|
|
ਇਉਂ ਜਾਪਦਾ ਹੈ ਜਿਵੇਂ ਦੇਸ਼ ਦੀ ਰਾਜਧਾਨੀ, ਦਿੱਲੀ ਦੇ ਇੱਕ ਪਰਿਵਾਰ ਨੇ ਇਹ
ਪ੍ਰਣ ਲੈ ਰਖਿਆ ਹੈ ਕਿ ‘ਅਪਨੀ ਆਂਖੋਂ ਸੇ ਤੁਮ੍ਹੇਂ ਦੁਨੀਆ ਦਿਖਾਉਂ, ਤੇਰੇ ਨੈਨੋਂ
ਕੇ ਮੈਂ ਦੀਪ ਜਲਾਉਂ’। ਇਸ ਪਰਿਵਾਰ ਦੇ 20 ਮੈਂਬਰ ਆਪਣੀ ਮੌਤ ਤੋਂ ਬਾਅਦ ਲਗਭਗ 40
ਦ੍ਰਿਸ਼ਟੀਹੀਨਾਂ ਦੇ ਜੀਵਨ ਵਿੱਚ ਨਵੀਂ ਰੋਸ਼ਨੀ ਦਾ ਸੰਚਾਰ ਕਰਨ ਲਈ, ਆਪਣੀਆਂ ਅੱਖਾਂ
ਦਾ ਦਾਨ ਕਰ ਚੁਕੇ ਹਨ। ਇਸ ਪਰਿਵਾਰ ਦਾ ਇਹ ਸਿਲਸਿਲਾ ਅੱਗੋਂ ਵੀ ਜਾਰੀ ਹੈ। ਪਿਛਲੇ
ਜੂਨ ਵਿੱਚ ਪਰਿਵਾਰ ਦੇ ਮੁੱਖੀ ਜਗਦੀਸ਼ ਲਾਲ ਨੇ ਆਪਣੀਆਂ ਅੱਖਾਂ ਦ੍ਰਿਸ਼ਟੀਹੀਨਾਂ
ਨੂੰ ਦਾਨ ਕੀਤੀਆਂ। ਨਿਊ ਮੋਤੀ ਨਗਰ ਨਿਵਾਸੀ ਜਗਦੀਸ਼ ਲਾਲ ਨੇ 6 ਜੂਨ, ਦੁਪਹਿਰ
ਬਾਅਦ 1 ਵੱਜੇ ਦੇ ਕਰੀਬ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁਤੱਰ, ਅਜੈ ਭਾਟੀਆ ਨੇ
ਆਪਣੇ ਪਿੱਤਾ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀਆਂ ਅੱਖਾਂ ਨੂੰ ਦਾਨ ਕਰਨ ਲਈ
‘ਗੁਰੂ ਨਾਨਕ ਆਈ ਹਸਪਤਾਲ’ ਦੇ ਡਾਕਟਰਾਂ ਨਾਲ ਸੰਪਰਕ ਕੀਤਾ। ਡਾਕਟਰਾਂ ਨੇ ਸਮਾਂ
ਰਹਿੰਦਿਆਂ, ਉਨ੍ਹਾਂ ਦੀਆਂ ਅੱਖਾਂ ਹਸਪਤਾਲ ਦੇ ‘ਆਈ ਬੈਂਕ’ ਤਕ ਪਹੁੰਚਾ ਦਿੱਤੀਆਂ।
ਅਜੈ ਭਾਟੀਆ ਅਨੁਸਾਰ ਉਨ੍ਹਾਂ ਦੇ ਪਿੱਤਾ ਤੋਂ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਦੀ
ਪਤਨੀ (ਅਜੈ ਭਾਟੀਆ ਦੀ ਮਾਤਾ) ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਵੀ ਇਹੀ ਇੱਛਾ ਸੀ
