ਸਿਆਸਤ ਦੇ ਵਿਸ਼ੇ ਨੂੰ ਆਮ ਤੌਰ 'ਤੇ ਬੋਰਿੰਗ ਵਿਸ਼ੇ
ਦੇ ਤੌਰ 'ਤੇ ਲਿਖਿਆ ਜਾਂਦਾ ਹੈ। ਪ੍ਰੰਤੂ ਕਈ ਚੰਗੇ ਮਾੜੇ ਪਰ ਆਪਣੀ ਨਿਵੇਕਲੀ
ਸ਼ਖਸੀਅਤ ਵਾਲੇ ਸਿਆਸਤਦਾਨ ਜਿਸ ਨੂੰ ਦਿਲਚਸਪ ਵੀ ਬਣਾਈ ਰੱਖਦੇ ਹਨ। ਉਨ੍ਹਾਂ ਵਿਚੋਂ
ਇਕ ਹਨ ਡੌਨਲਡ ਟਰੰਪ। ਨਾ ਚਾਹੁੰਦਿਆਂ ਹੋਇਆਂ ਵੀ ਤੁਸੀਂ ਉਸ ਨੂੰ ਸੁਣਨਾ ਚਾਹੋਗੇ।
ਉਸ ਨੂੰ ਟੈਲੀਵਿਯਨ ਸਕਰੀਨ ਉਤੇ ਦੇਖਣਾ ਚਾਹੋਗੇ। ਉਸ ਨੂੰ ਟਵਿੱਟਰ ਉਤੇ ਪੜ੍ਹਨਾ
ਚਾਹੋਗੇ। ਕਈ ਵੇਰ ਉਸ ਦੀਆਂ ਗੱਲਾਂ ਝੱਲ ਵਲੱਲੀਆਂ ਹੁੰਦੀਆਂ ਹਨ। ਕਈ ਦਿਲਾਂ ਨੂੰ
ਛੂਹ ਲੈਣ ਵਾਲੀਆਂ ਵੀ ਹੁੰਦੀਆਂ ਹਨ ਤੇ ਕਈ ਵੇਰ ਤੁਸੀਂ ਏਦਾਂ ਵੀ ਸੋਚ ਸਕਦੇ ਹੋ
ਕਿ ਏਦਾਂ ਦਾ ਹੀ ਹੋਣਾ ਚਾਹੀਦਾ ਦੁਨੀਆ ਦਾ ਰੰਗ ਰੂਪ ਜਾਂ ਇਹੋ ਜਿਹੀ ਨਹੀਂ ਹੋਣੀ
ਚਾਹੀਦੀ ਦੁਨੀਆਂ। ਯਾਨੀ ਕਿ ਮੁਨੱਹਸਰ ਕਰਦਾ ਹੈ ਕਿ ਤੁਸੀਂ ਖਿਆਲਾਂ ਪੱਖੋਂ ਕਿਸ
ਕੈਂਪ ਵਿਚ ਖੜ੍ਹੇ ਹੋ।
ਟਰੰਪ ਦੀਆਂ ਤਕਰੀਰਾਂ ਆਦਿ ਤੋਂ ਤੁਹਾਨੂੰ ਕਿਤੇ ਨਾ ਕਿਤੇ ਆਪਣੀ ਝਲਕ ਮਿਲ
ਜਾਵੇਗੀ ਜਾਂ ਉਸ ਦੇ ਖਿ਼ਆਲ ਤੁਹਾਡੇ ਨਾਲ ਮਿਲ਼ ਸਕਦੇ ਹਨ। ਕਈ ਗੈਰ-ਮੁਸਲਿਮ ਲੋਕ
ਖੁਸ਼ ਹੋ ਜਾਂਦੇ ਹਨ, ਜਦੋਂ ਉਹ ਕਹਿ ਟਰੰਪ ਸਾਹਿਬ ਕਹਿ ਦਿੰਦੇ ਨੇ ਕਿ ਅਸੀਂ
ਮੁਸਲਮਾਨਾਂ ਨੂੰ ਆਪਣੇ ਦੇਸ ਵਿਚ ਬਿਲਕੁਲ ਨਹੀਂ ਵੜਨ ਦੇਣਾ। ਕਈ ਮੁਸਲਿਮ ਵੀ ਓਦੋਂ
ਖੁਸ਼ ਹੋ ਜਾਂਦੇ ਹਨ ਜਦੋਂ ਟਰੰਪ ਸਾਹਿਬ ਕਹਿ ਦਿੰਦੇ ਹਨ ਕਿ ਅਸੀਂ ਤਾਂ ਸਿਰਫ
ਅੱਤਵਾਦੀ ਮੁਸਲਮਾਨਾਂ ਬਾਰੇ ਹੀ ਗੱਲ ਕਰ ਰਹੇ ਹਾਂ। ਡੌਨਲਡ ਟਰੰਪ ਨੇ ਕਾਲੇ ਤੇ
ਲਤੀਨੋ ਲੋਕਾਂ ਨੂੰ ਵੀ ਓਦੋਂ ਖੁਸ਼ ਕਰ ਦਿੱਤਾ ਜਦੋਂ ਆਪ ਨੇ ਕਿਹਾ ਕਿ ਅਮਰੀਕਾ ਦੇ
ਇੰਨਰ ਸਿਟੀ ਇਲਾਕਿਆਂ ਵਿਚ ਸੁਧਾਰ ਲਿਆਂਦਾ ਜਾਵੇਗਾ ਤੇ ਜਰਾਇਮ
ਪੇਸ਼ਾ ਲੋਕਾਂ ਨੂੰ ਲੰਮੇ ਹੱਥੀਂ ਲਿਆ ਜਾਵੇਗਾ। ਮਗਰ ਫੇਰ ਵੀ ਟਰੰਪ ਕਿਸੇ ਗੱਲ ਉਤੇ
ਟਿਕਣ ਵਾਲੇ ਵਿਅਕਤੀ ਨਹੀਂ ਹਨ। ਸਾਡੇ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਉਨ੍ਹਾਂ
ਨੇ ਕੌਲ ਕੀਤਾ ਕਿ ਉਹ ਨੈਟੋ ਦੇ ਗਰੁੱਪ ਨੂੰ ਪੂਰੀ ਸਪੋਰਟ
ਦੇਣਗੇ ਪਰ ਕੁਝ ਹਫਤਿਆਂ ਪਿੱਛੋਂ ਹੀ ਉਨ੍ਹਾਂ ਦੇ ਵਾਈਸ ਪ੍ਰੈਜ਼ੀਡੈਂਟ
ਮਾਈਕਲ ਪੈਂਸ ਨੇ ਕਿਹਾ ਕਿ ਨੈਟੋ ਦੇ ਗਰੁੱਪ ਨੂੰ ਅਸੀਂ ਤਦ ਹੀ ਸਪੋਰਟ
ਕਰਾਂਗੇ ਜੇਕਰ ਸਾਰੇ ਦੇਸ ਆਪਣੇ ਦੇਸ ਦੀ ਜੀ ਡੀ ਪੀ ਭਾਵ ਸਾਲਾਨਾ
