ਬੀਤੇ ਦਿਨੀਂ ਸਰਬ ਹਿੰਦ ਕਾਂਗ੍ਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ
ਘਾਟੀ ਵਿਚਲੇ ਹਾਲਾਤ ਦੇ ਦਿਨ-ਬ-ਦਿਨ ਵਿਗੜਦਿਆਂ ਜਾਣ ਪੁਰ ਟਿੱਪਣੀ ਕਰਦਿਆਂ ਕਿਹਾ
ਕਿ ਇਨ੍ਹਾਂ ਹਾਲਾਤਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਜ਼ਿਮੇਂਦਾਰ
ਹਨ। ਉਨ੍ਹਾਂ ਕਿਹਾ ਕਿ ਘਾਟੀ ਵਿੱਚ ਪ੍ਰਧਾਨ ਮੰਤਰੀ ਅਜਿਹੀਆਂ ਨੀਤੀਆਂ ਅਪਨਾ ਕੇ
ਚਲ ਰਹੇ ਹਨ, ਜਿਨ੍ਹਾਂ ਕਾਰਣ ਦਹਿਸ਼ਤਗਰਦਾਂ ਨੂੰ ਸ਼ਹਿ ਮਿਲਣ ਦੇ ਨਾਲ ਹੀ ਵਧਣ-ਫੁਲਣ
ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਥੋੜ-ਚਿਰੇ ਲਾਭ ਲਈ ਉਨ੍ਹਾਂ
(ਮੋਦੀ) ਦੇ ਪੀਡੀਪੀ ਨਾਲ ਗਠਜੋੜ ਸਰਕਾਰ ਬਣਾ ਲਏ ਜਾਣ ਦੇ ਕੀਤੇ
ਗਏ ਫੈਸਲੇ ਦਾ ਦੇਸ਼ ਨੂੰ ਭਾਰੀ ਮੁਲ ਚੁਕਾਣਾ ਪੈ ਰਿਹਾ ਹੈ। ਰਾਹੁਲ ਗਾਂਧੀ ਦੇ ਇਸ
ਬਿਆਨ ਨੂੰ ਲੈ ਕੇ ਭਾਜਪਾਈ ਮੁੱਖੀਆਂ ਨੇ ਉਨ੍ਹਾਂ ਪੁਰ ਤਿੱਖੇ ਜਵਾਬੀ ਹਮਲੇ ਸ਼ੁਰੂ
ਕਰ ਦਿੱਤੇ ਹਨ। ਉਨ੍ਹਾਂ ਵਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਕਸ਼ਮੀਰ ਸੱਮਸਿਆ ਮੁੱਖ
ਰੂਪ ਵਿੱਚ ਕਾਂਗ੍ਰਸੀ ਪ੍ਰਧਾਨ ਮੰਤਰੀਆਂ, ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ
ਦੀ ਦੇਣ ਹੈ, ਜਿਸ ਨਾਲ ਮੋਦੀ ਸਰਕਾਰ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ।
ਪਿਛੋਕੜ : 1947 ਵਿੱਚ ਭਾਰਤ ਨੂੰ ਆਜ਼ਾਦੀ ਦਿੰਦਿਆਂ ਹੋਇਆਂ ਅੰਗ੍ਰੇਜ਼ੀ
ਹਕੁਮਤ ਨੇ ਦੇਸ਼ ਵਿੱਚਲੀਆਂ ਸੈਂਕੜੇ ਰਿਆਸਤਾਂ ਨੂੰ ਆਪਣੇ ਭਵਿਖ ਦਾ ਫੈਸਲਾ ਆਪ ਕਰਨ