ਕਿ ਉਨ੍ਹਾਂ ਦੀਆਂ ਅੱਖਾਂ ਕਿਸੇ ਦ੍ਰਿਸ਼ਟੀਹੀਨ ਨੂੰ ਦਾਨ ਕੀਤੀਆਂ ਜਾਣ। ਮਾਂ ਤੋਂ
ਬਾਅਦ 2007 ਵਿੱਚ ਉਨ੍ਹਾਂ ਦੀ ਭੂਆ, ਚਾਚਾ, ਦੋ ਫੂਫੜ, ਭੈਣ ਦੀ ਸੱਸ, ਮਾਸੀ ਦੇ
ਪੁਤਰ ਸਹਿਤ ਹੁਣ ਤਕ ਪਰਿਵਾਰ ਦੇ ਵੀਹ ਲੋਕੀ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ
ਆਪਣੀਆਂ ਅੱਖਾਂ ਦਾਨ ਕਰ ਚੁਕੇ ਹਨ। ਅਜੈ ਦਾ ਕਹਿਣਾ ਹੈ ਕਿ ‘ਨੇਤਰ ਦਾਨ’ ਹੀ
ਮਹਾਦਾਨ ਹੈ। ਇਸਲਈ ਉਨ੍ਹਾਂ, ਉਨ੍ਹਾਂ ਦੇ ਪਰਿਵਾਰ ਅਤੇ ਭਰਾ-ਭਰਜਾਈ ਵੀ ‘ਨੇਤਰ
ਦਾਨ’ ਦਾ ਫਾਰਮ ਭਰ, ਇਸੇ ਕੜੀ ਨਾਲ ਜੁੜ ਗਏ ਹਨ। ਗੁਰੂ ਨਾਨਕ ਆਈ ਹਸਪਤਾਲ ਦੀ
ਡਾਕਟਰ, ਰੀਤੂ ਅਰੋੜਾ ਦਾ ਕਹਿਣਾ ਹੈ ਕਿ ਮੌਤ ਤੋਂ ਬਾਅਦ ਲਗਭਗ ਚਾਰ ਤੋਂ ਛੇ
ਘੰਟਿਆਂ ਅੰਦਰ ਅੱਖਾਂ ਦਾਨ ਕਰਨੀਆਂ ਹੁੰਦੀਆਂ ਹਨ। ਅੱਖਾਂ ਵਿੱਚ ਸਭ ਤੋਂ ਅਹਿਮ
ਕਾਰਨੀਆ (ਸਫੇਦ ਪਟਲ) ਹੈ। ਦ੍ਰਿਸ਼ਟੀਹੀਨਾਂ ਨੂੰ ਪਹਿਲ ਦੇ ਅਧਾਰ ਤੇ ਹੀ ਕਾਰਨੀਆ
ਲਾਈ ਜਾਂਦੀ ਹੈ। ਉਨ੍ਹਾਂ ਦਸਿਆ ਕਿ ਹੁਣ ਇੱਕ ਨਵੀਂ ਤਕਨੀਕ ਆ ਚੁਕੀ ਹੈ, ਇਸਲਈ ਜੋ
ਅੱਖਾਂ, ਗੁਣਾਂ ਦੇ ਹਿਸਾਬ ਨਾਲ ਬੇਹਤਰ (ਚੰਗੀਆਂ) ਹੁੰਦੀਆਂ ਹਨ, ਉਨ੍ਹਾਂ ਨਾਲ
ਤਿੰਨ-ਚਾਰ ਦ੍ਰਿਸ਼ਟੀਹੀਨਾਂ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹੈ।
ਝੁਗੀਆਂ ਵਿਚਲੇ ਬਚਿਆਂ ਦਾ ਭਵਿੱਖ : ਤੀਹ ਵਰ੍ਹਿਆਂ ਦੇ ਦਵਿੰਦਰ ਜਦੋਂ
ਦਸ ਵਰ੍ਹਿਆਂ ਦੇ ਹੀ ਸਨ, ਕੁਦਰਤ ਨੇ ਉਨ੍ਹਾਂ ਨੂੰ ਮਾਂ ਦੇ ਪਿਆਰ ਤੋਂ ਵਾਂਝਿਆਂ
ਕਰ ਦਿੱਤਾ। ਅਜੇ ਉਹ ਇਸ ਸੱਟ ਤੋਂ ਉਭਰ ਵੀ ਨਹੀਂ ਸੀ ਪਾਏ ਕਿ ਉਨ੍ਹਾਂ ਦੇ ਸਿਰ
