|
ਸ਼ਿਵਚਰਨ ਗਿੱਲ |
ਲੰਡਨ:- ਇਹ ਗੱਲ ਬੜੇ ਦੁਖ ਨਾਲ ਸੁਣੀ ਜਾਵੇਗੀ ਕਿ ਸਾਡੇ ਬੜੇ ਪਿਆਰੇ ਤੇ
ਸੀਨੀਅਰ ਕਹਾਣੀਕਾਰ, ਕਥਾਕਾਰ, ਨਾਵਲਕਾਰ ਅਤੇ ਕਵੀ ਪਿੰਡ ਰੂਮੀ (ਜ਼ਿਲ੍ਹਾ
ਲੁਧਿਆਣਾ) ਦੇ ਜੰਮਪਲ ਸ਼ਿਵਚਰਨ ਸਿੰਘ ਗਿੱਲ ਜੀ ਨਹੀਂ ਰਹੇ। 23 ਮਈ 2017 ਵਾਲੇ
ਦਿਨ ਸਵੇਰੇ ਨੌਂ ਵਜੇ ਆਪ ਨੇ ਆਖ਼ਰੀ ਸਾਹ ਲਿਆ। ਆਪ ਜੀ ਗੋਡੇ ਦਾ ਅਪਰੇਸ਼ਨ ਕਰਵਾਉਣ
ਲਈ ਹਸਪਤਾਲ ਗਏ ਸਨ ਪਰ ਅਨੇਕਾਂ ਮੈਡੀਕਲ ਪੇਚੀਦਗੀਆਂ ਨੇ ਕੁਝ ਹੀ ਦਿਨਾਂ ਵਿਚ
ਉਨ੍ਹਾਂ ਦੀ ਜਾਨ ਲੈ ਲਈ। ਆਪ ਜੀ ਨੌਰਥਵਿਕ ਹਸਪਤਾਲ ਵਿਚ ਦਾਖ਼ਲ ਸਨ। ਪਰਿਵਾਰ
ਅਨੁਸਾਰ ਕੁਝ ਅੰਤਮ ਦਿਨਾਂ ਤੋਂ ਬਿਨਾ ਆਪ ਨੇ ਕਦੇ ਵੀ ਕੋਈ ਤਕਲੀਫ ਨਹੀਂ ਸੀ ਦੇਖੀ
ਤੇ ਹਮੇਸ਼ਾ ਰਿਸ਼ਟ ਪੁਸ਼ਟ ਰਹੇ ਸਨ। ਆਪ ਦੀ ਉਮਰ ਅੱਸੀਆਂ ਵਰ੍ਹਿਆਂ ਦੀ ਸੀ।
ਗਿੱਲ ਜੀ ਉਨ੍ਹਾਂ ਮੁਢਲੇ ਲੇਖ਼ਕਾਂ ਵਿਚੋਂ ਸਨ ਜਿਨ੍ਹਾਂ ਨੇ ਇਥੇ ਸਖ਼ਤ ਮਿਹਨਤ
ਕਰਦਿਆਂ ਹੋਇਆਂ ਕਲਮੀ ਤੌਰ 'ਤੇ ਪੰਜਾਬੀ ਸਾਹਿਤ ਅਤੇ ਸਮਾਜ ਦੀ ਸੇਵਾ ਕੀਤੀ। ਉਹ
ਅਨੇਕਾਂ ਪੁਸਤਕਾਂ ਦੇ ਕਰਤਾ ਸਨ। ਆਪ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ
1991 ਵਿਚ 'ਸ਼੍ਰੋਮਣੀ ਸਾਹਿਕਾਰ' ਦੇ ਤੌਰ 'ਤੇ ਵੀ ਸਨਮਾਨਿਆਂ ਸੀ। ਸਾਹਿਤਕ ਸਰਕਲ
ਵਿਚ ਉਨ੍ਹਾਂ ਦਾ ਵਾਹਵਾ ਆਦਰ ਮਾਣ ਅਤੇ ਪੁੱਛ ਪ੍ਰਤੀਤ ਹੁੰਦੀ ਸੀ। ਪੰਜਾਬੀ ਲੇਖ਼ਕ
ਭਾਈਚਾਰਾ ਅਤੇ ਆਮ ਪੰਜਾਬੀ ਸਮਾਜ ਉਨ੍ਹਾਂ ਦਾ ਹਮੇਸ਼ਾ ਦੇਣਦਾਰ ਰਹੇਗਾ।
ਪੰਜਾਬੀ ਸਾਹਿਤ ਕਲਾ ਕੇਂਦਰ ਇਸ ਦੁੱਖ ਦੀ ਘੜੀ ਵਿਚ ਪਰਵਾਰ ਨਾਲ ਸਹਾਨੁਭੂਤੀ
ਜ਼ਾਹਰ ਕਰਦਾ ਹੋਇਆ ਉਨ੍ਹਾਂ ਦੇ ਨਾਲ ਖੜ੍ਹਾ ਹੈ। ਸਭਾ ਦੇ ਪਰਧਾਨ ਡਾ. ਸਾਥੀ
ਲੁਧਿਆਣਵੀ ਨੇ ਕਿਹਾ ਕਿ ਉਨ੍ਹਾਂ ਨੇ ਇਕ ਬਹੁਤ ਵਧੀਆ ਮਿੱਤਰ ਖੋ ਲਿਆ ਹੈ। ਕਈ
ਵਰ੍ਹੇ ਉਹ ਉਨ੍ਹਾਂ ਦੇ ਗਵਾਂਢੀ ਵੀ ਰਹੇ ਸਨ। ਸਭਾ ਦੇ ਜਨਰਲ ਸਕੱਤਰ ਅਜ਼ੀਮ ਸ਼ੇਖ਼ਰ
ਨੇ ਦੁੱਖ ਜ਼ਾਹਰ ਕਰਦਿਆਂ ਹੋਇਆਂ ਕਿਹਾ ਕਿ ਬਜ਼ੁਰਗ ਲੇਖ਼ਕਾਂ ਦਾ ਟੁਰ ਜਾਣਾ ਉਨ੍ਹਾਂ
ਲਈ ਬੜੇ ਦੁਖ ਵਾਲੀ ਗੱਲ ਹੈ। ਕੁਲਵੰਤ ਕੌਰ ਢਿੱਲੋਂ ਨੇ ਵੀ ਦੁਖ ਜ਼ਾਹਰ ਕੀਤਾ।
ਗੁਰਨਾਮ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਬੱਧਨੀਕਲਾਂ ਅਤੇ ਮਨਜੀਤ ਕੌਰ ਪੱਡਾ ਨੇ
ਵੀ ਬਹੁਤ ਅਫਸੋਸ ਨਾਲ ਇਹ ਖ਼ਬਰ ਸੁਣੀ। ਉਨ੍ਹਾਂ ਸਭ ਨੇ ਕਿਹਾ ਕਿ ਪੰਜਾਬੀ ਸਾਹਿਤ
ਲਈ ਇਹ ਬੜਾ ਉਦਾਸ ਦਿਨ ਹੈ। ਸਭਾ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਸ਼ਿਵਚਰਨ
ਗਿੱਲ ਦੀ ਰੂਹ ਨੂੰ ਉਹ ਆਪਣੇ ਚਰਨਾਂ ਵਿਚ ਵਾਸਾ ਦੇਵੇ।
|