ਦਾ ਜੋ ਅਧਿਕਾਰ ਦਿੱਤਾ, ਉਸੇ ਦੇ ਸਹਾਰੇ ਹੀ ਜੰਮੂ-ਕਸ਼ਮੀਰ ਰਿਆਸਤ ਦੇ ਮਹਾਰਾਜਾ
ਹਰੀ ਸਿੰਘ ਨੇ ਰਿਆਸਤ ਨੂੰ ਅਜ਼ਾਦ ਰਖਣ ਦਾ ਐਲਾਨ ਕਰ ਦਿੱਤਾ। ਇਸਤੇ ਪਾਕਿਸਤਾਨੀ
ਫੌਜ ਨੇ ਉਸ (ਜੰਮੂ-ਕਸ਼ਮੀਰ ਰਿਆਸਤ) ਨੂੰ ਆਪਣੇ ਪਾਲੇ ਵਿੱਚ ਲਿਆਣ ਦੇ ਉਦੇਸ਼ ਨਾਲ,
ਉਸ ਪੁਰ ਹਮਲਾ ਕਰ ਦਿੱਤਾ। ਕਿਉਂਕਿ ਮਹਾਰਾਜਾ ਹਰੀ ਸਿੰਘ ਨੇ ਰਿਆਸਤ ਨੂੰ ਅਜ਼ਾਦ
ਰਖਣ ਦਾ ਫੈਸਲਾ ਐਲਾਨਿਆ ਹੋਇਆ ਸੀ, ਇਸ ਕਰਕੇ ਪਾਕਿਸਤਾਨੀ ਹਮਲੇ ਦਾ ਸਾਹਮਣਾ,
ਉਸਨੇ ਆਪਣੇ ਹੀ ਬਲ-ਬੂਤੇ ਕਰਨਾ ਸੀ। ਨਤੀਜਾ ਇਹ ਹੋਇਆ ਕਿ ਰਿਆਸਤ ਦੀਆਂ ਫੋਜਾਂ
ਪਾਕਿਸਤਾਨੀ ਫੌਜਾਂ ਸਾਹਮਣੇ ਟਿਕ ਨਾ ਸਕੀਆਂ। ਪਾਕਿਸਤਾਨੀ ਫੌਜਾਂ ਲਗਾਤਾਰ ਵਧਦੀਆਂ
ਚਲੀਆਂ ਆਉਣ ਲਗੀਆਂ। ਜਦੋਂ ਮਹਾਰਾਜਾ ਹਰੀ ਸਿੰਘ ਨੇ ਸਮਝਿਆ ਕਿ ਉਸਦੀ ਫੌਜ,
ਪਾਕਿਸਾਨੀ ਫੌਜ ਦੇ ਵਧਦੇ ਕਦਮਾਂ ਨੂੰ ਰੋਕਣ ਵਿੱਚ ਸਫਲ ਨਹੀਂ ਹੋ ਪਾ ਰਹੀ ਤਾਂ
ਉਸਨੇ ਭਾਰਤ ਪਾਸੋਂ ਮਦਦ ਦੀ ਮੰਗ ਕੀਤੀ, ਪਰ ਭਾਰਤ ਤਦ ਤਕ ਉਸਦੀ ਕੋਈ ਮਦਦ ਨਹੀਂ
ਸੀ ਕਰ ਸਕਦਾ, ਜਦੋਂ ਤਕ ਰਿਆਸਤ ਭਾਰਤ ਵਿੱਚ ਸ਼ਾਮਲ ਹੋ, ਉਸਦਾ ਹਿੱਸਾ ਨਹੀਂ ਬਣ
ਜਾਂਦੀ। ਆਖਰ ਮਜਬੂਰ ਹੋ ਮਹਾਰਾਜਾ ਹਰੀ ਸਿੰਘ ਨੇ ਕੁਝ ਸ਼ਰਤਾਂ ਤਹਿਤ ਜੰਮੂ-ਕਸ਼ਮੀਰ
ਰਿਆਸਤ, ਨੂੰ ਭਾਰਤ ਵਿੱਚ ਸ਼ਾਮਲ ਕਰਨਾ ਸਵੀਕਾਰ ਕਰ ਲਿਆ। ਮਹਾਰਾਜਾ ਹਰੀ ਸਿੰਘ
ਵਲੋਂ ਇਹ ਐਲਾਨ ਕੀਤੇ ਜਾਣ ਦੇ ਨਾਲ ਹੀ ਰਿਆਸਤ ਨੂੰ ਪਾਕਿਸਤਾਨੀ ਹਮਲੇ ਤੋਂ ਬਚਾਣ
ਲਈ ਭਾਰਤ ਵਲੋਂ ਪਟਿਆਲਾ ਰਿਆਸਤ ਦੀ ਸਿੱਖ ਫੌਜ ਨੂੰ ਜੰਮੂ-ਕਸ਼ਮੀਰ ਭੇਜ ਦਿੱਤਾ
ਗਿਆ। ਸਿੱਖ ਫੌਜ ਨੇ ਕਸ਼ਮੀਰ ਪੁਜਦਿਆਂ ਹੀ ਨਾ ਕੇਵਲ ਪਾਕਿਸਤਾਨੀ ਫੌਜ ਦੇ ਵਧਦੇ