ਤੋਂ ਪਿਤਾ ਦਾ ਸਾਇਆ ਵੀ ਉਠ ਗਿਆ। ਜਿਸ ਉਮਰ ਵਿੱਚ ਬੱਚੇ ਖੇਡਦੇ-ਕੁਦਦੇ ਹਨ, ਉਸ
ਉਮਰ ਵਿੱਚ ਉਨ੍ਹਾਂ ਨੂੰ ਘਰ ਚਲਾਣ ਦੀਆਂ ਜ਼ਿਮੇਂਦਾਰੀਆਂ ਨੇ ਘੇਰ ਲਿਆ। ਉਹ ਹੁਣ
ਝੁਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਦਾ ਜੀਵਨ ਸੰਵਾਰਨ ਵਿੱਚ ਜੁਟੇ ਹੋਏ ਹਨ।
ਉਨ੍ਹਾਂ ਨੇ ਇਸੇ ਨੂੰ ਆਪਣਾ ਮਿਸ਼ਨ ਬਣਾ ਲਿਆ ਹੈ। ਪਲੇਸਮੈਂਟ ਏਜੰਸੀ
ਚਲਾਣ ਵਾਲੇ ਦਵਿੰਦਰ ਬੀਤੇ 11
ਵਰ੍ਹਿਆਂ ਤੋਂ ਆਪਣੀ ਕਮਾਈ ਦਾ ਬਹੁਤਾ ਹਿੱਸਾ, ਇਨ੍ਹਾਂ ਬਚਿਆਂ ਨੂੰ ਆਤਮ-ਨਿਰਭਰ
ਬਣਾਉਣ ਪੁਰ ਖਰਚ ਕਰ ਰਹੇ ਹਨ। ਸੰਨ-2004 ਵਿੱਚ ‘ਨੈਸ਼ਨਲ ਯੂਥ ਅਵਾਰਡ’ ਨਾਲ
ਸਨਮਾਨਤ ਦਵਿੰਦਰ ਦਸਦੇ ਹਨ, ਉਨ੍ਹਾਂ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਬਹੁਤ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪੜ੍ਹੀ-ਲਿਖੀ ਨਾ ਹੋਣ ਕਾਰਣ ਲੜਕੇ ਵਾਲੇ
ਉਨ੍ਹਾਂ ਦੀ ਭੈਣ ਨਾਲ ਸ਼ਾਦੀ ਕਰਨ ਲਈ ਤਿਆਰ ਨਹੀਂ ਸੀ ਹੁੰਦੇ। ਇਸਤੋਂ ਬਾਅਦ
ਉਨ੍ਹਾਂ ਵਿਦਿਆ ਤੋਂ ਕੋਰੀਆਂ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਬਾਰੇ ਸੋਚਿਆ। ਹੁਣ
ਤਕ ਉਹ 6,000 ਲੜਕੀਆਂ ਨੂੰ 12ਵੀਂ ਤਕ ਦੀ ਪੜ੍ਹਾਈ ਕਰਵਾ ਚੁਕੇ ਹਨ। ਦਵਿੰਦਰ,
ਸੰਗਮ ਵਿਹਾਰ ਤੋਂ ਇਲਾਵਾ ਮੁਨੀਰਕਾ ਅਤੇ ਓਖਲਾ ਦੇ ਸਲਮ ਇਲਾਕਿਆਂ ਵਿੱਚ ਵੀ
ਲੜਕੀਆਂ ਨੂੰ ਪੜ੍ਹਾਉਣ ਲਈ ਜਾਂਦੇ ਹਨ। ਉਹ ਦਸਦੇ ਹਨ ਕਿ ਆਪਣੇ ਨਿਤ ਦੇ ਕੰਮ ਤੋਂ
