇਲੈਕਸ਼ਨਾਂ” ਕਰਵਾਉਂਦਾ ਹੈ ਤੇ ਨਵਾਂ ਮੈਂਡੇਟ ਹਾਸਲ ਕਰਦਾ ਹੈ। ਇਹੋ ਕੁਝ ਹੀ ਥਰੀਸਾ ਮੇਅ ਨੇ ਕੀਤਾ ਹੈ ਤੇ ਆਪਣੀ ਸਿਆਸੀ ਸੂਝ ਦਾ ਸਬੂਤ ਦਿਤਾ ਹੈ। ਦੂਜੀ ਵਜਾਹ ਇਹ ਹੈ ਕਿ ਥਰੀਸਾ ਮੇਅ ਜੂਨ 2016 ਵਿਚ ਓਦੋਂ ਪ੍ਰਧਾਨ ਮੰਤਰੀ ਬਣੀ ਜਦੋਂ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਦਾ ਕਾਰਨ ਇਹ ਸੀ ਕਿ ਬਰਤਾਨੀਆ ਦੇ ਬਹੁਸੰਮਤੀ ਲੋਕਾਂ ਨੇ ਉਨ੍ਹਾਂ ਦੇ ਮਸ਼ਵਰੇ ਤੋਂ ਉਲਟ ਫਤਵਾ ਦੇ ਦਿੱਤਾ ਸੀ ਕਿ ਬਰਤਾਨੀਆਂ ਨੂੰ ਈ ਯੂ ਵਿਚ ਹੀ ਰਹਿਣਾ ਚਾਹੀਦਾ ਹੈ। ਇਨ੍ਹਾਂ ਦੇਸਾਂ ਦੀ ਸਿਆਸਤ ਦੀਆਂ ਕਦਰਾਂ ਕੀਮਤਾਂ ਇਹੋ ਜਿਹੀਆ ਹਨ ਕਿ ਅਗਰ ਪ੍ਰਧਾਨ ਮੰਤਰੀ ਦੀ ਗੱਲ ਲੋਕ ਮੰਨ ਹੀ ਨਹੀਂ ਰਹੇ ਤਾਂ ਉਹ ਭਰੋਸੇ ਨਾਲ ਰਾਜ ਭਾਗ ਨਹੀਂ ਚਲਾ ਸਕਦਾ ਹੁੰਦਾ। ਸੋ ਡੇਵਿਡ ਕੈਮਰਾਨ ਨੇ ਸਹੀ ਫੈਸਲਾ ਲਿਆ ਸੀ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਥਰੀਸਾ ਮੇਅ ਦੇ ਮਨ ਵਿਚ ਇਹ ਗੱਲ ਵੀ ਜ਼ਰੂਰ ਹੋਵੇਗੀ ਕਿ ਉਸ ਨੂੰ ਲੋਕਾਂ ਤੋਂ ਮੈਂਡੇਟ ਦੀ ਆਵਸ਼ਕਤਾ ਹੈ ਤੇ ਇਹ ਮੈਂਡੇਟ ਇਲੈਕਸ਼ਨਾਂ ਬਾਝੋਂ ਨਹੀਂ ਸੀ ਮਿਲ ਸਕਦਾ। ਹੁਣ ਅਗਰ ਟੋਰੀ ਜਾਂ ਕੰਜ਼ਰਵੇਟਿਵ ਪਾਰਟੀ ਜਿੱਤ ਜਾਂਦੀ ਹੈ ਤਾਂ ਥਰੀਸਾ ਮੇਅ ਦੀ ਅਥਾਰਟੀ ਉਤੇ ਵੀ ਮੋਹਰ ਲੱਗ ਜਾਵੇਗੀ ਤੇ ਉਹ ਬੜੇ ਭਰੋਸੇ ਨਾਲ ਯੂਰਪ ਦੀ ਸਾਂਝੀ ਮੰਡੀ ਦੇ ਮੁਲਕਾਂ ਨਾਲ ਸਮਝੌਤੇ ਕਰ ਸਕੇਗੀ। ਉਂਝ ਵੀ ਅਮਰੀਕਾ ਵਿਚ ਡੌਨਲਡ ਟਰੰਪ ਦੀ ਪ੍ਰਧਾਨਗੀ ਵੇਲੇ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਵੀ ਸ਼ਕਤੀਸ਼ਾਲੀ ਹੀ ਚਾਹੀਦਾ ਸੀ। ਦੂਨੀਆ ਵਿਚ ਵੈਸੇ ਵੀ ਕਾਫੀ ਅਰਾਜਕਤਾ ਫੈਲੀ ਹੋਈ ਹੈ। ਡੌਨਲਡ ਟਰੰਪ ਘੜੀ ਮੁੜੀ ਧਮਕੀਆਂ ਦੇ ਰਹੇ ਹਨ ਕਿ ਉਹ ਉਤਰੀ ਕੋਰੀਆ ਨੂੰ ਚੁਣੌਤੀ ਦੇਣਗੇ ਕਿ ਉਹ ਆਪਣੇ ਪ੍ਰਮਾਣੂ ਹਥਿਆਰ ਤਬਾਹ ਕਰ ਦੇਵੇ ਤੇ ਅੱਗੇ ਤੋਂ ਵੀ ਹੋਰ ਪ੍ਰਮਾਣੂ ਤਜਰਬੇ ਨਾ ਕਰੇ। ਦੁਨੀਆ ਵਿਚ ਇਸ ਕਿਸਮ ਦੀ ਸਖਤੀ ਨਾਲ ਤੀਜੀ ਆਲਮੀ ਜੰਗ ਸ਼ੁਰੂ ਹੋ ਸਕਦੀ ਹੈ।