ਕਦਮਾਂ ਨੂੰ ਠਲ੍ਹ ਪਾਈ, ਸਗੋਂ ਉਸਨੂੰ ਖਦੇੜ ਪਿਛੇ ਧਕਣਾ ਵੀ ਸ਼ੁਰੂ ਕਰ ਦਿੱਤਾ। ਉਸ
ਸਮੇਂ ਪਾਕਿਸਤਾਨ ਫੌਜ ਵਲੋਂ ਕਸ਼ਮੀਰ ਦੇ ਕਬਜ਼ਾਏ ਇਲਾਕਿਆਂ ਨੂੰ ਖਾਲੀ ਕਰਵਾਣ ਲਈ
ਪਟਿਆਲਾ ਫੌਜ ਦੇ ਅਫਸਰਾਂ ਵਲੋਂ ਭਾਰਤ ਸਰਕਾਰ ਪਾਸੋਂ ਕੀਤੀ ਗਈ ਕੁਝ ਸਮੇਂ ਦੀ ਮੰਗ
ਨੂੰ ਨਜ਼ਰ-ਅੰਦਾਜ਼ ਕਰ, ਸਮੇਂ ਦੇ ਪ੍ਰਧਾਨ ਮੰਤਰੀ ਜਵਹਾਰ ਲਾਲ ਨਹਿਰੂ ਇਸ ਮਾਮਲਾ
ਨੂੰ ਯੂਐਨਓ ਵਿੱਚ ਲਿਜਾ, ਉਸਦੇ ਜੰਗ-ਬੰਦੀ ਦੇ ਆਦੇਸ਼ ਨੂੰ ਮੰਨ ਬੈਠੇ! ਨਤੀਜਾ ਇਹ
ਹੋਇਆ ਕਿ ਪਾਕਿਸਤਾਨੀ ਫੌਜ ਵਲੋਂ ਕਬਜ਼ਾਇਆ ਕਸ਼ਮੀਰ ਘਾਟੀ ਦਾ ਇਲਾਕਾ ਉਸੇ ਪਾਸ ਰਹਿ
ਗਿਆ, ਜਿਸਨੂੰ ਉਸਨੇ ‘ਆਜ਼ਾਦ ਕਸ਼ਮੀਰ’ ਐਲਾਨ ਦਿੱਤਾ ਤੇ ਭਾਰਤ ਵਲੋਂ ਉਸਨੂੰ,
‘ਗੁਲਾਮ ਕਸ਼ਮੀਰ’ ਵਜੋਂ ਯਾਦ ਕੀਤਾ ਜਾਣ ਲਗਾ। ਇਸ ਸਥਿਤੀ ਤੋਂ ਇਹ ਸੱਮਸਿਆ ਅਜਿਹੀ
ਸ਼ੁਰੂ ਹੋਈ ਕਿ ਅਜੇ ਤਕ ਹਲ ਹੋਣ ਦਾ ਨਾਂ ਨਹੀਂ ਲੈ ਰਹੀ। ਜੇ ਵੇਖਿਆ ਜਾਏ ਤਾਂ
ਰਾਹੁਲ ਗਾਂਧੀ ਵਲੋਂ ਲਾਏ ਗਏ ਇਸ ਦੋਸ਼ ਵਿੱਚ ਵੀ ਘਟ ਸੱਚਾਈ ਨਹੀਂ ਕਿ ਥੋੜ-ਚਿਰੇ
ਲਾਭ ਲਈ ਨਰੇਂਦਰ ਮੋਦੀ ਵਲੋਂ ਪੀਡੀਪੀ ਨਾਲ ਗਠਜੋੜ ਕਰ ਸਰਕਾਰ ਬਣਾਉਣ ਦੇ ਲਏ ਗਏ
ਫੈਸਲੇ ਦਾ ਦੇਸ਼ ਨੂੰ ਭਾਰੀ ਮੁਲ ਚੁਕਾਣਾ ਪੈ ਰਿਹਾ ਹੈ।
ਦਸਿਆ ਜਾਂਦਾ ਹੈ ਕਿ ਦੋ-ਕੁ ਵਰ੍ਹੇ ਪਹਿਲਾਂ, ਜਦੋਂ ਭਾਜਪਾ ਸੱਤਾ-ਲਾਲਸਾ ਦਾ
ਸ਼ਿਕਾਰ ਹੋ, ਪੀਡੀਪੀ ਨਾਲ ਸਾਂਝ ਪਾ, ਉਸਦੇ ਮੁੱਖੀ ਮੁਫਤੀ ਮੁਹੰਮਦ ਸੱਈਅਦ ਦੀ
ਅਗਵਾਈ ਵਿੱਚ ਗਠਜੋੜ ਸਰਕਾਰ ਬਣਾਉਣ ਦਾ ਫੈਸਲਾ ਕੀਤਾ, ਤਾਂ ਉਸੇ ਸਮੇਂ ਦੇਸ਼ ਦੇ ਕਈ
ਰਾਜਸੀ ਮਾਹਿਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਇਹ ਮੁਫਤੀ ਮੁਹੰਮਦ ਸਈਅੱਦ