ਫੁਰਸਤ ਮਿਲਣ ਤੋਂ ਬਾਅਦ ਉਹ ਇਨ੍ਹਾਂ ਬੱਚੀਆਂ ਨੂੰ ਪੜ੍ਹਾਉਣ ਵਿੱਚ ਹੀ ਰੁਝੇ
ਰਹਿੰਦੇ ਹਨ। ਬੱਚੀਆਂ ਨੂੰ ਪੜ੍ਹਾਉਣ ਦੇ ਨਾਲ ਹੀ ਦਵਿੰਦਰ ਉਨ੍ਹਾਂ ਨੂੰ ਨੌਕਰੀ
ਦੁਆਣ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਦਸਿਆ ਕਿ 12ਵੀਂ ਤਕ ਦੀ ਵਿਦਿਆ ਦੁਆਉਣ
ਤੋਂ ਬਾਅਦ ਉਹ ਬਹੁਤਾ ਕਰਕੇ ਬਚੀਆਂ ਨੂੰ ਕੰਪਿਊਟਰ ਆਪਰੇਟਰ, ਟੇਲੀਕਾਲਰ ਅਤੇ
ਰਿਸੈਪਸਨਿਸ਼ਟ ਦੇ ਰੂਪ ਵਿੱਚ ਨੌਕਰੀ ਦੁਆਂਦੇ ਹਨ।
ਬੇਘਰ ਲੋਕਾਂ ਲਈ ਮਦਦਗਾਰ : ਪੁਰਾਣੀ ਦਿੱਲੀ ਨਿਵਾਸੀ 30 ਵਰ੍ਹਿਆਂ ਦੇ
ਅਧਿਆਪਕ (ਟੀਚਰ) ਕੁਰੈਸ਼ੀ ਦੇ ਪਿਤਾ ਕੁਝ ਵਰ੍ਹੇ ਪਹਿਲਾਂ ਲਾਪਤਾ ਹੋ ਗਏ ਸਨ।
ਕੁਰੈਸ਼ੀ ਨੇ ਦਸਿਆ ਕਿ ਉਸਨੇ ਉਨ੍ਹਾਂ ਨੂੰ ਲਭਣ ਦੀ ਬਹੁਤ ਕੌਸ਼ਿਸ਼ ਕੀਤੀ, ਪ੍ਰੰਤੂ
ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲਗ ਸਕਿਆ। ਇਸੇ ਦੌਰਾਨ ਉਸਨੂੰ ਕੁਝ ਬੇਘਰ ਲੋਕੀ
ਮਿਲੇ। ਉਸ ਵਕਤ ਉਸਦੇ ਦਿੱਲ ਵਿੱਚ ਖਿਆਲ ਆਇਆ ਕਿ ਇਹ ਲੋਕੀ ਵੀ ਤਾਂ ਕਿਸੇ ਦੇ
ਰਿਸ਼ਤੇਦਾਰ ਹੋਣਗੇ, ਇਨ੍ਹਾਂ ਨੂੰ ਵੀ ਤਾਂ ਆਪਣਾ ਘਰ ਯਾਦ ਆਉਂਦਾ ਹੋਵੇਗਾ। ਇਨ੍ਹਾਂ
ਦੀ ਹੋਲੀ, ਦੀਵਾਲੀ ਤੇ ਈਦ ਵਰਗੇ ਤਿਉਹਾਰ ਕਿਵੇਂ ਮੰਨਦੇ ਹੋਣਗੇ? ਇਸਤੋਂ ਬਾਅਦ
ਉਸਨੇ ‘ਮਲ੍ਹਮ’ ਨਾਂ ਦਾ ਇੱਕ ਹੋਸਟਲ ਕਾਇਮ ਕੀਤਾ। ਪਰ ਅਧਿਆਪਕ ਦੀ ਇੱਕ ਛੋਟੀ
ਜਿਹੀ ਨੌਕਰੀ ਵਿੱਚ ਇਸਨੂੰ ਚਲਾ ਪਾਣਾ ਉਸ ਲਈ ਸੰਭਵ ਨਹੀਂ ਸੀ। ਫਲਸਰੂਪ ਉਸਨੇ