ਨੌਰਥ ਕੋਰੀਆ ਹਮਾਇਤ ਚੀਨ ਕਰਦਾ ਹੈ। ਅਗਰ ਅਮਰੀਕਾ ਨੌਰਥ ਕੋਰੀਆ ਉਤੇ ਹਮਲਾ ਕਰਦਾ ਹੈ ਤਾਂ ਚੀਨ ਚੁੱਪ ਕਰਕੇ ਨਹੀਂ ਬੈਠੇਗਾ। ਅਗਰ ਨੌਰਥ ਕੋਰੀਆ ਸਾਊਥ ਕੋਰੀਆ ਜਾਂ ਜਾਪਾਨ ਉਤੇ ਹਮਲਾ ਕਰਦਾ ਹੈ ਤਾਂ ਟਰੰਪ ਚੁੱਪ ਕਰਕੇ ਨਹੀਂ ਬੈਠੇਗਾ। ਦੂਸਰੇ ਪਾਸੇ ਮਿਡਲ ਈਸਟ ਵਿਚ ਫਿਰ ਅੱਗ ਦੇ ਭਾਂਬੜ ਉਚੇ ਹੋ ਰਹੇ ਹਨ। ਟਰੰਪ ਦਾ ਕਹਿਣਾ ਹੈ ਕਿ ਉਹ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਕਿ ਸੀਰੀਆ ਦਾ ਪ੍ਰਧਾਨ ਬਾਸ਼ਾਰ–ਅਲ–ਆਸਾਦ ਬਾਇਲੌਜੀਕਲ ਜਾਂ ਸਾਇਰਨ ਗੈਸ ਦੀ ਵਰਤੋਂ ਕਰੇ। ਅਮਰੀਕਾ ਅਤੇ ਬ੍ਰਿਟੇਨ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਅਲ–ਆਸਾਦ ਨੇ ਕੈਮੀਕਲ ਹਥਿਆਰ ਵਰਤ ਕੇ 86 ਲੋਕ ਸੁਸਰੀਆਂ ਵਾਂਗ ਸੁਲਾ ਦਿੱਤੇ ਸਨ। ਇਨ੍ਹਾਂ ਛਿਆਸੀਆਂ ਵਿਚ ਤੇਰਾਂ ਨੰਨ੍ਹੇ ਮੁੰਨੇ ਬੱਚੇ ਵੀ ਸਨ। 2013 ਵਿਚ ਵੀ ਉਸ ਨੇ ਨਰਵ ਗੈਸ ਦੀ ਵਰਤੋਂ ਕੀਤੀ ਸੀ ਪਰ ਓਦੋਂ ਅਮਰੀਕਾ ਦੇ ਪ੍ਰਧਾਨ ਬਾਰਾਕ ਓਬਾਮਾ ਨੇ ਕੋਈ ਐਕਸ਼ਨ ਨਹੀਂ ਸੀ ਲਿਆ। ਪਰ ਏਸ ਵੇਲੇ ਤਾਂ ਅਮਰੀਕਾ ਦੇ ‘ਵਾਈਟ ਹਾਊਸ’ ਵਿਚ ਰੀਪਬਲਿਕਨ ਪਾਰਟੀ ਦਾ ਖੂੰਖਾਰ ਪ੍ਰਧਾਨ ਡੌਨਲਡ ਟਰੰਪ ਬੈਠਾ ਹੈ। ਉਸ ਨੇ ਕੌਲ ਕੀਤਾ ਹੈ ਕਿ ਉਹ ਸੀਰੀਆ ਦੇ ਪ੍ਰਧਾਨ ਨੂੰ ਗੱਦੀਉਂ ਲਾਹ ਕੇ ਹਟੇਗਾ। ਦੂਜੇ ਪਾਸੇ ਰੂਸ ਦਾ ਪ੍ਰਧਾਨ ਵਲਾਦੀਮੀਰ ਪੁਤਿਨ ਅਲ ਆਸਾਦ ਦੀ ਹਮਾਇਤ ਕਰ ਰਿਹਾ ਹੈ ਤੇ ਆਏ ਦਿਨ ਆਈਸਲ ਅਤੇ ਅਲਕਾਇਦਾ ਦੇ ਟਿਕਾਣਿਆਂ ਉਤੇ ਬੰਬਾਰੀ ਕਰ ਰਿਹਾ ਹੈ। ਜਿਨ੍ਹਾਂ ਕਾਰਨ ਆਮ ਸੀਰੀਅਨ ਨਾਗਰਿਕ ਵੀ ਮਾਰੇ ਜਾ ਰਹੇ ਹਨ। ਤਕਰੀਬਨ 50 ਲੱਖ ਸੀਰੀਅਨ ਨਾਗਰਿਕ ਆਪਣੇ ਘਰਾਂ ਨੂੰ ਛੱਡ ਕੇ ਗੁਆਂਢੀ ਦੇਸਾਂ ਨੂੰ ਹਿਜਰਤ ਕਰ ਗਏ ਹਨ ਤੇ ਹਜ਼ਾਰਾਂ ਹੀ ਰਿਫਿਊਜੀ ਯੂਰਪੀਨ ਦੇਸਾਂ ਵਿਚ ਆਣ ਵੜੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਗਰ ਰੂਸ ਅਲ–ਆਸਾਦ ਦੇ ਹੱਕ ਵਿਚ ਭੁਗਤਣੋਂ ਨਹੀਂ ਹਟਦਾ ਤਾਂ ਤਕੜੀ ਲੜਾਈ ਦੇ ਸ਼ੁਰੂ ਹੋ ਜਾਣ ਦਾ ਡਰ ਹੈ। ਅਗਰ ਅਮਰੀਕਾ ਅਲ–ਆਸਾਦ ਦੀਆਂ ਫੌਜਾਂ ਅਤੇ ਸਰਕਾਰੀ ਦਫਤਰਾਂ ਉਤੇ ਬੰਬਾਰੀ ਕਰਦਾ ਹੈ ਤਾਂ ਰੂਸ ਆਸਾਦ ਨੂੰ ਡੀਫੈਂਡ ਕਰੇਗਾ। ਉਧਰ ਈਰਾਨ ਵੀ ਅਲ–ਆਸਾਦ ਦੇ ਹੱਕ ਵਿਚ ਖੜਾ ਹੋ ਜਾਵੇਗਾ। ਫਿਰ ਇਜ਼ਰਾਇਲ ਕਿਉਂਕਿ ਅਮਰੀਕਾ ਦਾ ਭਿਆਲ ਦੇਸ ਹੈ, ਇਸ ਲਈ ਉਹ ਵੀ ਅਮਰੀਕਾ ਨਾਲ ਹਮਦਰਦ ਹੋ ਕੇ ਉਸ ਦੀ ਮੱਦਦ ਕਰੇਗਾ। ਅਮਰੀਕਾ ਕਿਉਂਕਿ ਨੌਰਥ ਐਟਲਾਂਟਿਕ ਟਰੀਟੀ ਔਰਗੇਨਾਈਜ਼ੇਸ਼ਨ ਭਾਵ ਨੈਟੋ ਦਾ ਮੈਂਬਰ ਹੈ, ਇਸ ਲਈ ਉਹ ਬਾਕੀ ਦੇ 27 ਨੈਟੋ ਮੈਂਬਰ ਦੇਸਾਂ ਨੂੰ ਕਹੇਗਾ ਕਿ ਉਹ ਅਮਰੀਕਾ ਦਾ ਸਾਥ ਦੇਣ। ਅਸੀਂ ਸਭ ਜਾਣਦੇ ਹਾਂ ਕਿ ਇਜ਼ਰਾਇਲ ਕੋਲ ਵੀ ਨੁਕਲੀਅਰ ਬੰਬ ਹੈ ਤੇ ਅਮਰੀਕਾ, ਰੂਸ, ਫਰਾਂਸ ਅਤੇ ਬ੍ਰਿਟੇਨ ਕੋਲ ਵੀ ਪ੍ਰਮਾਣੂ ਹਥਿਆਰ ਹਨ। ਕਹਿਣ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਏਸ ਖਿੱਤੇ ਭਾਵ ਮਿਡਲ ਈਸਟ ਵਿਚ ਵੀ ਆਲਮੀ ਜੰਗ ਸ਼ੁਰੂ ਹੋ ਸਕਦੀ ਹੈ। ਸੋ ਇਹੋ ਜਿਹੇ ਮਾਹੌਲ ਵਿਚ ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਵਲੋਂ ਜਨਰਲ ਇਲੈਕਸ਼ਨਾਂ ਦਾ ਐਲਾਨ ਕਰ ਦੇਣਾ ਕੋਈ ਐਵੇਂ ਕਿਵੇਂ ਦੀ ਗੱਲ ਨਹੀਂ ਹੈ।

ਮੈਂ ਉਪਰ ਕਿਹਾ ਹੈ ਕਿ ਥਰੀਸਾ ਮੇਅ ਨੇ ਅਚਨਚੇਤ ਹੀ ਇਲੈਕਸ਼ਨਾਂ ਦਾ ਐਲਾਨ ਕਰਕੇ ਸਾਰੇ ਦੇਸ ਨੂੰ ਤੇ ਕਿਸੇ ਹੱਦ ਤੱਕ ਕੁੱਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਐਲਾਨ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਗੱਲ ਪੱਥਰ 'ਤੇ ਲਕੀਰ ਵਾਂਗ ਹੁੰਦੀ ਹੈ। ਪ੍ਰਧਾਨ ਮੰਤਰੀ ਨੂੰ ‘ਹਾਊਸ ਆਫ ਕਾਮਨਜ਼’ ਤੋਂ ਰਜ਼ਾਮੰਦੀ ਲੈਣੀ ਪੈਂਦੀ । ਪਿਛਲੇ ਹਫਤੇ ਪਈਆਂ ਵੋਟਾਂ ਥਰੀਸਾ ਮੇਅ ਦੇ ਹੱਕ ਵਿਚ ਗਈਆਂ। 650 ਐਮ ਪੀਆਂ ਵਿਚੋਂ ਕੇਵਲ 13 ਐਮ ਪੀਆਂ ਨੇ ਹੀ ਇਸ ਦਾ ਵਿਰੋਧ ਕੀਤਾ। ਸਕੌਟਲੈਂਡ ਦੀ ਫਸਟ ਮਨਿਸਟਰ ਨਿੱਕਲਾ ਸਟੱਰਜਨ ਦੀ ਪਾਰਟੀ ਨੇ ਐਬਸਟੇਨ ਕੀਤਾ ਭਾਵ ਵੋਟ ਦਾ ਇਸਤੇਮਾਲ ਨਹੀਂ ਕੀਤਾ।

