ਇਨਸਾਨ ਦੁਨੀਆਂ ਵਿੱਚ ਆਉਂਦਿਆਂ ਹੀ ਰਿਸ਼ਤਿਆ ਦੇ ਮੋਹ ਦੀਆਂ ਤੰਦਾਂ ’ਚ ਬੱਝ
ਜਾਂਦਾ ਹੈ, ਅਤੇ ਸਭ ਤੋਂ ਮੋਹ ਭਰੀ ਤੰਦ ਹੁੰਦੀ ਹੈ ਮਾਂ ਦੇ ਰਿਸ਼ਤੇ ਦੀ। ਮਾਂ ਦੇ
ਨਾਲ ਬੱਚੇ ਦਾ ਰਿਸ਼ਤਾ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ। ਜਦੋਂ
ਬੱਚਾ ਬੋਲਣਾ ਸਿੱਖਦਾ ਹੈ ਤਾਂ ਉਸ ਦੇ ਮੂੰਹ ’ਚੋ ਨਿਕਲਣ ਵਾਲਾ ਪਹਿਲਾ ਸਾਰਥਕ ਸ਼ਬਦ
ਮਾਂ ਹੁੰਦਾ ਹੈ। ਮਾਂ ਸ਼ਬਦ ਵਿੱਚ ਗੁੜ ਅਤੇ ਸ਼ਹਿਦ ਨਾਲੋਂ ਵੱਧ ਮਿਠਾਸ ਹੁੰਦੀ ਹੈ।
ਜਦੋਂ ਅਸੀਂ ਕਿਸੇ ਤਕਲੀਫ ਦੇ ਦੌਰ ਵਿੱਚੋ ਗੁਜ਼ਰਦੇ ਹਾਂ ਤਾਂ ਆਪ ਮੁਹਾਰੇ ਹੀ ਸਾਡੀ
ਜੁਬਾਨ ਤੇ ਮਾਂ ਸ਼ਬਦ ਆ ਜਾਂਦਾ ਹੈ। ਸੰਸਕਿ੍ਰਤ ਅਨੁਸਾਰ ਵੀ ਮਾਂ ਅਤੇ ਧਰਤੀ
ਮਾਂਨੂੰ ਸਵਰਗ ਨਾਲੋ ਵੀ ਮਹਾਨ ਕਿਹਾ ਗਿਆ ਹੈ। ਕਿਸੇ ਵੀ ਔਰਤ ਦੀ ਸੰਪੂਰਨਤਾ ਉਸ
ਦੇ ਮਾਂ ਬਣਨ ਵਿੱਚ ਮੰਨੀ ਜਾਂਦੀ ਹੈ।
ਮਾਂ ਕੇਵਲ ਮਾਂ ਨਾ ਰਹਿ ਕੇ ਬੱਚੇ ਦੀ ਪਹਿਲੀ ਗੁਰੂ ਵੀ ਹੁੰਦੀ ਹੈ। ਜਿਸ ਤੋਂ
ਗ੍ਰਹਿਣ ਕੀਤੀ ਮੁੱਢਲੀ ਸਿੱਖਿਆ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋ ਗੁਜ਼ਰਦਿਆਂ
ਸਾਡਾ ਮਾਰਗਦਰਸ਼ਨ ਕਰਦੀ ਹੈ। ਮਾਂ ਵੱਲੋ ਦਿੱਤੀ ਸਹੀ ਵਿੱਦਿਆਂ ਬੱਚਿਆਂ ਨੂੰ ਇੱਕ
ਚੰਗਾ ਨਾਗਰਿਕ ਬਣਨ ਵਿੱਚ ਵੀ ਮਦਦ ਕਰਦੀ ਹੈ। ਨੈਪੋਲੀਅਨ ਨੇ ਕਿਹਾ ਸੀ ਕਿ "Give
me good mother, I shall give you a good nation. " ਇੱਕ ਔਰਤ ਆਪਣੇ