ਲੋਕਾਂ ਪਾਸੋਂ ਮਦਦ ਮੰਗੀ ਤੇ ਇਸ ਹੋਸਟਲ ਨੂੰ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ
ਫਿਰ ਮੁਸ਼ਕਲਾਂ ਆਉਣ ਲਗੀਆਂ। ਬਹੁਤ ਹੀ ਸੋਚ ਵਿਚਾਰ ਕਰ ਇਨ੍ਹਾਂ ਬੇਘਰ ਲੋਕਾਂ ਨੂੰ
ਕਿੱਤਾ-ਮੁਖੀ ਟ੍ਰੇਨਿੰਗ ਦੁਆਣੀ ਸ਼ੁਰੂ ਕਰ ਦਿੱਤੀ। ਅੱਜ ‘ਮਲ੍ਹਮ’ ਹਾਸਟਲ ਵਿੱਚ 14
ਵਿਅਕਤੀ, 4 ਮੁਸਲਮਾਨ ਅਤੇ 10 ਹਿੰਦੂ, ਰਹਿੰਦੇ ਹਨ। ਇਨ੍ਹਾਂ ਵਿਚੋਂ ਕੁਝ
‘ਇਲੈਕਟ੍ਰੀਸ਼ੀਅਨ’ ਅਤੇ ਕੁਝ ‘ਡਿਲਵਰੀ ਬੁਆਇ’ ਹਨ।
ਮਾਂ ਲਈ ਖੂਹ ਖੋਦਿਆ : ਬਹੁ-ਚਰਚਤ ਫਿਲਮ ਬਾਹੂਬਲੀ ਦੇ ਨਾਇਕ, ਸ਼ਿਵਾ
ਵਲੋਂ ਮਾਂ ਦੀ ਸਹੂਲਤ ਲਈ ਸ਼ਿਵਲਿੰਗ ਉਠਾ ਝਰਨੇ ਕੋਲ ਲੈ ਕੇ ਜਾਣ ਦੇ ਦ੍ਰਿਸ਼ ਤੋਂ
ਪ੍ਰਭਾਵਤ ਹੋ ਛਤੀਸਗੜ੍ਹ ਦੇ ਕੋਰਿਆ ਜ਼ਿਲੇ ਦੇ ਕਛੋੜ ਪਿੰਡ ਦੀਆਂ ਦੋ ਭੈਣਾ, ਸ਼ਾਂਤੀ
ਅਤੇ ਵਿਗਆਂਤੀ, ਜੋ ਮਜ਼ਦੂਰ ਪਰਿਵਾਰ ਦੀਆਂ ਹਨ, ਪਿਤਾ ਅਮਰ ਸਿੰਹੁ ਗੋਂਡ ਮਜ਼ਦੂਰੀ
ਕਰਦਾ ਹੈ, ਜਦੋਂ ਕਿ ਮਾਂ ਜੁਕਮੁਲ ਗ੍ਰਹਿਣੀ ਹੈ, ਨੇ ਆਪਣੀ ਮਾਂ ਲਈ ਧਰਤੀ ਦਾ
ਸੀਨਾ ਚੀਰ, ਖੂਹ ਖੋਦ ਦਿੱਤਾ। ਛਤੀਸਗੜ੍ਹ ਦੇ ਕੋਰੀਆ ਜ਼ਿਲੇ ਦੇ ਕਛੋੜ ਪਿੰਡ ਵਿੱਚ
15 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਲਈ ਪਾਣੀ ਉਪਲਬੱਧ ਕਰਵਾਣ ਵਾਸਤੇ ਪਿੰਡ ਵਿੱਚ
ਕੇਵਲ ਤਿੰਨ ਹੀ ਹੈਂਡਪੰਪ ਹਨ, ਇਨ੍ਹਾਂ ਵਿਚੋਂ ਦੋ ਤਾਂ ਹਰ ਵਕਤ ਖਰਾਬ ਰਹਿੰਦੇ ਹਨ
ਅਤੇ ਤੀਜੇ ਵਿੱਚ ਗੰਦਾ ਪਾਣੀ ਆਉਂਦਾ ਹੈ। ਜਿਸ ਕਰਕੇ ਪਿੰਡ ਵਾਸੀਆਂ ਨੂੰ ਪਾਣੀ
ਲਿਆਣ ਲਈ, ਆਪਣੇ ਪਿੰਡ ਤੋਂ ਦੋ ਕਿਲੋਮੀਟਰ ਦੂਰ, ਦੂਸਰੇ ਪਿੰਡ ਜਾਣਾ ਪੈਂਦਾ ਹੈ।