ਇਨ੍ਹਾਂ ਇਲੈਕਸ਼ਨਾਂ ਦੌਰਾਨ ਮੇਰੀ ਜਾਚੇ ਲੇਬਰ ਪਾਰਟੀ ਬੁਰੀ ਤਰ੍ਹਾਂ ਹਾਰੇਗੀ। ਲੇਬਰ ਪਾਰਟੀ ਦੇ ਬਹੁਤੇ ਮੈਂਬਰ ਇਸ ਗੱਲ ਵਾਸਤੇ ਇਸ ਦੇ ਲੀਡਰ ਜੈਰਮੀ ਕੌਰਬਿਨ ਨੂੰ ਜ਼ਿੰਮੇਵਾਰ ਠਹਿਰਾਉਣਗੇ। 70ਵਿਆਂ ਵਿਚ ਇਹੋ ਜਿਹਾ ਹੀ ਇਕ ਲੀਡਰ ਸੀ ਮਾਈਕਲ ਫੁੱਟ ਪਰ ਉਹ ਵੀ ਜੈਰਮੀ ਕੌਰਬਿਨ ਨਾਲੋਂ ਚੰਗਾ ਸੀ। ਉਹ ਵਧੀਆ ਸਪੀਕਰ ਸੀ ਤੇ ਹੈਰਲਡ ਵਿਲਸਨ ਦੀ ਸਰਕਾਰ ਵਿਚ ਮੰਤਰੀ ਵੀ ਰਹਿ ਚੁੱਕਿਆ ਸੀ। ਭਾਵੇਂ ਮਾਈਕਲ ਫੁੱਟ ਵੀ ਪੱਕਾ ਲੈਫਟਿਸਟ ਅਤੇ ਯੂਨੀਅਨਿਸਟ ਸੀ ਪਰ ਜੈਰਮੀ ਕੌਰਬਿਨ ਨੂੰ ਨਾ ਤਾਂ ਸਰਕਾਰ ਦੀ ਮਸ਼ੀਨਰੀ ਬਾਰੇ ਹੀ ਕੁਝ ਪਤਾ ਤੇ ਨਾ ਹੀ ਉਸ ਦੀਆਂ ਪਾਲਸੀਆਂ ਹੀ ਲੋਕਾਂ ਨੂੰ ਚੰਗੀਆਂ ਲੱਗ ਰਹੀਆਂ ਹਨ। ਉਹ ਮਾਈਕਲ ਫੁੱਟ ਨਾਲੋਂ ਵੀ ਕਿਤੇ ਵੱਧ ਖੱਬੇ ਪਾਸੇ ਵੱਲ ਝੁਕਾਅ ਰੱਖਦਾ ਹੈ। ਹੁਣ ਯੂਨੀਅਨ ਪਾਵਰ ਦਾ ਦੌਰ ਨਿਕਲ ਚੁੱਕਿਆ ਹੈ। ਇੰਟਰਨੈਟ ਦੇ ਯੁੱਗ ਵਿਚ ਆਮ ਲੋਕ ਬੜੇ ਸਿਆਣੇ ਹੋ ਚੁੱਕੇ ਹਨ। ਜੈਰਮੀ ਕੌਰਬਿਨ ਦੇ ਆਪਣੇ ਕਈ ਐਮ ਪੀ ਹੀ ਨਹੀਂ ਚਾਹੁੰਦੇ ਕਿ ਉਹ ਲੇਬਰ ਪਾਰਟੀ ਦਾ ਲੀਡਰ ਰਹੇ। ਐਮ ਪੀ ਵੌਟ ਕੂਪਰ ਨੇ ਹੁਣ ਤੋਂ ਹੀ ਕਾਨਾਫੂਸੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਹ ਚਾਹੇਗੀ ਕਿ ਉਹੋ ਹੀ ਪਾਰਟੀ ਦੀ ਲੀਡਰ ਬਣੇ। ਲੇਬਰ ਪਾਰਟੀ ਦੇ ਕਈ ਮੈਂਬਰ ਇਹ ਮਹਿਸੂਸ ਵੀ ਕਰਦੇ ਹਨ ਕਿ ਜੈਰਮੀ ਕੌਰਬਿਨ ਨਾਲੋਂ ਵੌਟ ਕੂਪਰ ਕਿਤੇ ਵਧੀਆ ਲੀਡਰ ਸਾਬਤ ਹੋਵੇਗੀ। ਇਕ ਗੱਲ ਇਹ ਵੀ ਨੋਟ ਕਰਨ ਵਾਲੀ ਹੈ ਕਿ ਘੱਟੋ ਘੱਟ 13 ਅਜਿਹੇ ਲੇਬਰ ਪਾਰਟੀ ਦੇ ਐਮ ਪੀੰ ਹਨ ਜਿਹੜੇ 8 ਜੂਨ ਵਾਲੀਆਂ ਇਲੈਕਸ਼ਨਾਂ ਵਾਸਤੇ ਨਹੀਂ ਖੜ੍ਹ ਰਹੇ। ਇਹ ਗੱਲ ਵੀ ਸਾਬਤ ਕਰਦੀ ਹੈ ਕਿ ਜੈਰਮੀ ਕੌਰਬਿਨ ਕਿੰਨਾ ਅਣਚਾਹਿਆ ਲੀਡਰ ਹੈ ਭਾਵੇਂ ਕਿ ਕੁਝ ਐਮ ਪੀਆਂ ਦੇ ਨਾ ਖੜ੍ਹਨ ਦੇ ਕੋਈ ਹੋਰ ਕਾਰਜ ਵੀ ਹੋ ਸਕਦੇ ਹਨ।

ਏਸ ਵੇਲੇ ‘ਹਾਊਸ ਆਫ ਕਾਮਨਜ਼' ਦੇ 650 ਐਮ ਪੀਆਂ ਵਿਚੋਂ 330 ਕਨਜ਼ਰਵੇਟਿਵ (ਟੋਰੀ) ਪਾਰਟੀ ਦੇ ਐਮ ਪੀਜ਼ ਹਨ। ਲੇਬਰ ਪਾਰਟੀ 232 ਹਨ ਤੇ ਲਿਬਰਲ ਡੈਮੋਕਰੈਟ ਦੇ ਅੱਠ ਹਨ। ਬਾਕੀ ਦੇ ਆਜ਼ਾਦ ਜਾਂ ਹੋਰ ਛੋਟੀਆਂ ਮੋਟੀਆਂ ਪਾਰਟੀਆਂ ਦੇ ਐਮ ਪੀੰ ਹਨ। ਕਨਜ਼ਰਵੇਟਿਵ ਪਾਰਟੀ ਦੇ ਲੇਬਰ ਪਾਰਟੀ ਨਾਲੋਂ 98 ਅਮੈ ਪੀੰ ਵੱਧ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕਨਜ਼ਰਵੇਟਿਵ ਪਾਰਟੀ ਇਸ ਵੇਰ ਅਠਾਨਵਿਆਂ ਤੋਂ ਵੀ ਹੋਰ ਵੱਧ ਸੀਟਾਂ ਨਾਲ ਬਹੁ ਸੰਮਤੀ ਹਾਸਲ ਕਰ ਲਵੇਗੀ। ਪਰ ਇਹ ਕਹਿਣਾ ਵੀ ਵਾਜਬ ਹੈ ਕਿ ਜਿੰਨੀ ਦੇਰ ਤੱਕ ਵੋਟਾਂ ਪੈਣ ਤੋਂ ਬਾਅਦ ਨਤੀਜੇ ਨਹੀਂ ਨਿਕਲਦੇ, ਉਦੋਂ ਤੱਕ ਕਈ ਕਿਆਫ਼ੇ ਗਲਤ ਵੀ ਹੋ ਸਕਦੇ ਹਨ।