ਉਹ ਹੀ ਹਨ, ਜੋ ਵੀ ਪੀ ਸਿੰਘ ਦੀ ਕੇਂਦਰ ਸਰਕਾਰ ਵਿੱਚ ਗ੍ਰਹਿ ਮੰਤਰੀ ਸਨ ਅਤੇ
ਜਿਨ੍ਹਾਂ ਉਸ ਸਮੇਂ ਅੱਤਵਾਦੀਆਂ ਵਲੋਂ ਆਪਣੀ ਅਗਵਾ ਕੀਤੀ ਗਈ ਬੇਟੀ, ‘ਰੂਬੀਆ’ ਨੂੰ
ਛੁਡਾਣ ਲਈ, ਸਾਥੀ ਮੰਤਰੀਆਂ ਪੁਰ ਦਬਾਉ ਬਣਾ ਵੀ ਪੀ ਸਿੰਘ ਸਰਕਾਰ ਨੂੰ ਪੰਜ
ਖਤਰਨਾਕ ਅੱਤਵਾਦੀਆਂ ਨੂੰ ਰਿਹਾ ਕਰਨ ਲਈ ਮਜਬੂਰ ਕਰ ਦਿੱਤਾ ਸੀ। ਇਨ੍ਹਾਂ ਰਾਜਸੀ
ਹਲਕਿਆਂ ਵਲੋਂ ਇਹ ਸ਼ੰਕਾ ਵੀ ਪ੍ਰਗਟ ਕੀਤੀ ਗਈ ਸੀ ਕਿ ਮੁਫਤੀ ਮੁਹੰਮਦ ਸਈਅੱਦ ਅਤੇ
ਉਨ੍ਹਾਂ ਦੀ ਬੇਟੀ ਮਹਿਬੂਬਾ ਮੁਫਤੀ ਦੇ ਕਸ਼ਮੀਰੀ ਵੱਖਵਾਦੀਆਂ ਨਾਲ ਨੇੜਲੇ ਸੰਬੰਧ
ਹਨ, ਜਿਨ੍ਹਾਂ ਦੇ ਚਲਦਿਆਂ ਪਕੜੇ ਗਏ ਹੋਏ ਖਤਰਨਾਕ ਦਹਿਸ਼ਤਗਰਦਾਂ ਨੂੰ ਰਿਹਾ ਕਰਵਾਣ
ਲਈ ਇਹ ‘ਡਰਾਮਾ’ ਰਚਿਆ ਗਿਆ ਹੈ।
ਦੋ ਵਰ੍ਹੇ ਪਹਿਲਾਂ : ਪਹਿਲੀ ਮਾਰਚ, 2015 ਨੂੰ ਜਦੋਂ ਜੰਮੂ-ਕਸ਼ਮੀਰ
ਵਿੱਚ ਪੀਡੀਪੀ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਦੇ ਮੁੱਖੀ ਵਜੋਂ
ਮੁਫਤੀ ਮੁਹੰਮਦ ਸਈਅੱਦ ਨੇ ਮੁਖ ਮੰਤਰੀ ਵਜੋਂ ਅਤੇ ਭਾਜਪਾ ਦੇ ਨਿਰਮਲ ਸਿੰਘ ਨੇ
ਉਪ-ਮੁੱਖ ਮੰਤਰੀ ਵਜੋਂ ਸਹੁੰ ਚੁਕੀ ਤਾਂ ਉਸ ਸਮੇਂ ਇਹ ਇੱਕ ਇਤਿਹਾਸਕ ਸੱਚਾਈ ਬਣ
ਗਈ ਕਿ ਭਾਜਪਾ ਪਹਿਲੀ ਵਾਰ ਜੰਮੂ-ਕਸ਼ਮੀਰ ਦੀ ਕਿਸੇ ਸਰਕਾਰ ਵਿੱਚ ਭਾਈਵਾਲ ਬਣੀ ਹੈ।
ਇਸ ਸਰਕਾਰ ਦੇ ਸਹੁੰ-ਚੁਕ ਸਮਾਗਮ ਦੀ ਇਤਿਹਾਸਕਤਾ ਇਹ ਵੀ ਰਹੀ ਕਿ ਇਸ ਮੌਕੇ
ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ
ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਆਦਿ ਸਹਿਤ ਭਾਜਪਾ ਦੇ ਕਈ ਸੀਨੀਅਰ