ਆਮਦਨ ਦਾ 2% ਡਿਫੈਂਸ ਉਤੇ ਲਗਾਇਆ ਕਰਨ। ਉਨ੍ਹਾਂ ਨੇ ਇਹ ਵੀ ਕਿਹਾ
ਕਿ ਅੱਗੋਂ ਤੋਂ ਅਮਰੀਕਾ ਕਿਸੇ ਹੋਰ ਦਾ ਚੰਦਾ ਨਹੀਂ ਦੇਵੇਗਾ। ਯਾਦ ਰਹੇ ਸਪੇਨ ਅਤੇ
ਬ੍ਰਿਟੇਨ ਹੀ ਆਪਣੀ ਕੌਮੀ ਆਮਦਨ ਦਾ 2% ਡੀਫੈਂਸ ਉਤੇ ਖਰਚਦੇ ਹਨ।
ਇਥੋਂ ਤੀਕ ਕਿ ਜਰਮਨੀ ਵੀ ਘੱਟ ਖਰਚਦਾ ਹੈ। ਨੈਟੋ ਦੇ ਕੁੱਲ 28 ਮੈਂਬਰ ਹਨ ਅਗਰ
ਬਾਕੀ ਦੇ ਦੇਸ ਇਕੋ ਜਿਹੇ ਪੈਸੇ ਨਹੀਂ ਪਾਉਂਦੇ ਤਾਂ ਅਮਰੀਕਾ ਨੇ ਤਾਂ ਇਤਰਾਜ਼
ਕਰਨਾ ਹੀ ਹੋਇਆ। ਥਰੀਸਾ ਮੇਅ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਡੌਨਲਡ ਟਰੰਪ ਆਪਣੇ
ਕੀਤੇ ਵਾਅਦਾ ਉਤੇ ਨਹੀਂ ਖੜੋਂਦੇ।
ਡੌਨਲਡ ਟਰੰਪ ਨੇ ਆਪਣੇ ਸੌ ਦਿਨ (29 ਅਪ੍ਰੈਲ 2017) ਪੂਰੇ ਹੋਣ ਉਤੇ ਕਿਹਾ ਕਿ
ਉਨ੍ਹਾਂ ਦੇ ਪ੍ਰਬੰਧ ਨੇ ਇਸ ਸਮੇਂ ਦੌਰਾਨ ਬਹੁਤ ਮੱਲਾਂ ਮਾਰੀਆਂ ਹਨ। ਪਰ ਬਹੁਤ
ਸਾਰੇ ਅਮਰੀਕਨ ਕਹਿੰਦੇ ਹਨ ਕਿ ਅਜਿਹੀ ਕੋਈ ਗੱਲ ਨਹੀਂ। ਉਨ੍ਹਾਂ ਦੀਆਂ ਪ੍ਰਾਪਤੀਆਂ
ਦਾ ਕੋਈ ਵੀ ਲੰਮਾ ਚੌੜਾ ਵੇਰਵਾ ਨਹੀਂ । ਇਨ੍ਹਾਂ ਸੌ ਦਿਨਾਂ ਵਿਚ ਤਾਂ ਉਹ ਆਪਣੇ
ਅਹੁਦੇ ਦੀ ਮਹੱਤਤਾ ਅਤੇ ਡਿਊਟੀਆਂ ਬਾਰੇ ਹੀ ਜਾਣਕਾਰੀ ਹਾਸਲ ਕਰ
ਸਕੇ ਹਨ। ਡੌਨਲਡ ਟਰੰਪ ਨੇ ਆਪਣੀ ਪ੍ਰਧਾਨਗੀ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਘੱਟੋ
ਘੱਟ 30 ਐਗਜ਼ੈਕਟਿਵ ਆਰਡਰਾਂ ਉਤੇ ਦਸਖਤ ਕੀਤੇ। ਇਸ ਦਾ ਮਤਲਬ ਇਹ
ਨਹੀਂ ਹੁੰਦਾ ਕਿ ਉਹ ਐਗਜ਼ੈਕਟਿਵ ਆਰਡਰ ਕਾਨੂੰਨ ਹੀ ਬਣ ਜਾਂਦੇ ਹਨ।
ਇਨ੍ਹਾਂ ਵਿਚੋਂ ਕਈ ਸੈਨੇਟ ਅਤੇ ਕਾਂਗਰਸ ਦੇ ਹਾਊਸਾਂ
ਵਿਚੀਂ ਲੰਘਦੇ ਹਨ ਤੇ ਇਨ੍ਹਾਂ ਦੀ ਚੰਗੀ ਸਕਰੂਟਿਨੀ ਤੇ ਛਾਣਬੀਣ
ਹੁੰਦੀ ਹੈ ਤੇ ਕਈ ਰੀਜੈਕਟ ਵੀ ਹੋ ਜਾਂਦੇ ਹਨ। ਕਈ ਦੋਹਾਂ ਸਦਨਾਂ
ਤੀਕ ਪਹੁੰਚਣ ਤੋਂ ਪਹਿਲਾਂ ਹੀ ਰੀਜੈਕਟ ਹੋ ਚੁੱਕੇ ਹਨ। ਮਸਲਨ
ਪਹਿਲਾਂ ਟਰੰਪ ਸਾਹਿਬ ਨੇ 7 ਮੁਸਲਿਮ ਦੇਸਾਂ ਉਤੇ ਪਾਬੰਦੀਆਂ ਦਾ ਐਲਾਨ ਕੀਤਾ ਸੀ
ਤੇ ਇਹ ਵੀ ਕਿਹਾ ਸੀ ਕਿ ਸੀਰੀਅਨ ਰਿਫਿਊਜੀਆਂ ਨੂੰ 120 ਦਿਨਾਂ
ਤੀਕ ਅਮਰੀਕਾ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਪਰ ਐਰੀਜ਼ੋਨਾ ਦੇ ਇਕ ਜੱਜ ਨੇ ਇਸ
ਉਤੇ ਕਾਨੂੰਨੀ ਰੋਕ ਲਗਾ ਦਿੱਤੀ। ਫਿਰ ਟਰੰਪ ਹੁਰਾਂ ਨੇ ਸੱਤਾਂ ਦੀ ਥਾਂ 6 ਮੁਸਲਿਮ
ਦੇਸਾਂ ਦੇ ਨਾਗਰਿਕਾਂ ਦੀ ਆਮਦ ਉਤੇ ਪਾਬੰਦੀ ਲਗਾਈ ਤੇ ਇਹ ਵੀ ਕਿਹਾ ਕਿ ਸੀਰੀਅਨ
ਰਿਫਿਊਜੀ ਆ ਸਕਦੇ ਹਨ ਪਰ 90 ਦਿਨਾਂ ਤੋਂ ਬਾਅਦ। ਲੇਕਿਨ ਇਸ
