|
|
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਵੱਡੀ ਚੁਣੌਤੀ ਹੈ
ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣ
ਵਿਚ ਅਸਫਲ ਹੋਈ ਹੈ। ਹੁਣ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਸ਼ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਤਾਜ ਮਿਲਿਆ ਹੈ। ਇਹ ਮੌਕਾ ਪ੍ਰੋ.
ਕ੍ਰਿਪਾਲ ਸਿੰਘ ਬਡੂੰਗਰ ਨੂੰ ਆਪਣੀ ਕਾਬਲੀਅਤ ਵਿਖਾਉਣ ਦਾ ਸੁਨਹਿਰੀ ਸਮਾਂ
ਹੈ, ਜੇਕਰ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਵਿਚ ਦਲੇਰੀ ਅਤੇ ਸਿਆਣਪ ਤੋਂ ਕੰਮ
ਲੈ ਸਕਣਗੇ, ਜਿਸਦੀ ਕਿ ਉਨਾਂ ਕੋਲੋਂ ਉਮੀਦ ਕੀਤੀ ਜਾ ਸਕਦੀ ਹੈ। ਪ੍ਰੋ.ਕ੍ਰਿਪਾਲ
ਸਿੰਘ ਬਡੂੰਗਰ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ
ਕੰਡਿਆਂ ਦਾ ਤਾਜ ਹੈ ਕਿਉਂਕਿ ਲਗਪਗ ਪਿਛਲੇ 10 ਸਾਲਾਂ ਤੋਂ ਸਿੱਖਾਂ ਦੀਆਂ ਪੰਥਕ
ਸੰਸਥਾਵਾਂ ਦੇ ਕੰਮ ਕਾਜ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਅਜਿਹੇ ਚਿੰਤਾਜਨਕ
ਸਮੇਂ ਵਿਚ ਉਸਦਾ ਮੁੱਖ ਕੰਮ ਸੰਗਤ ਵਿਚ ਪੰਥਕ ਸੰਸਥਾਵਾਂ ਦੇ ਵਕਾਰ ਨੂੰ ਸਥਾਪਤ
ਕਰਨਾ ਬਣਦਾ ਹੈ। ਪਿਛਲੇ ਲੰਮੇ ਸਮੇਂ ਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਖ਼ਤਾਂ ਦੇ ਜਥੇਦਾਰਾਂ, ਪੰਜ ਪਿਆਰਿਆਂ ਅਤੇ ਗ੍ਰੰਥੀਆਂ ਦੀ ਭੂਮਿਕਾ ਵੀ ਵਾਦਵਿਵਾਦ
ਦਾ ਵਿਸ਼ਾ ਬਣੀ ਰਹੀ ਹੈ। ਸਿੱਖ ਸੰਗਤ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰੋ.
ਕਿਰਪਾਲ ਸਿੰਘ ਬਡੂੰਗਰ ਪੜਿਆ ਲਿਖਿਆ, ਸ਼ਹਿਨਸ਼ੀਲਤਾ, ਠਰੰਮੇ ਵਾਲਾ,
ਨਮਰਤਾ, ਹਲੀਮੀ ਅਤੇ ਸਹਿਜ ਸੁਭਾਅ ਦਾ ਮਾਲਕ ਹੋਣ ਕਰਕੇ ਉਹ ਆਪਣੇ ਫਰਜ ਨਿਭਾਉਣ
ਵਿਚ ਸਫਲ ਹੋਵੇਗਾ।
ਸਿੱਖ ਸੰਸਥਾਵਾਂ ਸਿੱਖ ਧਰਮ ਦੀ ਵਿਚਾਰਧਾਰਾ ਉਪਰ ਪਹਿਰਾ ਦੇਣ ਅਤੇ ਸਿੱਖ
ਪਰੰਪਰਾਵਾਂ ਨੂੰ ਬਰਕਰਾਰ ਰੱਖਣ ਦਾ ਕੰਮ ਕਰਦੀਆਂ ਹਨ। ਹੁਣ ਤੱਕ ਉਹ ਆਪਣੇ ਕੰਮ
ਵਿਚ ਨਾਕਾਮ ਰਹੀਆਂ ਹਨ। ਦਸ ਗੁਰੂ ਸਾਹਿਬਾਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ
ਹੀ ਸਿੱਖਾਂ ਦਾ ਗੁਰੂ ਹੈ। ਕੋਈ ਦੇਹਧਾਰੀ ਗੁਰੂ ਦੀ ਸਿੱਖ ਧਰਮ ਇਜ਼ਾਜਤ ਨਹੀਂ
ਦਿੰਦਾ। ਇਸ ਕਰਕੇ ਸਿੱਖ ਧਰਮ ਦੀਆਂ ਪੰਥਕ ਸੰਸਥਾਵਾਂ ਦਾ ਯੋਗਦਾਨ ਬਹੁਤ ਹੀ
ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਜੇਕਰ ਕੋਈ ਸਿੱਖ ਧਰਮ ਦੀ ਵਿਚਾਰਧਾਰਾ ਦੀ
ਅਵੱਗਿਆ ਕਰਦਾ ਹੈ ਜਾਂ ਸਿੱਖ ਪਰੰਪਰਾਵਾਂ ਦੀ ਉਲੰਘਣਾ ਕਰਦਾ ਹੈ ਤਾਂ ਇਹ ਪੰਥਕ
ਪ੍ਰਵਾਣਿਤ ਸੰਸਥਾਵਾਂ ਹੀ ਕੋਈ ਯੋਗ ਕਾਰਵਾਈ ਕਰਨ ਦੇ ਸਮਰੱਥ ਹਨ। ਇਨਾਂ ਸੰਸਥਾਵਾਂ
ਦਾ ਕਿਰਦਾਰ ਪਿਛਲੇ ਸਮੇਂ ਵਿਚ ਸ਼ੱਕੀ ਰਿਹਾ ਹੈ। ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾ
ਵਿਚੋਂ ਆਧੁਨਿਕ ਧਰਮ ਹੈ। ਹਰ ਧਰਮ ਦੇ ਆਪੋ ਆਪਣੇ ਅਸੂਲ, ਸਿਧਾਂਤ, ਧਾਰਨਾਵਾਂ ਅਤੇ
ਪ੍ਰੰਰਪਰਾਵਾਂ ਹੁੰਦੀਆਂ ਹਨ। ਸਿੱਖ ਧਰਮ ਦੇ ਅਸੂਲ, ਸਿਧਾਂਤ ਅਤੇ ਪ੍ਰੰਪਰਾਵਾਂ
ਬਾਕੀ ਧਰਮਾ ਨਾਲੋਂ ਥੋੜੇ ਵੱਖਰੇ ਹਨ ਕਿਉਂਕਿ ਇਹ ਧਰਮ ਆਧੁਨਿਕ ਹੈ। ਇਨਾਂ ਅਸੂਲਾਂ
ਤੇ ਪਹਿਰਾ ਦੇਣ ਅਤੇ ਨਿਗਰਾਨੀ ਰੱਖਣ ਲਈ ਕੁਝ ਕੁ ਸਿੱਖ ਸੰਸਥਾਵਾਂ ਬਾਕਾਇਦਾ ਸਿੱਖ
ਧਰਮ ਦੀਆਂ ਪਰੰਪਰਾਵਾਂ ਅਨੁਸਾਰ ਬਣੀਆਂ ਹੋਈਆਂ ਹਨ। ਇਹ ਸੰਸਥਾਵਾਂ ਉਦੋਂ ਤੋਂ ਹੀ
ਹੋਂਦ ਵਿਚ ਆ ਗਈਆਂ ਸਨ ਜਦੋਂ ਇਹ ਧਰਮ ਬਣਿਆਂ ਸੀ ਤਾਂ ਜੋ ਸਿੱਖ ਧਰਮ ਦੇ
ਸਿਧਾਂਤਾਂ ਨੂੰ ਹੂ-ਬ-ਹੂ ਲਾਗੂ ਕੀਤਾ ਜਾ ਸਕੇ। ਇਹ ਸੰਸਥਾਵਾਂ ਸਿੱਖ ਧਰਮ ਦੇ
ਅਨੁਆਈਆਂ ਲਈ ਉਤਨੀਆਂ ਹੀ ਪਵਿਤਰ ਹਨ, ਜਿਤਨਾ ਸਿੱਖ ਧਰਮ ਹੈ।
ਸਿੱਖ ਧਰਮ ਸਰਬਤ ਦੇ ਭਲੇ ਵਿਚ ਵਿਸ਼ਵਾਸ਼ ਰੱਖਦਾ ਹੈ। ਆਪਸੀ ਮਿਲਵਰਤਨ, ਅਹਿੰਸਾ
ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਬਰਾਬਰੀ ਅਤੇ ਨਿਆਏ ਦੇ ਹੱਕ ਵਿਚ ਆਵਾਜ਼
ਬੁਲੰਦ ਕਰਦਾ ਹੈ। ਗਊ ਗ਼ਰੀਬ ਦੀ ਮਦਦ ਲਈ ਸਹਾਈ ਹੁੰਦਾ ਹੈ। ਸੰਗਤ ਤੇ ਪੰਗਤ ਦਾ
ਧਾਰਨੀ ਹੈ। ਜਾਤ-ਪਾਤ ਦਾ ਖੰਡਨ ਕਰਦਾ ਹੈ। ਇਸੇ ਲਈ ਸਿੱਖ ਧਰਮ ਦੇ ਸਿਧਾਂਤਾਂ ਅਤੇ
ਪ੍ਰੰਪਰਾਵਾਂ ਤੇ ਪਹਿਰਾ ਦੇਣ ਲਈ ਪੰਜ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਸ੍ਰੀ
ਅੰਮ੍ਰਿਤਸਰ, ਸ੍ਰੀ ਕੇਸ ਗੜ ਸਾਹਿਬ ਆਨੰਦਪੁਰ, ਸ੍ਰੀ ਦਮਦਮਾ ਸਾਹਿਬ ਤਲਵੰਡੀ
ਸਾਬੋ, ਸ੍ਰੀ ਹਜ਼ੂਰ ਸਾਹਿਬ ਨਾਦੇੜ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਬਿਹਾਰ
ਬਣਾਏ ਗਏ ਹਨ। ਇਨਾਂ ਤਖ਼ਤਾਂ ਦੇ ਮੁੱਖੀ ਜਥੇਦਾਰ ਹੁੰਦੇ ਹਨ। ਇਨਾਂ ਵਿਚੋਂ ਪੰਜਾਬ
ਦੇ ਤਿੰਨ ਤਖ਼ਤਾਂ ਦੇ ਜਥੇਦਾਰ ਸ਼ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਯੁਕਤ ਕਰਦੀ
ਹੈ। ਬਾਕੀ ਦੋ ਤਖ਼ਤਾਂ ਦੇ ਜਥੇਦਾਰ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਨਿਯੁਕਤ
ਕਰਦੀਆਂ ਹਨ। ਜੇਕਰ ਕੋਈ ਸਿੱਖ, ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ
ਤਾਂ ਅਕਾਲ ਤਖ਼ਤ ਦਾ ਜਥੇਦਾਰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਅਕਾਲ ਤਖ਼ਤ
ਤੇ ਬੁਲਾਕੇ ਫੈਸਲਾ ਸਰਬਸੰਮਤੀ ਨਾਲ ਕੀਤਾ ਜਾਂਦਾ ਹੈ, ਭਾਵੇਂ ਉਹ ਵਿਅਕਤੀ ਕਿਤਨਾ
ਹੀ ਵੱਡਾ ਜਾਂ ਉਚੇ ਅਹੁਦੇ ਤੇ ਕਿਉਂ ਨਾ ਹੋਵੇ। ਇੱਕ ਕਿਸਮ ਨਾਲ ਸਿੱਖਾਂ ਨੂੰ
ਅਨੁਸ਼ਾਸ਼ਨ ਵਿਚ ਰੱਖਣ ਲਈ ਇਹ ਇੱਕ ਧਾਰਮਿਕ ਪਾਬੰਦੀ ਅਰਥਾਤ ਕਾਨੂੰਨ ਦਾ ਕੰਮ ਕਰਦਾ
ਹੈ। ਅਜਿਹਾ ਕੋਈ ਵੀ ਫੈਸਲਾ ਅਕਾਲ ਤਖ਼ਤ ਉਪਰ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਂਦਾ
ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਕਰਨ
ਤੇ ਅਕਾਲ ਤਖ਼ਤ ਸਾਹਿਬ ਤੇ ਬੁਲਾਕੇ ਕੋੜੇ ਮਾਰਨ ਦੀ ਤਨਖ਼ਾਹ ਲਗਾਈ ਗਈ ਸੀ। ਪ੍ਰੰਤੂ
ਦੁੱਖ ਦੀ ਗੱਲ ਹੈ ਕਿ ਜਦੋਂ ਤੋਂ ਸਿਆਸਤ ਨੇ ਧਾਰਮਿਕ ਖੇਤਰ ਵਿਚ ਦਖ਼ਲਅੰਦਾਜੀ ਸ਼ੁਰੂ
ਕੀਤੀ ਹੈ, ਉਸ ਦਿਨ ਤੋਂ ਹੀ ਤਖ਼ਤਾਂ ਦੇ ਫੈਸਲੇ ਵਾਦਵਿਵਾਦ ਦਾ ਵਿਸ਼ਾ ਬਣਦੇ ਜਾ ਰਹੇ
ਹਨ। ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸ਼ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਕਰਦੀ ਹੈ। ਪ੍ਰੰਤੂ ਕਮੇਟੀ ਨੇ ਜਥੇਦਾਰ ਬਣਾਉਣ ਲਈ ਕੋਈ ਕਾਇਦਾ ਕਾਨੂੰਨ ਨਹੀਂ
ਬਣਾਏ। ਸ਼ੁਰੂ ਵਿਚ ਸੀਨੀਅਰ ਬੇਦਾਗ, ਬੇ ਗ਼ੈਰਤ ਅਤੇ ਉਚੇ ਆਚਰਣ ਵਾਲੇ ਅਕਾਲੀ
ਲੀਡਰਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਜਾਂਦਾ ਸੀ ਕਿਉਂਕਿ ਅਕਾਲੀ ਦਲ ਦੀ
ਸਥਾਪਨਾ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੀਤੀ ਗਈ ਸੀ। ਬਾਬਾ ਖੜਗ ਸਿੰਘ ਵੀ
ਜਥੇਦਾਰ ਰਹੇ ਹਨ। ਉਨਾਂ ਦੇ ਫੈਸਲੇ ਅਜੇ ਤੱਕ ਯਾਦ ਕੀਤੇ ਜਾਂਦੇ ਹਨ। ਇਥੋਂ ਤੱਕ
ਕਿ ਕਈ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਨਾਲ
ਹੀ ਅਕਾਲ ਤਖ਼ਤ ਦੇ ਜਥੇਦਾਰ ਵੀ ਹੁੰਦੇ ਸਨ। ਇਨਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ
ਨਿਯੁਕਤੀਆਂ ਲਈ ਵੀ ਕੋਈ ਕਾਇਦਾ ਕਾਨੂੰਨ ਬਣਾਉਣੇ ਚਾਹੀਦੇ ਹਨ। ਅਜਿਹੇ ਜਥੇਦਾਰ
ਨਿਯੁਕਤ ਕਰਨੇ ਚਾਹੀਦੇ ਹਨ ਜਿਹੜੇ ਧਾਰਮਿਕ ਤੌਰ ਤੇ ਅਥਾਰਿਟੀ, ਨਿਧੜਕ, ਬੇਦਾਗ
ਅਤੇ ਬੇਗਰਜ ਗੁਰਮੁੱਖ ਅਤੇ ਗੁਰਮਤਿ ਦੇ ਧਾਰਨੀ ਹੋਣ। ਬਾਅਦ ਵਿਚ ਅਕਾਲੀ ਦਲ ਸਿਆਸੀ
ਪਾਰਟੀ ਬਣ ਗਿਆ। ਉਸ ਤੋਂ ਬਾਅਦ ਗ੍ਰੰਥੀ ਸਿੰਘਾਂ ਨੂੰ ਜਥੇਦਾਰ ਬਣਾਉਣ ਲੱਗ ਪਏ।
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ
ਨਿਸ਼ਾਨਾਂ ਤੇ ਲੜੀਆਂ ਜਾਂਦੀਆਂ ਹਨ, ਇਸ ਕਰਕੇ ਸਿਆਸੀ ਦਖ਼ਲਅੰਦਾਜੀ ਹੋਣਾ ਕੁਦਰਤੀ