ਇਹ ਕਹਿਣਾ ਉਚਿਤ ਨਹੀਂ ਹੋਵੇਗਾ ਕਿ ਲੇਬਰ ਪਾਰਟੀ ਜਿੱਤ ਹੀ ਨਹੀਂ ਸਕਦੀ। ਇਸ ਦੇ ਲੀਡਰ ਨੂੰ ਛੱਡ ਕੇ ਅਗਰ ਇਸ ਦਾ ਮੈਨੀਫੈਸਟੋ ਠੀਕ ਹੋਵੇ ਤਾਂ ਲੋਕਾਂ ਦਾ ਝੁਕਾਅ ਉਸ ਤਰਫ ਹੋ ਸਕਦਾ ਹੈ। ਪਰ ਜੈਰਮੀ ਕੌਰਬਿਨ ਦਾ ਇਹ ਕਹੀ ਜਾਣਾ ਕਿ ਅਸੀਂ ਸਥਾਪਤੀ ਦੇ ਖਿਲਾਫ ਹਾਂ, ਕਾਫੀ ਨਹੀਂ ਹੈ। ਉਹ ਇਹ ਵੀ ਕਹਿੰਦੇ ਹਨ ਕਿ ਦੇਸ਼ ਦੇ ਉਦਯੋਗਪਤੀ, ਬਿਜ਼ਨਸਮੈਨ ਅਤੇ ਕੌਰਪੋਰੇਟ ਭਾਈਚਾਰੇ ਉਤੇ ਤਕੜੇ ਟੈਕਸ ਠੋਕੇ ਜਾਣੇ ਚਾਹੀਦੇ ਹਨ ਤੇ ਇਹ ਕੁਝ ਕਰਨ ਤੋਂ ਉਨ੍ਹਾਂ ਦੀ ਸਰਕਾਰ, ਜੇ ਬਣ ਗਈ ਤਾਂ ਪਿੱਛੇ ਨਹੀਂ ਹਟੇਗੀ।। ਪਰ ਉਹ ਇਹ ਭੁੱਲ ਜਾਂਦੇ ਹਨ ਕਿ ਇਹ ਸਰਮਾਏਦਾਰ ਲੋਕ ਅਤੇ ਅਦਾਰੇ ਜੌਬਾਂ ਵੀ ਤਾਂ ਕਰੀਏਟ ਕਰਦੇ ਹਨ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਇਨ੍ਹਾਂ ਉਤੇ ਹੋਰ ਟੈਕਸ ਲਗਾਓਗੇ ਤਾਂ ਇਹ ਕਿਸੇ ਹੋਰ ਦੇਸ ਵਿਚ ਆਪਣੇ ਕਾਰੋਬਾਰ ਲੈ ਜਾਣਗੇ। ਇਸੇ ਤਰ੍ਹਾਂ ਲੇਬਰ ਦੇ ਸ਼ੈਡੋ ਚਾਂਸਲਰ ਜੌਨ ਮੈਕਡੋਨਲ ਨੇ ਕਿਹਾ ਸੀ ਕਿ ਇਕ ਲੱਖ ਪੌਂਡ ਤੋਂ ਉਪਰ ਕਮਾਉਣ ਵਾਲਿਆਂ ਉਤੇ ਹੋਰ ਟੈਕਸ ਲਗਾਵਾਂਗੇ। ਐਸ ਵੇਲੇ ਪੰਜਤਾਲੀ ਫੀਸਦੀ ਟੈਕਸ ਹੀ ਅਗਰ ਮਾਹਿਰ ਲੋਕਾਂ ਨੂੰ ਅਮਰੀਕਾ ਅਤੇ ਹੋਰ ਦੇਸਾਂ ਵਿਚ ਜੌਬਾਂ ਲੈਣ ਲਈ ਮਜਬੂਰ ਕਰ ਰਿਹਾ ਹੈ ਤਾਂ ਇਸ ਤੋਂ ਵਧੇਰੇ ਟੈਕਸ ਲਗ ਜਾਣ ਦੀ ਸੂਰਤ ਵਿਚ ਮਾਰ ਲੋਕ ਕੀ ਕਰਨਗੇ? ਮਾਹਿਰਾਂ ਤੋਂ ਬਿਨਾਂ ਦੇਸ਼ ਦੀ ਤਰੱਕੀ ਨਾਮੁਮਕਿਨ ਹੈ। ਥਰੀਸਾ ਮੇਅ ਨੇ ਕਿਹਾ ਹੈ ਕਿ ਉਹ ਹੋਰ ਇਮੀਗਰੇਸ਼ਨ ਉਤੇ ਕੰਟਰੋਲ ਕਰਨਗੇ। ਦੂਜੇ ਪਾਸੇ ਲੇਬਰ ਪਾਰਟੀ ਇਸ ਨੂੰ ਢਿੱਲਿਆਂ ਕਰਨ ਦੀ ਗੱਲ ਕਰ ਰਹੀ ਹੈ। ਦੇਸ਼ ਦੇ ਆਮ ਲੋਕ ਹੋਰ ਇਮੀਗਰਾਂਟਸ ਨਹੀਂ ਚਾਹੁੰਦੇ। ਉਹ ਨਹੀਂ ਚਾਹੁੰਦੇ ਕਿ ਐਨ ਐਚ ਐਸ, ਸਕੂਲਾਂ, ਸੜਕਾਂ ਅਤੇ ਹੋਰ ਅਦਾਰਿਆਂ ਉਤੇ ਹੋਰ ਭਾਰ ਪਵੇ।