ਆਰਡਰ ਉਤੇ ਵੀ ਕਾਨੂੰਨੀ ਪਾਬੰਦੀ ਲਗਾ ਦਿੱਤੀ ਗਈ। ਸ਼ਾਇਦ ਇਸੇ ਲਈ
ਟਰੰਪ ਸਾਹਿਬ ਨੇ 29 ਅਪ੍ਰੈਲ ਨੂੰ ਕਿਹਾ ਕਿ ਮੈਂ ਤਾਂ ਇਹ ਸੋਚਿਆ ਵੀ ਨਹੀਂ ਸੀ ਕਿ
ਅਮਰੀਕਾ ਦਾ ਪ੍ਰਧਾਨਗੀ ਪਦ ਏਨਾ ਔਖਾ ਹੋਵੇਗਾ। ਮੈਂ ਤਾਂ ਬਤੌਰ ਬਿਜ਼ਨਸਮੈਨ
ਦੇ ਵੀ ਏਨਾ ਮਸਰੂਫ ਅਤੇ ਟੈਨਸ਼ਨ ਵਿਚ ਨਹੀਂ ਸਾਂ ਜਿੰਨਾ ਕਿ ਹੁਣ
ਹਾਂ।
ਜਿਥੇ ਬਾਰਾਕ ਓਬਾਮਾ ਦੀ ਪ੍ਰਧਾਨਗੀ ਦੀ ਐਪਰੂਵਲ ਰੇਟਿੰਗ
ਪਹਿਲੇ ਸੌ ਦਿਨਾਂ ਵਿਚ 30 ਪ੍ਰਤੀਸ਼ਤ ਸੀ ਉਥੇ ਡੌਨਲਡ ਟਰੰਪ ਦੀ ਐਪਰੂਵਲ
ਰੇਟਿੰਗ ਭਾਵ ਉਸ ਦੀ ਪ੍ਰਧਾਨਗੀ ਦੀ ਲੋਕਾਂ ਵਲੋਂ ਦਿੱਤੀ ਗਈ ਹਾਂ–ਪੱਖੀ ਰਾਏ
ਮਨਫੀ ਦੀ ਰੇਖਾ ਉਤੇ ਹੈ। ਜਿਥੇ ਬਾਰਾਕ ਓਬਾਮਾ ਨੇ ਆਪਣੇ ਪਹਿਲੇ 100 ਦਿਨਾਂ ਵਿਚ
20 ਐਗਜ਼ੈਕਟਿਵ ਆਰਡਰਾਂ 'ਤੇ ਦਸਖਤ ਕੀਤੇ ਸਨ ਉਥੇ ਡੌਨਲਡ ਟਰੰਪ ਨੇ 30
ਉਤੇ ਕੀਤੇ ਹਨ। ਜਿਨ੍ਹਾਂ ਵਿਚ 'ਓਬਾਮਾ ਕੇਅਰ' ਨਾਮ ਦਾ ਹੈਲਥ ਆਰਡਰ ਵੀ
ਸ਼ਾਮਿਲ ਹੈ। ਇਸ ਆਰਡਰ ਨੂੰ ਵੀ ਕੁਝ ਸਟੇਟਾਂ ਦੇ ਜੱਜਾਂ
ਨੇ ਰੀਜੈਕਟ ਕਰ ਦਿੱਤਾ ਹੈ। ਅਜੇ ਇਹ ਆਰਡਰ
ਕਾਂਗਰਸ ਅਤੇ ਸੈਨੇਟ ਵਿਚ ਜਾਵੇਗਾ ਤਾਂ ਇਸ ਦੀ ਹੋਰ ਵੀ ਵਧੇਰੇ
ਛਾਣਬੀਣ ਹੋਵੇਗੀ ਤੇ ਚੰਗੀ ਤਰ੍ਹਾਂ ਛੱਜ ਵਿਚ ਪਾ ਕੇ ਛੱਟਿਆ ਜਾਵੇਗਾ।
ਕਾਂਗਰਸਮੈਨ ਅਤੇ ਸੈਨੇਟਰ ਟਰੰਪ ਐਡਮਿਨਸਟਰੇਸ਼ਨ ਤੋਂ
ਪੁੱਛਣਗੇ ਕਿ ਉਹ ਉਨ੍ਹਾਂ 21 ਮਿਲੀਅਨ ਅਮਰੀਕਨਾਂ ਦਾ ਕੀ ਕਰਨਗੇ
ਜਿਹੜੇ ਇਸ ਆਰਡਰ ਦੀ ਵਜਾਹ ਕਰਕੇ ਕਿਸੇ ਵੀ ਮੈਡੀਕਲ ਕਵਰ
ਤੋਂ ਵਾਂਝੇ ਹੋ ਜਾਣਗੇ ? ਭਾਵੇਂ ਅਜੇ ਟਰੰਪ ਹੈਲਥ ਕੇਅਰ ਨੇ
ਕਈਆਂ ਸਟੇਜਾਂ ਉਤੋਂ ਲੰਘਣਾਂ ਹੈ ਪਰ ਇਕ ਗੱਲ ਯਕੀਨੀ ਹੋ ਗਈ ਹੈ
ਕਿ ਓਬਾਮਾਕੇਅਰ ਦਾ ਖ਼ਾਤਮਾ ਹੋ ਜਾਵੇਗਾ ਕਿਉਂਕਿ ਹਾਊਸ ਰੀਪਬਲਿਕਨਜ਼
ਨੇ ਇਹ ਬਿੱਲ ਮਨਜ਼ੂਰ ਕਰ ਦਿਤਾ ਹੈ। ਹੁਣ ‘ਟਰੰਪ ਹੈਲਥ ਕੇਅਰ’ ਲਈ ਰਾਹ ਖੁੱਲ੍ਹ
ਗਿਆ ਹੈ।
ਡੌਨਲਡ ਟਰੰਪ ਦਾ ਇਲੈਕਸ਼ਨਾਂ ਤੋਂ ਪਹਿਲਾਂ ਇਹ ਪ੍ਰਮੁੱਖ ਨਾਅਰਾ
ਸੀ ਕਿ ਉਹ ਮੈਕਸੀਕੋ ਨਾਲ ਲੱਗਦੀ 2000 ਮੀਲ ਲੰਮੀ ਸਰਹੱਦ ਉਤੇ ਇਕ ਉਚੀ ਦੀਵਾਰ
ਖੜ੍ਹੀ ਕਰਨਗੇ ਤਾਂ ਜੁ ਉਧਰੋਂ ਇੱਲੀਗਲ ਬੰਦੇ ਅਮਰੀਕਾ ਵਿਚ ਦਾਖਲ
ਨਾ ਹੋ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਸ ਉਤੇ ਖਰਚ ਹੋਣ ਵਾਲਾ ਖਰਬਾਂ
ਡਾਲਰ ਮੈਕਸੀਕੋ ਦੇਵੇਗਾ। ਹੁਣ ਟਰੰਪ ਸਾਹਿਬ ਨੇ ਕਿਹਾ ਹੈ ਕਿ ਕੋਈ ਗੱਲ ਨਹੀਂ
