ਗੁਰੂ ਸਾਹਿਬਾਂ ਦੇ ਜੀਵਨ, ਕਾਰਜਾਂ ਅਤੇ ਉਨ੍ਹਾਂ ਵਲੋਂ ਸਥਾਪਤ ਸਿੱਖ ਧਰਮ
ਦੀਆਂ ਬੁਨਿਆਦੀ ਮਾਨਤਾਵਾਂ ਅਤੇ ਗੁਰਬਾਣੀ ਦੇ ਸੰਦੇਸ਼ ਨੂੰ ਗੰਭੀਰਤਾ ਨਾਲ ਘੋਖਿਆ
ਤੇ ਵਿਚਾਰਿਆ ਜਾਏ ਤਾਂ ਇਹ ਗਲ ਸਹਿਜੇ ਹੀ ਸਮਝ ਵਿੱਚ ਆ ਜਾਂਦੀ ਹੈ ਕਿ ਸ੍ਰੀ ਗੁਰੂ
ਹਰਿਗੋਬਿੰਦ ਸਾਹਿਬ ਦਾ ਸ੍ਰੀ ਅਕਾਲ ਤਖਤ ਦੀ ਸਥਾਪਨਾ ਕਰਨਾ ਅਤੇ ਮੀਰੀ ਪੀਰੀ ਦੀਆਂ
ਕਿਰਪਾਨਾਂ ਧਾਰਨ ਕਰਨਾ, ਸ੍ਰੀ ਗੁਰੂ ਗਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੇ ਰੂਪ
ਵਿਚ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤਾ ਜਾਣਾ ਅਤੇ ਮੀਰੀ ਤੇ ਪੀਰੀ ਦੀਆਂ
ਕਿਰਪਾਨਾਂ ਨੂੰ ਦੋਧਾਰੀ ਖੰਡੇ ਦਾ ਰੂਪ ਦੇ ਦੇਣਾ ਆਦਿ ਕਾਰਜ ਭਗਤੀ ਅਤੇ ਸ਼ਕਤੀ
ਵਿੱਚ ਸੁਮੇਲ ਕਾਇਮ ਕਰਨ ਦੇ ਪ੍ਰਤੀਕ ਹਨ। ਇਹ ਸੁਮੇਲ ਸਥਾਪਤ ਕੀਤਾ ਜਾਣਾ ਸ੍ਰੀ
ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਤੋਂ ਹੀ ਅਰੰਭ ਹੋ ਗਿਆ ਹੋਇਆ ਸੀ। ਸ੍ਰੀ ਗੁਰੂ
ਨਾਨਕ ਦੇਵ ਜੀ ਦਾ ਬਾਬਰ ਨੂੰ ‘ਜਾਬਰ’ ਆਖਣਾ ਅਤੇ ਆਪਣੀ ਬਾਣੀ ਵਿਚ ਅਨਿਆਇ, ਜਬਰ
ਤੇ ਜ਼ੁਲਮ ਵਿਰੁਧ ਆਵਾਜ਼ ਉਠਾਉਂਦਿਆਂ ਫੁਰਮਾਉਣਾ: ‘ਰਾਜੇ ਸੀਂਹ ਮੁਕਦਮ ਕੁਤੇ’,
‘ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੁਗਤਿ ਨਾ ਜਾਣੈ
ਅੰਧੁ ਤੀਨੇ ਓਜਾੜੈ ਕਾ ਬੰਧ’ ਆਦਿ ਸ਼ਬਦ, ਭਗਤੀ ਤੇ ਸ਼ਕਤੀ ਦੇ ਸੁਮੇਲ ਦੇ ਹੀ
ਪ੍ਰਤੀਕ ਕਿਉਂਕਿ ਰਾਜਨੀਤੀ ਵਿੱਚ ਇਤਨੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਅਜਿਹਾ ਕੁਝ
ਕਹਿ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੁੰਦਾ।
ਇਸੇ ਤਰ੍ਹਾਂ ਸਿੱਖੀ ਦਾ ਮਾਰਗ ਅਪਨਾਉਣ ਲਈ ਗੁਰੂ ਸਹਿਬ ਨੇ ‘ਇਤੁ ਮਾਰਗ ਪੈਰ
ਧਰੀਜੇ ਸਿਰੁ ਦੀਜੈ ਕਾਣ ਨਾ ਕੀਜੈ’, ‘ਪਹਿਲਾਂ ਮਰਣੁ ਕਬੂਲਿ ਜੀਵਣ ਕੀ ਛਡਿ ਆਸਿ’,
‘ਸਿਰ ਧਰ ਤਲੀ ਗਲੀ ਮੇਰੀ ਆਉ’ ਆਦਿ ਦੀਆਂ ਜੋ ਸ਼ਰਤਾਂ ਨਿਸ਼ਚਿਤ ਕੀਤੀਆਂ ਅਤੇ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਨਾ ਨੂੰ ਸੰਪੂਰਨ ਕਰਨ ਲਈ
‘ਸੀਸ-ਭੇਂਟ’ ਕਰਨ ਦੀ ਜੋ ਸ਼ਰਤ ਰਖੀ, ਉਹ ਵੀ ਭਗਤੀ ਅਤੇ ਸ਼ਕਤੀ ਦੇ ਸੁਮੇਲ ਦੀਆਂ ਹੀ
ਪ੍ਰਤੀਕ ਸਨ!