ਨਿੱਯ ਨੂੰ ਤਿਆਗ ਕੇ ਪੂਰਾ ਜੀਵਨ ਆਪਣੇ ਬੱਚਿਆਂ ਦੇ ਬਚਪਨ ਅਤੇ ਉਹਨਾਂ ਦੇ ਭਵਿੱਖ
ਨੂੰ ਸਵਾਰਨ ਲਈ ਲਗਾ ਦਿੰਦੀ ਹੈ, ਅਤੇ ਉਸ ਦੇ ਆਪਣੇ ਸੁਪਨੇ ਉਸ ਦੇ ਬੱਚਿਆਂ ਦੇ
ਨਾਲ ਹੀ ਜੁੜੇ ਹੁੰਦੇ ਹਨ।
ਜਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਿਆਂ ਸਾਨੂੰ ਕਦੇ ਵੀ ਮਾਂ ਦੀ
ਮਮਤਾ ਵਿੱਚ ਕਮੀ ਨਹੀਂ ਦਿਖਾਈ ਦਿੰਦੀ । ਬੇਸ਼ੱਕ ਉਹ ਬਚਪਨ ਦੀ ਸਵੇਰ ਹੋਵੇ, ਭਰ
ਜਵਾਨੀ ਦੀ ਦੁਪਹਿਰ ਜਾਂ ਫਿਰ ਢਲਦੀ ਉਮਰ ਦੀਆਂ ਤਰਕਾਲਾਂ । ਪਰ ਬੱਚੇ ਅਕਸਰ ਵੱਡੇ
ਹੋ ਕੇ ਆਪਣੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਾਂ ਦੇ ਪਿਆਰ ਨੂੰ ਵਿਸਾਰ ਦਿੰਦੇ ਹਨ।
ਬਹੁਤੇ ਘਰਾਂ ਵਿੱਚ ਤਾਂ ਮਾਂ ਘਰ ਵਿੱਚ ਪਏ ਪੁਰਾਣੇ ਫਰਨੀਚਰ ਦੀ ਤਰ੍ਹਾਂ ਹੁੰਦੀ
ਹੈ। ਕਈ ਮਾਂ-ਬਾਪ ਨੂੰ ਤਾਂ ਜਿਉਂਦੇ ਜੀਅ ਹੀ ਆਪਣੇ ਸੁਪਨਿਆਂ ਦੇ ਘਰ ਨੂੰ ਛੱਡ
ਬਿਰਧ ਘਰ ਵੱਲ ਜਾਣਾ ਪੈ ਜਾਂਦਾ ਹੈ।
ਸਾਡੇ ਦੇਸ਼ ਵਿੱਚ ਪੱਛਮੀ ਸੱਭਿਅਤਾ ਦਾ ਪ੍ਰਭਾਵ ਦਿਨ-ਬ-ਦਿਨ ਵੱਧਦਾ ਜਾ ਰਿਹਾ
ਹੈ। ਜਿੱਥੇ ਅਸੀ ਵਿਕਸਿਤ ਦੇਸ਼ਾ ਦੀਆਂ ਚੰਗਿਆਈਆਂ ਅਪਣਾਉਣ ਦੇ ਨਾਲ ਤਰੱਕੀ ਦੀ ਰਾਹ
ਵੱਲ ਜਾ ਰਹੇ ਹਾਂ, ਉੱਥੇ ਹੀ ਉਹਨਾਂ ਦੇਸ਼ਾਂ ਦੀਆਂ ਬੁਰਾਈਆਂ ਸਾਡੇ ਘਰ ਪਰਿਵਾਰ
ਨੂੰ ਬਰਬਾਦੀ ਦੀ ਲੀਹ ਵੱਲ ਲਿਜਾ ਰਹੀਆਂ ਹਨ। ਵਿਦੇਸ਼ਾਂ ਵਿੱਚ ਬੱਚਿਆਂ ਕੋਲ ਮਾਂ
-ਬਾਪ ਲਈ ਸਮੇਂ ਦੀ ਕਮੀ ਦੇ ਕਾਰਨ ਉਹਨਾਂ ਨੂੰ ਬਿਰਧ ਘਰਾਂ ਵਿੱਚ ਛੱਡ ਦਿੱਤਾ