ਮੈਕਸੀਕੋ ਤੋਂ ਇਹ ਪੈਸੇ ਭਵਿੱਖ ਵਿਚ ਕਿਸੇ ਸਮੇਂ ਵੀ ਲੈ ਲਏ ਜਾਣਗੇ। ਇਕ ਗੱਲ
ਯਕੀਨੀ ਹੈ ਕਿ ਇਹ ਦੀਵਾਰ ਜ਼ਰੂਰ ਉਸਾਰੀ ਜਾਵੇਗੀ। ਯਾਦ ਰਹੇ ਇਸ ਦੀਵਾਰ ਉਤੇ 20
ਤੋਂ 50 ਬਿਲੀਅਨ ਡਾਲਰਾਂ ਤੀਕ ਦਾ ਖਰਚਾ ਹੋ ਜਾਣ ਦੀ ਆਸ ਹੈ।
ਅਮਰੀਕਾ ਵਿਚ ਏਸ ਵੇਲੇ 11 ਮਿਲੀਅਨ ਲੋਕ ਇੱਲੀਗਲ ਸਟੇਟਸ
ਵਾਲੇ ਹਨ। ਇਨ੍ਹਾ ਨੂੰ ਅਨਡਾਕੂਮੈਂਟਡ ਮਾਈਗਰੈਂਟਸ ਵੀ ਕਿਹਾ
ਜਾਂਦਾ ਹੈ।
ਡੌਨਲਡ ਟਰੰਪ ਦਾ ਹੁਣ ਤੀਕ ਇਕ ਆਰਡਰ ਸਿਰੇ ਚੜ੍ਹਿਆ ਹੈ। ਉਹ
ਇਹ ਹੈ ਕਿ ਅਮਰੀਕਾ ਹੁਣ ਟਰਾਂਸ–ਪੈਸੇਫਿਕ ਪਾਰਟਨਰਸ਼ਿੱਪ ਵਿਚੋਂ ਨਿਕਲ ਆਇਆ
ਹੈ। ਇਸ ਪੈਕਟ ਰਾਹੀਂ ਸਬੰਧਤ ਦੇਸ ਇਕ ਦੂਜੇ ਤੋਂ ਆਉਣ ਜਾਣ ਵਾਲੀਆਂ
ਵਸਤਾਂ ਉਤੇ ਡਿਊਟੀ ਚਾਰਜ ਨਹੀਂ ਸੀ ਕਰਦੇ। ਇਹ ਦੇਸ ਹਨ –
ਕੈਨੇਡਾ, ਆਸਟਰੇਲੀਆ, ਵੀਅਤਨਾਮ, ਬਰੂਨਾਈ, ਨਿਊਜ਼ੀਲੈਂਡ, ਮੈਕਸੀਕੋ, ਚਿੱਲੀ,
ਜਪਾਨ, ਪੀਰੂ, ਸਿੰਘਾਪੁਰ ਅਤੇ ਮਲੇਸ਼ੀਆ। ਟਰੰਪ ਦਾ ਕਹਿਣਾ ਹੈ ਕਿ ਇਸ
ਐਗਰੀਮੈਂਟ ਜਾਂ ਪਾਰਟਨਰਸ਼ਿੱਪ 'ਚੋਂ ਨਿਕਲ ਕੇ ਅਮਰੀਕਾ
ਨੂੰ ਕਰੋੜਾਂ ਦਾ ਫਾਇਦਾ ਹੋਵੇਗਾ। ਉਨ੍ਹਾਂ ਦੀ ਇਹ ਗੱਲ ਸੱਚੀ ਹੈ। ਦਰਅਸਲ ਇਸ
ਐਗਰੀਮੈਂਟ ਉਤੇ ਸਬੰਧਤ ਦੇਸਾਂ ਨੇ 4 ਫਰਵਰੀ 2016 ਵਿਚ ਦਸਖਤ ਕੀਤੇ
ਸਨ ਤੇ ਅਜੇ ਤੀਕ ਲਾਗੂ ਵੀ ਨਹੀਂ ਸੀ ਹੋਇਆ। ਡੌਨਲਡ ਟਰੰਪ ਦਾ ਕਹਿਣਾ ਹੈ ਕਿ
ਬਾਰਾਕ ਓਬਾਮਾ ਦੀ ਇਹ ਸਭ ਤੋਂ ਵੱਡੀ ਭੁੱਲ ਸੀ ਕਿ ਉਹ ਇਸ ਉਤੇ ਦਸਖਤ ਕਰ ਬੈਠੇ
ਸਨ।
ਦੂਜੀ ਵੱਡੀ ਜੰਗ ਤੋਂ ਬਾਅਦ ਦੇ ਸਾਰੇ ਪ੍ਰਧਾਨਾਂ ਨਾਲੋਂ ਡੌਨਲਡ ਟਰੰਪ ਸਭ ਤੋਂ
ਘੱਟ ਲੋਕ ਪ੍ਰੀਆ ਹੈ। ਇਥੋਂ ਤੀਕ ਕਿ ਉਨ੍ਹਾਂ ਦੀ ਆਪਣੀ ਰੀਪਬਲਿਕਨ ਪਾਰਟੀ ਦੇ ਵੀ
ਸਿਰਫ 85% ਮੈਂਬਰ ਹੀ ਉਸ ਦੀ ਹਾਂ ਨਾਲ ਹਾਂ ਮਿਲਾਉਣ ਵਾਲੇ ਹਨ। ਆਪ ਨੇ ਫੌਕਸ
ਨਿਊਜ਼ ਟੀ ਵੀ ਉਤੇ ਦਿੱਤੀ ਇਕ ਭੇਂਟ-ਵਾਰਤਾ ਵਿਚ ਕਿਹਾ ਸੀ ਕਿ ਉਹ ਇਸ ਗੱਲ ਤੋਂ
ਬਹੁਤ ਨਿਰਾਸ਼ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਕਈ ਰੀਪਬਲਿਕਨ ਕਾਂਗਰਸਮੈਨ ਹੀ
ਉਸ ਦਾ ਸਾਥ ਨਹੀਂ ਦੇ ਰਹੇ। ਹਾਲਾਂਕਿ ਉਨ੍ਹਾਂ 'ਚੋਂ ਕਈਆਂ ਨੂੰ ਉਹ ਆਪਣਾ ਭਿਆਲ
ਅਤੇ ਮਿੱਤਰ ਸਮਝਦੇ ਹਨ। ਆਪ ਨੇ ਕਿਹਾ,“ ਸਾਡਾ ਵਿਧਾਨ ਏਨਾ ਗੁੰਝਲਦਾਰ ਹੈ ਕਿ ਕਦਮ
ਕਦਮ ਉਤੇ ਸਾਨੂੰ ਅੜਚਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕੋਈ ਚੰਗਾ ਵਿਧਾਨਕ
ਸਿਸਟਮ ਨਹੀਂ ਹੈ।”