ਖਾਲਸੇ ਦੀ ਪ੍ਰੀਭਾਸ਼ਾ : ਵਿਦਵਾਨਾਂ ਨੇ ਖਾਲਸੇ ਦੀ ਜੋ ਪ੍ਰੀਭਾਸ਼ਾ
ਕੀਤੀ ਹੈ, ਉਸ ਅਨੁਸਾਰ ‘ਖਾਲਸਾ’ ਰੂਹਾਨੀਅਤ ਤੇ ਸੰਸਾਰਕ ਵਿਹਾਰ ਦਾ ਸੰਗਮ ਹੈ,
ਜਿਥੇ ਵਾਹਿਗੁਰੂ ਨੇ ਆਪਣਾ ਚਮਤਕਾਰ ਵਿਖਾਉਣਾ ਹੁੰਦਾ ਹੈ, ਉਥੇ ਉਹ ਆਪਣਾ ਰੂਪ
‘ਖਾਲਸਾ’ ਭੇਜ ਦਿੰਦਾ ਹੈ। ਇਕ ਵਿਦਵਾਨ ਨੇ ‘ਖਾਲਸਾ’ ਸ਼ਬਦ ਨੂੰ ਫਾਰਸੀ ਦਾ ਸ਼ਬਦ
ਸਵੀਕਾਰਦਿਆਂ ਕਿਹਾ ਹੈ ‘ਖਾਲਸਾ ਉਹ ਜ਼ਮੀਨ-ਬਾਦਸ਼ਾਹੀ ਜੋ ਕਿਸੀ ਕੀ ਜਾਗੀਰ ਨਾ ਹੋ’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿੱਚ, ‘ਪੂਰਨ ਜੋਤਿ ਜਗੇ ਘਟਿ ਮੈ, ਤਬ
ਖਾਲਸ ਤਾਹਿ ਨਖਾਲਸ ਜਾਨੈ’। ਇਹ ਪ੍ਰੀਭਾਸ਼ਾਵਾਂ ਵੀ ਧਰਮ ਦੀ ਸ਼ਕਤੀ ਨਾਲ ਸਾਂਝ ਦੀ
ਹੀ ਪੁਸ਼ਟੀ ਕਰਦੀਆਂ ਹਨ।
ਜਿਵੇਂ ਕਿ ਅਰੰਭ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ
ਸਮੇਂ ਤੋਂ ਹੀ ਜਿਸ ਭਗਤੀ ਦਾ ਸ਼ਕਤੀ ਨਾਲ ਸੁਮੇਲ ਸਥਾਪਤ ਕਰਨ ਦੀ ਪ੍ਰਕਿਰਿਆ ਅਰੰਭ
ਹੋ ਗਈ ਹੋਈ ਸੀ ਉਹ ਭਗਤੀ ਵਿਖਾਵੇ ਦੀ ਨਹੀਂ, ਸਗੋਂ ਅੰਤਰ-ਆਤਮਾ ਦੀ ਸੀ, ਜੋ ਮਨੁਖ
ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ
ਤੇਗ਼ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਹੁੰਦੀਆਂ ਹਨ ਤਾਂ ਸਿੱਖ ਉਨ੍ਹਾਂ ਦੇ ਦਰ ਤੋਂ
ਪ੍ਰਾਪਤ ਕੀਤੀ ਸ਼ਕਤੀ ਦੇ ਸਹਾਰੇ, ਦਿੱਲੀ ਤੇ ਲਾਹੌਰ ਨੂੰ ਟਕਰਾ ਕੇ ਫਨਾਹ ਕਰ ਦੇਣ