ਮੁੱਖੀ ਵੀ ਸ਼ਾਮਲ ਹੋਣ ਲਈ ਪੁਜੇ ਹੋਏ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ
ਮੌਕੇ ਤੇ ਦਾਅਵਾ ਕੀਤਾ ਕਿ ਘਾਟੀ ਵਿੱਚ ਪੀਡੀਪੀ-ਭਾਜਪਾ ਸਰਕਾਰ ਦੇ ਕਾਇਮ ਹੋਣ ਨਾਲ
ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਉਮੀਦਾਂ ਤੇ ਪੂਰਿਆਂ ਉਤਰ, ਰਿਆਸਤ ਨੂੰ ਨਵੀਆਂ
ਉਚਿਆਈਆਂ ਤਕ ਲਿਜਾਣ ਦਾ ਇਤਿਹਾਸਕ ਮੌਕਾ ਬਣਿਆ ਹੈ।
ਵਿਵਾਦਤ ਬਿਆਨ : ਉਧਰ ਮੁਫਤੀ ਮੁਹੰਮਦ ਸਈਅੱਦ ਨੇ ਮੁੱਖ ਮੰਤਰੀ ਦੇ
ਅਹੁਦੇ ਦੀ ਸਹੁੰ ਚੁਕਣ ਤੋਂ ਤੁਰੰਤ ਬਾਅਦ ਪਤ੍ਰਕਾਰਾਂ ਨਾਲ ਹੋਈ ਮੁਲਾਕਾਤ ਦੌਰਾਨ
ਦਾਅਵੇ ਨਾਲ ਕਿਹਾ ਕਿ ਮੈਂ ‘ਆਨ ਰਿਕਾਰਡ’ ਕਹਿਣਾ ਚਾਹੁੰਦਾ ਹਾਂ, ਤੇ ਮੈਂ ਪ੍ਰਧਾਨ
ਮੰਤਰੀ ਨੂੰ ਵੀ ਕਿਹਾ ਹੈ ਕਿ ਰਿਆਸਤ ਵਿੱਚ ਹੋਈਆਂ ਸ਼ਾਂਤੀ-ਪੂਰਣ ਚੋਣਾਂ ਲਈ ਸਾਨੂੰ
ਹੁਰੀਅਤ, ਵੱਖਵਾਦੀ ਸੰਗਠਨਾਂ ਅਤੇ ਸੀਮਾ ਪਾਰ ਦੇ ਲੋਕਾਂ (ਪਾਕਿਸਤਾਨ) ਦਾ
ਅਹਿਸਾਨਮੰਦ ਹੋਣਾ ਚਾਹੀਦਾ ਹੈ। ਮੈਂ ਮੰਨਦਾ ਹਾਂ ਕਿ ਜੇ ਉਨ੍ਹਾਂ ਨੇ ਕੁਝ ਵੀ
ਕੀਤਾ ਹੁੰਦਾ ਤਾਂ ਸ਼ਾਂਤੀ-ਪੂਰਣ ਚੋਣਾਂ ਕਰਵਾਈਆਂ ਜਾਣਾ ਸੰਭਵ ਨਾ ਹੋ ਪਾਂਦਾ।
ਜਿਸਦਾ ਮਤਲਬ ਸਪਸ਼ਟ ਸੀ ਕਿ ਮੁਫਤੀ ਮੁਹੰਮਦ ਸਈਅੱਦ ਨੇ ਰਿਆਸਤੀ ਪੁਲਿਸ,
ਸੁਰਖਿਆ ਏਜੰਸੀਆਂ ਤੇ ਰਿਆਸਤ ਦੇ ਲੋਕਾਂ ਵਲੋਂ ਸ਼ਾਂਤੀ-ਪੂਰਣ ਚੋਣਾਂ ਵਿੱਚ ਨਿਭਾਈ
ਗਈ ਭੂਮਿਕਾ ਨੂੰ ਅਣਗੋਲਿਆਂ ਕਰ, ਸ਼ਾਂਤੀ-ਪੂਰਣ ਚੋਣਾਂ ਹੋਣ ਦਾ ਸਿਹਰਾ ਉਨ੍ਹਾਂ
ਅੱਤਵਾਦੀਆਂ ਅਤੇ ਪਾਕਿਸਤਾਨ ਦੇ ਸਿਰ ਬੰਨ੍ਹ ਦਿੱਤਾ, ਜਿਨ੍ਹਾਂ ਚੋਣਾਂ ਦੌਰਾਨ
ਰਿਆਸਤ ਦੇ ਮਤਦਾਤਾਵਾਂ ਵਿੱਚ ਸਹਿਮ ਤੇ ਡਰ ਦਾ ਮਾਹੌਲ ਬਣਾਈ ਰਖਣ ਲਈ ਰਿਆਸਤ ਅੰਦਰ