ਟਰੰਪ ਦੀ ਇਨ੍ਹਾਂ ਸੌ ਦਿਨਾਂ ਵਿਚ ਇਕ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਨੇ
“ਕੀਸਟੋਨ ਪਾਈਪ ਲਾਈਨ” ਨਾਂ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪਾਈਪ
ਲਾਈਨ ਰਾਹੀਂ ਕੈਨੇਡਾ ਤੋਂ ਤੇਲ ਲਿਆਂਦਾ ਜਾਵੇਗਾ। ਟਰੰਪ ਨੇ ਕਿਹਾ ਕਿ ਇਸ
ਪ੍ਰਾਜੈਕਟ ਦੇ ਜ਼ੇਰੇ-ਅਸਰ ਹਜ਼ਾਰਾਂ ਹੀ ਨਵੀਆਂ ਜੌਬਾਂ ਕਰੀਏਟ
ਹੋਣਗੀਆਂ। ਲੇਕਿਨ ਐਨਾਲਿਸਟਾਂ ਦਾ ਕਹਿਣਾ ਹੈ ਕਿ ਇਨ੍ਹਾਂ 'ਚੋਂ
ਬਹੁਤੀਆਂ ਜੌਬਾਂ ਕਨਸਟਰੱਕਸ਼ਨ ਦੇ ਖੇਤਰ ਵਿਚ ਹੋਣਗੀਆਂ ਜਿਹੜੀਆਂ
ਕਨਸਟਰੱਕਸ਼ਨ ਦੇ ਸਮਾਪਤ ਹੋਣ ਪਿੱਛੋਂ ਖਤਮ ਹੋ ਜਾਣਗੀਆਂ। ਉਸ ਤੋਂ
ਬਾਅਦ ਸਥਾਈ ਜੌਬਾਂ ਬਹੁਤ ਹੀ ਘੱਟ ਹੋਣਗੀਆਂ। ਸ਼ਾਇਦ ਮਸਾਂ ਚਾਲੀ ਕੁ ਹੀ।
ਡੌਨਲਡ ਟਰੰਪ ਨੇ ਆਪਣੀ ਇਲੈਕਸ਼ਨ ਵਾਲੀ ਮੁਹਿੰਮ ਦੌਰਾਨ ਕਿਹਾ
ਸੀ ਕਿ ਉਹ ਅਗਲੇ ਦਸਾਂ ਸਾਲਾਂ ਵਿਚ ਘੱਟੋ ਘੱਟ 25 ਮਿਲੀਅਨ ਜੌਬਾਂ ਕਰੀਏਟ
ਕਰਨਗੇ। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਆਪਣੀ ਪ੍ਰਧਾਨਗੀ ਦੇ ਪਹਿਲੇ 100 ਦਿਨਾਂ
ਦੌਰਾਨ ਉਸ ਨੇ ਇਨਕਮ ਟੈਕਸ ਬੈਂਡ ਸਿਰਜੇ ਹਨ ਜਿਸ ਨਾਲ ਆਮ ਕਾਮਿਆਂ
ਨੂੰ 1.9% ਦਾ ਫਾਇਦਾ ਹੋਵੇਗਾ ਜਦ ਕਿ ਦੇਸ ਦੇ ਧਨਾਢਾਂ ਦੀ ਇਨਕਮ ਡਬਲ
ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਧਨਾਡ ਲੋਕ ਹੀ ਹੋਰ ਜੌਬਾਂ ਕਰੀਏਟ ਕਰਦੇ
ਹਨ। ਕੌਰਪੋਰੇਟ ਟੈਕਸ ਪਹਿਲਾਂ ਜਿਥੇ 35% ਸੀ ਉਹ ਹੁਣ ਘਟਾ ਕੇ ਕੇਵਲ 15%
ਕਰ ਦਿੱਤਾ ਗਿਆ ਹੈ। ਰੌਨਲਡ ਰੇਗਨ ਦੀ ਪ੍ਰਧਾਨਗੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ
ਹੈ ਕਿ ਕੌਰਪੋਰੇਟ ਦੇ ਟੈਕਸਾਂ ਵਿਚ ਕਟੌਤੀ ਕੀਤੀ ਗਈ ਹੈ ਤੇ ਆਮ
ਕਾਮਿਆਂ ਦਾ ਇਨਕਮ ਟੈਕਸ ਘਟਾ ਦਿੱਤਾ ਗਿਆ ਹੈ। ਨਵੇਂ ਟੈਕਸ ਸਿਸਟਮ
ਅਧੀਨ ਅਗਰ ਕਿਸੇ ਘਰ (ਹਾਊਸਹੋਲਡ) ਨੂੰ ਕੇਵਲ 24,000 ਡਾਲਰ ਦੀ ਹੀ ਆਮਦਨ ਹੈ
ਤਾਂ ਉਨ੍ਹਾਂ ਉਤੇ ਕੋਈ ਟੈਕਸ ਨਹੀਂ ਲੱਗੇਗਾ। ਅਮਰੀਕਾ ਵਿਚ ਟੌਪ ਟੈਕਸ
35% ਹੋਵੇਗਾ ਜਦ ਕਿ ਇੰਗਲੈਂਡ ਵਿਚ ਇਹ 45% । ਹਜ਼ਾਰਾਂ ਹੀ ਜੌਬਾਂ
ਪੈਦਾ ਕਰਨ ਦੇ ਮਾਮਲੇ ਵਿਚ ਆਪ ਨੇ ਕਿਹਾ ਕਿ ਉਹ ਬਾਰਡਰ ਟੈਕਸ ਲਾਗੂ
ਕਰਨਗੇ ਜਿਸ ਦਾ ਭਾਵ ਇਹ ਹੈ ਕਿ ਅਗਰ ਕੋਈ ਵੀ ਅਮਰੀਕੀ ਕੰਪਨੀ ਆਪਣਾ ਮਾਲ ਬਾਹਰਲੇ