ਦੀ ਸਮਰਥਾ ਦਾ ਵਿਖਾਵਾ ਕਰਨਾ ਚਾਹੁੰਦੇ ਹਨ, ਪਰ ਗੁਰੂ ਸਾਹਿਬ ਉਨ੍ਹਾਂ ਨੂੰ
ਸਮਝਾਂਦੇ ਹਨ ਕਿ ਅਕਾਲ ਪੁਰਖ ਤੋਂ ਪ੍ਰਾਪਤ ਆਤਮਕ-ਸ਼ਕਤੀ ਦਾ ਅਹਿਸਾਸ ਦੁਨੀਆਂ ਨੂੰ
ਤਬਾਹ ਕਰਕੇ ਨਹੀਂ, ਸਗੋਂ ਸਹਿਣਸ਼ੀਲ ਬਣੇ ਰਹਿ ਕੇ ਕਰਵਾਇਆ ਜਾਣਾ ਚਾਹੀਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਬਲਦੀਆਂ ਦੇਗ਼ਾਂ ਵਿਚ ਉਬਾਲਿਆ ਜਾਂਦਾ ਹੈ,
ਤੱਤੀਆਂ ਤਵੀਆਂ ਤੇ ਬਿਠਾ ਉਨ੍ਹਾਂ ਦੇ ਸ਼ਰੀਰ ਤੇ ਗਰਮ ਰੇਤਾ ਪਾਇਆ ਜਾਂਦਾ ਹੈ, ਪਰ
ਉਹ ਅਡੋਲ ਰਹਿੰਦਿਆਂ, ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਦੇ ਹਨ। ਇਸੇ
ਤਰ੍ਹਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਭਾਈ ਦਿਆਲਾ ਜੀ ਦਾ ਦੇਗ਼ ਵਿਚ
ਉਬਲਣਾ, ਭਾਈ ਮਤੀਦਾਸ ਜੀ ਦਾ ਆਰੇ ਨਾਲ ਚੀਰਿਆਂ ਜਾਣਾ, ਭਾਈ ਸਤੀਦਾਸ ਜੀ ਦਾ ਰੂੰ
ਵਿਚ ਲਪੇਟ ਕੇ ਸਾੜਿਆਂ ਜਾਣਾ ਅਤੇ ਉਨ੍ਹਾਂ ਦਾ ਇਸ ਜ਼ੁਲਮ ਨੂੰ ਦ੍ਰਿੜ੍ਹਤਾ ਨਾਲ
ਸਹਿ ਜਾਣਾ, ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ ਵਿਚ ਚਿਣਿਆਂ ਜਾਣਾ, ਭਾਈ ਮਨੀ ਸਿੰਘ
ਜੀ ਦਾ ਅੰਗ-ਅੰਗ ਕਟਵਾਉਣਾ, ਭਾਈ ਤਾਰੂ ਸਿੰਘ ਜੀ ਦਾ ਖੋਪਰੀ ਉਤਰਵਾ ਲੈਣਾ ਆਦਿ
ਘਟਨਾਵਾਂ ਭਗਤੀ ਰਾਹੀਂ ਪ੍ਰਾਪਤ ਆਤਮਕ-ਸ਼ਕਤੀ ਦੀਆਂ ਹੀ ਪ੍ਰਤੀਕ ਸਨ।
ਅਸੀਂ ਅਰਦਾਸ ਕਰਦਿਆਂ ਹਰ ਰੋਜ਼ ਸ਼ਹੀਦ ਹੋਏ ਸਿੱਖਾਂ ਦੇ ਨਾਲ ਹੀ, ਉਨ੍ਹਾਂ