ਹੈ। ਇਨਾਂ ਚੋਣਾਂ ਵਿਚ ਵੀ ਅਕਾਲੀ ਦਲ ਦੇ ਧੜੇ ਹੀ ਸ਼ਾਮਲ ਹੁੰਦੇ ਹਨ, ਬਾਕੀ ਸਿਆਸੀ
ਪਾਰਟੀਆਂ ਚੋਣਾਂ ਨਹੀਂ ਲੜਦੀਆਂ। ਇਸ ਕਰਕੇ ਅਕਾਲੀ ਦਲ ਦੇ ਇੱਕ ਧੜੇ ਦਾ ਹੀ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੁੰਦਾ ਹੈ। ਇਸੇ ਲਈ ਉਹੀ ਧੜਾ
ਮਨਮਾਨੀਆਂ ਕਰਦਾ ਹੈ। ਵੈਸੇ ਤਾਂ ਇਹ ਚੋਣਾਂ ਸਿਆਸੀ ਪਾਰਟੀਆਂ ਨੂੰ ਲੜਨੀਆਂ ਹੀ
ਨਹੀਂ ਚਾਹੀਦੀਆਂ ਕਿਉਂਕਿ ਧਾਰਮਿਕ ਮਾਮਲਾ ਹੈ। ਜਦੋਂ ਧਰਮ ਵਿਚ ਸਿਆਸੀ ਦਖ਼ਲਅੰਦਾਜੀ
ਹੋਵੇਗੀ ਤਾਂ ਧਰਮ ਵਿਚ ਗਿਰਾਵਟ ਆਵੇਗੀ ਹੀ ਕਿਉਂਕਿ ਸਿਆਸੀ ਲੋਕ ਆਪਣਾ ਰਾਜ ਭਾਗ
ਕਾਇਮ ਰੱਖਣ ਲਈ ਅਨੇਕਾਂ ਹੱਥ ਕੰਡੇ ਵਰਤਦੇ ਹਨ। ਉਹੀ ਕੰਮ ਉਹ ਧਾਰਮਿਕ ਕੰਮਾ ਵਿਚ
ਕਰਨ ਲੱਗ ਜਾਂਦੇ ਹਨ। ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ
ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ ਇੱਕ ਪੜਿਆ ਲਿਖਿਆ, ਬੇਦਾਗ, ਇਮਾਨਦਾਰ, ਨਮਰਤਾ ਦਾ
ਪੁੰਜ, ਨਿਰਪੱਖ ਅਤੇ ਗੁਰਮਤਿ ਦਾ ਧਾਰਨੀ ਪ੍ਰਧਾਨ ਬਣਿਆਂ ਹੈ। ਸਿੱਖ ਜਗਤ ਨੂੰ
ਉਨਾਂ ਤੋਂ ਬਹੁਤ ਆਸਾਂ ਹਨ ਕਿ ਉਹ ਜ਼ਰੂਰ ਆਪਣੀ ਕਾਬਲੀਅਤ ਨਾਲ ਗੁਰਦੁਆਰਾ ਪ੍ਰਬੰਧਕ
ਕਮੇਟੀ ਅਤੇ ਸਿੱਖ ਸੰਸਥਾਵਾਂ ਦੇ ਕੰਮ ਕਾਰ ਵਿਚ ਪਾਰਦਰਸ਼ਤਾ ਲਿਆਉਣਗੇ। ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਣਾ ਬਾਣਾ ਬਹੁਤ ਹੀ ਉਲਝਿਆ ਹੋਇਆ ਹੈ ਕਿਉਂਕਿ
ਕਮੇਟੀ ਦੇ ਮੁਲਾਜ਼ਮ ਸਿਅਸੀ ਸ਼ਹਿ ਕਰਕੇ ਧੜਿਆਂ ਵਿਚ ਵੰਡੇ ਹੋਏ ਹਨ, ਭਰਿਸ਼ਟਾਚਾਰ
ਭਾਰੂ ਹੈ, ਰਹਿਤ ਮਰਿਆਦਾ ਤੇ ਅਮਲ ਨਹੀਂ ਹੁੰਦਾ। ਦੂਜੇ ਦਫਤਰੀ ਕੰਮ ਕਾਰ ਚਲਾਉਣ
ਲਈ ਇੱਕ ਮੁੱਖ ਸਕੱਤਰ ਲਗਾ ਦਿੱਤਾ ਗਿਆ ਹੈ, ਜਿਸ ਦੀਆਂ ਅਸੀਮ ਸ਼ਕਤੀਆਂ ਹਨ, ਇਸ
ਕਰਕੇ ਉਹ ਆਪਣੀ ਮਰਜੀ ਨਾਲ ਫੈਸਲੇ ਕਰਦਾ ਹੈ। ਇਸ ਲਈ ਪ੍ਰੋ ਕ੍ਰਿਪਾਲ ਸਿੰਘ
ਬਡੂੰਗਰ ਲਈ ਚੁਣੌਤੀਆਂ ਬਹੁਤ ਹਨ। ਉਹ ਨਮਰਤਾ ਦਾ ਪੁੰਜ ਗਿਣਿਆਂ ਜਾਂਦਾ ਹੈ ਇਸ