ਦੇਸਾਂ ਦੇ ਕਾਮਿਆਂ ਤੋਂ ਬਣਵਾਉਂਦੀ ਹੈ ਤਾਂ ਉਸ ਉਤੇ 75% ਟੈਕਸ ਠੋਕਿਆ ਜਾਵੇਗਾ।
ਜਿਸ ਦਾ ਮਤਲਬ ਇਹ ਨਿਕਲਣ ਲੱਗ ਪਵੇਗਾ ਕਿ ਇਹ ਕੰਪਨੀਆਂ ਇਹ ਕੰਮ ਅਮਰੀਕਨ ਕਾਮਿਆਂ
ਤੋਂ ਕਰਵਾਉਣਗੀਆਂ। ਟਰੰਪ ਦੀ ਇਹ ਤਜਵੀਜ਼ ਪਾਸ ਹੋ ਗਈ । ਇਸ ਦਾ ਸਭ ਤੋਂ ਵੱਧ
ਨੁਕਸਾਨ ਇੰਡੀਆ, ਚੀਨ ਅਤੇ ਤਾਈਵਾਨ ਆਦਿ ਦੇਸਾਂ ਨੂੰ ਹੋਵੇਗਾ ਕਿਉਂਕਿ
ਅਮਰੀਕਨ ਕੰਪਨੀਆਂ ਉਨ੍ਹਾਂ ਤੋਂ ਹੀ ਮਾਲ ਬਣਵਾਉਂਦੀਆਂ ਹਨ। ਇਹੋ ਹਾਲ ਆਊਟ
ਸੋਰਸਿੰਗ ਕਾਲ ਸੈਂਟਰਾਂ ਦਾ ਹੋਵੇਗਾ। ਇਹ ਕਾਲ ਸੈਂਟਰ ਵਧੇਰੇ ਕਰਕੇ
ਭਾਰਤ ਵਿਚ ਹਨ ਕਿਉਂਕਿ ਉਥੇ ਹੀ ਵਧੇਰੇ ਅਜਿਹੇ ਗਰੈਜੂਏਟ ਹਨ ਜਿਨ੍ਹਾਂ ਦੀ
ਅੰਗਰੇਜ਼ੀ ਚੰਗੀ । ਨਵੀਆਂ ਜੌਬਾਂ ਸਿਰਜਣ ਵਾਸਤੇ ਟਰੰਪ ਐਡਮਿਨਸਟਰੇਸ਼ਨ
ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਆਪਣੀ ਪ੍ਰਧਾਨਗੀ ਦੇ ਪਹਿਲੇ ਸੌ ਦਿਨਾਂ ਵਿਚ
ਟਰੰਪ ਸਾਹਿਬ ਨੇ ਦਸ ਹਜ਼ਾਰ ਨਵੇਂ ਬੌਰਡਰ ਸਕਿਉਰਿਟੀ ਅਫਸਰ ਨਿਯੁਕਤ ਕੀਤੇ
ਹਨ ਜਿਨ੍ਹਾਂ ਦਾ ਕੰਮ ਦੇਸ ਵਿਚ ਵੜ ਰਹੇ ਇੱਲੀਗਲ ਇਮੀਗਰਾਂਟਸ ਨੂੰ ਬਾਹਰ
ਰੱਖਣਾ ਹੋਵੇਗਾ ਤੇ ਫੌਰੀ ਨਾ ਪੱਕੇ ਹੋਣ ਵਾਲਿਆਂ ਨੂੰ ਮੁਕੱਦਮੇ ਚਲਾ ਕੇ
ਡਿਪੋਰਟ ਕਰਨਾ ਹੋਵੇਗਾ। ਜਰਾਇਮ ਪੇਸ਼ਾ ਹਜ਼ਾਰਾਂ ਇੱਲੀਗਲਾਂ
ਨੂੰ ਇਨ੍ਹਾਂ ਸੌ ਦਿਨਾਂ ਵਿਚ ਕੱਢਿਆ ਵੀ ਜਾ ਚੁੱਕਿਆ ਹੈ। ਟਰੰਪ ਦੀ ਟੀਮ ਨੇ
ਅਮਰੀਕਾ ਦੀਆਂ ਬੰਦ ਪਈਆਂ ਫੈਕਟਰੀਆਂ ਦਾ ਮੁਤਾਲਾ ਕਰਨਾ ਸ਼ੁਰੂ ਕਰ
ਦਿਤਾ ਹੈ ਤਾਂ ਜੁ ਨਵੀਆਂ ਜੌਬਾਂ ਸਿਰਜੀਆਂ ਜਾ ਸਕਣ।
ਆਪਣੀ ਪ੍ਰਧਾਨਗੀ ਦੇ ਪਹਿਲੇ ਸੌ ਦਿਨਾਂ ਵਿਚ ਡੌਨਲਡ ਟਰੰਪ ਨੇ “ਅਮੈਰਿਕਾ ਫਸਟ”
ਵਾਲੀ ਪਾਲਸੀ ਤੋਂ ਥੋੜ੍ਹੀ ਜਿਹੀ ਕਿਨਾਰਾਕਸ਼ੀ ਓਦੋਂ ਕੀਤੀ ਜਦੋਂ ਕਥਿਤ ਤੌਰ 'ਤੇ
ਸੀਰੀਆ ਦੇ ਪ੍ਰਧਾਨ ਬਸ਼ਰ ਅਲ–ਅਸਾਦ ਨੇ ਆਪਣੇ ਸ਼ਹਿਰੀਆਂ ਉਤੇ ਨਰਵ ਗੈਸ ਦੀ
ਵਰਤੋਂ ਕੀਤੀ ਤੇ 86 ਲੋਕਾਂ ਦੀ ਜਾਨ ਲੈ ਲਈ ਜਿਨ੍ਹਾਂ ਵਿਚ 13 ਬੱਚੇ ਵੀ ਸਨ।
ਡੌਨਲਡ ਟਰੰਪ ਨੇ ਅੱਤਵਾਦੀਆਂ ਦੇ ਟਿਕਾਣਿਆਂ ਉਤੇ ਭਾਰੀ ਬੰਬਾਰੀ ਕੀਤੀ ਤੇ ਰੂਸ ਦੇ
ਪ੍ਰਧਾਨ ਵਲਾਦੀਮੀਰ ਪੁਤਿਨ ਨੂੰ ਵੀ ਚੇਤਾ ਕਰਾਇਆ ਕਿ ਅਮਰੀਕਾ ਚੁੱਪ ਕਰਕੇ ਨਹੀਂ
ਬੈਠਾ ਹੋਇਆ। ਪ੍ਰੰਤੂ ਸਾਰੀ ਦੁਨੀਆ ਓਦੋਂ ਹੈਰਾਨ ਹੋ ਗਈ ਜਦੋਂ ਅਮਰੀਕਾ ਦੇ
ਬੰਬਾਰਾਂ ਨੇ 9,800 ਕਿਲੋਗ੍ਰਾਮ ਵਾਲਾ ਇਕ ਨੋਨ-ਨੁਕਲੀਅਰ ਬੰਬ
ਅਫਗਾਨਿਸਤਾਨ ਵਿਚ ਆਇਸਸ ਦੇ ਲੜਾਕਿਆਂ ਦੇ ਟਿਕਾਣਿਆਂ ਉਤੇ