ਇਨ੍ਹਾਂ 15 ਪਰਿਵਾਰਾਂ ਵਿਚੋਂ ਇੱਕ ਪਰਿਵਾਰ ਦੀਆਂ ਦੋ ਧੀਆਂ ਪਾਣੀ ਲਿਆਣ ਲਈ ਆਪਣੀ
ਮਾਂ ਨੂੰ ਹਰ ਰੋਜ਼ ਦੋ ਕਿਲੋਮੀਟਰ ਪੈਦਲ ਜਾਂਦਿਆਂ ਵੇਖ ਬਹੁਤ ਹੀ ਦੁਖੀ ਹੁੰਦੀਆਂ।
ਇੱਕ ਦਿਨ ਦੋਹਾਂ ਨੇ ਆਪਣੇ ਘਰ ਦੇ ਨੇੜੇ ਹੀ ਖੂਹ ਖੋਦਣ ਦਾ ਬੀੜਾ ਚੁਕ ਲਿਆ। ਉੱਚੇ
ਹੌਂਸਲੇ ਅਤੇ ਦ੍ਰਿੜ੍ਹ ਇਰਾਦੇ ਨਾਲ ਉਨ੍ਹਾਂ ਖੂਹ ਖੋਦਣ ਦਾ ਸਾਰਾ ਸਾਮਾਨ ਜੁਟਾ,
ਖੂਹ ਖੋਦਣ ਦਾ ਕੰਮ ਅਰੰਭ ਦਿੱਤਾ। ਪਹਿਲਾਂ ਤਾਂ ਦੋਹਾਂ, ਸ਼ਾਂਤੀ ਅਤੇ ਵਿਗਆਂਤੀ,
ਭੈਣਾਂ ਦੇ ਇਸ ਸੰਕਲਪ ਨੂੰ ਮਾਤਾ-ਪਿਤਾ ਅਤੇ ਪਿੰਡ ਦੇ ਹੋਰ ਲੋਕਾਂ ਨੇ ਮਜ਼ਾਕ ਹੀ
ਸਮਝਿਆ, ਪ੍ਰੰਤੂ ਜਦੋਂ ਉਨ੍ਹਾਂ ਵੇਖਿਆ ਕਿ ਕੁੜੀਆਂ ਨੇ ਤਾਂ ਖੂਹ ਦੀ ਖੁਦਾਈ ਦਾ
ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਉਹ ਵੀ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕਰਦਿਆਂ,
ਮਦਦ ਕਰਨ ਲਈ ਉਨ੍ਹਾਂ ਨਾਲ ਜੁਟ ਪਏ।
ਰਾਸ਼ਟਰਪਤੀ ਦਾ ਕਾਫਲਾ ਰੋਕਿਆ : ਬੇਂਗਲੂਰ ਸ਼ਹਿਰ ਦੇ ਇੱਕ ਟ੍ਰੈਫਿਕ
ਪੁਲਿਸ ਦੇ ਸਿਪਾਹੀ ਨੇ ਪਿਛਲੇ ਦਿਨੀਂ ਆਪਣੀ ਡਿਊਟੀ ਦੌਰਾਨ ਰਾਸ਼ਟਰਪਤੀ ਦੇ ਕਾਫਲੇ
ਦੀ ਜਗ੍ਹਾ ਐਂਬੂਲੈਂਸ ਨੂੰ ਤਰਜੀਹ ਦੇ ਕੇ ਲੋਕਾਂ ਪਾਸੋਂ ਭਰਪੂਰ ਵਾਹਵਾਹੀ ਖਟੀ
ਹੈ। ਉਸਦੇ ਇਸ ਕਦਮ ਦੀ ਤਾਰੀਫ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਸੋਸ਼ਲ
ਮੀਡੀਆ ਤਕ ਵਿੱਚ ਹੋਈ। ਬੇਂਗਲੂਰ ਪੁਲਿਸ ਨੇ ਉਸਨੂੰ ਇਨਾਮ ਦੇ ਕੇ ਸਨਮਾਨਤ ਕਰਨ ਦਾ