ਬੇਗੁਨਾਹ ਲੋਕਾਂ ਪੁਰ ਹਮਲੇ ਕਰਨ ਤੇ ਕੰਟਰੋਲ ਰੇਖਾ ਪੁਰ ਜੰਗਬੰਦੀ ਦੀ ਉਲੰਘਣਾ ਕਰ
ਗੋਲਾਬਾਰੀ ਕਰਦਿਆਂ ਰਹਿਣ ਦਾ ਸਿਲਸਿਲਾ ਲਗਾਤਾਰ ਜਾਰੀ ਰਖਿਆ। ਮੁਫਤੀ ਮੁਹੰਮਦ
ਸਈਅੱਦ ਦੇ ਬਿਆਨ ਵਿਰੁਧ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਪਤ੍ਰਕਾਰਾਂ ਨਾਲ
ਗਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੇ ਦਿਨਾਂ ਵਿੱਚ ਪਾਕਿਸਤਾਨ ਵਲੋਂ ਬਾਰ-ਬਾਰ
ਜੰਗਬੰਦੀ ਦੀ ਉਲੰਘਣਾ ਕੀਤੀ ਜਾਂਦੀ ਰਹੀ, ਜਿਸਦਾ ਭਾਰਤ ਵਲੋਂ ਮੂੰਹ-ਤੋੜਵਾਂ ਉੱਤਰ
ਦਿੱਤਾ ਜਾਂਦਾ ਰਿਹਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਮੁਫਤੀ
ਮੁਹੰਮਦ ਸਈਅੱਦ ਦੇ ਬਿਆਨ ਨਾਲੋਂ ਆਪਣੇ-ਆਪਨੂੰ ਅਲਗ ਕਰਦੀ ਹੈ। ਪਰ ਉਨ੍ਹਾਂ ਇਹ
ਨਹੀਂ ਦਸਿਆ ਕਿ ਮੁਫਤੀ ਮੁਹੰਮਦ ਸਈਅੱਦ ਨੇ ਜੋ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ
ਇਸ ਬਾਰੇ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਸੀ, ਇਹ ਗਲ ਜਦੋਂ ਮੁਫਤੀ ਨੇ ਪ੍ਰਧਾਨ
ਮੰਤਰੀ ਨੂੰ ਕਹੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨੇ ਮੁਫਤੀ ਨੂੰ ਕੀ ਜਵਾਬ ਦਿੱਤਾ?
ਇੱਕ ਪਾਸੇ ਜਿਥੇ ਪੀਡੀਪੀ ਦੇ ਮੁਖੀ ਮੁਫਤੀ ਮੁਹੰਮਦ ਸਈਅੱਦ ਨੇ ਮੁਖ ਮੰਤਰੀ ਦੇ
ਅਹੁਦੇ ਦੀ ਸਹੁੰ ਚੁਕਦਿਆਂ ਹੀ ਰਿਆਸਤ ਵਿੱਚ ਹੋਈਆਂ ਸ਼ਾਂਤੀ-ਪੂਰਣ ਚੋਣਾਂ ਲਈ
ਵਖਵਾਦੀਆਂ ਤੇ ਪਾਕਿਸਤਾਨ ਸਿਰ ਸੇਹਰਾ ਬੰਨ੍ਹਿਆ, ਉਥੇ ਹੀ ਦੂਸਰੇ ਪਾਸੇ ਪੀਡੀਪੀ
ਦੇ ਅੱਠ ਵਿਧਾਇਕਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰ, ਸੰਸਦ ਪੁਰ ਹਮਲੇ ਦੇ ਦੋਸ਼ੀ
ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਪੁਰ ਸੁਅਲੀਆ ਨਿਸ਼ਾਨ ਲਾਂਦਿਆਂ, ਉਸਨੂੰ
ਇਨਸਾਫ ਨਾਲ ਮਜ਼ਾਕ ਕਰਾਰ ਦੇ ਦਿੱਤਾ।
ਮਤਭੇਦ ਦੀ ਗਲ ਸਵੀਕਾਰੀ : ਭਾਜਪਾ ਦੇ ਜਨਰਲ ਸਕਤੱਰ ਰਾਮ ਮਾਧਵ, ਜੋ
ਆਰਐਸਐਸ ਦੇ ਪ੍ਰਤੀਨਿਧੀ ਸਵੀਕਾਰੇ ਜਾਂਦੇ ਹਨ, ਨੇ ਸਵੀਕਾਰ ਕੀਤਾ ਸੀ ਕਿ ਧਾਰਾ
370, ਅਫਸਪਾ, ਪਛਮੀ ਪਾਕਿਸਤਾਨ ਦੇ ਸ਼ਰਨਾਰਥੀਆਂ ਅਤੇ ਪੁਨਰਗਠਨ ਆਦਿ ਮੁਦਿਆਂ ਨੂੰ
ਲੈ ਕੇ ਸਮਝੌਤਾ ਕਰਨ ਵਿੱਚ ਬਹੁਤ ਮੁਸ਼ਕਲਾਂ ਆਈਆਂ ਸਨ। ਦੂਸਰੇ ਪਾਸੇ ਪੀਡੀਪੀ ਦੀ
ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਦੋਹਾਂ ਪਾਰਟੀਆਂ ਵਿੱਚ ਇਤਨੇ ਮਤਭੇਦ ਹਨ,
ਕਿ ਉਹ ਸਮੇਂ ਨਾਲ ਉਭਰਦੇ ਰਹਿਣਗੇ।
ਇੱਕ ਸੁਆਲ : ਦੋਹਾਂ ਧਿਰਾਂ ਵਲੋਂ ਐਲਾਨੇ ਗਏ ਸਾਂਝੇ ਪ੍ਰੋਗਰਾਮ ਵਿੱਚ
ਭਾਵੇਂ ਅਜਿਹੀ ਕੋਈ ਮਦ ਨਹੀਂ ਸੀ, ਜਿਸ ਪੁਰ ਸੁਆਲੀਆ ਨਿਸ਼ਾਨ ਲਾਇਆ ਜਾਂਦਾ। ਫਿਰ
ਵੀ ਇਹ ਸੁਆਲ ਜ਼ਰੂਰ ਉਠਦਾ ਰਿਹਾ ਕਿ ਸਾਂਝੇ ਪ੍ਰੋਗਰਾਮ ਤੋਂ ਇਲਾਵਾ, ਜਿਨ੍ਹਾਂ
ਮੁਦਿਆਂ ਪੁਰ ਮਤਭੇਦ ਹੋਣ ਦੀ ਗਲ, ਦੋਹਾਂ ਧਿਰਾਂ ਵਲੋਂ ਸਵੀਕਾਰੀ ਜਾ ਰਹੀ ਹੈ, ਉਹ
ਇਤਨੇ ਜ਼ਿਆਦਾ ਮਹਤੱਵਪੂਰਣ ਸਨ, ਕਿ ਉਨ੍ਹਾਂ ਦੇ ਸੰਬੰਧ ਵਿੱਚ ਇਕ ਪਾਸੇ ਪੀਡੀਪੀ ਦੇ
ਨੇਤਾ ‘ਸਾਂਝੇ ਪ੍ਰੋਗਰਾਮ’ ਦੀਆਂ ਸੀਮਾਵਾਂ ਤੋਂ ਬਾਹਰ ਜਾ ਆਵਾਜ਼ ਉਠਾ, ਉਨ੍ਹਾਂ
ਪ੍ਰਤੀ ਵਚਨਬਧੱਤਾ ਦੁਹਰਾਂਦੇ ਰਹੇ, ਅਤੇ ਉਨ੍ਹਾਂ ਵਿਰੁਧ ਭਾਜਪਾ ਮੁਖੀ ਉਨ੍ਹਾਂ
ਨਾਲ ਕੋਈ ਨਾਤਾ ਨਾ ਹੋਣ ਦੀ ਗਲ ਆਖ, ਆਪਣਾ ਬਚਾਅ ਕਰਦੇ ਰਹੇ।