ਥਰੀਸਾ ਮੇਅ ਨੇ ਕਿਹਾ ਹੈ ਕਿ ਉਹ ‘‘ਓਵਰਸੀਜ਼ ਏਡ'' ਵਾਸਤੇ ਦਿੱਤੀ ਜਾ ਰਹੀ 12 ਬਿਲੀਅਨ ਪੌਂਡਾਂ ਦੀ ਪ੍ਰਤੀ ਵਰਸ਼ ਦੀ ਰਕਮ ਨੂੰ ਨਹੀਂ ਘਟਾਉਣਗੇ। ਯਾਦ ਰਹੇ ਇਹ ਦੇਸ਼ ਦੀ ਨੈਟ ਇਨਕਮ ਦਾ 0.7% ਹੈ। ਪਰ ਦੇਸ਼ ਦੇ ਆਮ ਲੋਕ ਬਿਗਾਨੇ ਦੇਸਾਂ ਨੂੰ ਇੰਨੇ ਪੈਸੇ ਦੇਣ ਦੇ ਹੱਕ ਵਿਚ ਨਹੀਂ ਹਨ। ਯਾਦ ਰਹੇ ਡੇਵਿਡ ਕੈਮਰਾਨ ਦੀ ਸਰਕਾਰ ਨੇ ਇਸ ਰਕਮ ਦੀ ਗਰੰਟੀ ਬ੍ਰਿਟੇਨ ਦੇ ਕਾਨੂੰਨ ਵਿਚ ਸ਼ਾਮਲ ਕਰ ਦਿੱਤੀ ਸੀ ਤਾਂ ਜੁ ਇਸ ਨੂੰ ਸੌਖੀ ਤਰ੍ਹਾਂ ਬਦਲਿਆ ਨਾ ਜਾ ਸਕੇ। ਇਸ ਨੂੰ ਬਦਲਣ ਵਾਸਤੇ ਪਾਰਲੀਮੈਂਟ ਰਾਹੀਂ ਇਕ ਬਿੱਲ ਪਾਸ ਕਰਨਾ ਪਵੇਗਾ। ਯਾਦ ਰਹੇ ਜਿੰਨੇ ਪੈਸੇ ਅਸੀਂ ਗਰੀਬ ਦੇਸ਼ਾਂ ਦੀ ਮਦਦ ਲਈ ਦੇ ਰਹੇ ਹਾਂ, ਉਨੇ ਦੁਨੀਆ ਦਾ ਕੋਈ ਵੀ ਹੋਰ ਦੇਸ਼ ਨਹੀਂ ਦਿੰਦਾ। ਬ੍ਰਿਟਿਸ਼ ਨਾਗਰਿਕਾਂ ਨੂੰ ਸਭ ਤੋਂ ਵੱਡਾ ਇਤਰਾਜ਼ ਇਹ ਹੈ ਕਿ ਇਹ ਰਕਮ ਗਲਤ ਤੇ ਕੁਰੱਪਟ ਲੋਕਾਂ ਕੋਲ ਪਹੁੰਚ ਜਾਂਦੀ ਹੈ ਤੇ ਜਿਨ੍ਹਾਂ ਨੂੰ ਇਸ ਦੀ ਲੋੜ ਹੁੰਦੀ ਹੈ ਉਹ ਇਸ ਤੋਂ ਵਾਂਝਿਆ ਰਹਿ ਜਾਂਦੇ ਹਨ। ‘ਓਵਰਸੀਜ਼ ਏਡ’ ਦੀ ਮਨਿਸਟਰ ਪ੍ਰੀਤੀ ਪਟੇਲ ਤੋਂ ਲੋਕ ਆਸ ਕਰਦੇ ਸਨ ਕਿ ਉਹ ਕੁਝ ਸੁਧਾਰ ਲਿਆਉਣਗੇ ਪਰ ਅਜਿਹਾ ਹੋਇਆ ਨਹੀਂ। ਲੇਬਰ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ਬਾਰੇ ਵਿਚਾਰ ਕਰਨ ਪਰ ਜਿਹੋ ਜਿਹਾ ਖੱਬੇ ਪੱਖੀਆਂ ਦਾ ਝੁਕਾਅ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਨੂੰ ਘਟਾਉਣਗੇ। ਵਧਾ ਭਾਵੇਂ ਦੇਣ। ਲੇਬਰ ਪਾਰਟੀ ਦੇ ਹਜ਼ਾਰਾਂ ਹੀ ਸੁਹਿਰਦ ਮੈਂਬਰ ਮਹਿਸੂਸ ਕਰਦੇ ਹਨ ਕਿ ਟੋਰੀਆਂ ਦੀ ਹੁਣ 24 ਪੁਆਇੰਟਾਂ ਦੀ ਲੀਡ ਖਤਮ ਕਰਨ ਲਈ ਲੇਬਰ ਪਾਰਟੀ ਨੂੰ ਉਹ ਕਦਮ ਚੁੱਕਣੇ ਚਾਹੀਦੇ ਹਨ ਜਿਹੜੇ ਵੋਟਰਾਂ ਵਿਚ ਲੋਕ ਪ੍ਰੀਆ ਹੋ ਜਾਣ।