ਕਰਕੇ ਉਸ ਕੋਲੋਂ ਮਸਲੇ ਹਲ ਕੀਤੇ ਜਾਣ ਦੀ ਸੰਭਾਵਨਾ ਹੈ। ਪਹਿਲੀ ਗੱਲ ਤਾਂ ਇਹ ਹੈ
ਕਿ ਜਿਹੜੀਆਂ ਸਿੱਖ ਸੰਸਥਾਵਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ
ਆਉਂਦੀਆਂ ਹਨ, ਉਨਾਂ ਵਿਚ ਜਿਹੜੇ ਵਾਦਵਿਵਾਦ ਵਾਲੇ ਵਿਅਕਤੀ ਭਾਵੇਂ ਉਹ ਤਖ਼ਤਾਂ ਦੇ
ਜਥੇਦਾਰ, ਗ੍ਰੰਥੀ ਜਾਂ ਪੰਜ ਪਿਆਰੇ ਹਨ, ਉਨਾਂ ਬਾਰੇ ਤੁਰੰਤ ਫ਼ੈਸਲੇ ਲੈ ਕੇ ਉਨਾਂ
ਅਹੁਦਿਆਂ ਉਪਰ ਨਿਰਵਿਵਾਦ, ਨਿਰਪੱਖ, ਗੁਰਮੁਖ ਅਤੇ ਗੁਰਮਤਿ ਦੇ ਧਾਰਨੀ ਵਿਅਕਤੀਆਂ
ਨੂੰ ਨਿਯੁਕਤ ਕੀਤਾ ਜਾਵੇ। ਭਾਵੇਂ ਉਨਾਂ ਲਈ ਇਹ ਜੋਖ਼ਮ ਭਰਿਆ ਕੰਮ ਹੋਵੇਗਾ ਕਿਉਂਕਿ
ਅਕਾਲੀ ਦਲ ਦੀ ਸਿਆਸਤ ਉਨਾਂ ਦੇ ਕੰਮ ਵਿਚ ਦਖ਼ਲਅੰਦਾਜੀ ਕਰਨ ਦੀ ਕੋਸ਼ਿਸ਼ ਕਰੇਗੀ।
ਸਾਰੀਆਂ ਵਕਾਰੀ ਪੰਥਕ ਸਿੱਖ ਸੰਸਥਾਵਾਂ ਅਤੇ ਅਕਾਲੀ ਦਲ ਦੇ ਬਾਕੀ ਧੜਿਆਂ ਨੂੰ
ਵਿਸ਼ਵਾਸ਼ ਵਿਚ ਲੈ ਕੇ ਫ਼ੈਸਲੇ ਕੀਤੇ ਜਾਣ। ਜੇ ਹੋ ਸਕੇ ਜਿਸਦੀ ਉਨਾਂ ਕੋਲੋਂ ਉਮੀਦ
ਕੀਤੀ ਜਾ ਰਹੀ ਹੈ, ਉਹ ਸਾਰੀਆਂ ਪਾਰਟੀਆਂ ਦੇ ਸਿੱਖਾਂ ਨੂੰ ਵੀ ਸਿੱਖਾਂ ਨਾਲ
ਸੰਬੰਧਤ ਫ਼ੈਸਲਿਆਂ ਵਿਚ ਸਹਿਯੋਗ ਲੈਣ। ਸਿੱਖ ਜਗਤ ਇਹ ਮਹਿਸੂਸ ਕਰ ਰਿਹਾ ਹੈ ਕਿ
ਜਿਸ ਤਰਾਂ ਉਨਾਂ ਨੇ ਆਪਣੀਆਂ ਪਹਿਲੀਆਂ ਦੋ ਟਰਮਾਂ ਵਿਚ ਫ਼ੈਸਲੇ ਕੀਤੇ ਸਨ, ਉਹ ਉਸ
ਤਰਾਂ ਹੀ ਕਰਨ ਤਾਂ ਜੋ ਸਿੱਖ ਧਰਮ ਦੀ ਵਿਚਾਰਧਾਰਾ ਤੇ ਪਹਿਰਾ ਦਿੱਤਾ ਜਾ ਸਕੇ।
ਜੇਕਰ ਉਹ ਨਿਰਵਿਵਾਦ ਅਤੇ ਗੁਰਮੁੱਖ ਵਿਅਕਤੀਆਂ ਨੂੰ ਪੰਥਕ ਸੰਸਥਾਵਾਂ ਵਿਚ ਨਿਯੁਕਤ
ਕਰ ਦੇਣਗੇ ਤਾਂ ਉਹ ਰਾਜਨੀਤਕ ਪ੍ਰਭਾਵ ਗ੍ਰਹਿਣ ਨਹੀਂ ਕਰਨਗੇ। ਉਨਾਂ ਨੇ ਸਭ ਤੋਂ
ਪਹਿਲਾ ਹੀ ਉਦਮ ਜਿਹੜਾ ਭਾਈ ਬਲਬੰਤ ਸਿੰਘ ਦਾ ਵਰਤ ਖੁਲਵਾਉਣ ਦਾ ਕੀਤਾ ਹੈ। ਉਸ
ਤੋਂ ਬਾਅਦ ਜਿਸ ਅਰਦਾਸੀਏ ਗ੍ਰੰਥੀ ਸਿੰਘ ਭਾਈ ਬਲਬੀਰ ਸਿੰਘ ਨੇ ਮੁੱਖ ਮੰਤਰੀ
ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ
ਸੀ।
ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ ਨੇ ਉਸ ਨੂੰ ਵੀ ਮੁੜ ਨੌਕਰੀ ਤੇ ਬਹਾਲ ਕਰ
ਦਿੱਤਾ ਹੈ। ਇਹ ਦੋਵੇਂ ਸ਼ਲਾਘਾਯੋਗ ਉਦਮ ਹਨ ਕਿਉਂਕਿ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ
ਦਲੀਲ ਨਾਲ ਗੱਲਬਾਤ ਕਰਕੇ ਫ਼ੈਸਲੇ ਕਰਵਾਉਣ ਦੀ ਕਾਬਲੀਅਤ ਰੱਖਦੇ ਹਨ। ਹੁਣ ਤੱਕ
ਅਕਾਲੀ ਦਲ ਆਪਣੇ ਸਿਆਸੀ ਵਿਰੋਧੀਆਂ ਦੇ ਵਿਰੁਧ ਇਨਾਂ ਤਖ਼ਤਾਂ ਦੀ ਦੁਰਵਰਤੋਂ ਕਰਦਾ
ਰਿਹਾ ਹੈ। ਜਿਸਨੂੰ ਮਰਜੀ ਸਿੱਖੀ ਚੋਂ ਖਾਰਜ ਕਰ ਦਿਓ ਤੇ ਜਿਸਨੂੰ ਮਰਜੀ ਸ਼ਾਮਲ ਕਰ
ਲਓ। ਸਿਆਸਤ ਨੇ ਧਰਮ ਨੂੰ ਅਤੇ ਧਰਮ ਨੇ ਸਿਆਸਤ ਨੂੰ ਵਿਓਪਾਰ ਬਣਾ ਲਿਆ ਹੈ। ਉਹਨਾਂ
ਦੀ ਸਿਆਣਪ ਇਸੇ ਗੱਲ ਵਿਚ ਹੈ ਕਿ ਉਹ ਕੋਈ ਵੀ ਅਜਿਹਾ ਫੈਸਲਾ ਨਾ ਕਰਨ, ਜਿਸ ਨਾਲ
ਆਮ ਲੋਕਾਂ ਅਤੇ ਵਿਦਵਾਨਾ ਵਿਚ ਟਕਰਾਓ ਪੈਦਾ ਹੋਵੇ। ਪੰਜਾਬ ਨੇ ਤਾਂ ਟਕਰਾਓ ਦੀਆਂ
ਨੀਤੀਆਂ ਕਰਕੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ। ਉਨਾਂ ਬਾਰੇ ਸਿੱਖ ਸੰਗਤ
ਮਹਿਸੂਸ ਕਰਦੀ ਹੈ ਕਿ ਉਹ ਸਾਰੇ ਫੈਸਲੇ ਆਪਸੀ ਸਹਿਮਤੀ ਨਾਲ ਕਰਦੇ ਹਨ। ਸ਼੍ਰੀ ਅਕਾਲ
ਤਖ਼ਤ ਸਾਹਿਬ ਦੇ ਫ਼ੈਸਲਿਆਂ ਵਿਚ ਉਹ ਬਿਲਕੁਲ ਹੀ ਦਖ਼ਲ ਨਹੀਂ ਦੇਣਗੇ। ਇਸ ਲਈ ਹੁਣ
ਸਿੱਖ ਵਿਦਵਾਨਾ ਵਿਚ ਕਿਸੇ ਕਿਸਮ ਦੇ ਟਕਰਾਓ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ
ਪ੍ਰਕ੍ਰਿਆ ਵਿਚ ਸੰਗਤ ਦਾ ਵੀ ਕਸੂਰ ਹੈ, ਸੰਗਤ ਨੂੰ ਵੀ ਸਬਰ ਸੰਤੋਖ ਅਤੇ
ਸ਼ਹਿਨਸ਼ੀਤਾ ਦਾ ਪੱਲਾ ਫੜਨਾ ਚਾਹੀਦਾ ਹੈ। ਜਲਦਬਾਜ਼ੀ ਅਤੇ ਗਰਮਜੋਸ਼ੀ ਦੇ ਫੈਸਲੇ ਸਹੀ
ਨਹੀਂ ਹੋ ਸਕਦੇ। ਧੀਰਜ ਗਹਿਣਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਅਕਾਲੀ ਦਲ ਨੂੰ ਇਕੱਲਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਉਂਕਿ ਉਨਾਂ ਦੀ