ਵੀ ਐਲਾਨ ਕਰ ਦਿੱਤਾ। ਮਿਲੇ ਵੇਰਵਿਆਂ ਅਨੁਸਾਰ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ
ਐਮਐਲ ਨਿਜਲਿੰਗੱਪਾ ਨੇ ਆਪਣੇ ਤੈਨਾਤੀ ਵਾਲੇ ਇਲਾਕੇ ਵਿੱਚ ਰਾਸ਼ਟਰਪਤੀ ਪ੍ਰਣਬ
ਮੁਕਰਜੀ ਦੇ ਕਾਫਲੇ ਦੀ ਮੂਵਮੈਂਟ ਦੌਰਾਨ ਹੀ ਐਂਬੂਲੈਂਸ ਨੂੰ, ਟ੍ਰੈਫਿਕ ਵਿੱਚ ਫਸਣ
ਤੋਂ ਬਚਾਇਆ। ਵੇਰਵਿਆਂ ਅਨੁਸਾਰ ਨਿਜਲਿੰਗੱਪਾ ਦੀ ਡਿਊਟੀ ਬੇਂਗਲੂਰ ਦੇ ਟ੍ਰਿਨਿਟੀ
ਸਰਕਲ ਪੁਰ ਸੀ। ਇਸੇ ਇਲਾਕੇ ਤੋਂ ਮੈਟਰੋ ਦੀ ਗ੍ਰੀਨ ਲਾਈਨ ਦਾ ਉਦਘਾਟਨ ਕਰਨ ਆਏ
ਰਾਸ਼ਟਰਪਤੀ ਪ੍ਰਣਬ ਮੁਕਰਜੀ ਦਾ ਕਾਫਲਾ ਗੁਜ਼ਰਨਾ ਸੀ। ਉਨ੍ਹਾਂ ਦਾ ਕਾਫਲਾ ਰਾਜਭਵਨ
ਵਲ ਵੱਧ ਰਿਹਾ ਸੀ ਕਿ ਉਸੇ ਸਮੇਂ ਸਬ ਇੰਸਪੈਕਟਰ ਨੇ ਐਚਏਐਲ ਨੇੜੇ ਇੱਕ ਨਿਜੀ
ਹਸਪਤਾਲ ਵਲ ਜਾਣ ਲਈ ਐਂਬੂਲੈਂਸ ਨੂੰ ਟ੍ਰੈਫਿਕ ਵਿੱਚ ਫਸਿਆ ਵੇਖਿਆ। ਸਬ ਇੰਸਪੈਕਟਰ
ਨੇ ਚੁਰਾਹੇ ਤੇ ਮੌਜੂਦ ਟ੍ਰੈਫਿਕ, ਜਿਸ ਵਿੱਚ ਰਾਸ਼ਟਰਪਤੀ ਦਾ ਕਾਫਲਾ ਵੀ ਸੀ, ਨੂੰ
ਰੋਕ, ਉਸਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇ, ਇਹ ਨਿਸ਼ਚਤ ਕਰਵਾਇਆ ਕਿ ਐਂਬੂਲੈਂਸ,
ਟ੍ਰੈਫਿਕ ਵਿੱਚ ਫਸੇ ਬਿਨਾਂ ਅਗੇ ਨਿਕਲ ਜਾਏ। ਕਿਸੇ ਵਿਅਕਤੀ ਨੇ ਮੌਕੇ ਦੀ ਵੀਡੀਓ
ਬਣਾ, ਸੋਸ਼ਲ ਮੀਡੀਆ ਪੁਰ ਪਾ ਦਿੱਤੀ। ਜਿਸਦੇ ਫਲਸਰੂਪ ਨਿਜਲਿੰਗੱਪਾ ਚਰਚਾ ਵਿੱਚ ਆ
ਗਿਆ ਤੇ ਉਸਨੂੰ ਹਰ ਪਾਸਿਉਂ ਪ੍ਰਸ਼ੰਸਾ ਮਿਲਣ ਲਗੀ। ਬੇਂਗਲੂਰ ਸ਼ਹਿਰ ਦੇ ਡਿਪੁਟੀ
ਕਮਿਸ਼ਨਰ ਆਫ ਪੁਲਿਸ (ਟ੍ਰੈਫਿਕ) ਈਸਟ ਡਿਵੀਜ਼ਨ ਅਭੈ ਗੋਇਲ ਨੇ ਟਵਿੱਟਰ ਪੁਰ ਐਮਐਲ