ਕਨਜ਼ਰਵੇਟਿਵ ਪਾਰਟੀ ਦਾ ਇਹ ਕਹਿਣਾ ਕਿ ਉਹ ‘ਓਵਰਸੀਜ਼ ਏਡ' ਵਿਚ ਕਟੌਤੀ ਨਹੀਂ ਕਰਨਗੇ, ਦਾ ਡੂੰਘਾ ਪ੍ਰਤੀਕਰਮ ਹੋਇਆ ਹੈ। ਉਨ੍ਹਾਂ ਦੇ ਕਈ ਸੀਨੀਅਰ ਮੈਂਬਰ ਥਰੀਸਾ ਮੇਅ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਇਸ ਏਡ ਨੂੰ ਕਾਨੂੰਨ ਦੀ ਮੱਦ ਵਿਚੋਂ ਨਾ ਕੱਢਿਆ ਜਾਵੇ। ਇਸ ਦੀ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੈ ਕਿ ਇਹ ਏਡ ਇੰਡੈਕਸ ਲਿੰਕ ਨਾਲ ਬੰਨ੍ਹਿਆ ਹੋਇਆ ਹੈ। ਜਦੋਂ ਇਸ ਨੂੰ ਦੇਸ਼ ਦੇ ਕਾਨੂੰਨ ਵਿਚ ਸ਼ਾਮਲ ਕਰ ਲਿਆ ਗਿਆ ਸੀ ਉਦੋਂ ਦੇਸ਼ ਦੀ ਜੀ ਡੀੰ ਪੀੰ ਦਾ ਹਿੰਦਸਾ ਘੱਟ ਸੀ ਤੇ ਏਡ ਦਾ ਹਿੰਦਸਾ 11 ਬਿਲੀਅਨ ਪੌਂਡ ਸੀ ਪਰ ਹੁਣ ਜਿਵੇਂ ਜਿਵੇਂ ਦੇਸ਼ ਅਮੀਰ ਹੋਈ ਜਾਂਦਾ ਹੈ ਤਿਵੇਂ ਤਿਵੇਂ ਏਡ ਦਾ ਹਿੰਦਸਾ ਵੀ ਵਧੀ ਜਾਂਦਾ ਹੈ। ਪਿਛਲੇ ਸਾਲ ਅਸੀਂ ਤੇਰ੍ਹਾਂ ਬਿਲੀਅਨ ਪੌਂਡ ਦਿਤੇ ਸਨ। ਅਗਲੇ ਸਾਲ ਇਸ ਹਿੰਦਸੇ ਦੇ 14 ਬਿਲੀਅਨ ਪੌਂਡਾਂ ਤੀਕ ਚਲੇ ਜਾਣ ਦੀ ਆਸ ਹੈ। ਸਾਬਕਾ ਰੱਖਿਆ ਮੰਤਰੀ ਸਰ ਜੈਰਲਡ ਹੋਵਾਰਥ ਨੇ ਕਿਹਾ ਹੈ,‘‘ਮੇਰੇ ਖਿ਼ਆਲ ਵਿਚ ਇਹ ਸਾਡੀ ਬਹੁਤ ਵੱਡੀ ਭੁੱਲ ਸੀ ਕਿ ਅਸੀਂ ‘ਓਵਰਸੀਜ਼ ਏਡ' ਦੇ 0.7% ਨੂੰ ਦੇਸ਼ ਦੇ ਕਾਨੂੰਨ ਵਿਚ ਸ਼ਾਮਲ ਕਰ ਲਿਆ ਸੀ। ਇਹ ਗੱਲ ਇਖ਼ਲਾਕੀ ਤੌਰ 'ਤੇ ਹੀ ਗਲਤ ਹੈ ਕਿ ਅਸੀਂ ਦੂਸਰਿਆਂ ਦੇਸ਼ਾਂ ਨੂੰ ਤਾਂ 13 ਮਿਲੀਅਨ ਪੌਂਡ ਪ੍ਰਤੀ ਵਰਸ਼ ਦੇ ਰਹੇ ਹਾਂ ਜਦਕਿ ਸਾਡੇ ਆਪਣੇ ਦੇਸ਼ ਵਿਚ ਨੈਸ਼ਨਲ ਹੈਲਥ ਸਰਵਿਸ, ਸਕੂਲਾਂ ਅਤੇ ਹੋਰ ਇਨਫਰਾਸਟਰਕਚਰ ਅਤੇ ਸੇਵਾਵਾਂ ਦਾ ਬੁਰਾ ਹੋਇਆ ਹੋਇਆ ਪਿਆ ਹੈ। ਉਨ੍ਹਾਂ ਨੂੰ ਪੈਸਿਆਂ ਦੀ ਸਖਤ ਲੋੜ ਹੈ।'' ਲੌਰਡ ਟਿਬਿੱਟ ਸਭ ਤੋਂ ਸੀਨੀਅਰ ਟੋਰੀ ਹਨ। ਮਨਿਸਟਰ ਵੀ ਰਹਿ ਚੁੱਕੇ ਹਨ ਤੇ ਮਾਰਗਰੇਟ ਥੈਚਰ ਦੇ ਵੇਲਿਆਂ ਵਿਚ ਉਹ ਕਾਨਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਵੀ ਸਨ। ਆਪ ਜੀ ਲਗਾਤਾਰ ਤਿੰਨ ਵੇਰ ਇਲੈਕਸ਼ਨਾਂ ਜਿੱਤੇ ਸਨ। ਲੌਰਡ ਟਿਬਿੱਟ ਨੇ ਓਵਰਸੀਜ਼ ਏਡ ਬਾਰੇ ਕਿਹਾ,‘‘ਇਹ ਕਮਾਲ ਦੀ ਗੱਲ ਹੈ ਕਿ ਨੈਸ਼ਨਲ ਹੈਲਥ ਸਰਵਿਸ ਤਾਂ ਪੈਸਿਆਂ ਖੁਣੋ ਪੂਰੀਆਂ ਸੇਵਾਵਾਂ ਨਹੀਂ ਦੇ ਸਕਦਾ ਤੇ ਸਾਡੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਅਸੀਂ ਏਨੀ ਸਾਰੀ ਰਕਮ ਹਰ ਵਰ੍ਹੇ ਪਰਾਇਆਂ ਨੂੰ ਹੀ ਦੇਈ ਜਾਣੀ ਹੈ। ਇਲੈਕਸ਼ਨਾਂ ਦੀ ਮੁਹਿੰਮ ਦੇ ਸ਼ੁਰੂ ਵਿਚ ਹੀ ਅਜਿਹੀ ਗੱਲ ਕਹਿ ਦੇਣ ਨਾਲ ਪ੍ਰਧਾਨ ਮੰਤਰੀ ਨੇ ਇਸ ਮੁਹਿੰਮ ਨੂੰ ਕੋਈ ਵਧੀਆ ਸਟਾਰਟ ਨਹੀਂ ਜੇ ਦਿੱਤਾ।''