ਜਾਂਦਾ ਹੈ। ਇਹਨਾਂ ਕਾਰਨਾਂ ਦੇ ਚੱਲਦਿਆਂ ਹੀ ਉਹਨਾਂ ਦੇਸ਼ਾਂ ਵਿੱਚ ਬਾਕੀ ਅਹਿਮ
ਦਿਨਾਂ ਦੀ ਤਰ੍ਹਾਂ ਮਾਤਾ ਪਿਤਾ ਲਈ ਵੀ ਦਿਨ ਮੁਕਰਰ ਕਰ ਦਿੱਤੇ ਗਏ ਹਨ। ਦੁਨੀਆਂ
ਭਰ ਵਿੱਚ ਮਈ ਮਹੀਨੇ ਦਾ ਦੂਸਰਾ ਐਤਵਾਰ ਮਦਰ ਡੇ ਵੱਜੋਂ ਮਨਾਇਆ ਜਾਂਦਾ
ਹੈ। ਇਸ ਦਿਨ ਮਾਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ ਅਤੇ ਕੇਕ ਕੱਟ ਕੇ ਇਹ ਲੋਕ ਆਪਣੇ
ਬੱਚੇ ਹੋਣ ਦਾ ਫਰਜ਼ ਨਿਭਾ ਦਿੰਦੇ ਹਨ। ਵਿਦੇਸ਼ੀ ਲੋਕਾਂ ਦੀ ਦੇਖਾ-ਦੇਖੀ ਸਾਡੇ ਦੇਸ਼
ਵਿੱਚ ਵੀ ਨੌਜਵਾਨ ਪੀੜ੍ਹੀ ਵੱਲੋ ਮਦਰ ਡੇ ਮਨਾਇਆ ਜਾਣ ਲੱਗ ਪਿਆ ਹੈ। ਪਰ ਮਾਂ ਨੂੰ
ਤੋਹਫ਼ਿਆਂ ਤੋਂ ਵੱਧ ਬੱਚਿਆਂ ਦੇ ਪਿਆਰ ਅਤੇ ਸਨੇਹ ਦੀ ਲੋੜ ਹੁੰਦੀ ਹੈ। ਖ਼ਾਸ ਤੌਰ
ਤੇ ਉਮਰ ਦੇ ਆਖਰੀ ਪੜਾਅ ਵਿੱਚ ਬੱਚਿਆਂ ਵੱਲੋ ਆਪਣੇ ਮਾਤਾ-ਪਿਤਾ ਨੂੰ ਦਿੱਤਾ ਗਿਆ
ਪਿਆਰ - ਸਤਿਕਾਰ ਅਤੇ ਖ਼ੁਸ਼ਗਵਾਰ ਮਾਹੌਲ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਸਾਲਾਂ ਨੂੰ
ਸੁਖਾਲਾ ਬਣਾ ਦਿੰਦਾ ਹੈ। ਅਸੀਂ ਆਪਣਾ ਖਾਲੀ ਸਮਾਂ ਆਪਣੇ ਬੱਚਿਆਂ ਨਾਲ ਬਿਤਾਉਂਦੇ
ਹਾਂ, ਪਰ ਘਰ ਵਿੱਚ ਬਜ਼ੁਰਗ ਮਾਂ-ਬਾਪ ਨਾਲ ਗੱਲ ਕਰਨ ਲਈ ਸਾਡੇ ਕੋਲ ਦੋ ਪਲ ਵੀ
ਨਹੀਂ ਹੁੰਦੇ। ਇਥੇ ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਸਾਡੇ ਮਾਂ-ਬਾਪ ਨੇ ਵੀ
ਆਪਣਾ ਕੀਮਤੀ ਸਮਾਂ ਸਾਡੇ ਨਾਲ ਬਿਤਾਇਆ ਸੀ।