ਭਾਜਪਾ ਮੁੱਖੀ ਭਾਵੇਂ ਉਨ੍ਹਾਂ ਮੁਦਿਆਂ ਨੂੰ ਅਣਗੋਲਿਆਂ ਕਰਦੇ ਰਹੇ, ਪਰ
ਪੀਡੀਪੀ ਦੇ ਨੇਤਾ ਤੇ ਮੁਖ ਮੰਤਰੀ ਮੁਫਤੀ ਮੁਹੰਮਦ ਸਈਅੱਦ, ਪੀਡੀਪੀ ਪ੍ਰਧਾਨ ਤੇ
ਹੁਣ ਰਿਆਸਤ ਦੀ ਮੁਖ ਮੰਤਰੀ, ਮਹਿਬੂਬਾ ਮੁਫਤੀ ਤੇ ਉਨ੍ਹਾਂ ਦੇ ਵਿਧਾਇਕ ਉਨ੍ਹਾਂ
ਮੁਦਿਆਂ ਨੂੰ ਅਣਗੋਲਿਆਂ ਕਰਦੇ ਵਿਖਾਈ ਨਹੀਂ ਸਨ ਦਿੰਦੇ। ਪ੍ਰਧਾਨ ਮੰਤਰੀ ਅਤੇ
ਗ੍ਰਹਿ ਮੰਤਰੀ ਸਮੇਤ ਭਾਜਪਾ ਨੇਤਾ ਪੀਡੀਪੀ ਦੇ ਮੁਖੀਆਂ ਵਲੋਂ ਉਭਾਰੇ ਜਾ ਰਹੇ
ਮੁਦਿਆਂ ਨਾਲੋਂ ਨਾਤਾ ਤੋੜਨ ਦੀ ਗਲ ਹੀ ਕਰਦੇ ਰਹੇ ਸਨ, ਪਰ ਸੁਆਲ ਉਠਦਾ ਰਿਹਾ ਕਿ
ਕੀ ਉਸ ਸਰਕਾਰ ਦੇ ਮੁਖੀ ਵਲੋਂ ਅਜਿਹੇ ਸੁਆਲ ਖੜੇ ਕੀਤੇ ਜਾਣ ਨਾਲੋਂ ਉਹ ਨਾਤਾ
ਕਿਵੇਂ ਤੋੜ ਸਕਦੇ ਹਨ? ਜਿਸ ਵਿੱਚ ਉਨ੍ਹਾਂ ਦੀ ਪਾਰਟੀ ਦਾ ਮੁੱਖੀ ਉਪ ਮੁਖ ਮੰਤਰੀ
ਵਜੋਂ ਸ਼ਾਮਲ ਹੈ। ਇਸੇ ਕਰਕੇ ਇਹ ਸੁਆਲ ਲਗਾਤਾਰ ਉਠਦਾ ਰਿਹਾ ਕਿ ਆਖਿਰ ਭਾਜਪਾ
ਸਾਹਮਣੇ ਸੱਤਾ ਵਿੱਚ ਪੀਡੀਪੀ ਨਾਲ ਭਾਈਵਾਲ ਬਣਨ ਦੀ ਲਾਲਸਾ ਇਤਨੀ ਪ੍ਰਬਲ ਕਿਉਂ
ਸੀ? ਜਿਸਨੂੰ ਪੂਰਿਆਂ ਕਰਨ ਲਈ ਉਸਦੇ ਮੁਖੀਆਂ ਨੇ ਮਹਤੱਵਪੂਰਣ ਮੁਦਿਆਂ ਤਕ ਨੂੰ
ਨਜ਼ਰ-ਅੰਦਾਜ਼ ਕਰ ਦਿੱਤਾ?
…ਅਤੇ ਅੰਤ ਵਿੱਚ : ਇਹ ਗਲ ਵਰਨਣਯੋਗ ਹੈ ਕਿ ਦੇਸ਼ ਦੇ ਪ੍ਰਮੁੱਖ ਰਾਜਸੀ
ਮਾਹਿਰ ਘਾਟੀ ਵਿੱਚ ਹੋਈਆਂ ਸ਼ਾਂਤੀ-ਪੂਰਣ ਚੋਣਾਂ ਲਈ ਅੱਤਵਾਦੀਆਂ ਸੰਗਠਨਾਂ ਅਤੇ
ਪਾਕਿਸਤਾਨ ਦੇ ਸਿਰ ਸੇਹਰਾ ਬੰਨ੍ਹਣ ਦੇ ਮੁਫਤੀ ਮੁਹੰਮਦ ਸਈਅੱਦ ਵਲੋਂ ਦਿੱਤੇ ਗਏ
ਬਿਆਨ ਨੂੰ ਅੱਜ ਆਪਣੀ ਉਸ ਸਮੇਂ ਪ੍ਰਗਟ ਕੀਤੀ ਗਈ ਸ਼ੰਕਾ ਦੀ ਪੁਸ਼ਟੀ ਵਜੋਂ
ਸਵੀਕਾਰਦੇ ਹਨ!
Mobile : + 91 95 82 71 98 90
jaswantsinghajit@gmail.com
|