ਬੀਬੀਆਂ ਨੂੰ ਯਾਦ ਕਰ ਉਨ੍ਹਾਂ ਦੀ ਕੁਰਬਾਨੀ ਸਾਹਮਣੇ ਆਪਣਾ ਸੀਸ ਝੁਕਾਂਦੇ ਹਾਂ,
ਜਿਨ੍ਹਾਂ ਸਵਾ-ਸਵਾ ਮਣ ਪੀਸਣ ਪੀਸਿਆ, ਆਪਣੇ ਬਚਿਆਂ ਨੂੰ ਟੋਟੇ-ਟੋਟੇ ਕਰਵਾ
ਝੋਲੀਆਂ ਵਿਚ ਪਵਾਇਆ - ਉਨ੍ਹਾਂ ਸਾਰਿਆਂ ਦੇ ਪਿਛੇ ਭਗਤੀ, ਸ਼ਰਧਾ ਅਤੇ ਸਮਰਪਣ
ਰਾਹੀਂ ਪ੍ਰਾਪਤ ਕੀਤੀ ਗਈ ਹੋਈ ਸ਼ਕਤੀ ਹੀ ਸੀ, ਨਹੀਂ ਤਾਂ ਜੋ ਇਨਸਾਨ ਜ਼ਰਾ ਜਿਨ੍ਹੇਂ
ਅੱਗ ਦੇ ਸੇਕ ਨਾਲ ਤੜਪ ਉਠਦਾ ਹੈ, ਉਹ ਆਪਣੇ ਸਰੀਰ ਤੇ ਇਤਨਾ ਜ਼ੁਲਮ ਸਹਿੰਦਿਆਂ,
ਕਿਵੇਂ ਸਹਿਣਸ਼ੀਲ ਤੇ ਅਡੋਲ ਬਣਿਆ ਰਿਹਾ, ਜੋ ਮਾਂਵਾਂ ਬਚਿਆਂ ਨੂੰ ਜ਼ਰਾ ਜਿੰਨੀ ਚੋਟ
ਲਗਣ ਤੇ ਬੇਚੈਨ ਹੋ ਤੜਪ ਉਠਦੀਆਂ ਹਨ, ਉਨ੍ਹਾਂ ਦਾ ਆਪਣੀਆਂ ਅੱਖਾਂ ਸਾਹਮਣੇ ਆਪਣੇ
ਬਚਿਆਂ ਨੂੰ ਟੋਟੇ-ਟੋਟੇ ਹੁੰਦਿਆਂ ਵੇਖਣਾ ਅਤੇ ਫਿਰ ਉਨ੍ਹਾਂ ਦੇ ਟੋਟਿਆਂ ਨੂੰ
ਝੋਲੀ ਵਿਚ ਪੁਆ ਲੈਣਾ, ਉਨ੍ਹਾਂ ਦੀ ਭਗਤੀ ਰਾਹੀਂ ਪ੍ਰਾਪਤ ਕੀਤੀ ਸ਼ਕਤੀ ਦਾ ਹੀ
ਪ੍ਰਤਾਪ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ
ਕੀਤੀ, ਉਹ ਵੀ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਹੈ। ਸੰਤ, ਪ੍ਰਭੂ-ਭਗਤੀ
ਵਿਚ ਲੀਨ ਰਹਿੰਦਾ ਹੈ, ਜੀਵਨ ਦੀ ਪਵਿਤ੍ਰਤਾ ਨੂੰ ਕਾਇਮ ਰਖਦਾ ਹੈ, ਮਨੁਖਤਾ ਦੀ
ਸੇਵਾ ਵਿਚ ਆਪਣੇ-ਆਪਨੂੰ ਸਮਰਪਿਤ ਕਰ ਦਿੰਦਾ ਹੈ, ਉਸਦੀ ਭਲਾਈ ਲਈ ਆਪਾ ਤਕ ਕੁਰਬਾਨ
ਕਰ ਦੇਣ ਤੋਂ ਵੀ ਸੰਕੋਚ ਨਹੀਂ ਕਰਦਾ। ਜਦੋਂ ਭਗਤੀ ਰਾਹੀਂ ਸੰਤ ਵਿਚ ਇਹ ਗੁਣ ਆ