ਅਸੀਂ 1੪ ਮਈ ਦਾ ਦਿਨ ਮਾਵਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ । ਮਾਂ ਦਿਵਸ
ਮਨ੍ਹਾਂ ਲੈਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਸ ਦਿਨ ਅਸੀਂ ਤੋਹਫ਼ਿਆਂ ਦੇ ਨਾਲ ਜੇ
ਕਦੀ ਉਹਨਾਂ ਦੀ ਇੱਛਾਵਾਂ ਨੂੰ ਜਾਨਣ ਦੀ ਕੋਸ਼ਿਸ਼ ਕਰੀਏ ਕਿ ਉਹ ਕੀ ਚਾਹੁੰਦੇ ਹਨ
ਅਤੇ ਬੀਤੇ ਸਮੇਂ ਦੌਰਾਨ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਲਈ ਮਾਫ਼ੀ ਮੰਗ ਲਈਏ
ਤਾਂ ਸ਼ਾਇਦ ਇਸ ਦਿਨ ਦਾ ਮਹੱਤਵ ਹੋਰ ਵੱਧ ਜਾਵੇ। ਯਕੀਨ ਜਾਣੋ ਮਾਂ ਦਾ ਦਿਲ ਇਨ੍ਹਾਂ
ਵਿਸ਼ਾਲ ਹੁੰਦਾ ਹੈ, ਕਿ ਉਹ ਸਾਡੀ ਵੱਡੀ ਤੋ ਵੱਡੀ ਗਲਤੀ ਨੂੰ ਹੱਸ ਕੇ ਨਜ਼ਰ ਅੰਦਾਜ਼
ਕਰ ਦਿੰਦੀ ਹੈ ਅਤੇ ਸਾਡੇ ਥੋੜੇ ਜਿਹੇ ਸਨੇਹ ਦੇ ਬਦਲੇ ਮਮਤਾ ਦਾ ਸਾਗਰ ਉਛਾਲ
ਦਿੰਦੀ ਹੈ। ਅਸੀਂ ਤਾਂ ਉਸ ਦੇਸ਼ ਦੇ ਵਸਨੀਕ ਹਾਂ ਜਿੱਥੇ ਧਰਤੀ ਨੂੰ ਵੀ ਮਾਂ ਦਾ
ਦਰਜਾ ਦਿੱਤਾ ਜਾਂਦਾ ਹੈ ਅਤੇ ਸਾਡੇ ਦਿਨ ਦੀ ਸ਼ੁਰੂਆਤ ਮਾਂ ਦੀ ਯਾਦ ਨਾਲ ਹੁੰਦੀ
ਹੈ, ਚਾਹੇ ਉਹ ਸਾਡੇ ਵਿੱਚ ਮੌਜੂਦ ਹੋਵੇ ਜਾਂ ਨਾਂ ਹੋਵੇ। ਜਿਸ ਮਾਂ ਨੇ ਬਚਪਨ
ਵਿੱਚ ਸਾਡੀ ਉਂਗਲੀ ਪਕੜ ਕੇ ਸਾਨੂੰ ਚੱਲਣਾ ਸਿਖਾਇਆ, ਅੱਜ ਲੋੜ ਹੈ ਉਸ ਮਾਂ ਦਾ
ਸਹਾਰਾ ਬਣਨ ਦੀ ਤਾਂ ਹੀ ਸਾਡਾ ਮਾਂ - ਦਿਵਸ ਮਨਾਉਣਾ ਸਫ਼ਲ ਹੋ ਪਾਵੇਗਾ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
94787-93231
kanwaldhillon16@gmail.com
|