ਮੇਰੇ ਖਿ਼ਆਲ ਵਿਚ ਅਗਰ ਲੇਬਰ ਪਾਰਟੀ ਨੇ ਇਹ ਇਲੈਕਸ਼ਨਾਂ ਜਿੱਤਣੀਆਂ ਹਨ ਤਾਂ ਉਨ੍ਹਾਂ ਨੂੰ ਆਪਣਾ ਮੈਨੀਫੈਸਟੋ ਬੜੇ ਧਿਆਨ ਨਾਲ ਉਲੀਕਣਾ ਚਾਹੀਦਾ ਹੈ। ਅਗਰ ਜੈਰਮੀ ਕੌਰਬਿਨ ਦੇਸ਼ ਦੇ ਅਮੀਰਾਂ ਨੂੰ ਖਤਮ ਕਰਨ 'ਤੇ ਤੁਲਦੇ ਹਨ ਤਾਂ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ ਦੀ ਗਿਣਤੀ ਤਾਂ ਦੇਸ਼ ਦੀ ਕੁੱਲ ਵਸੋਂ ਵਿਚੋਂ ਕੇਵਲ 5% ਹੈ ਪਰ ਦੇਸ਼ ਦਾ 50% ਟੈਕਸ ਉਨ੍ਹਾਂ ਕੋਲੋਂ ਹੀ ਆ ਰਿਹਾ ਹੈ। ਲੇਬਰ ਪਾਰਟੀ ਨੂੰ ਐਸਟੈਬਲਿਸ਼ਮੈਂਟ ਨੂੰ ਖ਼ਤਮ ਕਰਨ ਵਾਲਾ ਨਾਅਰਾ ਹੋਰ ਵੋਟਾਂ ਪ੍ਰਾਪਤ ਨਹੀਂ ਕਰਵਾਏਗਾ। ਲੇਬਰ ਪਾਰਟੀ ਦੇਸ਼ ਵਿਚ ਵਧ ਰਹੇ ਜੁਰਮਾਂ ਨੂੰ ਰੋਕਣ ਬਾਰੇ ਵੀ ਪੌਲਸੀ ਸਟੇਟਮੈਂਟ ਦੇਵੇ। ਥਰੀਸਾ ਮੇਅ ਨੇ ਬਤੌਰ ਪ੍ਰਧਾਨ ਮੰਤਰੀ ਦੇ ‘ਸਟੌਪ ਐਂਡ ਸਰਚ' ਉਤੇ ਰੋਕ ਲਗਾ ਦਿੱਤੀ ਸੀ। ਭਾਵ ਪੁਲਿਸ ਕਿਸੇ ਨੂੰ ਐਵੇਂ ਹੀ ਖੜ੍ਹਿਆ ਕਰਕੇ ਤਲਾਸ਼ੀ ਨਹੀਂ ਲੈ ਸਕਦੀ। ਇਸ ਕਾਰਨ ਦੇਸ਼ ਵਿਚ ਜਰਾਇਮ ਪੇਸ਼ਾ ਘਟਨਾਵਾਂ ਵਿਚ ਢੇਰ ਸਾਰਾ ਵਾਧਾ ਹੋ ਗਿਆ ਹੈ। ਹੋਰ ਵੀ ਕਈ ਗੱਲਾਂ ਹਨ ਜਿਹੜੀਆਂ ਆਪਾਂ ਅਗਲੇ ਲੇਖਾਂ ਵਿਚ ਕਰਾਂਗੇ।

28/04/2017

  ਬਰਤਾਨੀਆਂ ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬ ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਹੋਣਹਾਰ ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਵਿਅੰਗ
"ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ
''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
ਜ਼ਮੀਨੀ ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਾਅਵਿਆਂ ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ
ਪਿਆਰ ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com