ਜਾਂਦੇ ਹਨ ਤਾਂ ਉਹ ਸੰਤ-ਸਿਪਾਹੀ ਬਣ ਜਾਂਦਾ ਹੈ। ਜ਼ੁਲਮ ਤੇ ਅਨਿਆਇ ਉਸ ਤੋਂ
ਬਰਦਾਸ਼ਤ ਨਹੀਂ ਹੋ ਪਾਂਦੇ। ਜਿਥੇ-ਕਿਥੇ ਵੀ ਉਹ ਜ਼ੁਲਮ ਹੁੰਦਾ ਅਤੇ ਅਨਿਆਇ ਨੂੰ ਪੈਰ
ਪਸਾਰਦਿਆਂ ਵੇਖਦਾ ਹੈ, ਉਹ ਉਨ੍ਹਾਂ ਦਾ ਵਿਰੋਧ ਕਰਨ ਲਈ ਬੇਚੈਨ ਹੋ ਉਠਦਾ ਹੈ। ਇਸ
ਤਰ੍ਹਾਂ ਸੰਤ ਤੇ ਸਿਪਾਹੀ ਦੇ ਸੁਮੇਲ ਨਾਲ, ਇਕ ਅਜਿਹੇ ਇਨਸਾਨ ਦਾ ਜਨਮ ਹੁੰਦਾ ਹੈ,
ਜੋ ਇਨਸਾਨੀਅਤ ਦੀਆਂ ਮਾਨਤਾਵਾਂ ਦੀ ਰਖਿਆ ਕਰਨ ਲਈ ਸਭ ਕੁਝ ਕੁਰਬਾਨ ਕਰਨ ਵਾਸਤੇ
ਸਦਾ ਤਤਪਰ ਰਹਿੰਦਾ ਹੈ।
…ਅਤੇ ਅੰਤ ਵਿੱਚ : ਭਗਤੀ ਅਤੇ ਸ਼ਕਤੀ ਦੇ ਇਸ ‘ਸੁਮੇਲ’ ਕਾਰਣ ਹੀ
ਧਾਰਮਕ ਮਾਮਲਿਆਂ ਵਿਚ ਰਾਜਸੀ ਦਖਲ ਦਾ ਸਾਡੇ ਵਲੋਂ ਵਿਰੋਧ ਕੀਤਾ ਜਾਂਦਾ ਹੈ। ਇਹੀ
ਕਾਰਣ ਹੈ ਕਿ ਜਦੋਂ ਵੀ ਸਥਾਪਤ ਧਾਰਮਿਕ ਮਰਿਆਦਾਵਾਂ ਪੁਰ ਹਮਲੇ ਹੁੰਦੇ ਹਨ ਜਾਂ
ਧਾਰਮਿਕ ਮਾਨਤਾਵਾਂ ਦਾ ਉਲੰਘਣ ਹੁੰਦਾ ਹੈ ਤਾਂ ਸਾਡੇ ਹਿਰਦੇ ਤੜਪ ਉਠਦੇ ਹਨ ਅਤੇ
ਧਾਰਮਕ ਮਾਨਤਾਵਾਂ ਦਾ ਇਹ ਉਲੰਘਣ ਸਾਡੇ ਪਾਸੋਂ ਸਹਿਣ ਨਹੀਂ ਹੋ ਪਾਂਦਾ। ਧਰਮ ਦੀ
ਪਵਿਤ੍ਰਤਾ ਭੰਗ ਹੁੰਦੀ ਵੇਖ, ਅਸੀਂ ਸਹਿ ਨਹੀਂ ਸਕਦੇ। ਜਦੋਂ ਧਰਮ ਅਸਥਾਨਾਂ ਦੀ
ਪਵਿਤ੍ਰਤਾ ਭੰਗ ਹੁੰਦੀ ਹੈ ਤਾਂ ਸਮੁਚਾ ਪੰਥ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦਾ
ਹੈ।
Mobile : + 91 95 82 71 98 90
jaswantsinghajit@gmail.com
|