ਸੁੱਟਿਆ। ਏਨਾ ਸ਼ਕਤੀਸ਼ਾਲੀ ਬੰਬ ਦੂਜੀ ਵੱਡੀ ਜੰਗ ਤੋਂ ਬਾਅਦ ਪਹਿਲੀ ਵਾਰ ਵਰਤੋਂ
ਵਿਚ ਲਿਆਂਦਾ ਗਿਆ ਹੈ। ਇਸ ਨੂੰ ਮੀਡੀਆ ਨੇ “ਮਦਰ ਔਫ ਔਲ ਬੰਬਜ਼”
ਦਾ ਨਾਮ ਦਿੱਤਾ ਹੈ। ਟਰੰਪ ਨੇ ਸਹੁੰ ਚੁੱਕੀ ਹੈ ਕਿ ਉਹ ਆਇਸਸ ਅ ਤੇ
ਅਲਕਾਇਦਾ ਵਰਗੇ ਦਹਿਸ਼ਤਗਰਦ ਗਰੁੱਪਾਂ ਦਾ ਖਾਤਮਾ ਕਰਕੇ ਹੀ ਸਾਹ ਲੈਣਗੇ। ਐਪਰ
ਉਨ੍ਹਾਂ ਨੇ ਕਿਹਾ ਕਿ ਇਸ ਕੰਮ ਵਾਸਤੇ ਸਾਰੇ ਨੈਟੋ ਦੇਸਾਂ ਦਾ ਸਾਥ ਪ੍ਰਾਪਤ ਕਰਨਗੇ
ਜਿਸ ਦਾ ਭਾਵ ਇਹ ਹੋਵੇਗਾ ਕਿ ਆਡਾ ਆਪਣਾ ਦੇਸ ਬ੍ਰਿਟਨ ਵੀ ਇਸ ਵਿਚ ਮੁਲੱਵਸ
ਹੋਵੇਗਾ। ਛੇਤੀਂ ਹੀ ਡੌਨਲਡ ਟਰੰਪ ਸਊਦੀ ਅਰੇਬੀਆ ਅਤੇ ਇਜ਼ਰਾਈਲ ਦਾ ਦੌਰਾ ਕਰਨਗੇ
ਤੇ ਉਸ ਖਿੱਤੇ ਦੇ ਹਾਲਾਤ ਦਾ ਜਾਇਜ਼ਾ ਲੈਣਗੇ।
ਡੌਨਲਡ ਟਰੰਪ ਦੀ ਪ੍ਰਧਾਨਗੀ ਦੇ ਪਹਿਲੇ ਸੌ ਦਿਨਾਂ ਵਿਚ ਮਿਸਰ, ਸੀਰੀਆ ਅਤੇ
ਮਿਡਲ ਈਸਟ ਦੀ ਸਿਰਦਰਦੀ ਹੀ ਸ਼ਾਮਿਲ ਨਹੀਂ ਹੈ, ਉਤਰੀ ਕੋਰੀਆ ਦੇ
ਪ੍ਰਧਾਨ ਕਿੰਮ ਜੌਂਗ–ਅਨ ਨੇ ਵੀ ਡੌਨਲਡ ਟਰੰਪ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ।
ਇਹ ਤਾਨਾਸ਼ਾਹ ਹੁਕਮਰਾਨ ਅਮਰੀਕਾ ਦੀ ਸ਼ਕਤੀਸ਼ਾਲੀ ਹਕੂਮਤ ਨੂੰ ਸਿੱਧਾ ਚੈਲੰਜ
ਦੇ ਰਿਹਾ ਹੈ ਕਿ ਉਹ ਕਿਸੇ ਕਿਸਮ ਦੀ ਵੀ ਧਮਕੀ ਤੋਂ ਡਰਨ ਵਾਲਾ ਨਹੀਂ ਹੈ। ਟਰੰਪ
ਦੀ ਖਬਰਦਾਰੀ ਦੇ ਬਾਵਜੂਦ ਵੀ ਕਿੰਮ ਜੌਨ–ਅਨ ਨੇ ਇਕ ਹੋਰ ਮਿਸਾਈਲ ਟੈਸਟ ਕੀਤੀ ਹੈ।
ਇਹ ਕੁਝ ਉਸ ਨੇ ਟਰੰਪ ਦੇ ਸੌ ਦਿਨ ਪੂਰੇ ਹੋਣ ਤੋਂ ਸਿਰਫ ਇਕ ਦਿਨ ਪਹਿਲਾਂ ਭਾਵ 28
ਅਪ੍ਰੈਲ ਨੂੰ ਕੀਤਾ। ਭਾਵੇਂ ਕਿ ਇਹ 44 ਮੀਲ ਅਸਮਾਨ ਵਿਚ ਜਾ ਕੇ ਤਹਿਸ਼ ਨਹਿਸ਼ ਹੋ
ਗਈ ਹੈ ਪਰ ਅਮਰੀਕਾ ਦੀ ਧੌਂਸ ਨਾ ਸਹਿਣ ਦਾ ਸੰਕੇਤ ਜ਼ਬਰਦਸਤ ਸੀ। ਉਸ ਤੋਂ ਪਹਿਲਾਂ
16 ਅਪ੍ਰੈਲ ਅਤੇ ਪੰਜ ਅਪ੍ਰੈਲ ਨੂੰ ਵੀ ਇਹੋ ਕੁਝ ਹੋਇਆ। ਸਵਾਲ ਇਹ ਨਹੀਂ ਹੈ ਕਿ
ਮਿਸਾਈਲਾਂ ਕਾਮਯਾਬ ਨਹੀਂ ਹੋਈਆਂ, ਸਵਾਲ ਤਾਂ ਇਹ ਹੈ ਕਿ ਇਹ ਟਰੰਪ ਦੀ ਤਾਕਤ ਨੂੰ
ਖੁੱਲ੍ਹੀਆਂ ਚੁਣੌਤੀਆਂ ਸਨ। ਡੌਨਲਡ ਟਰੰਪ ਚੀਨ ਉਤੇ ਜ਼ੋਰ ਪਾ ਰਿਹਾ ਹੈ ਕਿ ਉਹ
ਆਪਣੇ ਇਸ ਭਿਆਲ ਦੇ ਨੱਥ ਪਾਵੇ। ਚੀਨ ਦੇ ਪ੍ਰਧਾਨ ਸਾਈ ਜਿੰਨਪਿੰਗ ਨੇ ਪਿਛਲੇ
ਮਹੀਨੇ ਅਮਰੀਕਾ ਦਾ ਦੌਰਾ ਕੀਤਾ ਸੀ। ਡੌਨਲਡ ਟਰੰਪ ਨੇ ਚੀਨ ਨਾਲ ਦੋਸਤੀ ਗੰਢਣ ਦਾ
ਪੂਰਾ ਯਤਨ ਕੀਤਾ ਹੈ ਜਦ ਕਿ ਇਸ ਤੋਂ ਉਲਟ ਉਹ ਆਪਣੀਆਂ ਇਲੈਕਸ਼ਨ ਰੈਲੀਆਂ