ਨਿਜਲਿੰਗੱਪਾ ਦੀ ਤਾਰੀਫ ਕੀਤੀ ਅਤੇ ਬੇਂਗਲੂਰ ਪੁਲਿਸ ਵਿਭਾਗ ਵਲੋਂ ਉਸਨੂੰ ਇਨਾਮ
ਦੇ ਸਨਮਾਨਤ ਕਰਨ ਦਾ ਐਲਾਨ ਵੀ ਕਰ ਦਿੱਤਾ।
…ਅਤੇ ਅੰਤ ਵਿੱਚ : ਇੱਕ ਕੌਮੀ ਹਿੰਦੀ ਦੈਨਿਕ ਦੇ ਪਾਠਕ, ਜਗਦੀਸ਼ ਚੰਦਰ
ਦਾ ਇੱਕ ਪਤ੍ਰ ਪਾਠਕਾਂ ਦੇ ਕਾਲਮ ਵਿੱਚ ਪ੍ਰਕਾਸ਼ਤ ਹੋਇਆ ਹੈ, ਜਿਸ ਵਿੱਚ ਉਸਨੇ
ਲਿਖਿਆ ਹੈ ਕਿ ਦੇਸ਼ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਉਨ੍ਹਾਂ
ਵਾਇਦਿਆਂ ਦੇ ਪੂਰਿਆਂ ਹੋਣ ਦਾ ਅੱਜ ਵੀ ਇੰਤਜ਼ਾਰ ਹੈ, ਜੋ ਉਨ੍ਹਾਂ ਲੋਕਸਭਾ ਦੀਆਂ
ਆਮ ਚੋਣਾਂ ਦੌਰਾਨ ਕੀਤੇ ਸਨ। ਇਨ੍ਹਾਂ ਵਿੱਚੋਂ ਪਹਿਲਾ, ਵਿਦੇਸ਼ੀ ਬੈਂਕਾਂ ਵਿੱਚ
ਜਮ੍ਹਾ ਭਾਰਤੀਆਂ ਦਾ ਕਾਲਾ ਧਨ ਵਾਪਸ ਲਿਆ, ਹਰ ਦੇਸ਼ ਵਾਸੀ ਦੇ ਖਾਤੇ ਵਿੱਚ 15-15
ਲੱਖ ਰੁਪਏ ਜਮ੍ਹਾ ਕਰਨਾ; ਦੂਸਰਾ, ਨਵੇਂ ਰੋਜ਼ਗਾਰਾਂ ਦਾ ਸ੍ਰਿਜਨ ਕਰਨਾ; ਤੀਜਾ,
ਮਹਿੰਗਾਈ ਘੱਟ ਕਰਨਾ; ਚੌਥਾ, ਸਿਹਤ ਸੇਵਾਵਾਂ ਨੂੰ ਬੇਹਤਰ ਬਨਾਣਾ; ਪੰਜਵਾਂ,
ਘਰ-ਘਰ ਸਿਖਿਆ ਦੀ ਜੋਤਿ ਪਹੁੰਚਾਣਾ ਅਤੇ ਛੇਵਾਂ, ਗਰੀਬਾਂ ਨੂੰ ਘਰ ਉਪਲਬੱਧ
ਕਰਵਾਣਾ। ਉਸਨੇ ਪੁਛਿਆ ਹੈ ਕਿ ਆਖਰ ਇਨ੍ਹਾਂ ਵਿਚੋਂ ਕਿਤਨਿਆਂ ਵਾਇਦਿਆਂ ਨੂੰ
ਪੂਰਿਆਂ ਕਰਨ ਵਲ ਸਰਕਾਰ ਅਗੇ ਵਧੀ ਹੈ? ਸਰਕਾਰ ਇਹ ਵੀ ਦਸੇ ਕਿ ਉਸ ਵਲੋਂ ਲਾਏ
ਜਾਂਦੇ ਦੋਸ਼ਾਂ ਵਿੱਚ ਕਿਤਨਾ ਦਮ ਹੈ ਕਿ ਵਿਰੋਧੀ ਪਾਰਟੀਆਂ ਸੰਸਦ ਨਹੀਂ ਚਲਣ ਦੇ
ਰਹੀਆਂ, ਜਿਸ ਨਾਲ ਕੰਮ-ਕਾਜ ਵਿਚ ਮੁਸ਼ਕਲਾਂ ਆ ਰਹੀਆਂ ਹਨ?
Mobile : + 91 95 82 71 98 90
jaswantsinghajit@gmail.com
|