ਚੋਣ ਤਾਂ ਵੋਟਾਂ ਪਾ ਕੇ ਲਾਲਚ ਵਿਚ ਆ ਕੇ ਅਸੀਂ ਆਪ ਕਰਦੇ ਹਾਂ। ਜੇਕਰ ਗੁਰਮੁੱਖ
ਵਿਅਕਤੀਆਂ ਦੀ ਚੋਣ ਕੀਤੀ ਜਾਵੇ ਤਾਂ ਇਹ ਗਿਰਾਵਟ ਰੋਕੀ ਜਾ ਸਕਦੀ ਹੈ। ਉਨਾਂ ਨੂੰ
ਸਿੱਖ ਨੌਜਵਾਨਾਂ ਦੇ ਪਤਿਤ ਹੋਣ ਤੋਂ ਰੋਕਣ ਲਈ ਅੰਮ੍ਰਿਤ ਸੰਚਾਰ ਦੀ ਮੁਹਿੰਮ ਵਿੱਚ
ਤੇਜੀ ਲਿਆਉਣੀ ਚਾਹੀਦੀ ਹੈ ਤਾਂ ਜੋ ਨੌਜਵਾਨਾ ਵਿਚ ਪਤਿਤਪੁਣੇ ਦੀ ਰੁਚੀ ਨੂੰ ਖ਼ਤਮ
ਕੀਤਾ ਜਾ ਸਕੇ, ਜੋ ਸ਼ਰੋਮਣੀ ਕਮੇਟੀ ਦਾ ਮੁੱਖ ਕੰਮ ਹੈ। ਸ੍ਰੀ ਆਨੰਦਪੁਰ ਸਾਹਿਬ
ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਉਤਸਵ ਸੰਬੰਧੀ ਨੌਜਵਾਨ
ਲੜਕੇ ਅਤੇ ਲੜਕੀਆਂ ਨੂੰ ਸਿੱਖੀ ਨਾਲ ਜੋੜਨ ਲਈ ਨੌਜਵਾਨ ਗੁਰਮਤਿ ਚੇਤਨਾ ਸਮਾਗਮ
ਆਯੋਜਤ ਕਰਕੇ ਵੀ ਚੰਗਾ ਕੰਮ ਕੀਤਾ ਹੈ। ਅਕਾਲ ਤਖ਼ਤ ਤੇ ਅੰਮ੍ਰਿਤਪਾਨ ਕਰਵਾਉਣ ਵਾਲੇ
ਪੰਜ ਪਿਆਰਿਆਂ ਸਿੰਘਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਨਣ ਤੋਂ ਇਨਕਾਰੀ ਹੋਣ
ਤੇ ਉਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਜਿਸ ਕਰਕੇ ਪੰਜ ਪਿਆਰਿਆਂ ਦੀ ਸੰਸਥਾ
ਦੀ ਮਹੱਤਤਾ ਨੂੰ ਨੁਕਸਾਨ ਹੋਇਆ ਹੈ। ਪੰਥਕ ਕਥਿਤ ਸਰਬੱਤ ਖਾਲਸਾ ਵੱਲੋਂ ਪੈਰਲਲ
ਜਥੇਦਾਰ ਬਣਾਉਣ ਨਾਲ ਵੀ ਢਾਹ ਲੱਗੀ ਹੈ। ਪੈਰਲਲ ਜਥੇਦਾਰ ਬਣਾਉਣ ਦੀ ਇੱਕ ਕਿਸਮ
ਨਾਲ ਪ੍ਰੰਪਰਾ ਹੀ ਬਣ ਗਈ, ਜਿਸ ਕਰਕੇ ਕੁਦਰਤੀ ਹੈ ਕਿ ਸਿੱਖ ਸੰਸਥਾਵਾਂ ਦਾ ਵਕਾਰ
ਘਟ ਗਿਆ। ਸੰਗਤ ਕਿਸਨੂੰ ਜਥੇਦਾਰ ਮੰਨੇ। ਅਕਾਲੀ ਦਲ, ਪੰਥਕ ਸਿੱਖ ਸੰਸਥਾਵਾਂ ਅਤੇ
ਸ਼ਰੋਮਣੀ ਪ੍ਰਬੰਧਕ ਕਮੇਟੀ ਵਿਚ ਪਰਜਾਤੰਤਰ ਖ਼ਤਮ ਹੋ ਚੁੱਕਾ ਹੈ। ਇਸ ਲਈ ਪ੍ਰਧਾਨ
ਨੂੰ ਸਰਬਤ ਖਾਲਸਾ ਦੇ ਝਗੜੇ ਨੂੰ ਵੀ ਖ਼ਤਮ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ
ਜੋ ਸਿੱਖਾਂ ਨੂੰ ਭੰਬਲਭੂਸੇ ਵਿਚੋਂ ਕੱਢਿਆ ਜਾ ਸਕੇ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 |