ਦੌਰਾਨ ਚੀਨ ਨੂੰ ਬੁਰਾ ਭਲਾ ਕਹਿੰਦੇ ਰਹੇ ਸਨ। ਚੀਨ ਉਪਰੋਂ ਉਪਰੋਂ ਤਾਂ ਕਹਿ ਰਿਹਾ
ਹੈ ਕਿ ਉਹ ਨੌਰਥ ਕੋਰੀਆ ਦੇ ਕੰਨ ਖਿੱਚੇਗਾ ਪਰ ਸੱਚਾਈ ਇਹ ਹੈ ਕਿ
ਉਹ ਦੇਸ ਚੀਨ ਕੋਲੋਂ ਢਾਈ ਬਿਲੀਅਨ ਪੌਂਡਾਂ ਦੀਆਂ ਵਸਤਾਂ ਖਰੀਦਦਾ
ਹੈ ਤੇ ਚੀਨ ਦੀ ਡਟ ਕੇ ਸਪੋਰਟ ਕਰਦਾ ਹੈ। ਯਾਦ ਰਹੇ ਨੌਰਥ
ਕੋਰੀਆ ਦਾ ਗੁਆਂਢੀ ਦੇਸ ਸਾਊਥ ਕੋਰੀਆ ਨਾਲ ਉਸੇ ਤਰ੍ਹਾਂ ਦਾ
ਵੱਢਵਾਂ ਵੈਰ ਹੈ ਜਿਹੋ ਜਿਹਾ ਕਿ ਭਾਰਤ ਅਤੇ ਪਾਕਿਸਤਾਨ ਦੀ ਆਪਸ ਵਿਚ ਦੀ ਦੁਸ਼ਮਣੀ
ਹੈ। ਚੀਨ ਨੌਰਥ ਕੋਰੀਆ ਦਾ ਪੱਖ ਪੂਰਦਾ ਹੈ ਤੇ ਅਮਰੀਕਾ ਸਾਊਥ
ਕੋਰੀਆ ਅਤੇ ਜਪਾਨ ਦੀ ਹਮਾਇਤ ਕਰਦਾ ਹੈ। ਇਨ੍ਹਾਂ ਦੀ ਰੱਖਿਆ ਵਾਸਤੇ ਕੋਰੀਅਨ
ਪੈਨਨਸੂਲਾ ਵਿਚ ਅਮਰੀਕਾ ਦਾ ਇਕ ਲੱਖ ਟਨ ਭਾਰਾ ਜੰਗੀ ਏਅਰ ਕਰਾਫਟ
ਕੈਰੀਅਰ (ਸਮੁੰਦਰੀ ਬੇੜਾ) ਹਰ ਸਮੇਂ ਸਮੁੰਦਰ ਵਿਚ ਗਸ਼ਤ ਕਰਦਾ ਰਹਿੰਦਾ
ਹੈ। ਇਸ ਉਤੇ ਸ਼ਕਤੀਸ਼ਾਲੀ ਤੋਪਾਂ ਬੀੜੀਆਂ ਹੋਈਆਂ ਹਨ। ਜਿਉਂ ਹੀ ਟਰੰਪ ਨੇ ਸੁਣਿਆ
ਕਿ ਨੌਰਥ ਕੋਰੀਆ ਦਾ ਤਾਨਾਸ਼ਾਹ ਹੁਕਮਰਾਨ ਫੇਰ ਇਕ ਮਿਸਾਇਲ ਟੈਸਟ
ਕਰਨ ਵਾਲਾ ਹੈ ਤਾਂ ਉਸ ਨੇ ਇਸ ਕੈਰੀਅਰ ਜਿਸ ਦਾ ਨਾਂ “ਯੂ ਐਸ ਐਸ
ਕਾਰਲ ਵਿਨਸਨ” ਹੈ, ਨੌਰਥ ਕੋਰੀਆ ਦੇ ਲਾਗਲੇ ਸਮੁੰਦਰਾਂ ਵੱਲ ਭੇਜ ਦਿੱਤਾ।
ਪਰ ਇਸ ਦੇ ਬਾਵਜੂਦ ਵੀ ਕਿੰਮ ਜੌਂਗ–ਅਨ ਨੇ 28 ਅਪ੍ਰੈਲ ਨੂੰ ਮਿਸਾਇਲ ਟੈਸਟ ਕਰ
ਦਿੱਤੀ। ਅਮਰੀਕਾ ਨੂੰ ਸਭ ਤੋਂ ਵੱਡਾ ਡਰ ਇਹ ਹੈ ਕਿ ਇਹ ਬੰਦਾ ਕਿਸੇ ਵੇਲੇ ਵੀ
ਸਾਊਥ ਕੋਰੀਆ ਅਤੇ ਜਪਾਨ ਤੋਂ ਇਲਾਵਾ ਅਮਰੀਕਾ ਉਤੇ ਪ੍ਰਮਾਣੂ ਹਮਲਾ ਕਰ
ਸਕਦਾ ਹੈ ਕਿਉਂਕਿ ਇਸ ਦੀਆਂ ਪਹਿਲਾਂ ਟੈਸਟ ਕੀਤੀਆਂ ਹੋਈਆਂ ਮਿਸਾਈਲਾਂ
ਬਹੁਤ ਸ਼ਕਤੀਸ਼ਾਲੀ ਹਨ ਤੇ ਅਮਰੀਕਾ ਤੀਕ ਪਹੁੰਚ ਸਕਦੀਆਂ ਹਨ। ਡੌਨਲਡ ਟਰੰਪ ਦੀ
ਪ੍ਰਧਾਨਗੀ ਦੌਰਾਨ ਕਿੰਮ ਜੌਂਗ–ਅਨ ਨੇ 11 ਫਰਵਰੀ, 6 ਮਾਰਚ ਅਤੇ 22 ਮਾਰਚ ਨੂੰ
ਜਿਹੜੀਆਂ ਮਿਸਾਈਲਾਂ ਟੈਸਟ ਕੀਤੀਆਂ ਹਨ, ਉਨ੍ਹਾਂ ਦਾ ਰੇਂਜ ਤਾਂ ਘੱਟ ਹੈ ਪਰ ਉਸ
ਤੋਂ ਪਹਿਲਾਂ ਉਹ ਲੰਮੇ ਉਡਾਣ ਵਾਲੀਆਂ ਮਿਸਾਈਲਾਂ ਵੀ ਸਫਲਤਾ ਨਾਲ ਟੈਸਟ ਕਰ ਚੁੱਕਾ
ਹੈ।
ਡੌਨਲਡ ਟਰੰਪ ਦੇ ਪਹਿਲੇ ਸੌ ਦਿਨ ਅਤੀ ਦਿਲਚਸਪ ਅਤੇ ਵਾਦ ਵਿਵਾਦ ਵਾਲੇ ਰਹੇ
ਹਨ। ਉਹ ਹੌਲੀ ਹੌਲੀ ਅਮਰੀਕਾ ਦੀ ਪ੍ਰਧਾਨਗੀ ਦੇ ਦਾਅ ਪੇਚ ਸਿੱਖ ਰਿਹਾ ਹੈ। ਦੁਨੀਆ
ਬੜੀ ਬੇਚੈਨੀ ਨਾਲ ਉਡੀਕ ਕਰ ਰਹੀ ਹੈ ਕਿ ਉਹ ਅੱਗੇ ਕੀ ਕਰਨ ਵਾਲੇ ਹਨ ਤੇ ਕਿਸ
ਦਿਸ਼ਾ ਵਿਚ ਜਾਣ ਵਾਲੇ ਹਨ। |